Thursday 15 November 2012


ਚਾਰ :---




ਪੋਸਟਿੰਗ : ਅਨੁ. ਮਹਿੰਦਰ ਬੇਦੀ ਜੈਤੋ



ਆਫੀਆ ਸਦੀਕੀ ਦਾ ਜਿਹਾਦ…:: ਲੇਖਕ : ਹਰਮਹਿੰਦਰ ਚਹਿਲ :---


ਆਫੀਆ, ਮੈਸਾਚੂਸਸ ਸਟੇਟ ਦੇ ਲੋਗਨ ਇੰਟਰਨੈਸ਼ਨਲ ਏਅਰਪੋਰਟ ਬਾਸਟਨ 'ਤੇ ਉੱਤਰੀ। ਉੱਥੋਂ ਉਹ ਟੈਕਸੀ ਲੈ ਕੇ ਮੈਸਾਚੂਸਸ ਇਨਸੀਚਿਊਟ ਆਫ ਟੈਕਨਾਲੋਜੀ ਜਾਣੀ ਕਿ ਐਮ. ਆਈ. ਟੀ ਵੱਲ ਚੱਲ ਪਈ। ਟੈਕਸੀ ਬਾਸਟਨ ਸ਼ਹਿਰ ਦੀਆਂ ਸੜਕਾਂ ਤੇ ਭੱਜੀ ਜਾ ਰਹੀ ਸੀ ਤੇ ਆਫੀਆ ਕਿਸੇ ਵਿਸਮਾਦ ਜਿਹੇ ਵਿੱਚ ਡੁੱਬੀ ਹੋਈ ਸੀ। ਉਸ ਨੂੰ ਪਹਿਲੀਆਂ ਨਜ਼ਰਾਂ 'ਚ ਹੀ ਬਾਸਟਨ ਸ਼ਹਿਰ ਭਾ ਗਿਆ। ਉਸਨੂੰ ਬਾਸਟਨ ਸ਼ਹਿਰ ਬਹੁਤ ਸੋਹਣਾ ਲੱਗਿਆ। ਪਤਾ ਹੀ ਨਾ ਲੱਗਿਆ ਕਿ ਟੈਕਸੀ ਕਦੋਂ ਯੂਨੀਵਰਸਿਟੀ ਨੇੜਲੇ ਹੋਟਲ ਜਾ ਰੁਕੀ। ਟੈਕਸੀ ਡਰਾਈਵਰ ਦੇ ਬੁਲਾਉਣ 'ਤੇ ਆਫੀਆ ਖਿਆਲਾਂ 'ਚੋਂ ਨਿਕਲੀ। ਕਿਰਾਇਆ ਚੁੱਕਤਾ ਕਰਕੇ ਉਸਨੇ ਸਮਾਨ ਚੁੱਕ ਲਿਆ। ਹੋਟਲ 'ਚ ਕਮਰਾ ਲੈ ਕੇ ਸਾਮਾਨ ਬਗੈਰਾ ਉੱਥੇ ਟਿਕਾ ਕੇ ਉਹ ਯੂਨੀਵਰਸਿਟੀ ਨੂੰ ਤੁਰ ਪਈ। ਅੰਦਰ ਜਾਂਦਿਆਂ ਉਸਨੇ ਵੇਖਿਆ ਕਿ ਹਰ ਪਾਸੇ ਵਿਦਿਆਰਥੀ ਝੁੰਡਾਂ ਵਿੱਚ ਘੁੰਮ ਰਹੇ ਸਨ। ਉਸਨੇ ਇੱਧਰ ਉੱਧਰ ਨਜ਼ਰ ਮਾਰੀ। ਉਸਨੂੰ ਕੋਈ ਵੀ ਕੁੜੀ ਪੰਜਾਬੀ ਪਹਿਰਾਵੇ 'ਚ ਨਾ ਦਿਸੀ ਜਦੋਂ ਕਿ ਉਸਨੇ ਖੁਦ ਸਲਵਾਰ ਕਮੀਜ਼ ਪਹਿਨਿਆ ਹੋਇਆ ਸੀ ਤੇ ਸਿਰ ਉੱਪਰ ਚੁੰਨੀ ਲਈ ਹੋਈ ਸੀ। ਉਸਨੂੰ ਆਪਣਾ ਆਪ ਓਪਰਾ ਜਿਹਾ ਨਾ ਲੱਗਿਆ। ਸਗੋਂ ਉਸਨੂੰ ਆਪਣੇ ਵੱਖਰੇਪਣ 'ਤੇ ਮਾਣ ਮਹਿਸੂਸ ਹੋਇਆ। ਦਫਤਰ ਜਾ ਕੇ ਉਸਨੇ ਦਾਖਲੇ ਬਗੈਰਾ ਦਾ ਰਹਿੰਦਾ ਕੰਮ ਨਿਪਟਾਇਆ। ਫਿਰ ਉਹ ਨੇੜਲੇ ਕੁੜੀਆਂ ਦੇ ਹੋਸਟਲ, ਮਕਾਰਮਿਕ ਹਾਲ ਚਲੀ ਆਈ। ਉਮੀਦ ਦੇ ਉਲਟ ਉਸਨੂੰ ਕੁਝ ਪੇਪਰ ਵਰਕ ਪਿੱਛੋਂ ਕਮਰਾ ਮਿਲ ਗਿਆ। ਦਫਤਰ 'ਚੋਂ ਕਮਰੇ ਦੀ ਚਾਬੀ ਲੈ ਕੇ ਉਹ ਲਿਫਟ ਰਾਹੀਂ ਕਮਰੇ 'ਚ ਪਹੁੰਚੀ। ਉੱਚੀ ਲੰਬੀ ਬਿਲਡਿੰਗ ਦੀ ਬੀਹਵੀਂ ਮੰਜ਼ਲ 'ਤੇ ਉਸਦਾ ਕਮਰਾ ਸੀ। ਕਮਰਾ ਖੋਲ੍ਹ ਕੇ ਉਹ ਅੰਦਰ ਗਈ ਤੇ ਪਿਛਲੀ ਬਾਰੀ ਰਾਹੀਂ ਹੇਠਾਂ ਝਾਕੀ। ਉਸਦਾ ਮਨ ਬਾਗੋ ਬਾਗ ਹੋ ਗਿਆ। ਬਾਹਰ ਹਰਿਆਲੀ ਹੀ ਹਰਿਆਲੀ ਦਿਸ ਰਹੀ ਸੀ ਤੇ ਚਾਰਸਲ ਦਰਿਆ, ਹੋਸਟਲ ਬਿਲਡਿੰਗ ਦੇ ਨਾਲ ਦੀ ਖਹਿ ਕੇ ਲੰਘਦਾ ਸੀ। ਕਾਫੀ ਦੇਰ ਖੜ੍ਹੀ ਉਹ ਕੁਦਰਤ ਦੇ ਨਜ਼ਾਰੇ ਦਾ ਆਨੰਦ ਮਾਣਦੀ ਰਹੀ। ਫਿਰ ਹੋਟਲ ਜਾ ਕੇ ਆਪਣਾ ਸਾਮਾਨ ਚੁੱਕ ਲਿਆਈ।
ਅਗਲੇ ਦਿਨ ਤੋਂ ਹੀ ਉਹ ਪੜ੍ਹਾਈ 'ਚ ਖੁੱਭ ਗਈ। ਉਸਦੇ ਘਰ ਦੇ ਚਾਹੁੰਦੇ ਸਨ ਕਿ ਉਹ ਡਾਕਟਰ ਬਣੇ ਪਰ ਉਸਦਾ ਖਿਆਲ ਕੁਝ ਹੋਰ ਸੀ। ਪਹਿਲਾਂ ਉਹ ਪੁਲੀਟੀਕਲ ਸਾਇੰਸ ਪੜ੍ਹਨਾ ਚਾਹੁੰਦੀ ਸੀ। ਘਰਦਿਆਂ ਦੇ ਜ਼ਿਆਦਾ ਕਹਿਣ 'ਤੇ ਉਸਨੇ ਸਾਇੰਸ ਅਤੇ ਮੈਥ ਦੀਆਂ ਕਲਾਸਾਂ ਲੈ ਲਈਆਂ। ਆਫੀਆ ਛੋਟੇ ਕੱਦ ਅਤੇ ਹਲਕੇ ਸਰੀਰ ਦੀ ਛੀਂਟਕੀ ਜਿਹੀ ਕੁੜੀ ਸੀ ਪਰ ਉਸਦਾ ਚਿਹਰਾ ਬਹੁਤ ਪ੍ਰਭਾਵਸ਼ਾਲੀ ਸੀ। ਉਸਦੀ ਸਮੁੱਚੀ ਦਿੱਖ ਹੀ ਅਗਲੇ ਨੂੰ ਮੋਹ ਲੈਂਦੀ ਸੀ। ਆਪਣੇ ਕੰਮ 'ਚ ਮਸਤ ਰਹਿਣ ਅਤੇ ਪੜ੍ਹਾਈ ਵਿੱਚ ਬਹੁਤ ਹੀ ਚੰਗੀ ਹੋਣ ਕਰਕੇ ਜਲਦੀ ਹੀ ਉਹ ਆਪਣੇ ਪ੍ਰੋਫੈਸਰਾਂ ਦੀ ਚਹੇਤੀ ਬਣ ਗਈ। ਹੋਸਟਲ 'ਚ ਥੋੜੀ ਪਹਿਚਾਣ ਵਧਣ ਪਿੱਛੋਂ ਉਸਨੇ ਮੁਸਲਮਾਨ ਕੁੜੀਆਂ ਨੂੰ ਜੋੜਨਾ ਸ਼ੁਰੂ ਕਰ ਦਿੱਤਾ। ਇੱਥੇ ਦੂਸਰੇ ਧਰਮਾਂ ਦੀਆਂ ਕੁੜੀਆਂ ਜ਼ਿਆਦਾ ਸਨ। ਪਰ ਉਹ ਉਨ੍ਹਾਂ ਤੋਂ ਦੂਰੀ ਬਣਾ ਕੇ ਰੱਖਦੀ ਸੀ। ਖਾਸ ਕਰਕੇ ਜਹੂਦੀ ਕੁੜੀਆਂ ਨਾਲ ਤਾਂ ਉਹ ਬਿਨਾ ਮਤਲਬ ਗੱਲਬਾਤ ਵੀ ਨਹੀਂ ਕਰਦੀ ਸੀ। ਹੌਲੀ ਹੌਲੀ ਉਸਨੇ ਉੱਥੇ ਆਪਣਾ ਗਰੁੱਪ ਬਣਾ ਲਿਆ। ਉਹ ਮੁਸਲਮਾਨ ਕੁੜੀਆਂ ਨਾਲ ਧਰਮ 'ਤੇ ਚਰਚਾ ਕਰਨ ਲੱਗੀ। ਪਰ ਬਹੁਤੀਆਂ ਕੁੜੀਆਂ ਦਾ ਧਰਮ ਨਾਲ ਜ਼ਿਆਦਾ ਸਰੋਕਾਰ ਨਹੀਂ ਸੀ। ਉਹ ਤਾਂ ਅਮਰੀਕਣ ਜ਼ਿੰਦਗੀ 'ਚ ਘੁਲ ਮਿਲ ਗਈਆਂ ਜਾਪਦੀਆਂ ਸਨ। ਆਫੀਆ ਨੇ ਉਨ੍ਹਾਂ ਨੂੰ ਧਰਮ ਦੀ ਸਿੱਖਿਆ ਦਾ ਵਾਸਤਾ ਦੇ ਦੇ ਕੇ ਆਪਣੇ ਹਿਸਾਬ ਨਾਲ ਸਿੱਧੇ ਰਾਹ 'ਤੇ ਲਿਆਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇਸ ਵਿੱਚ ਉਹ ਕਾਫੀ ਹੱਦ ਤੱਕ ਕਾਮਯਾਬ ਵੀ ਹੋ ਗਈ। ਫਿਰ ਉਹ ਆਪਣੇ ਗਰੁੱਪ ਨੂੰ ਨਾਲ ਲੈ ਕੇ ਸਾਂਝੇ ਕੰਮ ਕਰਨ ਲੱਗੀ। ਜਿਵੇਂ ਕਿ ਕਾਲਜ ਕੈਂਪਸ ਦੀ ਸਫਾਈ ਬਗੈਰਾ। ਇਸ ਤੋਂ ਬਿਨਾ ਉਹ ਹਰ ਹਫਤੇ ਤਕਰੀਬਨ ਚਾਲੀ ਘੰਟੇ ਬਿਨਾ ਕਿਸੇ ਤਨਖਾਹ ਦੇ ਕਾਲਜ ਦੇ ਸਾਂਝੇ ਕੰਮਾਂ ਵਿਚ ਲਾਉਂਦੀ ਸੀ। ਮੌਕਾ ਮਿਲਦਿਆਂ ਹੀ ਉਹ ਗਰੀਬ ਇਲਾਕਿਆਂ ਦੇ ਸਕੂਲਾਂ ਵਿੱਚ ਜਾ ਕੇ ਬੱਚਿਆਂ ਲਈ ਮੁਫਤ ਸਾਇੰਸ ਫੇਅਰ ਆਦਿ ਲਾਉਣ ਲੱਗੀ। ਇਸ ਤਰ੍ਹਾਂ ਉਹ ਛੇਤੀ ਹੀ ਸਾਰਿਆਂ ਦੀਆਂ ਨਜ਼ਰਾਂ 'ਚ ਆ ਗਈ। ਕਾਲਜ ਵਿੱਚ ਉਸਦਾ ਅਕਸ ਇੱਕ ਚੰਗੀ ਹੁਸ਼ਿਆਰ ਅਤੇ ਸਮਾਜਸੇਵੀ ਵਿਦਿਆਰਥਣ ਦਾ ਬਣ ਗਿਆ। ਪਰ ਨਿੱਜੀ ਤੌਰ 'ਤੇ ਉਹ ਹਮੇਸ਼ਾ ਧਰਮ ਨਾਲ ਜੁੜੇ ਕੰਮਾਂ ਨੂੰ ਪਹਿਲ ਦਿੰਦੀ। ਉਹ ਜਦੋਂ ਆਪਣੇ ਗਰੁੱਪ ਦੀਆਂ ਕੁੜੀਆਂ ਨਾਲ ਮੀਟਿੰਗਾਂ ਕਰਦੀ ਤਾਂ ਹਮੇਸ਼ਾ ਇਸ ਗੱਲ 'ਤੇ ਜ਼ੋਰ ਦਿੰਦੀ ਕਿ ਗੈਰ ਮੁਸਲਮਾਨਾ ਤੋਂ ਦੂਰ ਰਿਹਾ ਜਾਵੇ। ਉਨ੍ਹਾਂ ਨਾਲ ਦੋਸਤੀ ਨਾ ਕੀਤੀ ਜਾਵੇ। ਪਰ ਉਨ੍ਹਾਂ ਨਾਲ ਵਰਤਣ ਸਮੇ ਬਹੁਤ ਹੀ ਮਿੱਠਤ ਪਿਆਰ ਨਾਲ ਬੋਲਿਆ ਚੱਲਿਆ ਜਾਵੇ। ਉਸ ਦੇ ਸਮਾਜ ਸੇਵਾ ਦੇ ਕੰਮਾਂ ਕਰਕੇ ਉਸਨੂੰ ਦੋ ਵਾਰੀ ਇਨਾਮ ਮਿਲਿਆ। ਵੈਸੇ ਤਾਂ ਪੜ੍ਹਾਈ ਦੇ ਹਰ ਖੇਤਰ 'ਚ ਹੀ ਉਹ ਬਹੁਤ ਚੰਗੀ ਸੀ ਪਰ ਕੰਮਪਿਊਟਰ ਵਿੱਚ ਤਾਂ ਉਸਦਾ ਇੰਨਾ ਨਾਮ ਬਣ ਗਿਆ ਕਿ ਕਈ ਵਾਰੀ ਦੂਸਰੇ ਪ੍ਰੋਫੈਸਰ ਵੀ ਉਸਦੀ ਮਦਦ ਲੈਂਦੇ। ਹੁਣ ਤੱਕ ਮੁਸਲਿਮ ਸਟੂਡੈਂਟਸ ਐਸੋਸੀਏਸ਼ਨ ਜਿਸਨੂੰ ਕਿ ਆਮ ਕਰਕੇ ਐਮ. ਐਸ. ਏ ਕਿਹਾ ਜਾਂਦਾ ਸੀ ਵਿੱਚ ਉਹ ਕਾਫੀ ਅਗਾਂਹ ਵਧ ਗਈ ਸੀ। ਉਹ ਐਮ. ਐਸ. ਏ ਰਾਹੀਂ ਮੁਸਲਮਾਨ ਵਿਦਿਆਰਥੀਆਂ ਦੇ ਹੱਕਾਂ ਬਾਰੇ ਸਾਰਿਆਂ ਨੂੰ ਜਾਗਰੂਕ ਕਰ ਰਹੀ ਸੀ। ਕਾਲਜ ਅਥਾਰਟੀ ਨਾਲ ਮਿਲ ਕੇ ਉਹ ਮੁਸਲਮਾਨ ਵਿਦਿਆਰਥੀਆਂ ਦੀਆਂ ਲੋੜਾਂ ਵੀ ਪੂਰੀਆਂ ਕਰਨ ਲਈ ਵੀ ਜ਼ੋਰ ਪਾਉਂਦੀ ਰਹਿੰਦੀ ਸੀ। ਇੱਥੋਂ ਤੱਕ ਕਿ ਕਾਲਜ ਕੈਂਪਸ ਦੇ ਛੋਟੇ ਰੈਸਟੋਰੈਂਟਾਂ 'ਚ ਉਸਨੇ ਹਲਾਲ ਮੀਟ ਦੀ ਵਰਤੋਂ ਸ਼ੁਰੂ ਕਰਵਾਉਣ ਲਈ ਅਥਰਾਟੀ ਨੂੰ ਮਨਾ ਲਿਆ ਤਾਂ ਕਿ ਮੁਸਲਮਾਨ ਵਿਦਿਆਰਥੀ ਆਪਣੇ ਧਾਰਮਿਕ ਅਕੀਦੇ ਮੁਤਾਬਕ ਹਲਾਲ ਮੀਟ ਦੀ ਵਰਤੋਂ ਕਰ ਸਕਣ। ਇਸ ਤੋਂ ਇਲਾਵਾ ਉਸਨੇ ਹੋਸਟਲਾਂ ਵਿੱਚ ਵੱਖਰੇ ਕਮਰਿਆਂ ਦੀ ਸੁਬਿਧਾ ਮੁਹੱਈਆ ਕਰਵਾ ਲਈ ਜਿੱਥੇ ਕਿ ਮੁਸਲਮਾਨ ਵਿਦਿਆਰਥੀ ਨਮਾਜ਼ ਅਦਾ ਕਰ ਸਕਣ। ਜਿਉਂ ਜਿਉਂ ਉਹ ਐਮ. ਐਸ. ਏ ਰਾਹੀਂ ਮੁਸਲਮਾਨ ਵਿਦਿਆਰਥੀਆਂ ਦੀਆਂ ਲੋੜਾਂ ਲਈ ਸਰਗਰਮ ਹੋ ਰਹੀ ਸੀ ਤਿਉਂ ਤਿਉਂ ਉਸਦੀ ਮਸ਼ਹੂਰੀ ਹੁੰਦੀ ਜਾ ਰਹੀ ਸੀ। ਮੁਸਲਮਾਨ ਵਿਦਿਆਰਥੀਆਂ 'ਚ ਉਸਨੂੰ ਬੜੀ ਇੱਜ਼ਤ ਨਾਲ ਵੇਖਿਆ ਜਾਂਦਾ ਸੀ। ਕੱਟੜ ਧਾਰਮਿਕ ਮੁੰਡੇ ਉਸਨੂੰ ਟਰੂ-ਸਿਸਟਰ ਕਹਿ ਕੇ ਬੁਲਾਉਣ ਲੱਗ ਪਏ ਸਨ। ਇਸੇ ਦੌਰਾਨ ਹੀ ਉਸਦੀ ਮੁਲਾਕਤ ਸੁਹੇਲ ਲੈਹਰ ਨਾਲ ਹੋਈ। ਸੁਹੇਲ ਦੇ ਮਾਪੇ ਇੰਡੀਆ ਤੋਂ ਸਨ ਪਰ ਉਹ ਜਿੰਬਾਬਵੇ 'ਚ ਜੰਮਿਆ ਸੀ। ਪੇਸ਼ੇ ਦੇ ਤੌਰ ਤੇ ਉਹ ਇੰਜੀਨੀਅਰ ਸੀ। ਸੁਹੇਲ ਰਾਹੀਂ ਉਹ ਐਮ. ਐਸ. ਏ ਦੇ ਅੰਦਰਲੇ ਖੇਤਰ ਵਿੱਚ ਆ ਗਈ। ਜਦੋਂ ਉਸਨੇ ਐਮ. ਐਸ. ਏ. ਦੇ ਅੰਦਰਲੇ ਵਿਦਿਆਰਥੀਆਂ ਦੀ ਸੋਚ ਸੁਣੀ ਤਾਂ ਉਹ ਬੜੀ ਖੁਸ਼ ਹੋਈ। ਉਸਨੂੰ ਲੱਗਿਆ ਕਿ ਇਹ ਹੀ ਅਸਲੀ ਜਗ੍ਹਾ ਹੈ ਜਿੱਥੇ ਰਹਿ ਕੇ ਉਹ ਆਪਣੇ ਧਰਮ ਦੀ ਵੱਧ ਤੋਂ ਵੱਧ ਸੇਵਾ ਕਰ ਸਕਦੀ ਹੈ। ਅਸਲ ਵਿੱਚ ਇਹ ਗਰੁੱਪ ਐਮ. ਐਸ. ਏ. ਦੀ ਮੂਹਰਲੀ ਕਤਾਰ ਦੀ ਲੀਡਰਸ਼ਿਪ ਸੀ ਜਿਹੜੀ ਆਮ ਤੌਰ 'ਤੇ ਪਰਦੇ ਦੇ ਪਿੱਛੇ ਰਹਿੰਦੀ ਸੀ। ਐਮ. ਐਸ. ਏ. ਦੀ ਅਗਲੀ ਮੀਟਿੰਗ 'ਚ ਆਪਣੀ ਵਾਰੀ ਆਉਣ 'ਤੇ ਉਹ ਬੋਲਣ ਲੱਗੀ, ''ਸਾਨੂੰ ਇੱਥੇ ਇਸਲਾਮ ਦੀ ਵੱਧ ਤੋਂ ਵੱਧ ਸਿੱਖਿਆ ਦੇਣੀ ਚਾਹੀਦੀ ਐ। ਕਿਉਂਕਿ ਇਹੀ ਇੱਕ ਢੰਗ ਐ ਅੱਲਾ ਦੀਆਂ ਰਹਿਮਤਾਂ ਹਾਸਲ ਕਰਨ ਦਾ। ਸਾਨੂੰ ਸਾਰੇ ਵਿਦਿਆਰਥੀਆਂ ਲਈ ਜੁਮੇ ਦੀ ਨਮਾਜ਼ ਕਾਲਜ ਕੈਂਪਸ 'ਚ ਪੜ੍ਹਨ ਲਈ ਜ਼ਰੂਰੀ ਕਰ ਦੇਣੀ ਚਾਹੀਦੀ ਐ। ਆਪਣੇ ਆਲੇ ਦੁਆਲੇ ਦੇ ਲੋਕਾਂ ਦਾ ਵਿਸ਼ਾਵਸ਼ ਜਿੱਤ ਕੇ ਉਨ੍ਹਾਂ ਨੂੰ ਇਸਲਾਮ ਧਰਮ ਵਿੱਚ ਲਿਆਉਣ ਲਈ ਹਰ ਉਪਰਾਲਾ ਕਰਨਾ ਚਾਹੀਦਾ ਐ। ਇੰਸ਼ਾ ਅੱਲਾ ਜ਼ਰਾ ਸੋਚੋ ਕਿ ਉਹ ਦਿਨ ਕਿੰਨਾ ਭਾਗਾਂ ਭਰਿਆ ਹੋਵੇਗਾ ਜਦੋਂ ਅਮਰੀਕਾ ਵਿੱਚ ਈ ਨ੍ਹੀਂ ਸਗੋਂ ਸਾਰੀ ਦੁਨੀਆਂ ਵਿੱਚ ਇਸਲਾਮ ਦਾ ਝੰਡਾ ਝੂਲੇਗਾ। ਇਸ ਤੋਂ ਇਲਾਵਾ ਅੱਜ ਹੋਰ ਬੜਾ ਕੁਛ ਕਰਨ ਵਾਲਾ ਐ....।'' ਉਹ ਗੱਲ ਰੋਕ ਕੇ ਸਰੋਤਿਆਂ ਵੱਲ ਝਾਕੀ। ਸਾਰੇ ਬੜੇ ਧਿਆਨ ਨਾਲ ਉਸਦੀ ਗੱਲ ਸੁਣ ਰਹੇ ਸਨ। ਜ਼ਰਾ ਰੁਕ ਕੇ ਉਹ ਫਿਰ ਬੋਲਣ ਲੱਗੀ, ''ਅੱਜ ਸੰਸਾਰ ਵਿੱਚ ਹੋਰ ਬਹੁਤ ਕੁਛ ਵਾਪਰ ਰਿਹਾ ਐ। ਥਾਂ ਥਾਂ ਮੁਸਲਮਾਨਾਂ 'ਤੇ ਅੱਤਿਆਚਾਰ ਹੋ ਰਹੇ ਨੇ। ਇਹ ਕਿਉਂ ਹੋ ਰਿਹਾ ਐ। ਕਿਉਂਕਿ ਅਸੀਂ ਮੁਸਲਮਾਨ ਆਪਣੀ ਜ਼ਿੰਮਾਵਾਰੀ ਭੁੱਲ ਗਏ ਆਂ। ਅਸੀਂ ਭੁੱਲ ਗਏ ਆਂ ਕਿ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਐ ਜਿਹਾਦ। ਹਰ ਇੱਕ ਨੂੰ ਅੱਜ ਦੁਨੀਆਂ ਦੇ ਵੱਖ ਵੱਖ ਭਾਗਾਂ 'ਚ ਚੱਲ ਰਹੇ ਜਿਹਾਦ ਵਿੱਚ ਆਪਣੀ ਹੈਸੀਅਤ ਮੁਤਾਬਕ ਹਿੱਸਾ ਪਾਉਣਾ ਚਾਹੀਦਾ ਐ। ਅਸਲੀ ਮੁਸਲਮਾਨ ਉਹ ਨੇ ਜੋ ਫਰੰਟ 'ਤੇ ਲੜਾਈ 'ਚ ਹਿੱਸਾ ਲੈ ਰਹੇ ਨੇ। ਪਰ ਫਿਰ ਵੀ ਅਸੀਂ ਉਨਾਂ ਕੁ ਤਾਂ ਕਰ ਈ ਸਕਦੇ ਆਂ ਜੋ ਉਨ੍ਹਾਂ ਦੇ ਕਾਰਜ 'ਚ ਮੱਦਦ ਬਣ ਸਕੇ। ਉਦਾਹਰਣ ਦੇ ਤੌਰ 'ਤੇ ਅਸੀਂ ਜਿਹਾਦ 'ਚ ਸ਼ਹੀਦ ਹੋ ਰਹੇ ਸਾਡੇ ਭਰਾਵਾਂ ਦੇ ਬੱਚਿਆਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਸੰਭਾਲ ਸਕਦੇ ਆਂ। ਉਸਦੇ ਲਈ ਚੈਰਿਟੀ ਬਣਾ ਕੇ ਫੰਡ ਇਕੱਠਾ ਕਰਨ ਦੀ ਲੋੜ ਐ। ਸਾਨੂੰ ਵੱਧ ਤੋਂ ਵੱਧ ਚੈਰਿਟੀ ਇਕੱਠੀ ਕਰਨੀ ਚਾਹੀਦੀ ਐ।''
ਜਦੋਂ ਤੱਕ ਉਸਨੇ ਆਪਣਾ ਭਾਸ਼ਣ ਖਤਮ ਕੀਤਾ ਤਾਂ ਉਦੋਂ ਤੱਕ ਉਹ ਐਮ. ਐਸ. ਏ. ਦੀ ਮੂਹਰਲੀ ਕਤਾਰ ਦੇ ਲੀਡਰਾਂ ਦੀਆਂ ਨਜ਼ਰਾਂ 'ਚ ਆ ਚੁੱਕੀ ਸੀ। ਸਾਰੇ ਉਸ ਤੋਂ ਬਹੁਤ ਪ੍ਰਭਾਵਤ ਹੋਏ ਸਨ। ਉਹ ਸਮਝ ਗਏ ਸਨ ਕਿ ਜਿਸ ਲੜਕੀ ਦੀ ਉਹ ਚਿਰਾਂ ਤੋਂ ਉਡੀਕ ਕਰ ਰਹੇ ਸਨ ਉਹ ਅੱਜ ਉਨ੍ਹਾਂ ਨੂੰ ਮਿਲ ਗਈ ਹੈ। ਮੀਟਿੰਗ ਖਤਮ ਹੋਣ 'ਤੇ ਉਹ ਬਾਹਰ ਨਿਕਲੀ ਤੇ ਸੁਹੇਲ ਨਾਲ ਕਾਰ ਵਿੱਚ ਬੈਠ ਗਈ। ਸੁਹੇਲ ਨੇ ਕਾਰ ਤੋਰੀ ਤਾਂ ਆਫੀਆ ਨੇ ਗੱਲ ਛੇੜੀ, ''ਸੁਹੇਲ ਉਹ ਇੱਕ ਕੋਨੇ ਜਿਹੇ 'ਚ ਬੈਠੀ, ਗੋਰੀ ਅਮਰੀਕਣ ਕੁੜੀ ਕੌਣ ਸੀ?''
''ਉਸਦਾ ਨਾਂ ਮਾਰਲੇਨ ਅਰਲ ਐ।''
''ਮਤਲਬ ਉਹ ਅਮਰੀਕਣ ਐ?''
''ਹਾਂ ਹੈ ਤਾਂ ਅਮਰੀਕਣ ਈ ਪਰ....।''
''ਪਰ ਕੀ?''
''ਉਸਨੇ ਧਰਮ ਪ੍ਰੀਵਰਤਨ ਕਰਕੇ ਇਸਲਾਮ ਧਰਮ ਅਪਣਾਇਆ ਹੋਇਆ ਐ। ਹੁਣ ਉਹ ਪੱਕੀ ਮੁਸਲਮਾਨ ਐ।''
''ਕਿਸਦੇ ਪ੍ਰਭਾਵ ਨਾਲ ਉਸਨੇ ਮੁਸਲਮ ਧਰਮ ਆਪਣਾਇਆ ਐ?''
''ਛੱਡ ਇਹ ਗੱਲ ਪਰ ਤੈਨੂੰ ਦੱਸਾਂ ਕਿ ਉਸਦੇ ਘਰਵਾਲਾ ਬਸਮ ਕੁੰਜ ਬੜਾ ਵੱਡਾ ਜਿਹਾਦੀ ਐ। ਉਸਨੇ ਕਈ ਜਿਹਾਦਾਂ 'ਚ ਲੜਾਈ ਲੜੀ ਹੋਈ ਐ।''
''ਅੱਛਾ।''
ਇਸ ਪਿੱਛੋਂ ਆਫੀਆ ਚੁੱਪ ਹੋ ਗਈ। ਉਸਦੇ ਮਨ 'ਚ ਆ ਰਿਹਾ ਸੀ ਕਿ ਉਹ ਕਿੰਨਾ ਕਿਸਮਤ ਵਾਲਾ ਹੋਵੇਗਾ ਜਿਸਨੇ ਮਾਰਲੀਨ ਦਾ ਧਰਮ ਪ੍ਰੀਵਰਤਤ ਕਰਵਾਇਆ ਹੋਊਗਾ। ਦੂਸਰਾ ਉਸਨੂੰ ਮਾਰਲੇਨ 'ਤੇ ਇਸ ਗੱਲੋਂ ਵੀ ਗਰਭ ਮਹੂਸਸ ਹੋਇਆ ਕਿ ਉਸਦੇ ਘਰਵਾਲਾ ਜਿਹਾਦੀ ਹੈ ਤੇ ਫਰੰਟ 'ਤੇ ਬੰਦੂਕ ਚੁੱਕ ਕੇ ਲੜਾਈ ਲੜਦਾ ਹੈ।
''ਚੁੱਪ ਕਿਉਂ ਹੋ ਗਈ?'' ਸੁਹੇਲ ਨੇ ਆਫੀਆ ਨੂੰ ਖਿਆਲਾਂ 'ਚ ਖੋਈ ਵੇਖ ਕੇ ਉਸਦੀ ਚੁੱਪੀ ਤੋੜੀ।
'ਨਹੀਂ ਅਜਿਹੀ ਤਾਂ ਕੋਈ ਗੱਲ ਨ੍ਹੀਂ। ਮੈਂ ਤਾਂ ਸੋਚ ਰਹੀ ਸੀ....।''
''ਕੀ ਸੋਚ ਰਹੀ ਸੀ ਤੂੰ?''
''ਮੈਂ ਤਾਂ ਇਹ ਸੋਚ ਰਹੀ ਸੀ ਕਿ...।''
''ਅੱਛਾ ਸੁਹੇਲ ਇੱਕ ਗੱਲ ਹੋਰ ਦੱਸ?'' ਆਫੀਆ ਨੇ ਪਹਿਲੀ ਗੱਲ ਵਿਚਕਾਰ ਛੱਡਦਿਆਂ ਗੱਲ ਬਦਲੀ।
''ਹਾਂ ਹਾਂ ਪੁੱਛ।''
'ਉਹ ਜਿਹੜਾ ਤੇਰੇ ਨਾਲ ਬੈਠਾ ਸੀ ਉਹ ਕੌਣ ਐਂ? ਜਿਹੜਾ ਸਾਰੀ ਮੀਟਿੰਗ ਦੌਰਾਨ ਬਿਲਕੁਲ ਈ ਨ੍ਹੀਂ ਬੋਲਿਆ।''
''ਉਸਦਾ ਨਾਂ...।'' ਸੁਹੇਲ ਨੇ ਗੱਲ ਵਿਚਾਲੇ ਛੱਡਦਿਆਂ ਧਿਆਨ ਨਾਲ ਆਫੀਆ ਵੱਲ ਵੇਖਿਆ। ਪਲ ਭਰ ਰੁਕ ਕੇ ਉਹ ਫਿਰ ਬੋਲਿਆ,
''ਉਸਦਾ ਨਾਂ ਰਮਜੀ ਯੂਸਫ ਐ। ਉਹ ਅਲ ਕੀਫਾ ਦਾ ਬੜਾ ਅਣਥੱਕ ਵਰਕਰ ਐ।''
''ਅਲ ਕੀਫਾ?'' ਆਫੀਆ ਨੇ ਅਲ ਕੀਫਾ ਦਾ ਨਾਂ ਸੁਣਿਆਂ ਤਾਂ ਸੀ ਪਰ ਉਸ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਸੀ।
''ਤੈਨੂੰ ਅਲ ਕੀਫਾ ਬਾਰੇ ਵੀ ਦੱਸ ਈ ਦਿੰਨਾ।'' ਸੁਹੇਲ ਨੇ ਇੱਕ ਵਾਰ ਫਿਰ ਧਿਆਨ ਨਾਲ ਆਫੀਆ ਵੱਲ ਵੇਖਿਆ ਤੇ ਮਨ 'ਚ ਸੋਚਿਆ ਕਿ ਇਹ ਕੁੜੀ ਸਾਡੇ ਕਾਜ਼ ਲਈ ਬਹੁਤ ਹੀ ਵਫਾਦਾਰ ਸਾਬਤ ਹੋਵੇਗੀ। ਅਤੇ ਇਸ ਨਾਲ ਹਰ ਗੱਲ ਸਾਂਝੀ ਕਰ ਲੈਣੀ ਚਾਹੀਦੀ ਐ।
'ਅਲ ਕੀਫਾ ਆਪਣੇ ਈ ਭੈਣ ਭਰਾਵਾਂ ਦੀ ਜਥੇਬੰਦੀ ਐ। ਇਹ ਬਹੁਤਾ ਗੱਲਾਂ 'ਚ ਨ੍ਹੀਂ, ਬਲਕਿ ਐਕਸ਼ਨ 'ਚ ਵਿਸ਼ਵਾਸ਼ ਰੱਖਦੀ ਐ। ਆਪਣੀਆਂ ਸਾਰੀਆਂ ਈ ਮਸਜਿਦਾਂ ਅਤੇ ਜਿਹਾਦੀ ਸਰਕਲਾਂ 'ਚ ਇਸਦਾ ਬਹੁਤ ਜ਼ੋਰ ਐ। ਪਰ ਇਹ ਖੁੱਲ੍ਹ ਕੇ ਸਾਹਮਣੇ ਨ੍ਹੀਂ ਆਉਂਦੀ। ਇਸਦਾ ਮੋਢੀ ਗੁਲਬਦਨ ਹੇਕਮਤਿਆਰ ਐ।''
''ਜਿਹੜਾ ਅਫਗਾਨਿਸਤਾਨ ਦਾ ਵਾਰ ਲੌਰਡ ਐ?'' ਆਫੀਆ ਨੇ ਵਿਚਕਾਰੋਂ ਬੋਲੀ।
''ਹਾਂ ਉਹੀ। ਸ਼ੁਰੂਆਤ ਉਸੇ ਨੇ ਕੀਤੀ ਸੀ। ਪਰ ਹੁਣ ਇਹ ਸਾਰੇ ਈ ਫੈਲ ਚੁੱਕੀ ਐ। ਮੁਸਲਮ ਸਮਾਜ ਇਸਨੂੰ ਬਹੁਤ ਜ਼ਿਆਦਾ ਮਾਣ ਦਿੰਦਾ ਐ ਤੇ ਇਸ ਨੂੰ ਆਰਥਿਕ ਮੱਦਦ ਵੀ ਬਹੁਤ ਮਿਲਦੀ ਐ। ਪਰ ਕਈ ਵਾਰ ਇਹੀ ਆਰਥਿਕ ਸਮੱਰਥਾ ਝਗੜੇ ਦਾ ਕਾਰਨ ਵੀ ਬਣ ਜਾਂਦੀ ਐ। ਤੂੰ ਪਿੱਛੇ ਜਿਹੇ ਮੁਸਤਫਾ ਸ਼ਲੇਬੀ ਦਾ ਕਤਲ ਬਾਰੇ ਤਾਂ ਸੁਣਿਆਂ ਈ ਹੋਣਾ ਐਂ?''
'ਹਾਂ ਪਤਾ ਐ ਮੈਨੂੰ। ਉਸਦਾ ਕਿਸੇ ਨੇ ਕਤਲ ਕਰ ਦਿੱਤਾ ਜਿਸਦਾ ਭੇਤ ਈ ਨ੍ਹੀਂ ਖੁੱਲ੍ਹ ਸਕਿਆ।''
'ਉਹ ਕਤਲ ਅਲ ਕੀਫਾ ਕੋਲ ਪਏ ਮਿਲੀਅਨ ਡਾਲਰਾਂ ਦਾ ਫੰਡ ਨੂੰ ਲੈ ਕੇ ਹੋਇਆ ਸੀ। ਅਲ ਕੀਫਾ ਦੇ ਹੀ ਇੱਕ ਮੈਂਬਰ ਨੂੰ ਸ਼ੱਕ ਹੋ ਗਿਆ ਕਿ ਸ਼ਲੇਬੀ ਪੈਸੇ ਦੀ ਹੇਰਾਫੇਰੀ ਕਰਦਾ ਐ। ਪਰ ਮੈਂ ਅਜਿਹਾ ਨ੍ਹੀਂ ਮੰਨਦਾ। ਸ਼ਲੇਬੀ ਨੂੰ ਮਾਰ ਕੇ ਕਿਸੇ ਨੇ ਸਹੀ ਨ੍ਹੀਂ ਕੀਤਾ। ਉਸ ਵਰਗਾ ਧਾਰਮਿਕ ਅਤੇ ਅਕੀਦੇ ਵਾਲਾ ਕੋਈ ਹੋ ਈ ਨ੍ਹੀਂ ਸਕਦਾ।''
''ਉਹ ਕਿਵੇਂ?'' ਆਫੀਆ ਨੂੰ ਜਿਗਿਆਸਾ ਹੋਈ।
''ਉਸਨੇ ਅਲ ਕੀਫਾ ਲਈ ਜਾਂ ਸਮਝਲੈ ਕਿ ਸਮੁੱਚੇ ਜਿਹਾਦ ਲਈ ਬਹੁਤ ਹੀ ਕੰਮ ਕੀਤਾ ਐ। ਉਹੋ ਹੀ, ਸ਼ੇਖ ਉਮਰ ਅਬਦਲ ਰਹਿਮਾਨ ਨੂੰ ਅਮਰੀਕਾ ਲਿਆਉਣ ਵਿੱਚ ਕਾਮਯਾਬ ਹੋਇਆ ਸੀ।''
''ਸ਼ੇਖ ਉਮਰ ਉਹੀ ਐ ਨਾ ਜੋ ਕਿ ਮਿਸਰ ਤੋਂ ਐਂ? ਜੋ ਬਚਪਨ ਤੋਂ ਅੰਨਾ ਐਂ?''
'ਉਹੀ ਉਹੀ। ਉਹ ਬਹੁਤ ਵੱਡਾ ਸਕਾਲਰ ਐ। ਅਮਰੀਕਾ ਨੂੰ ਉਸ ਬਾਰੇ ਕੁਝ ਵੀ ਪਤਾ ਨ੍ਹੀਂ ਐ। ਪਰ ਉਹ ਮਿਸਰ ਦੇ ਕੱਟੜ ਜਿਹਦੀਆਂ 'ਚੋਂ ਇੱਕ ਐ। ਸਾਰੇ ਮੁਸਲਮ ਸਮਾਜ 'ਚ ਉਸਦਾ ਰੁਤਬਾ ਬਹੁਤ ਉੱਚਾ ਐ। ਕੋਈ ਵੀ ਉਸਦੀ ਗੱਲ ਮੋੜ ਨ੍ਹੀਂ ਸਕਦਾ। ਕਾਸ਼ ਤੂੰ ਉਸਨੂੰ ਕਦੇ ਸੁਣੇ ਤਾਂ।''
'ਮੈਨੂੰ ਉਸਦੇ ਫਸਲਫੇ ਦਾ ਪਤਾ ਐ।'' ਆਫੀਆ ਨੂੰ ਯਾਦ ਆਇਆ ਕਿ ਪਿਛਲੇ ਦਿਨੀਂ ਹੀ ਉਸਨੂੰ ਕਿਸੇ ਨੇ ਸ਼ੇਖ ਉਮਰ ਦੀ ਵੀਡੀਉ ਵਿਖਾਈ ਸੀ। ਵੀਡੀਉ 'ਚ ਸੁਣੇ ਸ਼ੇਖ ਦੇ ਸ਼ਬਦ ਉਸਦੇ ਮਨ 'ਚ ਘੁੰਮਣ ਲੱਗੇ, 'ਹਰ ਮੁਸਲਮਾਨ ਦਾ ਇੱਕੋ ਹੀ ਧਰਮ ਐ ਕਿ ਗੈਰ ਮੁਸਲਮਾਨਾ ਨੂੰ ਖਤਮ ਕਰ ਦਿਉ। ਦੁਨੀਆਂ 'ਤੇ ਕੋਈ ਵੀ ਅਜਿਹਾ ਨਾ ਰਹੇ ਜਿਹੜਾ ਮੁਸਲਮਾਨ ਨਾ ਹੋਵੇ। ਲੋਕਾਂ ਨੂੰ ਸਮਝਾ ਬੁਝਾ ਕੇ ਮੁਸਲਮਾਨ ਬਣਾਉਣ ਨਾਲੋਂ ਬਿਹਤਰ ਇਹ ਐ ਕਿ ਉਨ੍ਹਾਂ ਦਾ ਖਾਤਮਾ ਕਰੋ। ਜਿੰਨੀ ਛੇਤੀ ਗੈਰ ਮੁਸਲਮਾਨਾ ਦਾ ਸਫਾਇਆ ਹੋਵੇਗਾ ਉਨੀਂ ਛੇਤੀ ਹੀ ਅਸੀਂ ਦੁਨੀਆਂ 'ਤੇ ਇਸਲਾਮ ਦਾ ਝੰਡਾ ਝੁਲਾ ਸਕਾਂਗੇ। ਇਸ ਤੋਂ ਬਿਨਾ ਹਰ ਮੁਸਲਮਾਨ ਦਾ ਇਹ ਵੀ ਧਾਰਮਿਕ ਫਰਜ਼ ਐ ਕਿ ਉਹ ਕਈ ਸ਼ਾਦੀਆਂ ਕਰਕੇ ਵੱਧ ਤੋਂ ਵੱਧ ਬੱਚੇ ਪੈਦਾ ਕਰੇ ਤਾਂ ਕਿ ਸਾਡੀ ਗਿਣਤੀ ਕਾਫਰਾਂ ਦੇ ਉੱਪਰ ਦੀ ਹੋ ਜਾਵੇ।'
''ਤੂੰ ਮੇਰੀ ਗੱਲ ਸੁਣ ਰਹੀ ਐਂ ਨਾ?''
''ਹਾਂ ਹਾਂ ਮੇਰਾ ਧਿਆਨ ਤੇਰੀ ਗੱਲ ਵੱਲ ਈ ਐ।'' ਆਫੀਆ ਨੇ ਖਿਆਲਾਂ 'ਚੋਂ ਨਿਕਲਦਿਆਂ ਸੁਹੇਲ ਦੀ ਗੱਲ ਦਾ ਹੁੰਗਾਰਾ ਭਰਿਆ।
''ਸਾਨੂੰ ਸ਼ੇਖ ਉਮਰ ਵਰਗੇ ਧਾਰਮਿਕ ਰਹਿਨੁਮਾ ਦੀ ਲੋੜ ਐ?''
''ਪਰ....।'' ਆਫੀਆ ਨੇ ਉਸਦੀ ਗੱਲ ਟੋਕੀ।
''ਹਾਂ ਦੱਸ ਕੀ?''
''ਪਰ ਇਹ ਰਮਜੀ ਯੂਸਫ ਫਿਰ ਅੱਜ ਐਮ. ਐਸ. ਏ. ਦੀ ਮੀਟਿੰਗ ਵਿੱਚ ਕੀ ਕਰ ਰਿਹਾ ਸੀ?''
''ਅਸਲ 'ਚ ਸਾਰੀਆਂ ਗੱਲਾਂ ਦਾ ਤੈਨੂੰ ਹੌਲੀ ਹੌਲੀ ਪਤਾ ਲੱਗੂਗਾ। ਕਈ ਮੈਂਬਰ ਦੋਨੋਂ ਪਾਸੇ ਕੰਮ ਕਰਦੇ ਨੇ। ਜਿਵੇਂ ਕਿ ਮਾਰਲੇਨ ਦਾ ਘਰਵਾਲਾ ਬਸਮ ਕੁੰਜ ਐ। ਉਹ ਦੋਨੋਂ ਪਾਸਿਆਂ ਦਾ ਮੈਂਬਰ ਐ।''
'ਅੱਜ ਕੱਲ੍ਹ ਉਹ ਕਿੱਥੇ ਐ। ਕਿਉਂਕਿ ਉਹ ਅੱਜ ਮਾਰਲੇਨ ਦੇ ਨਾਲ ਤਾਂ ਕਿਧਰੇ ਦਿਸਿਆ ਨ੍ਹੀਂ?'' ਗੱਲ ਫਿਰ ਹੋਰ ਪਾਸੇ ਤੁਰ ਪਈ।
'ਉਸਦੀ ਵੀ ਲੰਬੀ ਕਹਾਣੀ ਐਂ। ਉਹ ਲਿਬਨਾਨ ਦਾ ਜੰਮਪਲ ਐ। ਉਹ ਉੱਥੋਂ ਕਿਸੇ ਧਾਰਮਿਕ ਜਥੇਬੰਦੀ ਤੋਂ ਵਜੀਫਾ ਲੈ ਕੇ ਇੱਥੇ ਪੜ੍ਹਨ ਆਇਆ ਸੀ। ਬਾਸਟਨ ਯੂਨੀਵਰਸਿਟੀ ਤੋਂ ਉਸਨੇ ਗਰੈਜੂਏਸ਼ਨ ਕੀਤੀ। ਇੱਥੇ ਈ ਉਹ ਜਿਹਾਦੀ ਲੀਡਰਾਂ ਦੇ ਸੰਪਰਕ 'ਚ ਆਇਆ। ਫਿਰ ਉਹ ਅਲ ਕੀਫਾ ਦਾ ਸਰਗਰਮ ਮੈਂਬਰ ਬਣ ਗਿਆ। ਉਦੋਂ ਜਿਹੇ ਹੀ ਉਸਨੇ ਮਾਰਲੇਨ ਨਾਲ ਸ਼ਾਦੀ ਕੀਤੀ ਤੇ ਉਨ੍ਹਾਂ ਦੇ ਇੱਕ ਬੱਚੀ ਹੋ ਗਈ। ਫਿਰ ਉਹ ਦੋਨੋਂ ਪਾਕਿਸਤਾਨ ਚਲੇ ਗਏ। ਉੱਥੋਂ ਬਸਮ ਤਾਂ ਜਿਹਾਦ 'ਚ ਲੜਨ ਵਾਸਤੇ ਬਾਡਰ ਲੰਘ ਕੇ ਅਫਗਾਨਿਸਤਾਨ ਚਲਿਆ ਗਿਆ ਤੇ ਮਾਰਲੇਨ ਆਪਣੀ ਬੱਚੀ ਨਾਲ ਪਿਸ਼ਾਵਰ ਦੇ ਉਸ ਇਲਾਕੇ 'ਚ ਰਹੀ ਜਿੱਥੇ ਕਿ ਸਾਰੇ ਜਿਹਾਦੀਆਂ ਦੇ ਪਰਿਵਾਰ ਰਹਿੰਦੇ ਸਨ। ਉੱਥੇ ਉਹ ਲੜਾਈ ਦੌਰਾਨ ਸਖਤ ਜ਼ਖਮੀ ਹੋ ਗਿਆ ਤੇ ਉਸਨੂੰ ਸਰਜਰੀ ਲਈ ਇੱਥੇ ਅਮਰੀਕਾ ਵਾਪਸ ਆਉਣਾ ਪਿਆ। ਮਾਰਲੇਨ ਤੇ ਬਸਮ ਇੱਥੇ ਆ ਕੇ ਕੁਝ ਦੇਰ ਰਹੇ। ਜਦੋਂ ਬਸਮ ਪੂਰੀ ਤਰ੍ਹਾਂ ਠੀਕ ਹੋ ਗਿਆ ਤਾਂ ਉਹ ਫਿਰ ਜਿਹਾਦ ਦੀ ਲੜਾਈ 'ਚ ਹਿੱਸਾ ਲੈਣ ਲਿਬਨਾਨ ਚਲਿਆ ਗਿਆ। ਉੱਥੋਂ ਉਹ ਅੱਗੇ ਬਾਸਨੀਆਂ ਚਲਿਆ ਗਿਆ। ਅੱਜ ਕੱਲ੍ਹ ਉਹ ਬਾਸਨੀਆਂ ਵਿੱਚ ਹੀ ਲੜ੍ਹ ਰਿਹਾ ਐ।''
ਇੰਨੀ ਦੇਰ ਨੂੰ ਆਫੀਆ ਦਾ ਹੋਸਟਲ ਆ ਗਿਆ ਸੀ। ਗੱਲਾਂ ਦਾ ਸਿਲਸਲਾ ਬੰਦ ਹੋ ਗਿਆ। ਸੁਹੇਲ ਆਫੀਆ ਨੂੰ ਹੋਸਟਲ ਉਤਾਰ ਕੇ ਵਾਪਸ ਚਲਿਆ ਗਿਆ। ਆਫੀਆ ਆਪਣੇ ਕਮਰੇ ਵੱਲ ਨੂੰ ਜਾਂਦੀ ਮਾਰਲੇਨ ਅਤੇ ਬਸਮ ਕੁੰਜ ਬਾਰੇ ਹੀ ਸੋਚਦੀ ਜਾ ਰਹੀ ਸੀ। ਉਸਨੂੰ ਉਹ ਇੱਕ ਸੱਚਾ ਮੁਸਲਮਾਨ ਜੋੜਾ ਲੱਗਿਆ ਜੋ ਕਿ ਪੂਰਣ ਰੂਪ ਵਿੱਚ ਜਿਹਾਦ ਨੂੰ ਸਮਪਰਤ ਸੀ। ਉਸਨੂੰ ਮਾਰਲੇਨ ਚੰਗੀ ਚੰਗੀ ਲੱਗਣ ਲੱਗੀ। ਦੇਰ ਰਾਤ ਤੱਕ ਵੀ ਉਹ ਉਨ੍ਹਾਂ ਬਾਰੇ ਸੋਚਦੀ ਰਹੀ। ਅਗਲੇ ਕੁਝ ਦਿਨਾਂ ਵਿੱਚ ਹੀ ਉਸਨੇ ਮਾਰਲੇਨ ਨਾਲ ਚੰਗੀ ਦੋਸਤੀ ਗੰਢ ਲਈ।
ਆਫੀਆ ਦੀ ਪੜ੍ਹਾਈ ਬਾਰੇ ਕਿਸੇ ਨੂੰ ਕੋਈ ਸ਼ੰਕਾ ਨਹੀਂ ਸੀ। ਸਭ ਜਾਣਦੇ ਸਨ ਕਿ ਉਹ ਇਤਨੀ ਹੁਸ਼ਿਆਰ ਹੈ ਕਿ ਉਹ ਕੋਈ ਵੀ ਵਿਸ਼ਾ ਚੁਣ ਲਵੇ ਪਰ ਹਮੇਸ਼ਾ ਪਹਿਲੇ ਨੰਬਰ 'ਤੇ ਆਵੇਗੀ। ਇਨ੍ਹਾਂ ਦਿਨਾਂ ਵਿੱਚ ਉਸਨੇ ਇੱਕ ਪਰਚਾ ਲਿਖਿਆ ਜਿਸਦਾ ਨਾਂ ਸੀ 'ਇਸਲਾਮੀਜੇਸ਼ਨ ਇਨ ਪਾਕਿਸਤਾਨ ਐਂਡ ਇਟਸ ਅਫੈਕਟਸ ਆਨ ਵੋਮੈਨ'। ਇਸ ਪਰਚੇ ਕਰਕੇ ਉਸਨੂੰ ਐਮ. ਆਈ. ਟੀ. ਨੇ ਕੈਰਲ ਵਿਲਸਨ ਅਵਾਰਡ ਨਾਲ ਸਨਮਾਨਿਤ ਕੀਤਾ। ਜਿਸ ਵਿੱਚ ਪੰਜ ਹਜ਼ਾਰ ਡਾਲਰ ਦਾ ਨਕਦ ਇਨਾਮ ਸ਼ਾਮਲ ਸੀ। ਇਸ ਇਨਾਮ ਨਾਲ ਖੁਸ਼ ਹੋਈ ਆਫੀਆ, 1992 ਦੀਆਂ ਗਰਮੀਆਂ 'ਚ ਛੁੱਟੀਆਂ ਕੱਟਣ ਪਾਕਿਸਤਾਨ ਚਲੀ ਗਈ। ਉਨ੍ਹੀਂ ਦਿਨੀਂ ਪਾਕਿਸਤਾਨ 'ਚ ਹਦੂਦ ਲਾਅ ਬਾਰੇ ਰੌਲਾ ਰੱਪਾ ਚੱਲ ਰਿਹਾ ਸੀ। ਹਿਊਮਨ ਰਾਈਟਸ ਵਰਗੀਆਂ ਜਥੇਬੰਦੀਆਂ ਦਾ ਕਹਿਣਾ ਸੀ ਕਿ ਇਹ ਲਾਅ ਨਾ ਸਿਰਫ ਔਰਤ ਦੀ ਆਜ਼ਾਦੀ ਨੂੰ ਕੁਚਲ ਰਿਹਾ ਹੈ ਸਗੋਂ ਇਸ ਨੇ ਤਾਂ ਔਰਤ ਜਾਤੀ ਦਾ ਘਾਣ ਕਰ ਕੇ ਰੱਖ ਦਿੱਤਾ ਹੈ। ਇਸ ਕਨੂੰਨ ਨੂੰ ਘੜਨ ਵਿੱਚ ਮੁਫਤੀ ਮੁਹੰਮਦ ਤਕੀ ਉਸਮਾਨੀ ਨੇ ਬੜੀ ਮਿਹਨਤ ਕੀਤੀ ਸੀ। ਮੁਫਤੀ ਉਸਮਾਨੀ ਆਫੀਆ ਦੇ ਪਰਿਵਾਰ ਦਾ ਧਾਰਮਿਕ ਰਹਿਨੁਮਾ ਸੀ। ਇਸ ਕਰਕੇ ਆਫੀਆ ਨੂੰ ਉਨ੍ਹੀਂ ਦਿਨੀਂ ਚੱਲ ਰਹੇ ਰੌਲੇ ਰੱਪੇ 'ਚ ਦਿਲਸਚਪੀ ਹੋ ਗਈ। ਉਸਨੇ ਮੁਫਤੀ ਸਾਹਿਬ ਦਾ ਪੱਖ ਲੈਣ ਦਾ ਨਿਰਣਾ ਲੈ ਲਿਆ। ਉਹ ਇਹ ਪੱਖ ਇਸ ਕਰਕੇ ਨਹੀਂ ਲੈ ਰਹੀ ਸੀ ਕਿ ਇਸ ਦਾ ਘਾੜਾ ਮੁਫਤੀ ਉਸਮਾਨੀ ਸੀ ਬਲਕਿ ਇਸ ਕਰਕੇ ਕਿ ਉਸਦੀ ਆਪਣੀ ਸੋਚਣੀ ਸੀ ਕਿ ਇਸਲਾਮ ਨੇ ਜੋ ਵੀ ਪਾਬੰਦੀਆਂ ਔਰਤ 'ਤੇ ਲਾਈਆਂ ਹਨ ਇਹ ਮੁਸਲਮਾਨ ਔਰਤ ਦੇ ਲਈ ਸਹੀ ਹਨ। ਇਨ੍ਹਾਂ ਨੂੰ ਮੰਨਦੀ ਹੋਈ ਹੀ ਉਹ ਆਪਣੇ ਧਰਮ ਦਾ ਸਹੀ ਪਾਲਣ ਕਰ ਰਹੀ ਹੋਵੇਗੀ। ਇਸ ਅਰਸੇ ਦਰਮਿਆਨ ਉਹ ਜਿਸ ਕਿਸੇ ਵੀ ਵੱਡੇ ਲੀਡਰ ਨੂੰ ਮਿਲੀ ਹਰ ਕੋਈ ਉਸਦੇ ਵਿਚਾਰਾਂ ਤੋਂ ਪ੍ਰਭਾਵਤ ਹੋਇਆ। ਕਿਉਂਕਿ ਇੱਕ ਔਰਤ ਹੋ ਕੇ ਉਹ ਔਰਤਾਂ ਦੇ ਹੱਕ ਵਿੱਚ ਵਿੱਚ ਚੱਲ ਰਹੇ ਸੰਘਰਸ਼ ਦੇ ਉਲਟ ਸੀ। ਉਸਦੇ ਸ਼ੁਭਚਿੰਤਕਾਂ 'ਚ ਪਹਿਲੇ ਪਾਕਿਸਤਾਨੀ ਡਿਕਟੇਟਰ ਜਿਆ ਉਲ ਹੱਕ ਦਾ ਪੁੱਤਰ ਇਆਜ਼ ਉਲ ਹੱਕ ਵੀ ਸੀ। ਉਸ ਵੇਲੇ ਪਾਕਿਸਤਾਨ ਦੀ ਰਾਜਨੀਤੀ ਵਿੱਚ ਵੀ ਫੇਰ ਬਦਲ ਹੋ ਚੁੱਕਿਆ ਸੀ। ਬੇਨਜ਼ੀਰ ਭੁੱਟੋ ਦੀ ਜਗ੍ਹਾ ਨਵਾਜ ਸ਼ਰੀਫ ਦੀ ਪਾਰਟੀ ਸਤਾ ਵਿੱਚ ਆ ਚੁੱਕੀ ਸੀ ਤੇ ਉਹ ਮੁਲਕ ਦਾ ਪ੍ਰਧਾਨ ਮੰਤਰੀ ਸੀ। ਪਰ ਸਰਕਾਰ ਦੇ ਬਦਲ ਜਾਣ ਨਾਲ ਹੋਰ ਭਾਵੇਂ ਸਭ ਕੁਝ ਬਦਲ ਗਿਆ ਹੋਵੇ ਪਰ ਇੱਕ ਗੱਲ ਨਹੀਂ ਬਦਲੀ ਸੀ। ਉਹ ਸੀ ਪਾਕਿਸਤਾਨ ਦੀ ਖੁਫੀਆ ਏਜੈਂਸੀ ਆਈ. ਐਸ. ਆਈ ਦਾ ਏਜੈਂਡਾ। ਇਸਦੇ ਮੌਕੇ ਦੇ ਮੁਖੀ, ਜਾਵੇਦ ਨਾਸਿਰ ਦੀ ਸੋਚਣੀ ਸੀ ਕਿ ਪਾਕਿਸਤਾਨ ਨੂੰ ਦੁਨੀਆਂ ਦੇ ਕਿਸੇ ਵੀ ਹਿੱਸੇ 'ਚ ਚੱਲ ਰਹੇ ਜਿਹਾਦ ਦੀ ਵੱਧ ਤੋਂ ਵੱਧ ਮੱਦਦ ਕਰਨੀ ਚਾਹੀਦੀ ਹੈ। ਇਸੇ ਏਜੈਂਡੇ ਦੇ ਤਹਿਤ ਉਹ ਬਾਸਨੀਆਂ ਅੰਦਰ ਚੱਲ ਰਹੇ ਗ੍ਰਹਿ ਯੁੱਧ ਵਿੱਚ ਜਿਹਾਦੀਆਂ ਦੀ ਮੱਦਦ ਕਰ ਰਿਹਾ ਸੀ। ਇਸ ਤੋਂ ਬਿਨਾ ਆਈ. ਐਸ. ਆਈ. ਫਿਲਪੀਨਜ਼, ਰਸ਼ੀਆ ਦੇ ਕਈ ਹਿੱਸਿਆਂ 'ਚ ਚੱਲ ਰਹੇ ਜਿਹਾਦ ਅਤੇ ਚੀਨ ਦੇ ਸਿਨਜ਼ਿਆਂਗ ਸੂਬੇ 'ਚ ਚੱਲ ਰਹੇ ਸੰਘਰਸ਼ ਵਿੱਚ ਵੀ ਉਹੀ ਨੀਤੀ ਅਪਣਾ ਰਹੀ ਸੀ। ਹਰ ਜਿਹਾਦ 'ਚ ਅਰਬ ਅਫਗਾਨਾਂ ਦੇ ਜਥੇ ਲੜ ਰਹੇ ਸਨ। ਇਹ ਉਹੀ ਲੋਕ ਸਨ ਜੋ ਅਫਗਾਨਿਸਤਾਨ ਦੀ ਜੰਗ ਵੇਲੇ ਅਮਰੀਕਾ ਵੱਲੋਂ ਰਸ਼ੀਆ ਦੇ ਖਿਲਾਫ ਲੜੇ ਸਨ। ਜਦੋਂ ਉੱਥੇ ਲੜਾਈ ਖਤਮ ਹੋ ਗਈ ਤਾਂ ਇਨ੍ਹਾਂ ਜਥਿਆਂ ਦੇ ਲੀਡਰ ਆਪਣੇ ਲੜਾਕਿਆਂ ਨੂੰ ਦੁਨੀਆਂ ਦੇ ਹੋਰਨਾ ਖੇਤਰਾਂ ਵੱਲ ਲੈ ਤੁਰੇ। ਇਨ੍ਹਾਂ ਲੀਡਰਾਂ ਵਿੱਚੋਂ ਸਭ ਤੋਂ ਵੱਧ ਉੱਭਰ ਕੇ ਬਾਹਰ ਆ ਰਿਹਾ ਲੀਡਰ ਉਸਾਮਾ ਬਿਨ ਲਾਦਿਨ ਸੀ। ਇਸ ਤੋਂ ਬਿਨਾ ਬਲੋਚਿਸਤਾਨ ਦਾ ਇੱਕ ਵੱਡਾ ਤੇ ਬਹੁਤ ਹੀ ਅਮੀਰ ਪਰਿਵਾਰ ਜਿਹਾਦ ਵਿੱਚ ਮੁੱਖ ਭੂਮਿਕਾ ਨਿਭਾ ਰਿਹਾ ਸੀ। ਇਸਨੂੰ ਅਲ ਬਲੋਚੀ ਕਰਕੇ ਜਾਣਿਆਂ ਜਾਂਦਾ ਸੀ। ਇਹ ਸਾਰਾ ਪਰਿਵਾਰ ਕਾਫੀ ਪਹਿਲਾਂ ਪਾਕਿਸਤਾਨ ਤੋਂ ਕੁਵੇਤ ਚਲਾ ਗਿਆ ਸੀ। ਪਰ 1980 ਦੇ ਇਰਦ ਗਿਰਦ ਇਹ ਫਿਰ ਵਾਪਸ ਪਾਕਿਸਤਾਨ ਮੁੜ ਆਇਆ ਤੇ ਅੱਜ ਕੱਲ੍ਹ ਜਿਹਾਦ 'ਚ ਵਧ ਚੜ੍ਹ ਕੇ ਹਿੱਸਾ ਲੈ ਰਿਹਾ ਸੀ। ਇਸ ਪਰਿਵਾਰ ਦੇ ਮੋਢੀ ਦਾ ਨਾਂ ਖਾਲਿਦ ਸ਼ੇਖ ਮੁਹੰਮਦ ਸੀ ਜਿਸਨੂੰ ਸਾਰੇ ਉਸਦੇ ਨਿੱਕ ਨਾਂ ਜਾਣੀ ਕਿ ਕੇ. ਐਸ. ਐਮ ਕਰਕੇ ਜਾਣਦੇ ਸਨ। ਰਮਜੀ ਯੂਸਫ ਇਸੇ ਕੇ. ਐਸ. ਐਮ. ਦਾ ਭਤੀਜਾ ਸੀ।
ਖੈਰ ਆਪਣੀਆਂ ਛੁੱਟੀਆਂ ਬਿਤਾ ਕੇ ਆਫੀਆ ਵਾਪਸ ਅਮਰੀਕਾ ਆ ਗਈ। ਜਦੋਂ ਉਹ ਲੋਗਨ ਇੰਟਰਨੈਸ਼ਨਲ ਏਅਰਪੋਰਟ 'ਤੇ ਉਤਰ ਕੇ ਕਸਟਮ ਬਗੈਰਾ ਦੀ ਕਲੀਅਰੈਂਸ ਲਈ ਲਾਈਨ ਵਿੱਚ ਲੱਗੀ ਹੋਈ ਸੀ ਤਾਂ ਉਸਨੇ ਵੇਖਿਆ ਕਿ ਨਾਲ ਦੀ ਲਾਈਨ 'ਚ ਖੜ੍ਹਾ ਕੋਈ ਜਣਾ ਉਸ ਵੱਲ ਬੜੇ ਗੌਹ ਨਾਲ ਝਾਕ ਰਿਹਾ ਸੀ। ਉਸਨੇ ਦਿਮਾਗ 'ਤੇ ਜ਼ੋਰ ਪਾ ਕੇ ਯਾਦ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਆਦਮੀ ਨੂੰ ਪਹਿਲਾਂ ਉਸਨੇ ਕਿੱਥੇ ਵੇਖਿਆ ਹੋਇਆ ਪਰ ਉਸ ਨੂੰ ਕੁਝ ਯਾਦ ਨਾ ਆਇਆ। ਉਹ ਨੀਵੀਂ ਪਾਈ ਸੋਚਣ ਲੱਗੀ। ਫਿਰ ਉਸਦੇ ਦਿਮਾਗ 'ਚ ਅਚਾਣਕ ਕੁਝ ਕੌਂਧਿਆ ਤੇ ਉਸਨੇ ਭੜੱਕ ਦੇਣੇ ਨਾਲ ਦੀ ਲਾਈਨ ਵੱਲ ਵੇਖਿਆ। ਉਦੋਂ ਨੂੰ ਉਹ ਆਦਮੀ ਅੱਗੇ ਨਿਕਲ ਗਿਆ ਸੀ ਆਫੀਆ ਮਨ ਹੀ ਮਨ ਬੋਲੀ, 'ਉਹ ਇਹ ਤਾਂ ਰਮਜੀ ਯੂਸਫ ਐ, ਜਿਸਨੂੰ ਉਸ ਦਿਨ ਐਮ. ਐਸ. ਏ. ਦੀ ਮੀਟਿੰਗ 'ਚ ਵੇਖਿਆ ਸੀ।'
Chahals57@yahoo.com
Ph. 0017033623239

No comments:

Post a Comment