Saturday 17 November 2012

ਆਫੀਆ ਸਦੀਕੀ ਦਾ ਜਿਹਾਦ…:: ਲੇਖਕ : ਹਰਮਹਿੰਦਰ ਚਹਿਲ

ਆਫੀਆ ਸਦੀਕੀ ਦਾ ਜਿਹਾਦ…:: ਲੇਖਕ : ਹਰਮਹਿੰਦਰ ਚਹਿਲ
Harmohinder Chahal



ਪੋਸਟਿੰਗ : ਅਨੁ. ਮਹਿੰਦਰ ਬੇਦੀ ਜੈਤੋ
Mohinder Bedi, Jaitu.







 
 
ਇਕ :---





ਇਹ ਅਫਗਾਨਿਸਤਾਨ ਦਾ ਗਜ਼ਨੀ ਸ਼ਹਿਰ ਸੀ। ਉਸ ਦਿਨ 2008 ਦੇ ਜੁਲਾਈ ਮਹੀਨੇ ਦੀ ਸਤਾਰਾਂ ਤਾਰੀਖ ਸੀ। ਸਾਰਾ ਦਿਨ ਅੰਤਾਂ ਦੀ ਗਰਮੀ ਪੈਂਦੀ ਰਹੀ ਸੀ। ਦਿਨ ਢਲਣ ਲੱਗਿਆ ਤਾਂ ਗਰਮੀ ਦੀ ਤਪਸ਼ ਵੀ ਘਟਣ ਲੱਗੀ। ਆਖਰ ਲੰਬਾ ਦਿਨ ਗੁਜ਼ਰ ਗਿਆ ਤੇ ਥਾਣੇ ਦੀਆਂ ਕੰਧਾਂ ਦੇ ਪਰਛਾਵੇਂ ਵਿਹੜੇ ਦੇ ਦੂਜੇ ਸਿਰੇ ਜਾ ਪਹੁੰਚੇ। ਸੂਰਜ ਛੁਪਣ ਹੀ ਵਾਲਾ ਸੀ ਜਦੋਂ ਥਾਣੇਦਾਰ ਗਨੀ ਖਾਂ ਸ਼ਹਿਰ ਦਾ ਗੇੜਾ ਮਾਰਨ ਲਈ ਉੱਠਿਆ। ਅੱਜ ਉਸਦਾ ਸਾਰਾ ਦਿਨ ਬਾਹਰ ਹੀ ਗੁਜ਼ਰ ਗਿਆ ਸੀ। ਸਵੇਰ ਤੋਂ ਹੀ ਉਹ ਅਮਰੀਕਣ ਫ਼ੌਜ਼ ਦੀ ਉਸ ਟੁਕੜੀ ਨਾਲ ਘੁੰਮ ਰਿਹਾ ਸੀ ਜੋ ਕਿ ਪਿੰਡਾਂ ਵੱਲ ਦਾ ਗੇੜਾ ਲਾਉਣ ਗਈ ਸੀ। ਅੱਜ ਕੱਲ੍ਹ ਇਸ ਇਲਾਕੇ 'ਚ ਤਾਲੀਬਾਨਾਂ ਦਾ ਜ਼ੋਰ ਸੀ। ਅਮਰੀਕਣ ਫੌਜ਼, ਇਲਾਕੇ ਦੀ ਪੁਲੀਸ ਨੂੰ ਨਾਲ ਲੈ ਕੇ ਪਿੰਡਾਂ ਦੀ ਸਕਰੀਨਿੰਗ ਕਰਨ ਲੱਗੀ ਹੋਈ ਸੀ। ਅਮਰੀਕਣਾ ਨੇ ਇਸ ਇਲਾਕੇ ਨੂੰ ਤਾਲੀਬਾਨਾਂ ਤੋਂ ਮੁਕਤ ਕਰਵਾਉਣ ਦਾ ਬੀੜਾ ਚੁੱਕਿਆ ਹੋਇਆ ਸੀ। ਉਹ ਆਪਣੇ ਮਿਸ਼ਨ 'ਚ ਕਾਮਯਾਬ ਵੀ ਹੋ ਰਹੇ ਸਨ। ਹਰ ਰੋਜ਼ ਸਵੇਰੇ ਹੀ ਫੌਜ਼ ਦਾ ਕਾਫਲਾ ਚੱਲ ਪੈਂਦਾ ਸੀ। ਜਿਸ ਇਲਾਕੇ 'ਚ ਉਨ੍ਹਾਂ ਜਾਣਾ ਹੁੰਦਾ ਉੱਥੇ ਦੇ ਥਾਣੇ ਦਾ ਅਮਲਾ ਫੈਲਾ ਨਾਲ ਜਾਂਦਾ ਸੀ। ਇਵੇਂ ਹੀ ਅੱਜ ਗਨੀ ਖਾਂ ਦੇ ਥਾਣੇ ਦੇ ਪਿੰਡਾਂ ਦੀ ਵਾਰੀ ਸੀ। ਇਸੇ ਲਈ ਅੱਜ ਉਸਦਾ ਸਾਰਾ ਦਿਨ ਬਾਹਰ ਘੁੰਮਦਿਆਂ ਹੀ ਗੁਜ਼ਰ ਗਿਆ ਸੀ। ਗਨੀ ਖਾਂ ਦੀ ਇੱਕ ਆਦਤ ਸੀ ਕਿ ਉਹ ਕਿੰਨਾ ਵੀ ਰੁੱਝਿਆ ਹੁੰਦਾ ਪਰ ਸ਼ਾਮ ਵੇਲੇ ਸ਼ਹਿਰ ਦਾ ਚੱਕਰ ਜ਼ਰੂਰ ਮਾਰਦਾ ਸੀ। ਅੱਜ ਵੀ ਘਰ ਨੂੰ ਜਾਣ ਤੋਂ ਪਹਿਲਾਂ ਉਸਨੇ ਸ਼ਹਿਰ 'ਚ ਗੇੜਾ ਕੱਢਣ ਦਾ ਮਨ ਬਣਾਇਆ। ਉਸਦੇ ਕਹਿਣ 'ਤੇ ਹਵਾਲਦਾਰ ਕੁਝ ਸਿਪਾਹੀਆਂ ਨੂੰ ਲੈ ਆਇਆ ਤੇ ਡਰਾਈਵਰ ਨੇ ਪਿੱਕਅੱਪ ਟਰੱਕ ਥਾਣੇ ਦੇ ਗੇਟ ਮੂਹਰੇ ਲਿਆ ਖੜ੍ਹਾ ਕੀਤਾ। ਗਨੀ ਖਾਂ ਅੱਗੇ ਡਰਾਈਵਰ ਨਾਲ ਬੈਠ ਗਿਆ ਤੇ ਬਾਕੀ ਅਮਲਾ ਟਰੱਕ 'ਚ ਪਿੱਛੇ ਖੜ੍ਹ ਗਿਆ। ਥੋੜ੍ਹਾ ਘੁੰਮਦਿਆਂ ਡਰਾਈਵਰ ਨੇ ਟਰੱਕ ਬਾਜ਼ਾਰ ਵੱਲ ਮੋੜ ਲਿਆ। ਬਾਜ਼ਾਰ 'ਚੋਂ ਲੰਘਦਾ ਹੋਇਆ ਟਰੱਕ ਗਲੀ ਦਾ ਮੋੜ ਮੁੜਨ ਲੱਗਿਆ ਤਾਂ ਗਨੀ ਖਾਂ ਨੇ ਸਾਹਮਣੇ ਬੰਦ ਪਈ ਇੱਕ ਦੁਕਾਨ ਮੂਹਰੇ ਬੁਰਕੇ 'ਚ ਢਕੀ ਔਰਤ ਵੱਲ ਵੇਖਿਆ। ਉਹ ਔਰਤ ਭੁੰਝੇ ਬੈਠੀ ਸੀ ਤੇ ਉਸਦੇ ਨਾਲ ਬਾਰਾਂ ਕੁ ਸਾਲ ਦਾ ਮੁੰਡਾ ਸੀ। ਗਨੀ ਖਾਂ ਨੇ ਮਨ ਹੀ ਮਨ ਸੋਚਿਆ ਕਿ ਸ਼ਹਿਰ 'ਚ ਮੰਗਤਿਆਂ ਦੀ ਗਿਣਤੀ ਬਹੁਤ ਵਧ ਗਈ ਹੈ। ਮੋੜ ਮੁੜਦਿਆਂ ਪਿੱਕਅੱਪ ਟਰੱਕ ਕੋਲ ਦੀ ਲੰਘਿਆ ਤਾਂ ਉਸਨੇ ਨੇੜਿਉਂ ਧਿਆਨ ਨਾਲ ਉਸ ਔਰਤ ਵੱਲ ਵੇਖਿਆ। ਔਰਤ ਨੇ ਕੋਲ ਰੱਖੇ ਕਾਲੇ ਰੰਗ ਦੇ ਵੱਡੇ ਬੈੱਗ ਨੂੰ ਘੁੱਟ ਕੇ ਹੱਥ 'ਚ ਫੜ੍ਹਿਆ ਹੋਇਆ ਸੀ। ਉਦੋਂ ਹੀ ਗਨੀ ਖਾਂ ਦਾ ਪੁਲਸੀਆ ਦਿਮਾਗ ਹਰਕਤ 'ਚ ਆ ਗਿਆ। ਉਸਨੇ ਸੋਚਿਆ ਕਿ ਇਹ ਐਡਾ ਵੱਡਾ ਬੈੱਗ ਕਿਉਂ ਚੁੱਕੀ ਫਿਰਦੀ ਹੈ। ਉਸਨੂੰ ਸ਼ੱਕ ਹੋਇਆ ਤਾਂ ਉਸਨੇ ਟਰੱਕ ਰੁਕਵਾ ਲਿਆ ਤੇ ਹੇਠਾਂ ਉਤਰਦਾ ਔਰਤ ਦੇ ਕੋਲ ਗਿਆ। ਇੱਕ ਪੈਰ ਚਬੂਤਰੇ 'ਤੇ ਰੱਖਦਿਆਂ ਹਥਲਾ ਡੰਡਾ ਔਰਤ ਵੱਲ ਕਰਕੇ ਉਸਨੇ ਪੁੱਛਿਆ, ''ਉਏ ਬੀਬੀ, ਕੌਣ ਐਂ ਤੂੰ?''
'ਮੈਂ ਤਾਂ ਇੱਕ ਗਰੀਬ ਔਰਤ ਆਂ। ਆਪਣੇ ਪਤੀ ਨੂੰ ਲੱਭਦੀ ਫਿਰਦੀ ਆਂ ਜੋ ਲੜਾਈ 'ਚ ਕਿਧਰੇ ਗੁੰਮ ਹੋ ਗਿਆ ਐ।'' ਇੰਨਾ ਕਹਿੰਦਿਆਂ ਉਹ ਖੜ੍ਹੀ ਹੋ ਗਈ। ਉਸਨੇ ਕੋਲ ਪਿਆ ਬੈੱਗ ਚੁੱਕ ਲਿਆ।
''ਤੇਰੇ ਨਾਲ ਇਹ ਮੁੰਡਾ ਕੌਣ ਐ?''
'ਇਹ ਤਾਂ ਕੋਈ ਅਨਾਥ ਐ। ਭੁਚਾਲ ਵੇਲੇ ਇਸਦੇ ਮਾਂ ਪਿਉ ਮਾਰੇ ਗਏ ਸਨ। ਮੈਂ ਇਸਨੂੰ ਨਾਲ ਲੈ ਆਈ ਸੀ।'' ਇੰਨਾ ਕਹਿ ਕੇ ਉਹ ਉੱਠੀ, ਬੈੱਗ ਗਲ ਪਾਇਆ ਤੇ ਮੁੰਡੇ ਦੀ ਉਂਗਲ ਫੜ੍ਹੀ ਤੁਰ ਚੱਲੀ।
'ਉਹ ਬੀਬੀ ਰੁਕ।'' ਗਨੀ ਖਾਂ ਨੇ ਅਗਾਂਹ ਹੋ ਕੇ ਰਸਤਾ ਰੋਕ ਲਿਆ। ਔਰਤ ਦੇ ਹਾਵ ਭਾਵ ਅਤੇ ਬੋਲਣ ਦੇ ਢੰਗ ਨੇ ਉਸਦਾ ਸ਼ੱਕ ਹੋਰ ਵਧਾ ਦਿੱਤਾ। ਉਸਨੂੰ ਪਿਛਲੇ ਦਿਨੀਂ ਕਿਸੇ ਮੁਖ਼ਬਰ ਤੋਂ ਮਿਲੀ ਇਹ ਖ਼ਬਰ ਵੀ ਯਾਦ ਆਈ ਕਿ ਕੋਈ ਔਰਤ ਇੱਥੇ ਦੇ ਗਵਰਨਰ 'ਤੇ ਆਤਮਘਾਤੀ ਹਮਲਾ ਕਰਨ ਦੀ ਤਾਕ ਵਿੱਚ ਹੈ। ਇੰਨੇ ਨੂੰ ਸਿਪਾਹੀਆਂ ਨੇ ਔਰਤ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ। ਇੱਕ ਨੇ ਅਗਾਂਹ ਹੋ ਕੇ ਉਸ ਤੋਂ ਬੈੱਗ ਫੜ੍ਹਿਆ ਤੇ ਉਸ 'ਚ ਉਰਾ ਪੁਰਾ ਵੇਖਣ ਲੱਗਿਆ। ਕੁਝ ਕਾਗਜ਼ ਬਾਹਰ ਕੱਢੇ। ਗਨੀ ਖਾਂ ਨੇ ਕਾਗਜ਼ਾਂ ਨੂੰ ਧਿਆਨ ਨਾਲ ਵੇਖਿਆ ਤਾਂ ਉਹ ਬਹੁਤ ਹੀ ਹੈਰਾਨ ਹੋਇਆ। ਇਹ ਨਕਸ਼ੇ ਬਗੈਰਾ ਸਨ। ਉਸਦੇ ਕਹਿਣ 'ਤੇ ਪੁਲਿਸ ਵਾਲਿਆਂ ਨੇ ਔਰਤ ਨੂੰ ਬੱਚੇ ਸਮੇਤ ਟਰੱਕ 'ਚ ਬੈਠਾ ਲਿਆ ਤੇ ਥਾਣੇ ਵੱਲ ਲੈ ਤੁਰੇ। ਥਾਣੇ ਜਾ ਕੇ ਉਸਦੇ ਬੈੱਗ ਦੀ ਚੰਗੀ ਤਰਾਂ ਤਲਾਸ਼ੀ ਲਈ ਗਈ। ਹੋਰ ਵੀ ਹੈਰਾਨ ਕਰਨ ਵਾਲੀਆਂ ਚੀਜ਼ਾਂ ਬੈੱਗ 'ਚੋਂ ਮਿਲੀਆਂ। ਦੋ ਬੋਤਲਾਂ ਵਿੱਚ ਕੋਈ ਖਤਰਨਾਕ ਕੈਮੀਕਲ ਸਨ ਜਿਹੜੇ ਕਿ ਕਿਸੇ ਬੰਬ ਬਣਾਉਣ ਦਾ ਮਸਾਲਾ ਜਾਪਦੇ ਸਨ। ਇਸ ਤੋਂ ਬਿਨਾਂ ਦੋ ਕਿਲੋ ਦੇ ਲੱਗਭੱਗ ਸੋਡੀਅਮ ਸਾਈਨਾਈਡ ਮਿਲਿਆ। ਬਾਕੀ ਹਜ਼ਾਰਾਂ ਹੱਥ ਲਿਖੇ ਕਾਗਜ਼ ਮਿਲੇ ਜਿਹੜੇ ਕਿ ਜ਼ਿਆਦਾ ਅੰਗਰੇਜ਼ੀ 'ਚ ਸਨ। ਬੈੱਗ 'ਚ ਕਾਫੀ ਸਾਰੇ ਨਕਸ਼ੇ ਸਨ ਜਿਹਨਾਂ 'ਚ ਇਕ ਇੱਥੇ ਦੇ ਗਵਰਨਰ ਦੇ ਘਰ ਦਾ ਨਕਸ਼ਾ ਸੀ। ਉਸ ਔਰਤ ਨੇ ਆਪਣਾ ਨਾਂ ਸਲੀਹਾ ਦੱਸਿਆ। ਗਨੀ ਖਾਂ ਨੂੰ ਪੂਰਾ ਯਕੀਨ ਹੋ ਚੁੱਕਿਆ ਸੀ ਕਿ ਇਹ ਔਰਤ ਕਿਸੇ ਅੱਤਵਾਦੀ ਜਥੇਬੰਦੀ ਦੀ ਖਤਰਨਾਕ ਮੈਂਬਰ ਹੈ ਅਤੇ ਹੋ ਸਕਦਾ ਹੈ ਕਿ ਇੱਥੋਂ ਦੇ ਗਵਰਨਰ ਨੂੰ ਆਮਤਘਾਤੀ ਹਮਲੇ 'ਚ ਮਾਰਨ ਨਿਕਲੀ ਹੋਵੇ। ਉਸਨੇ ਤੁਰੰਤ ਗਵਰਨਰ ਦਫਤਰ ਨੂੰ ਖ਼ਬਰ ਕੀਤੀ। ਉਨ੍ਹਾਂ ਅੱਗੇ ਅਮਰੀਕਾ ਦੇ ਬੈਗਰਾਮ ਏਅਰਪੋਰਟ ਬੇਸ ਨੂੰ ਇਤਲਾਹ ਦਿੱਤੀ। ਇਸ ਵਿਚਕਾਰ ਰਾਤ ਨੂੰ ਔਰਤ ਦੀ ਕੁੱਟਮਾਰ ਵੀ ਹੋਈ ਪਰ ਉਸਨੇ ਮੂੰਹ ਨਾ ਖੋਲ੍ਹਿਆ। ਉਸ ਨਾਲ ਫੜ੍ਹੇ ਗਏ ਮੁੰਡੇ ਨੂੰ ਵੱਖਰਾ ਕਰ ਦਿੱਤਾ ਗਿਆ ਸੀ। ਅਗਲੇ ਦਿਨ ਸਵੇਰੇ ਹੀ ਅਮਰੀਕਣ ਫੌਜ ਦਾ ਕੈਪਟਨ, ਰਾਬਰਟ ਸਿੰਡਰ ਆਪਣੀ ਟੁਕੜੀ ਲੈ ਕੇ ਗਜ਼ਨੀ ਥਾਣੇ ਵੱਲ ਚੱਲ ਪਿਆ। ਉਦੋਂ ਨੂੰ ਉਸ ਔਰਤ ਨੂੰ ਥਾਣੇ 'ਚੋਂ ਕੱਢ ਕੇ ਨੇੜਲੀ ਇਮਾਰਤ ਦੇ ਵੱਡੇ ਕਮਰੇ 'ਚ ਬਿਠਾਇਆ ਹੋਇਆ ਸੀ। ਕਾਬਲ ਤੋਂ ਅਫਗਾਨ ਸਰਕਾਰ ਦੇ ਕੁਝ ਵੱਡੇ ਅਧਿਕਾਰੀ ਵੀ ਉਸ ਨਾਲ ਗੱਲਬਾਤ ਕਰਨ ਲਈ ਪਹੁੰਚੇ ਹੋਏ ਸਨ। ਜਦੋਂ ਕੈਪਟਨ ਸਿੰਡਰ ਆਪਣੇ ਅਮਲੇ ਫੈਲੇ ਨਾਲ ਉਥੇ ਆਇਆ ਤਾਂ ਇਮਾਰਤ ਨੂੰ ਲੋਕਲ ਅਫਗਾਨੀਆਂ ਨੇ ਘੇਰਿਆ ਹੋਇਆ ਸੀ। ਉਹ ਹਥਿਆਰਬੰਦ ਸਨ ਕਿਉਂਕਿ ਉੱਥੇ ਗੱਲ ਫੈਲ ਚੁੱਕੀ ਸੀ ਕਿ ਥਾਣੇ ਵਾਲੇ ਕਿਸੇ ਬੇਕਸੂਰ ਔਰਤ ਨੂੰ ਅਮਰੀਕਣਾ ਦੇ ਹਵਾਲੇ ਕਰਨ ਲੱਗੇ ਹਨ। ਕੈਪਟਨ ਮਨ ਹੀ ਮਨ ਬੋਲਿਆ, 'ਜਿਸ ਗੱਲ ਦਾ ਡਰ ਸੀ ਉਹੀ ਹੋ ਗਿਆ'। ਉਸਨੇ ਵੇਖਿਆ ਸੀ ਕਿ ਇੱਥੇ ਅਫਵਾਹਾਂ ਦਾ ਬਹੁਤ ਜ਼ੋਰ ਰਹਿੰਦਾ ਸੀ। ਮਾੜੀ ਜਿਹੀ ਗੱਲ ਹੋਈ ਨਹੀਂ ਤੇ ਅਫਵਾਹ ਉੱਡੀ ਨਹੀਂ। ਇੰਨਾ ਹੀ ਨਹੀਂ ਸਗੋਂ ਅਫਗਾਨੀ ਲੋਕ ਹਥਿਆਰਬੰਦ ਹੋ ਕੇ ਪਹੁੰਚ ਜਾਂਦੇ ਸਨ। ਅੱਜ ਵੀ ਇਵੇਂ ਹੀ ਹੋਇਆ ਸੀ। ਲੋਕਾਂ ਦੇ ਹਜੂਮ ਨੇ ਹਥਿਆਰ ਚੁੱਕੇ ਹੋਏ ਸਨ। ਆਲੇ ਦੁਆਲੇ ਨਜ਼ਰ ਮਾਰਦਿਆਂ ਉਸਨੇ ਮਨ 'ਚ ਸੋਚਿਆ, 'ਅੱਜ ਇੱਥੇ ਜ਼ਰੂਰ ਕੁਛ ਨਾ ਕੁਛ ਹੋ ਕੇ ਰਹੇਗਾ। ਇੱਕ ਤਾਂ ਔਰਤ ਦਾ ਮਾਮਲਾ ਐ ਤੇ ਉੱਪਰੋਂ ਉਹ ਰਾਤ ਦੀ ਫੜ੍ਹੀ ਹੋਈ ਐ। ਲੋਕ ਵੀ ਧੜਾ ਧੜ ਇਕੱਠੇ ਹੋਈ ਜਾ ਰਹੇ ਨੇ। ਪਤਾ ਨ੍ਹੀਂ ਹਾਲਾਤ ਕਿਹੋ ਜਿਹੇ ਬਣ ਜਾਣ।' ਅਜਿਹੇ ਖਿਆਲਾਂ ਕਰਕੇ ਹੀ ਉਸਨੇ ਸਾਰਿਆਂ ਨੂੰ ਪੂਰੀ ਮੁਸਤੈਦੀ ਨਾਲ ਰਹਿਣ ਦਾ ਹੁਕਮ ਦਿੱਤਾ ਤੇ ਲੋਕਾਂ ਵਿਚੋਂ ਦੀ ਰਾਹ ਬਣਾਉਂਦਾ ਆਪਣੇ ਖਾਸ ਅਮਲੇ ਨਾਲ ਵੱਡੀ ਇਮਾਰਤ ਦੇ ਅੰਦਰ ਨੂੰ ਚੱਲ ਪਿਆ। ਅੱਗੇ ਤਿੰਨ ਕੁ ਪੌੜੀਆਂ ਚੜ੍ਹ ਕੇ ਉਹ ਇਮਾਰਤ ਦੇ ਦਰਵਾਜ਼ੇ ਤੱਕ ਪਹੁੰਚ ਗਏ। ਦੋ ਜਣੇ ਬਾਹਰ ਪਹਿਰੇ 'ਤੇ ਖੜ੍ਹ ਗਏ। ਕੈਪਟਨ ਅਤੇ ਵਾਰੰਟ ਅਫਸਰ ਅੰਦਰ ਚਲੇ ਗਏ। ਦੁਭਾਸ਼ੀਆ ਵੀ ਉਨ੍ਹਾਂ ਦੇ ਨਾਲ ਸੀ। ਕੈਪਟਨ ਨੇ ਅੰਦਰ ਬੈਠੇ ਅਫਗਾਨੀ ਲੋਕਾਂ ਅਤੇ ਅਫਸਰਾਂ ਵੱਲ ਵੇਖਦਿਆਂ ਝੁਕ ਕੇ ਸਲਾਮ ਕਹੀ। ਉਸਨੇ ਆਲੇ ਦੁਆਲੇ ਨਜ਼ਰ ਮਾਰੀ। ਪਿਛਲੇ ਪਾਸੇ ਪਰਦਾ ਤਣਿਆਂ ਹੋਇਆ ਸੀ। ਉਹ ਸਮਝ ਗਿਆ ਕਿ ਗ੍ਰਿਫਤਾਰ ਕੀਤੀ ਔਰਤ ਇਸ ਪਰਦੇ ਉਹਲੇ ਹੋਵੇਗੀ। ਕੈਪਟਨ ਤੇ ਵਾਰੰਟ ਅਫਸਰ ਸਾਰਿਆਂ ਦੇ ਕੋਲ ਭੁੰਝੇ ਹੀ ਬੈਠ ਗਏ। ਉਨ੍ਹਾਂ ਅਜੇ ਗੱਲਬਾਤ ਸ਼ੁਰੂ ਕੀਤੀ ਹੀ ਸੀ ਕਿ ਉੱਥੇ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਹ ਆਵਾਜ਼ ਸੁਣਦਿਆਂ ਹੀ ਵਾਰੰਟ ਅਫਸਰ ਨੇ ਆਪਣਾਂ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ ਜੋ ਕਿ ਪਰਦੇ ਪਿੱਛੇ ਬੈਠੀ ਔਰਤ ਦੇ ਪੇਟ 'ਚ ਲੱਗੀ। ਜਦੋਂ ਪਤਾ ਲੱਗਿਆ ਕਿ ਔਰਤ ਜ਼ਖ਼ਮੀ ਹੋ ਚੁੱਕੀ ਹੈ ਤਾਂ ਕੈਪਟਨ ਨੇ ਆਪਣੇ ਬੰਦਿਆਂ ਨੂੰ ਆਵਾਜ਼ ਦਿੱਤੀ। ਸਾਰਿਆਂ ਨੇ ਫਟਾਫਟ ਔਰਤ ਨੂੰ ਸਟਰੈਚਰ 'ਤੇ ਪਾਇਆ ਅਤੇ ਪਿਛਲੇ ਦਰਵਾਜ਼ੇ ਰਾਹੀਂ ਆਪਣੇ ਟਰੱਕ ਤੱਕ ਪਹੁੰਚੇ। ਉੱਥੋਂ ਜ਼ਖ਼ਮੀ ਹੋਈ ਔਰਤ ਨੂੰ ਨਾਲ ਲੈ ਕੇ ਉਹ ਬੈਗਰਾਮ ਏਅਰਫੋਰਸ ਬੇਸ ਨੂੰ ਚੱਲ ਪਏ। ਉੱਥੇ ਉਸਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਨਾਲ ਹੀ ਉਸਦੀ ਅਸਲੀ ਪਛਾਣ ਲੱਭਣ ਲਈ ਫਿੰਗਰ ਪ੍ਰਿੰਟ ਲਏ ਗਏ। ਦੋ ਘੰਟਿਆਂ ਪਿੱਛੋਂ ਐਫ. ਬੀ. ਆਈ. ਦੇ ਦਫਤਰੋਂ ਉਸਦੀ ਸਹੀ ਪਛਾਣ ਦੀ ਰਿਪੋਰਟ ਆ ਗਈ। ਜਦੋਂ ਸਾਰੇ ਮਹਿਕਮਿਆਂ 'ਚ ਉਸਦੇ ਅਸਲੀ ਨਾਂ ਦਾ ਪਤਾ ਲੱਗਿਆ ਤਾਂ ਹਰ ਪਾਸੇ ਤਹਿਲਕਾ ਮੱਚ ਗਿਆ। ਉਹ ਕੋਈ ਆਮ ਔਰਤ ਨਹੀਂ ਸੀ। ਉਹ ਅਮਰੀਕਣ ਐਫ. ਬੀ. ਆਈ. ਦੁਆਰਾ ਐਲਾਣੀ ਗਈ ਦੁਨੀਆਂ ਦੀ ਸਭ ਤੋਂ ਖਤਰਨਾਕ ਅੱਤਵਾਦੀ ਔਰਤ ਸੀ ਤੇ ਉਸਦਾ ਨਾਂ ਸੀ ਆਫੀਆ ਸਦੀਕੀ।
Chahals57@yahoo.com
Ph. 0017033623239

No comments:

Post a Comment