Thursday 15 November 2012

ਗਿਆਰਾਂ :---


ਪੋਸਟਿੰਗ : ਅਨੁ. ਮਹਿੰਦਰ ਬੇਦੀ ਜੈਤੋ



ਆਫੀਆ ਸਦੀਕੀ ਦਾ ਜਿਹਾਦ…:: ਲੇਖਕ : ਹਰਮਹਿੰਦਰ ਚਹਿਲ :---


ਅਮਜਦ ਵਾਪਸ ਆ ਤਾਂ ਗਿਆ ਪਰ ਉਸਦਾ ਆਫੀਆ ਅਤੇ ਬੱਚਿਆਂ ਤੋਂ ਬਿਨਾ ਜ਼ਰਾ ਵੀ ਦਿਲ ਨਹੀਂ ਲੱਗਦਾ ਸੀ। ਦਿਨ ਵੇਲੇ ਤਾਂ ਉਹ ਔਖਾ ਸੌਖਾ ਕੰਮ ਤੇ ਵਕਤ ਪੂਰਾ ਕਰ ਆਉਂਦਾ ਪਰ ਰਾਤ ਵੇਲੇ ਉਸਨੂੰ ਘਰ ਖਾਣ ਨੂੰ ਆਉਂਦਾ। ਕਦੇ ਉਸਨੂੰ ਬੱਚਿਆਂ ਦੀਆਂ ਕਿਲਕਾਰੀਆਂ ਸੁਣਾਈ ਦੇਣ ਲੱਗਦੀਆਂ ਅਤੇ ਕਦੇ ਆਫੀਆ ਇੱਧਰ ਉੱਧਰ ਤੁਰੀ ਫਿਰੀ ਦਿਸਦੀ। ਇੱਕ ਦਿਨ ਰਾਤ ਵੇਲੇ ਫੋਨ ਆਇਆ। ਫੋਨ ਉਸਦੀ ਅੰਮੀ ਦਾ ਸੀ। ਅਮਜਦ ਦੇ ਫੋਨ ਚੁੱਕਦਿਆਂ ਹੀ ਜਾਹਿਰਾ ਖਾਂ ਬੋਲੀ, ''ਬੇਟੇ ਮੈਨੂੰ ਪਤਾ ਐ ਕਿ ਤੂੰ ਇਸ ਵੇਲੇ ਕਿਸ ਹਾਲਤ 'ਚੋਂ ਲੰਘ ਰਿਹਾ ਹੋਵੇਂਗਾ। ਪਰ ਇਸ ਸਭ ਦੀ ਮੈਂ ਈ ਜ਼ਿੰਮੇਵਾਰ ਆਂ।''
'ਅੰਮੀ ਅਜਿਹੀ ਗੱਲ ਨ੍ਹੀਂ ਐ। ਨਾਲੇ ਤੂੰ ਕਿਉਂ ਆਪਣੇ ਆਪ ਨੂੰ ਦੋਸ਼ ਦਿੰਨੀ ਐਂ?''
'ਕਿਉਂਕਿ ਆਫੀਆ ਮੇਰੀ ਹੀ ਪਸੰਦ ਐ। ਮੈਂ ਹੀ ਤੇਰੇ ਲਈ ਇਸਨੂੰ ਚੁਣਿਆਂ ਸੀ। ਪਤਾ ਨ੍ਹੀਂ ਕੀ ਗੱਲ ਹੋ ਗਈ। ਇਹ ਤਾਂ ਬਹੁਤ ਹੀ ਜਹੀਨ ਕੁੜੀ ਸੀ। ਮੈਨੂੰ ਤਾਂ ਸਮਝ ਨ੍ਹੀਂ ਆਉਂਦੀ ਕਿ ਇਸ ਨੂੰ ਹੋ ਕੀ ਗਿਆ ਐ।''
''ਅੰਮੀ ਤੂੰ ਐਵੇਂ ਫਿਕਰ ਨਾ ਕਰ।''
ਇੰਨਾ ਕਹਿ ਕੇ ਅਮਜਦ ਸੋਚਣ ਲੱਗਿਆ ਕਿ ਉਸਦੀ ਮਾਂ ਨੇ ਤਾਂ ਆਫੀਆ ਨੂੰ ਕੁਝ ਦੇਰ ਜਾਂ ਕੁਝ ਦਿਨਾਂ ਲਈ ਹੀ ਵੇਖਿਆ ਹੋਵੇਗਾ ਪਰ ਉਹ ਤਾਂ ਕਿੰਨੇ ਹੀ ਸਾਲਾਂ ਤੋਂ ਉਸਦੇ ਨਾਲ ਰਹਿੰਦਾ ਆ ਰਿਹਾ ਐ ਕੀ ਉਹ ਉਸਨੂੰ ਚੰਗੀ ਤਰ੍ਹਾਂ ਜਾਣਦਾ ਹੈ। ਉੱਧਰ ਅਮਜਦ ਨੂੰ ਫੋਨ 'ਤੇ ਚੁੱਪ ਜਿਹਾ ਹੋਇਆ ਵੇਖ ਕੇ ਜਾਹਿਰਾ ਖਾਂ ਬੋਲੀ, ''ਅਮਜਦ ਬੇਟੇ ਤੂੰ ਮੇਰੀ ਗੱਲ ਸੁਣ ਰਿਹਾ ਐਂ ਨਾ?''
''ਹਾਂ ਹਾਂ ਅੰਮੀ ਤੂੰ ਗੱਲ ਕਰ। ਮੇਰਾ ਧਿਆਨ ਤੇਰੀਆਂ ਗੱਲਾਂ 'ਚ ਈ ਐ।''
ਜਾਹਿਰਾ ਖਾਂ ਦੁਬਾਰਾ ਗੱਲ ਕਰਨ ਲੱਗੀ ਪਰ ਅਮਜਦ ਦਾ ਧਿਆਨ ਫਿਰ ਆਫੀਆ ਵੱਲ ਚਲਾ ਗਿਆ। ਉਹ ਮਨ 'ਚ ਸੋਚਣ ਲੱਗਿਆ, 'ਆਫੀਆ ਨਾਈਨ ਅਲੈਵਨ ਤੋਂ ਪਿੱਛੋਂ ਇੱਕ ਦਮ ਇੰਨਾ ਡਰ ਕਿਉਂ ਗਈ ਸੀ। ਉਹ ਕਿਉਂ ਖੜ੍ਹੇ ਪੈਰ ਭੱਜ ਜਾਣ ਦੀਆਂ ਗੱਲਾਂ ਕਰਨ ਲੱਗੀ ਸੀ। ਫਿਰ ਉੱਥੇ ਜਾ ਕੇ ਉਹ ਹੋਰ ਈ ਗੱਲਾਂ ਕਰਨ ਲੱਗ ਪਈ। ਸਿੱਧਾ ਈ ਜਿਹਾਦੀਆਂ ਨਾਲ ਜਾ ਮਿਲਣ ਦੀਆਂ ਗੱਲਾਂ ਕਰਨ ਲੱਗ ਪਈ। ਨਾਲੇ ਉਹ ਦੱਸ ਰਹੀ ਸੀ ਕਿ ਸਾਡੇ ਵਿਆਹ ਤੋਂ ਪਹਿਲਾਂ ਵੀ ਐਫ. ਬੀ. ਆਈ. ਵਾਲੇ ਉਸਨੂੰ ਲੱਭ ਰਹੇ ਸਨ। ਇਹ ਤਾਂ ਖੈਰ ਹੋ ਸਕਦਾ ਐ ਕਿ ਉਸਦੇ ਚੈਰਿਟੀ ਦੇ ਕੰਮ ਦੇ ਸਬੰਧ 'ਚ ਉਹ ਇਸ ਨਾਲ ਕੋਈ ਗੱਲ ਬਾਤ ਕਰਨ ਆਏ ਹੋਏ ਹੋਣਗੇ।' ਉਸਦੀ ਮਨ 'ਚ ਚੱਲਦੀ ਗੱਲ ਵਿਚਕਾਰ ਹੀ ਰਹਿ ਗਈ ਜਦੋਂ ਉੱਧਰੋਂ ਉਸਦੀ ਮਾਂ ਦੀ ਉੱਚੀ ਆਵਾਜ਼ ਆਈ, ''ਬੇਟੇ ਤੂੰ ਇਉਂ ਕਰ ਕਿ ਇੱਕ ਵਾਰ ਆਫੀਆ ਨੂੰ ਫੋਨ ਕਰਕੇ ਕਹਿ ਦੇ ਕਿ ਉਹ ਤੇਰੇ ਕੋਲ ਆ ਜਾਵੇ। ਔਰਤ ਨੂੰ ਕਈ ਵਾਰੀ ਮਾਨਸਿਕ ਕਾਰਨਾਂ ਕਰਕੇ ਬਹੁਤ ਸਾਰੀਆਂ ਸਥਿਤੀਆਂ 'ਚੋਂ ਗੁਜ਼ਰਨਾ ਪੈਂਦਾ ਹੈ। ਹੁਣ ਉਹ ਠੀਕ ਹੋ ਚੁੱਕੀ ਹੋਵੇਗੀ। ਤੂੰ ਮੇਰਾ ਪੁੱਤਰ ਉਸਨੂੰ ਆਪਣੇ ਕੋਲ ਬੁਲਾ ਲੈ। ਅੱਲਾ ਸਭ ਠੀਕ ਕਰ ਦੇਵੇਗਾ।'' ਮਾਂ ਨੇ ਨਸੀਹਤਾਂ ਦੇ ਕੇ ਫੋਨ ਕੱਟ ਦਿੱਤਾ। ਪਰ ਅਮਜਦ ਦਾ ਮਨ ਫਿਰ ਤੋਂ ਪਹਿਲਾਂ ਚੱਲ ਰਹੀਆਂ ਸੋਚਾਂ ਵੱਲ ਚਲਾ ਗਿਆ। ਉਸਨੂੰ ਇੱਕ ਨਵਾਂ ਈ ਖਿਆਲ ਆਇਆ ਤੇ ਉਹ ਸੋਚਣ ਲੱਗਿਆ, 'ਕਿਤੇ ਆਫੀਆ ਇਹ ਸਭ ਡਰਾਮਾ ਤਾਂ ਨ੍ਹੀਂ ਕਰ ਰਹੀ। ਹੋ ਸਕਦਾ ਐ ਕਿ ਉਹ ਮੈਥੋਂ ਵੱਖ ਹੋਣਾ ਚਾਹੁੰਦੀ ਹੋਵੇ ਤੇ ਸਿਰਫ ਬਹਾਨੇ ਘੜ ਰਹੀ ਹੋਵੇ ਤਾਂ ਕਿ ਮੈਂ ਉਸਦੀ ਗੱਲ ਤੋਂ ਇਨਕਾਰ ਕਰ ਦਿਆਂ ਤੇ ਉਸਨੂੰ ਵੱਖ ਹੋਣ ਦਾ ਬਹਾਨਾ ਮਿਲ ਜਾਵੇ। ਹਾਂ ਇਹੀ ਹੈ। ਲੱਗਦਾ ਐ ਕਿ ਉਹ ਮੇਰੇ ਨਾਲ ਖੁਸ਼ ਨ੍ਹੀਂ ਐ। ਉਂਝ ਤਾਂ ਉਸਦੇ ਵਰਤਾਅ ਤੋਂ ਲੱਗਦਾ ਐ ਕਿ ਉਹ ਮੈਨੂੰ ਬਹੁਤ ਪਿਆਰ ਕਰਦੀ ਐ ਪਰ ਹੋ ਸਕਦਾ ਐ ਕਿ ਇਹ ਸਭ ਵਿਖਾਵਾ ਹੋਵੇ।'
ਖੈਰ ਕੁਝ ਵੀ ਸੀ ਉਸਨੇ ਆਪਣੀ ਮਾਂ ਦੀ ਗੱਲ ਮੰਨਦਿਆਂ ਆਫੀਆ ਨੂੰ ਫੋਨ ਕਰਨ ਦਾ ਮਨ ਬਣਾ ਲਿਆ। ਉੱਧਰ ਆਫੀਆ ਦਾ ਪਿਉ ਵੇਖ ਰਿਹਾ ਸੀ ਕਿ ਜਿਉਂ ਅਮਜਦ ਗਿਆ ਸੀ ਆਫੀਆ ਫੁੱਲ ਵਾਂਗ ਮੁਰਝਾ ਗਈ ਸੀ। ਉਸ ਨੇ ਢੰਗ ਨਾਲ ਖਾਣਾ ਪੀਣਾ ਛੱਡ ਦਿੱਤਾ ਸੀ। ਸਾਰਾ ਦਿਨ ਉਦਾਸ ਹੋਈ ਬੈੱਡ 'ਤੇ ਪਈ ਰਹਿੰਦੀ ਸੀ। ਸੁਲੇਹ ਸਦੀਕੀ ਸਭ ਸਮਝਦਾ ਸੀ। ਉਸਨੇ ਆਫੀਆ ਨੂੰ ਕੋਲ ਬੁਲਾਇਆ ਤੇ ਉਸਦੇ ਸਿਰ 'ਤੇ ਹੱਥ ਫੇਰਦਾ ਬੋਲਿਆ, ''ਬੇਟੀ ਮੈਂ ਜ਼ਿਆਦਾ ਕੁਛ ਨ੍ਹੀਂ ਕਹੂੰਗਾ ਬੱਸ ਇੰਨਾ ਈ ਐ ਕਿ ਔਰਤ ਦਾ ਪਹਿਲਾ ਧਰਮ ਆਪਣਾ ਪਰਿਵਾਰ ਬਚਾਉਣਾ ਹੁੰਦਾ ਐ। ਤੁਹਾਡੇ ਵਿਚਕਾਰ ਸਿਰਫ ਤਣਾਅ ਐ ਹੋਰ ਕੁਛ ਨ੍ਹੀਂ। ਮੈਂ ਤੈਨੂੰ ਸਲਾਹ ਦੇਊਂਗਾ ਕਿ ਤੂੰ ਅਮਜਦ ਕੋਲ ਚਲੀ ਜਾ।''
'ਪਰ ਅੱਬੂ ਉਸਨੇ ਤਾਂ ਜਾ ਕੇ ਇੱਕ ਵਾਰ ਵੀ ਮੈਨੂੰ ਫੋਨ ਨ੍ਹੀਂ ਕੀਤਾ?''
''ਬੇਟੀ ਕਈ ਵਾਰ ਇਨਸਾਨ ਕੰਮ ਵਿੱਚ ਉਲਝ ਜਾਂਦਾ ਹੈ ਤੇ....। ਉਹ ਗੱਲ ਕਰ ਹੀ ਰਿਹਾ ਸੀ ਕਿ ਫੋਨ ਖੜਕ ਪਿਆ। ਉਸਨੇ ਫੋਨ ਉਠਾਉਂਦਿਆਂ ਹੋਇਆਂ ਹੈਲੋ ਕਹੀ ਤਾਂ ਉਸਦੇ ਚਿਹਰੇ 'ਤੇ ਰੌਣਕ ਆ ਗਈ। ਉਹ ਫੋਨ ਆਫੀਆ ਵੱਲ ਕਰਦਾ ਬੋਲਿਆ, ''ਲੈ ਗੱਲ ਕਰ, ਅਮਜਦ ਦਾ ਫੋਨ ਐਂ।''
ਆਫੀਆ ਚਹਿਕ ਉੱਠੀ ਤੇ ਦੂਸਰੇ ਕਮਰੇ 'ਚ ਜਾ ਕੇ ਗੱਲ ਕਰਨ ਲੱਗੀ। ਅੱਧੇ ਘੰਟੇ ਪਿੱਛੋਂ ਫੋਨ ਬੰਦ ਕਰਦੀ ਉਹ ਬਾਹਰ ਨਿਕਲੀ ਤਾਂ ਉਸਦਾ ਚਿਹਰਾ ਗੁਲਾਬ ਦੇ ਫੁੱਲ ਵਾਂਗੂੰ ਖਿੜਿਆ ਹੋਇਆ ਸੀ। ਉਸ ਨੇ ਉਸੇ ਵੇਲੇ ਟਿਕਟਾਂ ਬੁੱਕ ਕਰਨ ਲਈ ਕਹਿ ਦਿੱਤਾ ਤੇ ਤੀਸਰੇ ਦਿਨ ਬੱਚਿਆਂ ਨੂੰ ਲੈ ਕੇ ਉਹ ਅਮਰੀਕਾ ਦੇ ਬਾਸਟਨ ਏਅਰਪੋਰਟ 'ਤੇ ਜਾ ਉੱਤਰੀ। ਅਮਜਦ ਅੱਗੇ ਉਸਨੂੰ ਲੈਣ ਆਇਆ ਹੋਇਆ ਸੀ। ਉਹ ਘਰ ਪਹੁੰਚ ਗਏ। ਘਰੇ ਆ ਕੇ ਆਫੀਆ ਦਾ ਚਿਹਰਾ ਇੱਕ ਦਮ ਬਦਲ ਗਿਆ ਤੇ ਉਹ ਗੁੱਸੇ 'ਚ ਕੰਬਣ ਲੱਗੀ।
''ਤੂੰ ਮੈਨੂੰ ਇੰਨੇ ਦਿਨ ਫੋਨ ਵੀ ਨਾ ਕੀਤਾ। ਤੂੰ ਆਪਣੇ ਆਪ ਨੂੰ ਸਮਝਿਆ ਕੀ ਐ?'' ਉਹ ਉੱਚੀ ਬੋਲਦੀ ਅਮਜਦ ਦੇ ਗਲਾਮੇ ਨੂੰ ਚੰਬੜ ਗਈ। ਇੱਧਰ ਉੱਧਰ ਖਿਚਦੀ ਉਹ ਉਸਦੀ ਛਾਤੀ 'ਚ ਮੁੱਕੀਆਂ ਮਾਰਨ ਲੱਗੀ। ਅਮਜਦ ਨੇ ਬਿਲਕੁਲ ਵਿਰੋਧ ਨਾ ਕੀਤਾ। ਆਖਰ ਆਫੀਆ ਥੱਕ ਗਈ ਤੇ ਉਹ ਮੁੱਕੀਆਂ ਮਾਰਨੀਆਂ ਛੱਡ ਕੇ ਅਮਜਦ ਦੀ ਛਾਤੀ ਨਾਲ ਚੰਬੜ ਗਈ। ਅਮਜਦ ਨੇ ਉਸਦੇ ਦੁਆਲੇ ਬਾਂਹ ਵਲ ਲਈ। ਆਫੀਆ ਇੰਨਾ ਰੋਈ ਕਿ ਅਮਜਦ ਦਾ ਕਮੀਜ਼ ਭਿੱਜ ਗਿਆ। ਅਮਜਦ ਦੀਆਂ ਅੱਖਾਂ 'ਚ ਵੀ ਅੱਥਰੂ ਸਿਮ ਆਏ। ਇਸਦੇ ਨਾਲ ਹੀ ਉਸਦੇ ਮਨ ਵਿਚਲਾ ਉਹ ਖਿਆਲ ਕਿ ਸ਼ਾਇਦ ਆਫੀਆ ਬਹਾਨੇ ਨਾਲ ਉਸ ਕੋਲੋਂ ਤਲਾਕ ਚਾਹੁੰਦੀ ਐ, ਕਫੂਰ ਵਾਂਗੂੰ ਉੱਡ ਗਿਆ।
ਉੱਧਰ ਅਫਗਾਨਿਸਤਾਨ 'ਚ ਅਮਰੀਕਾ ਦੀ ਟੈਰੋਰਿਜ਼ਮ ਦੇ ਖਿਲਾਫ ਲੜੀ ਜਾ ਰਹੀ ਜ਼ੰਗ ਲੰਬੀ ਖਿਚਦੀ ਜਾ ਰਹੀ ਸੀ। ਤਾਲੀਬਾਨ ਸਰਕਾਰ ਤਾਂ ਪੰਜ ਛੇ ਹਫਤਿਆਂ ਵਿੱਚ ਹੀ ਢਹਿ ਢੇਰੀ ਹੋ ਗਈ ਸੀ। ਪਰ ਉਸਾਮਾ ਬਿਨ ਲਾਦਿਨ ਅਤੇ ਉਸਦੀ ਸਾਰੀ ਅਲਕਾਇਦਾ ਜਥੇਬੰਦੀ ਤੋਰਾ ਬੋਰਾ ਪਹਾੜੀਆਂ ਦੇ ਪਿੱਛੋਂ ਦੀ ਹੁੰਦੀ ਪਾਕਿਸਤਾਨ ਵੱਲ ਨਿਕਲ ਗਈ ਸੀ। ਉੱਥੇ ਜਾ ਕੇ ਉਨ੍ਹਾਂ ਕਰਾਚੀ ਵਿੱਚ ਅੱਡੇ ਜਮਾਉਣੇ ਸ਼ੁਰੂ ਕਰ ਦਿੱਤੇ। ਅਮਰੀਕਾ ਸਮਝ ਰਿਹਾ ਸੀ ਕਿ ਅਫਗਾਨਿਸਤਾਨ 'ਚ ਕੱਚੇ ਘਰਾਂ 'ਤੇ ਜਾਂ ਖੁਸ਼ਕ ਪਹਾੜਾਂ 'ਤੇ ਬੰਬ ਸੁੱਟਣੇ ਬੇਕਾਰ ਨੇ। ਜਿਨ੍ਹਾਂ ਨੂੰ ਫੜ੍ਹ•ਨ ਲਈ ਇਹ ਸਭ ਕੁਝ ਕੀਤਾ ਗਿਆ ਸੀ ਉਹ ਤਾਂ ਸਭ ਭੱਜ ਗਏ। ਇਸ ਕਰਕੇ ਅਮਰੀਕਾ, ਲੜਾਈ ਦਾ ਮੁਹਾਜ ਅਫਗਾਨਿਸਤਾਨ ਤੋਂ ਇਰਾਕ ਵੱਲ ਮੋੜਨ ਲਈ ਤਿਆਰ ਹੋਣ ਲੱਗ ਪਿਆ। ਤੋਰਾ ਬੋਰਾ ਪਹਾੜੀਆਂ 'ਚੋਂ ਭੱਜੇ ਅਲਕਾਇਦਾ ਮੈਂਬਰਾਂ ਨੂੰ ਸੰਭਾਲਣ ਵਾਲੇ ਪਾਕਿਸਤਾਨ 'ਚ ਬਥੇਰੇ ਬੈਠੇ ਸਨ। ਇਨ੍ਹਾਂ 'ਚ ਸਭ ਤੋਂ ਵੱਧ ਸਰਗਰਮ ਬਲੋਚੀ ਪਰਿਵਾਰ ਸੀ। ਰਮਜੀ ਯੂਸਫ ਜੋ ਕਿ 1993 ਦੇ ਨਾਰਥ ਟਾਵਰ ਵਾਲੇ ਬੰਬ ਧਮਾਕੇ ਦਾ ਦੋਸ਼ੀ ਸੀ ਇਸੇ ਪਰਿਵਾਰ ਤੋਂ ਸੀ। ਇਸ ਪਰਿਵਾਰ ਦੇ ਮੋਢੀ ਦਾ ਨਾਂ ਸੀ ਖਾਲਿਦ ਸ਼ੇਖ ਮੁਹੰਮਦ। ਜਿਸਨੂੰ ਸਾਰੇ ਉਸਦੇ ਨਿੱਕ ਨੇਮ ਜਾਣੀ ਕਿ ਕੇ. ਐਸ. ਐਮ. ਨਾਲ ਬੁਲਾਉਂਦੇ ਸਨ। ਜੋ ਗਰੁੱਪ ਅਲ ਕਾਇਦਾ ਮੈਂਬਰਾਂ ਨੂੰ ਸੰਭਾਲਣ 'ਚ ਲੱਗੇ ਹੋਏ ਸਨ ਉਨ੍ਹਾਂ ਵਿੱਚ ਔਰਤਾਂ ਦਾ ਇੱਕ ਵਿੰਗ ਵੀ ਕੰਮ ਕਰ ਰਿਹਾ ਸੀ। ਆਫੀਆ ਦੀ ਮਾਂ ਇਸਮਤ ਵੀ ਇਸ ਗਰੁੱਪ ਵਿੱਚ ਕੰਮ ਕਰ ਰਹੀ ਸੀ। ਇੰਨਾ ਹੀ ਨਹੀਂ ਸਗੋਂ ਅਲਬਲੋਚੀ ਪਰਿਵਾਰ ਦੇ ਕਈ ਮੈਂਬਰ ਉਸਦੇ ਘਰ ਮਹਿਮਾਨ ਬਣ ਕੇ ਠਹਿਰ ਵੀ ਚੁੱਕੇ ਸਨ। ਜਦੋਂ ਅਫਗਾਨਿਸਤਾਨ ਵਿੱਚੋਂ ਨਿਕਲੇ ਅਲਕਾਇਦਾ ਮੈਂਬਰਾਂ ਨੂੰ ਚੰਗੀ ਤਰ੍ਹਾਂ ਸੰਭਾਲ ਲਿਆ ਗਿਆ ਤਾਂ ਕੇ. ਐਸ. ਐਮ. ਆਪਣੀ ਅਗਲੀ ਸਕੀਮ 'ਤੇ ਕੰਮ ਕਰਨ ਲੱਗਿਆ। ਉਹ ਚਾਹੁੰਦਾ ਸੀ ਕਿ ਜਦੋਂ ਤੱਕ ਅਮਰੀਕਾ ਨਾਈਨ ਅਲੈਵਨ ਵਾਲੀ ਸੱਟ 'ਚੋਂ ਉੱਭਰੇ ਉਦੋਂ ਨੂੰ ਉਸ ਤੋਂ ਵੀ ਵੱਡਾ ਝਟਕਾ ਅਮਰੀਕਾ ਨੂੰ ਇੱਕ ਹੋਰ ਦਿੱਤਾ ਜਾਵੇ। ਇਸ ਦੂਸਰੇ ਹਮਲੇ ਲਈ ਕੇ. ਐਸ. ਐਮ. ਨੇ ਅਜਿਹੇ ਬੰਦਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਜਿਹੜੇ ਅਮਰੀਕਾ 'ਚ ਪਹਿਲਾਂ ਹੀ ਰਹਿ ਰਹੇ ਸਨ। ਭਾਵ ਉਸਨੇ ਅਮਰੀਕਾ ਵਿਚਲੇ ਆਪਣੇ ਸੈਲਾਂ ਰਾਹੀਂ ਅਜਿਹੇ ਬੰਦਿਆਂ ਦੀ ਭਰਤੀ ਸ਼ੁਰੂ ਕਰ ਦਿੱਤੀ। ਇਨ੍ਹਾਂ ਨਵੇਂ ਰੰਗਰੂਟਾਂ 'ਚ ਹੋਜ਼ੇ ਪਦੀਲਾ ਪਹਿਲਾ ਅਮਰੀਕਣ ਸੀ। ਉਹ ਫਲੋਰਿਡਾ ਦਾ ਰਹਿਣ ਵਾਲਾ ਸੀ ਅਤੇ ਕਿਸੇ ਵੱਡੇ ਗੈਂਗ ਦਾ ਮੈਂਬਰ ਰਿਹਾ ਸੀ। ਉਸਨੂੰ ਸਮਝਾ ਬੁਝਾ ਕੇ ਮੁਸਲਮਾਨ ਬਣਾਇਆ ਗਿਆ ਤੇ ਫਿਰ ਅਲਕਾਇਦਾ 'ਚ ਲਿਆਂਦਾ ਗਿਆ। ਟਰੇਨਿੰਗ ਲਈ ਉਸਨੂੰ ਪਾਕਿਸਤਾਨ ਲੈ ਗਏ। ਇਸ ਤਰ੍ਹਾਂ ਅੱਗੋਂ ਦੀ ਅੱਗੋਂ ਕੇ. ਐਸ. ਐਮ. ਨੂੰ ਹੋਰ ਬੰਦੇ ਮਿਲਦੇ ਗਏ ਜਿਹੜੇ ਕਿ ਉਸਦੇ ਕੰਮ 'ਚ ਸਹਾਈ ਹੋ ਸਕਦੇ ਸਨ। ਹੋਜ਼ੇ ਪਦੀਲਾ ਨੂੰ ਇਸ ਪਾਸੇ ਲਿਆਉਣ ਵਾਲਾ ਐਡਮ ਹੁਸੈਨ ਸੀ ਜਿਹੜਾ ਕਿ ਬੋਨੇਵੋਲੈਂਸ ਇੰਟਰਨੈਸ਼ਨਲ ਵਿੱਚ ਕੰਮ ਕਰਦਾ ਸੀ। ਐਡਮ ਹੁਸੈਨ ਅੱਗੇ ਸੁਲੇਮਾਨ ਐਹਮਰ ਨੂੰ ਜਾਣਦਾ ਸੀ। ਸੁਲੇਮਾਨ ਦੀ ਆਫੀਆ ਨਾਲ ਜਾਣ-ਪਛਾਣ ਸੀ। ਉਸੇ ਕਾਰਨ ਹੀ ਆਫੀਆ ਬੋਨੇਵੈਲੈਂਸ ਦੇ ਇੱਕ ਹੋਰ ਸਰਗਰਮ ਮੈਂਬਰ ਅਦਨਾਨ ਸ਼ੁਕਰੀਜੁਮਾ ਦੇ ਸੰਪਰਕ 'ਚ ਆਈ ਸੀ। ਆਫੀਆ ਦੇ ਅਮਰੀਕਾ ਮੁੜ ਆਉਣ ਨਾਲ ਸਾਰਿਆਂ 'ਚ ਫਿਰ ਤੋਂ ਤਾਲਮੇਲ ਹੋਣ ਲੱਗਿਆ। ਜਾਅਲੀ ਏਮੇਲਜ਼ ਦੇ ਜ਼ਰੀਏ ਜਾਂ ਕਈ ਹੋਰ ਲੁਕਵੇਂ ਢੰਗਾਂ ਨਾਲ ਇਹ ਲੋਕ ਆਪਸ ਵਿੱਚ ਰਾਬਤਾ ਕਾਇਮ ਕਰਦੇ ਰਹਿੰਦੇ ਸਨ।
ਜਦੋਂ ਆਫੀਆ ਵਾਪਸ ਆਈ ਤਾਂ ਉਹ ਕਈ ਦਿਨ ਬਹੁਤ ਵਧੀਆ ਮਜਾਜ 'ਚ ਰਹੀ। ਉਹ ਹਰ ਰੋਜ਼ ਅਮਜਦ ਨਾਲ ਬੜੀ ਮੁਹੱਬਤ ਨਾਲ ਪੇਸ਼ ਆਉਂਦੀ ਸੀ। ਅਮਜਦ ਨੂੰ ਲੱਗਿਆ ਕਿ ਉਸ ਵਿੱਚ ਤਬਦੀਲੀ ਆ ਰਹੀ ਹੈ। ਉਹ ਖੁਸ਼ ਸੀ। ਇਸੇ ਖੁਸ਼ੀ ਕਾਰਨ ਉਹ ਅਗਲੇ ਐਤਵਾਰ ਬੱਚਿਆਂ ਨੂੰ ਲੈ ਕੇ ਇੱਕ ਮਹਿੰਗੇ ਹੋਟਲ ਵਿੱਚ ਰਾਤ ਠਹਿਰਨ ਲਈ ਚਲਾ ਗਿਆ। ਉੱਥੇ ਜਾਂਦਿਆਂ ਹੀ ਆਫੀਆ ਭੜਕ ਉੱਠੀ, ''ਅਮਜਦ ਤੈਨੂੰ ਸ਼ਰਮ ਆਉਣੀ ਚਾਹੀਦੀ ਐ। ਅਫਗਾਨਿਸਤਾਨ ਵਰਗੇ ਮੁਲਕਾਂ ਵਿੱਚ ਸਾਡੇ ਮੁਸਲਮਾਨ ਭਰਾ ਗਰੀਬੀ ਨਾਲ ਮਰ ਰਹੇ ਨੇ ਤੇ ਤੈਨੂੰ ਅਯਾਸ਼ੀ ਦੀ ਪਈ ਐ।''
'ਆਫੀਆ ਆਯਾਸ਼ੀ ਵਾਲੀ ਇਸ ਵਿੱਚ ਕੀ ਗੱਲ ਐ। ਮੇਰੀ ਕਮਾਈ ਦੇ ਪੈਸੇ ਨੇ। ਮੈਂ ਕਿਸੇ ਗਲਤ ਥਾਂ 'ਤੇ ਨ੍ਹੀਂ ਖਰਚ ਕਰ ਰਿਹਾ। ਮੈਂ ਆਪਣੇ ਪਰਿਵਾਰ ਦੀ ਖੁਸ਼ੀ ਲਈ ਇਹ ਖਰਚ ਕਰ ਰਿਹਾ ਆਂ। ਇਹ ਮੇਰਾ ਹੱਕ ਵੀ ਐ ਕਿ ਹਲਾਲ ਦੀ ਕਮਾਈ ਨਾਲ ਆਪਣੇ ਬੱਚਿਆਂ ਨੂੰ ਜ਼ਰਾ ਬਾਹਰ ਘੁਮਾ ਫਿਰਾਂ ਦਿਆਂ।''
'ਤੈਨੂੰ ਕਦੇ ਸਮਝ ਨ੍ਹੀਂ ਆ ਸਕਦੀ। ਮੈਂ ਇੱਥੇ ਨ੍ਹੀਂ ਰਹਿਣਾ। ਚੱਲ ਘਰੇ ਵਾਪਸ ਚੱਲੀਏ।''
ਆਫੀਆ ਉੱਥੇ ਨਾ ਰੁਕੀ ਤੇ ਅਮਜਦ ਨੂੰ ਨਾਲ ਲੈ ਕੇ ਘਰ ਮੁੜ ਕੇ ਹੀ ਸਾਹ ਲਿਆ। ਅਮਜਦ ਪਰੇਸ਼ਾਨ ਹੋ ਗਿਆ। ਉਸਨੇ ਸੋਚਿਆ ਸੀ ਕਿ ਪੁਰਾਣੀਆਂ ਕੜਵਾਹਟਾਂ ਭੁੱਲ ਕੇ ਨਵੀਂ ਜ਼ਿੰਦਗੀ ਸ਼ੁਰੂ ਕਰੇਗਾ। ਪਰ ਆਫੀਆ ਉੱਥੇ ਹੀ ਅਟਕੀ ਹੋਈ ਸੀ। ਫਿਰ ਕੁਝ ਦਿਨਾਂ ਪਿੱਛੋਂ ਅਮਜਦ ਨੇ ਉਸਨੂੰ ਕਿਹਾ ਕਿ ਬੱਚਿਆਂ ਨੂੰ ਹੁਣ ਸਕੂਲ ਭੇਜਣ ਦਾ ਵੇਲਾ ਹੈ। ਹੁਣ ਤੋਂ ਇਹ ਪਰੀ-ਸਕੂਲ ਵਰਗੀਆਂ ਕਲਾਸਾਂ ਵਿੱਚ ਜਾਣ ਲੱਗਣਗੇ ਫਿਰ ਹੀ ਕਿਤੇ ਜਾ ਕੇ ਦੂਸਰੇ ਸਕੂਲ ਜਾਣ ਦੇ ਕਾਬਲ ਹੋਣਗੇ। ਪਰ ਆਫੀਆ ਨੇ ਜ਼ੁਆਬ ਦਿੱਤਾ ਕਿ ਅਜੇ ਉਹ ਉਨ੍ਹਾਂ ਨੂੰ ਸਕੂਲ ਨਹੀਂ ਭੇਜੇਗੀ। ਉਹ ਘਰੇ ਹੀ ਉਨ੍ਹਾਂ ਨੂੰ ਧਾਰਮਿਕ ਸਿੱਖਿਆ ਦੇਵੇਗੀ। ਅਮਜਦ ਮਨ ਮਸੋਸ ਕੇ ਰਹਿ ਗਿਆ। ਕੁਝ ਦਿਨਾਂ ਪਿੱਛੋਂ ਅਮਜਦ ਇੱਕ ਦਿਨ ਸੰਦੇਹਾਂ ਘਰ ਆਇਆ ਤਾਂ ਉਹ ਬੜਾ ਹੈਰਾਨ ਹੋਇਆ। ਆਫੀਆ ਟੀਵੀ 'ਤੇ ਉਹ ਕੁਝ ਵੇਖ ਰਹੀ ਸੀ ਜੋ ਕਿ ਜੰਗ ਦੇ ਮੈਦਾਨ ਵਿੱਚ ਹੋ ਰਿਹਾ ਸੀ। ਆਲੇ ਦੁਆਲੇ ਮਾਰਾ ਮਰਾਈ ਹੋ ਰਹੀ ਸੀ। ਨੇੜੇ ਹੀ ਲਾਸ਼ਾਂ ਦੇ ਢੇਰ ਲੱਗੇ ਹੋਏ ਸਨ। ਅਮਜਦ ਤੋਂ ਇਹ ਵੇਖ ਨਾ ਹੋਇਆ। ਪਰ ਜਦੋਂ ਉਸਨੇ ਵੇਖਿਆ ਕਿ ਆਫੀਆ ਨੇ ਬੱਚਿਆਂ ਨੂੰ ਇਹ ਸਭ ਵਿਖਾਉਣ ਲਈ ਆਪਣੇ ਕੋਲ ਬਿਠਾਇਆ ਹੋਇਆ ਹੈ ਤਾਂ ਉਸਦੇ ਸਬਰ ਦਾ ਪਿਆਲਾ ਛਲਕ ਗਿਆ। ਉਹ ਗੁੱਸੇ 'ਚ ਆਉਂਦਾ ਬੋਲਿਆ, ''ਆਫੀਆ ਇਹ ਕੀ ਐ?''
''ਕਿਉਂ ਕੀ ਹੋਇਆ। ਜੋ ਸੱਚ ਐ ਉਹ ਸੱਚ ਐ ਫਿਰ ਉਸਨੂੰ ਵੇਖਣ ਵਿੱਚ ਕੀ ਹਰਜ਼ ਐ।''
'ਗੱਲ ਇਹ ਨ੍ਹੀਂ ਐ। ਗੱਲ ਇਹ ਐ ਕਿ ਤੂੰ ਭੋਰਾ ਭਰ ਦੇ ਜੁਆਕਾਂ ਨੂੰ ਇੰਨੀਆਂ ਖਤਰਨਾਕ ਘਟਨਾਵਾਂ ਵਿਖਾ ਰਹੀ ਐਂ। ਇਨ੍ਹਾਂ ਦੇ ਮਨ 'ਤੇ ਕੀ ਅਸਰ ਪਊਗਾ।''
'ਮੈਂ ਤਾਂ ਚਾਹੁੰਨੀ ਆਂ ਕਿ ਇਨ੍ਹਾਂ ਦੇ ਮਨ 'ਤੇ ਅਸਰ ਪਵੇ। ਤਾਂ ਕਿ ਇਹ ਵੱਡੇ ਹੋ ਕੇ ਤੇਰੇ ਵਾਂਗੂੰ ਅਮਰੀਕਣ ਭਗਤ ਨਾ ਬਣਨ।''
'ਇਹ ਸਹੀ ਨ੍ਹੀਂ ਐ। ਨਾਲੇ ਮੈਂ ਅਮਰੀਕਣ ਭਗਤ ਬਣਨ ਵਾਲੀ ਕੀ ਗੱਲ ਕਰ ਦਿੱਤੀ।''
'ਤੈਨੂੰ ਆਪਣੇ ਨੌਕਰੀ ਕਰਨ ਅਤੇ ਪੈਸੇ ਬਣਾਉਣ ਤੱਕ ਮਤਲਬ ਐ। ਤੈਨੂੰ ਇਸ ਗੱਲ ਨਾਲ ਕੋਈ ਸਰੋਕਾਰ ਨ੍ਹੀਂ ਐ ਕਿ ਆਲੇ ਦੁਆਲੇ ਮੁਸਲਮਾਨਾਂ ਨਾਲ ਕੀ ਹੋ ਰਿਹਾ ਐ।''
''ਹੁਣ ਮੁਸਲਮਾਨਾਂ ਨਾਲ ਕੀ ਵੱਖਰਾ ਹੋਣ ਲੱਗ ਪਿਆ, ਅੱਜ ਜੋ ਤੂੰ ਇੰਨੀ ਸੰਜ਼ੀਦਾ ਹੋਈ ਬੈਠੀ ਐਂ?''
''ਅਮਰੀਕਾ, ਇਰਾਕ 'ਤੇ ਹਮਲਾ ਕਰਨ ਦੀ ਤਿਆਰੀ ਕਰੀ ਜਾ ਰਿਹਾ ਐ।''
''ਇਹ ਤਾਂ ਇੱਕ ਦਿਨ ਹੋਣਾ ਈ ਸੀ।''
'ਕਿਉਂ? ਕਿਉਂ ਹੋਣਾ ਸੀ ਇਹ ਇੱਕ ਦਿਨ? ਸਿਰਫ ਇਸੇ ਕਰਕੇ ਕਿ ਅਮਰੀਕਾ ਦੁਨੀਆਂ 'ਚ ਸਭ ਤੋਂ ਵੱਧ ਤਾਕਤਵਰ ਐ?'' ਆਫੀਆ ਦੀ ਤਿਉੜੀ ਚੜ੍ਹ ਗਈ।
'ਨ੍ਹੀਂ ਇਹ ਗੱਲ ਨ੍ਹੀਂ ਐ। ਤੂੰ ਯਾਦ ਕਰ ਕਿ ਜਦੋਂ ਪਹਿਲੀ ਇਰਾਕ ਜ਼ੰਗ, ਡਜ਼ਰਟ ਸਟੋਰਮ ਖਤਮ ਹੋਈ ਸੀ ਤਾਂ ਜ਼ੰਗਬੰਦੀ ਅਹਿਦਨਾਮੇ ਵਿੱਚ ਇਹ ਸ਼ਾਮਲ ਸੀ ਕਿ ਇਰਾਕ ਆਪਣੇ ਬਾਇਲੋਜੀਕਲ ਅਤੇ ਕੈਮੀਕਲ ਹਥਿਆਰ ਖਤਮ ਕਰੇਗਾ। ਪਰ ਉਹ ਉਸਨੇ ਨ੍ਹੀਂ ਕੀਤੇ ਅਤੇ ਨਾ ਹੀ ਕਰਨਾ ਚਾਹੁੰਦਾ ਐ।''
'ਜਦੋਂ ਇਰਾਕ ਨੇ ਕਹਿ ਦਿੱਤਾ ਐ ਕਿ ਉਸ ਕੋਲ ਇਸ ਕਿਸਮ ਦੇ ਹਥਿਆਰ ਹੈ ਹੀ ਨ੍ਹੀਂ ਤਾਂ ਗੱਲ ਖਤਮ ਹੋ ਜਾਣੀ ਚਾਹੀਦੀ ਐ।''
''ਉਹ ਝੂਠ ਬੋਲ ਰਿਹਾ ਐ। ਉਸ ਕੋਲ ਇਹ ਸਾਰੇ ਹਥਿਆਰ ਹੈਗੇ ਨੇ।''
''ਤੇਰੇ ਕੋਲ ਕੀ ਸਬੂਤ ਐ?''
'ਇਹ ਤਾਂ ਤੈਨੂੰ ਵੀ ਪਤਾ ਈ ਐ ਕਿ ਇਰਾਨ-ਇਰਾਕ ਜ਼ੰਗ ਅੱਠ ਦਸ ਸਾਲ ਚਲਦੀ ਰਹੀ। ਪਰ ਜਦੋਂ ਖਤਮ ਹੋਣ 'ਤੇ ਆਈ ਤਾਂ ਇੱਕ ਦਿਨ 'ਚ ਹੀ ਖਤਮ ਹੋ ਗਈ। ਅਜਿਹਾ ਪਤੈ ਕਿਉਂ ਹੋਇਆ ਸੀ?''
''ਕਿਉਂ?''
'ਕਿਉਂਕਿ ਇਰਾਕ ਨੇ ਲੜਾਈ ਦੇ ਮੈਦਾਨ 'ਚ ਕੈਮੀਕਲ ਹਥਿਆਰਾਂ ਦੇ ਵਰਤੋਂ ਕੀਤੀ ਸੀ। ਹਜ਼ਾਰਾਂ ਇਰਾਨੀ ਫੌਜ਼ੀ ਮੋਰਚਿਆਂ 'ਚ ਬੈਠੇ ਈ ਮੌਤ ਦੀ ਨੀਂਦ ਸੌਂ ਗਏ। ਇਸੇ ਕਰਕੇ ਮਜ਼ਬੂਰ ਹੋ ਕੇ ਇਰਾਨ ਨੂੰ ਲੜਾਈ ਬੰਦ ਕਰਨੀ ਪਈ। ਸਭ ਨੂੰ ਪਤਾ ਐ ਕਿ ਇਰਾਕ ਕੋਲ ਹੁਣ ਵੀ ਉਹ ਹਥਿਆਰ ਹੈਗੇ ਨੇ। ਉਨ੍ਹਾਂ ਦੀ ਵਰਤੋਂ ਕਰਕੇ ਉਹ ਲੱਖਾਂ ਲੋਕਾਂ ਨੂੰ ਮੌਤ ਦੇ ਘਾਟ ਉਤਾਰ ਸਕਦਾ ਐ। ਨਾਲੇ ਇਹ ਫੈਸਲਾ ਯੂ. ਐਨ. ਓ. ਦਾ ਐ ਨਾ ਕਿ ਅਮਰੀਕਾ ਦਾ ਕਿ ਇਰਾਕ ਨੂੰ ਉਨ੍ਹਾਂ ਘਾਤਕ ਹਥਿਆਰਾਂ ਤੋਂ ਮੁਕਤ ਕੀਤਾ ਜਾਵੇ।''
'ਇਹ ਤਾਂ ਸਭ ਬਹਾਨੇ ਨੇ। ਅਸਲੀ ਮਸਲਾ ਤਾਂ ਹੋਰ ਐ।'' ਆਫੀਆ ਉਸਦੀ ਕਿਸੇ ਗੱਲ ਨਾਲ ਸਹਿਮਤ ਨ੍ਹੀਂ ਹੋ ਰਹੀ ਸੀ।
''ਅਸਲੀ ਗੱਲ ਕੀ ਐ ਤੂੰ ਦੱਸਦੇ ਫਿਰ?।''
'ਅਮਰੀਕਾ, ਇਜ਼ਰਾਇਲ ਨੂੰ ਗਰੇਟਰ ਇਜ਼ਰਾਇਲ ਬਣਾਉਣ ਲਈ ਉਸਦੇ ਨੇੜਲੇ ਮੁਲਕਾਂ ਨੂੰ ਖਤਮ ਕਰਕੇ ਸਭ ਨੂੰ ਇਜ਼ਰਾਇਲ 'ਚ ਮਿਲਾ ਦੇਵੇਗਾ। ਸਭ ਅਰਬ ਮੁਲਕ ਖਤਮ ਹੋ ਜਾਣਗੇ। ਇਕੱਲਾ ਇਜ਼ਰਾਇਲ ਰਹਿ ਜਾਵੇਗਾ ਅਤੇ ਅਰਬ ਦੇ ਸਾਰੇ ਤੇਲ ਭੰਡਾਰਾਂ 'ਤੇ ਅਮਰੀਕਾ ਕਾਬਜ਼ ਹੋ ਜਾਵੇਗਾ।''
'ਇਹ ਮੁਮਕਿਨ ਨ੍ਹੀਂ ਐ। ਇਹ ਸਭ ਕੋਰੀਆਂ ਅਟਕਲਾਂ ਨੇ।''
'ਕਿਉਂ ਮੁਮਕਿਨ ਕਿਉਂ ਨ੍ਹੀਂ ਐ। ਪਹਿਲਾਂ ਇਹੀ ਕੁਝ ਤਾਂ ਹੋਇਆ ਸੀ।''
''ਪਹਿਲਾਂ ਕਦੋਂ?''
''ਜਦੋਂ ਇਹ ਸੋ ਕਾਲਡ ਇਜ਼ਰਾਇਲ ਬਣਿਆਂ ਸੀ। ਉਦੋਂ ਵੀ ਇਵੇਂ ਹੀ ਧੱਕਾ ਕੀਤਾ ਗਿਆ ਸੀ।''
'ਮੈਂ ਉਸ ਗੱਲ ਨੂੰ ਵੀ ਵੱਖਰੇ ਨਜ਼ਰੀਏ ਤੋਂ ਵੇਖਦਾ ਆਂ। ਉਦੋਂ ਇਜ਼ਰਾਇਲ ਨਾਂ ਦਾ ਕੋਈ ਮੁਲਕ ਨ੍ਹੀਂ ਸੀ। ਫਸਲਤੀਨ ਸੀ ਜੋ ਕਿ ਉਸ ਵੇਲੇ ਅੰਗਰੇਜਾਂ ਦਾ ਗੁਲਾਮ ਸੀ। ਫਸਲਤੀਨ ਦੇ ਯਹੂਦੀ ਵੱਧ ਅਧਿਕਾਰਾਂ ਵਾਲਾ ਸੂਬਾ ਮੰਗਦੇ ਸਨ। ਕਿਉਂਕਿ ਉਨ੍ਹਾਂ ਨੇ ਵੇਖ ਲਿਆ ਸੀ ਕਿ ਆਪਣੇ ਘਰ ਤੋਂ ਬਿਨਾ ਉਨ੍ਹਾਂ ਦੀ ਹੋਂਦ ਬਰਕਰਾਰ ਨ੍ਹੀਂ ਰਹਿ ਸਕਦੀ। ਦੂਸਰੀ ਵੱਡੀ ਜ਼ੰਗ ਵੇਲੇ ਹੀ ਹਿਟਲਰ ਨੇ ਅੱਧੋਂ ਵੱਧ ਯਹੂਦੀ ਵਸੋਂ ਮਾਰ ਮੁਕਾਈ ਸੀ। ਉਨ੍ਹਾਂ ਜੱਦੋ ਜਹਿਦ ਕਰਕੇ ਵੱਧ ਅਧਿਕਾਰਾਂ ਵਾਲਾ ਸੂਬਾ ਇਜ਼ਰਾਇਲ, ਫਲਸਤੀਨ ਦੇ ਅੰਦਰੇ ਹੀ ਲੈ ਲਿਆ। ਅੰਗਰੇਜ਼ ਚਲੇ ਗਏ ਤਾਂ ਸਾਰੇ ਅਰਬ ਮੁਲਕਾਂ ਨੇ ਰਲ ਕੇ ਯਹੂਦੀਆਂ ਨੂੰ ਉਸ ਵੱਖਰੇ ਸੂਬੇ ਇਜ਼ਰਾਇਲ 'ਚੋਂ ਉਨ੍ਹਾਂ ਨੂੰ ਭਜਾਉਣ ਦੀ ਮੁਹਿਮ ਸ਼ੁਰੂ ਕਰ ਦਿੱਤੀ। ਪਰ ਯਹੂਦੀਆਂ ਨੂੰ ਇਸ ਗੱਲ ਦਾ ਪਹਿਲਾਂ ਹੀ ਅਹਿਸਾਸ ਸੀ ਕਿ ਅਜਿਹਾ ਹੋਵੇਗਾ। ਉਨ੍ਹਾਂ ਵੀ ਆਪਣੀ ਤਿਆਰੀ ਕੀਤੀ ਹੋਈ ਸੀ। ਜਦੋਂ ਹਾਲਾਤ ਜ਼ਿਆਦਾ ਖਰਾਬ ਹੋ ਗਏ ਤਾਂ ਅਰਬ ਮੁਲਕਾਂ ਨੇ ਇਕੱਠੇ ਹੋ ਕੇ ਯਹੂਦੀਆਂ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਤੈਨੂੰ ਪਤਾ ਈ ਐ ਇਹ 1948 ਦੀ ਇਜ਼ਰਾਇਲ ਅਰਬਾਂ ਦੀ ਪਹਿਲੀ ਲੜਾਈ ਦੀ ਗੱਲ ਐ। ਉਸ ਲੜਾਈ 'ਚ ਅਰਬ ਮੁਲਕ ਹਾਰ ਗਏ। ਫਿਰ ਇਜ਼ਰਾਇਲ ਨੇ ਆਪਣੇ ਆਪ ਨੂੰ ਤਕੜਾ ਕਰਨਾ ਸ਼ੁਰੂ ਕਰ ਦਿੱਤਾ। ਕਿਉਂਕਿ ਉਸ ਨੂੰ ਪਤਾ ਸੀ ਕਿ ਜੋ ਕੁਝ ਹੁਣ ਹੋਇਆ ਹੈ ਇਹ ਅੱਗੇ ਵੀ ਵਾਪਰੇਗਾ। ਅੱਗੇ ਫਿਰ ਇਹ ਹੋਇਆ ਵੀ। ਅੱਗੇ ਚੱਲ ਕੇ ਫਿਰ ਇਜ਼ਰਾਇਲ ਅਤੇ ਅਰਬ ਮੁਲਕਾਂ ਦੀ ਜ਼ੰਗ ਹੋਈ। ਉਸ ਵਿੱਚ ਫਿਰ ਇਜ਼ਰਾਇਲ ਜਿੱਤ ਗਿਆ। ਅਸਲੀ ਗੱਲ ਇਹ ਐ ਕਿ ਜੇਕਰ ਇਜ਼ਰਾਈਲ ਕਮਜ਼ੋਰ ਹੋਵੇ ਤਾਂ ਅਰਬ ਮੁਲਕ ਉਸਨੂੰ ਇਕ ਦਿਨ ਵਿੱਚ ਖਤਮ ਕਰ ਦੇਣ। ਸੋ ਆਪਣੇ ਆਪ ਨੂੰ ਬਚਾਉਣ ਦਾ ਤਾਂ ਹਰ ਇੱਕ ਦਾ ਪਹਿਲਾ ਹੱਕ ਐ।''
'ਅਮਜਦ ਇਹ ਤੂੰ ਨ੍ਹੀਂ ਬੋਲਦਾ ਤੇਰੇ ਅੰਦਰਲਾ ਅਮਰੀਕਣ ਅਮਜਦ ਬੋਲਦਾ ਐ।'' ਆਫੀਆ ਨੇ ਤਨਜ਼ ਕਸੀ।
'ਜਦੋਂ ਕੋਈ ਜ਼ੁਆਬ ਨ੍ਹੀਂ ਔੜਦਾ ਤਾਂ ਤੂੰ ਮੈਨੂੰ ਇਹ ਮਿਹਣਾ ਮਾਰ ਦਿੰਨੀ ਐਂ।''
ਗੱਲਾਂ ਕਰਦੀ ਆਫੀਆ ਨੇ ਇਸ ਤਰ੍ਹਾਂ ਮਹਿਸੂਸ ਕੀਤਾ ਜਿਵੇਂ ਕਿ ਉਸਦੇ ਪੇਟ ਵਿੱਚ ਪੀੜ ਹੋਈ ਹੋਵੇ। ਅਮਜਦ ਛੇਤੀ ਦੇਣੇ ਐਂਬੂਲੈਂਸ ਕਾਲ ਕਰਕੇ ਉਸਨੂੰ ਹਸਪਤਾਲ ਲੈ ਗਿਆ। ਪਰ ਹਸਪਤਾਲ ਵਾਲਿਆਂ ਨੇ ਕਿਸੇ ਬਿਮਾਰੀ ਦੀ ਬਜਾਇ ਉਨ੍ਹਾਂ ਨੂੰ ਖੁਸ਼ੀ ਦੀ ਖ਼ਬਰ ਦਿੱਤੀ। ਆਫੀਆ ਤੀਸਰੇ ਬੱਚੇ ਦੀ ਮਾਂ ਬਣਨ ਵਾਲੀ ਸੀ। ਉਹ ਖੁਸ਼ੀ ਖੁਸ਼ੀ ਘਰ ਆ ਗਏ। ਅਮਜਦ ਨੇ ਸਭ ਬਹਿਸ ਬਾਜੀ ਬੰਦ ਕਰ ਦਿੱਤੀ। ਉਹ ਆਫੀਆ ਨਾਲ ਚੰਗੀਆਂ ਗੱਲਾਂ ਕਰਦਾ ਉਸਦੇ ਕੋਲ ਬੈਠ ਗਿਆ। ਆਫੀਆ ਉਸਦੇ ਮੂੰਹ ਵੱਲ ਨੀਝ ਲਾ ਕੇ ਵੇਖਦੀ ਰਹੀ। ਫਿਰ ਅੱਖਾਂ ਭਰਦੀ ਬੋਲੀ, ''ਅਮਜਦ ਮੇਰਾ ਇੱਥੇ ਦਿਲ ਨ੍ਹੀਂ ਲੱਗਦਾ।''
''ਕਿਉਂ ਅਜਿਹੀ ਕੀ ਗੱਲ ਐ?''
'ਬੱਸ ਪਤਾ ਨ੍ਹੀਂ ਕੀ ਗੱਲ ਐ। ਮੈਂ ਚਾਹੁੰਨੀ ਆਂ ਕਿ ਆਪਾਂ ਪਾਕਿਸਤਾਨ ਵਾਪਸ ਚੱਲੀਏ।''
ਅਮਜਦ ਕੁਝ ਨਾ ਬੋਲਿਆ। ਉਹ ਚੁੱਪ ਚਾਪ ਉਸਦੇ ਮੂੰਹ ਵੱਲ ਵੇਖਦਾ ਰਿਹਾ ਤਾਂ ਆਫੀਆ ਫਿਰ ਬੋਲੀ, ''ਤੂੰ ਕੋਈ ਜ਼ੁਆਬ ਕਿਉਂ ਨ੍ਹੀਂ ਦਿੰਦਾ?''
'ਆਫੀਆ ਉੱਥੇ ਜਾ ਕੇ ਤੂੰ ਪਹਿਲਾਂ ਦੀ ਤਰ੍ਹਾਂ ਫਿਰ ਮੇਰੇ 'ਤੇ ਜ਼ੋਰ ਪਾਉਣਾ ਸ਼ੁਰੂ ਕਰ ਦੇਵੇਂਗੀ ਕਿ ਜਿਹਾਦ 'ਚ ਸ਼ਾਮਲ ਹੋਈਏ।''
''ਅਮਜਦ ਮੈਂ ਵਿੱਚ ਵਿਚਾਲੇ ਫਸ ਗਈ ਆਂ।'' ਕਾਫੀ ਦੇਰ ਚੁੱਪ ਰਹਿਣ ਪਿੱਛੋਂ ਆਫੀਆ ਬੋਲੀ।
''ਉਹ ਕਿਵੇਂ?''
''ਨਾ ਮੈਂ ਤੈਨੂੰ ਛੱਡ ਸਕਦੀ ਆਂ ਤੇ ਨਾ ਹੀ ਪਵਿੱਤਰ ਜਿਹਾਦ ਤੋਂ ਮੂੰਹ ਮੋੜ ਸਕਦੀ ਆਂ।''
''ਆਫੀਆ ਜੇਕਰ ਤੈਨੂੰ ਕਦੇ ਚੋਣ ਕਰਨੀ ਪੈ ਗਈ ਤਾਂ ਤੂੰ ਕਿਸ ਨੂੰ ਚੁਣੇਗੀ? ਮੈਨੂੰ ਜਾਂ ਜਿਹਾਦ ਨੂੰ?''
'ਜੇਕਰ ਅਜਿਹੀ ਚੋਣ ਕਰਨ ਦਾ ਕਦੇ ਸਮਾਂ ਆਉਂਦਾ ਐ ਤਾਂ ਇਹ ਮੇਰੇ ਲਈ ਬੜਾ ਦੁਖਦਾਈ ਵਕਤ ਹੋਵੇਗਾ। ਪਰ ਤੈਨੂੰ ਪਤਾ ਈ ਕਿ ਆਖਰ ਮੈਂ ਚੁਣਾਂਗੀ ਤਾਂ ਜਿਹਾਦ ਨੂੰ ਹੀ।'' ਇੰਨਾ ਕਹਿੰਦਿਆਂ ਆਫੀਆ ਨੇ ਅੱਖਾਂ ਮੀਚ ਲਈਆਂ ਤੇ ਸੋਫੇ 'ਤੇ ਲੇਟ ਗਈ। ਅਮਜਦ ਉਦਾਸ ਜਿਹਾ ਉੱਠ ਕੇ ਬਾਹਰ ਚਲਿਆ ਗਿਆ।
ਅਗਲੇ ਦਿਨ ਸਵੇਰੇ ਵੇਲੇ ਕਿਸੇ ਫੋਨ ਦੀ ਘੰਟੀ ਨੇ ਆਫੀਆ ਨੂੰ ਨੀਂਦ 'ਚੋਂ ਜਗਾਇਆ। ਫੋਨ ਸੁਹੇਲ ਦਾ ਸੀ। ਉਹ ਦੱਸਣ ਲੱਗਿਆ ਕਿ ਕੇਅਰ ਬਰਦਰਜ਼ ਅਤੇ ਬੋਨੇਵੋਲੈਂਸ ਇੰਟਰਨੈਸ਼ਨਲ ਦੇ ਕਈ ਹੋਰ ਮੈਂਬਰਾਂ ਨੂੰ ਪੁੱਛ ਗਿੱਛ ਲਈ ਲਿਜਾਇਆ ਗਿਆ ਸੀ। ਪਰ ਲੰਬੀ ਇੰਟਰਵਿਊ ਪਿੱਛੋਂ ਸਭ ਨੂੰ ਛੱਡ ਦਿੱਤਾ ਗਿਆ। ਸੁਹੇਲ ਨੇ ਆਫੀਆ ਨੂੰ ਸਾਵਧਾਨ ਕੀਤਾ ਕਿ ਉਹ ਆਪਣੀ ਅਸਲੀ ਈਮੇਲ 'ਤੇ ਕੁਝ ਵੀ ਸ਼ੱਕੀ ਨਾ ਲਿਖੇ। ਨਾਲ ਹੀ ਫੋਨ ਵਰਤਣ ਲੱਗੀ ਇਤਹਾਤ ਰੱਖੇ। ਕੋਸ਼ਿਸ਼ ਕਰੇ ਕਿ ਜ਼ਿਆਦਾ ਗੱਲ ਉਹ ਉਸਨੂੰ ਦਿੱਤੇ ਗਏ ਲੁਕਵੇਂ ਫੋਨ ਤੋਂ ਕਰੇ। ਸੁਹੇਲ ਨੂੰ ਲੱਗਿਆ ਕਿ ਆਫੀਆ ਨੀਂਦ ਵਿੱਚ ਹੋਣ ਕਾਰਨ ਸ਼ਾਇਦ ਗੱਲ ਨ੍ਹੀਂ ਕਰਨਾ ਚਾਹੁੰਦੀ। ਉਸਨੂੰ ਸੌਂਣ ਦਾ ਕਹਿ ਕੇ ਉਸ ਨੇ ਫੋਨ ਕੱਟ ਦਿੱਤਾ। ਆਫੀਆ ਨੂੰ ਦੁਬਾਰਾ ਤੋਂ ਨੀਂਦ ਆਉਣ ਲੱਗੀ ਸੀ ਕਿ ਫੋਨ ਫਿਰ ਤੋਂ ਖੜਕ ਪਿਆ। ਉਸਨੇ ਸਕਰੀਨ 'ਤੇ ਨਜ਼ਰ ਮਾਰੀ। ਇਹ ਸੁਹੇਲ ਹੀ ਦੁਬਾਰਾ ਫੋਨ ਕਰ ਰਿਹਾ ਸੀ। ਉਸਨੇ ਫੋਨ ਆਨ ਕੀਤਾ ਤਾਂ ਸੁਹੇਲ ਬੜੇ ਉਤਸ਼ਾਹ 'ਚ ਬੋਲਿਆ।
''ਮੈਂ ਜੋ ਕੁਝ ਤੈਨੂੰ ਦੱਸਣ ਜਾ ਰਿਹਾ ਆਂ ਇਸਨੇ ਤੇਰੀ ਨੀਂਦ ਅਤੇ ਸੁਸਤੀ ਬਗੈਰਾ ਸਭ ਉਡਾ ਦੇਣੀ ਐਂ।''
''ਅੱਛਾ!?''
''ਮੈਨੂੰ ਹੁਣੇ ਹੁਣੇ ਅਦਨਾਨ ਸ਼ੁਕਰੀਜੁਮਾ ਦਾ ਮੈਸਿਜ ਮਿਲਿਆ ਐ।''
''ਮੇਰੇ ਨਾਲ ਵੀ ਉਸਦੀ ਰਾਤ ਈ ਗੱਲ ਹੋਈ ਸੀ। ਪਰ ਹੁਣ ਉਹ ਕੀ ਕਹਿ ਰਿਹਾ ਐ?''
'ਆਫੀਆ ਤੈਨੂੰ ਯਾਦ ਐ ਨਾ ਕਿ ਪਿੱਛੇ ਜਿਹੇ ਇੱਕ ਯਹੂਦੀ ਪੱਤਰਕਾਰ ਨੇ ਪਾਕਿਸਤਾਨ ਜਾ ਕੇ ਜੈਸ਼ੇ ਮੁਹੰਦਮ ਦੇ ਲੀਡਰ ਦੀ ਇੰਟਰਵਿਊ ਕੀਤੀ ਸੀ ਤੇ ਪਿੱਛੋਂ ਉਸਨੇ ਜੈਸ਼ੇ ਮੁਹੰਮਦ ਬਾਰੇ ਕਾਫੀ ਕੁਝ ਅਜਿਹਾ ਵੀ ਲਿਖਿਆ ਸੀ ਜੋ ਕਿ ਸਾਡੇ ਉਸ ਲੀਡਰ ਨੂੰ ਪਸੰਦ ਨ੍ਹੀਂ ਆਇਆ ਸੀ।''
''ਮੈਨੂੰ ਪਤਾ ਐ। ਤੂੰ ਡੇਨੀਅਲ ਪਰਲ ਦੀ ਗੱਲ ਕਰ ਰਿਹਾ ਐਂ।''
''ਹਾਂ ਹਾਂ ਉਸੇ ਦੀ। ਉਸਨੂੰ ਉਸਦੀ ਆਖਰੀ ਮੰਜ਼ਲ 'ਤੇ ਪਹੁੰਚਾ ਦਿੱਤਾ ਗਿਆ ਐ।''
'ਕੀ ਮਤਲਬ?'' ਆਫੀਆ ਛਾਲ ਮਾਰ ਕੇ ਖੜ੍ਹੀ ਹੋ ਗਈ।
'ਤੂੰ ਆਹ ਇੱਕ ਅਡਰੈੱਸ ਲਿਖ ਤੇ ਫਿਰ ਇੰਟਰਨੈੱਟ 'ਤੇ ਜਾ ਕੇ ਇਸ ਵੈੱਬ ਸਾਈਟ ਤੇ ਆਪ ਵੇਖ।'' ਅਡਰੈੱਸ ਲਿਖਾ ਕੇ ਸੁਹੇਲ ਨੇ ਫੋਨ ਕੱਟ ਦਿੱਤਾ। ਆਫੀਆ ਨੇ ਕੰਮਪਿਊਟਰ ਆਨ ਕਰਕੇ ਸੁਹੇਲ ਦੁਆਰਾ ਦੱਸੀ ਹੋਈ ਵੈੱਬ ਸਾਈਟ ਖੋਲ੍ਹੀ। ਉਹ ਬੜੇ ਧਿਆਨ ਨਾਲ ਵੀਡੀਓ ਵੇਖਣ ਲੱਗੀ। ਦੋ ਢਕੇ ਚਿਹਰਿਆਂ ਵਾਲੇ ਡੇਨੀਅਲ ਪਰਲ ਨੂੰ ਇੱਕ ਖੁੱਲ੍ਹੇ ਵਿਹੜੇ ਵਿੱਚ ਲੈ ਕੇ ਆਉਂਦੇ ਹਨ। ਫਿਰ ਉਸਦੀਆਂ ਬਾਹਾਂ ਪਿੱਛੇ ਬੰਨ ਦਿੱਤੀਆਂ ਜਾਂਦੀਆਂ ਹਨ। ਢਕੇ ਚਿਹਰੇ ਵਾਲਾ ਇੱਕ ਜਣਾ ਅੱਗੇ ਵਧਦਾ ਹੈ ਤੇ ਡੇਨੀਅਲ ਪਰਲ ਦੀ ਜੀਭ ਵੱਢ ਦਿੰਦਾ ਹੈ। ਫਿਰ ਹੌਲੀ ਹੌਲੀ ਕਰਕੇ ਉਸਦਾ ਸਿਰ ਇਸ ਤਰ੍ਹਾਂ ਵੱਢਦਾ ਹੈ ਜਿਵੇਂ ਕਿ ਬੱਕਰੇ ਨੂੰ ਹਲਾਲ ਕੀਤਾ ਜਾਂਦਾ ਹੈ। ਸਾਰਾ ਕੁਝ ਦੋ ਕੁ ਮਿੰਟ ਦੀ ਵੀਡੀਓ ਵਿੱਚ ਹੀ ਵਾਪਰ ਜਾਂਦਾ ਹੈ। ਆਫੀਆ ਇਹ ਦੋ ਮਿੰਟ ਅੱਖਾਂ ਨਹੀਂ ਝਮਕਦੀ। ਪਹਿਲਾਂ ਉਸਦਾ ਚਿੱਤ ਖਰਾਬ ਹੋਣ ਲੱਗਦਾ ਹੈ। ਫਿਰ ਉਸਨੂੰ ਅਫਗਾਨਿਸਤਾਨ 'ਚ ਅਮਰੀਕਾ ਵੱਲੋਂ ਮਾਰੇ ਜਾ ਰਹੇ ਤਾਲੀਬਾਨ ਯਾਦ ਆਉਂਦੇ ਹਨ ਤਾਂ ਉਸ ਦਾ ਮਨ ਬਦਲਣ ਲੱਗਦਾ ਹੈ। ਆਖਰ 'ਤੇ ਉਹ ਉਨ੍ਹਾਂ ਜਿਹਾਦੀਆਂ 'ਤੇ ਗਰਭ ਮਹਿਸੂਸ ਕਰਦੀ ਹੈ ਜੋ ਕਿ ਡੇਨੀਅਲ ਪਾਰਲਰ ਦੀ ਹੱਤਿਆ ਕਰਦੇ ਹਨ।
ਅਗਲੇ ਦਿਨ ਇਹ ਸਾਰੀ ਘਟਨਾ ਅਖ਼ਬਾਰਾਂ ਦੀ ਮੁੱਖ ਸੁਰਖੀ ਬਣਦੀ ਹੈ। ਡੇਨੀਅਲ ਪਰਲ ਕਈ ਦਿਨਾਂ ਦਾ ਫੜ੍ਹਿਆ ਹੋਇਆ ਸੀ। ਉਸਦੇ ਘਰਵਾਲੀ ਕਿਸੇ ਹੋਰ ਅਖ਼ਬਾਰ ਨੂੰ ਦੋਸ਼ ਦਿੰਦੀ ਸੀ ਕਿ ਉਨ੍ਹਾਂ ਪਰਲ ਬਾਰੇ ਦੱਸਿਆ ਕਿ ਉਹ ਯਹੂਦੀ ਹੈ। ਇਸੇ ਕਰਕੇ ਇਹ ਸਭ ਵਾਪਰਿਆ। ਡੇਨੀਅਲ ਪਰਲ ਦੀ ਗ੍ਰਭਵਤੀ ਪਤਨੀ ਟੀਵੀ 'ਤੇ ਜਾ ਕੇ ਜਿਹਾਦੀਆਂ ਨੂੰ ਬੇਨਤੀ ਵੀ ਕਰਦੀ ਹੈ ਕਿ ਉਸਦੇ ਘਰਵਾਲੇ ਦੀ ਜਾਨ ਬਖਸ਼ ਦਿੱਤੀ ਜਾਵੇ। ਉਹ ਕਹਿੰਦੀ ਹੈ ਕਿ ਹੋਰ ਕਿਸੇ ਲਈ ਨਹੀਂ ਤਾਂ ਇਸ ਨੰਨੀ ਜਾਨ ਲਈ ਹੀ ਸਹੀ ਜੋ ਕਿ ਕੁਝ ਮਹੀਨਿਆਂ ਵਿੱਚ ਇਸ ਧਰਤੀ 'ਤੇ ਆਉਣ ਵਾਲੀ ਹੈ। ਕਮ ਸੇ ਕਮ ਇਸਨੂੰ ਪਿਉ ਵਾਂਝਾ ਨਾ ਕੀਤਾ ਜਾਵੇ। ਪਰ ਉਸਦੀਆਂ ਮਿਨਤਾਂ ਦਾ ਕੋਈ ਅਸਰ ਨਾ ਹੋਇਆ। ਪਰਲ ਦੀ ਸਿਰਫ ਹੱਤਿਆ ਹੀ ਨਾ ਕੀਤੀ ਗਈ ਸਗੋਂ ਉਸ ਨੂੰ ਮਾਰਨ ਵੇਲੇ ਉਸਦੀ ਵੀਡੀਓ ਇਸ ਕਰਕੇ ਬਣਾਈ ਗਈ ਕਿ ਹੋਰਨਾਂ ਪੱਤਰ ਪਰੇਰਕਾਂ ਨੂੰ ਡਰਾਇਆ ਜਾ ਸਕੇ।
ਅਮਰੀਕਾ ਲੜਾਈ ਦਾ ਮੂੰਹ ਭਾਵੇਂ ਇਰਾਕ ਵੱਲ ਮੋੜ ਰਿਹਾ ਸੀ ਪਰ ਉਸਨੇ ਅਲ ਕਾਇਦਾ ਮੈਂਬਰਾਂ ਦਾ ਪਿੱਛਾ ਕਰਨਾ ਹੋਰ ਤੇਜ਼ ਕਰ ਦਿੱਤਾ ਸੀ। ਆਖਰ ਮਾਰਚ 2002 'ਚ ਅਮਰੀਕਾ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਉਨ੍ਹਾਂ ਬਹੁਤ ਹੀ ਉਚ ਕੋਟੀ ਦਾ ਅਲਕਾਇਦਾ ਮੈਂਬਰ, ਅਬੂ ਜ਼ੁਬੇਦ ਫੜ੍ਹ ਲਿਆ। ਪਹਿਲੀ ਵਾਰ ਅਬੂ ਜ਼ੁਬੇਦ ਨੇ ਅਜਿਹੀ ਜਾਣਕਾਰੀ ਦਿੱਤੀ ਕਿ ਅਮਰੀਕੀ ਸਰਕਾਰ ਦੇ ਹੋਸ਼ ਉੱਡ ਗਏ। ਉਸ ਮੁਤਾਬਕ ਨਾਈਨ ਅਲੈਵਨ ਦੀ ਸਾਰੀ ਕਾਰਵਾਈ ਨੂੰ ਸਿਰੇ ਚੜਾਉਣ ਦੀ ਜ਼ਿੰਮੇਵਾਰੀ ਖਾਲਿਦ ਸ਼ੇਖ ਮੁਹੰਮਦ ਦੀ ਸੀ ਜਿਸਨੂੰ ਕਿ ਆਮ ਤੌਰ ਤੇ ਕੇ. ਐਸ. ਐਮ. ਕਿਹਾ ਜਾਂਦਾ ਸੀ। ਅਤੇ 1993 'ਚ ਨਾਰਥ ਟਾਵਰ ਦੇ ਪਾਰਕਿੰਗ ਲਾਟ ਵਿੱਚ ਬੰਬ ਧਮਾਕਾ ਕਰਕੇ ਛੇ ਜਣਿਆਂ ਦੀ ਮੌਤ ਅਤੇ ਸੈਂਕੜਿਆਂ ਨੂੰ ਜ਼ਖ਼ਮੀ ਕਰਨ ਵਾਲਾ ਰਮਜੀ ਯੂਸਫ ਇਸੇ ਕੇ. ਐਸ. ਐਮ. ਦਾ ਭਤੀਜਾ ਹੈ। ਅਮਰੀਕੀ ਏਜੈਂਸੀਆਂ ਜਿਹੜੀਆਂ ਹੁਣ ਤੱਕ ਨਾਈਨ ਅਲੈਵਨ ਬਾਰੇ ਹਨੇਰੇ 'ਚ ਹੀ ਤੀਰ ਮਾਰ ਰਹੀਆਂ ਸਨ ਹੁਣ ਸਭ ਕੁਝ ਡਿਟੇਲ ਵਿੱਚ ਜਾਣ ਗਈਆਂ ਕਿ ਕਿਵੇਂ ਉਸਾਮਾ ਬਿਨ ਲਾਦਿਨ ਨੇ ਮਿਲ ਕੇ ਨਾਈਨ ਅਲੈਵਨ ਵਾਲਾ ਕਾਰਾ ਕਰਨ ਦਾ ਮਤਾ ਪਕਾਇਆ। ਫਿਰ ਇਸਨੂੰ ਸਿਰੇ ਚੜਾਉਣ ਦੀ ਸਾਰੀ ਜ਼ਿੰਮੇਵਾਰੀ ਕੇ. ਐਸ. ਐਮ. ਨੇ ਪੂਰੀ ਕੀਤੀ। ਉਸੇ ਨੇ ਸਾਰੇ ਅੱਤਵਾਦੀਆਂ ਨੂੰ ਅਮਰੀਕਾ ਪਹੁੰਚਾਉਣ ਵਿੱਚ ਮੱਦਦ ਕੀਤੀ। ਉਸੇ ਨੇ ਸਾਰਿਆਂ ਨੂੰ ਟਰੇਨਿੰਗ ਦਿੱਤੀ। ਅਬੂ ਜ਼ੁਬੇਦ ਬਹੁਤ ਥੋੜੇ ਟਾਰਚਰ ਨਾਲ ਹੀ ਬਹੁਤ ਕੁਝ ਮੰਨ ਗਿਆ। ਉਸਨੇ ਕੇ. ਐਸ. ਐਮ. ਦੀਆਂ ਅੱਗੇ ਦੀਆਂ ਸਕੀਮਾਂ ਵੀ ਦੱਸ ਦਿੱਤੀਆਂ। ਅਬੂ ਨੇ ਦੱਸਿਆ, ''ਕੇ. ਐਸ. ਐਮ. ਆਪਣੀ ਇਸ ਨਾਈਨ ਅਲੈਵਨ ਦੀ ਪ੍ਰਾਪਤੀ ਤੋਂ ਬਹੁਤ ਉਤਸ਼ਾਹਤ ਹੈ। ਉਹ ਇਸ ਲੜਾਈ ਨੂੰ ਜ਼ੋਰ ਸ਼ੋਰ ਨਾਲ ਅੱਗੇ ਵਧਾਉਣਾ ਚਾਹੁੰਦਾ ਹੈ। ਉਸਦੀ ਅੱਗੇ ਦੀ ਪਹਿਲੀ ਸਕੀਮ ਇਹ ਹੈ ਕਿ ਅਮਰੀਕਾ ਵਿੱਚ ਰੈਡੀਉ ਐਕਟਿਵ ਬੰਬਾਂ ਨਾਲ ਹਮਲਾ ਕੀਤਾ ਜਾਵੇ। ਇੱਕ ਸਕੀਮ ਇਹ ਹੈ ਕਿ ਅਮਰੀਕਾ ਦੀਆਂ ਨੈਚਰਲ ਗੈਸ ਲਾਈਨਾਂ ਨੂੰ ਅੱਗ ਲਗਾ ਦਿੱਤੀ ਜਾਵੇ ਜਿਸ ਨਾਲ ਇੱਕੋ ਵਾਰ ਵਿੱਚ ਲੱਖਾਂ ਲੋਕ ਮਰ ਜਾਣਗੇ। ਜਾਂ ਫਿਰ ਉਹ ਚਾਹੁੰਦਾ ਐ ਕਿ ਅਮਰੀਕਣ ਪਾਣੀ ਦੇ ਸਿਸਟਮ ਵਿੱਚ ਜ਼ਹਿਰ ਮਿਲਾ ਦਿੱਤਾ ਜਾਵੇ। ਇਸ ਨਾਲ ਵੀ ਬਹੁਤ ਲੋਕ ਮਰਨਗੇ।''
ਅਬੂ ਜ਼ੁਬੇਦਾ ਨੇ ਅੱਗੇ ਦੱਸਿਆ ਕਿ ਇਸ ਕੰਮ ਲਈ ਕੇ. ਐਸ. ਐਮ. ਨੇ ਵੱਖਰਾ ਤਰੀਕਾ ਅਖਤਿਆਰ ਕੀਤਾ ਹੈ। ਇਸਦੇ ਲਈ ਉਹ ਪਹਿਲਾਂ ਤੋਂ ਹੀ ਅਮਰੀਕਾ ਰਹਿ ਰਹੇ ਲੋਕਾਂ 'ਚੋਂ ਜਿਹਾਦੀਆਂ ਦੀ ਭਰਤੀ ਕਰ ਰਿਹਾ ਹੈ। ਇਸ ਕੰਮ ਲਈ ਉਸਨੇ ਹੋਜ਼ੇ ਪਦੀਲਾ ਵਰਗੇ ਕਈ ਬੰਦੇ ਚੁਣ ਵੀ ਲਏ ਹਨ। ਇਸ ਤੋਂ ਬਿਨਾਂ ਅਬੂ ਜ਼ੁਬੇਦ ਨੇ ਅੱਗੇ ਦੱਸਿਆ ਕਿ ਅਗਲੀਆਂ ਸਾਰੀਆਂ ਸਕੀਮਾਂ ਨੂੰ ਸਿਰੇ ਚੜਾਉਣ ਲਈ ਕੇ. ਐਸ.ਐਮ. ਨੇ ਅਦਨਾਨ ਸ਼ੁਕਰੀਜੁਮਾ ਦੀ ਜ਼ਿੰਮੇਵਾਰੀ ਲਾਈ ਹੈ। ਉਹੀ ਅਮਰੀਕਾ ਰਹਿੰਦਾ ਹੋਇਆ ਅੱਗੇ ਦੇ ਅਪਰੇਸ਼ਨਾ ਨੂੰ ਅੰਜ਼ਾਮ ਦੇਵੇਗਾ। ਅਬੂ ਜ਼ੁਬੇਦ ਤੋਂ ਜਿਨ੍ਹਾਂ ਬਾਰੇ ਵੀ ਜਾਣਕਾਰੀ ਮਿਲੀ ਐਫ. ਬੀ. ਆਈ. ਉਨ੍ਹਾਂ ਸਾਰਿਆਂ ਦੇ ਮਗਰ ਲੱਗ ਗਈ।

Chahals57@yahoo.com
Ph. 0017033623239

No comments:

Post a Comment