Thursday 15 November 2012


ਨੌਂ :---



ਪੋਸਟਿੰਗ : ਅਨੁ. ਮਹਿੰਦਰ ਬੇਦੀ ਜੈਤੋ



ਆਫੀਆ ਸਦੀਕੀ ਦਾ ਜਿਹਾਦ…:: ਲੇਖਕ : ਹਰਮਹਿੰਦਰ ਚਹਿਲ :---


ਆਫੀਆ ਨੇ ਪੜ੍ਹਾਈ ਅਤੇ ਲੈਬ ਦਾ ਸਾਰਾ ਕੰਮ ਖਤਮ ਕਰ ਲਿਆ ਸੀ। ਹੁਣ ਉਹ ਪੀ ਐੱਚ ਡੀ ਲਈ ਆਪਣਾ ਥੀਸਸ ਲਿਖ ਰਹੀ ਸੀ। ਅਮਜਦ ਨੇ ਵੀ ਆਪਣੀ ਰੈਜ਼ੀਡੈਂਸੀ ਖਤਮ ਕਰ ਲਈ ਸੀ। ਉਸਨੇ ਸੇਂਟ ਵਿਨਸੈਂਟ ਹੋਸਪਿਟਲ ਵਿੱਚ ਇੰਟਰਨਸ਼ਿਪ ਸ਼ੁਰੂ ਕਰ ਲਈ ਸੀ। ਉਹ ਦੋਨੋਂ ਬਾਸਟਨ ਤੋਂ ਪੈਂਤੀ ਚਾਲੀ ਮੀਲ ਦੂਰ ਪੈਂਦੇ ਸ਼ਹਿਰ ਵੋਰੈਸਟਰ ਵਿੱਚ ਮੂਵ ਹੋ ਗਏ। ਵੋਰੈਸਟਰ ਵਿੱਚ ਕੇਅਰਬਰਦਰਜ਼ ਦੇ ਬਹੁਤ ਸਾਰੇ ਮੈਂਬਰ ਰਹਿੰਦੇ ਸਨ। ਇੱਥੇ ਦੀ ਲੋਕਲ ਮਸਜਿਦ ਦਾ ਇਮਾਮ ਮੁਹੰਮਦ ਮਾਸੂਦ ਸੀ। ਇਹ ਪੁਰਾਣਾ ਐਮ. ਐਸ. ਏ. ਦਾ ਮੈਂਬਰ ਰਹਿ ਚੁੱਕਿਆ ਸੀ। ਇਸ ਤੋਂ ਇਲਾਵਾ ਮੁਹੰਮਦ ਮਾਸੂਦ ਦਾ ਭਰਾ ਪਾਕਿਸਤਾਨੀ ਅੱਤਵਾਦੀ ਗਰੁੱਪ ਲਸ਼ਕਰੇ ਤਾਇਬਾ ਦਾ ਲੀਡਰ ਸੀ। ਇਨ੍ਹਾਂ ਗੱਲਾਂ ਕਰਕੇ ਆਫੀਆ ਨੂੰ ਵੋਰੈਸਟਰ ਬਹੁਤ ਪਸੰਦ ਆਇਆ। ਇੱਥੇ ਲਸ਼ਕਰੇ ਤਾਇਬਾ ਜਥੇਬੰਦੀ ਦਾ ਔਰਤਾਂ ਦਾ ਵਿੰਗ ਵੀ ਸੀ। ਜਿਸਦੀ ਕਿ ਉਮਾ ਹਮਾਦ ਪ੍ਰਧਾਨ ਸੀ। ਪਰ ਆਫੀਆ ਨੂੰ ਉਮਾ ਹਮਾਦ ਚੰਗੀ ਨਾ ਲੱਗੀ। ਉਸਨੇ ਸੋਚ ਲਿਆ ਕਿ ਉਹ ਇੱਥੇ ਆਪਣੀ ਆਪਦੀ ਜਥੇਬੰਦੀ ਬਣਾਵੇਗੀ। ਉਸਦੀ ਮਾਂ ਉਸਦਾ ਨਵਜਨਮਿਆਂ ਬੱਚਾ ਜਿਸਦਾ ਨਾਂ ਉਨ੍ਹਾਂ ਅਹਿਮਦ ਰੱਖਿਆ ਸੀ ਨੂੰ ਸੰਭਾਲਦੀ ਸੀ। ਆਫੀਆ ਇਸ ਵੇਲੇ ਵਿਹਲੀ ਹੋਈ ਆਲੇ ਦੁਆਲੇ ਦੀਆਂ ਇਸਲਾਮਿਕ ਜਥੇਬੰਦੀਆਂ ਨੂੰ ਘੋਖ ਪੜਤਾਲ ਰਹੀ ਸੀ। ਉਦੋਂ ਹੀ ਆਫੀਆ ਦਾ ਪਿਉ ਬਿਮਾਰ ਹੋ ਗਿਆ। ਉਸਦੀ ਮਾਂ ਨੇ ਕਾਫੀ ਸੋਚ ਵਿਚਾਰ ਕੀਤਾ ਤੇ ਇਸ ਨਤੀਜੇ 'ਤੇ ਪਹੁੰਚੀ ਕਿ ਆਫੀਆ ਦਾ ਮੁੰਡਾ ਕਈ ਮਹੀਨਿਆਂ ਦਾ ਹੋ ਚੁੱਕਿਆ ਹੈ ਤੇ ਉਹ ਉਸਦੀ ਆਪ ਸੰਭਾਲ ਕਰ ਸਕਦੀ ਹੈ। ਇਸਦੇ ਅਗਲੇ ਹਫਤੇ ਹੀ ਇਸਮਤ ਪਾਕਿਸਤਾਨ ਚਲੀ ਗਈ। ਅਗਲੇ ਦਿਨਾਂ 'ਚ ਘਰ ਵਿੱਚ ਕਾਫੀ ਭੁਚਾਲ ਜਿਹਾ ਆ ਗਿਆ। ਹੁਣ ਤੱਕ ਤਾਂ ਆਫੀਆ ਨੂੰ ਮਾਂ ਦੇ ਹੁੰਦਿਆਂ ਕਿਸੇ ਕੰਮ ਦੀ ਫਿਕਰ ਹੀ ਨਹੀਂ ਸੀ ਪਰ ਹੁਣ ਘਰ ਦਾ ਹੀ ਨਹੀਂ ਸਗੋਂ ਅਹਿਮਦ ਦਾ ਭਾਰ ਵੀ ਉਸ 'ਤੇ ਆ ਪਿਆ। ਉਸਨੇ ਅਹਿਮਦ ਲਈ ਬਾਹਰ ਕਿਸੇ ਬੇਬੀ ਸਿਟਰ ਦੇ ਪ੍ਰਬੰਧ ਕਰ ਲਿਆ। ਉੱਥੇ ਛੱਡਣ ਵੀ ਉਸਨੂੰ ਅਮਜਦ ਹੀ ਜਾਂਦਾ ਸੀ ਤੇ ਲੈ ਕੇ ਵੀ ਆਪ ਹੀ ਆਉਂਦਾ ਸੀ। ਆਫੀਆ ਨੂੰ ਆਪਣੇ ਕੰਮਾਂ ਤੋਂ ਹੀ ਵਿਹਲ ਨਹੀਂ ਸੀ। ਇੱਕ ਦਿਨ ਅਮਜਦ ਘਰ ਆਇਆ ਤਾਂ ਅਹਿਮਦ ਰੋ ਰਿਹਾ ਸੀ ਜਦੋਂ ਕਿ ਆਫੀਆ ਕਿਸੇ ਨਾਲ ਫੋਨ 'ਤੇ ਹੱਸ ਹੱਸ ਕੇ ਗੱਲਾਂ ਕਰ ਰਹੀ ਸੀ।
''ਆਫੀਆ!?'' ਅਮਜਦ ਬੈੱਗ ਪਾਸੇ ਰੱਖਦਾ ਚਿਲਾਉਂਦਾ ਹੋਇਆ ਉੱਚੀ ਬੋਲਿਆ।
''ਕੀ ਐ? ਇਉਂ ਧਰਤੀ ਸਿਰ 'ਤੇ ਚੁੱਕ ਰਿਹੈਂ? ਖੈਰ ਤਾਂ ਹੈ।'' ਆਫੀਆ ਦੂਸਰੇ ਪਾਸੇ ਫੋਨ ਹੋਲਡ ਕਰਵਾਉਂਦਿਆਂ ਧੀਮਾ ਜਿਹਾ ਬੋਲੀ।
'ਕਿਉਂ ਤੈਨੂੰ ਨ੍ਹੀਂ ਦਿਸ ਰਿਹਾ ਕਿ ਜੁਆਕ ਦਾ ਰੋ ਰੋ ਕੇ ਬੁਲਾ ਹਾਲ ਹੋ ਰਿਹਾ ਐ ਤੇ ਤੂੰ ਐਂ ਕਿ ਤੈਨੂੰ ਗੱਲਾਂ ਤੋਂ ਈ ਵਿਹਲ ਨ੍ਹੀਂ ਐ।''
''ਬੱਚੇ ਨੂੰ ਤਾਂ ਤੂੰ ਵੀ ਚੁੱਪ ਕਰਵਾ ਸਕਦਾ ਐਂ। ਪਰ ਇਉਂ ਟੱਪਣ ਦੀ ਕੀ ਲੋੜ ਐ?''
'ਕਿਉਂ ਟੱਪਾਂ ਨਾ ਤਾਂ ਹੋਰ ਕੀ ਕਰਾਂ। ਸਵੇਰ ਵੇਲੇ ਅਹਿਮਦ ਨੂੰ ਬੇਬੀ ਸਿਟਰ ਦੇ ਛੱਡਣ ਮੈਂ ਜਾਂਦਾ ਆਂ। ਸ਼ਾਮ ਵੇਲੇ ਮੈਂ ਉਸਨੂੰ ਵਾਪਸ ਲੈ ਕੇ ਆਉਂਦਾ ਆਂ। ਤੂੰ ਸਾਰਾ ਦਿਨ ਵਿਹਲੀ ਰਹਿੰਦੀ ਕੀ ਇੰਨਾ ਵੀ ਨ੍ਹੀਂ ਕਰ ਸਕਦੀ। ਇਸਦੀ ਛੱਡ ਪਰ ਜਦੋਂ ਉਹ ਘਰ ਆ ਗਿਆ ਉਸ ਪਿੱਛੋਂ ਤਾਂ ਉਸਨੂੰ ਸੰਭਾਲ ਸਕਦੀ ਐਂ।''
'ਤੈਨੂੰ ਮੈਂ ਵਿਹਲੀ ਲੱਗਦੀ ਆਂ। ਤੈਨੂੰ ਪਤਾ ਐ ਕਿ ਮੈਂ ਅਤੇ ਮੇਰੀ ਜਥੇਬੰਦੀ ਅੱਜ ਕੱਲ੍ਹ ਕੀ ਕਰ ਰਹੇ ਆਂ?''
''ਤੂੰ ਹੀ ਦੱਸਦੇ।'' ਅਮਜਦ ਅੱਕਿਆ ਹੋਇਆ ਬੋਲਿਆ।
''ਅਸੀਂ ਬਾਸਨੀਆਂ ਦੇ ਜਿਹਾਦੀ ਪਰਿਵਾਰਾਂ ਲਈ ਫੰਡ ਇਕੱਠਾ ਕਰ ਰਹੇ ਆਂ।''
''ਹੁਣ ਤਾਂ ਬਾਸਨੀਆਂ 'ਚ ਸ਼ਾਂਤੀ ਹੋ ਚੁੱਕੀ ਐ। ਹੁਣ ਤਾਂ ਤੂੰ ਉਸ ਗੱਲ ਦਾ ਖਹਿੜਾ ਛੱਡ ਦੇ।''
'ਮਿਸਟਰ ਅਮਜਦ ਜਿਹਾਦ ਕਦੇ ਖਤਮ ਨ੍ਹੀਂ ਹੋਵੇਗਾ। ਇਹ ਉਦੋਂ ਤੱਕ ਚੱਲਦਾ ਰਹੇਗਾ ਜਦੋਂ ਤੱਕ ਕਿ ਸਾਰੇ ਸੰਸਾਰ ਉੱਪਰ ਇਸਲਾਮ ਦਾ ਝੰਡਾ ਝੂਲਣ ਨ੍ਹੀਂ ਲੱਗ ਜਾਂਦਾ। ਹੁਣ ਲੜਾਈ ਬਾਸਨੀਆਂ 'ਚ ਨ੍ਹੀਂ ਹੋ ਰਹੀ ਤਾਂ ਕੀ ਹੋਇਆ। ਅਗਲਾ ਫਰੰਟ ਚੇਚਨੀਆਂ ਅਤੇ ਕਾਸਵੋ 'ਚ ਖੁੱਲ੍ਹ ਚੁੱਕਿਆ ਐ।''
''ਤੇਰੇ ਇਸ ਜਿਹਾਦ ਨੇ ਮੇਰਾ ਘਰ ਪੱਟ ਦੇਣਾ ਐਂ ਆਫੀਆ।''
'ਤੇ ਜਿਨ੍ਹਾਂ ਦੇ ਘਰ ਘਾਟ ਪਹਿਲਾਂ ਈ ਉੱਜੜ ਚੁੱਕੇ ਨੇ। ਕਾਫਰਾਂ ਨੇ ਸਾਡੇ ਜਿਹਾਦੀਆਂ ਦਾ ਛੱਡਿਆ ਈ ਕੱਖ ਨ੍ਹੀਂ ਐ। ਤੈਨੂੰ ਇਸ ਆਪਣੇ ਨਿੱਕੇ ਜਿਹੇ ਘਰ ਦੀ ਚਿੰਤਾ ਐ ਪਰ ਵੱਡੇ ਸੰਸਾਰ ਵੱਲ ਝਾਤੀ ਮਾਰ....।''
ਇਸ ਵਿਚਕਾਰ ਅਹਿਮਦ ਰੋਣ ਲੱਗ ਪਿਆ ਤਾਂ ਉਨ੍ਹਾਂ ਦੀ ਬਹਿਸ ਕੁਛ ਦੇਰ ਲਈ ਬੰਦ ਹੋ ਗਈ। ਅਮਜਦ ਬੱਚੇ ਦੇ ਨੇੜੇ ਹੋਇਆ ਤਾਂ ਆਫੀਆ ਨੇ ਪਹਿਲਾਂ ਹੀ ਉਸਨੂੰ ਚੁੱਕ ਕੇ ਛਾਤੀ ਨਾਲ ਲਾ ਲਿਆ। ਇਸ ਨਾਲ ਅਮਜਦ ਦਾ ਗੁੱਸਾ ਕੁਝ ਠੰਡਾ ਪੈ ਗਿਆ। ਪਰ ਅਹਿਮਦ ਦੇ ਚੁੱਪ ਹੁੰਦਿਆਂ ਹੀ ਆਫੀਆ ਫਿਰ ਬੋਲੀ, ''ਕੁਰਾਨ ਵਿੱਚ ਲਿਖਿਆ ਐ ਕਿ ਘਰ ਚਲਾਉਣਾ ਆਦਮੀ ਦਾ ਕੰਮ ਐਂ। ਤੂੰ ਨੌਕਰੀ ਦੀ ਵਜ੍ਹਾ ਕਰਕੇ ਮੇਰੇ 'ਤੇ ਐਵੇਂ ਰੋਅਬ ਨਾ ਝਾੜਿਆ ਕਰ।''
''ਕੁਰਾਨ 'ਚ ਤਾਂ ਫਿਰ ਇਹ ਵੀ ਲਿਖਿਆ ਐ ਕਿ ਔਰਤ ਘਰ ਸੰਭਾਲੇ, ਬੱਚੇ ਸੰਭਾਲੇ। ਜੇ ਤੂੰ ਸੱਚੀ ਮੁਸਲਮਾਨ ਐਂ ਤਾਂ ਆਪਣੀ ਜ਼ਿੰਮੇਵਾਰੀ ਸਮਝ।''
''ਜ਼ਿੰਮੇਵਾਰੀ ਤੈਨੂੰ ਸਮਝਣ ਦੀ ਲੋੜ ਐ। ਮੇਰੀਆਂ ਸਹੇਲੀਆਂ ਦੇ ਦੋਸਤ ਜਿਹਾਦ ਵਿੱਚ ਸੇਵਾ ਨਿਭਾ ਰਹੇ ਨੇ ਤੇ ਇੱਕ ਤੂੰ ਐਂ ਕਿ ਬਣ ਕੇ ਅਮਰੀਕਣ ਮੌਜਾਂ ਕਰਨ ਲੱਗਿਆ ਹੋਇਆ ਐਂ।''
''ਮੈਂ ਮੌਜਾਂ ਨੀਂ ਕਰਦਾ ਆਪਣਾ ਕੰਮ ਕਰਦਾ ਆਂ।''
ਅਹਿਮਦ ਸੌਣ ਲੱਗ ਪਿਆ ਤਾਂ ਆਫੀਆ ਉਸਨੂੰ ਥਾਪੜਨ ਲੱਗ ਪਈ। ਉਸਦਾ ਧਿਆਨ ਲੜਾਈ ਵੱਲੋਂ ਹਟ ਕੇ ਸੌਂ ਰਹੇ ਅਹਿਮਦ ਦੇ ਚਿਹਰੇ ਵੱਲ ਚਲਾ ਗਿਆ। ਉਹ ਬੋਲਣਾ ਬੰਦ ਕਰਕੇ ਉਸਦੇ ਮਾਸੂਮ ਚਿਹਰੇ ਵੱਲ ਵੇਖਦੀ ਰਹੀ। ਜਦੋਂ ਉਹ ਸੌਂ ਗਿਆ ਤਾਂ ਆਫੀਆ ਨੇ ਇੱਕ ਪਾਸੇ ਪਈਆਂ ਫਾਇਲਾਂ ਚੁੱਕ ਲਈਆਂ ਤੇ ਉਨ੍ਹਾਂ 'ਚ ਕਟਾ ਵੱਡੀ ਕਰਨ ਲੱਗ ਪਈ।
''ਮੁਹਤਰਮਾ ਇਹ ਹੁਣ ਕੀ ਚੱਲ ਪਿਆ।'' ਅਮਜਦ ਦਾ ਗੁੱਸਾ ਵੀ ਖਤਮ ਹੋ ਗਿਆ ਸੀ। ਇਸ ਕਰਕੇ ਉਸਦੀ ਬੋਲਣੀ 'ਚ ਵੀ ਕੁੜੱਤਣ ਨਾ ਰਹੀ।
'ਅਮਜਦ ਇਹ ਕੁਝ ਲੋਕ ਮੈਨੂੰ ਆਪਣੀਆਂ ਟੈਕਸ ਰਿਟਰਨਾ ਦੇ ਗਏ ਸਨ। ਮੈਂ ਇਨ੍ਹਾਂ 'ਚੋਂ ਗਲਤੀਆਂ ਬਗੈਰਾ ਕੱਢ ਕੇ ਠੀਕ ਕਰ ਰਹੀ ਆਂ।''
''ਇਸ ਨਾਲ ਕੀ ਹੋਵੇਗਾ?''
'ਕਮ ਸੇ ਕਮ ਉਨ੍ਹਾਂ ਦੇ ਦੋ ਦੋ ਚਾਰ ਚਾਰ ਡਾਲਰ ਰੀਫੰਡ ਤਾਂ ਹੋ ਹੀ ਜਾਣਗੇ।''
''ਇਹ ਦੋ ਦੋ ਚਾਰ ਚਾਰ ਡਾਲਰ ਗੌਰਮਿੰਟ ਦੇ ਵੀ ਤਾਂ ਕੰਮ ਈ ਆਉਣਗੇ।''
''ਅਮਰੀਕਣ ਸਰਕਾਰ ਦਾ ਸਾਰਾ ਪੈਸਾ ਇੱਕੋ ਕੰਮ ਆਉਂਦਾ ਐ। ਉਹ ਕੰਮ ਐ ਮੁਸਲਮਾਨਾਂ ਨੂੰ ਮਾਰਨ ਦਾ ਕੰਮ।''
''ਆਫੀਆ ਤੂੰ ਹਰ ਗੱਲ ਨੂੰ ਪੁੱਠੇ ਪਾਸਿਉਂ ਸੋਚਦੀ ਐਂ।''
'ਸਿਰਫ ਸੋਚਦੀ ਈ ਨ੍ਹੀਂ ਮੈਂ ਕਰਦੀ ਵੀ ਉਵੇਂ ਈ ਆਂ ਜਿਸ ਨਾਲ ਕਿ ਮੁਸਲਮਾਨਾਂ ਦਾ ਭਲਾ ਹੋਵੇ।''
''ਕਦੇ ਆਪਣੇ ਪਤੀ ਦੇਵ ਦਾ ਭਲਾ ਵੀ ਸੋਚ ਲਿਆ ਕਰ।'' ਅਜਮਦ ਨੇ ਉਬਾਸੀ ਲਈ।
'ਤੈਨੂੰ ਸ਼ਰਮ ਨ੍ਹੀਂ ਆਉਂਦੀ ਮੇਰਾ ਪਤੀ ਕਹਾਉਂਦੇ ਹੋਏ।'' ਪਤਾ ਨਹੀਂ ਕਿਉਂ ਆਫੀਆ ਇੱਕ ਦਮ ਭੜਕ ਉੱਠੀ।
''ਕਿਉਂ ਹੁਣ ਕੀ ਹੋ ਗਿਆ?''
'ਮੈਂ ਵਿਆਹੀ ਹੋਈ ਆਂ ਇਸੇ ਕਰਕੇ ਕਿਸੇ ਵੀ ਇਕੱਠ ਵਿੱਚ ਇਕੱਲੀ ਨ੍ਹੀਂ ਜਾ ਸਕਦੀ। ਤੂੰ ਕਦੇ ਇਸ ਗੱਲ ਵੱਲ ਧਿਆਨ ਦਿੱਤਾ ਐ ਕਿ ਵਾਈਫ ਦੇ ਨਾਲ ਜਾਣ 'ਚ ਉਸਦੀ ਮੱਦਦ ਕਰਨੀ ਚਾਹੀਦੀ ਐ।''
'ਆਫੀਆ ਵੇਖ ਮੈਨੂੰ ਪਹਿਲਾਂ ਆਪਣਾ ਪਰਿਵਾਰ ਐ ਤੇ ਫਿਰ ਮੇਰੀ ਪੜ੍ਹਾਈ। ਨਾਲੇ ਤੈਨੂੰ ਪਤਾ ਐ ਕਿ ਹੁਣ ਮੈਨੂੰ ਕਾਲਜ ਵਾਲੇ ਪਹਿਲਾਂ ਨਾਲੋਂ ਵੀ ਜ਼ਿਆਦਾ ਕੰਮ ਦਿੰਦੇ ਨੇ। ਮੈਂ ਵੀਕ ਐਂਡ 'ਤੇ ਪਰਚੇ ਲਿਖਣੇ ਹੁੰਦੇ ਨੇ। ਤੂੰ ਆਪਣੀ ਗੱਲ ਤਾਂ ਪੜਾਕ ਦੇਣੇ ਕਹਿ ਦਿੰਨੀ ਐਂ ਪਰ ਮੇਰੀ ਮਜ਼ਬੂਰੀ ਨ੍ਹੀਂ ਸਮਝਦੀ।''
'ਤੈਨੂੰ ਪਤਾ ਹੋਣਾ ਚਾਹੀਦਾ ਐ ਕਿ ਤੇਰਾ ਪਹਿਲਾ ਕੰਮ ਜਿਹਾਦ ਐ। ਪਰ ਮੇਰੀ ਹੀ ਕਿਸਮਤ ਮਾੜੀ ਜੋ ਅਜਿਹਾ ਪਤੀ ਮਿਲਿਆ ਐ ਕਿ ਜਿਸਨੂੰ ਜਿਹਾਦ ਦੇ ਮਾਅਣੇ ਵੀ ਨ੍ਹੀਂ ਪਤਾ।''
'ਤੂੰ ਜਾਣ ਤੇਰਾ ਜਿਹਾਦ ਜਾਣੇ। ਮੈਨੂੰ ਤੇਰੀਆਂ ਇਨ੍ਹਾਂ ਗੱਲਾਂ 'ਚ ਕੋਈ ਦਿਲਚਸਪੀ ਨ੍ਹੀਂ।''
ਆਫੀਆ ਨੂੰ ਇੱਕ ਦਮ ਗੁੱਸਾ ਚੜ੍ਹਿਆ ਪਰ ਉਹ ਉੱਠ ਨਾ ਸਕੀ। ਉਸਦਾ ਸਰੀਰ ਇਸਦੀ ਇਜਾਜ਼ਤ ਨ੍ਹੀਂ ਦੇ ਰਿਹਾ ਸੀ। ਇਸ ਵੇਲੇ ਉਹ ਦੂਸਰੀ ਵਾਰ ਪਰੈਗਨੈੱਟ ਸੀ। ਕੁਝ ਮਹੀਨਿਆਂ ਪਿੱਛੋਂ ਉਸਨੇ ਬੱਚੀ ਨੂੰ ਜਨਮ ਦਿੱਤਾ। ਜਿਸਦਾ ਨਾਂ ਉਨ੍ਹਾਂ ਮਿਰੀਅਮ ਬਿੰਤ ਮੁਹੰਮਦ ਰੱਖਿਆ। ਨਵ ਜਨਮੇ ਬੱਚੇ ਕਰਕੇ ਕੁਝ ਦੇਰ ਆਫੀਆ ਘਰ 'ਚ ਟਿਕ ਗਈ। ਉਨ੍ਹਾਂ ਵਿਚਕਾਰ ਫਿਰ ਤੋਂ ਵਧੀਆ ਪਰਿਵਾਰਕ ਮਾਹੌਲ ਬਣ ਗਿਆ। ਦੋਨੋਂ ਨੇੜਲੇ ਪਾਰਕ ਵਿੱਚ ਘੁੰਮਣ ਜਾਂਦੇ। ਕਈ ਵਾਰੀ ਗਰਾਰਸੀ ਲੈਣ ਜਾਂਦੇ ਤਾਂ ਬੱਚਿਆਂ ਨੂੰ ਨਾਲ ਲੈ ਜਾਂਦੇ। ਅਮਜਦ ਨੂੰ ਲੱਗਿਆ ਕਿ ਸ਼ਾਇਦ ਹੁਣ ਆਫੀਆ ਬੱਚਿਆਂ ਕਰਕੇ ਘਰ 'ਚ ਪਰਚ ਜਾਵੇ। ਪਰ ਇਹ ਉਸਦਾ ਭੁਲੇਖਾ ਸੀ। ਉਸਨੇ ਫੋਨ 'ਤੇ ਸਭ ਨਾਲ ਰਾਬਤਾ ਰੱਖਿਆ ਹੋਇਆ ਸੀ। ਬੱਚੀ ਦੇ ਜਨਮ ਤੋਂ ਬਾਅਦ ਉਹ ਪਹਿਲੀ ਵਾਰ ਕੇਅਰ ਬਰਦਰਜ਼ ਦੀ ਮੀਟਿੰਗ ਵਿੱਚ ਗਈ ਤਾਂ ਸਾਰਿਆਂ ਨੂੰ ਬਹੁਤ ਉਤਸ਼ਾਹ ਮਿਲਿਆ।
'ਆਫੀਆ ਹੁਣ ਤੂੰ ਬੱਚਿਆਂ ਵੱਲੋਂ ਵਿਹਲੀ ਹੋ ਕੇ ਐਮ. ਐਸ. ਏ. ਅਤੇ ਬੋਨੇਵੋਲੈਂਸ ਦਾ ਕੰਮ ਸੰਭਾਲ।'' ਸੁਲੇਮਾਨ ਐਹਮਰ ਬੋਲਿਆ। ਉਹ ਅੱਜ ਦੀ ਇਸ ਖਾਸ ਮੀਟਿੰਗ ਵਿੱਚ ਚਿਕਾਗੋ ਤੋਂ ਖਾਸ ਤੌਰ 'ਤੇ ਆਇਆ ਸੀ।
'ਇਹ ਗੱਲ ਸਹੀ ਐ। ਬੱਸ ਮੈਨੂੰ ਕੁਝ ਦਿਨ ਦਿਉ। ਮੈਂ ਕਿਸੇ ਅਜਿਹੀ ਔਰਤ ਦਾ ਪ੍ਰਬੰਧ ਕਰ ਲਵਾਂ ਜੋ ਕਿ ਮੇਰੇ ਘਰ ਰਹਿ ਕੇ ਬੱਚਿਆਂ ਦੀ ਦੇਖ ਭਾਲ ਕਰ ਸਕੇ। ਫਿਰ ਮੈਂ ਵਿਹਲੀ ਈ ਵਿਹਲੀ ਆਂ।''
'ਦੋਸਤੋ ਕੁਝ ਮਹੀਨਿਆਂ ਪਿੱਛੋਂ ਨਵਾਂ ਸਾਲ ਚੜ੍ਹਨ ਵਾਲਾ ਐ ਜੋ ਕਿ ਸਾਡੇ ਲਈ ਨਵੀਂ ਜ਼ਿੰਦਗੀ ਲੈ ਕੇ ਆਵੇਗਾ। ਸਭ ਨੂੰ ਪਤਾ ਐ ਕਿ ਬੀਹਵੀਂ ਸਦੀ ਖਤਮ ਹੁੰਦਿਆਂ ਈ ਕਾਫਰਾਂ ਦਾ ਖਾਤਮਾ ਹੋ ਜਾਵੇਗਾ ਤੇ ਹਰ ਪਾਸੇ ਇਸਲਾਮ ਦਾ ਝੰਡਾ ਝੂਲੇਗਾ।''
'ਇੰਸ਼ਾ ਅੱਲਾ! ਇੰਸ਼ਾ ਅੱਲ!।'' ਹਰ ਪਾਸਿਉਂ ਆਵਾਜ਼ਾਂ ਆਈਆਂ। ਇਸ ਪਿੱਛੋਂ ਕਈ ਹੋਰ ਬੁਲਾਰੇ ਬੋਲੇ। ਜ਼ਰੂਰੀ ਮਸਲਿਆਂ 'ਤੇ ਵਿਚਾਰ ਵਿਟਾਂਦਰਾ ਕੀਤਾ ਗਿਆ। ਆਖਰ ਵਿੱਚ ਸੁਹੇਲ ਉੱਠਿਆ ਤੇ ਬੋਲਣ ਲੱਗਿਆ, ''ਸਾਨੂੰ ਬੜਾ ਮਾਣ ਐਂ ਕਿ ਸਾਡਾ ਸਾਥੀ ਤੇ ਕੇਅਰਬਰਦਰਜ਼ ਦਾ ਜਿਹਾਦੀ ਬਸਮ ਕੁੰਜ ਬੜਾ ਮਾਅਰਕੇ ਦਾ ਕੰਮ ਕਰ ਰਿਹਾ ਐ। ਉਸਨੇ ਲਿਬਨਾਨ ਵਿੱਚ ਨਵੇਂ ਜਿਹਾਦੀਆਂ ਨੂੰ ਟਰੇਨਿੰਗ ਦੇਣ ਲਈ ਕੈਂਪ ਸ਼ੁਰੂ ਕਰ ਲਿਆ ਐ। ਭਾਵੇਂ ਕਿ ਇਹ ਕਾਫੀ ਔਖਾ ਐ ਕਿਉਂਕਿ ਉੱਥੇ ਦੀ ਸਰਕਾਰ ਸਾਡਾ ਸਹਿਯੋਗ ਨ੍ਹੀਂ ਕਰਦੀ ਪਰ ਉਸਨੇ ਨਾਮੁਮਕਿਨ ਨੂੰ ਮੁਮਕਿਨ ਕਰ ਦਿਖਾਇਆ।''
ਸਾਰਿਆਂ ਨੇ ਤਾੜੀਆਂ ਮਾਰੀਆਂ। ਆਫੀਆ ਨੇ ਮਾਰਲੇਨ ਵੱਲ ਵੇਖਦੀ ਉਹ ਮਨ ਹੀ ਮਨ ਸੋਚਣ ਲੱਗੀ, 'ਇਹ ਕਿੰਨੀ ਚੰਗੀ ਕਿਸਮਤ ਵਾਲੀ ਐ ਜਿਸਦੇ ਘਰਵਾਲਾ ਜਿਹਾਦ ਲੜ੍ਹ ਰਿਹਾ ਐ। ਨਵੇਂ ਜਿਹਾਦੀ ਪੈਦਾ ਕਰ ਰਿਹਾ ਐ। ਤੇ ਉਸਦਾ ਆਪਣਾ ਘਰਵਾਲਾ ਕੀ ਕਰ ਰਿਹਾ ਹੈ। ਉਹ ਤਾਂ ਅਜਿਹੀਆਂ ਮੀਟਿੰਗਾਂ ਵਿੱਚ ਆਉਣਾ ਵੀ ਨ੍ਹੀਂ ਚਾਹੁੰਦਾ। ਸਗੋਂ ਉਸਨੂੰ ਖੁਦ ਨੂੰ ਉਸ ਤੋਂ ਚੋਰੀਉਂ ਅਜਿਹੀਆਂ ਮੀਟਿੰਗਾਂ ਵਿੱਚ ਆਉਣਾ ਪੈਂਦਾ ਹੈ। ਉਸਨੂੰ ਤਾਂ ਸਿਰਫ ਪੜ੍ਹਾਈ ਦੀ ਪਈ ਹੋਈ ਹੈ ਜਦੋਂ ਕਿ ਇਸ ਵੇਲੇ ਸਾਰਾ ਮੁਸਲਮ ਸਮਾਜ ਪੂਰੀ ਤਨਦੇਹੀ ਨਾਲ ਜਿਹਾਦ ਵੱਲ ਦਾ ਕੰਮ ਕਰ ਰਿਹਾ ਹੈ। ਉਹ ਕੀ ਕਰੇ। ਕਿਵੇਂ ਅਮਜਦ ਨੂੰ ਜਿਹਾਦ ਵੱਲ ਖਿੱਚੇ। ਜੇਕਰ ਮੈਂ ਜ਼ੋਰ ਲਾਵਾਂ ਤਾਂ ਅਕਸਰ ਉਸਨੂੰ ਮੰਨਣਾ ਈ ਪਊ। ਮੇਰੇ ਨਾਲ ਉਸਨੂੰ ਬਹੁਤ ਡੂੰਗੀ ਮੁਹੱਬਤ ਜੋ ਹੈ। ਮੁਹੱਬਤ ਤਾਂ ਖੈਰ ਮੈਨੂੰ ਵੀ ਉਸ ਨਾਲ ਬਹੁਤ ਐ ਪਰ ਮੈਨੂੰ ਉਸਦੀ ਇਹ ਇੱਕੋ ਗੱਲ ਨ੍ਹੀਂ ਬਰਦਾਸ਼ਤ ਹੁੰਦੀ ਜੋ ਉਸਨੂੰ ਜਿਹਾਦ ਨਾਲ ਕੋਈ ਸਰੋਕਾਰ ਨ੍ਹੀਂ ਐ।'
ਇਸ ਪਿੱਛੋਂ ਉਸਦਾ ਨਾਂ ਬੋਲਿਆ ਗਿਆ ਤਾਂ ਉਹ ਖਿਆਲਾਂ 'ਚੋਂ ਨਿਕਲੀ। ਉਸਨੇ ਆਪਣੇ ਭਾਸ਼ਣ ਦੌਰਾਨ ਨਵੇਂ ਜਿਹਾਦੀ ਭਰਤੀ ਕਰਨ 'ਤੇ ਜ਼ੋਰ ਦਿੱਤਾ। ਚੈਰਿਟੀ ਲਈ ਤਾਂ ਹਮੇਸ਼ਾ ਹੀ ਉਹ ਜ਼ੋਰ ਸ਼ੋਰ ਨਾਲ ਬੋਲਦੀ ਸੀ। ਉਸਨੇ ਸਾਰਿਆਂ ਨੂੰ ਬਸਮ ਦੀ ਉਦਾਹਰਣ ਦਿੰਦਿਆਂ ਕਿਹਾ ਕਿ ਅੱਜ ਹਰ ਇੱਕ ਨੂੰ ਬਸਮ ਬਣਨ ਦੀ ਲੋੜ ਐ।
ਮੀਟਿੰਗ ਖਤਮ ਹੋਈ। ਉਹ ਘਰ ਆ ਗਈ। ਉਸਨੇ ਆ ਕੇ ਵੇਖਿਆ ਬੱਚੇ ਸੁੱਤੇ ਪਏ ਸਨ। ਉਸਨੇ ਦੂਸਰੇ ਪਾਸੇ ਧਿਆਨ ਮਾਰਿਆ। ਅਮਜਦ ਵੀ ਗੂਹੜੀ ਨੀਂਦ 'ਚ ਸੀ। ਉਹ ਉਸਦੇ ਕੋਲ ਹੋ ਕੇ ਉਸਦੇ ਚਿਹਰੇ ਨੂੰ ਨਿਹਾਰਦੀ ਰਹੀ। ਅਮਜਦ ਦੇ ਮੱਥੇ ਤੇ ਚੁੰਮਣ ਦੇਣ ਲਈ ਉਹ ਜ਼ਰਾ ਕੁ ਝੁਕੀ ਪਰ ਫਿਰ ਰੁਕ ਗਈ ਕਿ ਕਿਧਰੇ ਉਸਦੀ ਨੀਂਦ ਖਰਾਬ ਨਾ ਹੋ ਜਾਵੇ। ਸੋਚਾਂ ਸੋਚਦੀ ਉਹ ਵੀ ਸੌਂ ਗਈ। ਅਗਲੀ ਸਵੇਰ ਜ਼ੋਰ ਜ਼ੋਰ ਦੀ ਫੋਨ ਵੱਜ ਰਿਹਾ ਸੀ। ਉਹ ਅੱਭੜਵਾਹੀ ਉੱਠੀ। ਉਸਨੇ ਆਲੇ ਦੁਆਲੇ ਵੇਖਿਆ। ਉੱਥੇ ਕੋਈ ਨਹੀਂ ਸੀ। ਅਮਜਦ ਬੱਚਿਆਂ ਨੂੰ ਤਿਆਰ ਕਰਕੇ ਲੈ ਗਿਆ ਸੀ। ਉਹ ਇਵੇਂ ਹੀ ਕਰਦਾ ਹੁੰਦਾ ਸੀ। ਜਿਸ ਦਿਨ ਆਫੀਆ ਲੇਟ ਰਾਤ ਮੁੜਦੀ ਤਾਂ ਅਗਲੇ ਦਿਨ ਉਹ ਬੱਚਿਆਂ ਨੂੰ ਆਪ ਹੀ ਬੇਬੀ ਸਿਟਰ ਦੇ ਛੱਡ ਜਾਂਦਾ ਸੀ। ਫੋਨ ਕੱਟਿਆ ਗਿਆ ਤਾਂ ਆਫੀਆ ਬਿਸਤਰੇ 'ਚੋਂ ਨਿਕਲੀ। ਉਦੋਂ ਨੂੰ ਦੁਬਾਰਾ ਘੰਟੀ ਵੱਜੀ। ਉਸਨੇ ਅਗਾਂਹ ਹੋ ਕੇ ਫੋਨ ਚੁੱਕ ਲਿਆ। ਉੱਧਰ ਸੁਹੇਲ ਬੋਲ ਰਿਹਾ ਸੀ। ਫੋਨ ਆਨ ਹੁੰਦਿਆਂ ਹੀ ਉਹ ਬੋਲਿਆ, ''ਆਫੀਆ ਬਹੁਤ ਬੁਰੀ ਖ਼ਬਰ ਐ।''
''ਕਿਉਂ! ਕੀ ਹੋਇਆ?''
''ਬਸਮ ਕੁੰਜ ਸ਼ਹੀਦ ਹੋ ਗਿਆ।''
'ਹੈਂ!?'' ਆਫੀਆ ਦੇ ਸਰੀਰ 'ਚ ਕੰਬਣੀ ਛਿੜ ਗਈ। ਪਰ ਫਿਰ ਉਹ ਆਪਣੇ ਆਪ ਨੂੰ ਸੰਭਾਲਣ ਲੱਗੀ। ਉੱਧਰ ਸੁਹੇਲ ਦੁਬਾਰਾ ਬੋਲਣ ਲੱਗਿਆ, ''ਬਸਮ ਨੇ ਲਿਬਨਾਨ ਫੌਜ ਦੇ ਦੋ ਸਿਪਾਹੀ ਕਿੱਡਨੈਪ ਕਰ ਲਏ ਸਨ। ਉਹ ਉਨ੍ਹਾਂ ਰਾਹੀਂ ਆਪਣੀਆਂ ਕੁਝ ਮੰਗਾਂ ਮਨਵਾਉਣੀਆਂ ਚਾਹੁੰਦਾ ਸੀ। ਪਰ ਇਸ ਵਿਚਕਾਰ ਈ ਫੌਜ ਨੇ ਉਸਦੇ ਕੈਂਪ 'ਤੇ ਹਮਲਾ ਕਰ ਦਿੱਤਾ। ਇਸੇ ਲੜਾਈ ਦੌਰਾਨ ਉਹ ਸ਼ਹੀਦ ਹੋ ਗਿਆ।''
''ਅੱਲਾ ਉਸਦੀ ਰੂਹ ਨੂੰ ਸ਼ਾਂਤੀ ਦੇਵੇ। ਪਰ ਹੁਣ ਅੱਗੇ ਦਾ ਕੀ ਪ੍ਰੋਗਰਾਮ ਐਂ?''
''ਅੱਜ ਸ਼ਾਮ ਉਸਨੂੰ ਸ਼ਰਧਾਂਝਲੀ ਦੇਣ ਲਈ ਮੀਟਿੰਗ ਰੱਖੀ ਗਈ ਐ। ਤੂੰ ਵਕਤ ਸਿਰ ਪਹੁੰਚ ਜਾਂਈ।''
'ਠੀਕ ਐ।'' ਫੋਨ ਕੱਟਿਆ ਗਿਆ। ਆਫੀਆ ਸੋਚਣ ਲੱਗ ਪਈ ਕਿ ਕਿੰਨਾ ਭਾਗਿਆਸ਼ਾਲੀ ਪਰਿਵਾਰ ਹੈ। ਆਪ ਤਾਂ ਉਹ ਜਿਹਾਦੀ ਸ਼ਹੀਦ ਬਣ ਕੇ ਸੁਰਗਾਂ ਵਿੱਚ ਚਲਿਆ ਹੀ ਗਿਆ ਨਾਲ ਹੀ ਮਾਰਲੇਨ ਲਈ ਵੀ ਸਵਰਗਾਂ ਦੇ ਦਰਵਾਜ਼ੇ ਖੋਲ੍ਹ ਗਿਆ।
ਉਸ ਸ਼ਾਮ ਮੀਟਿੰਗ ਹੋਈ। ਹਰ ਇੱਕ ਨੇ ਬਸਮ ਦੀ ਤਾਰੀਫ ਕਰਦਿਆਂ ਉਸਦੇ ਕੰਮ ਨੂੰ ਅੱਗੇ ਵਧਾਉਣ ਦਾ ਪ੍ਰਣ ਲਿਆ। ਇਸੇ ਦੌਰਾਨ ਹੀ ਇੱਕ ਪੰਝੀਆਂ ਕੁ ਸਾਲਾਂ ਦਾ ਮੁੰਡਾ ਉੱਠਿਆ ਤੇ ਬੋਲਿਆ, ''ਜੇਕਰ ਤੁਹਾਡੀ ਸਭ ਦੀ ਇਜਾਜ਼ਤ ਹੋਵੇ ਤਾਂ ਮੈਂ ਉਸ ਮਹਾਨ ਸ਼ਹੀਦ ਬਸਮ ਦੀ ਵਿਧਵਾ ਨਾਲ ਸ਼ਾਦੀ ਕਰਨਾ ਚਾਹੁੰਦਾ ਆਂ।''
'ਕਿਉਂ ਨ੍ਹੀਂ ਕਿਉਂ ਨ੍ਹੀਂ। ਇਹ ਤਾਂ ਬੜਾ ਫਖ਼ਰ ਦਾ ਕੰਮ ਐਂ। ਜਿਹਾਦੀ ਸ਼ਹੀਦ ਦੀ ਵਿਧਵਾ ਨਾਲ ਨਿਕਾਹ ਕਰਵਾਉਣ ਦਾ ਮਾਣ ਕਿਸੇ ਕਿਸੇ ਨੂੰ ਈ ਮਿਲਦਾ ਐ।'' ਕਈ ਆਵਾਜ਼ਾਂ ਆਈਆਂ ਤੇ ਉਸ ਮੁੰਡੇ ਦੀ ਗੱਲ ਮੰਨ ਲਈ ਗਈ। ਉਸਦਾ ਨਾਂ ਅਨਵਰ ਅਲ ਮਿਰਾਬੀ ਸੀ ਜੋ ਕਿ ਸਾਊਦੀ ਅਰਬ ਦਾ ਬਾਸ਼ਿੰਦਾ ਸੀ ਤੇ ਅੱਜ ਕੱਲ੍ਹ ਹੂਸਟਨ, ਟੈਕਸਾਸ ਵਿੱਚ ਰਹਿੰਦਾ ਸੀ। ਅਗਲੇ ਦਿਨ ਮਸਜਿਦ ਦੇ ਵਿੱਚ ਦੋਨਾਂ ਦਾ ਨਿਕਾਹ ਹੋ ਗਿਆ। ਅਨਵਰ ਅਲ ਮਿਰਾਬੀ ਆਪਣੀ ਨਵੀਂ ਪਤਨੀ ਮਾਰਲੇਨ ਨੂੰ ਉਸਦੇ ਪੰਜ ਬੱਚਿਆਂ ਸਮੇਤ ਲੈ ਕੇ ਹੂਸਟਨ ਨੂੰ ਚਲਾ ਗਿਆ। ਸ਼ਾਮ ਵੇਲੇ ਆਫੀਆ ਘਰ ਆਈ ਤਾਂ ਉਦਾਸ ਸੀ। ਪਰ ਅਮਜਦ ਨੇ ਉਸ ਵੱਲ ਧਿਆਨ ਨਾ ਦਿੱਤਾ। ਉਹ ਸਮਝਦਾ ਸੀ ਕਿ ਇਹ ਤਾਂ ਇਸਦਾ ਨਿੱਤ ਦਾ ਕੰਮ ਐਂ। ਇਹ ਕਿਸੇ ਨਾ ਕਿਸੇ ਚੈਰਿਟੀ ਸਮਾਗਮ 'ਚੋਂ ਆਈ ਹੋਵੇਗੀ। ਇਸ ਤੋਂ ਅੱਗੇ ਅਮਜਦ ਦਾ ਕਦੇ ਨਾ ਹੀ ਧਿਆਨ ਗਿਆ ਸੀ ਤੇ ਨਾ ਹੀ ਜਾ ਸਕਦਾ ਸੀ ਕਿ ਇਹ ਬਹੁਤ ਹੀ ਸਮਰੱਪਤ ਜਿਹਾਦੀ ਹੈ।
ਉੱਧਰ ਕੇਅਰ ਬਰਦਰਜ਼ ਅਤੇ ਆਫੀਆ ਬਗੈਰਾ ਸਮਝਦੇ ਸਨ ਕਿ ਉਨ੍ਹਾਂ ਦੀਆਂ ਇਨ੍ਹਾਂ ਕਾਰਵਾਈਆਂ ਦਾ ਕਿਸੇ ਨੂੰ ਪਤਾ ਨਹੀਂ ਹੈ। ਪਰ ਇਸ ਸੱਚ ਨਹੀਂ ਸੀ। ਕਿਉਂਕਿ ਐਫ. ਬੀ. ਆਈ. ਹਰ ਇੱਕ ਚੈਰਿਟੀ ਜਥੇਬੰਦੀ ਦੇ ਮਗਰ ਪਈ ਹੋਈ ਸੀ। ਕੇਅਰ ਬਰਦਰਜ਼ ਦੇ ਤਾਂ ਖਾਸ ਕਰਕੇ। ਕੇਅਰ ਬਰਦਰਜ਼ ਦੇ ਸਾਰੇ ਫੋਨ ਟੇਪ ਹੁੰਦੇ ਸਨ। ਜਿਉਂ ਹੀ ਮਾਰਲੇਨ ਅਤੇ ਅਨਵਰ ਅਲ ਮੀਰਾਬੀ ਦਾ ਨਿਕਾਹ ਹੋਇਆ ਤਾਂ ਇਸਦਾ ਤੁਰੰਤ ਐਫ. ਬੀ. ਆਈ. ਨੂੰ ਪਤਾ ਲੱਗ ਪਿਆ। ਉਨ੍ਹਾਂ ਹੂਸਟਨ ਵਿਚਲੀ ਬਰਾਂਚ ਨੂੰ ਇਸਦੀ ਇਤਲਾਹ ਦਿੱਤੀ ਤੇ ਉਹ ਅਨਵਰ ਅਲ ਮੀਰਾਬੀ ਦੇ ਮਗਰ ਲੱਗ ਗਏ।
ਆਫੀਆ ਨੇ ਆਪਣਾ ਥੀਸਸ ਪੂਰਾ ਕਰ ਲਿਆ। ਇਸਦੇ ਨਾਲ ਹੀ ਉਸਨੇ ਮਾਸਟਰ ਡਿਗਰੀ ਵੀ ਪੂਰੀ ਕਰ ਲਈ ਸੀ। ਇਹ ਸਾਰਾ ਕੁਝ ਉਸਨੇ ਮਿੱਥੇ ਸਮੇਂ ਜਾਣੀ ਕਿ ਚਾਰ ਸਾਲ ਤੋਂ ਵੀ ਪਹਿਲਾਂ ਹੀ ਕਰ ਲਿਆ। ਇਹ ਇੱਕ ਰਿਕਾਰਡ ਸੀ। ਉਹ ਵੀ ਉਦੋਂ ਜਦੋਂ ਕਿ ਉਸਨੇ ਇਸ ਵਿਚਕਾਰ ਦੋ ਬੱਚਿਆਂ ਨੂੰ ਜਨਮ ਦਿੱਤਾ ਅਤੇ ਆਪਣੀਆਂ ਦੂਸਰੀਆਂ ਸਰਗਰਮੀਆਂ 'ਚ ਵੀ ਪੂਰੀ ਤਰ੍ਹਾਂ ਵਿਅਸਤ ਰਹੀ। ਇਸ ਪਿੱਛੋਂ ਉਸਦੇ ਮਨ ਮਸਤਕ ਤੋਂ ਇੱਕ ਕਿਸਮ ਦਾ ਭਾਰ ਜਿਹਾ ਲਹਿ ਗਿਆ। ਉਹ ਪੜ੍ਹਾਈ ਅਤੇ ਕਾਲਜ ਦਾ ਖਹਿੜਾ ਛੱਡ ਚੁੱਕੀ ਸੀ। ਹੋਰ ਸਭ ਦੇ ਨਾਲ ਉਸਨੇ ਆਪਣਾ ਪਹਿਰਾਵਾ ਵੀ ਬਦਲ ਲਿਆ। ਉਹ ਲੰਬਾ ਬੁਰਕਾ ਪਹਿਨਣ ਲੱਗੀ। ਜਿਸ ਵਿੱਚੋਂ ਉਸਦੀਆਂ ਦਗਦੀਆਂ ਹੋਈਆਂ ਅੱਖਾਂ ਹੀ ਨਜ਼ਰ ਆਉਂਦੀਆਂ ਸਨ। ਉੱਧਰ ਅਮਜਦ ਨੇ ਪੜ੍ਹਾਈ ਵਿੱਚ ਬਹੁਤ ਚੰਗਾ ਮਾਅਰਕਾ ਮਾਰਿਆ ਸੀ। ਉਸਨੇ ਆਪਣੀ ਅਨੈਸਥੀਸੀਆਲੋਜੀ ਦੀ ਰੈਜੀਡੈਂਸੀ ਵਿੱਚ ਸਾਰੀ ਕਲਾਸ 'ਚੋਂ ਟਾਪ ਕੀਤਾ ਸੀ। ਉਸਦੀ ਇਸ ਪ੍ਰਾਪਤੀ ਤੋਂ ਪ੍ਰਭਾਵਤ ਹੋ ਕੇ ਅਮੈਰਿਕਣ ਐਸੋਸੀਏਸ਼ਨ ਆਫ ਅਨੈਸਥੀਸੀਆਲੋਜੀ ਦੇ ਨੈਸ਼ਨਲ ਨਿਊਜ਼ਲੈਟਰ ਦਾ ਚੀਫ ਐਡੀਟਰ ਬਣਾ ਦਿੱਤਾ। ਉਹ ਡਾਕਟਰੀ ਦੇ ਖੇਤਰ ਵਿੱਚ ਹੱਦੋਂ ਵੱਧ ਮੱਲਾਂ ਮਾਰਦਾ ਜਾ ਰਿਹਾ ਸੀ। ਇਸ ਪਿੱਛੋਂ ਉਸਨੇ ਹਾਵਰਡ ਯੂਨੀਵਰਸਿਟੀ ਦੇ ਹੈਲਥ ਸੈਂਟਰ ਵਿੱਚ ਮਾਸਟਰ ਦੀ ਡਿਗਰੀ ਲਈ ਅਪਲਾਈ ਕਰ ਦਿੱਤਾ। ਉਸਨੂੰ ਦਾਖਲਾ ਮਿਲ ਗਿਆ ਤੇ ਉਸਨੇ ਪੜ੍ਹਾਈ ਸ਼ੁਰੂ ਕਰ ਦਿੱਤੀ। ਉਹ ਆਪਣੀਆਂ ਪ੍ਰਾਪਤੀਆਂ ਤੋਂ ਇੰਨਾ ਖੁਸ਼ ਹੋਇਆ ਕਿ ਉਸਨੇ ਸਿਰਫ ਆਫੀਆ ਨੂੰ ਖੁਸ਼ ਕਰਨ ਲਈ ਦਾਹੜੀ ਵੀ ਵਧਾ ਲਈ। ਪਰ ਆਫੀਆ ਦਾ ਧਿਆਨ ਇਸ ਵੇਲੇ ਕਿਤੇ ਹੋਰ ਸੀ। ਉਹ ਇਸ ਵੇਲੇ ਜਿਹਾਦੀ ਵੈੱਬ ਸਾਈਟ 'ਤੇ ਬਹੁਤ ਸਾਰਾ ਕੰਮ ਕਰ ਰਹੀ ਸੀ। ਅੱਜ ਕੱਲ੍ਹ ਉਹ ਜਿਹਾਦ ਵਿੱਚ ਮਾਰੇ ਜਾ ਰਹੇ ਜਿਹਾਦੀਆਂ ਦੀਆਂ ਬਾਇਉਗਰਾਫੀ ਵੈੱਬ ਸਾਈਟ 'ਤੇ ਪਾ ਰਹੀ ਸੀ। ਉਹ ਹਰ ਅਜਿਹਾ ਆਰਟੀਕਲ ਵੈੱਬ ਸਾਈਟ 'ਤੇ ਪਾਉਂਦੀ ਜਿਸ ਨਾਲ ਨਵੇਂ ਲੋਕਾਂ ਨੂੰ ਜਿਹਾਦ ਵਿੱਚ ਸ਼ਾਮਲ ਹੋਣ ਦੀ ਪ੍ਰਰੇਨਾ ਮਿਲੇ। ਇਸ ਤੋਂ ਇਲਾਵਾ ਉਹ ਇੰਟਰਨੈੱਟ 'ਤੇ ਇਸਲਾਮਿਕ ਡਿਸਕਸ਼ਨਾਂ ਵਿੱਚ ਵੀ ਹਿੱਸਾ ਲੈਂਦੀ ਸੀ। ਸਾਰਾ ਦਿਨ ਉਸਦਾ ਇਸ ਤਰ੍ਹਾਂ ਦੀਅ ਬਹਿਸਾਂ ਵਿੱਚ ਹਿੱਸਾ ਲੈਂਦਿਆਂ ਹੀ ਗੁਜ਼ਰਦਾ ਸੀ। ਪਰ ਉਹ ਕਦੇ ਵੀ ਕੁਝ ਅਜਿਹਾ ਨਹੀਂ ਸੁਣ ਸਕਦੀ ਸੀ ਜੋ ਕਿ ਜਿਹਾਦ ਦੀ ਸਰਾਹੁਣਾ ਨਾ ਕਰਦਾ ਹੋਵੇ। ਜੇਕਰ ਕੋਈ ਕਹਿੰਦਾ ਕਿ ਮੁਸਲਮਾਨਾ ਨੂੰ ਕੁਰਾਨ ਦੀ ਪਾਲਣਾ ਕਰਦਿਆਂ ਸ਼ਾਂਤੀ ਅਤੇ ਸੱਦਭਾਵਨਾ ਨਾਲ ਇਸ ਮੁਲਕ ਵਿੱਚ ਰਹਿਣਾ ਚਾਹੀਦਾ ਹੈ ਤਾਂ ਉਸਨੂੰ ਲੱਗਦਾ ਕਿ ਇਸ ਤਰ੍ਹਾਂ ਦੀ ਬੋਲੀ ਬੋਲਣ ਵਾਲੇ ਮੁਸਲਮਾਨ ਕੌਮ ਦੇ ਗਦਾਰ ਹਨ।
ਆਫੀਆ ਦੀ ਭੈਣ ਫੌਜ਼ੀਆ ਦਾ ਨਿਕਾਹ ਹੋ ਚੁੱਕਿਆ ਸੀ। ਉਹ ਆਪਣੇ ਡਾਕਟਰੀ ਖੇਤਰ ਨਰਾਲੋਜੀ 'ਚ ਫੈਲੋਸ਼ਿਪ ਕਰਨ ਲਈ ਬਾਸਟਨ ਆਈ ਤਾਂ ਆਪਣੇ ਬੱਚਿਆਂ ਨੂੰ ਵੀ ਇੱਥੇ ਲੈ ਆਈ। ਇੱਥੇ ਆ ਕੇ ਉਸਨੇ ਵੇਖਿਆ ਕਿ ਆਫੀਆ ਪਹਿਲਾਂ ਵਾਲੀ ਆਫੀਆ ਨਹੀਂ ਰਹੀ ਸੀ। ਅੰਦਰਲੀਆਂ ਗੱਲਾਂ ਦਾ ਉਸਨੂੰ ਕੁਝ ਪਤਾ ਨਹੀਂ ਸੀ। ਉਸਨੇ ਇਸਦਾ ਕਾਰਨ ਇਹੀ ਕੱਢਿਆ ਕਿ ਸ਼ਾਇਦ ਅਮਜਦ ਆਫੀਆ ਨੂੰ ਤੰਗ ਕਰਦਾ ਹੈ। ਉਸ ਨੇ ਇਸ ਬਾਰੇ ਆਫੀਆ ਨਾਲ ਲੰਬੀ ਚੌੜੀ ਗੱਲਬਾਤ ਕੀਤੀ। ਪਰ ਆਫੀਆ ਨੇ ਉਸਦੀਆਂ ਗੱਲਾਂ 'ਚ ਬਹੁਤੀ ਦਿਲਚਸਪੀ ਨਾ ਵਿਖਾਈ। ਇਸ ਤੋਂ ਫੌਜ਼ੀਆ ਨੂੰ ਲੱਗਿਆ ਕਿ ਸ਼ਾਇਦ ਇਸ ਨੂੰ ਅਮਜਦ ਨੇ ਬਹੁਤ ਡਰਾ ਧਮਕਾ ਕੇ ਰੱਖਿਆ ਹੋਇਆ ਹੈ। ਇਨ੍ਹਾਂ ਹੀ ਦਿਨਾਂ ਵਿੱਚ ਆਫੀਆ ਅਮਜਦ ਨੂੰ ਕਿਸੇ ਫੰਡ ਰੇਜਿੰਗ ਸਮਾਗਮ ਵਿੱਚ ਲੈ ਗਈ। ਉੱਥੇ ਉਹ ਇੰਨੀ ਭਾਵੁਕ ਹੋ ਗਈ ਕਿ ਉਸਨੇ ਅਮਜਦ ਵੱਲੋਂ ਕਿਸੇ ਵੇਲੇ ਉਸਨੂੰ ਭੇਟ ਕੀਤੀ ਕੀਮਤੀ ਅੰਗੂਠੀ ਦਾਨ ਕਰ ਦਿੱਤੀ। ਇਸ ਤੋਂ ਅਮਜਦ ਚਿੜ੍ਹ ਉੱਠਿਆ। ਉਸਨੇ ਆਫੀਆ ਨੂੰ ਇਸ਼ਾਰੇ ਨਾਲ ਸਮਝਾਇਆ ਕਿ ਜੋ ਹੋ ਗਿਆ ਸੋ ਹੋ ਗਿਆ ਹੁਣ ਉਹ ਇੱਥੋਂ ਉੱਠੇ ਤੇ ਘਰ ਨੂੰ ਚੱਲੀਏ। ਪਰ ਆਫੀਆ ਤਾਂ ਭਾਵੁਕਤਾ ਦੇ ਸਾਗਰ ਵਿੱਚ ਡੁੱਬੀ ਹੋਈ ਸੀ। ਉਸਨੇ ਅਮਜਦ ਦੀ ਕੋਈ ਗੱਲ ਨਾ ਸੁਣੀ। ਉਹ ਆਪਣੇ ਭਾਸ਼ਣ ਦਿੰਦੀ ਰਹੀ। ਉੱਧਰ ਬੱਚੇ ਵੀ ਘਰ ਜਾਣ ਦੀ ਜ਼ਿਦ ਕਰ ਰਹੇ ਸਨ। ਅਮਜਦ ਅੱਪਸੈੱਟ ਹੋ ਗਿਆ। ਉਹ ਆਫੀਆ ਨੂੰ ਇਕੱਲੀ ਨੂੰ ਛੱਡ ਕੇ ਵੀ ਨਹੀਂ ਜਾ ਸਕਦਾ ਸੀ। ਆਖਰ ਕਿਧਰੇ ਲੇਟ ਰਾਤ ਸਮਾਗਮ ਖਤਮ ਹੋਇਆ। ਬੱਚੇ ਕਾਰ ਵਿੱਚ ਸੁੱਤੇ ਪਏ ਸਨ। ਕਾਰ ਵਿੱਚ ਬਹਿੰਦੇ ਉਹ ਘਰ ਨੂੰ ਤੁਰੇ ਤਾਂ ਅਮਜਦ ਨੇ ਆਫੀਆ ਨੂੰ ਅੰਗੂਠੀ ਦਾਨ ਕਰਨ ਬਾਰੇ ਬੁਰਾ ਭਲਾ ਕਿਹਾ। ਇਸ ਗੱਲ 'ਤੇ ਆਫੀਆ ਨੇ ਉਸਦਾ ਮਜ਼ਾਕ ਉਡਾਇਆ। ਹੌਲੀ ਹੌਲੀ ਚੱਲਦੀਆਂ ਗੱਲਾਂ ਬਹਿਸ ਵਿੱਚ ਬਦਲ ਗਈਆਂ। ਜਦੋਂ ਉਹ ਘਰ ਪਹੁੰਚੇ ਤਾਂ ਉਹ ਬੁਰੀ ਤਰਾਂ ਬਹਿਸ ਰਹੇ ਸਨ। ਘਰੇ ਜਾ ਕੇ ਅਮਜਦ, ਬੱਚੇ ਨੂੰ ਬੋਤਲ ਨਾਲ ਦੁੱਧ ਪਿਲਾਉਣ ਲੱਗਿਆ। ਆਫੀਆ ਬਹਿਸ ਕਰਦੀ ਉਸ ਨਾਲ ਉਲਝ ਪਈ ਤਾਂ ਬੋਤਲ ਉਸਦੇ ਮੂੰਹ 'ਤੇ ਕਸੂਤੀ ਵੱਜ ਗਈ। ਸਿੱਟੇ ਵਜੋਂ ਉਸਦੇ ਮੂੰਹ 'ਤੇ ਜ਼ਖ਼ਮ ਹੋ ਗਿਆ ਤੇ ਖੂਨ ਨਿਕਲਣ ਲੱਗਿਆ। ਅਮਜਦ ਨੇ ਉਸੇ ਵੇਲੇ ਕਿਸੇ ਦੋਸਤ ਡਾਕਟਰ ਨੂੰ ਫੋਨ ਕੀਤਾ ਤੇ ਆਫੀਆ ਦੇ ਜ਼ਖ਼ਮ ਦੀ ਸਟਿਚਿੰਗ ਕਰਵਾ ਕੇ ਲਿਆਇਆ। ਉਸ ਪਿੱਛੋਂ ਦੋਨਾਂ ਦਰਮਿਆਨ ਤਲਖ਼ੀ ਤਕਰੀਬਨ ਖਤਮ ਹੋ ਗਈ। ਅਗਲੇ ਦਿਨ ਆਫੀਆ, ਫੌਜ਼ੀਆ ਕੋਲ ਆਪਣੇ ਬੱਚੇ ਛੱਡਣ ਗਈ ਤਾਂ ਉਸਨੇ ਮੂੰਹ 'ਤੇ ਸਟਿੰਚਿੰਗ ਦੇ ਨਿਸ਼ਾਨਾ ਬਾਰੇ ਪੁੱਛਿਆ। ਆਫੀਆ ਦੇ ਸਾਰੀ ਹਕੀਕਤ ਦੱਸਣ ਪਿੱਛੋਂ ਫੌਜ਼ੀਆ ਨੇ ਸਭ ਤੋਂ ਪਹਿਲਾਂ ਆਫੀਆ ਦੇ ਮੂੰਹ ਦੀਆਂ ਫੋਟੋਆਂ ਲਈਆਂ। ਫਿਰ ਉਹ ਉਸਨੂੰ ਭੜਕਾਉਂਦੀ ਰਹੀ। ਆਖਰ ਆਫੀਆ ਉਸਦੀਆਂ ਗੱਲਾਂ 'ਚ ਆ ਗਈ। ਸ਼ਾਮ ਵੇਲੇ ਜਦੋਂ ਅਮਜਦ ਉੱਥੇ ਆਇਆ ਤਾਂ ਫੌਜ਼ੀਆ ਨੇ ਦਰਵਾਜ਼ਾ ਨਾ ਖੋਲ੍ਹਿਆ। ਅਮਜਦ ਨੂੰ ਇਹ ਗੱਲ ਖਟਕ ਗਈ ਕਿ ਫੌਜ਼ੀਆ ਨੇ ਵਿੱਚ ਆ ਕੇ ਸਾਡੇ ਆਪਸੀ ਮਾਮਲੇ ਨੂੰ ਤੂਲ ਦੇ ਦਿੱਤੀ ਹੈ। ਅਗਲੇ ਦਿਨ ਉਹ ਫੋਨ ਕਰਦਾ ਰਿਹਾ ਪਰ ਕਿਸੇ ਨੇ ਫੋਨ ਨਾ ਚੁੱਕਿਆ। ਉਸਦਾ ਮਨ ਬਹੁਤ ਖਰਾਬ ਹੋ ਗਿਆ। ਤੀਸਰੇ ਦਿਨ ਉਸਨੇ ਫੋਨ ਕੀਤਾ ਤਾਂ ਆਫੀਆ ਨੇ ਫੋਨ ਚੁੱਕਦਿਆਂ ਹੌਲੇ ਜਿਹੇ ਹੌਲੋ ਕਹੀ।
''ਆਫੀਆ ਕੀ ਗੱਲ ਹੋ ਗਈ? ਨਾ ਤੂੰ ਮੁੜ ਕੇ ਘਰ ਆਈ ਐਂ ਨਾ ਫੋਨ ਚੁੱਕ ਰਹੀ ਐਂ?''
''ਉਹ ਫੌਜ਼ੀਆ ਆਪਾ...।'' ਇੰਨਾ ਕਹਿ ਕੇ ਉਹ ਚੁੱਪ ਹੋ ਗਈ।
''ਆਫੀਆ ਵੇਖ ਇਹ ਆਪਣਾ ਆਪਸੀ ਮਾਮਲਾ ਐ। ਚੰਗਾ ਐ ਕਿ ਇਸਨੂੰ ਆਪਾਂ ਆਪ ਈ ਨਜਿੱਠ ਲਈਏ।''
''ਚੰਗਾ ਅੱਜ ਸ਼ਾਮ ਵੇਲੇ ਆ ਜਾਵੀਂ। ਉਸ ਵੇਲੇ ਫੌਜ਼ੀਆ ਆਪਾ ਘਰ ਨਹੀਂ ਹੋਵੇਗੀ।''
ਉਸੇ ਸ਼ਾਮ ਅਮਜਦ ਫੌਜ਼ੀਆ ਦੇ ਘਰ ਗਿਆ ਤਾਂ ਆਫੀਆ ਨੇ ਦਰਵਾਜ਼ਾ ਖੋਲ੍ਹ ਦਿੱਤਾ। ਉਸਦਾ ਚਿਹਰਾ ਉਤਰਿਆ ਹੋਇਆ ਸੀ। ਉਂਝ ਵੀ ਕਾਫੀ ਉਦਾਸ ਦਿਸ ਰਹੀ ਸੀ। ਅਮਜਦ ਨੇ ਉਸ ਦਿਨ ਲਈ ਮੁਆਫੀ ਮੰਗੀ। ਆਫੀਆ ਦਾ ਰੰਗ ਇੱਕਦਮ ਬਦਲ ਗਿਆ। ਉਹ ਉੱਚੀ ਬੋਲਣ ਲੱਗੀ। ਬੋਲਦੀ ਬੋਲਦੀ ਉਹ ਅਮਜਦ ਦੇ ਕੋਲ ਆ ਗਈ ਤੇ ਉਸਦੀ ਛਾਤੀ 'ਚ ਮੁੱਕੀਆਂ ਮਾਰਨ ਲੱਗੀ। ਅਮਜਦ ਚੁੱਪ ਚਾਪ ਖੜ੍ਹਾ ਰਿਹਾ। ਹੌਲੀ ਹੌਲੀ ਆਫੀਆ ਦੇ ਹੱਥ ਰੁਕਦੇ ਗਏ। ਫਿਰ ਉਸਨੇ ਅਮਜਦ ਦੇ ਦੁਆਲੇ ਬਾਹਾਂ ਵਲ ਲਈਆਂ ਤੇ ਉੱਚੀ ਰੋਣ ਲੱਗੀ। ਅਮਜਦ ਨੇ ਉਸਨੂੰ ਚੁੱਪ ਕਰਾਇਆ। ਜਦੋਂ ਸ਼ਾਮ ਵੇਲੇ ਫੌਜ਼ੀਆ ਘਰ ਆਈ ਤਾਂ ਉਸਨੇ ਵੇਖਿਆ ਕਿ ਆਫੀਆ ਆਪਣੇ ਬੱਚਿਆਂ ਸਮੇਤ ਜਾ ਚੁੱਕੀ ਸੀ। ਇਸ ਪਿੱਛੋਂ ਅਮਜਦ ਨੇ ਸੋਚਿਆ ਕਿ ਇੱਥੋਂ ਕਿਧਰੇ ਦੂਰ ਮੂਵ ਹੋ ਜਾਇਆ ਜਾਵੇ ਤਾਂ ਕਿ ਅੱਗੇ ਤੋਂ ਫੌਜ਼ੀਆ ਸਾਡੇ ਘਰੇਲੂ ਮਸਲਿਆਂ 'ਚ ਦਖਲ ਨਾ ਦੇ ਸਕੇ। ਜੂਨ 2001 ਨੂੰ ਉਸਨੇ ਗਰੈਂਡਾ ਹਾਈਟਸ ਨਾਂ ਦੇ ਇਲਾਕੇ ਵਿੱਚ ਵੱਡਾ ਅਪਾਰਟਮੈਂਟ ਲੈ ਲਿਆ। ਇਹ ਕਾਫੀ ਵੱਡਾ ਸੀ। ਇਸ ਕਰਕੇ ਉਸਨੇ ਇਸਦਾ ਇੱਕ ਕਮਰਾ ਆਪਣੇ ਨਾਲ ਕੰਮ ਕਰਦੇ ਇੱਕ ਸਾਊਦੀ ਅਰਬ ਦੇ ਬਾਸ਼ਿੰਦੇ ਨੂੰ ਕਿਰਾਏ 'ਤੇ ਦੇ ਦਿੱਤਾ। ਜ਼ਿੰਦਗੀ ਫਿਰ ਤੋਂ ਵਧੀਆ ਢੰਗ ਨਾਲ ਗੁਜ਼ਰਨ ਲੱਗੀ। ਇਨ੍ਹਾਂ ਹੀ ਦਿਨਾਂ 'ਚ ਉਸਾਮਾ ਬਿਨ ਲਾਦਿਨ ਦੀ ਵੀਡੀਓ ਟੇਪ ਚੈਨਲਾਂ 'ਤੇ ਚੱਲਣ ਲੱਗੀ। ਪਹਿਲੀ ਵਾਰ ਉਹ ਬਹੁਤ ਹੀ ਖੁੱਲ੍ਹ ਕੇ ਬੋਲ ਰਿਹਾ ਸੀ। ਅਮਰੀਕਾ ਦੇ ਉਹ ਬਹੁਤ ਹੀ ਖਿਲਾਫ ਸੀ। ਸੁਣਨ ਵਾਲੇ ਆਪਣੇ ਆਪਣੇ ਅੰਦਾਜ਼ੇ ਲਾਉਣ ਲੱਗੇ ਕਿ ਇਸਦਾ ਮਤਲਬ ਕੀ ਹੋਇਆ ਕਿ ਉਸਾਮਾ ਬਿਨ ਲਾਦਿਨ ਇੱਕ ਦਮ ਪਬਲਿਕ ਮੂਹਰੇ ਇੰਨੇ ਜ਼ੋਰਦਾਰ ਢੰਗ ਨਾਲ ਆਇਆ ਹੈ। ਕੇਅਰਬਰਦਰਜ ਵਰਗੀਆਂ ਜਥੇਬੰਦੀਆਂ ਵੀ ਕੁਝ ਸਮਝ ਨਾ ਸਕੀਆਂ।
ਉੱਧਰ ਮਾਰਲੇਨ ਆਪਣੇ ਨਵੇਂ ਘਰਵਾਲੇ ਅਨਵਰ ਅਲ ਮੀਰਾਬੀ ਨਾਲ ਹੂਸਟਨ ਤੋਂ ਚੱਲ ਕੇ ਬਾਸਟਨ ਪਹੁੰਚੀ। ਇਹ ਸਾਰਾ ਸਫਰ ਉਨ੍ਹਾਂ ਨੇ ਕਾਰ ਰਾਹੀਂ ਤਹਿ ਕੀਤਾ। ਵੱਡੀ ਗੱਲ ਉਸ ਵੇਲੇ ਮਾਰਲੇਨ ਪਰੈੱਗਨੈਂਟ ਸੀ ਤੇ ਬੱਚੇ ਦੀ ਡਲਿਵਰੀ ਵਿੱਚ ਵੀ ਜ਼ਿਆਦਾ ਵਕਤ ਨਹੀਂ ਸੀ। ਐਫ. ਬੀ.ਆਈ. ਇਸ ਜੋੜੇ ਦੀਆਂ ਹਰਕਤਾਂ ਨੋਟ ਕਰ ਰਹੀ ਸੀ ਪਰ ਉਨ੍ਹਾਂ ਨੂੰ ਵੀ ਸਮਝ ਨਾ ਲੱਗੀ ਕਿ ਇਹ ਇਸ ਤਰ੍ਹਾਂ ਬਾਸਟਨ ਵਿੱਚ ਕੀ ਕਰਨ ਆਏ ਹੋਏ। ਮਾਰਲੇਨ ਹੋਰਾਂ ਨੇ ਉੱਥੇ ਦੇ ਦੋਸਤਾਂ ਨੂੰ ਦੱਸਿਆ ਕਿ ਪਹਿਲੇ ਬੱਚੇ ਦੀ ਡਲਿਵਰੀ ਉਹ ਬਾਸਟਨ 'ਚ ਚਾਹੁੰਦੇ ਹਨ, ਇਸੇ ਲਈ ਉਹ ਇੱਥੇ ਆਏ ਹਨ। ਇਸ ਵਿਚਕਾਰ ਉਹ ਖਾਸ ਦੋਸਤਾਂ ਮਿੱਤਰਾਂ ਨੂੰ ਮਿਲਦੇ ਰਹੇ। ਉਨ੍ਹਾਂ ਨੂੰ ਬਹੁਤ ਹੀ ਮਾਣ ਸਤਿਕਾਰ ਦਿੱਤਾ ਗਿਆ। ਕਈ ਦਿਨਾਂ ਪਿੱਛੋਂ 29 ਅਗਸਤ 2001 ਨੂੰ ਮਾਰਲੇਨ ਨੇ ਮੁੰਡੇ ਨੂੰ ਜਨਮ ਦਿੱਤਾ। ਇਸਦੇ ਹਫਤਾ ਪਿੱਛੋਂ ਉਹ ਉਵੇਂ ਹੀ ਕਾਰ ਰਾਹੀਂ ਵਾਪਸ ਚਲੇ ਗਏ। ਜਾਣ ਤੋਂ ਪਹਿਲਾਂ ਮਾਰਲੇਨ, ਆਫੀਆ ਨੂੰ ਪਾਸੇ ਲਿਜਾਂਦਿਆਂ ਹੋਇਆਂ ਬੋਲੀ, ''ਉਹ ਵੱਡਾ ਦਿਨ ਆਉਣ ਵਾਲਾ ਐ ਜਿਸ ਦੀ ਆਪਾਂ ਨੂੰ ਚਿਰਾਂ ਤੋਂ ਉਡੀਕ ਐ।''
''ਮਾਰਲੇਨ ਜ਼ਰਾ ਵਿਸਥਾਰ ਨਾਲ ਦੱਸ।'' ਆਫੀਆ ਨੂੰ ਖੁਸ਼ੀ ਭਰਿਆ ਅਚੰਭਾ ਹੋਇਆ।
''ਬੱਸ ਇਸ ਵੇਲੇ ਮੈਂ ਇੰਨਾ ਈ ਕਹਿ ਸਕਦੀ ਆਂ ਕਿ ਬਹੁਤ ਕੁਝ ਵੱਡਾ ਹੋਣ ਜਾ ਰਿਹਾ ਐ। ਜਿਸ ਨੇ ਸਾਰੀ ਦੁਨੀਆਂ ਹਿਲਾ ਦੇਣੀ ਐਂ।''
''ਇੰਸ਼ਾ ਅੱਲਾ ਐਸਾ ਈ ਹੋਵੇ।'' ਆਫੀਆ ਨੂੰ ਇਹ ਤਾਂ ਪਤਾ ਸੀ ਕਿ ਉਸਾਮਾ ਬਿਨ ਲਾਦਿਨ ਦੀ ਹਿਦਾਇਤ 'ਤੇ ਜਿਹਾਦੀ ਗਰੁੱਪ ਕੁਝ ਅਜਿਹਾ ਕਰਨ ਵਾਲੇ ਨੇ ਜਿਸ ਨੇ ਵਾਕਿਆ ਹੀ ਤਹਿਲਕਾ ਮਚਾ ਦੇਣਾ ਹੈ। ਪਰ ਉਹ ਹੈ ਕੀ ਇਸ ਬਾਰੇ ਉਸਨੂੰ ਕੋਈ ਪਤਾ ਨਹੀਂ ਸੀ। ਨਾ ਹੀ ਉਸਨੇ ਮਾਰਲੇਨ ਨੂੰ ਇਸ ਬਾਰੇ ਵਿਸਥਾਰ ਨਾਲ ਪੁੱਛਣਾ ਜ਼ਰੂਰੀ ਸਮਝਿਆ।
ਐਫ. ਬੀ. ਆਈ. ਆਪਣੇ ਅੰਦਾਜ਼ੇ ਲਾਉਂਦੀ ਰਹੀ ਕਿ ਇਸ ਜੋੜੇ ਦਾ ਇਸ ਮੁਕਾਮ 'ਤੇ ਇੱਥੇ ਆਉਣ ਦਾ ਕੀ ਕੰਮ ਹੋਇਆ। ਟੀਵੀ ਚੈਨਲ ਆਪਣੇ ਦਿਮਾਗ ਲੜਾਉਂਦੇ ਰਹੇ ਕਿ ਉਸਾਮਾ ਬਿਨ ਲਾਦਿਨ ਦੀ ਥੋੜੇ ਦਿਨ ਪਹਿਲਾਂ ਆਈ ਜ਼ੋਰਦਾਪ ਟੇਪ ਦਾ ਕੀ ਸੁਨੇਹਾ ਹੋਇਆ। ਉੱਧਰ ਆਫੀਆ ਆਪਣਾ ਦਿਮਾਗ ਖਪਾਉਂਦੀ ਰਹੀ ਕਿ ਮਾਰਲੇਨ ਦੀ ਗੱਲ ਦਾ ਕੀ ਮਤਲਬ ਹੋਇਆ। ਸਭ ਦੇ ਆਪਣੇ ਆਪਣੇ ਅੰਦਾਜ਼ੇ ਸਨ। ਪਰ ਗਿਆਰਾਂ ਸਤੰਬਰ ਦੇ ਦਿਨ ਸਭ ਦੇ ਭਰਮ ਭੁਲੇਖੇ ਦੂਰ ਹੋ ਗਏ। ਉਸ ਦਿਨ ਆਫੀਆ ਸਵੇਰੇ ਵੇਲੇ ਖ਼ਬਰਾਂ ਸੁਣ ਰਹੀ ਸੀ। ਕਿਸੇ ਖਾਸ ਖ਼ਬਰ ਨੇ ਉਸਦੀਆਂ ਅੱਖਾਂ ਟੀਵੀ ਸਕਰੀਨ ਨਾਲ ਜੋੜ ਦਿੱਤੀਆਂ। ਖ਼ਬਰ ਆ ਰਹੀ ਸੀ,
'ਅੱਜ ਸਵੇਰੇ ਅਮੈਰਿਕਨ ਏਅਰਲਾਈਨਜ਼ ਦੀ ਫਲਾਈਟ ਨੰਬਰ 11 ਨੇ ਵਰਲਡ ਟਰੇਡ ਸੈਂਟਰ ਦੇ ਨਾਰਥ ਟਾਵਰ ਨੂੰ ਅੱਠ ਵੱਜ ਕੇ ਛਿਆਲੀ ਮਿੰਟ 'ਤੇ ਹਿੱਟ ਕੀਤਾ। ਇਸਦੇ ਠੀਕ ਸਤਾਰਾਂ ਮਿੰਟ ਪਿੱਛੋਂ ਯੁਨਾਈਟਡ ਏਅਰਲਾਈਨਜ਼ ਦੀ ਫਲਾਈਟ ਨੰਬਰ 175, ਸੈਂਟਰ ਦੇ ਸਾਊਥ ਟਾਵਰ ਨਾਲ ਟਕਰਾ ਗਈ। ਦੋਨੋਂ ਪਲੇਨ ਬਾਸਟਨ ਦੇ ਲੋਗਨ ਇੰਟਰਨੈਸ਼ਨਲ ਏਅਰਪੋਰਟ ਤੋਂ ਉੱਡੇ ਸਨ। ਉੱਥੋਂ ਉੱਡਣ ਪਿੱਛੋਂ ਇਨ੍ਹਾਂ ਨੂੰ ਹਾਈਜੈਕਰਾਂ ਨੇ ਅਗਵਾ ਕਰ ਲਿਆ ਤੇ ਫਿਰ ਆਪ ਹੀ ਚਲਾ ਕੇ ਇਨ੍ਹਾਂ ਨੂੰ ਵਰਡ ਟਰੇਡ ਸੈਂਟਰ ਦੇ ਨਾਰਥ ਅਤੇ ਸਾਊਥ ਟਾਵਰਾਂ ਵਿੱਚ ਲਿਆ ਮਾਰਿਆ। ਹਜ਼ਾਰਾਂ ਵਿਅਕਤੀ ਮਰ ਚੁੱਕੇ ਹਨ। ਹਜ਼ਾਰਾਂ ਹੀ ਢਹਿ ਰਹੇ ਇਨ੍ਹਾਂ ਟਾਵਰਾਂ ਦੇ ਅੰਦਰ ਘਿਰੇ ਹੋਏ ਹਨ। ਇਸ ਤੋਂ ਬਿਨਾਂ ਇੱਕ ਪਲੇਨ ਪੈਂਟਾਗਾਨ ਨਾਲ ਟਕਰਾ ਗਿਆ ਹੈ। ਇੱਕ ਹੋਰ ਅਗਵਾ ਹੋਇਆ ਪਲੇਨ ਹਾਈਜੈਕਰਾਂ ਨੇ ਪੈਨਸਲਵੇਨੀਆਂ ਦੇ ਖੇਤਾਂ ਵਿੱਚ ਸੁੱਟ ਦਿੱਤਾ ਹੈ।''
ਟੀਵੀ ਚੈਨਲ ਨੇ ਕੁਝ ਦੇਰ ਲਈ ਕੈਮਰਾ ਢਹਿ ਰਹੀਆਂ ਬਿਲਡਿੰਗਾਂ ਵੱਲ ਕਰ ਦਿੱਤਾ। ਉੱਥੇ ਮੌਤ, ਤਾਂਡਵ ਨਾਚ ਨੱਚ ਰਹੀ ਸੀ। ਹਰ ਪਾਸੇ ਉੱਪਰੋਂ ਹੇਠਾਂ ਡਿੱਗ ਕੇ ਮਰਦੇ ਲੋਕ ਵਿਖਾਈ ਦੇ ਰਹੇ ਸਨ। ਸੈਂਕੜੇ ਲੋਕਾਂ ਨੇ ਬਚਣ ਦੀ ਉਮੀਦ 'ਚ ਦਫਤਰਾਂ 'ਚੋਂ ਬਾਹਰ ਨਿਕਲ ਕੇ ਖਿੜਕੀਆਂ ਨੂੰ ਹੱਥ ਪਾਏ ਹੋਏ ਸਨ ਤੇ ਹੇਠਾਂ ਨੂੰ ਲਮਕ ਰਹੇ ਸਨ। ਜਿਸ ਕਿਸੇ ਦੇ ਵੀ ਹੱਥ ਝੂਠੇ ਪੈਂਦੇ ਉਹ ਅੱਧ ਅਸਮਾਨੋਂ ਹੇਠਾਂ ਆ ਡਿੱਗਦਾ। ਹਰ ਪਾਸੇ ਲੋਕਾਂ ਦੀਆਂ ਦਰਦ ਭਿੰਨੀਆਂ ਚੀਕਾਂ ਸੁਣ ਰਹੀਆਂ ਸਨ। ਆਲੇ ਦੁਆਲੇ ਗੂਹੜਾ ਗਰਦਾ ਛਾਇਆ ਹੋਇਆ ਸੀ। ਹਰ ਕੋਈ ਰੋ ਰਿਹਾ ਸੀ। ਬਲਕਿ ਸਾਰਾ ਅਮਰੀਕਾ ਰੋ ਰਿਹਾ ਸੀ। ਉੱਥੇ ਬਚ ਕੇ ਨਿਕਲੇ ਭੱਜਦੇ ਲੋਕਾਂ ਨਾਲ ਸੜਕਾਂ ਭਰੀਆਂ ਪਈਆਂ ਸਨ। ਦੋਵੇਂ ਟਵਿਨ ਟਾਵਰ ਧੂੰ ਧੂੰ ਕਰਕੇ ਮੱਚ ਰਹੇ ਸਨ। ਫਿਰ ਤੋਂ ਖ਼ਬਰਾਂ ਸੁਣਾਉਣ ਵਾਲੀ ਐਂਕਰ ਬੋਲਣ ਲੱਗੀ, ''ਸਰਕਾਰ ਨੂੰ ਪੱਕਾ ਸ਼ੱਕ ਐ ਕਿ ਅੱਜ ਦੀ ਇਸ ਅਤੀ ਕਰੂਰ ਘਟਨਾ ਲਈ ਕੱਟੜ ਇਸਲਾਮੀ ਅੱਤਵਾਦੀ ਜ਼ਿੰਮੇਵਾਰ ਹਨ। ਬਾਸਟਨ ਸ਼ਹਿਰ ਵਿੱਚ ਅਲਕਾਇਦਾ ਮੈਂਬਰਾਂ ਅਤੇ ਉਨ੍ਹਾਂ ਦੇ ਹਮਦਰਦਾਂ ਦੇ ਘਰੀਂ ਛਾਪੇ ਵੱਜਣੇ ਸ਼ੁਰੂ ਹੋ ਚੁੱਕੇ ਹਨ। ਖਬਰਾਂ ਚੱਲਦੀਆਂ ਰਹਿਣਗੀਆਂ....।''
Chahals57@yahoo.com
Ph. 0017033623239

No comments:

Post a Comment