Thursday 15 November 2012

ਪੰਦਰਾਂ :---


ਪੋਸਟਿੰਗ : ਅਨੁ. ਮਹਿੰਦਰ ਬੇਦੀ ਜੈਤੋ

 
ਆਫੀਆ ਸਦੀਕੀ ਦਾ ਜਿਹਾਦ…:: ਲੇਖਕ : ਹਰਮਹਿੰਦਰ ਚਹਿਲ :---



ਆਫੀਆ ਦਾ ਨਾਂ ਭਾਵੇਂ ਹਰ ਪਾਸੇ ਅਲੋਪ ਹੋ ਚੁੱਕਿਆ ਸੀ ਪਰ ਇੱਕ ਅਜਿਹਾ ਇਨਸਾਨ ਸੀ ਜੋ ਹਰ ਵੇਲੇ ਉਸ ਬਾਰੇ ਸੋਚਦਾ ਸੀ। ਉਹ ਸੀ ਉਸਦਾ ਪਹਿਲਾ ਪਤੀ ਅਮਜਦ। ਜਦੋਂ ਹੀ ਕਿਧਰੇ ਖ਼ਬਰ ਆਉਂਦੀ ਕਿ ਆਫੀਆ ਗ੍ਰਿਫਤਾਰ ਹੋ ਗਈ ਤਾਂ ਉਹ ਰਾਤ ਰਾਤ ਭਰ ਸੌਂ ਨਾ ਸਕਦਾ। ਆਫੀਆ ਦਾ ਚਿਹਰਾ ਉਸਦੀਆਂ ਅੱਖਾਂ ਅੱਗੇ ਘੁੰਮਦਾ ਰਹਿੰਦਾ। ਉਹ ਇਹ ਸੋਚ ਕੇ ਤੜਪਦਾ ਰਹਿੰਦਾ ਕਿ ਇਸ ਵੇਲੇ ਪਤਾ ਨਹੀਂ ਉਸ 'ਤੇ ਕੀ ਬੀਤ ਰਹੀ ਹੋਊਗਾ। ਪਰ ਜਦੋਂ ਖ਼ਬਰ ਆ ਜਾਂਦੀ ਕਿ ਨਹੀਂ ਉਹ ਅਜੇ ਤੱਕ ਕਿਸੇ ਦੀ ਹਿਰਾਸਤ 'ਚ ਨਹੀਂ ਆਈ ਤਾਂ ਉਸਨੂੰ ਕੁਝ ਸ਼ਾਂਤੀ ਮਿਲਦੀ। ਉਸਦੇ ਆਪਣੇ ਆਪ ਦੇ ਆਫੀਆ ਨਾਲ ਡੂੰਘਾ ਜੁੜੇ ਹੋਣ ਦੇ ਇਲਾਵਾ ਉਸਨੂੰ ਬੱਚਿਆਂ ਦਾ ਬੜਾ ਫਿਕਰ ਰਹਿੰਦਾ ਸੀ। ਉਹ ਸੋਚਦਾ ਕਿ ਉਹ ਜਿੱਥੇ ਕਿਤੇ ਵੀ ਹੈ ਰਹੀ ਜਾਵੇ ਪਰ ਪੁਲੀਸ ਦੇ ਹੱਥ ਨਾ ਆਵੇ। ਇਹ ਦਰਦ ਉਸ ਤੋਂ ਝੱਲ ਨਹੀਂ ਹੋਵੇਗਾ ਤੇ ਨਾਲੇ ਉਸਦੇ ਬੱਚੇ ਰੁਲ ਜਾਣਗੇ।
ਪਰ ਜਦੋਂ ਉਸਨੂੰ ਪਤਾ ਲੱਗਿਆ ਕਿ ਆਫੀਆ ਦੇ ਨਾਲ ਉਸਦਾ ਨਾਂ ਵੀ ਐਫ. ਬੀ. ਆਈ. ਨੇ ਇਸ਼ਤਿਹਾਰੀ ਮੁਜ਼ਰਮਾ ਦੀ ਲਿਸਟ 'ਤੇ ਪਾ ਦਿੱਤਾ ਹੈ ਤਾਂ ਉਸਦੇ ਹੋਸ਼ ਉੱਡ ਗਏ। ਕਿਉਂਕਿ ਉਹ ਤਾਂ ਆਪਣੇ ਘਰ ਹੀ ਰਹਿੰਦਾ ਸੀ ਤੇ ਉਸਨੇ ਸੋਚਿਆ ਕਿ ਉਸਨੂੰ ਤਾਂ ਪੁਲੀਸ ਕਿਸੇ ਵੇਲੇ ਵੀ ਗ੍ਰਿਫਤਾਰ ਕਰ ਸਕਦੀ ਹੈ। ਉਸ ਨੇ ਆਪਣੇ ਪਿਉ ਨਾਲ ਗੱਲ ਕੀਤੀ। ਪਿਉ ਨੇ ਕਿਸੇ ਆਪਣੇ ਦੋਸਤ ਦੀ ਰਾਇ ਲਈ। ਇਹ ਦੋਸਤ ਪਹਿਲਾਂ ਆਈ.ਐੱਸ.ਆਈ. ਦਾ ਅਫਸਰ ਰਹਿ ਚੁੱਕਿਆ ਸੀ ਤੇ ਇਸ ਵੇਲੇ ਰਿਟਾਇਰ ਹੋ ਚੁੱਕਿਆ ਸੀ। ਇਸੇ ਦੋਸਤ ਦੇ ਉੱਦਮ ਨਾਲ ਅਮਜਦ ਦੀ ਆਈ. ਐੱਸ. ਆਈ ਦੇ ਮੌਜੂਦਾ ਕਿਸੇ ਅਫਸਰ ਨਾਲ ਇੰਟਰਵਿਊ ਕਰਵਾਈ ਗਈ। ਉਸਨੇ ਅਮਜਦ ਤੋਂ ਬਹੁਤ ਸਾਰੇ ਸੁਆਲ ਪੁੱਛੇ। ਪਰ ਅਮਜਦ ਨੇ ਜੋ ਸੱਚ ਸੀ ਉਹ ਦੱਸ ਦਿੱਤਾ ਕਿ ਜਿਸ ਆਫੀਆ ਨੂੰ ਉਹ ਜਾਣਦਾ ਹੈ ਉਹ ਇਹੋ ਜਿਹੀ ਨਹੀਂ ਹੈ ਅਤੇ ਹੋ ਸਕਦਾ ਹੈ ਕਿ ਆਫੀਆ ਉਸ ਤੋਂ ਉਹਲਾ ਰੱਖਦੀ ਕੋਈ ਦੂਹਰੀ ਜ਼ਿੰਦਗੀ ਜਿਉਂ ਰਹੀ ਹੋਵੇ। ਲੰਬੀ ਇੰਟਰਵਿਊ ਤੋਂ ਬਾਅਦ ਅਫਸਰ ਨੇ ਉਸਨੂੰ ਫਰੀ ਕਰ ਦਿੱਤਾ। ਆਪਣੇ ਰਿਕਾਰਡ ਵਿੱਚ ਉਸਦਾ ਨਾਂ ਲਿਖ ਦਿੱਤਾ ਕਿ ਇਸ ਬੰਦੇ ਦੀ ਪੁੱਛ ਗਿੱਛ ਹੋ ਚੁੱਕੀ ਹੈ ਤੇ ਇਸਦਾ ਕਿਸੇ ਬੁਰੇ ਅਨਸਰ ਨਾਲ ਕੋਈ ਸਬੰਧ ਨਹੀਂ ਹੈ। ਹੁਣ ਐਫ. ਬੀ. ਆਈ. ਉਸਨੂੰ ਕਿਧਰੇ ਵੀ ਗ੍ਰਿਫਤਾਰ ਨਹੀਂ ਕਰ ਸਕਦੀ ਸੀ। ਖਾਸ ਕਰਕੇ ਪਾਕਿਸਤਾਨ ਵਿੱਚ ਤਾਂ ਬਿਲਕੁਲ ਹੀ ਨਹੀਂ। ਇਸੇ ਦੌਰਾਨ ਅਮਰੀਕਾ ਦੇ ਬਾਲਟੀਮੋਰ ਦਫਤਰ ਤੋਂ ਐਫ. ਬੀ. ਆਈ. ਦਾ ਇੱਕ ਏਜੈਂਟ ਉਸਦੇ ਘਰ ਆ ਪਹੁੰਚਿਆ। ਘਰ ਵਾਲਿਆਂ ਦੇ ਅਸਾਣ ਮਾਰੇ ਗਏ। ਪਰ ਅਮਜਦ ਨੇ ਉਦੋਂ ਹੀ ਆਈ. ਐੱਸ. ਆਈ. ਨਾਲ ਆਪਣੀ ਹੋਈ ਇੰਟਰਵਿਊ ਬਾਰੇ ਦੱਸਿਆ ਤੇ ਉਸ ਅਫਸਰ ਦਾ ਨਾਂ ਅਤੇ ਫੋਨ ਨੰਬਰ ਬਗੈਰਾ ਦੇ ਦਿੱਤਾ। ਉਸ ਵੇਲੇ ਤਾਂ ਉਹ ਏਜੈਂਟ ਚਲਿਆ ਗਿਆ ਪਰ ਅਗਲੇ ਦਿਨ ਫਿਰ ਆ ਗਿਆ। ਖੈਰ ਹੁਣ ਉਸਨੇ ਦੱਸਿਆ ਕਿ ਉਹ ਸਿਰਫ ਅਮਜਦ ਦੀ ਉਸਦੇ ਘਰ 'ਚ ਹੀ ਪੁੱਛ ਗਿੱਛ ਕਰੇਗਾ। ਲੰਬੀ ਗੱਲਬਾਤ ਤੋਂ ਪਿੱਛੋਂ ਇਸ ਏਜੈਂਟ ਨੇ ਵੀ ਇਹੀ ਨਤੀਜਾ ਕੱਢਿਆ ਕਿ ਅਮਜਦ ਨੂੰ ਆਫੀਆ ਦੀ ਦੂਹਰੀ ਜ਼ਿੰਦਗੀ ਦਾ ਇਲਮ ਨਹੀਂ ਹੈ। ਉਹ ਵਾਪਸ ਅਮਰੀਕਾ ਮੁੜ ਗਿਆ।
ਆਫੀਆ ਦੀ ਮਾਂ ਕੋਲ ਗਰੀਨ ਕਾਰਡ ਸੀ ਤੇ ਉਹ ਅਮਰੀਕਾ ਜਾ ਸਕਦੀ ਸੀ। ਉਹ ਆਪਣੀ ਧੀ ਨੂੰ ਭਾਲਣ ਲਈ ਅਮਰੀਕਾ ਲਈ ਚੱਲ ਪਈ। ਨਿਊਯਾਰਕ ਦੇ ਕਨੇਡੀ ਏਅਰਪੋਰਟ 'ਤੇ ਹੀ ਉਸਨੂੰ ਐਫ ਬੀ ਆਈ ਬਗੈਰਾ ਨੇ ਘੇਰ ਲਿਆ। ਪਰ ਉਹ ਡਰੀ ਨਹੀਂ ਤੇ ਉੱਚੀ ਰੌਲਾ ਪਾਉਂਦਿਆਂ ਚੀਕ ਚੀਕ ਕੇ ਕਹਿੰਦੀ ਰਹੀ ਕਿ ਉਸਦੀ ਧੀ ਵਾਪਸ ਕਰੋ। ਚਾਰ ਘੰਟਿਆਂ ਪਿੱਛੋਂ ਉਸਨੂੰ ਛੱਡਿਆ ਤਾਂ ਉਹ ਬਾਹਰ ਉਡੀਕ ਰਹੀ ਫੌਜ਼ੀਆ ਨਾਲ ਉਸਦੇ ਘਰ ਚਲੀ ਗਈ। ਦੋ ਕੁ ਦਿਨਾਂ ਬਾਅਦ ਹੀ ਦਰਵਾਜ਼ੇ 'ਤੇ ਸ਼ੈਰਿਫ ਦਫਤਰ ਦਾ ਅਫਸਰ ਖੜ੍ਹਾ ਸੀ। ਉਸਨੇ ਇਸਮਤ ਸਦੀਕੀ ਬਾਰੇ ਪੁੱਛਿਆ, ''ਮੈਮ ਮੈਂ ਇਸਮਤ ਸਦੀਕੀ ਨੂੰ ਮਿਲਣਾ ਚਾਹੁੰਦਾ ਆਂ।''
''ਕਾਹਦੇ ਲਈ?'' ਫੌਜ਼ੀਆ ਦੇ ਚਿਹਰੇ 'ਤੇ ਚਿੰਤਾ ਦੀਆਂ ਲਕੀਰਾਂ ਉੱਭਰ ਆਈਆਂ।
''ਉਸਨੂੰ ਕੋਰਟ ਦਾ ਹੁਕਮ ਐ ਕਿ ਉਹ ਗਰੈਂਡ ਜਿਊਰੀ ਦੇ ਪੇਸ਼ ਹੋਵੇ।''
ਇੰਨੇ ਨੂੰ ਇਸਮਤ ਉੱਥੇ ਆ ਗਈ। ਉਸਨੇ ਦਸਤਖਤ ਕਰਕੇ ਕੋਰਟ ਦਾ ਸਫੀਨਾ ਲੈ ਲਿਆ। ਇਸ ਪਿੱਛੋਂ ਦੋਨੋਂ ਮਾਵਾਂ ਧੀਆਂ ਫਿਕਰ 'ਚ ਡੁੱਬ ਗਈਆਂ। ਫੌਜ਼ੀਆ ਨੇ ਆਪਣੇ ਭਰਾ ਨੂੰ ਟੈਕਸਾਸ 'ਚ ਫੋਨ ਕਰਕੇ ਇਸ ਬਾਰੇ ਦੱਸਿਆ। ਉਸਨੇ ਵਕੀਲ ਕਰ ਲੈਣ ਦੀ ਸਲਾਹ ਦਿੱਤੀ। ਡਰ ਸੀ ਕਿ ਕਿਧਰੇ ਉਨ੍ਹਾਂ ਦੀ ਮਾਂ ਨੂੰ ਜੇਲ੍ਹ ਵਿੱਚ ਹੀ ਨਾ ਡੱਕ ਦੇਣ। ਕਿਸੇ ਦੋਸਤ ਨੇ ਬਾਸਟਨ ਦੀ ਬਹੁਤ ਹੀ ਮਸ਼ਹੂਰ ਵਕੀਲ, ਸ਼ਾਰਪ ਬਾਰੇ ਦੱਸਿਆ। ਫੌਜ਼ੀਆ ਨੇ ਸ਼ਾਰਪ ਨੂੰ ਫੋਨ ਕੀਤਾ। ਪਹਿਲਾਂ ਤਾਂ ਉਹ ਕੇਸ ਲੈਣ ਤੋਂ ਹਿਚਕਿਚਾਉਂਦੀ ਰਹੀ ਪਰ ਫਿਰ ਮੰਨ ਗਈ। ਇਸ ਨਾਲ ਮਾਵਾਂ ਧੀਆਂ ਨੂੰ ਬੜੀ ਰਾਹਤ ਮਿਲੀ। ਸ਼ਾਰਪ ਨੇ ਸਭ ਤੋਂ ਪਹਿਲਾ ਕੰਮ ਇਹ ਕੀਤਾ ਕਿ ਇਸਮਤ ਨੂੰ ਦਿਮਾਗੀ ਪਰੇਸ਼ਾਨੀ ਦਾ ਕਾਰਨ ਦੱਸ ਕੇ, ਹਾਲ ਦੀ ਘੜੀ ਗਰੈਂਡ ਜਿਊਰੀ ਦੇ ਪੇਸ਼ ਹੋਣ ਤੋਂ ਛੋਟ ਦਿਵਾ ਦਿੱਤੀ। ਇੱਧਰੋਂ ਖਹਿੜਾ ਛੁੱਟਦਿਆਂ ਈ ਇਸਮਤ ਆਪਣੇ ਮੁੰਡੇ ਮੁਹੰਮਦ ਕੋਲ ਟੈਕਸਾਸ ਚਲੀ ਗਈ। ਪਰ ਉਸਦੇ ਉੱਥੇ ਪਹੁੰਚਣ ਦੇ ਅਗਲੇ ਦਿਨ ਸਵੇਰੇ ਹੀ ਐਫ. ਬੀ. ਆਈ. ਵਾਲੇ ਉਸਦੇ ਦਰਵਾਜ਼ੇ 'ਤੇ ਆ ਖੜ੍ਹੇ। ਉਹ ਇਸਮਤ ਦੀ ਇੰਟਰਵਿਊ ਕਰਨਾ ਚਾਹ ਰਹੇ ਸਨ। ਮੁਹੰਮਦ ਨੇ ਤੁਰੰਤ ਆਪਣੇ ਲੋਕਲ ਵਕੀਲ ਨੂੰ ਫੋਨ ਕੀਤਾ ਤਾਂ ਵਕੀਲ ਉਸੇ ਵੇਲੇ ਉਸਦੇ ਘਰ ਆ ਗਿਆ। ਐਫ. ਬੀ. ਆਈ. ਏਜੈਂਟ ਨੇ ਇੰਟਰਵਿਊ ਸ਼ੁਰੂ ਕਰਦਿਆਂ ਸੁਆਲ ਕੀਤਾ, ''ਮੈਮ ਤੂੰ ਅਮਰੀਕਾ 'ਚ ਕੀ ਕਰਨ ਆਈ ਐਂ?''
''ਮੇਰੇ ਕੋਲ ਗਰੀਨ ਕਾਰਡ ਐ। ਮੈਂ ਜਦੋਂ ਮਰਜ਼ੀ ਇੱਥੇ ਆਵਾਂ ਜਾਵਾਂ, ਤੁਸੀਂ ਕੌਣ ਹੁੰਨੇ ਓਂ ਮੈਨੂੰ ਪੁੱਛਣ ਵਾਲੇ?'' ਇਸਮਤ ਇੱਥੇ ਵੀ ਡਰੀ ਨਾ। ਸਗੋਂ ਡਟ ਕੇ ਉੱਤਰ ਦੇਣ ਲੱਗੀ।
''ਤੂੰ ਕਦੇ ਉਸਾਮਾ ਬਿਨ ਲਾਦਿਨ ਨੂੰ ਮਿਲੀ ਐਂ?''
'ਮੈਨੂੰ ਉਸਨੂੰ ਮਿਲਣ ਦੀ ਕੋਈ ਲੋੜ ਨ੍ਹੀਂ ਐ। ਨ੍ਹੀਂ ਮੈਂ ਉਸਨੂੰ ਨ੍ਹੀਂ ਮਿਲੀ।''
''ਤੇਰੀ ਧੀ ਆਫੀਆ ਕਿੱਥੇ ਐ?''
''ਮੈਂ ਤਾਂ ਖੁਦ ਉਸਨੂੰ ਲੱਭਦੀ ਫਿਰਦੀ ਆਂ। ਉਸੇ ਨੂੰ ਭਾਲਦੀ ਮੈਂ ਅਮਰੀਕਾ ਆਈ ਆਂ। ਇਸ ਗੱਲ ਦਾ ਜੁਆਬ ਤੁਸੀਂ ਦੇਵੋ ਕਿ ਤੁਸੀਂ ਆਫੀਆ ਨੂੰ ਕਿੱਥੇ ਕੈਦ ਕਰਕੇ ਰੱਖਿਆ ਹੋਇਐ।''
'ਵਟ ਨਾਨਸੈਂਸ। ਅਸੀਂ ਉਸਨੂੰ ਨ੍ਹੀਂ ਫੜਿਆ। ਉਹ ਸਾਡੇ ਕਬਜ਼ੇ 'ਚ ਨ੍ਹੀਂ ਐ। ਤੂੰ ਜਾਣ ਬੁੱਝ ਕੇ ਨ੍ਹੀਂ ਦੱਸ ਰਹੀ। ਤੁਸੀਂ ਮਾਵਾਂ ਧੀਆਂ ਨੇ ਮਿਲ ਕੇ ਅਮਰੀਕਾ ਖਿਲਾਫ ਕੋਈ ਸਾਜ਼ਿਸ਼ ਰਚੀ ਐ। ਉਸੇ ਸਾਜਿਸ਼ ਨੂੰ ਅਸਲੀ ਰੂਪ ਦੇਣ ਤੂੰ ਇੱਥੇ ਆਈ ਐਂ।''
''ਇਹ ਸਭ ਬਕਵਾਸ ਐ। ਤੁਸੀਂ ਮੇਰੀ ਧੀ ਨੂੰ ਕਿਧਰੇ ਖਪਾ ਦਿੱਤਾ ਐ। ਦੱਸੋ ਕਿੱਥੇ ਐ ਮੇਰੀ ਧੀ?'' ਉਹ ਉੱਚੀ ਬੋਲਣ ਲੱਗੀ।
'ਮੈਮ ਤੂੰ ਸਾਡੀ ਇੰਟਰਵਿਊ ਨ੍ਹੀਂ ਕਰ ਰਹੀ। ਸਗੋਂ ਅਸੀਂ ਤੇਰੀ ਇੰਟਰਵਿਊ ਕਰ ਰਹੇ ਆਂ। ਇਸ ਕਰਕੇ ਤੈਨੂੰ ਸਾਡੇ ਜੁਆਬਾਂ ਦੇ ਉੱਤਰ ਦੇਣੇ ਪੈਣਗੇ। ਤੂੰ ਦੱਸ ਬਈ ਕੇ. ਐਸ. ਐਮ. ਬਾਰੇ ਤੂੰ ਕੀ ਜਾਣਦੀ ਐਂ। ਮਜੀਦ ਖਾਨ ਤੇਰਾ ਕੀ ਲੱਗਦਾ ਐ। ਉਸਨੇ ਕੀ ਸਕੀਮਾਂ ਬਣਾਈਆਂ ਸਨ। ਤੇਰੀ ਧੀ ਆਫੀਆ, ਨੇ ਉਸਦੇ ਲਈ ਪੋਸਟ ਆਫਿਸ ਬਾਕਸ ਕਿਰਾਏ 'ਤੇ ਕਿਉਂ ਲੈ ਕੇ ਦਿੱਤਾ ਸੀ?''
'ਤੁਸੀਂ ਸਭ ਝੂਠੇ ਓਂ। ਮੈਂ ਨ੍ਹੀਂ ਕਿਸੇ ਵੀ ਗੱਲ ਦਾ ਉੱਤਰ ਦੇਣਾਂ। ਕਰ ਲਉ ਜੋ ਕਰਨਾ ਐਂ।''
''ਉੱਤਰ ਤਾਂ ਮੈਮ ਤੈਨੂੰ ਦੇਣੇ ਈ ਪੈਣਗੇ।''
ਇੰਨਾ ਕਹਿੰਦਿਆਂ ਐਫ. ਬੀ. ਆਈ. ਦੇ ਏਜੈਂਟ ਉੱਠ ਖੜ੍ਹੇ ਹੋਏ। ਉਨ੍ਹਾਂ ਨੂੰ ਵਕੀਲ ਨੇ ਕਿਹਾ ਕਿ ਤੁਸੀਂ ਵੇਖ ਹੀ ਰਹੇ ਓਂ ਕਿ ਇਸ ਔਰਤ ਦਾ ਦਿਮਾਗ ਸਹੀ ਢੰਗ ਨਾਲ ਕੰਮ ਨਹੀਂ ਕਰ ਰਿਹਾ। ਆਪਣੀ ਧੀ ਦੇ ਗਮ ਵਿੱਚ ਇਹ ਬੇਜ਼ਾਰ ਹੋ ਚੁੱਕੀ ਹੈ। ਇਸਨੂੰ ਇਲਾਜ ਦੀ ਜ਼ਰੂਰਤ ਹੈ। ਪਰ ਐਫ. ਬੀ. ਆਈ. ਵਾਲੇ ਉਸਦੀ ਗੱਲ ਦਾ ਨੋਟਿਸ ਲਏ ਬਿਨਾਂ ਬਾਹਰ ਨਿਕਲ ਗਏ। ਅਗਲੇ ਦਿਨ ਇੱਥੇ ਵੀ ਕੋਰਟ ਦਾ ਸਫੀਨਾ ਆ ਪਹੁੰਚਿਆ ਕਿ ਇਸਮਤ ਸਦੀਕੀ ਗਰੈਂਡ ਜਿਊਰੀ ਦੇ ਪੇਸ਼ ਹੋਵੇ। ਪਰ ਵਕੀਲ ਨੇ ਇੱਕ ਵਾਰ ਫਿਰ ਉਸਦੀ ਬਿਮਾਰੀ ਦਾ ਬਹਾਨਾ ਬਣਾ ਕੇ ਇਹ ਕੰਮ ਟਾਲ ਦਿੱਤਾ।
''ਅੰਮੀ ਮੈਨੂੰ ਲੱਗਦਾ ਐ ਕਿ ਤੈਨੂੰ ਵਾਪਸ ਚਲੇ ਜਾਣਾ ਚਾਹੀਦੈ। ਕਿਤੇ ਇਹ ਨਾ ਹੋਵੇ ਕਿ ਤੂੰ ਇੱਥੇ ਈ ਘਿਰ ਕੇ ਰਹਿ ਜਾਵੇਂ।'' ਉਸੇ ਸ਼ਾਮ ਘਰ ਬੈਠਿਆਂ ਫੌਜ਼ੀਆ ਨੇ ਗੱਲ ਛੇੜੀ।
'ਮੇਰੀ ਇੱਕ ਧੀ ਤਾਂ ਗਾਇਬ ਹੋ ਹੀ ਚੁੱਕੀ ਐ, ਮੈਂ ਨ੍ਹੀਂ ਚਾਹੁੰਦੀ ਕਿ ਤੂੰ ਵੀ ਐਫ. ਬੀ. ਆਈ. ਦੇ ਚੱਕਰਾਂ ਵਿੱਚ ਫਸ ਜਾਵੇਂ। ਤੂੰ ਵੀ ਇੱਥੋਂ ਚਲੀ ਚੱਲ।'' ਇਸਮਤ ਨੇ ਫੌਜ਼ੀਆ ਨੂੰ ਕਿਹਾ।
''ਫੌਜ਼ੀਆ ਮੈਂ ਵੀ ਤੈਨੂੰ ਇਹੀ ਸਲਾਹੇ ਦੇਊਂਗਾ ਜੋ ਅੰਮੀ ਦੇ ਰਹੀ ਐ।'' ਕੋਲ ਬੈਠਾ ਮੁਹੰਮਦ ਬੋਲਿਆ।
'ਵੈਸੇ ਤਾਂ ਭਾਈ ਜਾਨ ਮੇਰੇ ਮਗਰ ਵੀ ਐਫ. ਬੀ. ਆਈ. ਘੁੰਮਦੀ ਰਹਿੰਦੀ ਐ। ਮੇਰੀ ਪਹਿਲਾਂ ਵਾਲੀ ਜਾਬ ਚਲੀ ਗਈ। ਹਰ ਰੋਜ਼ ਹਸਪਤਾਲ ਆ ਪਹੁੰਚਦੇ ਸਨ। ਆਪਣੇ ਰੈਪੂਟੇਸ਼ਨ ਕਰਕੇ ਹਸਪਤਾਲ ਵਾਲਿਆਂ ਨੇ ਮੈਨੂੰ ਨੌਕਰੀ ਤੋਂ ਕੱਢ ਦਿੱਤਾ। ਇਸੇ ਗੱਲ ਦੀ ਸਤਾਈ ਮੈਂ ਉੱਥੋਂ ਦੂਰ ਬਾਲਟੀਮੋਰ ਜਾ ਕੇ ਕਿਸੇ ਦਰਮਿਆਨੀ ਜਿਹੀ ਨੌਕਰੀ 'ਤੇ ਲੱਗੀ ਤਾਂ ਐਫ. ਬੀ. ਆਈ. ਨੇ ਉੱਥੇ ਵੀ ਮੇਰਾ ਟਿਕਾਣਾ ਲੱਭ ਲਿਆ। ਪਰ ਮੈਂ ਇੱਕ ਗੱਲ ਸੋਚਦੀ ਆਂ।''
''ਉਹ ਕੀ?''
'ਜਦੋਂ ਮੇਰਾ ਕਿਸੇ ਗੱਲ ਨਾਲ ਲੈਣਾ ਦੇਣਾ ਈ ਨ੍ਹੀਂ ਤਾਂ ਮੈਨੂੰ ਕੋਈ ਕੀ ਕਰ ਦਊਗਾ।''
'ਫੌਜ਼ੀਆ ਇਹ ਗੱਲ ਨ੍ਹੀਂ ਐ। ਅਸਲ ਵਿੱਚ ਤੂੰ ਅਤੇ ਆਫੀਆ ਸ਼ੁਰੂ ਦੇ ਕਾਫੀ ਦਿਨ ਇਕੱਠੀਆਂ ਰਹਿੰਦੀਆਂ ਰਹੀਆਂ ਓਂ। ਫਿਰ ਤੂੰ ਉੱਥੇ ਉਸ ਕੋਲ ਬਾਸਟਨ 'ਚ ਵੀ ਰਹੀ। ਇਸੇ ਕਰਕੇ ਐਫ. ਬੀ. ਆਈ. ਸੋਚਦੀ ਐ ਕਿ ਤੂੰ ਉਸਦੇ ਬਾਰੇ ਬਹੁਤ ਕੁਛ ਜਾਣਦੀ ਹੋਵੇਂਗੀ। ਜਾਂ ਉਹ ਜ਼ਰੂਰ ਤੈਨੂੰ ਕਨਟੈਕਟ ਕਰਦੀ ਹੋਊਗੀ।''
'ਭਾਈ ਜਾਨ ਆਫੀਆ ਦੀ ਵਜ੍ਹਾ ਕਰਕੇ ਸਾਰਾ ਪਰਿਵਾਰ ਮੁਸ਼ਕਲਾਂ 'ਚ ਫਸਿਆ ਫਿਰਦਾ ਐ। ਪਤਾ ਨ੍ਹੀਂ ਉਸਨੇ ਇਹ ਰਾਹ ਕਿਉਂ ਚੁਣਿਆਂ?'' ਇੰਨਾ ਕਹਿੰਦੀ ਹੋਈ ਫੌਜ਼ੀਆ ਰੋਣ ਲੱਗੀ। ਮਾਂ ਨੇ ਉਸਨੂੰ ਧਰਵਾਸਾ ਦਿੱਤਾ।
'ਫੌਜ਼ੀਆ ਇਹ ਮੌਕਾ ਇਸ ਤਰ੍ਹਾਂ ਢੇਰੀ ਢਾਹ ਦੇਣ ਦਾ ਨ੍ਹੀਂ ਐ। ਮੈਂ ਚਾਹੁੰਨਾ ਕਿ ਤੂੰ ਕੱਲ੍ਹ ਨੂੰ ਆਪਣੀ ਵਕੀਲ ਨੂੰ ਦੱਸ ਕੇ ਤੇ ਅੰਮੀ ਨੂੰ ਲੈ ਕੇ ਇੱਥੋਂ ਤੁਰਦੀ ਬਣ।''
''ਠੀਕ ਐ ਭਾਈ ਜਾਨ।'' ਫੌਜ਼ੀਆ ਵਾਪਸੀ ਲਈ ਮਨ ਬਣਾਉਣ ਲੱਗੀ।
ਅਗਲੇ ਦਿਨ ਫੌਜ਼ੀਆ ਨੇ ਵਕੀਲ ਸ਼ਾਰਪ ਨੂੰ ਫੋਨ ਕਰਦਿਆਂ ਕਿਹਾ, ''ਮੈਮ ਮੈਂ ਇਨ੍ਹਾਂ ਐਫ. ਬੀ. ਆਈ. ਵਾਲਿਆਂ ਤੋਂ ਬੜੀ ਤੰਗ ਆ ਚੁੱਕੀ ਆਂ। ਜਿਸ ਹਸਪਤਾਲ ਵਿੱਚ ਮੈਂ ਕੰਮ ਕਰਦੀ ਸੀ ਉਨ੍ਹਾਂ ਮੈਨੂੰ ਐਫ. ਬੀ. ਆਈ. ਦੇ ਚੱਕਰਾਂ ਕਰਕੇ ਨੌਕਰੀ ਤੋਂ ਕੱਢ ਦਿੱਤਾ। ਹੁਣ ਮੈਨੂੰ ਕਿਧਰੇ ਢੰਗ ਦੀ ਨੌਕਰੀ ਨ੍ਹੀਂ ਮਿਲ ਰਹੀ। ਮੈਂ ਇੱਥੋਂ ਜਾਣ ਦਾ ਸੋਚ ਰਹੀ ਆਂ।'' ਜੋ ਕੁਝ ਫੌਜ਼ੀਆ ਨਾਲ ਬੀਤ ਰਿਹਾ ਸੀ ਉਸਨੇ ਵਕੀਲ ਨੂੰ ਦੱਸਦਿਆਂ ਉਸਦੀ ਸਲਾਹ ਪੁੱਛੀ।
'ਮਿਸ ਫੌਜ਼ੀਆ ਇਹ ਤਾਂ ਤੇਰੀ ਮਰਜ਼ੀ ਐ। ਤੈਨੂੰ ਕੋਈ ਇੱਥੇ ਧੱਕੇ ਨਾਲ ਨ੍ਹੀਂ ਰੋਕ ਸਕਦਾ। ਤੇਰੇ 'ਤੇ ਕੇਸ ਵੀ ਕੋਈ ਨ੍ਹੀਂ ਦਰਜ ਹੋਇਆ। ਇਸ ਕਰਕੇ ਤੂੰ ਜਾਣ ਲਈ ਆਜ਼ਾਦ ਐਂ। ਦੂਸਰਾ ਇਸਮਤ ਸਦੀਕੀ ਨੂੰ ਵੀ ਆਪਣੇ ਮੁਲਕ ਜਾ ਕੇ ਚੰਗਾ ਇਲਾਜ਼ ਕਰਵਾਉਣਾ ਚਾਹੀਦਾ ਐ।'' ਇਸ਼ਾਰੇ ਨਾਲ ਵਕੀਲ ਨੇ ਕਹਿ ਦਿੱਤਾ ਕਿ ਚੰਗਾ ਹੈ ਇਸਮਤ ਇੱਥੋਂ ਚਲੀ ਜਾਵੇ। ਅਗਲੇ ਦਿਨ ਹੀ ਮਾਵਾਂ-ਧੀਆਂ ਵਾਪਸ ਜਾਣ ਦੀ ਤਿਆਰੀ ਕਰਨ ਲੱਗੀਆਂ ਤੇ ਦੋ ਦਿਨਾਂ ਬਾਅਦ ਉਹ ਪਾਕਿਸਤਾਨ ਪਹੁੰਚ ਗਈਆਂ।
ਇਨ੍ਹੀਂ ਦਿਨੀਂ ਆਈ. ਐੱਸ. ਆਈ ਦੀ ਪੂਰੀ ਟੀਮ ਇੱਕ ਦਿਨ ਆਫੀਆ ਦੇ ਪਹਿਲੇ ਪਤੀ ਅਮਜਦ ਦੇ ਘਰ ਪਹੁੰਚੀ।
''ਮਿਸਟਰ ਅਮਜਦ ਤੈਨੂੰ ਸਾਡੀ ਮੱਦਦ ਕਰਨੀ ਪਵੇਗੀ। ਅਸੀਂ ਆਫੀਆ ਨੂੰ ਫੜਨ ਦੀ ਸਕੀਮ ਬਣਾ ਰਹੇ ਆਂ।''
''ਕਿੱਥੇ ਐ ਆਫੀਆ? ਕੀ ਮੇਰੇ ਬੱਚੇ ਵੀ ਉਸਦੇ ਕੋਲ ਨੇ?'' ਅਮਜਦ ਨੇ ਉਤਸ਼ਾਹ ਨਾਲ ਆਈ. ਐਸ. ਆਈ. ਦੇ ਅਫਸਰ ਨੂੰ ਪੁੱਛਿਆ।
'ਇਹ ਨ੍ਹੀਂ ਪਤਾ। ਪਰ ਤੈਨੂੰ ਸਾਡੇ ਨਾਲ ਚੱਲਣਾ ਪਵੇਗਾ।''
''ਨਾਲ ਚੱਲਣਾ ਪਊ? ਪਰ ਕਿੱਥੇ?''
''ਇਸ ਗੱਲ ਦਾ ਪਤਾ ਵੀ ਉੱਥੇ ਜਾ ਕੇ ਹੀ ਲੱਗੂਗਾ। ਹੁਣ ਤੂੰ ਤੁਰਨ ਵਾਲਾ ਬਣ।''
ਇਸ ਪਿੱਛੋਂ ਆਈ. ਐਸ. ਆਈ. ਵਾਲਿਆਂ ਨੇ ਅਮਜਦ ਨੂੰ ਨਾਲ ਲਿਆ ਤੇ ਕਰਾਚੀ ਏਅਰਪੋਰਟ 'ਤੇ ਪਹੁੰਚ ਗਏ। ਉਹ ਉੱਥੇ ਖੜ੍ਹ ਗਏ ਜਿੱਥੇ ਜਹਾਜ਼ 'ਚੋਂ ਸਵਾਰੀਆਂ ਉੱਤਰ ਕੇ ਆ ਰਹੀਆਂ ਸਨ। ਅੱਧੇ ਕੁ ਘੰਟੇ ਪਿੱਛੋਂ ਆਈ. ਐਸ. ਆਈ. ਵਾਲਿਆਂ ਨੇ ਅਮਜਦ ਨੂੰ ਕਿਹਾ ਕਿ ਸਾਹਮਣੇ ਜੋ ਔਰਤ ਆ ਰਹੀ ਹੈ ਉਹ ਉਸਨੂੰ ਪਹਿਚਾਣੇ ਅਤੇ ਦੱਸੇ ਕਿ ਕੀ ਇਹ ਹੀ ਆਫੀਆ ਸਦੀਕੀ ਹੈ। ਅਮਜਦ ਨੇ ਧਿਆਨ ਨਾਲ ਸਾਹਮਣੇ ਆ ਰਹੀ ਔਰਤ ਵੱਲ ਵੇਖਿਆ। ਉਸਦਾ ਸਾਰਾ ਸਰੀਰ ਲੰਬੇ ਬੁਰਕੇ ਨਾਲ ਢਕਿਆ ਹੋਇਆ ਸੀ। ਅਮਜਦ ਨੇ ਉਸਦੀਆਂ ਅੱਖਾਂ ਵੇਖ ਕੇ ਨੱਬੇ ਪ੍ਰਤੀਸ਼ਤ ਅੰਦਾਜ਼ਾ ਲਾ ਲਿਆ ਕਿ ਇਹ ਆਫੀਆ ਹੀ ਹੈ। ਉਸ ਦੇ ਨਾਲ ਚੱਲ ਰਹੇ ਜੁਆਕ ਨੂੰ ਵੀ ਅਮਜਦ ਨੇ ਤਕਰੀਬਨ ਪਛਾਣ ਲਿਆ ਕਿ ਉਹ ਉਸਦਾ ਹੀ ਮੁੰਡਾ ਹੈ। ਇੱਕ ਵਾਰ ਤਾਂ ਉਹ ਬਹੁਤ ਹੀ ਭਾਵੁਕ ਹੋ ਗਿਆ। ਪਰ ਨਾਲ ਹੀ ਉਸਨੇ ਸੋਚਿਆ ਕਿ ਜੇਕਰ ਉਸਨੇ ਆਈ. ਐਸ. ਆਈ. ਵਾਲਿਆਂ ਨੂੰ ਦੱਸ ਦਿੱਤਾ ਕਿ ਉਸਨੂੰ ਲੱਗਦਾ ਹੈ ਬਈ ਇਹ ਆਫੀਆ ਹੀ ਹੈ ਤਾਂ ਉਹ ਝੱਟ ਉਸਨੂੰ ਗ੍ਰਿਫਤਾਰ ਕਰ ਲੈਣਗੇ। ਪਰ ਉਸਦੇ ਅੰਦਰਲਾ ਅਮਜਦ ਇਹ ਨਹੀਂ ਬਰਦਾਸ਼ਤ ਕਰ ਸਕਦਾ ਸੀ। ਉਸ ਨੇ ਸਿਰ ਮਾਰਦਿਆਂ ਕਹਿ ਦਿੱਤਾ ਕਿ ਇਹ ਆਫੀਆ ਨਹੀਂ ਹੈ।
ਉੱਧਰ ਆਫੀਆ ਦੇ ਮਾਮੇ, ਐਸ. ਐਚ. ਫਾਰੂਕੀ ਨੂੰ ਵੀ ਆਈ. ਐਸ. ਆਈ. ਤੰਗ ਕਰਨ ਲੱਗ ਪਈ ਤਾਂ ਉਸਨੇ ਕ੍ਰਿਕਟਰ ਤੋਂ ਰਾਜਨੇਤਾ ਬਣੇ ਇਮਰਾਨ ਖਾਨ ਦੀ ਮੱਦਦ ਲਈ। ਇਮਰਾਨ ਨੇ ਆਪਣੇ ਸੋਰਸ ਵਰਤੇ ਤਾਂ ਫਾਰੂਕੀ ਨੂੰ ਕੁਝ ਰਾਹਤ ਮਿਲੀ। ਫੌਜ਼ੀਆ ਅਤੇ ਉਸਦੀ ਮਾਂ, ਪਾਕਿਸਤਾਨ ਆ ਕੇ ਆਪਣੇ ਘਰ ਰਹਿਣ ਲੱਗ ਪਈਆਂ ਸਨ। ਇਸ ਵਿਚਕਾਰ ਹੀ ਉਨ੍ਹਾਂ ਨੂੰ ਫੋਨ ਆਉਣੇ ਸ਼ੁਰੂ ਹੋ ਗਏ ਕਿ ਜਾਂ ਤਾਂ ਉਹ ਆਫੀਆ ਦੇ ਮਾਮਲੇ ਵਿੱਚ ਚੁੱਪ ਹੋ ਜਾਣ, ਨਹੀਂ ਤਾਂ ਉਨ੍ਹਾਂ ਦਾ ਹਾਲ ਵੀ ਉਸੇ ਵਰਗਾ ਹੋਵੇਗਾ। ਇਸ ਪਿੱਛੋਂ ਮਾਵਾਂ ਧੀਆਂ ਨੇ ਆਫੀਆ ਬਾਰੇ ਗੱਲ ਕਰਨੀ ਬੰਦ ਕਰ ਦਿੱਤੀ। ਨਾਲ ਹੀ ਉਨ੍ਹਾਂ ਇਮਰਾਨ ਖਾਨ ਵਰਗੇ ਨੇਤਾਵਾਂ ਨੂੰ ਵੀ ਬੇਨਤੀ ਕੀਤੀ ਕਿ ਉਹ ਆਫੀਆ ਦਾ ਮਾਮਲਾ ਨਾ ਉਠਾਉਣ। ਇਮਰਾਨ ਖਾਨ ਮੰਨ ਤਾਂ ਗਿਆ ਪਰ ਉਸਦਾ ਸੋਚਣਾ ਵੀ ਇਹੀ ਸੀ ਕਿ ਆਫੀਆ ਬਾਰੇ ਆਈ. ਐਸ. ਆਈ. ਅਤੇ ਐਫ. ਬੀ. ਆਈ. ਨੂੰ ਪਤਾ ਹੈ ਨਾਲ ਹੀ ਇਹ ਵੀ ਕਿ ਉਸਨੂੰ ਇਨ੍ਹਾਂ ਏਜੈਂਸੀਆਂ ਨੇ ਹੀ ਉਸਨੂੰ ਅਫਗਾਨਿਸਤਾਨ 'ਚ ਕਿਧਰੇ ਕੈਦ ਕੀਤਾ ਹੋਇਆ ਹੈ
ਜੋ ਕੁਝ ਹੋ ਰਿਹਾ ਸੀ ਅਮਜਦ ਬੜੇ ਧਿਆਨ ਨਾਲ ਸਭ ਵੇਖ ਰਿਹਾ ਸੀ। ਉਹ ਚਾਹੁੰਦਾ ਸੀ ਕਿ ਬੱਸ ਇੱਕ ਵਾਰ ਉਹ ਆਪਣੇ ਬੱਚਿਆਂ ਨੂੰ ਵੇਖ ਲਵੇ। ਪਰ ਇਹ ਮੁਮਕਿਨ ਨਾ ਹੋ ਸਕਿਆ। ਇੱਕ ਦਿਨ ਉਹ ਆਪਣੇ ਪਿਤਾ ਨੂੰ ਨਾਲ ਲੈ ਕੇ ਉਨ੍ਹਾਂ ਦੇ ਉਸੇ ਆਈ. ਐੱਸ. ਆਈ. ਦੇ ਰਿਟਾਇਰਡ ਅਫਸਰ ਦੋਸਤ ਨੂੰ ਮਿਲਣ ਪਹੁੰਚਿਆ ਜਿਸਨੇ ਉਸਦੀ ਆਈ. ਐੱਸ. ਆਈ. ਨਾਲ ਇੰਟਰਵਿਊ ਕਰਵਾ ਕੇ ਉਸਨੂੰ ਕਲੀਐਂਰਸ ਦਿਵਾਈ ਸੀ। ਉਹ ਅਮਜਦ ਨੂੰ ਸਲਾਹ ਦਿੰਦਿਆਂ ਬੋਲਿਆ, ''ਚੰਗਾ ਇਹੀ ਰਹੇਗਾ ਕਿ ਤੂੰ ਇੱਥੋਂ ਕਿਧਰੇ ਪਾਸੇ ਹੋ ਜਾਹ। ਇੱਥੇ ਕਿਸੇ ਦਾ ਕੋਈ ਭਰੋਸਾ ਨ੍ਹੀਂ ਕਿ ਕੀ ਕਰਵਾ ਦੇਵੇ। ਤੂੰ ਪਰੈਜ਼ੀਡੈਂਟ ਮੁਸ਼ਰਫ ਦੀ ਉਦਾਹਰਣ ਲੈ ਲੈ। ਉਹ ਅਮਰੀਕਣਾ ਨੂੰ ਖੁਸ਼ ਕਰਨ ਲਈ ਕਿਸੇ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੰਦਾ ਐ। ਮੇਰੇ ਕਹਿਣ ਦਾ ਭਾਵ ਐ ਕਿ ਕਈ ਅਜਿਹੇ ਬੰਦੇ ਵੀ ਉਸਨੇ ਅਮਰੀਕਣਾਂ ਨੂੰ ਸੌਂਪ ਦਿੱਤੇ ਜਿਨ੍ਹਾਂ ਦਾ ਗੁਨਾਹ ਇੰਨਾ ਵੱਡਾ ਨ੍ਹੀਂ ਸੀ ਕਿ ਉਨ੍ਹਾਂ ਨੂੰ ਬਿਗਾਨੇ ਮੁਲਕ ਦੇ ਸਪੁਰਦ ਕੀਤਾ ਜਾਵੇ। ਕਈ ਤਾਂ ਸਿਰਫ ਪੁੱਛ ਪੜਤਾਲ ਤੱਕ ਹੀ ਸੀਮਤ ਸਨ। ਪਰ ਇਸਨੇ ਸਭ 'ਤੇ ਅਲਕਾਇਦਾ ਮੈਂਬਰ ਹੋਣ ਦਾ ਲੇਵਲ ਲਾ ਕੇ ਗ੍ਰਿਫਤਾਰ ਕੀਤਾ ਤੇ ਐਫ. ਬੀ. ਆਈ. ਦੇ ਹਵਾਲੇ ਕਰ ਦਿੱਤਾ।''
ਉਸਦੀਆਂ ਗੱਲਾਂ ਸੁਣ ਕੇ ਪਿਉ ਪੁੱਤਰ ਫਿਕਰਮੰਦ ਹੋ ਗਏ। ਕੁਝ ਦੇਰ ਗੱਲਾਂ ਬਾਤਾਂ ਕਰਕੇ ਉਹ ਵਾਪਸ ਮੁੜਨ ਲੱਗੇ ਤਾਂ ਉਹ ਅਮਜਦ ਦੇ ਪਿਉ ਨੂੰ ਪਾਸੇ ਲੈ ਗਿਆ। ਫਿਰ ਹੌਲੀ ਜਿਹੀ ਬੋਲਿਆ, ''ਨਈਮ ਖਾਂ ਤੁਹਾਨੂੰ ਇੱਕ ਭੇਤ ਦੀ ਗੱਲ ਦੱਸਦਾ ਆਂ।''
''ਜੀ....।''
'ਤੁਹਾਨੂੰ ਯਾਦ ਹੋਣਾ ਐਂ ਕਿ ਕੁਝ ਦੇਰ ਪਹਿਲਾਂ ਕੇ. ਐੱਸ. ਐਮ. ਦਾ ਭਾਣਜਾ ਅਲੀ ਅਤੇ ਇੱਕ ਹੋਰ ਅੱਤਵਾਦੀ ਫੜ੍ਹੇ ਗਏ ਸਨ। ਦੂਸਰੇ ਅੱਤਵਾਦੀ 'ਤੇ ਚਾਰਜ ਨੇ ਕਿ ਉਸਨੇ ਕਿਸੇ ਅਮਰੀਕੀ ਸਮੁੰਦਰੀ ਬੇੜੇ 'ਤੇ ਹਮਲਾ ਕੀਤਾ ਸੀ।''
''ਜੀ ਹਾਂ ਯਾਦ ਐ ਮੈਨੂੰ ਉਹ ਘਟਨਾ।''
'ਤਾਂ ਫਿਰ ਤੁਹਾਨੂੰ ਇਹ ਵੀ ਯਾਦ ਹੋਵੇਗਾ ਕਿ ਉਸ ਦਿਨ ਉਨ੍ਹਾਂ ਦੀ ਪੁਲੀਸ ਨਾਲ ਫਾਇਰਿੰਗ ਹੋ ਗਈ ਸੀ ਅਤੇ ਉਨ੍ਹਾਂ ਨੇ ਉੱਥੇ ਫਸੀ ਕਿਸੇ ਔਰਤ ਨੂੰ ਬਾਹਰ ਕੱਢਣ ਲਈ ਕੁਝ ਦੇਰ ਲਈ ਫਾਇਰਿੰਗ ਰੁਕਵਾਈ ਸੀ।''
''ਹਾਂ ਜੀ ਬਿਲਕੁਲ। ਪਿੱਛੋਂ ਪਤਾ ਲੱਗਿਆ ਸੀ ਕਿ ਉਸਨੂੰ ਆਈ. ਐੱਸ. ਆਈ. ਨੇ ਆਪਣੇ ਕਾਬੂ 'ਚ ਕਰ ਲਿਆ।''
''ਹਾਂ ਹਾਂ ਉਹੀ ਘਟਨਾ। ਪਰ ਕੀ ਤੁਹਾਨੂੰ ਪਤਾ ਐ ਕਿ ਉਹ ਔਰਤ ਕੌਣ ਸੀ?''
'ਜੀ ਨ੍ਹੀਂ!।''
''ਉਹ ਤੁਹਾਡੇ ਪੁੱਤਰ ਦੀ ਪਹਿਲੀ ਬੀਵੀ ਆਫੀਆ ਈ ਸੀ।''
''ਹੈਂ! ਇਹ ਤੁਸੀਂ ਕੀ ਕਹਿ ਰਹੇ ਓਂ?''
'ਇਹ ਬਿਲਕੁਲ ਸਹੀ ਐ। ਉਹ ਅਲਕਾਇਦਾ ਦੀ ਬਹੁਤ ਹੀ ਸਰਗਰਮ ਮੈਂਬਰ ਐ। ਨਾਲ ਹੀ ਉਹ ਬਹੁਤ ਜ਼ਿਆਦਾ ਖਤਰਨਾਕ ਵੀ ਐ। ਇਸੇ ਕਰਕੇ ਕਹਿ ਰਿਹਾ ਆਂ ਕਿ ਤੁਸੀਂ ਆਪਣੇ ਪੁੱਤਰ ਨੂੰ ਕਿਧਰੇ ਬਾਹਰ ਨੂੰ ਤੋਰ ਦਿਉ। ਕੱਲ੍ਹ ਨੂੰ ਉਹ ਫਿਰ ਤੋਂ ਕਿਤੋਂ ਫੜ੍ਹੀ ਗਈ ਤੇ ਉਸਨੇ ਕਿਧਰੇ ਅਮਜਦ ਦਾ ਨਾਂ ਲੈ ਦਿੱਤਾ ਤਾਂ ਇਸਦੀ ਜ਼ਿੰਦਗੀ ਬਰਬਾਦ ਹੋ ਜਾਵੇਗੀ।''
''ਪਰ ਜਨਾਬ ਇੱਕ ਗੱਲ ਹੋਰ....।'' ਨਈਮ ਖਾਂ ਕੋਈ ਹੋਰ ਗੱਲ ਸ਼ੁਰੂ ਕਰਦਾ ਕਰਦਾ ਰੁਕ ਗਿਆ।
''ਹਾਂ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਓ?''
''ਉਦੋਂ ਪਤਾ ਲੱਗਿਆ ਸੀ ਕਿ ਇੱਕ ਵਾਰ ਉਸਨੂੰ ਆਈ. ਐੱਸ. ਆਈ. ਵਾਲੇ ਲੈ ਗਏ ਸਨ। ਪਰ ਫਿਰ ਦੂਸਰੀ ਈ ਗੱਲ ਸੁਣੀਂ ਕਿ ਆਈ. ਐੱਸ. ਆਈ. ਦੇ ਕਿਸੇ ਵੱਡੇ ਅਫਸਰ ਨੇ ਵਿੱਚ ਪੈਂਦਿਆਂ ਉਸਨੂੰ ਛੱਡ ਦਿੱਤਾ। ਇਸ ਸਭ ਕਿਉਂ? ਮੇਰਾ ਮਤਲਬ?''
''ਇਹ ਦੋਨੋਂ ਗੱਲਾਂ ਸਹੀ ਨੇ। ਪਰ ਇਹ ਏਜੈਂਸੀਆਂ ਦੇ ਕੰਮ ਕਰਨ ਦਾ ਢੰਗ ਹੁੰਦਾ ਐ ਤੁਸੀਂ ਇਸ ਗੱਲ ਮਗਰ ਨਾ ਜਾਉ। ਬੱਸ ਅਮਜਦ ਦਾ ਕੁਝ ਸੋਚੋ।''
''ਜੀ ਬਹੁਤ ਬਿਹਤਰ ਜਨਾਬ। ਮੈਂ ਸਭ ਸਮਝ ਗਿਆ।''
ਗੱਲ ਮੁਕਾ ਕੇ ਨਈਮ ਖਾਂ, ਬਾਹਰ ਖੜ੍ਹੇ ਅਮਜਦ ਨਾਲ ਕਾਰ ਵਿੱਚ ਆ ਬੈਠਾ। ਘਰ ਤੱਕ ਉਹ ਆਪਣੇ ਦੋਸਤ ਦੀ ਕਹੀ ਗੱਲ ਬਾਰੇ ਈ ਸੋਚਦਾ ਆਇਆ। ਘਰ ਆ ਕੇ ਉਸਨੇ ਅਮਜਦ ਨੂੰ ਸਮਝਾਇਆ ਕਿ ਉਸਨੂੰ ਚਾਹੀਦਾ ਹੈ ਕਿ ਹੁਣ ਅਤੀਤ ਦਾ ਖਹਿੜਾ ਛੱਡ ਕੇ ਭਵਿੱਖ ਬਾਰੇ ਸੋਚੇ। ਅਮਜਦ ਵੀ ਆਫੀਆ ਦੀ ਭਾਲ ਤੋਂ ਅੱਕ ਗਿਆ। ਪਿਉ ਦੀ ਗੱਲ ਨਾਲ ਸਹਿਮਤ ਹੁੰਦਿਆਂ ਉਸਨੇ ਆਪਣੀ ਜ਼ਿੰਦਗੀ 'ਚ ਅਗਾਂਹ ਤੁਰਨ ਦਾ ਫੈਸਲਾ ਕਰ ਲਿਆ। ਉਸਦਾ ਨਾਂ ਐਫ. ਬੀ. ਆਈ. ਦੀ ਵਾਂਟਿੰਡ ਲਿਸਟ ਤੋਂ ਲਹਿ ਚੁੱਕਿਆ ਸੀ। ਇਸ ਕਰਕੇ ਉਸਨੇ ਪਾਕਿਸਤਾਨ ਛੱਡਣ ਦਾ ਫੈਸਲਾ ਕਰਦਿਆਂ ਸਾਊਦੀ ਅਰਬ ਦੇ ਕਿਸੇ ਹਸਪਤਾਲ ਵਿੱਚ ਨੌਕਰੀ ਕਰ ਲਈ। ਉਹ ਆਪਣੀ ਨਵੀਂ ਪਤਨੀ ਅਤੇ ਛੋਟੀ ਜਿਹੀ ਬੱਚੀ ਨੂੰ ਲੈ ਕੇ ਸਾਉਦੀ ਅਰਬ ਚਲਾ ਗਿਆ।
ਇਸਮਤ ਅਤੇ ਫੌਜ਼ੀਆ ਆਪਣੇ ਘਰ ਤੱਕ ਸੀਮਤ ਹੋ ਕੇ ਰਹਿ ਗਈਆਂ ਸਨ। ਉਹ ਡਰਦੀਆਂ ਕਿਸੇ ਨਾਲ ਆਫੀਆ ਬਾਰੇ ਗੱਲ ਵੀ ਨਹੀਂ ਕਰਦੀਆਂ ਸਨ। ਇਸ ਤੋਂ ਬਿਨਾਂ ਉਨ੍ਹਾਂ ਦੇ ਘਰ ਦੀ ਆਈ. ਐੱਸ. ਆਈ. ਨਿਗਰਾਨੀ ਕਰਦੀ ਰਹਿੰਦੀ ਸੀ। ਕਦੇ ਉਨ੍ਹਾਂ ਨੂੰ ਗੁਪਤ ਫੋਨ ਆਉਂਦੇ ਸਨ ਕਿ ਆਫੀਆ ਬਾਰੇ ਗੱਲ ਨ੍ਹੀਂ ਕਰਨੀ ਨਹੀਂ ਤਾਂ ਉਨ੍ਹਾਂ ਦਾ ਹਸ਼ਰ ਵੀ ਆਫੀਆ ਵਰਗਾ ਹੀ ਹੋਵੇਗਾ। ਅਜਿਹੇ ਵੇਲੇ ਉਨ੍ਹਾਂ ਨੂੰ ਲੱਗਦਾ ਕਿ ਆਫੀਆ ਇਸ ਦੁਨੀਆਂ ਵਿੱਚ ਨਹੀਂ ਹੈ। ਫਿਰ ਅਗਲੇ ਹੀ ਦਿਨ ਕੋਈ ਫੋਨ ਆ ਜਾਂਦਾ ਕਿ ਆਫੀਆ ਜਿੱਥੇ ਕਿਤੇ ਵੀ ਹੈ ਠੀਕ ਠਾਕ ਹੈ ਤੁਸੀਂ ਉਸਦਾ ਫਿਕਰ ਨਾ ਕਰੋ। ਅਜਿਹਾ ਫੋਨ ਸੁਣ ਕੇ ਉਨ੍ਹਾਂ ਨੂੰ ਲੱਗਦਾ ਕਿ ਆਫੀਆ ਜਿੰਦਾ ਹੈ। ਇਨ੍ਹਾਂ ਭੰਬਲਭੂਸਿਆਂ ਵਿੱਚ ਹੀ ਦਿਨ ਤੇ ਮਹੀਨੇ ਸਾਲਾਂ 'ਚ ਬਦਲ ਗਏ ਪਰ ਉਨ੍ਹਾਂ ਨੂੰ ਕਦੇ ਆਫੀਆ ਦੀ ਕੋਈ ਸੂਹ ਨਾ ਮਿਲੀ। ਇੱਕ ਦਿਨ ਇਸਮਤ ਨੇ ਆਪਣੇ ਪੁੱਤਰ ਮੁਹੰਮਦ ਨੂੰ ਹੂਸਟਨ 'ਚ ਫੋਨ ਕਰਦਿਆਂ ਕਿਹਾ, ''ਪੁੱਤਰ ਅਸੀਂ ਦੱਸ ਕੀ ਕਰੀਏ। ਸਾਡੇ ਕੋਲ ਤਾਂ ਕੋਈ ਘਰਦਾ ਮਰਦ ਮੈਂਬਰ ਵੀ ਨਹੀਂ ਐ। ਤੈਨੂੰ ਦੱਸ ਨ੍ਹੀਂ ਸਕਦੀ ਕਿ ਅਸੀਂ ਡਰ ਦੇ ਸਾਏ ਹੇਠਾਂ ਕਿਵੇ ਦਿਨ ਬਿਤਾ ਰਹੇ ਆਂ।''
''ਅੰਮੀ ਮੈਂ ਇਹ ਗੱਲ ਸਮਝ ਸਕਦਾ ਆਂ। ਪਰ ਕੀ ਕੀਤਾ ਜਾਵੇ।''
''ਬੇਟਾ ਮੈਂ ਚਾਹੁੰਨੀ ਆਂ ਕਿ ਤੂੰ ਵੀ ਇੱਥੇ ਪਾਕਿਸਤਾਨ ਈ ਆਜਾ। ਕਿਤੇ ਇਹ ਨਾ ਹੋਵੇ ਕਿ ਤੈਨੂੰ ਵੀ ਅਮਰੀਕਣ ਸਰਕਾਰ ਕਿਸੇ ਕੇਸ 'ਚ ਫਸਾ ਲਵੇ।''
'ਨ੍ਹੀਂ ਅੰਮੀ ਅਜਿਹਾ ਨ੍ਹੀਂ ਹੋਵੇਗਾ। ਮੈਂ ਕਦੇ ਵੀ ਕਿਸੇ ਗਲਤ ਅਨਸਰ ਨਾਲ ਨ੍ਹੀਂ ਜੁੜਿਆ। ਹਮੇਸ਼ਾ ਆਪਣੇ ਕੰਮ ਨਾਲ ਕੰਮ ਰੱਖਿਆ ਐ। ਇਸ ਕਰਕੇ ਮੈਨੂੰ ਇੱਥੇ ਕੋਈ ਖਤਰਾ ਨ੍ਹੀਂ ਐ।''
''ਫੌਜ਼ੀਆ ਨਾਲ ਵੀ ਤਾਂ ਇਹੋ ਕੁਛ ਹੋ ਚੁੱਕਿਆ ਐ। ਉਹ ਜਿੱਥੇ ਕਿਤੇ ਵੀ ਨੌਕਰੀ ਕਰਨ ਲੱਗਦੀ ਸੀ ਉੱਥੇ ਹੀ ਐਫ. ਬੀ. ਆਈ. ਪਹੁੰਚ ਜਾਂਦੀ ਸੀ। ਆਖਰ ਉਸਨੂੰ ਅਮਰੀਕਾ ਛੱਡਣਾ ਪਿਆ।''
''ਅੰਮੀ ਮੇਰੇ ਤੇ ਫੌਜ਼ੀਆ 'ਚ ਫਰਕ ਐ।''
''ਉਹ ਕਿਵੇਂ?''
'ਤੈਨੂੰ ਪਤਾ ਈ ਐ ਕਿ ਆਫੀਆ, ਫੌਜ਼ੀਆ ਕੋਲ ਰਹਿੰਦੀ ਰਹੀ ਐ। ਆਫੀਆ ਦੀਆਂ ਕਈ ਚੈਰਟੀਆਂ ਦੇ ਪਤੇ ਫੌਜ਼ੀਆ ਦੇ ਘਰ ਦੇ ਸਨ। ਫੌਜ਼ੀਆ ਭਾਵੇਂ ਕਿਸੇ ਗੱਲ ਨਾਲ ਸਬੰਧਤ ਨ੍ਹੀਂ ਸੀ ਪਰ ਇਹ ਆਫੀਆ ਨਾਲ ਜੁੜੀ ਰਹੀ ਐ। ਇਸੇ ਕਰਕੇ ਐਫ. ਬੀ. ਆਈ. ਨੂੰ ਹਮੇਸ਼ਾ ਸ਼ੱਕ ਰਹਿੰਦਾ ਸੀ ਕਿ ਕਦੇ ਨਾ ਕਦੇ ਆਫੀਆ ਇਸ ਨਾਲ ਜ਼ਰੂਰ ਸਬੰਧ ਕਾਇਮ ਕਰੂਗੀ। ਇਸੇ ਕਰਕੇ ਇਸਦਾ ਹਰ ਵਕਤ ਪਿੱਛਾ ਕੀਤਾ ਜਾਂਦਾ ਸੀ। ਪਰ ਮੈਨੂੰ ਉਸ ਪਿੱਛੋਂ ਕਦੇ ਕੋਈ ਤਕਲੀਫ ਨ੍ਹੀਂ ਆਈ।''
'ਫਿਰ ਪੁੱਤਰਾ ਤੂੰ ਈ ਦੱਸ ਕਿ ਅਸੀਂ ਮਾਵਾਂ ਧੀਆਂ ਕਿੱਧਰ ਜਾਈਏ। ਅਮਰੀਕਾ 'ਚ ਸਾਨੂੰ ਐਫ. ਬੀ. ਆਈ. ਨ੍ਹੀਂ ਟਿਕਣ ਦਿੰਦੀ ਸੀ। ਇੱਥੇ ਪਾਕਿਸਤਾਨੀ ਸਰਕਾਰ ਨ੍ਹੀਂ ਚੈਨ ਨਾਲ ਰਹਿਣ ਦਿੰਦੀ। ਆਈ. ਐੱਸ. ਆਈ ਸਾਰਾ ਦਿਨ ਆਪਣੇ ਘਰ ਦੁਆਲੇ ਘੁੰਮਦੀ ਫਿਰਦੀ ਐ। ਰੋਜ਼ ਗੁਪਤ ਫੋਨ ਆਉਂਦੇ ਰਹਿੰਦੇ ਨੇ। ਪਤਾ ਨ੍ਹੀਂ ਸਾਡਾ ਕੀ ਬਣੂੰਗਾ।'' ਇੰਨਾ ਕਹਿੰਦਿਆਂ ਇਸਮਤ ਰੋਣ ਲੱਗੀ। ਉਸਦੇ ਪੁੱਤਰ ਦਾ ਮਨ ਭਰ ਆਇਆ।
'ਅੰਮੀ ਤੂੰ ਰੋ ਨਾ ਇਸ ਤਰ੍ਹਾਂ ਤਾਂ ਮਸਲਾ ਹੱਲ ਨ੍ਹੀਂ ਹੋਣਾ।''
''ਪੁੱਤਰਾ ਤੂੰ ਕਿਹੜੇ ਮਸਲੇ ਦੀ ਗੱਲ ਕਰਦਾ ਐਂ। ਸਾਡੀ ਜ਼ਿੰਦਗੀ ਨਰਕ ਬਣ ਕੇ ਰਹਿ ਗਈ ਐ। ਤੂੰ ਵੀ ਸਾਨੂੰ ਵਿਸਾਰ ਚੁੱਕਿਆ ਐਂ।''
'ਅੰਮੀ ਅਜਿਹੀ ਗੱਲ ਨ੍ਹੀਂ ਐ। ਮੈਂ ਦੱਸੋ ਕਰ ਈ ਕੀ ਸਕਦਾ ਆਂ।''
''ਪੁੱਤਰਾ ਆਫੀਆ ਤੇਰੀ ਵੀ ਮਾਂ ਜਾਈ ਭੈਣ ਐਂ। ਤੂੰ ਈ ਉਸ ਬਾਰੇ ਕਿਧਰਿਉਂ ਕੋਈ ਭਾਲ ਕਰ।''
''ਅੰਮੀ ਪਹਿਲਾਂ ਕਿਹੜਾ ਆਪਾਂ ਘੱਟ ਭਾਲ ਕੀਤੀ ਐ। ਪਰ ਉਹ ਕਿਤੇ ਮਿਲੇ ਵੀ।''
''ਮੁਹੰਮਦ ਪੁੱਤਰ ਤੂੰ ਇੱਕ ਵਾਰ ਫਿਰ ਤੋਂ ਹੰਭਲਾ ਮਾਰ। ਮੇਰਾ ਦਿਲ ਕਹਿੰਦਾ ਐ ਕਿ ਉਹ ਕਿਧਰੇ ਨੇੜੇ ਤੇੜੇ ਈ ਐ।''
''ਅੰਮੀ ਮੇਰੀ ਆਪਣੀ ਨੌਕਰੀ ਐ। ਨਾਲੇ ਮੇਰੇ ਬੱਚੇ ਨੇ। ਮੈਂ ਇਵੇਂ ਕਿਵੇਂ ਕਿਧਰੇ ਜਾ ਸਕਦਾ ਆਂ। ਤੈਨੂੰ ਪਤਾ ਈ ਐ ਕਿ ਪਹਿਲਾਂ ਮੇਰੇ ਘਰ 'ਚ ਕੀ ਹੋਇਆ ਸੀ।''
ਅਸਲ 'ਚ ਮੁਹੰਮਦ ਦੀ ਬੀਵੀ, ਆਫੀਆ ਦਾ ਜ਼ਿਕਰ ਛਿੜਦਿਆਂ ਹੀ ਲੜਾਈ ਪਾ ਕੇ ਬਹਿ ਜਾਂਦੀ ਸੀ। ਉਸਦਾ ਕਹਿਣਾ ਸੀ ਕਿ ਉਸ ਦੀ ਵਜ੍ਹਾ ਕਰਕੇ ਸਾਰਾ ਪਰਿਵਾਰ ਫਾਹੇ ਚੜ੍ਹਿਆ ਪਿਆ ਹੈ।
'ਪੁੱਤਰਾ ਕਿਵੇਂ ਵੀ ਕਰ। ਕੋਈ ਗੱਲ ਨ੍ਹੀਂ ਤੂੰ ਤੇਰੀ ਵਹੁਟੀ ਦਾ ਗੁੱਸਾ ਇੱਕ ਵਾਰ ਹੋਰ ਝੱਲ ਲੈ। ਜੇਕਰ ਮੇਰੀ ਧੀ ਦਾ ਕੋਈ ਪਤਾ ਟਿਕਾਣਾ ਨਾ ਲੱਗਿਆ ਤਾਂ ਮੈਂ ਪਾਗਲ ਹੋ ਜਾਣਾ ਐਂ।''
'ਠੀਕ ਐ ਅੰਮੀ ਮੈਂ ਵੇਖਦਾ ਆਂ ਕਿ ਮੈਂ ਕੀ ਕਰ ਸਕਦਾ ਆਂ। ਪਰ ਇੱਕ ਗੱਲ ਐ ਕਿ ਇੱਥੇ ਇੱਕ ਉਜ਼ੇਰ ਪਰਾਚਾ ਨਾਂ ਦੇ ਮੁੰਡੇ 'ਤੇ ਅੱਤਵਾਦ ਸਬੰਧੀ ਕੇਸ ਸ਼ੁਰੂ ਹੋਣ ਵਾਲਾ ਐ। ਮੈਨੂੰ ਲੱਗਦਾ ਐ ਕਿ ਉਸਦੇ ਕੇਸ 'ਚ ਜ਼ਰੂਰ ਆਫੀਆ ਦਾ ਜ਼ਿਕਰ ਆਵੇਗਾ। ਸ਼ਾਇਦ ਇਸ ਤਰ੍ਹਾਂ ਈ ਕੋਈ ਪਤਾ ਚੱਲ ਜਾਵੇ।''
''ਠੀਕ ਐ ਤੂੰ ਮੈਨੂੰ ਛੇਤੀ ਇਸ ਬਾਰੇ ਦੱਸੀਂ।'' ਇਸਮਤ ਨੇ ਫੋਨ ਕੱਟ ਦਿੱਤਾ।
ਉਜ਼ੇਰ ਪਰਾਚਾ ਦੇ ਕੇਸ ਦਾ ਉਨ੍ਹਾਂ ਦਿਨਾਂ 'ਚ ਅਖਬਾਰਾਂ 'ਚ ਖੂਬ ਰੌਲਾ ਪੈ ਰਿਹਾ ਸੀ। ਕੇ. ਐੱਸ. ਐਮ. ਤੋਂ ਲੈ ਕੇ ਹੁਣ ਤੱਕ ਫੜ੍ਹੇ ਗਏ ਬੰਦਿਆਂ 'ਚੋਂ ਸਭ ਤੋਂ ਪਹਿਲਾਂ ਮੁਕੱਦਮਾ ਉਜ਼ੇਰ ਪਰਾਚਾ 'ਤੇ ਚੱਲਿਆ। ਨਿਊਯਾਰਕ ਦੀ ਕੋਰਟ ਵਿੱਚ ਉਸਨੇ ਉਹੀ ਬਿਆਨ ਦਿੱਤਾ ਜੋ ਉਸਨੇ ਪਹਿਲਾਂ ਐਫ. ਬੀ. ਆਈ. ਕੋਲ ਦਿੱਤਾ ਸੀ। ਉਸਨੇ ਕਿਹਾ ਕਿ ਨਾ ਹੀ ਉਸਨੂੰ ਅਲ ਕਾਇਦਾ ਬਾਰੇ ਕੋਈ ਪਤਾ ਸੀ ਅਤੇ ਨਾ ਹੀ ਉਨ੍ਹਾਂ ਦੇ ਕਿਸੇ ਪਲਾਨ ਬਾਰੇ। ਉਸਨੇ ਕੋਰਟ ਨੂੰ ਦੱਸਿਆ ਕਿ ਉਸਨੇ ਸਿਰਫ ਮਜੀਦ ਖਾਨ ਦੀ ਐਪਲੀਕੇਸ਼ਨ ਇੰਮੀਗਰੇਸ਼ਨ ਨੂੰ ਭੇਜੀ ਸੀ ਅਤੇ ਦੂਸਰਾ ਉਸਨੇ ਮਾਜੀਦ ਖਾਨ ਬਣ ਕੇ ਇੰਮੀਗਰੇਸ਼ਨ ਨੂੰ ਫੋਨ ਕੀਤਾ ਸੀ। ਉਹ ਸੋਚਦਾ ਸੀ ਕਿ ਉਸਦਾ ਇੰਨਾ ਹੀ ਜ਼ੁਰਮ ਹੈ ਕਿ ਉਸਨੇ ਇੰਮੀਗਰੇਸ਼ਨ ਨੂੰ ਝੂਠ ਬੋਲਿਆ। ਪਰ ਉਸਦਾ ਵਕੀਲ ਸਭ ਸਮਝਦਾ ਸੀ। ਵਕੀਲ ਨੇ ਗਵਾਹਾਂ ਬਗੈਰਾ ਨੂੰ ਅਦਾਲਤ 'ਚ ਪੇਸ਼ ਕਰਨ ਦੀ ਮੰਗ ਕੀਤੀ। ਪਰ ਸਰਕਾਰੀ ਵਕੀਲ ਇਹ ਕੁਝ ਨਹੀਂ ਹੋਣ ਦੇਣਾ ਚਾਹੁੰਦਾ ਸੀ। ਕਿਉਂਕਿ ਗਵਾਹ ਤਾਂ ਕਿਧਰੇ ਗੁਪਤ ਜੇਲ੍ਹਾਂ 'ਚ ਬੰਦ ਸਨ। ਗਵਾਹਾਂ ਤੋਂ ਉਸਦਾ ਮਤਲਬ ਸੀ, ਕੇ. ਐਸ. ਐਮ. ਉਸਦਾ ਭਾਣਦਾ ਅਲੀ ਜਾਂ ਮਜੀਦ ਖਾਨ। ਸਰਕਾਰ ਡਰਦੀ ਸੀ ਕਿ ਜੇਕਰ ਇਨ੍ਹਾਂ ਗਵਾਹਾਂ ਨੂੰ ਅਦਾਲਤ 'ਚ ਪੇਸ਼ ਕਰਨਾ ਪਿਆ ਤਾਂ ਬਹੁਤ ਸਾਰੇ ਗੁਪਤ ਭੇਤ ਬਾਹਰ ਆ ਜਾਣਗੇ। ਉਜ਼ੇਰ ਦਾ ਵਕੀਲ ਸਰਕਾਰ ਦਾ ਡਰ ਤਾੜ ਗਿਆ। ਉਸਨੇ ਸਰਕਾਰ ਨੂੰ ਕਿਹਾ ਕਿ ਜਾਂ ਤਾਂ ਗਵਾਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇ ਤੇ ਜਾਂ ਫਿਰ ਪਲੀ ਬਾਰਗੇਨਿੰਗ ਦੀ ਇਜਾਜ਼ਤ ਦਿੱਤੀ ਜਾਵੇ। ਸਰਕਾਰ ਨੇ ਵੀ ਪਲੀ ਬਾਰਗੇਨਿੰਗ ਬਾਰੇ ਸੋਚ ਲਿਆ। ਵਕੀਲ ਨੇ ਉਜ਼ੇਰ ਨੂੰ ਗਿਲਟੀ ਪਲੀ ਕਰ ਦੇਣ ਲਈ ਸਮਝਾਇਆ ਤੇ ਦੱਸਿਆ ਕਿ ਇਸ ਤਰ੍ਹਾਂ ਸਰਕਾਰ ਨਾਲ ਡੀਲ ਹੋ ਜਾਵੇਗੀ ਤੇ ਉਹ ਸਜ਼ਾ ਘੱਟ ਕਰ ਦੇਵੇਗੀ। ਪਰ ਉਜ਼ੇਰ ਉਸਦੀ ਗੱਲ ਨਾ ਮੰਨਿਆਂ। ਉਸਦਾ ਸੋਚਣਾ ਸੀ ਕਿ ਸਿਰਫ ਕਿਸੇ ਹੋਰ ਦੇ ਨਾਂ 'ਤੇ ਇੰਮੀਗਰੇਸ਼ਨ ਨੂੰ ਫੋਨ ਕਰ ਦੇਣ ਦੀ ਕਿੰਨੀ ਕੁ ਸਜ਼ਾ ਹੋ ਸਕਦੀ ਹੈ। ਦੂਸਰੀ ਗੱਲ ਇਹ ਵੀ ਸੀ ਕਿ ਉਸਨੂੰ ਜੋ ਵਕੀਲ ਮਿਲਿਆ ਸੀ ਉਹ ਸਰਕਾਰ ਵੱਲੋਂ ਦਿੱਤਾ ਗਿਆ ਸੀ। ਇਸ ਕਰਕੇ ਉਜ਼ੇਰ ਉਸ 'ਤੇ ਪੂਰਾ ਭਰੋਸਾ ਨਹੀਂ ਕਰ ਰਿਹਾ ਸੀ। ਉਹ ਛੋਟੀ ਉਮਰ ਦਾ ਅਣਭੋਲ ਜਿਹਾ ਮੁੰਡਾ ਸੀ ਅਤੇ ਨਾ ਹੀ ਉਹ ਇਸ ਕਿਸਮ ਦੇ ਕਨੂੰਨੀ ਪਚੜਿਆਂ 'ਚ ਕਦੇ ਪਿਆ ਸੀ। ਇਸ ਕਰਕੇ ਉਸ ਵੇਲੇ ਉਹ ਮੌਕੇ ਦੀ ਨਜ਼ਾਕਤ ਨਾ ਸਮਝ ਸਕਿਆ ਤੇ ਇਹ ਨਾ ਜਾਣ ਸਕਿਆ ਕਿ ਉਹ ਕਿੰਨੇ ਵੱਡੇ ਚੱਕਰਵਿਊ 'ਚ ਫਸਿਆ ਹੋਇਆ ਹੈ। ਉਸਨੇ ਗਿਲਟੀ ਪਲੀ ਕਰਨ ਤੋਂ ਇਨਕਾਰ ਕਰ ਦਿੱਤਾ। ਕੇਸ ਚੱਲਿਆ ਤਾਂ ਜਿਊਰੀ ਨੇ ਉਸਨੂੰ ਦੋਸ਼ੀ ਸਾਬਤ ਕਰਦਿਆਂ ਉਮਰ ਕੈਦ ਸੁਣਾ ਦਿੱਤੀ।
ਇਹ ਕੇਸ ਬੰਦ ਡੱਬੇ ਵਾਂਗੂੰ ਬੰਦ ਹੀ ਰਹਿ ਗਿਆ ਤਾਂ ਮੁਹੰਮਦ ਮਾਯੂਸ ਹੋ ਗਿਆ। ਉਸਦੀ ਆਫੀਆ ਬਾਰੇ ਕੁਝ ਪਤਾ ਲੱਗਣ ਦੀ ਉਮੀਦ ਅਧੂਰੀ ਰਹਿ ਗਈ। ਉਸਨੂੰ ਵੀ ਆਫੀਆ ਦਾ ਬਹੁਤ ਫਿਕਰ ਸੀ। ਨਾਲ ਹੀ ਮਾਂ ਅਤੇ ਫੌਜ਼ੀਆ ਦਾ ਵੀ। ਪਰ ਉਸਦੇ ਘਰ ਦੇ ਹਾਲਾਤ ਇਜਾਜ਼ਤ ਨਹੀਂ ਦਿੰਦੇ ਸਨ ਕਿ ਉਹ ਨੌਕਰੀ ਛੱਡ ਕੇ ਇੱਧਰ ਉੱਧਰ ਭਟਕਦਾ ਫਿਰੇ। ਉਹ ਕਈ ਦਿਨ ਉਦਾਸ ਰਿਹਾ। ਫਿਰ ਉਸਨੇ ਆਪਣੀ ਘਰਵਾਲੀ ਨਾਲ ਗੱਲ ਤੋਰੀ। ਹੌਲੀ ਹੌਲੀ ਉਸਨੇ ਘਰਵਾਲੀ ਨੂੰ ਇਸ ਗੱਲ ਲਈ ਮਨਾ ਲਿਆ ਕਿ ਉਹ ਬੱਸ ਇੱਕ ਵਾਰ ਆਫੀਆ ਦੀ ਭਾਲ ਲਈ ਜਾਵੇਗਾ। ਮੁੜ ਕੇ ਕਦੇ ਉਹ ਇਸ ਮਾਮਲੇ 'ਚ ਨਹੀਂ ਪਵੇਗਾ। ਨੌਕਰੀ ਤੋਂ ਛੁੱਟੀ ਲੈ ਕੇ ਉਹ ਪਾਕਿਸਤਾਨ ਜਾ ਪਹੁੰਚਿਆ। ਉੱਥੇ ਜਾ ਕੇ ਉਸਨੇ ਮਾਂ ਅਤੇ ਫੌਜ਼ੀਆ ਨਾਲ ਅੱਗੇ ਦੀ ਸਕੀਮ ਬਣਾਈ। ਫੈਸਲਾ ਹੋਇਆ ਕਿ ਉਹ ਆਪਣੇ ਮਾਮੇ ਫਾਰੂਕੀ ਦੀ ਮੱਦਦ ਲਵੇ। ਅਗਲੇ ਦਿਨ ਉਹ ਇਸਲਾਮਾਬਾਦ ਚਲਿਆ ਗਿਆ। ਫਾਰੂਕੀ ਵੀ ਇਸ ਮਾਮਲੇ 'ਚ ਪੈ ਕੇ ਹੁਣ ਤੱਕ ਬਹੁਤ ਮੁਸੀਬਤਾਂ ਝੱਲ ਚੁੱਕਿਆ ਸੀ। ਪਰ ਉਹ ਸੋਚਦਾ ਸੀ ਕਿ ਉਸਦੀ ਸਗੀ ਭਾਣਜੀ ਹੈ ਜੇ ਉਹ ਮੱਦਦ ਨਾ ਕਰੂਗਾ ਤਾਂ ਹੋਰ ਕੌਣ ਕਰੂਗਾ। ਆਖਰ ਵਿਚਾਰ ਚਰਚਾ ਤੋਂ ਬਾਅਦ ਉਸਨੇ ਮੁਹੰਮਦ ਨੂੰ ਕਿਹਾ, ''ਇੱਥੇ ਇੱਕ ਜਾਹੀਰ ਖਾਂ ਨਾਮ ਦਾ ਵਿਅਕਤੀ ਐ ਉਹ ਸ਼ਾਇਦ ਆਪਣੀ ਕੋਈ ਮੱਦਦ ਕਰ ਸਕੇ। ਪਰ…....।'' ਫਾਰੂਕੀ ਗੱਲ ਕਰਦਾ ਕਰਦਾ ਚੁੱਪ ਹੋ ਗਿਆ।
''ਪਰ ਕੀ ਅੰਕਲ?'' ਮੁਹੰਮਦ ਨੇ ਉਸਦੀ ਚੁੱਪੀ ਤੋੜੀ।
''ਗੱਲ ਇਹ ਐ ਕਿ ਇੱਥੇ ਇੱਕ ਜਥੇਬੰਦੀ ਬਣੀ ਐਂ ਜਿਸਦਾ ਮੁੱਖ ਮਕਸਦ ਗੁੰਮ ਹੋ ਚੁੱਕੇ ਬੰਦਿਆਂ ਨੂੰ ਭਾਲਣਾ ਹੈ। ਜਹੀਰ ਖਾਂ ਵੀ ਉਸ ਜਥੇਬੰਦੀ ਦਾ ਲੀਡਰ ਐ। ਪਰ ਨਾਲ ਈ ਇਹ ਵੀ ਸੁਣਿਆਂ ਐਂ ਕਿ ਇਹ ਬੰਦਾ ਪਹਿਲਾਂ ਆਈ. ਐੱਸ. ਆਈ. ਦਾ ਅਫਸਰ ਰਹਿ ਚੁੱਕਿਆ ਐ।''
'ਫਿਰ ਕੀ ਐ ਅੰਕਲ। ਆਪਾਂ ਤਾਂ ਪਤਾ ਈ ਲਗਾਉਣਾ ਐਂ ਕਿ ਸ਼ਾਇਦ ਇਨ੍ਹਾਂ ਨੂੰ ਆਫੀਆ ਦੇ ਬਾਰੇ ਵਿੱਚ ਕੋਈ ਭੇਤ ਹੋਵੇ।''
''ਪੁੱਤਰਾ ਗੱਲ ਇਹ ਐ ਕਿ ਆਈ. ਐੱਸ. ਆਈ. ਦੇ ਲੱਫੜਿਆਂ ਤੋਂ ਹਰ ਕੋਈ ਡਰਦਾ ਐ। ਕੀ ਪਤਾ ਐ ਕਿ ਇਹ ਬੰਦਾ, ਜਾਹੀਰ ਖਾਂ ਵਿਖਾਵੇ ਦੇ ਤੌਰ 'ਤੇ ਈ ਗੁੰਮ ਸ਼ੁਦਾ ਬੰਦਿਆਂ ਦੀ ਭਾਲ 'ਚ ਲੱਗਿਆ ਹੋਵੇ ਤੇ ਅਸਲ ਖੇਲ ਇਸਦਾ ਕੋਈ ਹੋਰ ਹੋਵੇ।''
'ਅੰਕਲ ਹੋਰ ਕੋਈ ਰਾਹ ਵੀ ਤਾਂ ਨ੍ਹੀਂ ਐ। ਪਤਾ ਨ੍ਹੀਂ ਆਪਣੇ ਮੁਲਕ ਨੂੰ ਕੀ ਹੋ ਗਿਆ ਐ ਕਿ ਕਿਸੇ 'ਤੇ ਭਰੋਸਾ ਈ ਨ੍ਹੀਂ ਕੀਤਾ ਜਾ ਸਕਦਾ। ਕੋਈ ਪਤਾ ਨ੍ਹੀਂ ਕੌਣ ਕਿਸਦੇ ਲਈ ਕੰਮ ਕਰ ਰਿਹਾ ਐ। ਸਰਕਾਰ ਦੇ ਬੰਦੇ ਸਰਕਾਰ ਦੇ ਵਿੱਚ ਰਹਿੰਦੇ ਹੋਏ ਅੱਤਵਾਦੀਆਂ ਦੀ ਮੱਦਦ ਕਰ ਰਹੇ ਨੇ। ਉੱਧਰ ਅੱਤਵਾਦੀ ਗੌਰਮਿੰਟ ਦੀ ਮੱਦਦ ਕਰਨ ਲੱਗੇ ਹੋਏ ਨੇ। ਮੈਂ ਤਾਂ ਅਜਿਹੀਆਂ ਗੱਲਾਂ ਸੁਣ ਸੁਣ ਕੇ ਅੱਕ ਚੁੱਕਿਆ ਆਂ। ਜੇਕਰ ਮੇਰੀ ਆਪਣੀ ਭੈਣ ਦਾ ਮਸਲਾ ਨਾ ਹੋਵੇ ਤਾਂ ਮੈਂ ਤਾਂ ਇਸ ਮੁਲਕ 'ਚ ਇੱਕ ਪਲ ਵੀ ਨਾ ਰੁਕਾਂ।''
''ਠੀਕ ਐ ਫਿਰ ਤੂੰ ਜਾਹੀਰ ਖਾਂ ਨੂੰ ਮਿਲ ਕੇ ਵੇਖ ਲੈ। ਖਬਰੇ ਗੱਲ ਕਿਸੇ ਰਾਹ ਪੈ ਜਾਵੇ। ਉਂਝ ਉਸ ਤੋਂ ਸਾਵਧਾਨ ਰਹੀਂ। ਮੇਰਾ ਮਤਲਬ ਆਪਣੇ ਬਾਰੇ ਜਿਆਦਾ ਗੱਲ ਨਾ ਕਰੀਂ। ਬੱਸ ਗੱਲ ਆਫੀਆ ਤੱਕ ਈ ਸੀਮਤ ਰੱਖੀਂ।''
''ਠੀਕ ਐ ਅੰਕਲ ਤੁਸੀਂ ਮੈਨੂੰ ਉਸਦਾ ਪਤਾ ਠਿਕਾਣਾ ਲਿਆ ਦਿਉ। ਫਿਰ ਮੈਂ ਵੇਖਦਾ ਆਂ ਕਿ ਅੱਗੇ ਕੀ ਕਰਾਂ।''
ਅਗਲੇ ਦਿਨ ਫਾਰੂਕੀ ਨੇ ਮੁਹੰਮਦ ਨੂੰ ਜਾਹੀਰ ਖਾਂ ਦਾ ਅਤਾ ਪਤਾ ਲਿਆ ਦਿੱਤਾ। ਉਸਨੇ ਫੋਨ ਕਰਕੇ ਉਸ ਤੋਂ ਇਹ ਕਹਿੰਦਿਆਂ ਵਕਤ ਲੈ ਲਿਆ ਕਿ ਉਹ ਆਪਣੇ ਕਿਸੇ ਸਰਕਾਰ ਦੁਆਰਾ ਗੁੰਮ ਕਰ ਦਿੱਤੇ ਗਏ ਰਿਸ਼ਤੇਦਾਰ ਬਾਰੇ ਪਤਾ ਕਰਨਾ ਚਾਹੁੰਦਾ ਹੈ। ਉਸਨੂੰ ਸ਼ਾਮ ਦਾ ਵਕਤ ਮਿਲ ਗਿਆ। ਸ਼ਾਮ ਵੇਲੇ ਉਹ ਜਾਹੀਰ ਖਾਂ ਦੇ ਦੋ ਮੰਜ਼ਲੇ ਘਰ 'ਚ ਦਾਖਲ ਹੋਇਆ। ਇਹ ਰੋਜ਼ਿਆਂ ਦੇ ਦਿਨ ਸਨ। ਉਸਦੇ ਘਰ 'ਚ ਕਾਫੀ ਸਾਰੇ ਲੋਕ ਰੋਜ਼ਾ ਖੋਲ੍ਹਣ ਲਈ ਇਕੱਠੇ ਹੋਏ ਬੈਠੇ ਸਨ। ਰੋਜ਼ਾ ਖੋਲ੍ਹਣ ਤੋਂ ਪਿੱਛੋਂ ਜਾਹੀਰ ਖਾਂ ਨੇ ਮੁਹੰਮਦ ਨੂੰ ਆਪਣੇ ਕਮਰੇ 'ਚ ਬੁਲਾ ਲਿਆ। ਉਸਨੇ ਮੁਹੰਮਦ ਵੱਲ ਗੌਹ ਨਾਲ ਵੇਖਿਆ ਤੇ ਫਿਰ ਹੌਲੀ ਜਿਹੇ ਬੋਲਿਆ, ''ਬੋਲੋ ਬਰਖੁਰਦਾਰ, ਤੁਸੀਂ ਕਿਸ ਗੱਲ ਦੇ ਸਿਲਸਲੇ ਵਿੱਚ ਮੈਨੂੰ ਮਿਲਣ ਆਏ ਓ?''
''ਜੀ ਮੈਂ ਫੋਨ 'ਤੇ ਵੀ ਦੱਸਿਆ ਸੀ ਕਿ ਮੇਰੀ ਭੈਣ ਗੁੰਮ ਐ। ਉਸਨੂੰ ਗੁੰਮ ਹੋਈ ਨੂੰ ਕਾਫੀ ਸਮਾ ਬੀਤ ਗਿਆ ਐ। ਉਸੇ ਬਾਰੇ ਥਾਂ ਥਾਂ ਪਤਾ ਕਰਦਾ ਘੁੰਮ ਰਿਹਾ ਆਂ।''
''ਕੀ ਨਾਂ ਐਂ ਤੇਰੀ ਭੈਣ ਦਾ?''
''ਜੀ ਉਸਦਾ ਨਾਂ ਆਫੀਆ ਸਦੀਕੀ ਐ।''
'ਹੈਂ! ਆਫੀਆ ਸਦੀਕੀ?'' ਜਾਹੀਰ ਖਾਂ ਇਉਂ ਬੋਲਿਆ ਜਿਵੇਂ ਠੂੰਹੇਂ ਨੇ ਡੰਗ ਮਾਰਿਆ ਹੋਵੇ। ਫਿਰ ਉਹ ਹੌਲੀ ਹੌਲੀ ਸੰਭਲ ਗਿਆ। ਮੁਹੰਮਦ ਵੀ ਹੈਰਾਨ ਹੋਇਆ ਕਿ ਆਫੀਆ ਦਾ ਨਾਂ ਸੁਣ ਕੇ ਇਹ ਇਉਂ ਕਿਉਂ ਬੁੜਕ ਕੇ ਉੱਠਿਆ। ਕੰਧ ਵੱਲ ਵੇਖਦਾ ਜਾਹੀਰ ਖਾਂ ਬੋਲਿਆ, ''ਮੈਂ ਤਾਂ ਇਹ ਨਾਂ ਈ ਪਹਿਲੀ ਵਾਰ ਸੁਣਿਆਂ ਐਂ। ਮੈਨੂੰ ਇਸ ਲੜਕੀ ਬਾਰੇ ਕੋਈ ਪਤਾ ਨ੍ਹੀਂ ਐ। ਕਿਸੇ ਹੋਰ ਬਾਰੇ ਗੱਲ ਕਰਨੀ ਐਂ ਤਾਂ ਦੱਸ?''
'ਮੇਰੀ ਭੈਣ ਤੋਂ ਬਿਨਾ ਮੈਨੂੰ ਹੋਰ ਕਿਸੇ ਨਾਲ ਕੋਈ ਸਰੋਕਾਰ ਨ੍ਹੀਂ ਐ।''
''ਆਹ ਸਾਰੀਆਂ ਔਰਤਾਂ ਨੂੰ ਵੇਖ ਰਿਹਾ ਐਂ?'' ਜਾਹੀਰ ਖਾਂ ਨੇ ਸਾਹਮਣੇ ਇਸ਼ਾਰਾ ਕਰਦਿਆਂ ਗੱਲ ਹੋਰ ਹੀ ਪਾਸੇ ਮੋੜ ਲਈ।
''ਜੀ।'' ਮੁਹੰਮਦ ਉਤਾਵਲਾ ਜਿਹਾ ਹੁੰਦਾ ਬੋਲਿਆ।
'ਇਨ੍ਹਾਂ ਸਭਨਾ ਨੇ ਕੋਈ ਨਾ ਕੋਈ ਖੋਇਆ ਐ। ਕਿਸੇ ਦਾ ਘਰਵਾਲਾ ਜਿਹਾਦ 'ਚ ਸ਼ਹੀਦ ਹੋ ਗਿਆ। ਕਿਸੇ ਦਾ ਪੁੱਤਰ ਅਫਗਾਨਿਸਤਾਨ ਦੀ ਜ਼ੰਗ ਦੀ ਬਲੀ ਚੜ੍ਹ ਗਿਆ। ਪਤਾ ਨ੍ਹੀਂ ਕਿੰਨਿਆਂ ਕੁ ਦੇ ਘਰਾਂ ਦੇ ਜੀਅ, ਆਈ. ਐੱਸ. ਆਈ. ਖਾ ਗਈ। ਇੱਥੇ ਹਰ ਕੋਈ ਆਪਣੇ ਗੁਆਚਿਆਂ ਨੂੰ ਭਾਲਦਾ ਫਿਰਦਾ ਐ।''
''ਜੀ ਉਹ ਸਭ ਤਾਂ ਠੀਕ ਐ। ਪਰ ਇਸ ਗੱਲ ਨਾਲ ਮੇਰਾ ਕੀ ਤੁਅੱਲਕ ਐ। ਮੈਨੂੰ ਤਾਂ ਪਤਾ ਲੱਗਿਆ ਸੀ ਕਿ ਤੁਹਾਡੀ ਜਥੇਬੰਦੀ ਆਈ. ਐੱਸ. ਆਈ. ਜਾਂ ਅਮਰੀਕਣ ਐਫ. ਬੀ. ਆਈ. ਦੁਆਰਾ ਚੁੱਕ ਕੇ ਗੁੰਮ ਕਰ ਦਿੱਤੇ ਗਏ ਲੋਕਾਂ ਦੀ ਭਾਲ ਕਰਨ 'ਚ ਮੱਦਦ ਕਰਦੀ ਐ। ਬੱਸ ਇਸੇ ਕਰਕੇ ਮੈਂ ਤੁਹਾਡੇ ਕੋਲ ਆਇਆ ਆਂ।''
'ਤੂੰ ਇਉਂ ਕਰ, ਆਪਣਾ ਪਤਾ ਠਿਕਾਣਾ ਲਿਖਾ ਦੇਹ ਤੇ ਕੱਲ੍ਹ ਨੂੰ ਇੱਥੇ ਈ ਮੈਨੂੰ ਮਿਲੀਂ। ਮੈਂ ਤੈਨੂੰ ਸਾਡੇ ਅੱਗੇ ਦੇ ਕਿਸੇ ਲੀਡਰ ਨਾਲ ਮਿਲਾਊਂਗਾ। ਉਹ ਸ਼ਾਇਦ ਤੇਰੀ ਭੈਣ ਨੂੰ ਲੱਭਣ 'ਚ ਕੋਈ ਮੱਦਦ ਕਰ ਸਕੇ।''
''ਜੀ ਠੀਕ ਐ। ਪਰ ਇੱਕ ਸੁਆਲ ਐ ਜੇ ਇਜਾਜ਼ਤ ਹੋਵੇ ਤਾਂ....।''
''ਹਾਂ ਬੋਲੋ।''
''ਇਹ ਗੁੰਮਸ਼ੁਦਾ ਲੋਕਾਂ ਦੀ ਭਾਲ ਤੁਸੀਂ ਕਾਨੂੰਨੀ ਢੰਗ ਨਾਲ ਕਰਦੇ ਓਂ? ਮੇਰਾ ਮਤਲਬ ਅਦਾਲਤ ਰਾਹੀਂ ਪਟੀਸ਼ਨ ਬਗੈਰਾ ਪਾ ਕੇ ਕਰਦੇ ਓਂ ਕਿ ਵੈਸੇ ਆਪਣੇ ਤੌਰ 'ਤੇ ਈ?''
'ਸਾਡਾ ਕੋਈ ਵੀ ਢੰਗ ਹੋਵੇ। ਤੈਨੂੰ ਤੇਰੇ ਕੰਮ ਤੱਕ ਮਤਲਬ ਹੋਣਾ ਚਾਹੀਦਾ ਐ। ਤੂੰ ਕੱਲ੍ਹ ਨੂੰ ਆ ਜਾਵੀਂ।'' ਇੰਨਾ ਕਹਿੰਦਾ ਜਹੀਰ ਖਾਂ ਉੱਠ ਕੇ ਚਲਾ ਗਿਆ ਤੇ ਮੁਹੰਮਦ ਘਰ ਮੁੜ ਆਇਆ। ਫਾਰੂਕੀ ਵੀ ਉਸ ਨਾਲ ਕਰਾਚੀ ਹੀ ਆ ਗਿਆ ਸੀ ਇਸ ਕਰਕੇ ਜਦੋਂ ਮੁਹੰਮਦ ਮੁੜਿਆ ਤਾਂ ਉਹ ਵੀ ਘਰ ਹੀ ਸੀ। ਉਸ ਨੇ ਘਰ ਆ ਕੇ ਜਹੀਰ ਖਾਂ ਨਾਲ ਹੋਈ ਗੱਲਬਾਤ ਦੱਸੀ ਤਾਂ ਫਾਰੂਕੀ ਬੋਲਿਆ, ''ਮੈਂ ਤਾਂ ਤੈਨੂੰ ਪਹਿਲਾਂ ਹੀ ਉੱਥੇ ਭੇਜ ਕੇ ਰਾਜ਼ੀ ਨ੍ਹੀਂ ਸੀ। ਮੈਨੂੰ ਅੱਜ ਹੀ ਇੱਕ ਹੋਰ ਗੱਲ ਪਤਾ ਲੱਗੀ ਐ।''
''ਉਹ ਕੀ?''
''ਅਮਰੀਕੀ ਪੱਤਰਕਾਰ ਡੇਨੀਅਲ ਪਰਲ ਗੁੰਮ ਹੋ ਜਾਣ ਤੋਂ ਪਹਿਲਾਂ ਇਸੇ ਜਹੀਰ ਖਾਂ ਦੇ ਘਰ ਗਿਆ ਸੀ। ਉਸ ਪਿੱਛੋਂ ਉਸਦੀ ਲਾਸ਼ ਹੀ ਮਿਲੀ ਸੀ।''
''ਉਹ ਮਾਈ ਗਾਡ! ਇਹ ਸਭ ਕੀ ਹੋ ਰਿਹਾ ਐ। ਇਹ ਲੋਕਾਂ ਨੂੰ ਲੱਭਣ 'ਚ ਮੱਦਦ ਕਰ ਰਹੇ ਨੇ ਕਿ ਲੋਕਾਂ ਨੂੰ ਗੁੰਮ ਕਰਨ 'ਚ ਰੁੱਝੇ ਹੋਏ ਨੇ?''
''ਬੱਸ ਚੁੱਪ ਈ ਭਲੀ ਐ।''
'ਅੰਕਲ ਆਫੀਆ ਨੂੰ ਪਾਕਿਸਤਾਨ ਦਾ ਬੱਚਾ ਬੱਚਾ ਜਾਣਦਾ ਐ ਤੇ ਉਹ ਕਹਿੰਦਾ ਕਿ ਉਸਨੇ ਤਾਂ ਇਹ ਨਾਂ ਕਦੇ ਸੁਣਿਆਂ ਈ ਨ੍ਹੀਂ।''
'ਪਤਾ ਨ੍ਹੀਂ ਸਰਕਾਰ ਕੀ ਖੇਡ, ਖੇਡ ਰਹੀ ਐ। ਕਿਸੇ ਦੀ ਕੁਝ ਸਮਝ 'ਚ ਨ੍ਹੀਂ ਆ ਰਿਹਾ। ਪਿੱਛੇ ਜਿਹੇ ਗੁੰਮ ਹੋਏ ਲੋਕਾਂ ਦੇ ਕਈ ਪਰਿਵਾਰਾਂ ਨੇ ਇਕੱਠੇ ਹੋ ਕੇ ਸੁਪਰੀਮ ਕੋਰਟ 'ਚ ਪਟੀਸ਼ਨ ਪਾਈ ਸੀ। ਚੀਫ ਜਸਟਿਸ ਇਫਤਿਖਾਰ ਚੌਧਰੀ ਨੇ ਇਹ ਪਟੀਸ਼ਨ ਮਨਜ਼ੂਰ ਕਰਦਿਆਂ ਕਾਰਵਾਈ ਵੀ ਸ਼ੁਰੂ ਕਰ ਦਿੱਤੀ ਸੀ। ਉਸਦੇ ਕਈ ਚੰਗੇ ਨਤੀਜੇ ਵੀ ਆਏ ਸਨ। ਕਿਉਂਕਿ ਜਸਟਿਸ ਚੌਧਰੀ ਨੇ ਸਫਾਈ ਦੇਣ ਲਈ ਹੁਕਮਰਾਨਾਂ ਨੂੰ ਅਦਾਲਤ 'ਚ ਬੁਲਾਉਣਾ ਸ਼ੁਰੂ ਕਰ ਦਿੱਤਾ ਸੀ। ਜ਼ਿਆਦਾ ਦਬਾਅ ਵਧਦਿਆਂ ਈ ਆਈ. ਐੱਸ. ਆਈ. ਨੇ ਕਾਫੀ ਸਾਰੇ ਲੋਕ ਛੱਡ ਵੀ ਦਿੱਤੇ ਸਨ। ਪਰ ਸਭ ਨੂੰ ਡਰਾ ਧਮਕਾ ਕੇ ਛੱਡਿਆ ਗਿਆ ਸੀ ਕਿ ਜੇਕਰ ਬਾਹਰ ਜਾ ਕੇ ਕਿਸੇ ਨਾਲ ਕੋਈ ਗੱਲ ਕੀਤੀ ਤਾਂ ਦੁਬਾਰਾ ਤੋਂ ਫੜ੍ਹ ਲਏ ਜਾਵੋਗੇ। ਪਰ ਆਖਰ ਲੋਕਾਂ ਦੀ ਇਹ ਉਮੀਦ ਵੀ ਖਤਮ ਹੋ ਗਈ।''
''ਉਹ ਕਿਉਂ?''
''ਕਿਉਂਕਿ ਪਹਿਲਾਂ ਤਾਂ ਪਰੈਜ਼ੀਡੈਂਟ ਮੁਸ਼ੱਰਫ ਨੇ ਚੀਫ ਜਸਟਿਸ ਚੌਧਰੀ 'ਤੇ ਦਬਾ ਪਾਇਆ ਕਿ ਉਹ ਇਹ ਪਟੀਸ਼ਨ ਵਾਲਾ ਕੰਮ ਬੰਦ ਕਰ ਦੇਵੇ ਪਰ ਜਦੋਂ ਉਹ ਨਾ ਹਟਿਆ ਤਾਂ ਮੁਸ਼ੱਰਫ ਨੇ ਉਸਨੂੰ ਮੁਅੱਤਲ ਕਰ ਦਿੱਤਾ।''
'ਭਾਈ ਜਾਨ ਉਦੋਂ ਕੁਝ ਉਮੀਦ ਬੱਝੀ ਸੀ ਕਿ ਸ਼ਾਇਦ ਚੀਫ ਜਸਟਿਸ ਚੌਧਰੀ ਦੇ ਹੁਕਮ ਨਾਲ ਹੋ ਰਹੀਆਂ ਇਨਕੁਆਰੀਆਂ ਕਰਕੇ ਹੀ ਕਿਧਰੇ ਆਫੀਆ ਦਾ ਭੇਤ ਖੁੱਲ੍ਹ ਜਾਵੇ। ਪਰ ਉਦੋਂ ਨੂੰ ਇਸ ਦੁਸ਼ਟ ਮੁਸ਼ੱਰਫ ਦਾ ਬੇੜਾ ਬਹਿ ਗਿਆ।'' ਚੁੱਪ ਬੈਠੀ ਇਸਮਤ ਵੀ ਗੱਲਬਾਤ 'ਚ ਹਿੱਸਾ ਲੈਣ ਲੱਗੀ।
'ਆਪਾ ਗੱਲ ਇਹ ਐ ਕਿ ਆਪਣੇ ਹੁਕਮਰਾਨ ਅਮਰੀਕਾ ਦੇ ਇਸ਼ਾਰਿਆਂ 'ਤੇ ਨੱਚਦੇ ਨੇ। ਜਿਵੇਂ ਉਹ ਕਹੇ ਉਵੇਂ ਕਰਦੇ ਨੇ। ਅਮਰੀਕਾ ਨ੍ਹੀਂ ਚਾਹੁੰਦਾ ਕਿ ਉਸਦੀਆਂ ਗੁਪਤ ਜੇਲ੍ਹਾਂ ਵਿੱਚ ਬੰਦ ਕੀਤੇ ਲੋਕਾਂ ਬਾਰੇ ਬਾਹਰ ਭੇਤ ਨਿੱਕਲੇ। ਇਸੇ ਕਰਕੇ ਉਸਨੇ ਮੁਸ਼ੱਰਫ ਨੂੰ ਕਹਿ ਕੇ ਚੀਫ ਜਸਟਿਸ ਚੌਧਰੀ ਨੂੰ ਈ ਪਾਸੇ ਕਰ ਦਿੱਤਾ।''
''ਅਮਰੀਕਾ ਤਾਂ ਆਪਣੇ ਹੋਰ ਵੀ ਭਰੋਸੇ ਬੰਦ ਚਮਚੇ ਨੂੰ ਲਿਆਉਣ ਲੱਗਿਆ ਸੀ ਪਰ ਉਸਨੂੰ ਅੱਲਾ ਨੇ ਆਪ ਈ ਸਜ਼ਾ ਦੇ ਦਿੱਤੀ।''
''ਤੁਸੀਂ ਕਿਸ ਦੀ ਗੱਲ ਕਰਦੇ ਓਂ?''
'ਬੇਨਜ਼ੀਰ ਦੀ ਹੋਰ ਕਿਸਦੀ। ਭੁੱਟੋ ਦੀ ਲਾਡਲੀ ਆਈ ਸੀ ਇੱਥੇ ਸ਼ਾਂਤੀ ਸਥਾਪਤ ਕਰਨ। ਸਾਰਾ ਮੁਲਕ ਚੂੰਡ ਕੇ ਖਾ ਗਈ ਤੇ ਫਿਰ ਕਹਿੰਦੀ ਕਿ ਮੈਂ ਮੁਸ਼ੱਰਫ ਨਾਲ ਮਿਲ ਕੇ ਸਰਕਾਰ ਬਣਾਵਾਂਗੀ ਤੇ ਲੋਕਾਂ ਨੂੰ ਇਨਸਾਫ ਦੁਆਵਾਂਗੀ। ਪਰ ਇਹ ਨ੍ਹੀਂ ਪਤਾ ਕਿ ਇਨਸਾਫ ਤਾਂ ਤੇਰੀ ਉਡੀਕ ਕਰ ਰਿਹਾ ਐ। ਦੋ ਮਹੀਨੇ ਨ੍ਹੀਂ ਕੱਢੇ ਕਿ ਅਗਲਿਆਂ ਨੇ ਜਹੱਨਮ ਦਾ ਟਿਕਟ ਕੱਟ ਦਿੱਤਾ।''
'ਪਤਾ ਨ੍ਹੀਂ ਇਸ ਮੁਲਕ ਦਾ ਕੀ ਬਣੂੰਗਾ। ਪਹਿਲਾਂ ਹੀ ਚੀਫ ਜਸਟਿਸ ਚੌਧਰੀ ਦੇ ਮੁਅੱਤਲ ਹੋਣ ਵਾਲੇ ਮਸਲੇ ਕਰਕੇ ਥਾਂ ਥਾਂ ਧਰਨੇ ਪ੍ਰਦਰਸ਼ਣ ਹੋ ਰਹੇ ਨੇ। ਫਿਰ ਫੌਜ, ਲਾਲ ਮਸਜਿਦ 'ਚ ਜਾ ਵੜੀ। ਉੱਥੇ ਸੈਂਕੜੇ ਲੋਕੀ ਮਾਰੇ ਗਏ। ਉਸ ਪਿੱਛੋਂ ਬੇਨਜੀਰ ਭੁੱਟੋ ਵਾਲਾ ਹਾਦਸਾ ਹੋ ਗਿਆ।''
''ਤੁਸੀਂ ਰਾਜਨੀਤੀ ਦੀਆਂ ਗੱਲਾਂ ਛੱਡੋ। ਆਪਾਂ ਆਫੀਆ ਬਾਰੇ ਕੁਛ ਸੋਚੀਏ।''
'ਆਪਾ ਅਸੀਂ ਉਸ ਦਿਨ ਦੇ ਇੱਕ ਪਲ ਲਈ ਵੀ ਚੈਨ ਨਾਲ ਨ੍ਹੀਂ ਬੈਠੇ ਜਦੋਂ ਦੀ ਆਫੀਆ ਗੁੰਮ ਹੋਈ ਹੈ। ਪਰ ਸ਼ਾਇਦ ਅੱਲਾ ਨੂੰ ਮਨਜ਼ੂਰ ਈ ਨ੍ਹੀਂ ਕਿ ਉਸਦਾ ਕੋਈ ਪਤਾ ਲੱਗੇ।'' ਫਾਰੂਕੀ ਨੇ ਭੈਣ ਦਾ ਦਿਲ ਧਰਾਇਆ।
'ਸੁਣਿਆਂ ਐਂ ਕਿ ਅਮਰੀਕਣਾਂ ਨੇ ਅਫਗਾਨਿਸਤਾਨ 'ਚ ਬਹੁਤ ਹੀ ਭੈੜੀਆਂ ਜੇਲ੍ਹਾਂ ਬਣਾਈਆਂ ਹੋਈਆਂ ਨੇ। ਜਿੱਥੇ ਹਰ ਰੋਜ਼ ਬੇਕਸੂਰਿਆਂ ਨੂੰ ਅਣਮਨੁੱਖੀ ਤਸੀਹੇ ਦਿੱਤੇ ਜਾਂਦੇ ਨੇ। ਪਤਾ ਨ੍ਹੀਂ ਮੇਰੀ ਧੀ ਕਿਨ੍ਹਾਂ ਭੋਰਿਆਂ 'ਚ ਮੌਤ ਦੀਆਂ ਘੜੀਆਂ ਗਿਣ ਰਹੀ ਹੋਊਗੀ।'' ਇਸਮਤ ਰੋਣ ਲੱਗੀ।
'ਤੂੰ ਆਪਾ ਇਹ ਰੋਣਾ ਧੋਣਾ ਬੰਦ ਕਰ। ਇਸ ਨਾਲ ਕੋਈ ਮਸਲਾ ਹੱਲ ਨ੍ਹੀਂ ਹੋਣ ਲੱਗਿਆ।''
'ਭਾਈ ਜਾਨ ਕਰੋ ਨਾ ਕੁਛ ਫੇਰ। ਇਸ ਤਰ੍ਹਾਂ ਗੱਲਾਂ ਕਰਦਿਆਂ ਤਾਂ ਸਾਲਾਂ ਦੇ ਸਾਲ ਬੀਤ ਗਏ ਨੇ।''
''ਆਪਾ ਤੂੰ ਦੱਸ ਕੀ ਕਰੀਏ। ਕੀ ਐ ਆਪਣੇ ਹੱਥ ਬੱਸ।'' ਫਾਰੂਕੀ ਦਾ ਵੀ ਦਿਲ ਭਰ ਆਇਆ ਤੇ ਉਸਨੇ ਜੇਬ 'ਚੋਂ ਰੁਮਾਲ ਕੱਢਦਿਆਂ ਅੱਥਰੂ ਪੂੰਝੇ।
''ਭਾਈ ਜਾਨ ਤੁਸੀਂ ਵਾਨ ਰਿਡਲੀ ਦਾ ਸ਼ੋਅ ਵੇਖਦੇ ਹੁੰਦੇ ਓਂ?'' ਇਸਮਤ ਨੇ ਗੱਲ ਬਦਲੀ।
''ਇਹ ਕੌਣ ਐਂ?''
''ਇਹ ਕੋਈ ਇੰਗਲੈਂਡ ਦੀ ਜ਼ਨਾਨੀ ਐਂ। ਕਰਿਸ਼ਚੀਅਨ ਤੋਂ ਮੁਸਲਮਾਨ ਬਣੀ ਐਂ। ਇਹ ਟੀਵੀ ਸ਼ੋਅ ਚਲਾਉਂਦੀ ਐ। ਇਸ ਦਾ ਮੁੱਖ ਮੁੱਦਾ ਮੁਸਲਮਾਨਾਂ 'ਤੇ ਹੋ ਰਹੇ ਅੱਤਿਆਚਾਰ ਹੁੰਦਾ ਐ। ਖਾਸ ਕਰਕੇ ਟੈਰੋਰਿਜ਼ਮ ਦੀ ਆੜ 'ਚ ਆਮ ਮੁਸਲਮਾਨਾਂ 'ਤੇ ਹੋ ਰਹੇ ਅੱਤਿਆਚਾਰ।''
''ਅੱਛਾ!।''
'ਹਾਂ। ਪਿਛਲੇ ਹਫਤੇ ਦੇ ਪ੍ਰੋਗਰਾਮ ਦਾ ਮੁੱਖ ਉਦੇਸ਼ ਸੀ 'ਅਫਗਾਨਿਸਤਾਨ ਦੀਆਂ ਭਿਅੰਕਰ ਗੁਪਤ ਜੇਲ੍ਹਾਂ 'ਚ ਲਕੋ ਕੇ ਰੱਖੇ ਗਏ ਨਿਰਦੋਸ਼ ਲੋਕ'। ਜਿਨ੍ਹਾਂ ਖਿਲਾਫ ਕੇਸ ਕੋਈ ਨ੍ਹੀਂ ਬਣਦਾ। ਬੱਸ ਉਹ ਇਸੇ ਤਰ੍ਹਾਂ ਜੁਲਮ ਨਾ ਸਹਿੰਦੇ ਮੌਤ ਦੀ ਗੋਦ 'ਚ ਜਾ ਪੈਂਦੇ ਨੇ। ਕਿਉਂਕਿ ਉਨ੍ਹਾਂ ਦੀ ਕਿਧਰੇ ਗ੍ਰਿਫਤਾਰੀ ਵੀ ਨ੍ਹੀਂ ਵਿਖਾਈ ਗਈ ਹੁੰਦੀ ਇਸ ਕਰਕੇ ਉਹ ਦੁਨੀਆਂ ਲਈ ਭੇਤ ਬਣ ਕੇ ਰਹਿ ਜਾਂਦੇ ਨੇ।''
''ਤੇਰਾ ਮਤਲਬ....।'' ਫਾਰੂਕੀ ਗੌਹ ਨਾਲ ਇਸਮਤ ਵੱਲ ਝਾਕਿਆ।
'ਹਾਂ ਹਾਂ ਮੈਂ ਉਹੀ ਗੱਲ ਕਰਨ ਜਾ ਰਹੀ ਆਂ। ਪਿਛਲੇ ਹਫਤੇ ਉਸਨੇ ਆਫੀਆ ਦਾ ਮੁੱਦਾ ਉਠਾਇਆ ਸੀ। ਉਸਦੇ ਪ੍ਰੋਗਰਾਮ 'ਚ ਕੋਈ ਮੁਅੱਜ਼ਮ ਬੇਗ ਨਾਂ ਦਾ ਆਦਮੀ ਆਇਆ ਸੀ। ਉਹ ਦੱਸ ਰਿਹਾ ਸੀ ਕਿ ਉਸਨੂੰ ਵੀ ਸ਼ੱਕ ਦੇ ਆਧਾਰ 'ਤੇ ਫੜ੍ਹਿਆ ਗਿਆ ਸੀ। ਉਸਨੂੰ ਅਫਗਾਨਿਸਤਾਨ ਦੀ ਕਿਸੇ ਗੁਪਤ ਜੇਲ੍ਹ 'ਚ ਰੱਖਿਆ ਗਿਆ ਸੀ। ਉਸ 'ਤੇ ਬੜੇ ਅਣਮਨੁੱਖੀ ਤਸ਼ੱਦਦ ਹੋਇਆ। ਪਰ ਜਿਹੜੀ ਖਾਸ ਗੱਲ ਉਸਨੇ ਦੱਸੀ, ਉਹ ਇਹ ਸੀ ਕਿ ਉਸਨੂੰ ਹਰ ਰੋਜ਼ ਕਿਸੇ ਜ਼ਨਾਨੀ ਦੀਆਂ ਚੀਕਾਂ ਸੁਣਾਈ ਦਿੰਦੀਆਂ ਸਨ। ਜਿਵੇਂ ਕਿ ਕਿਸੇ 'ਤੇ ਜ਼ੁਲਮ ਢਾਇਆ ਜਾ ਰਿਹਾ ਹੋਵੇ ਤੇ ਉਹ ਇਸਨੂੰ ਨਾ ਸਹਾਰਦੀ ਹੋਈ ਚੀਕਦੀ ਕੁਰਲਾਉਂਦੀ ਹੋਵੇ। ਇਹ ਹਰ ਰੋਜ਼ ਦਾ ਵਰਤਾਰਾ ਸੀ। ਉਹ ਜਿੰਨਾ ਚਿਰ ਉੱਥੇ ਰਿਹਾ ਇਹ ਚੀਕਾਂ ਸੁਣਦਾ ਰਿਹਾ।''
ਇਸਮਤ ਗੱਲ ਕਰਦੀ ਚੁੱਪ ਹੋਈ ਤੇ ਉਸਨੇ ਅੱਖਾਂ ਪੂੰਝੀਆਂ। ਪਰ ਕਿਸੇ ਨੇ ਬੋਲ ਕੇ ਉਸਦੀ ਗੱਲ 'ਚ ਵਿਘਨ ਪਾਉਣਾ ਉਚਿਤ ਨਾ ਸਮਝਿਆ। ਉਹ ਫਿਰ ਤੋਂ ਬੋਲਣ ਲੱਗੀ, ''ਬੇਗ ਨੇ ਦੱਸਿਆ ਕਿ ਉਹ ਕਈ ਵਾਰੀ ਉਸਨੂੰ ਕੈਦ ਰੱਖਣ ਵਾਲਿਆਂ ਨੂੰ ਪੁੱਛਦਾ ਕਿ ਇਹ ਔਰਤ ਕੌਣ ਐਂ ਜੋ ਰੋ ਕੁਰਲਾ ਰਹੀ ਐ। ਪਰ ਉਹ ਹਮੇਸ਼ਾ ਇਹ ਕਹਿ ਕੇ ਟਾਲ ਦਿੰਦੇ ਕਿ ਇਹ ਤਾਂ ਟੇਪਾਂ 'ਚ ਭਰੀ ਹੋਈ ਆਵਾਜ਼ ਐ ਜੋ ਕਿ ਉਸਨੂੰ ਸਿਰਫ ਡਰਾਉਣ ਲਈ ਵਰਤੀ ਜਾਂਦੀ ਐ। ਪਰ ਅਸਲੀਅਤ ਹੋਰ ਸੀ…....।'' ਉਹ ਜ਼ਰਾ ਰੁਕੀ ਤੇ ਫਿਰ ਬੋਲਣ ਲੱਗੀ।
'ਉਸ ਨੂੰ ਕਿਸੇ ਦਿਨ ਇੱਕ ਲੋਕਲ ਅਫਗਾਨੀ ਪੁਲੀਸ ਵਾਲੇ ਨੇ ਦੱਸਿਆ ਕਿ ਇਹ ਕੋਈ ਟੇਪ ਬਗੈਰਾ ਨ੍ਹੀਂ ਐ। ਇਹ ਅਸਲੀ ਔਰਤ ਐ ਜੋ ਕਿ ਨਾਲ ਦੀ ਕੋਠੜੀ 'ਚ ਬੰਦ ਐ। ਇਸ ਔਰਤ ਦੇ ਪਹਿਨਣ ਵਾਲੇ ਕੱਪੜਿਆਂ 'ਤੇ ਕੈਦੀ ਨੰਬਰ 650 ਲਿਖਿਆ ਹੋਇਆ ਐ। ਉਸਦੀ ਹਰ ਰੋਜ਼ ਇੰਟੈਰੋਗੇਸ਼ਨ ਹੁੰਦੀ ਐ ਤੇ ਉਦੋਂ ਈ ਉਹ ਰੋਂਦੀ ਕੁਰਲਾਉਂਦੀ ਐ। ਫਿਰ ਮੁਅੱਜ਼ਮ ਬੇਗ ਨੇ ਇੱਕ ਦਿਨ ਉਸ ਔਰਤ ਦਾ ਚਿਹਰਾ ਵੀ ਵੇਖ ਲਿਆ।''
'ਅੱਛਾ! ਕੀ ਉਹ ਉਸਨੂੰ ਪਹਿਚਾਣ ਸਕਿਆ?'' ਫਾਰੂਕੀ ਨੇ ਉਤਸ਼ਾਹ ਨਾਲ ਪੁੱਛਿਆ।
''ਉਦੋਂ ਤਾਂ ਉਸਨੇ ਕੀ ਪਛਾਣਨਾ ਸੀ। ਪਰ ਉਸੇ ਪ੍ਰੋਗਰਾਮ 'ਤੇ ਰਿਡਲੀ ਨੇ ਉਸਦੇ ਸਾਹਮਣੇ ਆਫੀਆ ਦੀ ਫੋਟੋ ਕਰ ਦਿੱਤੀ ਤੇ ਪੁੱਛਿਆ ਕਿ ਕੀ ਉਹ ਇਸ ਕੁੜੀ ਵਰਗੀ ਲੱਗਦੀ ਸੀ। ਇਸ 'ਤੇ ਉਹ ਝੱਟ ਬੋਲਿਆ ਹਾਂ ਇਹ ਫੋਟੋ ਉਸੇ ਕੁੜੀ ਦੀ ਐ।''
ਇਸ ਪਿੱਛੋਂ ਕੋਈ ਨਾ ਬੋਲਿਆ। ਸਾਰੇ ਸੁੰਨ ਹੋ ਗਏ। ਇਸਮਤ ਨੇ ਲੰਬਾ ਹੌਂਕਾ ਭਰਿਆ ਤੇ ਆਪਣੀ ਗੱਲ ਅੱਗੇ ਤੋਰੀ।
'ਇੰਨਾ ਹੀ ਨ੍ਹੀਂ ਫਿਰ ਰਿਡਲੀ ਨੇ ਉਨ੍ਹਾਂ ਪੰਜ ਤਾਲੀਬਾਨਾਂ ਨਾਲ ਹੋਈ ਇੰਟਰਵਿਊ ਵਿਖਾਈ ਜਿਹੜੇ ਕਿ ਬੈਗਰਾਮ ਸ਼ਹਿਰ ਦੀ ਉਸੇ ਜੇਲ੍ਹ 'ਚੋਂ ਭੱਜਣ ਵਿੱਚ ਕਾਮਯਾਬ ਹੋ ਗਏ ਸਨ। ਉਨ੍ਹਾਂ ਨੇ ਆਪਣੀ ਇੰਟਰਵਿਊ 'ਚ ਮੰਨਿਆਂ ਸੀ ਕਿ ਉਨ੍ਹਾਂ ਨੇ ਵੀ ਉਸ ਔਰਤ ਦੀਆਂ ਚੀਕਾਂ ਸੁਣੀਆਂ ਸਨ। ਉਨ੍ਹਾਂ ਮੁਤਾਬਕ ਉਹ ਔਰਤ ਕੈਦੀ ਨੰਬਰ 650 ਸੀ ਤੇ ਉਹ ਆਫੀਆ ਸਦੀਕੀ ਹੀ ਸੀ।
ਇਸਮਤ ਨੇ ਗੱਲ ਖਤਮ ਕੀਤੀ ਤਾਂ ਕਾਫੀ ਦੇਰ ਸਾਰੇ ਚੁੱਪ ਬੈਠੇ ਰਹੇ। ਫਿਰ ਫਾਰੂਕੀ ਬੋਲਿਆ, ''ਆਪਾ ਤੂੰ ਹੀ ਦੱਸ ਫਿਰ ਆਫੀਆ ਨੂੰ ਹੁਣ ਕਿੱਥੇ ਭਾਲੀਏ?''
'ਗੱਲ ਤਾਂ ਭਾਈ ਜਾਨ ਮੈਂ ਵੀ ਸਮਝਦੀ ਆਂ ਪਰ ਕਿਸੇ 'ਤੇ ਇਤਬਾਰ ਈ ਨ੍ਹੀਂ ਆਉਂਦਾ। ਕੀ ਪਤਾ ਐ ਕਿ ਕੌਣ ਸਹੀ ਐ। ਲੱਗਦਾ ਐ ਕਿ ਹੋ ਸਕਦੈ ਵਾਨ ਰਿਡਲੀ ਝੂਠੀ ਹੋਵੇ ਤੇ ਆਪਣਾ ਸ਼ੋਅ ਵੇਚਣ ਦੀ ਮਾਰੀ ਇਹ ਸਭ ਕਰ ਰਹੀ ਹੋਵੇ।''
'ਆਪਾ, ਇਹ ਬੜਾ ਵੱਡਾ ਭੰਬਲਭੂਸਾ ਐ। ਪਤਾ ਨ੍ਹੀਂ ਕਿ ਅੱਗੇ ਕੀ ਹੋਣਾ ਐਂ।''
ਉਹ ਗੱਲਾਂ ਕਰ ਹੀ ਰਹੇ ਸਨ ਕਿ ਫੋਨ ਖੜਕਣ ਲੱਗਿਆ। ਇਸਮਤ ਨੇ ਅਗਾਂਹ ਹੋ ਕੇ ਫੋਨ ਚੁੱਕ ਲਿਆ। ਉੱਧਰੋਂ ਬਿਨਾ ਆਪਣੀ ਨਾਂ ਬਗੈਰਾ ਦੱਸਿਆਂ ਈ ਕੋਈ ਬੋਲਣ ਲੱਗਿਆ, ''ਤੁਸੀਂ ਫਿਰ ਤੋਂ ਆਫੀਆ ਨੂੰ ਲੱਭਣ ਤੁਰ ਪਏ ਓਂ। ਕੀ ਤੁਹਾਨੂੰ ਚੈਨ ਦੀ ਜ਼ਿੰਦਗੀ ਜਿਉਣਾ ਚੰਗਾ ਨ੍ਹੀਂ ਲੱਗਦਾ?''
'ਨ੍ਹੀਂ ਜੀ ਅਜਿਹੀ ਤਾਂ ਕੋਈ ਗੱਲ ਨ੍ਹੀਂ ਐ। ਪਰ ਤੁਸੀਂ ਕੌਣ ਓਂ?''
'ਤੇਰਾ ਪੁੱਤਰ ਅਮਰੀਕਾ ਤੋਂ ਚੱਲ ਕੇ ਇੱਥੇ ਆਫੀਆ ਨੂੰ ਲੱਭਣ ਆਇਆ ਐ। ਚੰਗਾ ਇਹੀ ਐ ਕਿ ਇਹ ਵਾਪਸ ਚਲਿਆ ਜਾਵੇ। ਨ੍ਹੀਂ ਤਾਂ ਇਸਦੀ ਖੈਰ ਨ੍ਹੀਂ ਐ।''
''ਕਿੱਥੇ ਐ ਮੇਰੀ ਬੱਚੀ? ਕੀ ਤੁਸੀਂ ਉਸ ਬਾਰੇ ਕੁਛ ਦੱਸ ਸਕਦੇ ਓਂ?'' ਇਮਸਤ ਤੜਪ ਕੇ ਬੋਲੀ।
'ਉਹ ਠੀਕ ਠਾਕ ਐ। ਉਸਨੂੰ ਕੋਈ ਖਤਰਾ ਨ੍ਹੀਂ ਐ। ਪਰ ਜੇਕਰ ਤੁਸੀਂ ਉਸਨੂੰ ਭਾਲਣ ਵਾਲਾ ਸਿਲਸਲਾ ਬੰਦ ਨਾ ਕੀਤਾ ਤਾਂ ਜ਼ਰੂਰ ਉਸਦੀ ਜ਼ਿੰਦਗੀ ਨੂੰ ਖਤਰੇ 'ਚ ਪਾਉਗੇ। ਨਾਲ ਈ ਆਪਣੀਆਂ ਜ਼ਿੰਦਗੀਆਂ ਦੀ ਵੀ ਬਰਬਾਦੀ ਕਰਵਾਉਗੇ।'' ਇੰਨਾ ਕਹਿ ਕੇ ਉਧਰੋਂ ਕਿਸੇ ਨੇ ਫੋਨ ਕੱਟ ਦਿੱਤਾ।
''ਕੌਣ ਸੀ?'' ਫਾਰੂਕੀ ਉੱਠ ਕੇ ਇਸਮਤ ਦੇ ਕੋਲ ਆ ਗਿਆ।
''ਉਹੀ ਧਮਕੀਆਂ ਵਾਲਾ ਸਿਲਸਲਾ ਸ਼ੁਰੂ ਹੋ ਗਿਆ ਐ। ਕਹਿੰਦੇ ਐ ਕਿ ਜੇਕਰ ਆਫੀਆ ਦੀ ਭਲੀ ਚਾਹੁੰਦੇ ਓ ਤਾਂ ਆਪਣੇ ਪੁੱਤਰ ਨੂੰ ਕਹਿ ਦਿਉ ਕਿ ਵਾਪਸ ਅਮਰੀਕਾ ਮੁੜ ਜਾਵੇ।''
ਇਸ ਗੱਲ ਦੇ ਉੱਤਰ 'ਚ ਫਾਰੂਕੀ ਨੇ ਕਿਹਾ ਤਾਂ ਕੁਝ ਨਾ ਪਰ ਉਸਨੂੰ ਜਹੀਰ ਖਾਂ ਯਾਦ ਆ ਗਿਆ। ਉਹ ਕੁਝ ਦੇਰ ਚੁੱਪ ਰਹਿੰਦਾ ਬੋਲਿਆ, ''ਆਪਾ ਮੈਂ ਇੱਕ ਗੱਲ ਕਹਿਣੀ ਚਾਹੁੰਨਾ ਆਂ।''
''ਜੀ ਭਾਈ ਜਾਨ ਦੱਸੋ ਤੁਸੀਂ ਕੀ ਗੱਲ ਐ?''
''ਮੇਰਾ ਖਿਆਲ ਐ ਕਿ ਮੁਹੰਮਦ ਨੂੰ ਵਾਪਸ ਅਮਰੀਕਾ ਮੁੜ ਜਾਣਾ ਚਾਹੀਦਾ ਐ। ਕਿਤੇ ਇੱਕ ਕੰਮ ਠੀਕ ਕਰਦੇ ਕਰਦੇ ਕਿਸੇ ਨਵੇਂ ਲਫੜੇ 'ਚ ਨਾ ਫਸ ਜਾਈਏ।''
''ਭਾਈ ਜਾਨ ਤੁਹਾਡੀ ਗੱਲ ਮੈਨੂੰ ਬਿਲਕੁਲ ਠੀਕ ਜਾਪਦੀ ਐ। ਪਹਿਲਾਂ ਵੀ ਮੈਂ ਐਵੇਂ ਭਾਵਕ ਹੋਈ ਨੇ ਇਸ ਨੂੰ ਇੱਥੇ ਸੱਦ ਲਿਆ। ਹੁਣ ਮੈਂ ਸੋਚਦੀ ਆਂ ਕਿ ਜਿੰਨੀ ਜਲਦੀ ਹੋ ਸਕੇ ਇਸਨੂੰ ਵਾਪਸ ਮੁੜ ਜਾਣਾ ਚਾਹੀਦਾ ਐ।''
'ਜੇਕਰ ਇਹ ਗੱਲ ਐ ਤਾਂ ਮੈਂ ਕੱਲ੍ਹ ਨੂੰ ਹੀ ਇਸਦੀ ਟਿਕਟ ਦਾ ਪ੍ਰਬੰਧ ਕਰਵਾ ਦਿੰਨਾ ਆਂ।''
ਫਿਰ ਉਨ੍ਹਾਂ ਦੀ ਇਸ ਗੱਲ 'ਤੇ ਸਹਿਮਤੀ ਹੋ ਗਈ। ਅਗਲੇ ਦਿਨ ਫਾਰੂਕੀ ਨੇ ਟਿਕਟ ਦਾ ਪਤਾ ਕਰਵਾਇਆ। ਦੋ ਦਿਨ ਬਾਅਦ ਦੀ ਉਨ੍ਹਾਂ ਨੂੰ ਸੀਟ ਮਿਲ ਗਈ। ਅਗਲੇ ਦੋ ਦਿਨ ਉਹ ਹੋਰ ਕਈ ਵੱਡੇ ਬੰਦਿਆਂ ਨੂੰ ਮਿਲੇ ਤੇ ਆਫੀਆ ਬਾਰੇ ਪਤਾ ਸਤਾ ਕੀਤਾ। ਪਰ ਉਸਦਾ ਕੋਈ ਪਤਾ ਨਾ ਲੱਗਿਆ। ਤੀਜੇ ਦਿਨ ਫਾਰੂਕੀ, ਮੁਹੰਮਦ ਨੂੰ ਕਰਾਚੀ ਦੇ ਏਅਰਪੋਰਟ ਤੋਂ ਅਮਰੀਕਾ ਦੀ ਫਲਾਈਟ 'ਚ ਚੜ੍ਹਾ ਆਇਆ। ਇਸ ਪਿੱਛੋਂ ਉਹ ਵਾਪਸ ਇਸਲਾਮਾਬਾਦ ਚਲਾ ਗਿਆ। ਅਗਲੇ ਕਈ ਦਿਨ ਉਹ ਬੜਾ ਅੱਪਸੈੱਟ ਰਿਹਾ। ਫਿਰ ਨਿੱਤ ਦੀ ਤਰ੍ਹਾਂ ਜ਼ਿੰਦਗੀ ਆਪਣੀ ਰੇੜ੍ਹੇ ਪੈ ਗਈ।
ਉੱਧਰ ਲੋਕਾਂ ਵਿੱਚ ਆਫੀਆ ਦਾ ਮਾਮਲਾ ਠੰਢਾ ਪੈਂਦਾ ਜਾ ਰਿਹਾ ਸੀ। ਕਿਉਂਕਿ ਹੁਣ ਉੱਥੇ ਚੀਫ ਜਸਟਿਸ ਚੌਧਰੀ ਨੂੰ ਬਹਾਲ ਕਰਵਾਉਣ ਦੀ ਮੁਹਿਮ ਤੇਜ਼ ਹੋ ਗਈ ਸੀ। ਇਹ ਇਵੇਂ ਹੀ ਹੁੰਦਾ ਸੀ। ਜਦੋਂ ਕਦੇ ਆਫੀਆ ਦੀ ਗੱਲ ਮੀਡੀਏ 'ਚ ਆਉਣ ਲੱਗਦੀ ਤਾਂ ਲੋਕਾਂ ਦਾ ਰੋਹ ਜਾਗ ਉੱਠਦਾ ਤੇ ਉਹ ਸੜਕਾਂ 'ਤੇ ਨਿਕਲ ਆਉਂਦੇ ਪਰ ਉਦੋਂ ਨੂੰ ਕੋਈ ਹੋਰ ਮੁੱਦਾ ਸਾਹਮਣੇ ਆ ਜਾਂਦਾ ਤਾਂ ਲੋਕ ਉੱਧਰ ਨੂੰ ਉਲਾਰ ਹੋ ਜਾਂਦੇ। ਵੈਸੇ ਵੀ ਬਹੁਤ ਘੱਟ ਪਾਕਿਸਤਾਨੀ ਲੋਕਾਂ ਨੂੰ ਪਤਾ ਸੀ ਕਿ ਆਈ. ਐੱਸ. ਆਈ. ਜਾਂ ਅਮਰੀਕਣ ਐਫ. ਬੀ. ਆਈ. ਆਫੀਆ ਦੇ ਮਗਰ ਇਸ ਤਰ੍ਹਾਂ ਕਿਉਂ ਹੱਥ ਧੋ ਕੇ ਪਈ ਹੋਈ ਹੈ। ਜਾਂ ਫਿਰ ਜੇਕਰ ਉਹ ਉਨ੍ਹਾਂ ਦੀ ਹਿਰਾਸਤ ਵਿੱਚ ਹੈ ਤਾਂ ਵੀ ਇਹ ਮਾਮਲਾ ਕੀ ਹੈ। ਆਮ ਲੋਕਾਂ ਨੂੰ ਇਸ ਗੱਲ ਦਾ ਵੀ ਪਤਾ ਨਹੀਂ ਸੀ ਕਿ ਉਹ ਕੇ. ਐਸ. ਐਮ. ਦੇ ਭਾਣਜੇ ਅਲੀ ਦੀ ਦੂਸਰੀ ਬੀਵੀ ਹੈ। ਇਸ ਬਲੋਚੀ ਪਰਿਵਾਰ ਦਾ ਪੂਰਾ ਕਿੱਸਾ ਵੀ ਲੋਕਾਂ ਨੂੰ ਮਾਲੂਮ ਨਹੀਂ ਸੀ। ਆਫੀਆ ਅਮਰੀਕਾ ਰਹਿ ਕੇ ਕੀ ਕਰਦੀ ਰਹੀ ਜਾਂ ਇੱਥੇ ਆ ਕੇ ਕਿਸ ਕਿਸਮ ਦੀਆਂ ਕਾਰਵਾਈਆਂ 'ਚ ਹਿੱਸਾ ਲੈਂਦੀ ਰਹੀ ਜਾਂ ਉਸਦਾ ਜਿਹਾਦ ਵੱਲ ਉਲਾਰ ਹੋਣਾ, ਅਜਿਹੀਆਂ ਕਿਸੇ ਵੀ ਗੱਲਾਂ ਦਾ ਲੋਕਾਂ ਨੂੰ ਪਤਾ ਨਹੀਂ ਸੀ। ਲੋਕ ਸਮਝ ਰਹੇ ਸਨ ਕਿ ਇੱਕ ਦੁਖਿਆਰੀ ਔਰਤ ਨੂੰ ਦੁਨੀਆਂ ਦੀ ਸੁਪਰ ਪਾਵਰ, ਅਮਰੀਕਾ ਤੰਗ ਕਰ ਰਿਹਾ ਹੈ। ਇਸੇ ਕਰਕੇ ਲੋਕਾਂ ਨੂੰ ਆਫੀਆ ਸਦੀਕੀ ਨਾਲ ਹਮਦਰਦੀ ਸੀ।
Chahals57@yahoo.com
Ph. 0017033623239

No comments:

Post a Comment