Friday 16 November 2012


ਤਿੰਨ :---


ਪੋਸਟਿੰਗ : ਅਨੁ. ਮਹਿੰਦਰ ਬੇਦੀ ਜੈਤੋ

 
ਆਫੀਆ ਸਦੀਕੀ ਦਾ ਜਿਹਾਦ…:: ਲੇਖਕ : ਹਰਮਹਿੰਦਰ ਚਹਿਲ :---



ਡੈਲਟਾ ਏਅਰਲਾਈਨਜ਼ ਦਾ ਜਹਾਜ਼ ਨੀਵਾਂ ਹੋਣ ਲੱਗਿਆ ਤਾਂ ਆਫੀਆ ਨੇ ਹੇਠਾਂ ਵੱਲ ਨੀਝ ਲਾ ਕੇ ਵੇਖਿਆ। ਉਸ ਨੂੰ ਕੁਝ ਵੀ ਵਿਖਾਈ ਨਾ ਦਿੱਤਾ। ਹੇਠਾਂ ਸੰਘਣੀ ਧੁੰਦ ਜਿਹੀ ਵਿਛੀ ਹੋਈ ਸੀ। ਜਹਾਜ਼ ਨੀਵਾਂ ਹੁੰਦਾ ਗਿਆ ਪਰ ਹੇਠਾਂ ਅਜੇ ਵੀ ਕੁਝ ਨਹੀਂ ਦਿਸ ਰਿਹਾ ਸੀ। ਆਫੀਆ ਨੇ ਮਹਿਸੂਸ ਕੀਤਾ ਕਿ ਜਹਾਜ਼ ਕਾਫੀ ਨੀਵਾਂ ਆ ਗਿਆ ਹੈ ਪਰ ਅਜੇ ਵੀ ਹੇਠਾਂ ਕੁਝ ਨਹੀਂ ਦਿਸ ਰਿਹਾ ਹੈ। ਫਿਰ ਉਸਨੂੰ ਮਰੀਆਂ ਜਿਹੀਆਂ ਰੋਸ਼ਨੀਆਂ ਦਿਸਣੀਆਂ ਸ਼ੁਰੂ ਹੋਈਆਂ ਤੇ ਉਦੋਂ ਹੀ ਜਹਾਜ਼ ਲੈਂਡ ਕਰ ਗਿਆ। ਇੱਕ ਝਟਕਾ ਜਿਹਾ ਵੱਜਿਆ ਤੇ ਜਹਾਜ਼ ਰਨਵੇ 'ਤੇ ਭੱਜਣ ਲੱਗਿਆ। ਫਿਰ ਜਹਾਜ਼ ਹੌਲੀ ਹੋਇਆ ਤਾਂ ਆਫੀਆ ਨੇ ਬਾਹਰ ਵੱਲ ਵੇਖਿਆ। ਹਰ ਪਾਸੇ ਬਰਫ ਦੇ ਢੇਰ ਲੱਗੇ ਪਏ ਸਨ। ਜਦੋਂ ਉਸ ਪਤਾ ਲੱਗਿਆ ਕਿ ਇਹ ਤਾਂ ਸਨੋਅ ਪੈ ਰਹੀ ਹੈ ਤਾਂ ਉਹ ਅਚੰਭੇ ਨਾਲ ਬਾਹਰ ਵੇਖਣ ਲੱਗੀ। ਇੰਨੇ ਨੂੰ ਜਹਾਜ਼ ਟਰਮੀਨਲ 'ਤੇ ਜਾ ਲੱਗਿਆ। ਉਹ ਕਸਟਮ ਬਗੈਰਾ 'ਚੋਂ ਕਲੀਅਰ ਹੋ ਕੇ ਬਾਹਰ ਆਈ ਤਾਂ ਸਾਹਮਣੇ ਉਸਦਾ ਭਰਾ ਮੁਹੰਮਦ ਅਲੀ ਉਸਦੀ ਉਡੀਕ ਕਰ ਰਿਹਾ ਸੀ। ਨਾਲ ਉਸਦੇ ਕੋਈ ਉਸਦਾ ਦੋਸਤ ਜਾਪਦਾ ਗੋਰਾ ਮੁੰਡਾ ਸੀ। ਆਫੀਆ ਭਰਾ ਨਾਲ ਘਰੇ ਚਲੀ ਗਈ। ਉਸਦੇ ਭਰਾ ਦਾ ਹੂਸਟਨ ਯੂਨੀਵਰਸਿਟੀ ਨੇ ਨੇੜੇ ਹੀ ਆਪਣਾ ਅਪਾਰਟਮੈਂਟ ਸੀ। ਉਹ ਉੱਥੇ ਹੀ ਪੜ੍ਹਿਆ ਸੀ ਤੇ ਹੁਣ ਆਰਚੀਟੈਕਟ ਦਾ ਕੰਮ ਕਰ ਰਿਹਾ ਸੀ। ਸਾਰੇ ਉਸਨੂੰ ਮੁਹੰਮਦ ਕਹਿ ਕੇ ਬੁਲਾਉਂਦੇ ਸਨ। ਅਗਲੇ ਪੰਜ ਸੱਤ ਦਿਨ ਤਾਂ ਆਫੀਆ ਦਾ ਥਕੇਵਾਂ ਹੀ ਨਾ ਲੱਥਿਆ। ਉਸਦਾ ਮਨ ਵੀ ਪਿੱਛੇ ਲਈ ਬੜਾ ਉਦਾਸ ਸੀ। ਉਹ ਸਾਰਾ ਦਿਨ ਅਪਾਰਟਮੈਂਟ ਵਿੱਚ ਹੀ ਪਈ ਰਹਿੰਦੀ ਸੀ। ਟੀਵੀ ਬਗੈਰਾ ਦੀ ਉਸਨੂੰ ਨਾ ਪੂਰੀ ਸਮਝ ਆਉਂਦੀ ਸੀ ਤੇ ਨਾ ਹੀ ਉਸਨੂੰ ਟੀਵੀ ਵੇਖਣਾ ਪਸੰਦ ਸੀ। ਫਿਰ ਮੁਹੰਮਦ ਉਸਨੂੰ ਯੂਨੀਵਰਸਿਟੀ ਲੈ ਗਿਆ ਤੇ ਉਸਦੀ ਪੜ੍ਹਾਈ ਦਾ ਪਤਾ ਸਤਾ ਕੀਤਾ। ਸਾਰੀ ਜਾਣਕਾਰੀ ਲੈ ਕੇ ਆਫੀਆ ਨੇ ਕਲਾਸਾਂ 'ਚ ਜਾਣਾ ਸ਼ੁਰੂ ਕਰ ਦਿੱਤਾ। ਪਰ ਅਜੇ ਵੀ ਉਸਦਾ ਮਨ ਇੱਥੇ ਪੂਰੀ ਤਰ੍ਹਾਂ ਲੱਗ ਨਹੀਂ ਸੀ ਰਿਹਾ। ਉਹ ਘਰੇ ਵੀ ਅੰਦਰੇ ਹੀ ਬੜੀ ਰਹਿੰਦੀ। ਫਿਰ ਹੌਲੀ ਹੌਲੀ ਉਸਦਾ ਮਨ ਪਰਚਣ ਲੱਗਿਆ। ਇਸਦਾ ਵੱਡਾ ਕਾਰਨ ਸੀ ਕਿ ਇੱਥੇ ਮੁਸਲਮਾਨ ਵਿਦਿਆਰਥੀਆਂ ਦੀ ਬਹੁਤ ਵੱਡੀ ਗਿਣਤੀ ਸੀ। ਉਹ ਕਈਆਂ ਦੇ ਨੇੜੇ ਹੋਣ ਲੱਗੀ। ਆਪਣੇ ਸੁਭਾਅ ਮੁਤਾਬਕ ਆਫੀਆ ਹਰ ਇੱਕ ਨਾਲ ਧਰਮ ਬਾਰੇ ਚਰਚਾ ਜ਼ਰੂਰ ਕਰਦੀ। ਇਸ ਵਿਚਕਾਰ ਹੀ ਉਹ ਵੇਖਦੀ ਕਿ ਉਸਦੇ ਭਰਾ ਦੇ ਅਪਾਰਟਮੈਂਟ 'ਚ ਬਹੁਤ ਸਾਰੇ ਵਿਦਿਆਰਥੀ ਆਉਂਦੇ ਸਨ। ਉੱਥੇ ਮੁਸਲਮਾਨ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਚਲਦੀ ਰਹਿੰਦੀ ਸੀ। ਉਸਦਾ ਭਰਾ ਮੁਸਲਮਾਨ ਕਮਿਉਨਟੀ ਦਾ ਸਿਰਕੱਢ ਲੀਡਰ ਸੀ। ਅਜਿਹੇ ਵੇਲੇ ਉਹ ਪਿਛਲੇ ਕਮਰੇ 'ਚ ਚਲੀ ਜਾਂਦੀ। ਉਹ ਸਾਰਿਆਂ ਦੇ ਵਿਚਕਾਰ ਨਹੀਂ ਬੈਠਦੀ ਸੀ। ਇਸ ਵਿਚਕਾਰ ਹੀ ਉਸਨੇ ਵੇਖਿਆ ਕਿ ਉਸਦੇ ਭਰਾ ਦਾ ਉਹ ਦੋਸਤ ਮੁੰਡਾ ਜੋ ਕਿ ਉਸਦੇ ਅਮਰੀਕਾ ਆਉਣ ਵਾਲੇ ਦਿਨ ਵੀ ਉਸਦੇ ਭਰਾ ਨਾਲ ਏਅਰਪੋਰਟ ਗਿਆ ਸੀ ਉਹ ਵੀ ਅਪਾਰਟਮੈਂਟ 'ਚ ਬਹੁਤ ਆਉਂਦਾ ਜਾਂਦਾ ਸੀ। ਉਸਦਾ ਨਾਂ ਜਾਰਜ ਸੀ। ਜਾਰਜ ਜਦੋਂ ਵੀ ਆਉਂਦਾ ਤਾਂ ਆਫੀਆ ਉਸ ਤੋਂ ਪਾਸੇ ਹੋ ਜਾਂਦੀ। ਜਦੋਂ ਕਿ ਉਹ ਹਮੇਸ਼ਾ ਉਸ ਨਾਲ ਕੋਈ ਗੱਲ ਕਰਨੀ ਚਾਹੁੰਦਾ। ਉਹ ਉਸ ਨਾਲ ਪਹਿਲੀ ਵਾਰ ਉਦੋਂ ਬੋਲੀ ਜਦੋਂ ਇੱਕ ਦਿਨ ਮੁਹੰਮਦ ਨੇ ਜਾਰਜ ਦੇ ਆਇਆਂ ਤੋਂ ਉਸਨੂੰ ਕਮਰੇ 'ਚੋਂ ਬੁਲਾਇਆ। ਉਸਨੇ ਦੱਸਿਆ ਕਿ ਜਾਰਜ ਉਸਦਾ ਬਹੁਤ ਹੀ ਗਹਿਰਾ ਦੋਸਤ ਹੈ ਤੇ ਉਹ ਉਸ ਨਾਲ ਬੇਝਿਜਕ ਗੱਲਬਾਤ ਕਰ ਸਕਦੀ ਹੈ। ਫਿਰ ਉਹ ਜਾਰਜ ਨਾਲ ਥੋੜਾ ਬਹੁਤਾ ਬੋਲਣ ਲੱਗੀ। ਜਾਰਜ ਉਸਨੂੰ ਫਰੈਂਡ ਕਹਿ ਕੇ ਬੁਲਾਉਂਦਾ ਤਾਂ ਇਹ ਸੰਬੋਧਨ ਉਸਨੂੰ ਚੰਗਾ ਨਾ ਲੱਗਦਾ। ਫਿਰ ਜਾਰਜ ਉਸਨੂੰ ਸਿਸਟਰ ਕਹਿ ਕੇ ਬੁਲਾਉਣ ਲੱਗਿਆ ਤਾਂ ਜਾਰਜ ਨਾਲ ਉਹ ਪੂਰੀ ਤਰ੍ਹਾਂ ਖੁੱਲ੍ਹ ਗਈ। ਉਹ ਉਸ ਨਾਲ ਧਰਮ ਬਾਰੇ ਲੰਬੀਆਂ ਬਹਿਸਾਂ ਕਰਦੀ। ਇਨ੍ਹਾਂ ਬਹਿਸਾਂ ਦੌਰਾਨ ਜਾਰਜ ਵੇਖਦਾ ਕਿ ਉਹ ਹਰ ਵੇਲੇ ਮੁਸਲਿਮ ਧਰਮ ਨੂੰ ਹੀ ਵਡਿਆਉਂਦੀ ਸੀ। ਦੂਸਰੇ ਧਰਮਾਂ ਦੀ ਉਹ ਜ਼ਿਆਦਾ ਕਦਰ ਨਹੀਂ ਕਰਦੀ ਸੀ। ਜਾਰਜ ਬਹੁਤ ਵਾਰੀ ਕਰਿਸ਼ਚੀਐਨਿਟੀ ਬਾਰੇ ਬਹੁਤ ਕੁਝ ਸਮਝਾਉਂਦਾ ਪਰ ਉਹ ਕਿਸੇ ਗੱਲ ਨਾਲ ਸਹਿਮਤ ਨਾ ਹੁੰਦੀ। ਉਹ ਹਰ ਬਹਿਸ ਵੇਲੇ ਮੁਸਲਿਮ ਧਰਮ ਨੂੰ ਉੱਚਾ ਅਤੇ ਅਸਲੀ ਧਰਮ ਕਹਿੰਦੀ। ਜਾਰਜ ਨੇ ਇੱਕ ਗੱਲ ਜ਼ਰੂਰ ਵੇਖ ਲਈ ਸੀ ਕਿ ਆਫੀਆ ਧਰਮ ਬਾਰੇ ਬਹੁਤ ਡੂੰਘੀ ਜਾਣਕਾਰੀ ਰੱਖਦੀ ਸੀ ਅਤੇ ਉਸ 'ਚ ਦੂਸਰਿਆਂ ਨੂੰ ਆਪਣੇ ਪ੍ਰਭਾਵ ਹੇਠ ਲੈਣ ਦੀ ਕਾਬਲੀਅਤ ਸੀ। ਮੁਹੰਮਦ ਦੇ ਕਈ ਦੋਸਤ ਤਾਂ ਪਹਿਲੀ ਵਾਰ ਹੀ ਉਸਦਾ ਪ੍ਰਭਾਵ ਕਬੂਲ ਲੈਂਦੇ ਸਨ। ਆਫੀਆ ਦੇ ਹੋਰ ਰਿਸ਼ਤੇਦਾਰ ਵੀ ਹੂਸਟਨ 'ਚ ਰਹਿੰਦੇ ਸਨ। ਕਿਸੇ ਨਾ ਕਿਸੇ ਫੰਕਸ਼ਨ ਦਾ ਤਿਉਹਾਰ ਵਾਲੇ ਦਿਨ ਸਾਰੇ ਇਕੱਠੇ ਹੁੰਦੇ ਰਹਿੰਦੇ ਸਨ। ਜਾਰਜ ਇਨ੍ਹਾਂ ਸਾਰਿਆਂ ਨੂੰ ਜਾਣਦਾ ਸੀ ਅਤੇ ਸਭ ਨਾਲ ਵਰਤਦਾ ਵੀ ਸੀ। ਇਸ ਕਰਕੇ ਆਫੀਆ ਪਿੱਛੋਂ ਜਾ ਕੇ ਉਸ ਨਾਲ ਪੂਰੀ ਤਰ੍ਹਾਂ ਖੁੱਲ੍ਹ ਗਈ। ਉਹ ਖੁੱਲ੍ਹ ਕੇ ਬਹਿਸਾਂ ਕਰਦੇ। ਇੱਕ ਦਿਨ ਜਾਰਜ ਮੁਹੰਮਦ ਦੇ ਅਪਾਰਟਮੈਂਟ 'ਚ ਆਇਆ ਤਾਂ ਉਸਨੇ ਵੇਖਿਆ ਕਿ ਆਫੀਆ ਚੁੱਪ ਚਾਪ ਇੱਕ ਪਾਸੇ ਬੈਠੀ ਹੋਈ ਸੀ। ਘਰ ਵਿੱਚ ਪੂਰੀ ਚੁੱਪ ਛਾਈ ਹੋਈ ਸੀ।
''ਕੀ ਗੱਲ ਸਿਸਟਰ, ਅੱਜ ਇੰਨੀ ਉਦਾਸ ਐਂ?'' ਜਾਰਜ ਨੇ ਪੁੱਛਿਆ।
''ਜਾਰਜ ਅੱਜ ਘਰ ਯਾਦ ਆ ਰਿਹਾ ਐ। ਖਾਸ ਕਰਕੇ ਅੰਮੀ।''
'ਨਾ ਤੂੰ ਟੀਵੀ ਵੇਖਦੀ ਐਂ। ਨਾ ਕੋਈ ਕਿਤਾਬ ਬਗੈਰਾ ਪੜ੍ਹਦੀ ਐਂ ਫਿਰ ਵਿਹਲੀ ਬੈਠੀ ਨੇ ਉਦਾਸ ਤਾਂ ਹੋਣਾ ਈ ਐ।''
'ਇਸੇ ਕਰਕੇ ਈ ਮੈਂ ਟੀਵੀ ਨ੍ਹੀਂ ਵੇਖਦੀ ਤੇ ਨਾ ਈ ਕੁਛ ਪੜ੍ਹਦੀ ਆਂ।''
''ਮਤਲਬ?'' ਜਾਰਜ ਹੈਰਾਨ ਹੋਇਆ।
'ਕਿਉਂਕਿ ਇਹ ਗੱਲਾਂ ਸਿਰਫ ਵਕਤ ਕਟੀ ਲਈ ਨੇ। ਇਹ ਇਨਸਾਨ ਦਾ ਵਕਤ ਪਾਸ ਨ੍ਹੀਂ ਕਰਵਾਉਂਦੀਆਂ ਸਗੋਂ ਇਹ ਵਕਤ ਬਰਬਾਦ ਕਰਦੀਆਂ ਨੇ। ਇਸੇ ਕਰਕੇ ਇਨ੍ਹਾਂ ਗੱਲਾਂ ਦੀ ਸਾਡੇ ਧਰਮ 'ਚ ਮਨਾਹੀ ਐ।''
''ਵਿਹਲੇ ਵੇਲੇ ਹੋਰ ਫਿਰ ਕੀ ਕਰੋ?''
''ਰੱਬ ਦੀ ਇਬਾਦਤ ਕਰੋ, ਜਾਂ ਫਿਰ ਸਮਾਜਿਕ ਭਲਾਈ ਦੇ ਕੰਮ ਕਰੋ।''
'ਜੇ ਤੁਸੀਂ ਟੀਵੀ ਨ੍ਹੀਂ ਵੇਖੋਗੇ, ਕੋਈ ਅਖ਼ਬਾਰ ਨ੍ਹੀਂ ਪੜ੍ਹੋਗੇ ਤਾਂ ਤੁਹਾਨੂੰ ਕਿਵੇਂ ਪਤਾ ਲੱਗੂ ਕਿ ਸੰਸਾਰ ਅੰਦਰ ਕੀ ਹੋ ਰਿਹਾ ਐ?''
'ਤੇਰੇ ਵਰਗਿਆਂ ਤੋਂ ਪਤਾ ਲੱਗ ਈ ਜਾਂਦਾ ਐ ਕਿ ਸੰਸਾਰ ਅੰਦਰ ਕੀ ਚੱਲ ਰਿਹਾ ਐ।'' ਇੰਨਾ ਕਹਿੰਦਿਆਂ ਆਫੀਆ ਹੱਸੀ। ਉਸਦੀ ਇਹ ਗੱਲ ਸੁਣ ਕੇ ਜਾਰਜ ਹੈਰਾਨ ਨਾ ਹੋਇਆ। ਕਿਉਂਕਿ ਉਸਨੇ ਪਹਿਲਾਂ ਹੀ ਵੇਖ ਲਿਆ ਸੀ ਕਿ ਜੋ ਅੱਜ ਕੱਲ੍ਹ ਦੀ ਜੁਆਨ ਪੀੜੀ ਕਰ ਰਹੀ ਹੈ ਆਫੀਆ ਉਨ੍ਹਾਂ ਗੱਲਾਂ ਤੋਂ ਕੋਹਾਂ ਦੂਰ ਹੈ। ਉਹ ਟੀਵੀ ਨਹੀਂ ਵੇਖਦੀ, ਸੰਗੀਤ ਨਹੀਂ ਸੁਣਦੀ, ਕੋਈ ਨਾਵਲ ਬਗੈਰਾ ਨਹੀਂ ਪੜ੍ਹਦੀ ਤੇ ਕਿਸੇ ਮੁੰਡੇ ਨਾਲ ਘੁੰਮਣ ਫਿਰਨ ਜਾਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ। ਉਸਦੇ ਲਈ ਬੱਸ ਦੋ ਹੀ ਗੱਲਾਂ ਜ਼ਰੂਰੀ ਸਨ, ਆਪਣੀ ਪੜ੍ਹਾਈ ਜਾਂ ਫਿਰ ਧਰਮ। ਉਹ ਕੁਝ ਦੇਰ ਚੁੱਪ ਰਹਿੰਦਾ ਬੋਲਿਆ,
''ਸਿਸਟਰ ਤੈਨੂੰ ਮੈਂ ਸਲਾਹ ਦੇਊਂ ਕਿ ਤੂੰ ਟੀਵੀ 'ਤੇ ਖ਼ਬਰਾਂ ਬਗੈਰਾ ਜ਼ਰੂਰ ਵੇਖ ਲਿਆ ਕਰ। ਇਸ ਨਾਲ ਇਨਸਾਨ ਨੂੰ ਇੰਨਾ ਪਤਾ ਲੱਗਦਾ ਰਹਿੰਦੈ ਕਿ ਆਲੇ ਦੁਆਲੇ ਕੀ ਹੋ ਰਿਹਾ ਐ।''
''ਕਿਉਂ ਕੁਛ ਖਾਸ ਹੋ ਰਿਹਾ ਐ ਆਲੇ ਦੁਆਲੇ?'' ਆਫੀਆ ਨੇ ਗੱਲ ਫਿਰ ਮਜ਼ਾਕ 'ਚ ਪਾਈ।
'ਤੈਨੂੰ ਨ੍ਹੀਂ ਪਤਾ ਕਿ ਅੱਜ ਕੀ ਹੋ ਗਿਆ?''
'ਨ੍ਹੀਂ ਤਾਂ।''
''ਇਰਾਕ ਨੇ ਕੁਵੇਤ 'ਤੇ ਹਮਲਾ ਕਰ ਦਿੱਤਾ ਐ।''
''ਹੈਂ!?'' ਆਫੀਆ ਹੈਰਾਨ ਹੁੰਦਿਆਂ ਜਾਰਜ ਵੱਲ ਝਾਕੀ। ਉਹ ਇੱਕਦਮ ਸਕਤੇ 'ਚ ਆ ਗਈ।''
'ਹਾਂ ਇਹ ਸਹੀ ਐ। ਪਿਛਲੇ ਕਈ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ, ਇਹ ਤਾਂ ਤੈਨੂੰ ਪਤਾ ਈ ਐ। ਪਰ ਅੱਜ ਸਦਾਮ ਹੁਸੈਨ ਸਾਰੀ ਦੁਨੀਆਂ ਦੇ ਰੋਕਣ ਦੇ ਬਾਵਜੂਦ ਵੀ ਨਾ ਰੁਕਿਆ ਤੇ ਉਸਨੇ ਕੁਵੇਤ 'ਤੇ ਚੜ੍ਹਾਈ ਕਰ ਦਿੱਤੀ।''
'ਸਦਾਮ ਹੁਸੈਨ ਤਾਂ ਬੁੱਚੜ ਐ ਇਹ ਸਾਰੇ ਈ ਜਾਣਦੇ ਨੇ ਪਰ ਘੱਟ ਕੁਵੇਤ ਦੇ ਸ਼ੇਖ ਵੀ ਨ੍ਹੀਂ।''
''ਸਿਸਟਰ ਕੁਵੇਤ ਦਾ ਇਸ 'ਚ ਕੀ ਕਸੂਰ ਐ?'' ਜਾਰਜ ਉਸਦੀ ਗੱਲ ਸੁਣ ਕੇ ਹੈਰਾਨ ਹੋਇਆ।
'ਇਹ ਜਿੰਨੇ ਵੀ ਡਿਕਟੇਟਰ ਨੇ ਇਹ ਸਾਰੇ ਈ ਸ਼ੈਤਾਨ ਨੇ। ਸਾਰੇ ਈ ਮੁਸਲਮਾਨ ਧਰਮ ਨੂੰ ਢਾਹ ਲਾ ਰਹੇ ਨੇ। ਇਨ੍ਹਾਂ ਸਾਰਿਆਂ ਦਾ ਈ ਖਾਤਮਾ ਹੋਣਾ ਜ਼ਰੂਰੀ ਐ।''
''ਫਿਰ ਤੇਰੇ ਖਿਆਲ 'ਚ ਹੁਣ ਕੀ ਹੋਣਾ ਚਾਹੀਦਾ ਐ?''
'ਪਹਿਲਾਂ ਸਦਾਮ ਦਾ ਫਸਤਾ ਵੱਢਿਆ ਜਾਵੇ। ਉਸ ਪਿੱਛੋਂ ਇਨ੍ਹਾਂ ਸ਼ੇਖਾਂ ਅਤੇ, ਡਿਕਟੇਟਰਾਂ ਸਫਾਇਆ ਹੋਵੇ।''
''ਕੌਣ ਕਰੂਗਾ ਇਹ ਸਭ?''
''ਲੋਕ।'' ਇੰਨਾ ਕਹਿ ਕੇ ਆਫੀਆ ਜਾਰਜ ਵੱਲ ਝਾਕੀ।
'ਲੋਕ ਇੱਥੇ ਕੁਛ ਨ੍ਹੀਂ ਕਰ ਸਕਦੇ। ਇਸ ਵੇਲੇ ਕਿਸੇ ਵੱਡੀ ਸ਼ਕਤੀ ਦੀ ਲੋੜ ਐ ਜੋ ਸਦਾਮ ਨੂੰ ਨੱਥ ਪਾਵੇ।''
''ਮਤਲਬ?''
'ਮਲਤਬ ਇਹ ਐ ਕਿ ਅਮਰੀਕਾ ਨੇ ਇਰਾਕ ਨੂੰ ਕਹਿ ਦਿੱਤਾ ਐ ਕਿ ਉਹ ਆਪਣੀਆਂ ਫੌਜਾਂ ਕੁਵੇਤ 'ਚੋਂ ਬਾਹਰ ਕੱਢੇ। ਨ੍ਹੀਂ ਤਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹੇ।''
''ਅਮਰੀਕਾ ਇੱਥੇ ਵਿਚਕਾਰ ਕਿੱਥੋਂ ਆ ਗਿਆ। ਇਹ ਅਰਬ ਮੁਲਕਾਂ ਦਾ ਆਪਸ ਦਾ ਮਾਮਲਾ ਐ।'' ਆਫੀਆ ਤੁਰੰਤ ਗੱਲ ਦਾ ਪਾਸਾ ਬਦਲ ਗਈ।
'ਤੈਨੂੰ ਨ੍ਹੀਂ ਪਤਾ, ਇਰਾਕ ਤਾਂ ਕੁਵੇਤ ਤੋਂ ਵੀ ਅੱਗੇ ਸਾਊਦੀ ਅਰਬ 'ਤੇ ਹਮਲਾ ਕਰਨ ਦੀ ਤਿਆਰੀ ਕਰੀ ਜਾ ਰਿਹਾ ਐ। ਜੇ ਉਸਨੂੰ ਰੋਕਿਆ ਨਾ ਗਿਆ ਤਾਂ....।''
''ਮੈਨੂੰ ਇਹ ਸਭ ਕੁਛ ਇੱਕ ਸਾਜ਼ਿਸ਼ ਲੱਗਦੀ ਐ।'' ਜਾਰਜ ਦੀ ਗੱਲ ਵਿਚਾਕਰ ਟੋਕਦੀ ਆਫੀਆ ਬੋਲੀ।
''ਸਾਜ਼ਿਸ਼ ਮਤਲਬ?''
'ਅਮਰੀਕਾ ਸ਼ੈਤਾਨ ਦੀ ਪਾਰਟੀ ਐ। ਅੱਜ ਇਹ ਦੁਨੀਆਂ 'ਚ ਕਿਸੇ ਨੂੰ ਵੀ ਟਿਕ ਕੇ ਨ੍ਹੀਂ ਬੈਠਣ ਦਿੰਦਾ। ਹਰ ਇੱਕ ਮੁਲਕ ਦੇ ਘਰੇਲੂ ਮਾਮਲਿਆਂ 'ਚ ਦਖਲ ਦਿੰਦਾ ਰਹਿੰਦਾ ਐ।''
'ਮੈਂ ਇਹ ਗੱਲ ਨ੍ਹੀਂ ਮੰਨਦਾ। ਤੂੰ ਕੋਈ ਉਦਾਹਰਣ ਦੇਹ।''
'ਦੂਰ ਜਾਣ ਦੀ ਲੋੜ ਈ ਨ੍ਹੀਂ। ਮੇਰੇ ਆਪਣੇ ਮੁਲਕ ਪਾਕਿਸਤਾਨ ਦੀ ਗੱਲ ਕਰ ਲੈਨੇ ਆਂ। ਉੱਥੇ ਉਹੀ ਹੁੰਦਾ ਐ ਜੋ ਅਮਰੀਕਾ ਨੂੰ ਚੰਗਾ ਲੱਗੇ। ਮੁਲਕ 'ਤੇ ਰਾਜ ਕਰਨ ਵਾਲਾ ਕੋਈ ਵੀ ਹੋਵੇ ਉਸਨੂੰ ਅਮਰੀਕਾ ਦੀ ਗੱਲ ਮੰਨਣੀ ਪੈਂਦੀ ਐ। ਅਸਲ ਵਿੱਚ ਸਾਡੇ ਮੁਲਕ ਦੇ ਸਾਰੇ ਸਿਆਸਤਦਾਨ ਅਮਰੀਕਾ ਦੇ ਪਿੱਠੂ ਨੇ। ਆਪਣੀ ਰਾਜਗੱਦੀ ਬਚਾਉਣ ਲਈ ਉਹ ਕੋਈ ਵੀ ਸਮਝੌਤਾ ਕਰ ਸਕਦੇ ਨੇ। ਇਵੇਂ ਈ ਬਾਕੀ ਮੁਲਕਾਂ 'ਚ ਹੋ ਰਿਹਾ ਐ। ਅਰਬ ਮੁਲਕਾਂ 'ਚ ਅਮਰੀਕਾ ਇੱਕ ਦੂਜੇ ਨੂੰ ਲੜਾ ਕੇ ਆਪਣਾ ਮਤਲਬ ਕੱਢੀ ਰੱਖਦਾ ਐ।''
''ਪਰ ਆਪਾਂ ਗੱਲ ਇਰਾਕ ਦੀ ਕਰ ਰਹੇ ਆਂ।'' ਜਾਰਜ ਨੇ ਉਸਨੂੰ ਟੋਕਿਆ।
''ਠੀਕ ਐ ਇਰਾਕ ਦੀ ਸਹੀ। ਪਹਿਲਾਂ ਤਾਂ ਅਮਰੀਕਾ, ਇਰਾਕ ਨੂੰ ਇਰਾਨ ਦੇ ਖਿਲਾਫ ਚੁੱਕੀ ਗਿਆ। ਇੰਨੇ ਸਾਲ ਦੀ ਇਰਾਨ-ਇਰਾਕ ਲੜਾਈ ਵਿੱਚ ਇਸਨੇ ਇਰਾਕ ਦੀ ਪੂਰੀ ਹਿਮਾਇਤ ਕੀਤੀ। ਹੁਣ ਉਹ ਲੜਾਈ ਖਤਮ ਹੋ ਗਈ ਤਾਂ ਇਸ ਨੇ ਆਪਣਾ ਹੋਰ ਏਜੰਡਾ ਸ਼ੁਰੂ ਕਰ ਲਿਆ।''
'ਸਿਸਟਰ ਤੂੰ ਫਿਰ ਮਸਲੇ ਤੋਂ ਪਰ੍ਹਾਂ ਜਾਹ ਰਹੀ ਐਂ। ਇਰਾਕ ਨੇ ਕੁਵੇਤ 'ਤੇ ਹਮਲਾ ਕੀਤਾ ਐ ਨਾ ਕਿ ਅਮਰੀਕਾ ਨੇ।''
'ਜਾਰਜ ਮੈਂ ਸਭ ਜਾਣਦੀ ਆਂ। ਪਿਛਲੇ ਕਈ ਮਹੀਨਿਆਂ ਤੋਂ ਇਹ ਰੌਲਾ ਚੱਲ ਰਿਹਾ ਸੀ। ਇਰਾਕ ਨੇ ਅਮਰੀਕਾ ਕੋਲ ਸ਼ਿਕਾਇਤ ਵੀ ਕੀਤੀ ਸੀ ਕਿ ਉਸਦਾ ਕੁਵੇਤ ਨਾਲ ਕਿਸੇ ਇਲਾਕੇ ਨੂੰ ਲੈ ਕੇ ਝਗੜਾ ਐ। ਪਰ ਅਮਰੀਕਾ ਨੇ ਇਹ ਕਹਿ ਕੇ ਪਾਸਾ ਝਾੜ ਲਿਆ ਕਿ ਇਹ ਤੁਹਾਡਾ ਆਪਸੀ ਮਾਮਲਾ ਐ ਜਿਵੇਂ ਮਰਜ਼ੀ ਸੁਲਝਾਉ। ਉਹ ਇਸ ਵਿੱਚ ਨਹੀਂ ਪਵੇਗਾ। ਅਸਲ 'ਚ ਇਹ ਕਹਿ ਕੇ ਅਮਰੀਕਾ ਨੇ ਇਰਾਕ ਨੂੰ ਇੱਕ ਕਿਸਮ ਦੀ ਹੱਲਾਸ਼ੇਰੀ ਦਿੱਤੀ ਸੀ ਕਿ ਉਹ ਜੋ ਮਰਜ਼ੀ ਕਰੇ ਅਮਰੀਕਾ ਵਿੱਚ ਨ੍ਹੀਂ ਆਵੇਗਾ। ਸਦਾਮ ਨੇ ਵੀ ਉਸਦਾ ਇਸ਼ਾਰਾ ਸਮਝ ਲਿਆ ਤੇ ਮੌਕਾ ਮਿਲਦਿਆਂ ਈ ਕੁਵੇਤ 'ਤੇ ਚੜ੍ਹਾਈ ਕਰ ਦਿੱਤੀ। ਇਰਾਕ ਦੇ ਇੰਨਾ ਕਰਦਿਆਂ ਈ ਅਮਰੀਕਾ ਆਪਣੀ ਗੱਲ ਤੋਂ ਬਦਲ ਗਿਆ। ਅਸਲ 'ਚ ਅਮਰੀਕਾ ਚਾਹੁੰਦਾ ਸੀ ਕਿ ਕਿਵੇਂ ਨਾ ਕਿਵੇਂ ਇਰਾਕ ਕੋਈ ਕਦਮ ਚੁੱਕੇ ਤੇ ਉਸਨੂੰ ਵਿੱਚ ਪੈਣ ਦਾ ਮੌਕਾ ਮਿਲੇ। ਹੁਣ ਵੇਖਲੈ ਅਮਰੀਕਾ ਦੇ ਮਨ ਦੀ ਹੋ ਗਈ। ਇਰਾਕ ਨੂੰ ਰੋਕਣ ਲਈ ਉਸਨੇ ਸਾਊਦੀ ਅਰਬ ਨੂੰ ਅੱਗੇ ਲਾ ਲਿਆ।''
''ਸਿਸਟਰ ਆਫੀਆ, ਪਹਿਲਾਂ ਇਹ ਦੱਸ ਕਿ ਤੂੰ ਇਰਾਕ ਦੇ ਚੁੱਕੇ ਇਸ ਕਦਮ ਦੇ ਹੱਕ 'ਚ ਐਂ ਕਿ ਉਲਟ।''
'ਮੈਂ ਇਸ ਦੇ ਬਿਲਕੁਲ ਖਿਲਾਫ ਆਂ। ਮੈਂ ਤਾਂ ਇੱਥੋਂ ਤੱਕ ਕਹਿਨੀ ਆਂ ਕਿ ਇਸ ਬੁੱਚੜ ਸਦਾਮ ਦਾ ਖਾਤਮਾ ਹੋਵੇ ਤੇ ਇਰਾਕ ਦੇ ਲੋਕਾਂ ਦਾ ਉਸ ਤੋਂ ਖਹਿੜਾ ਛੁੱਟੇ। ਇਕੱਲਾ ਉਹ ਈ ਨ੍ਹੀਂ ਜਿਵੇਂ ਮੈਂ ਪਹਿਲਾਂ ਈ ਕਹਿ ਚੁੱਕੀ ਆਂ ਕਿ ਅਰਬ ਮੁਲਕਾਂ ਦੇ ਸਾਰੇ ਡਿਕਟੇਟਰਾਂ ਅਤੇ ਸ਼ੇਖਾਂ ਦਾ ਖਾਤਮਾ ਜ਼ਰੂਰੀ ਐ। ਇਸ ਨਾਲ ਈ ਇਸਲਾਮ ਤਰੱਕੀ ਕਰ ਸਕਦਾ ਐ। ਪਰ ਇਹ ਮਾਮਲਾ ਮੁਸਲਮਾਨ ਲੋਕਾਂ ਦਾ ਆਪਣਾ ਐਂ। ਮੈਂ ਚਾਹੁੰਨੀ ਆਂ ਕਿ ਉਹ ਆਪ ਈ ਇਸ ਨੂੰ ਸੁਲਝਾਉਣ। ਅਮਰੀਕਾ ਨੂੰ ਸਾਡੇ ਲੋਕਾਂ ਦੇ ਮਸਲਿਆਂ ਵਿੱਚ ਦਖਲ ਦੇਣ ਦੀ ਕੋਈ ਲੋੜ ਨ੍ਹੀ ਐ।''
''ਜੋ ਵੀ ਐ ਸਿਸਟਰ ਪਰ ਇੱਕ ਗੱਲ ਪੱਕੀ ਐ ਕਿ ਕੁਛ ਹੀ ਦਿਨਾਂ 'ਚ ਅਮਰੀਕੀ ਫੌਜਾਂ ਅਰਬ ਵੱਲ ਚਾਲੇ ਪਾ ਦੇਣਗੀਆਂ।'' ਜਾਰਜ ਨੇ ਚੁਟਕੀ ਮਾਰਦਿਆਂ ਹੱਸ ਕੇ ਕਿਹਾ।
'ਅਜਿਹਾ ਕਦੀ ਵੀ ਨ੍ਹੀਂ ਹੋਵੇਗਾ। ਮੁਸਲਮਾਨ ਲੋਕ ਅਜਿਹਾ ਨ੍ਹੀਂ ਹੋਣ ਦੇਣਗੇ।''
'ਇਹ ਤਾਂ ਵਕਤ ਈ ਦੱਸੂਗਾ ਪਰ ਹੁਣ ਮੈਂ ਚੱਲਦਾ ਆਂ। ਮੁਹੰਮਦ ਨੂੰ ਦੱਸ ਦੇਵੀਂ ਕਿ ਜਾਰਜ ਆਇਆ ਸੀ।'' ਇੰਨਾ ਕਹਿੰਦਿਆਂ ਜਾਰਜ ਬਾਹਰ ਨਿਕਲ ਗਿਆ। ਪਰ ਆਫੀਆ ਫਿਕਰਾਂ 'ਚ ਡੁੱਬ ਗਈ। ਉਸ ਦੇ ਮਨ ਮਸਤਕ ਨੂੰ ਇਰਾਕ ਵਾਲੇ ਮਾਮਲੇ ਨੇ ਘੇਰ ਲਿਆ। ਦਿਲੋਂ ਭਾਵੇਂ ਉਹ ਚਾਹੁੰਦੀ ਸੀ ਕਿ ਸਦਾਮ ਦਾ ਸਫਾਇਆ ਹੋ ਜਾਵੇ ਪਰ ਉਹ ਇਹ ਵੀ ਨਹੀਂ ਚਾਹੁੰਦੀ ਸੀ ਕਿ ਅਮਰੀਕਾ ਇਸ ਗੱਲ ਵਿੱਚ ਦਖਲ ਦੇਵੇ। ਉਸਨੇ ਜਿਉਂ ਹੀ ਸੁਰਤ ਸੰਭਾਲੀ ਸੀ ਉਸਦੇ ਘਰ 'ਚ ਅਮਰੀਕਾ ਦੇ ਖਿਲਾਫ ਹੀ ਗੱਲਾਂ ਹੁੰਦੀਆਂ ਸਨ। ਉਸਨੇ ਅਫਗਾਨਿਸਤਾਨ ਵਾਲਾ ਸਾਰਾ ਮਾਮਲਾ ਆਪਣੇ ਸਾਹਮਣੇ ਵਾਪਰਦਾ ਵੇਖਿਆ ਸੀ। ਉਹ ਸੋਚਦੀ ਹੁੰਦੀ ਸੀ ਕਿ ਆਪਣਾ ਕੰਮ ਕੱਢਣ ਲਈ ਪਹਿਲਾਂ ਤਾਂ ਅਮਰੀਕਾ ਨੇ ਪਾਕਿਸਤਾਨ ਨੂੰ ਮੂਹਰੇ ਲਾ ਲਿਆ। ਜਦੋਂ ਸੋਵੀਅਤ ਯੂਨੀਅਨ ਹਾਰ ਗਿਆ ਤਾਂ ਅਮਰੀਕਾ ਨੇ ਆਪਣੇ ਹੀ ਉਨ੍ਹਾਂ ਦੋਸਤਾਂ ਦਾ ਸਫਾਇਆ ਕਰ ਦਿੱਤਾ ਜਿਨ੍ਹਾਂ ਨੇ ਅਫਗਾਨਿਸਤਾਨ ਲੜਾਈ ਵਿੱਚ ਉਸਦਾ ਸਾਥ ਦਿੱਤਾ ਸੀ। ਖਾਸ ਕਰਕੇ ਉਸਨੂੰ ਜਿਆ ਉਲ ਹੱਕ ਵਾਲਾ ਹਾਦਸਾ ਬਹੁਤ ਚੁੱਭਦਾ ਸੀ। ਉਸਦੀ ਆਪਣੀ ਸੋਚ ਇਹ ਸੀ ਕਿ ਉਹ ਹੈਲੀਕਾਪਟਰ ਹਾਦਸਾ ਅਮਰੀਕਣ ਸੀ.ਆਈ.ਏ. ਨੇ ਕਰਵਾਇਆ ਸੀ ਜਿਸ ਵਿੱਚ ਜਿਆ ਉਲ ਹੱਕ ਦੀ ਮੌਤ ਹੋਈ ਸੀ। ਉਸਦੇ ਪਰਿਵਾਰ ਦਾ ਅਜੇ ਵੀ ਜਿਆ ਉਲ ਹੱਕ ਦੇ ਪਰਿਵਾਰ ਨਾਲ ਗਹਿਰਾ ਵਾਹ ਵਾਸਤਾ ਸੀ। ਖਾਸਕਰ ਉਸਦੇ ਪੁੱਤਰ, ਇਜਾਜ ਉਲ ਹੱਕ ਦੇ ਨਾਲ। ਖੈਰ ਜਾਰਜ ਅਤੇ ਆਫੀਆ ਦੀ ਇਸ ਮੁਲਾਕਤ ਦੇ ਕੁਝ ਦਿਨ ਬਾਅਦ ਹੀ ਉਹ ਫਿਰ ਮੁਹੰਮਦ ਦੇ ਅਪਾਰਟਮੈਂਟ ਵਿੱਚ ਬੈਠੇ ਸਨ। ਅੱਜ ਮੁਹੰਮਦ ਵੀ ਉੱਥੇ ਹੀ ਸੀ।
''ਵੇਖਲੈ ਜਾਰਜ, ਅਮਰੀਕਾ ਨੇ ਸਾਊਦੀ ਅਰਬ ਦੀ ਪਵਿੱਤਰ ਧਰਤੀ ਗੰਧਲੀ ਕਰ ਦਿੱਤੀ।'' ਗੱਲ ਮੁਹੰਮਦ ਨੇ ਸ਼ੁਰੂ ਕੀਤੀ।
'ਮੁਹੰਮਦ ਹੋਰ ਕੋਈ ਰਾਹ ਵੀ ਤਾਂ ਨ੍ਹੀਂ ਐ। ਜੇ ਅਮਰੀਕਾ ਉੱਥੇ ਨਾ ਜਾਂਦਾ ਤਾਂ ਇਰਾਕ ਨੇ ਅੱਗੇ ਵਧਦੇ ਜਾਣਾ ਸੀ।''
''ਸਭ ਚਾਲਾਂ ਨੇ। ਜੋ ਕੁਛ ਵੀ ਹੋ ਰਿਹਾ ਐ ਇਸ ਸਭ ਦਾ ਜ਼ਿੰਮੇਵਾਰ ਅਮਰੀਕਾ ਈ ਐ।'' ਆਫੀਆ ਗੱਲਬਾਤ 'ਚ ਹਿੱਸਾ ਲੈਂਦਿਆਂ ਬੋਲੀ।
'ਅਸਲ 'ਚ ਅਮਰੀਕਾ ਨੂੰ ਤਾਂ ਮਸਾਂ ਮੌਕਾ ਮਿਲਿਆ ਐ, ਅਰਬ ਮੁਲਕਾਂ 'ਚ ਜਾ ਕੇ ਅੱਡਾ ਲਾਉਣ ਲਈ। ਅਮਰੀਕਾ ਕਿੱਦੇਂ ਦਾ ਬਹਾਨਾ ਭਾਲਦਾ ਸੀ, ਉਹ ਇਸਨੂੰ ਇਰਾਕ ਨੇ ਦੇ ਦਿੱਤਾ। ਹੁਣ ਨ੍ਹੀਂ ਅਮਰੀਕਾ ਉੱਥੋਂ ਕਦੇ ਵੀ ਨਿਕਲਦਾ।'' ਮੁਹੰਮਦ ਬੋਲਿਆ।
'ਨ੍ਹੀਂ ਮੇਰੇ ਖਿਆਲ ਵਿੱਚ ਅਜਿਹਾ ਨ੍ਹੀਂ ਹੋਵੇਗਾ। ਅਮਰੀਕਾ ਨੇ ਇਰਾਕ ਨੂੰ ਕਿਹਾ ਐ ਕਿ ਉਹ ਕੁਵੇਤ 'ਚੋਂ ਨਿਕਲ ਜਾਵੇ। ਮੈਨੂੰ ਲੱਗਦਾ ਐ ਕਿ ਇਹ ਸਭ ਅਮਰੀਕਾ ਨੇ ਉਸਨੂੰ ਡਰਾਉਣ ਲਈ ਕੀਤਾ ਐ। ਇਸ ਤਰ੍ਹਾਂ ਇਰਾਕ ਵਾਪਸ ਚਲਿਆ ਜਾਵੇਗਾ ਤਾਂ ਅਮਰੀਕਾ ਵੀ ਫੌਜਾਂ ਵਾਪਸ ਬੁਲਾ ਲਊਗਾ।''
'ਜਾਰਜ ਅਜਿਹਾ ਕਦੇ ਵੀ ਨ੍ਹੀਂ ਹੋਣ ਲੱਗਿਆ। ਅਮਰੀਕਾ ਨੇ ਨਾ ਕਦੇ ਪਹਿਲਾਂ ਮੁਸਲਮਾਨਾ ਦੀ ਪ੍ਰਵਾਹ ਕੀਤੀ ਐ ਤੇ ਨਾ ਹੁਣ ਕਰੂਗਾ।''
''ਸਿਸਟਰ, ਸਾਊਦੀ ਅਰਬ ਦੇ ਕਿੰਗ ਦੇ ਕਹਿਣ 'ਤੇ ਹੀ ਤਾਂ ਅਮਰੀਕਾ ਨੇ ਫੌਜਾਂ ਉੱਥੇ ਇਕੱਠੀਆਂ ਕੀਤੀਆਂ ਨੇ। ਉਹ ਵੀ ਮੁਸਲਮਾਨ ਈ ਐ।''
'ਤੂੰ ਮੈਨੂੰ ਉਹੀ ਗੱਲਾਂ ਵਾਰ ਵਾਰ ਦੁਹਰਾਉਣ ਨੂੰ ਪਤਾ ਨ੍ਹੀਂ ਕਿਉਂ ਉਕਸਾਉਂਦਾ ਰਹਿਨਾ ਐਂ ਕਿ ਇਹ ਸ਼ੇਖ, ਕਿੰਗ ਅਤੇ ਡਿਕਟੇਟਕ ਸਭ ਸ਼ੈਤਾਨ ਨੇ। ਜਦੋਂ ਤੱਕ ਇਹ ਜਿੰਦਾ ਨੇ ਉਦੋਂ ਤੱਕ ਮੁਸਲਮਾਨਾ ਦਾ ਭਲਾ ਨ੍ਹੀਂ ਹੋ ਸਕਦਾ।''
'ਜਾਰਜ ਉਂਝ ਤਾਂ ਤੂੰ ਬੜੀਆਂ ਫੜ੍ਹਾਂ ਮਾਰਦਾ ਰਹਿੰਦਾ ਐਂ ਕਿ ਕਰਿਸ਼ੀਅਨ, ਅਹਿੰਸਾ 'ਚ ਵਿਸ਼ਾਵਸ਼ ਰੱਖਦੇ ਨੇ। ਪਰ ਹੁਣ ਦੱਸ ਕਿ ਤੁਹਾਡਾ ਇਹ ਅਸੂਲ ਕਿੱਧਰ ਗਿਆ। ਹੁਣ ਉੱਥੇ ਜਾ ਕੇ ਮੁਸਲਮਾਨ ਲੋਕਾਂ ਦਾ ਘਾਣ ਕਰਨ ਲੱਗੇ ਓਂ ਤਾਂ ਨਾਨ ਵਾਇਲੈਂਸ ਦਾ ਅਸੂਲ ਕਿੱਥੇ ਐ?'' ਮੁਹੰਮਦ ਨੂੰ ਗੁੱਸਾ ਆ ਗਿਆ ਲੱਗਦਾ ਸੀ।
''ਆਪਣੇ ਤੌਰ 'ਤੇ ਤਾਂ ਮੈਂ ਹੁਣ ਵੀ ਖੂਨ ਖਰਾਬੇ ਦੇ ਖਿਲਾਫ ਆਂ। ਪਰ ਇਹ ਮੁਸਲਮਾਨ ਈ ਨੇ ਜਿਹੜੇ ਅਮਰੀਕਾ ਨੂੰ ਅਜਿਹਾ ਕਰਨ ਲਈ ਮਜ਼ਬੂਰ ਕਰਦੇ ਨੇ।''
'ਇਹ ਕਿਉਂ ਨ੍ਹੀਂ ਕਹਿੰਦਾ ਕਿ ਡਾਹਢੇ ਦਾ ਹਰ ਥਾਂ ਜ਼ੋਰ ਚੱਲਦਾ ਐ।''
''ਇਹ ਤਾਂ ਫਿਰ ਹੈ ਈ। ਅਸੀਂ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਆਂ। ਜੋ ਮਰਜ਼ੀ ਕਰੀਏ।'' ਜਾਰਜ ਨੇ ਹਾਸੇ ਵਿੱਚ ਕਿਹਾ। ਪਰ ਮੁਹੰਮਦ ਇਸ ਗੱਲ ਦਾ ਗੁੱਸਾ ਮੰਨ ਗਿਆ। ਦੰਦੀਆਂ ਪੀਹਦਾਂ ਉਹ ਬੋਲਿਆ, ''ਜਾਰਜ ਜੇ ਅਗਾਂਹ ਇੱਕ ਲਫਜ਼ ਵੀ ਬੋਲਿਆ ਤਾਂ ਮੈਂ ਤੈਨੂੰ ਚੁੱਕ ਕੇ ਬਾਹਰ ਸੁਟਦੂੰਗਾ।''
''ਅਸੀਂ ਸੁਪਰ ਪਾਵਰ ਆਂ ਸਾਨੂੰ ਕੌਣ ਛੇੜ ਸਕਦਾ ਐ।'' ਜਾਰਜ ਫਿਰ ਹਾਸੇ ਦੇ ਰੌਂਅ 'ਚ ਬੋਲਿਆ। ਇਸ ਨਾਲ ਮੁਹੰਮਦ ਨੂੰ ਹੋਰ ਵੀ ਗੁੱਸਾ ਆ ਗਿਆ। ਉਹ ਉਠਦਾ ਹੋਇਆ ਕੜਕਿਆ, ''ਤੂੰ ਹੁਣੇ ਈ ਮੇਰੇ ਘਰੋਂ ਨਿਕਲਜਾ''
'ਇਹ ਘਰ ਮੇਰੀ ਇਸ ਲਿਟਲ ਸਿਸਟਰ ਦਾ ਵੀ ਐ। ਮੈਂ ਨ੍ਹੀਂ ਇੱਥੋਂ ਜਾਣਾ।'' ਜਾਰਜ ਆਫੀਆ ਵੱਲ ਵੇਖਦਾ ਬੋਲਿਆ।
'ਠੀਕ ਐ ਫਿਰ ਮੈਂ ਈ ਇੱਥੋਂ ਚਲਾ ਜਾਨਾਂ। ਢੱਠੇ ਖੂਹ 'ਚ ਪੈ ਤੂੰ ਤੇ ਨਾਲੇ ਤੇਰੀ ਅਮਰੀਕਾ।'' ਮੁਹੰਮਦ ਉੱਠ ਕੇ ਤੁਰ ਗਿਆ। ਆਫੀਆ ਸ਼ਾਂਤ ਚਿੱਤ ਉਸ ਵੱਲ ਵੇਖਦੀ ਰਹੀ। ਜਦੋਂ ਉਹ ਅਪਾਰਟਮੈਂਟ 'ਚੋਂ ਬਾਹਰ ਨਿਕਲ ਗਿਆ ਤਾਂ ਆਫੀਆ ਬੋਲੀ, ''ਇੱਕ ਸੱਚੇ ਮੁਸਲਮਾਨ ਨੂੰ ਇੰਨਾ ਗੁੱਸਾ ਸ਼ੋਭਾ ਨ੍ਹੀਂ ਦਿੰਦਾ।''
'ਚੱਲ ਕੋਈ ਗੱਲ ਨ੍ਹੀਂ ਉਹ ਮੇਰਾ ਜਿਗਰੀ ਦੋਸਤ ਐ ਜਦੋਂ ਗੁੱਸਾ ਠੰਡਾ ਹੋ ਗਿਆ ਤਾਂ ਆਪੇ ਮੁੜ ਆਊਗਾ।''
ਇਸ ਪਿੱਛੋਂ ਆਫੀਆ ਅਤੇ ਜਾਰਜ ਅੱਗੇ ਵਾਪਰਨ ਵਾਲੀਆਂ ਘਟਨਾਵਾਂ 'ਤੇ ਚਰਚਾ ਕਰਦੇ ਰਹੇ। ਦੇਰ ਰਾਤ ਜਾਰਜ ਆਪਣੇ ਘਰ ਚਲਿਆ ਗਿਆ। ਅਗਲੀ ਮੁਲਾਕਤ ਵੇਲੇ ਮੁਹੰਮਦ ਅਤੇ ਜਾਰਜ ਦੀ ਸੁਲਾਹ ਹੋ ਗਈ ਸੀ। ਪਰ ਇਸ ਪਿੱਛੋਂ ਕਾਫੀ ਕੁਝ ਅਣਕਿਆਸਿਆ ਵਾਪਰ ਗਿਆ। ਅਮਰੀਕੀ ਫੌਜਾਂ ਨੇ ਹਮਲਾ ਕਰਕੇ ਇਰਾਕ ਨੂੰ ਕੁਵੇਤ 'ਚੋਂ ਬਾਹਰ ਕੱਢ ਦਿੱਤਾ। ਇੰਨਾ ਹੀ ਨਹੀਂ ਅਮਰੀਕਾ ਨੇ ਇਰਾਕੀ ਫੌਜਾਂ ਦਾ ਲੱਕ ਤੋੜ ਦਿੱਤਾ। ਇਰਾਕ ਨੂੰ ਵਾਪਸ ਮੁੜ ਰਹੀਆਂ ਇਰਾਕੀ ਫੌਜਾਂ ਦਾ ਘਾਣ ਕੀਤਾ ਗਿਆ। ਜੰਗਬੰਦੀ ਅਸੂਲਾਂ ਦੀ ਪ੍ਰਵਾਹ ਕੀਤੇ ਬਿਨਾਂ ਅਮਰੀਕੀ ਫੌਜਾਂ ਨੇ ਇਰਾਕੀਆਂ ਨੂੰ ਮਾਰਨ ਤੋਂ ਝਿਜਕ ਨਾ ਦਿਖਾਈ। ਸਭ ਕੁਝ ਟੀਵੀ 'ਤੇ ਵਿਖਾਇਆ ਜਾ ਰਿਹਾ ਸੀ। ਉਸ ਦਿਨ ਆਫੀਆ ਬਹੁਤ ਹੀ ਚੁੱਪ ਸੀ। ਜਾਰਜ ਕੋਲ ਨੀਵੀਂ ਪਾਈ ਬੈਠਾ ਸੀ। ਮੁਹੰਮਦ ਨੇ ਚੁੱਪੀ ਤੋੜੀ।
''ਵੇਖ ਲਿਆ ਆਪਣੇ ਅਮਰੀਕਾ ਦਾ ਅਸਲੀ ਚਿਹਰਾ ਜਾਰਜ?''
''ਹਾਂ ਇਹ ਬਹੁਤ ਹੀ ਮਾੜਾ ਹੋਇਆ। ਮੈਂ ਇਸ ਸਭ ਦੇ ਖਿਲਾਫ ਆਂ।''
'ਇਨ੍ਹਾਂ ਨੇ ਕੁਵੇਤ ਤੋਂ ਇਰਾਕ ਜਾ ਰਹੀਆਂ ਨਿਹੱਥੀਆਂ ਫੌਜਾਂ 'ਤੇ ਗੋਲਾਬਾਰੀ ਕਰਕੇ ਲੱਖਾਂ ਲੋਕ ਮਾਰ ਮੁਕਾਏ। ਅਜੇ ਕਹਿੰਦੇ ਅਸੀਂ ਇਸ ਸਭ ਕੁਝ ਸੰਸਾਰ ਸ਼ਾਂਤੀ ਲਈ ਕੀਤਾ ਐ।''
'ਟੀਵੀ ਵਾਲਿਆਂ ਨੇ ਤਾਂ ਉਸ ਰਸਤੇ ਦਾ ਨਾਂ ਈ ਡੈੱਥ ਹਾਈਵੇ ਰੱਖ ਲਿਆ ਐ। ਅੰਨੇਵਾਹ ਬੰਬਾਰੀ ਕਰਕੇ ਤਕਰੀਬਨ ਤਿੰਨ ਲੱਖ ਫੌਜੀ ਮਾਰ ਮੁਕਾਏ ਨੇ। ਇਹ ਸਾਰਾ ਕੁਝ ਮਨੁੱਖਤਾ ਦੇ ਨਾਂ 'ਤੇ ਧੱਬਾ ਐ। ਮੇਰਾ ਹੁਣ ਇੱਥੇ ਰਹਿਣ ਨੂੰ ਜੀਅ ਨ੍ਹੀਂ ਕਰਦਾ।'' ਆਫੀਆ ਬੁਝੇ ਮਨ ਨਾਲ ਬੋਲੀ।
''ਹੋਰ ਸਿਸਟਰ ਹੁਣ ਕਿੱਥੇ ਜਾਵੇਂਗੀ? ਕੀ ਪਾਕਿਸਤਾਨ ਮੁੜ ਜਾਣ ਦਾ ਇਰਾਦਾ ਐ?''
'ਨ੍ਹੀਂ ਜਾਰਜ ਵਾਪਸ ਤਾਂ ਮੈਂ ਨ੍ਹੀਂ ਜਾਣਾ। ਪਰ ਮੈਂ ਕਿਸੇ ਹੋਰ ਸ਼ਹਿਰ ਵੱਲ ਜਾਣ ਦਾ ਮਨ ਬਣਾ ਲਿਆ ਐ।''
''ਹੋਰ ਸ਼ਹਿਰ ਕਿਹੜਾ?''
''ਮੈਂ ਪਿਛਲੇ ਮਹੀਨੇ ਮੈਸਾਚੂਸਸ ਇੰਸਟੀਚਿਊਟ ਆਫ ਟੈਕਨਾਲੋਜੀ ਵਿੱਚ ਦਾਖਲਾ ਭੇਜਿਆ ਸੀ। ਉੱਥੇ ਦਾਖਲੇ ਦੇ ਨਾਲ ਮੈਨੂੰ ਤਾਂ ਸਕਾਲਰਸ਼ਿਪ ਵੀ ਮਿਲ ਗਿਆ ਐ।''
'ਅੱਛਾ ਤੂੰ ਐਮ. ਆਈ. ਟੀ ਦੀ ਗੱਲ ਕਰਦੀ ਐਂ। ਪਹਿਲਾਂ ਤੂੰ ਇਸ ਗੱਲ ਦੀ ਕਦੇ ਭਿਣਕ ਈ ਨ੍ਹੀਂ ਬਾਹਰ ਕੱਢੀ। ਪਰ ਤੈਨੂੰ ਇਸ ਤਰ੍ਹਾਂ ਇੱਥੋਂ ਨ੍ਹੀਂ ਜਾਣਾ ਚਾਹੀਦਾ।''
'ਨ੍ਹੀ ਜਾਰਜ ਮੈਂ ਹੁਣ ਇੱਥੇ ਨ੍ਹੀਂ ਰਹਿਣਾ।'' ਆਫੀਆ ਉਵੇਂ ਨੀਵੀਂ ਪਾਈ ਬੋਲੀ।
'ਸਿਸਟਰ ਇਉਂ ਨਾ ਕਰ। ਤੇਰੇ ਬਿਨਾ ਮੇਰਾ ਦਿਲ ਨ੍ਹੀਂ ਲੱਗਣਾ।'' ਜਾਰਜ ਨੇ ਉਸ ਨੂੰ ਹਲੂਣਿਆਂ। ਵਾਕਿਆ ਈ ਉਹ ਆਫੀਆ ਨੂੰ ਸਕੀ ਭੈਣ ਤੋਂ ਵੀ ਵੱਧ ਪਿਆਰ ਕਰਦਾ ਸੀ।
''ਮੈਂ ਫੈਸਲਾ ਕਰ ਚੁੱਕੀ ਆਂ।''
'ਮੈਂ ਤੈਨੂੰ ਜਾਣ ਈ ਨ੍ਹੀਂ ਦੇਣਾ।'' ਜਾਰਜ ਦਾ ਮੋਹ ਬੋਲਿਆ। ਪਰ ਆਫੀਆ ਨੇ ਉਸ ਦੀ ਗੱਲ ਵੱਲ ਧਿਆਨ ਨਾ ਦਿੱਤਾ।
ਅਗਲੇ ਦਿਨ ਉਨ੍ਹਾਂ ਵਿਚਾਕਰ ਫਿਰ ਗੱਲ ਹੋਈ ਤਾਂ ਆਫੀਆ ਨੇ ਆਪਣਾ ਇੱਥੋਂ ਚਲੇ ਜਾਣ ਦਾ ਇਰਾਦਾ ਦੁਹਰਾਇਆ। ਜਾਰਜ ਨੇ ਉਸ ਨੂੰ ਇੱਥੇ ਹੀ ਰੁਕ ਜਾਣ ਨੂੰ ਕਿਹਾ। ਕਾਫੀ ਦੇਰ ਉਨ੍ਹਾਂ ਵਿਚਕਾਰ ਬਹਿਸ ਚਲਦੀ ਰਹੀ।
''ਜੋ ਮਰਜ਼ੀ ਕਰ ਪਰ ਆਫੀਆ ਤੂੰ ਇੱਥੋਂ ਨਾ ਜਾਹ।'' ਜਾਰਜ ਆਪਣੀ ਗੱਲ 'ਤੇ ਅੜਿਆ ਰਿਹਾ। ਆਫੀਆ ਕੁਝ ਪਲ ਉਸਦੇ ਚਿਹਰੇ ਵੱਲ ਵੇਖਦੀ ਰਹੀ ਤੇ ਫਿਰ ਬੋਲੀ, ''ਜਾਰਜ ਤੂੰ ਮੈਨੂੰ ਇੰਨੇ ਜ਼ੋਰ ਨਾਲ ਕਿਉਂ ਰੋਕ ਰਿਹਾ ਐਂ?''
''ਕਿਉਂਕਿ ਮੈਂ ਤੈਨੂੰ ਰੀਅਲ ਸਿਸਟਰ ਦੇ ਤੌਰ 'ਤੇ ਪਿਆਰ ਕਰਦਾ ਆਂ।''
''ਉਹ ਤਾਂ ਮੈਂ ਵੀ ਸਮਝਦੀ ਆਂ ਪਰ....।'' ਅੱਗੇ ਆਫੀਆ ਨੇ ਗੱਲ ਵਿਚਕਾਰ ਹੀ ਛੱਡ ਦਿੱਤੀ।
''ਪਰ ਕੀ?''
''ਤੂੰ ਮੈਨੂੰ ਇੱਥੇ ਰੱਖਣ ਲਈ ਕੀ ਕਰ ਸਕਦਾ ਐਂ?''
''ਕੁਝ ਵੀ, ਜਿਸ ਨਾਲ ਤੈਨੂੰ ਖੁਸ਼ੀ ਮਿਲੇ।''
''ਪੱਕੀ ਗੱਲ ਐ।'' ਆਫੀਆ ਨੇ ਜਾਰਜ ਦੇ ਚਿਹਰੇ 'ਤੇ ਨਿਗਾਹਾਂ ਗੱਡ ਦਿੱਤੀਆਂ।
''ਹਾਂ ਹਾਂ ਮੈਂ ਆਪਣੀ ਲਿਟਲ ਸਿਸਟਰ ਲਈ ਕੁਝ ਵੀ ਕਰ ਸਕਦਾਂ।''
''ਤਾਂ ਫਿਰ ਇਉਂ ਕਰ?''
''ਦੱਸ?''
''ਤੂੰ ਕਰਿਸ਼ਚੀਅਨ ਧਰਮ ਛੱਡ ਕੇ ਮੁਸਲਮਾਨ ਬਣਜਾ।''
ਉਸਦੀ ਗੱਲ ਸੁਣ ਕੇ ਜਾਰਜ ਅੰਦਰ ਤੱਕ ਹਿੱਲ ਗਿਆ। ਉਸਨੂੰ ਮੁਹੰਮਦ ਨੇ ਕਈ ਵਾਰ ਦੱਸਿਆ ਸੀ ਕਿ ਜੇਕਰ ਕੋਈ ਮੁਸਲਮਾਨ ਕਿਸੇ ਹੋਰ ਧਰਮ ਦੇ ਇਨਸਾਨ ਨੂੰ ਮੁਸਲਮ ਧਰਮ ਵਿੱਚ ਲੈ ਆਵੇ ਤਾਂ ਉਸ ਤੋਂ ਵੱਡਾ ਪੁੰਨ ਦਾ ਕਾਰਜ ਕੋਈ ਵੀ ਨਹੀਂ ਹੋ ਸਕਦਾ। ਮੁਹੰਮਦ ਨਾਲ ਉਹ ਬਹੁਤ ਜ਼ਿਆਦਾ ਖੁੱਲ੍ਹਿਆ ਹੋਇਆ ਸੀ ਇਸੇ ਕਰਕੇ ਮੁਹੰਮਦ ਉਸ ਨਾਲ ਹਰ ਗੱਲ ਕਰ ਲੈਂਦਾ ਸੀ। ਪਰ ਧਰਮ ਬਦਲਣ ਨੂੰ ਉਸਨੇ ਕਦੇ ਨਹੀਂ ਕਿਹਾ ਸੀ। ਪਰ ਅੱਜ ਉਹੀ ਗੱਲ ਆਫੀਆ ਦੇ ਮੂੰਹੋਂ ਸੁਣ ਕੇ ਉਹ ਹੈਰਾਨ ਰਹਿ ਗਿਆ। ਉਹ ਆਫੀਆ ਦੀ ਗੱਲ ਸੁਣ ਕੇ ਲੱਗੇ ਸਦਮੇ 'ਚੋਂ ਬਾਹਰ ਆਇਆ ਤਾਂ ਉਸਨੇ ਧਿਆਨ ਨਾਲ ਆਫੀਆ ਵੱਲ ਵੇਖਿਆ। ਉਹ ਮਨ 'ਚ ਸੋਚਣ ਲੱਗਿਆ 'ਇਹ ਜੋ ਦਿਸਦੀ ਐ ਉਹ ਇਹ ਹੈ ਨ੍ਹੀਂ ਐ। ਇਹ ਅਸਲ ਵਿੱਚ ਕੁਝ ਹੋਰ ਐ। ਇਸ ਨੂੰ ਕਿਸੇ ਦੀਆਂ ਭਾਵਨਾਵਾਂ ਦੀ ਪ੍ਰਵਾਹ ਨ੍ਹੀਂ ਐ। ਇਸ ਨੂੰ ਸਿਰਫ ਅਤੇ ਸਿਰਫ ਆਪਣੇ ਧਰਮ ਨਾਲ ਪਿਆਰ ਐ। ਹੋਰ ਕੋਈ ਵੀ ਗੱਲ ਇਸ ਲਈ ਮਾਹਣੇ ਨ੍ਹੀਂ ਰੱਖਦੀ। ਸ਼ਾਇਦ ਇਸ ਦਾ ਆਪਣਾ ਸਕਾ ਭਰਾ ਮੁਹੰਮਦ ਵੀ ਇਸਨੂੰ ਚੰਗੀ ਤਰ੍ਹਾਂ ਨ੍ਹੀਂ ਜਾਣਦਾ।' ਆਪਣੇ ਆਪ ਨਾਲ ਗੱਲਾਂ ਕਰਦੇ ਜਾਰਜ ਨੇ ਦਰਵਾਜ਼ਾ ਖੋਲ੍ਹਿਆ ਤੇ ਘਰੋਂ ਬਾਹਰ ਹੋ ਗਿਆ।

Chahals57@yahoo.com
Ph. 0017033623239

No comments:

Post a Comment