Tuesday 13 November 2012

ਅਠਾਰਾਂ :---


ਪੋਸਟਿੰਗ : ਅਨੁ. ਮਹਿੰਦਰ ਬੇਦੀ ਜੈਤੋ



ਆਫੀਆ ਸਦੀਕੀ ਦਾ ਜਿਹਾਦ…:: ਲੇਖਕ : ਹਰਮਹਿੰਦਰ ਚਹਿਲ :---


ਸਭ ਨੂੰ ਲੱਗਦਾ ਸੀ ਕਿ ਜੇਕਰ ਆਫੀਆ ਆਪਣੇ ਵਕੀਲਾਂ ਦਾ ਕਿਹਾ ਮੰਨ ਲਵੇ ਤਾਂ ਉਹ ਇਸ ਕੇਸ 'ਚੋਂ ਬਰੀ ਹੋ ਸਕਦੀ ਹੈ। ਪਰ ਉਹ ਤਾਂ ਕੇਸ ਨੂੰ ਠੀਕ ਢੰਗ ਨਾਲ ਚੱਲਣ ਹੀ ਨਹੀਂ ਸੀ ਦਿੰਦੀ। ਉਸਦੇ ਵਕੀਲ ਉਸਨੂੰ ਕੁਝ ਵੀ ਕਹੀ ਜਾਂਦੇ ਪਰ ਉਨ੍ਹਾਂ ਦੀ ਗੱਲ 'ਤੇ ਕੰਨ ਹੀ ਨਹੀਂ ਸੀ ਧਰਦੀ। ਆਫੀਆ ਨੂੰ ਉਸਦੇ ਆਪਣਿਆਂ ਨੇ ਵੀ ਸਮਝਾਇਆ ਕਿ ਉਹ ਵਕੀਲਾਂ ਦਾ ਕਿਹਾ ਮੰਨੇ ਪਰ ਉਸਨੇ ਕਿਸੇ ਦੀ ਗੱਲ ਨਾ ਸੁਣੀਂ। ਵੱਡੀ ਗੱਲ ਇਹ ਵੀ ਸੀ ਉਸ ਉੱਪਰ ਅੱਤਵਾਦ ਦੇ ਚਾਰਜ ਨਹੀਂ ਲੱਗੇ ਸਨ। ਸਿਆਣੇ ਵਕੀਲ ਸਮਝਦੇ ਸਨ ਕਿ ਜੇਕਰ ਸਰਕਾਰ ਉਸ 'ਤੇ ਅੱਤਵਾਦ ਦੇ ਚਾਰਜ ਲਾ ਦਿੰਦੀ ਹੈ ਤਾਂ ਗਵਾਹਾਂ ਨੂੰ ਕੋਰਟ ਵਿੱਚ ਪੇਸ਼ ਕਰਨਾ ਪਊ। ਗਵਾਹ ਵੀ ਕੋਈ ਆਮ ਨਹੀਂ ਸਨ। ਇਨ੍ਹਾਂ ਵਿੱਚ ਕੇ. ਐੱਸ. ਐਮ. ਵਰਗੇ ਮੋਢੀ ਅਲਕਾਇਦਾ ਮੈਂਬਰ ਸਨ। ਉਨ੍ਹਾਂ ਲੋਕਾਂ ਕੋਲ ਬਹੁਤ ਸਾਰੇ ਭੇਤ ਸਨ। ਉਨ੍ਹਾਂ ਨੂੰ ਅਦਾਲਤਾਂ 'ਚ ਪੇਸ਼ ਕਰਕੇ ਸਰਕਾਰ ਇਨ੍ਹਾਂ ਭੇਤਾਂ ਦੇ ਖੁੱਲ੍ਹਣ ਦਾ ਖਤਰਾ ਮੁੱਲ ਨਹੀਂ ਲੈ ਸਕਦੀ ਸੀ। ਇਸ ਤੋਂ ਇਲਾਵਾ ਇਹ ਅੱਤਵਾਦੀ ਅਜੇ ਤੱਕ ਗੁਪਤ ਜੇਲ੍ਹਾਂ 'ਚ ਕਿੱਧਰੇ ਕੈਦ ਸਨ। ਇਨ੍ਹਾਂ ਸਾਰੀਆਂ ਗੱਲਾਂ ਤੋਂ ਬਚਣ ਲਈ ਗੌਰਮਿੰਟ ਨੇ ਆਫੀਆ 'ਤੇ ਅੱਤਵਾਦ ਦੇ ਚਾਰਜ ਨਹੀਂ ਲਗਾਏ ਸਨ। ਉਸਦੇ ਵਕੀਲ ਸਮਝਦੇ ਸਨ ਕਿ ਉਸ 'ਤੇ ਜੋ ਵੀ ਚਾਰਜ ਲੱਗੇ ਹਨ ਉਨ੍ਹਾਂ ਨੂੰ ਉਹ ਸਹਿਜੇ ਹੀ ਉਡਾ ਦੇਣਗੇ। ਇਹ ਵਕੀਲ ਕੋਈ ਆਮ ਵਕੀਲ ਨਹੀਂ ਸਨ। ਆਫੀਆ ਦੇ ਭਰਾ ਨੇ ਪਾਕਿਸਤਾਨ ਸਰਕਾਰ ਤੋਂ ਮਿਲੀ, ਦੋ ਮਿਲੀਅਨ ਡਾਲਰ ਦੀ ਮੱਦਦ ਨਾਲ ਬਹੁਤ ਹੀ ਉੱਚ ਕੋਟੀ ਦੇ ਵਕੀਲਾਂ ਦੀ ਟੀਮ ਖੜ੍ਹੀ ਕੀਤੀ ਸੀ। ਪਰ ਆਫੀਆ ਵਕੀਲਾਂ ਦਾ ਕਿਹਾ ਘੱਟ ਹੀ ਮੰਨ ਰਹੀ ਸੀ। ਆਖਰ ਉਸਦੇ ਵਕੀਲਾਂ ਨੇ ਆਫੀਆ ਦੇ ਭਰਾ ਨੂੰ ਸਲਾਹ ਮਸ਼ਵਰੇ ਲਈ ਬੁਲਾਇਆ।
''ਮਿਸਟਰ ਸਦੀਕੀ, ਅਸੀਂ ਇੱਕ ਖਾਸ ਢੰਗ ਨਾਲ ਇਹ ਕੇਸ ਲੜਨ ਦੀ ਸਕੀਮ ਬਣਾਈ ਐ। ਉਸ ਬਾਬਤ ਈ ਤੇਰੇ ਨਾਲ ਗੱਲਬਾਤ ਕਰਨੀ ਐਂ।'' ਆਫੀਆ ਦਾ ਭਰਾ ਆਇਆ ਤਾਂ ਮੋਢੀ ਵਕੀਲ ਨੇ ਗੱਲ ਤੋਰੀ।
''ਸਰ, ਉਹ ਕੀ?''
''ਗੱਲ ਤਾਂ ਬੜੀ ਸਾਦੀ ਜਿਹੀ ਐ ਪਰ ਇਸਦੇ ਲਈ ਮਿਸ ਆਫੀਆ ਨੂੰ ਸਾਨੂੰ ਪੂਰਾ ਸਹਿਯੋਗ ਦੇਣਾ ਪਊਗਾ।''
''ਤੁਸੀਂ ਦੱਸੋ ਤਾਂ ਸਹੀ ਕਿ ਗੱਲ ਕੀ ਐ। ਉਸ ਨਾਲ ਮੈਂ ਗੱਲ ਕਰਾਂਗਾ।''
''ਅਸੀਂ ਜੱਜ ਨੂੰ ਬੇਨਤੀ ਕਰਾਂਗੇ ਕਿ ਸਾਡਾ ਕਲਾਇੰਟ ਕੋਰਟ ਵਿੱਚ ਸਾਈਲੈਂਟ ਰਹੂਗਾ। ਚੁੱਪ ਰਹਿਣਾ ਉਸਦਾ ਅਧਿਕਾਰ ਵੀ ਐ ਅਤੇ ਜੱਜ ਇਹ ਗੱਲ ਮੰਨ ਲਊਗਾ।''
''ਫਿਰ?''
'ਇਸ ਪਿੱਛੋਂ ਮਿਸ ਆਫੀਆ ਸਾਰੀ ਸੁਣਵਾਈ ਦੌਰਾਨ ਚੁੱਪ ਰਹੂਗੀ। ਸਰਕਾਰੀ ਵਕੀਲ ਵੀ ਉਸਨੂੰ ਕੋਈ ਸੁਆਲ ਨਹੀਂ ਕਰ ਸਕੂਗਾ। ਸਾਡੀ ਵਿਉਂਤ ਇਹ ਐ ਕਿ ਸਰਕਾਰ ਦੇ ਲਾਏ ਇਲਜ਼ਾਮਾਂ 'ਚੋਂ ਕਿਸੇ ਇੱਕ ਨੂੰ ਝੂਠਾ ਸਾਬਤ ਕਰ ਦੇਈਏ। ਇਹ ਕੋਈ ਵੱਡੀ ਗੱਲ ਨ੍ਹੀਂ ਐ ਕਿਉਂਕਿ ਸਬੂਤਾਂ 'ਚ ਬਹੁਤ ਕਮਜ਼ੋਰੀ ਐ। ਸਾਡੇ ਇਸ ਤਰ੍ਹਾਂ ਕਰਨ ਨਾਲ ਇੱਕ ਅੱਧ ਜਿਊਰਰ ਦੇ ਮਨ 'ਚ ਇਹ ਗੱਲ ਜ਼ਰੂਰ ਆ ਜਾਊਗੀ ਕਿ ਸਰਕਾਰ ਨੇ ਝੂਠਾ ਕੇਸ ਤਿਆਰ ਕੀਤਾ ਐ।''
''ਇਸ ਨਾਲ ਕੀ ਹੋਊ?'' ਆਫੀਆ ਦੇ ਭਰਾ ਨੂੰ ਅਜੇ ਵੀ ਗੱਲ ਦੀ ਸਮਝ ਨਾ ਲੱਗੀ।
''ਇਸ ਨਾਲ ਜਿਊਰੀ ਦਾ ਫੈਸਲਾ 'ਹੰਗ ਜਿਊਰੀ' ਹੋਜੂ ਤੇ ਕੇਸ ਖਤਮ ਹੋ ਜਾਊਗਾ। ਇੰਜ ਮਿਸ ਆਫੀਆ ਕੇਸ 'ਚੋਂ ਬਰੀ ਹੋ ਜਾਊਗੀ।''
''ਹੰਗ ਜਿਊਰੀ ਮਤਲਬ?''
''ਮਿਸਟਰ ਸਦੀਕੀ, ਜਿਊਰੀ ਜੋ ਵੀ ਫੈਸਲਾ ਕਰਦੀ ਐ ਉਹ ਸਰਬ ਸੰਮਤੀ ਨਾਲ ਹੋਣਾ ਚਾਹੀਦਾ ਐ। ਜੇਕਰ ਇੱਕ ਵੀ ਜਿਊਰੀ ਮੈਂਬਰ ਫੈਸਲੇ ਨਾਲ ਅਸਹਿਮਤੀ ਪ੍ਰਗਟ ਕਰ ਦੇਵੇ ਤਾਂ ਉਸਨੂੰ ਹੰਗ ਜਿਊਰੀ ਕਿਹਾ ਜਾਂਦਾ ਐ। ਜੇਕਰ ਹੰਗ ਜਿਊਰੀ ਹੋ ਜਾਵੇ ਤਾਂ ਕੇਸ ਉੱਥੇ ਹੀ ਖਤਮ ਹੋ ਜਾਂਦਾ ਐ ਤੇ ਮੁਲਜਮ ਬਰੀ ਹੋ ਜਾਂਦਾ ਐ।''
''ਅੱਛਾ ਅੱਛਾ ਇਹ ਗੱਲ ਐ। ਮੈਂ ਪੂਰੀ ਗੱਲ ਸਮਝ ਗਿਆ ਆਂ।'' ਆਫੀਆ ਦੇ ਭਰਾ ਨੂੰ ਲੱਗਿਆ ਕਿ ਵਕੀਲ ਵਾਕਿਆ ਹੀ ਬਹੁਤ ਚੰਗਾ ਰਸਤਾ ਚੁਣ ਰਹੇ ਹਨ।
''ਬੱਸ ਇਸਦੇ ਲਈ ਜ਼ਰੂਰੀ ਐ ਕਿ ਮਿਸ ਆਫੀਆ, ਕੇਸ ਦੀ ਸਾਰੀ ਸੁਣਵਾਈ ਦੌਰਾਨ ਬਿਲਕੁਲ ਖਾਮੋਸ਼ ਰਹੇ। ਸਾਡੀ ਹਰ ਗੱਲ ਮੰਨੇ।''
ਆਫੀਆ ਦੇ ਭਰਾ ਨੇ ਵਕੀਲਾਂ ਨੂੰ ਭਰੋਸਾ ਦਿਵਾਇਆ ਕਿ ਉਹ ਆਫੀਆ ਨੂੰ ਮਿਲ ਕੇ ਸਾਰੀ ਗੱਲ ਸਮਝਾ ਦੇਵੇਗਾ।
ਮਿੱਥੇ ਦਿਨ ਕੋਰਟ ਸ਼ੁਰੂ ਹੋਈ ਤਾਂ ਟਰਾਇਲ ਸ਼ੁਰੂ ਕਰਨ ਲਈ ਜ਼ਰੂਰੀ ਕਾਰਵਾਈ ਹੋਣ ਪਿੱਛੋਂ ਸਰਕਾਰੀ ਵਕੀਲ ਨੇ ਆਫੀਆ 'ਤੇ ਲੱਗੇ ਚਾਰਜ ਪੜ੍ਹ ਕੇ ਸੁਣਾਏ। ਆਫੀਆ 'ਤੇ ਚਾਰਜ ਇਹ ਲੱਗੇ ਸਨ ਕਿ ਉਸਨੇ ਯੂ. ਐੱਸ. ਆਰਮੀ ਦੇ ਸਪੈਸ਼ਿਲ ਫੋਰਸ ਦੇ ਬੰਦਿਆਂ 'ਤੇ ਗੋਲੀ ਚਲਾਈ। ਇੱਕ ਤੋਂ ਵੱਧ ਬੰਦਿਆਂ ਦੇ ਇਰਾਦਾ ਕਤਲ ਦਾ ਦੋਸ਼ ਸੀ। ਸਰਕਾਰੀ ਵਕੀਲ ਨੇ ਕੋਰਟ ਨੂੰ ਕਹਾਣੀ ਇਸ ਤਰ੍ਹਾਂ ਦੱਸੀ,
'ਜਿਸ ਦਿਨ ਮਿਸ ਆਫੀਆ ਗਜ਼ਨੀ ਪੁਲੀਸ ਦੁਆਰਾ ਫੜ੍ਹੀ ਗਈ ਸੀ ਉਸਦੇ ਅਗਲੇ ਦਿਨ ਸਪੈਸ਼ਿਲ ਫੋਰਸ ਦੀ ਟੀਮ, ਕੈਪਟਨ ਰਾਬਰਟ ਸਿੰਡਰ ਦੀ ਅਗਵਾਈ 'ਚ ਉਸਦੀ ਇੰਟਰਵਿਊ ਕਰਨ ਪਹੁੰਚੀ। ਉਸ ਵੇਲੇ ਉਸਨੂੰ ਕਿਸੇ ਵੱਡੇ ਕਮਰੇ ਵਿੱਚ ਰੱਖਿਆ ਹੋਇਆ ਸੀ। ਮੂਹਰੇ ਕੁਝ ਅਫਗਾਨ ਪੁਲੀਸ ਦੇ ਅਫਸਰ ਬੈਠੇ ਸਨ ਅਤੇ ਪਿੱਛੇ ਪਰਦੇ ਦੇ ਉਹਲੇ ਮਿਸ ਆਫੀਆ ਬੈਠੀ ਸੀ। ਜਦੋਂ ਸਪੈਸ਼ਿਲ ਫੋਰਸ ਵਾਲੇ ਵੀ ਅਫਗਾਨ ਅਫਸਰਾਂ ਕੋਲ ਬੈਠ ਗਏ ਤਾਂ ਅਗਲੇ ਹੀ ਪਲ ਮਿਸ ਆਫੀਆ ਨੇ ਪਰਦਾ ਪਾਸੇ ਹਟਾਉਂਦਿਆਂ ਵਾਰੰਟ ਅਫਸਰ ਦੀ ਐਮ 4 ਗੰਨ ਚੁੱਕ ਲਈ ਅਤੇ ਉਨ੍ਹਾਂ ਵੱਲ ਗੋਲੀਆਂ ਚਲਾਉਣ ਲੱਗੀ। ਇਹ ਵੇਖਦਿਆਂ ਹੀ ਵਾਰੰਟ ਅਫਸਰ ਨੇ ਆਪਣੀ ਸਰਵਿਸ ਰਿਵਾਲਵਰ ਕੱਢੀ ਅਤੇ ਆਫੀਆ ਦੇ ਗੋਲੀ ਮਾਰੀ। ਗੋਲੀ ਉਸਦੇ ਪੇਟ 'ਚ ਲੱਗੀ। ਵਾਰੰਟ ਅਫਸਰ ਦਾ ਕਹਿਣਾ ਐ ਕਿ ਜੇਕਰ ਉਹ ਆਫੀਆ ਨੂੰ ਜ਼ਖ਼ਮੀ ਨਾ ਕਰਦਾ ਤਾਂ ਉਸਨੇ ਉਨ੍ਹਾਂ ਨੂੰ ਮਾਰ ਦੇਣਾ ਸੀ। ਜਦੋਂ ਉਹ ਜ਼ਖ਼ਮੀ ਹੋ ਗਈ ਤਾਂ ਉਹ ਉਸਨੂੰ ਸਟਰੈੱਚਰ 'ਤੇ ਪਾ ਕੇ ਬੈਗਰਾਮ ਏਅਰਫੋਰਸ ਬੇਸ ਲੈ ਗਏ। ਉੱਥੇ ਉਸਦਾ ਇਲਾਜ ਕਰਵਾਉਣ ਪਿੱਛੋਂ ਉਸਨੂੰ ਅਮਰੀਕਾ ਲਿਆਂਦਾ ਗਿਆ।''
ਸਰਕਾਰੀ ਵਕੀਲ ਨੇ ਆਫੀਆ 'ਤੇ ਲੱਗੇ ਚਾਰਜ ਪੜ੍ਹ ਕੇ ਸੁਣਾਏ ਤਾਂ ਜੱਜ ਨਾਲ ਦੀ ਨਾਲ ਕੁਝ ਲਿਖਦਾ ਰਿਹਾ। ਥੋੜੀ ਬਹੁਤੀ ਹੋਰ ਕਾਰਵਾਈ ਹੋਈ ਤੇ ਅਦਾਲਤ ਬਰਖਾਸਤ ਹੋ ਗਈ। ਇਸੇ ਤਰ੍ਹਾਂ ਇੱਕ ਦੋ ਦਿਨ ਹੋਰ ਮੁਢਲਾ ਕੰਮ ਹੁੰਦਾ ਰਿਹਾ। ਫਿਰ ਜਦੋਂ ਪੂਰੀ ਬਕਾਇਦਗੀ ਨਾਲ ਆਫੀਆ ਦਾ ਕੇਸ ਚੱਲ ਪਿਆ ਤਾਂ ਗਵਾਹ ਭੁਗਤਣੇ ਸ਼ੁਰੂ ਹੋਏ। ਇਹ ਸਾਰੇ ਗਵਾਹ, ਸਪੈਸ਼ਿਲ ਫੋਰਸ ਦੇ ਉਹੀ ਲੋਕ ਸਨ ਜਿਹੜੇ ਕਿ ਗੋਲੀ ਚੱਲਣ ਵੇਲੇ ਦੀ ਘਟਨਾ ਵੇਲੇ ਉੱਥੇ ਮੌਜੂਦ ਸਨ। ਇੱਕ ਇੱਕ ਕਰਕੇ ਗਵਾਹ ਜੋ ਕੁਝ ਦੱਸ ਰਹੇ ਸਨ ਉਹ ਸਾਰੀ ਗੱਲ ਆਪਸ 'ਚ ਮਿਲਦੀ ਜੁਲਦੀ ਸੀ। ਜਦੋਂ ਵਰੰਟ ਅਫਸਰ ਨੇ ਗਵਾਹੀ ਦਿੱਤੀ ਤਾਂ ਸਫਾਈ ਵਕੀਲ ਨੇ ਉਸਨੂੰ ਸੁਆਲ ਕੀਤਾ,
''ਮਿਸਟਰ ਆਫੀਸਰ, ਤੇਰੀ ਐਮ ਫੋਰ ਗੰਨ ਤੇਰਾ ਸਰਵਿਸ ਵੈਪਨ ਐ ਜੋ ਕਿ ਹਰ ਵਕਤ ਤੇਰੇ ਕਬਜ਼ੇ 'ਚ ਰਹਿੰਦਾ ਐ ਅਤੇ ਰਹਿਣਾ ਵੀ ਚਾਹੀਦਾ ਐ। ਕੀ ਤੂੰ ਕੋਰਟ ਨੂੰ ਇਹ ਗੱਲ ਦੱਸੇਂਗਾ ਕਿ ਤੇਰੀ ਐਮ ਫੋਰ ਗੰਨ, ਮਿਸ ਆਫੀਆ ਕੋਲ ਕਿਵੇਂ ਚਲੀ ਗਈ?''
'ਗੱਲ ਇਹ ਐ ਕਿ ਮੈਂ ਜਦੋਂ ਵੀ ਅਫਗਾਨ ਲੋਕਾਂ ਨੂੰ ਮਿਲਣ ਲਈ ਉਨ੍ਹਾਂ ਕੋਲ ਬੈਠਦਾ ਹਾਂ ਤਾਂ ਸਤਿਕਾਰ ਵਜੋਂ ਆਪਣੀ ਗੰਨ ਗਾਤਰਿਉਂ ਉਤਾਰ ਕੇ ਪਾਸੇ ਰੱਖ ਦਿੰਦਾ ਆਂ।''
'ਇਸ ਵਿੱਚ ਸਤਿਕਾਰ ਵਾਲੀ ਕੀ ਗੱਲ ਐ। ਤੂੰ ਡਿਉਟੀ 'ਤੇ ਹੁੰਦਾ ਹੋਇਆ ਇਸ ਤਰ੍ਹਾਂ ਕਿਵੇਂ ਕਰ ਸਕਦਾ ਐਂ ਕਿ ਹਥਿਆਰ ਪਾਸੇ ਰੱਖ ਦੇਵੇਂ?'' ਸਫਾਈ ਵਕੀਲ ਵਾਰੰਟ ਅਫਸਰ ਨੂੰ ਘੇਰਨ ਲੱਗਿਆ।
'ਸਾਨੂੰ ਉੱਥੇ ਇਹੀ ਸਿਖਾਇਆ ਜਾਂਦਾ ਐ ਕਿ ਅਸੀਂ ਅਫਗਾਨੀ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰੀਏ। ਕਿਉਂਕਿ ਉਨ੍ਹਾਂ ਦਾ ਸੱਭਿਆਚਾਰ ਕੁਝ ਇਸ ਤਰ੍ਹਾਂ ਦਾ ਈ ਐ।''
'ਲੱਗਦਾ ਨ੍ਹੀਂ ਕਿ ਇਸ ਛੋਟੀ ਜਿਹੀ ਕੁੜੀ ਨੇ ਗੰਨ ਚੁੱਕ ਲਈ ਹੋਊ।'' ਵਕੀਲ ਨੇ ਸੁਆਲ ਦਾ ਰੁਖ ਮੋੜਿਆ।
ਇਸ ਗੱਲ ਦਾ ਜੁਆਬ ਵਰੰਟ ਅਫਸਰ ਕੁਝ ਸੋਚ ਹੀ ਰਿਹਾ ਸੀ ਕਿ ਸਰਕਾਰੀ ਵਕੀਲ ਨੇ ਵਿੱਚ ਬੋਲਦਿਆਂ ਕੋਰਟ ਦੇ ਕਰਿੰਦੇ ਨੂੰ ਕਹਿ ਕੇ ਪਹਿਲਾਂ ਲਿਆ ਕੇ ਰੱਖੀ ਐਮ ਫੋਰ ਗੰਨ ਮੰਗਵਾ ਲਈ। ਸਰਕਾਰੀ ਵਕੀਲ ਜੋ ਕਿ ਖੁਦ ਵੀ ਆਫੀਆ ਕੁ ਜਿੱਡੀ ਹੀ ਸੀ ਉਸਨੇ ਇੱਕ ਹੱਥ ਨਾਲ ਗੰਨ ਚੁੱਕ ਕੇ ਜਿਊਰੀ ਮੈਂਬਰਾਂ ਨੂੰ ਵਿਖਾਈ। ਸਾਰੇ ਮੈਂਬਰਾਂ ਨੇ ਗੰਨ ਚੁੱਕ ਕੇ ਵੇਖੀ। ਉਨ੍ਹਾਂ ਤੋਂ ਗੰਨ ਵਾਪਸ ਲੈਂਦਿਆਂ ਸਰਕਾਰੀ ਵਕੀਲ ਨੇ ਕਿਹਾ ਕਿ ਇਹ ਗੰਨ ਬਿਲਕੁਲ ਜੁਆਕਾਂ ਦੇ ਖਿਡੌਣੇ ਵਰਗੀ ਹੈ ਤੇ ਆਫੀਆ ਲਈ ਇਸਨੂੰ ਚੁੱਕਣਾ ਕੋਈ ਔਖੀ ਗੱਲ ਨਹੀਂ।
''ਫਿਰ ਅੱਗੇ ਕੀ ਹੋਇਆ?'' ਸਫਾਈ ਵਕੀਲ ਫਿਰ ਵਾਰੰਟ ਅਫਸਰ ਨੂੰ ਮੁਖਾਬਤ ਹੋਇਆ।
''ਮਿਸ ਆਫੀਆ ਨੇ ਮੇਰੀ ਗੰਨ ਚੁੱਕ ਕੇ ਸਾਡੇ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਮੈਂ ਛੇਤੀ ਦੇਣੇ ਆਪਣਾ ਸਰਵਿਸ ਰਿਵਾਲਵਰ ਕੱਢਿਆ ਅਤੇ ਆਤਮ ਰੱਖਿਆ ਵਜੋਂ ਗੋਲੀ ਚਲਾਈ ਜੋ ਕਿ ਮਿਸ ਆਫੀਆ ਦੇ ਪੇਟ 'ਚ ਲੱਗੀ।''
''ਰਿਵਾਲਵਰ ਤੇਰੇ ਕੋਲ ਕਿੱਥੋਂ ਆ ਗਿਆ?''
''ਆਉਣਾ ਕਿੱਥੋਂ ਸੀ। ਮੇਰਾ ਸਰਵਿਸ ਰਿਵਾਲਵਰ ਮੇਰੇ ਲੱਕ ਨਾਲ ਬੰਨਿਆਂ ਹੋਇਆ ਸੀ।''
''ਪਰ ਹੁਣੇ ਤਾਂ ਤੂੰ ਕਹਿ ਕੇ ਹਟਿਆਂ ਐਂ ਕਿ ਅਫਗਾਨੀ ਲੋਕਾਂ ਨੂੰ ਮਿਲਣ ਵੇਲੇ ਤੂੰ ਹਥਿਆਰ ਲਾਹ ਕੇ ਪਾਸੇ ਰੱਖ ਦਿੰਦਾ ਐਂ ਜਿਵੇਂ ਕਿ ਐਮ ਫੋਰ ਗੰਨ ਰੱਖ ਦਿੱਤੀ ਸੀ। ਫਿਰ ਤੂੰ ਇਹ ਰਿਵਾਲਵਰ ਕਿਉਂ ਨਾ ਲਾਹਿਆ?''
'ਉਹ ਮੈਂ....।'' ਵਾਰੰਟ ਅਫਸਰ ਨੂੰ ਕੋਈ ਜ਼ੁਆਬ ਨਾ ਔੜਿਆ। ਸਫਾਈ ਵਕੀਲ ਦੇ ਚਿਹਰੇ 'ਤੇ ਮੁਸਕਾਣ ਆ ਗਈ। ਉਸਨੇ ਵੇਖਿਆ ਕਿ ਕਈ ਜਿਊਰੀ ਮੈਂਬਰਾਂ ਨੇ ਇਸ ਗੱਲ 'ਤੇ ਅੱਖਾਂ ਮਿਲਾਈਆਂ ਕਿ ਜਦੋਂ ਇੱਕ ਹਥਿਆਰ ਲਾਹ ਕੇ ਰੱਖ ਦਿੱਤਾ ਸੀ ਤਾਂ ਦੂਸਰਾ ਕਿਉਂ ਲੱਕ ਨਾਲ ਬੰਨੀ ਰੱਖਿਆ। ਉਨ੍ਹਾਂ ਦੇ ਮਨਾਂ 'ਚ ਕੁਝ ਕੁਝ ਸ਼ੱਕ ਉਪਜਿਆ। ਇਹੀ ਸਫਾਈ ਵਕੀਲ ਚਾਹੁੰਦਾ ਸੀ।
''ਫਿਰ ਤੇਰੀ ਉਸ ਗੰਨ ਦਾ ਕੀ ਬਣਿਆਂ ਜੋ ਮਿਸ ਆਫੀਆ ਨੇ ਚੁੱਕ ਲਈ ਸੀ ਤੇ ਪਿੱਛੋਂ ਉਸੇ ਨਾਲ ਤੁਹਾਡੇ 'ਤੇ ਗੋਲੀਆਂ ਚਲਾਈਆਂ ਸਨ?''
''ਜਦੋਂ ਮਿਸ ਆਫੀਆ ਜ਼ਖ਼ਮੀ ਹੋ ਗਈ ਤਾਂ ਮੈਂ ਉਹ ਗੰਨ ਆਪਣੇ ਕਬਜ਼ੇ 'ਚ ਲੈ ਲਈ।''
''ਉਹ ਵਾਰਦਾਤ 'ਤੇ ਵਰਤਿਆ ਗਿਆ ਹਥਿਆਰ ਸੀ। ਕੀ ਤੁਸੀਂ ਉਸਦੇ ਫਿੰਗਰ ਪਰਿੰਟਸ ਅਤੇ ਫੌਰਿੰਸਕ ਜਾਂਚ ਕਰਵਾਈ ਸੀ?''
'ਨਹੀਂ , ਅਜਿਹਾ ਅਸੀਂ ਨ੍ਹੀਂ ਕਰ ਸਕੇ।''
'ਯੂਅਰ ਆਨਰ ਇਹ ਗੱਲ ਬੜਾ ਧਿਆਨ ਮੰਗਦੀ ਐ ਕਿ ਵਾਰਦਾਤ ਵੇਲੇ ਵਰਤੇ ਗਏ ਹਥਿਆਰ 'ਤੇ ਮਿਸ ਆਫੀਆ ਦੇ ਫਿੰਗਰ ਪਰਿੰਟ ਨ੍ਹੀਂ ਮਿਲੇ।'' ਜੱਜ ਕੁਝ ਨੋਟ ਕਰਨ ਲੱਗਿਆ ਤਾਂ ਸਰਕਾਰੀ ਵਕੀਲ ਵਿੱਚ ਬੋਲੀ, ''ਯੂਅਰ ਆਨਰ, ਉਹ ਵਾਰ ਜ਼ੋਨ ਐਂ ਮਤਲਬ ਕਿ ਲੜਾਈ ਦਾ ਮੈਦਾਨ। ਜੰਗੇ ਮੈਦਾਨ 'ਚ ਫਿੰਗਰ ਪਰਿੰਟ ਵਰਗੀਆਂ ਕਾਰਵਾਈਆਂ ਸੰਭਵ ਨ੍ਹੀਂ ਹੁੰਦੀਆਂ। ਪਰ ਇੰਨੇ ਗਵਾਹਾਂ ਦੇ ਬਿਆਨ ਸਾਬਤ ਕਰ ਚੁੱਕੇ ਐ ਕਿ ਮਿਸ ਆਫੀਆ ਨੇ ਉਹ ਗੰਨ ਚੁੱਕੀ ਅਤੇ ਉਸ 'ਚੋਂ ਗੋਲੀਆਂ ਚਲਾਈਆਂ।''
ਜਦੋਂ ਸਰਕਾਰੀ ਵਕੀਲ ਆਪਣੀ ਗੱਲ ਕਹਿ ਰਹੀ ਸੀ ਤਾਂ ਇੱਕ ਸਫਾਈ ਵਕੀਲ ਦੇ ਦਿਮਾਗ 'ਚ ਕੋਈ ਗੱਲ ਆਈ। ਉਹ ਆਪਣੀ ਟੀਮ ਦੇ ਮੋਢੀ ਦੇ ਨੇੜੇ ਹੁੰਦਾ ਆਪਣੀ ਸੋਚ ਉਸ ਨਾਲ ਸਾਂਝੀ ਕਰਨ ਲੱਗਿਆ,
'ਵੈਸੇ ਤਾਂ ਗੱਲ ਆਪਣੇ ਹੱਕ 'ਚ ਜਾ ਰਹੀ ਐ ਪਰ ਜੇ ਇਹ ਗੱਲ ਸਿੱਧ ਕਰ ਦਿੱਤੀ ਜਾਵੇ ਕਿ ਆਫੀਆ ਨੇ ਭਾਵੇਂ ਗੰਨ ਚੁੱਕੀ ਸੀ ਪਰ ਉਸਨੇ ਇਹ ਆਪਣੇ ਸੈੱਲਫ ਡਿਫੈਂਸ ਵਾਸਤੇ ਚੁੱਕੀ ਸੀ। ਕਿਉਂਕਿ ਪਹਿਲੇ ਦਿਨ ਤੋਂ ਹੀ ਜਦੋਂ ਤੋਂ ਆਫੀਆ ਫੜ੍ਹੀ ਗਈ ਸੀ ਉਸ 'ਤੇ ਘੋਰ ਅੱਤਿਆਚਾਰ ਕੀਤਾ ਗਿਆ। ਸਿਰਫ ਸ਼ੱਕ ਦੇ ਆਧਾਰ ਤੇ ਉਸ ਨਾਲ ਅਣਮਨੁੱਖੀ ਵਿਵਹਾਰ ਕੀਤਾ ਗਿਆ। ਇਸ ਕਰਕੇ ਜਦੋਂ ਉੱਥੇ ਸਾਰੇ ਜਣੇ ਆਫੀਆ ਨੂੰ ਘੇਰ ਕੇ ਬੈਠ ਗਏ ਤਾਂ ਆਫੀਆ ਨੂੰ ਸ਼ੱਕ ਹੋਇਆ ਕਿ ਹੁਣ ਉਸਨੂੰ ਮਾਰ ਦਿੱਤਾ ਜਾਵੇਗਾ, ਤਾਂ ਉਸਨੇ ਆਪਣੀ ਸਵੈ-ਰੱਖਿਆ ਲਈ ਗੰਨ ਚੁੱਕੀ ਹੋ ਸਕਦੀ ਹੈ। ਉਸ ਨੇ ਭਾਵੇਂ ਗੰਨ ਚਲਾਈ ਵੀ ਹੋਵੇ ਤਾਂ ਵੀ ਉਸਨੇ ਕਿਸੇ ਦੇ ਗੋਲੀ ਮਾਰੀ ਤਾਂ ਨਹੀਂ। ਮੇਰਾ ਖਿਆਲ ਐ ਕਿ ਇਹ ਗੱਲ ਇੱਕ ਅੱਧ ਜਿਉਰਰ ਨੂੰ ਜ਼ਰੂਰ ਜਚ ਜਾਵੇਗੀ ਤੇ ਉਹ ਨਾਂਹ ਵਿੱਚ ਸਿਰ ਮਾਰ ਦੇਵੇਗਾ। ਇਹੀ ਆਪਣਾ ਮੁੱਖ ਮਕਸਦ ਐ ਕਿ ਬੱਸ ਕੋਈ ਇੱਕ ਜਿਊਰੀ ਮੈਂਬਰ ਸ਼ੱਕ ਵਿੱਚ ਪੈ ਜਾਵੇ।''
ਮੋਢੀ ਸਫਾਈ ਵਕੀਲ ਨੂੰ ਇਹ ਗੱਲ ਬੜੀ ਜਚੀ। ਉਸਨੇ ਸੋਚਿਆ ਕਿ ਪਹਿਲਾਂ ਚੁੱਕੇ ਗਏ ਕਦਮ ਦੇ ਨਾਲ ਨਾਲ ਇਹ ਨੁਕਤਾ ਵਰਤਣ ਲਈ ਵੀ ਤਿਆਰ ਰਹਿਣਾ ਚਾਹੀਦਾ ਹੈ। ਉਹ ਆਪਣੇ ਪੇਪਰ ਉੱਪਰ ਇਸ ਨੁਕਤੇ ਦੀ ਰੂਪ ਰੇਖਾ ਲਿਖਣ ਲੱਗਿਆ। ਪਰ ਉਦੋਂ ਹੀ ਉਸਦੇ ਕੰਨੀ ਜੋ ਆਵਾਜ਼ ਪਈ ਉਸਨੇ ਉਸਦੇ ਸਾਰੇ ਜੋਸ਼ 'ਤੇ ਪਾਣੀ ਫੇਰ ਦਿੱਤਾ। ਉਸਦੇ ਕੋਲੋਂ ਹੀ ਆਫੀਆ ਖੜ੍ਹੀ ਹੋ ਕੇ ਜੱਜ ਨੂੰ ਮੁਖਬਾਤ ਹੁੰਦਿਆਂ ਬੋਲੀ, '' ਜੱਜ ਸਾਹਿਬ ਮੈਂ ਆਪਣੀ ਸਟੇਟਮੈਂਟ ਦੇਣਾਂ ਚਾਹੁੰਨੀ ਆਂ।''
ਇਸ ਗੱਲ ਨੇ ਉਸਦੇ ਵਕੀਲਾਂ ਦੀਆਂ ਉਮੀਦਾਂ 'ਤੇ ਹੀ ਪਾਣੀ ਨਹੀਂ ਫੇਰਿਆ ਸਗੋਂ ਉਸਦਾ ਆਪਣਾ ਭਰਾ ਵੀ ਸਿਰ ਫੜ੍ਹ ਕੇ ਬੈਠ ਗਿਆ। ਭਰਾ ਨੇ ਇਸ਼ਾਰੇ ਨਾਲ ਆਫੀਆ ਨੂੰ ਬੈਠ ਜਾਣ ਨੂੰ ਵੀ ਕਿਹਾ। ਪਰ ਆਫੀਆ ਹੁਣ ਕਿਸੇ ਦੀ ਸੁਣਨ ਵਾਲੀ ਨਹੀਂ ਸੀ। ਜਿਸ ਗੱਲ ਦਾ ਸਫਾਈ ਟੀਮ ਨੂੰ ਡਰ ਸੀ ਉਹੀ ਹੋ ਗਈ।
''ਮਿਸਟਰ ਸਫਾਈ ਵਕੀਲ, ਆਪਣੀ ਕਲਾਇੰਟ ਨੂੰ ਬੋਲਣ ਤੋਂ ਰੋਕੋ। ਕਿਉਂਕਿ ਤੁਸੀਂ ਇਸ ਨੂੰ ਕੋਰਟ ਵਿੱਚ ਚੁੱਪ ਰਹਿਣ ਦਾ ਸਟੇਟਸ ਹਾਸਲ ਕੀਤਾ ਹੋਇਆ ਐ।'' ਜੱਜ ਨੇ ਸਫਾਈ ਵਕੀਲ ਵੱਲ ਵੇਖਦਿਆਂ ਆਪਣਾ ਗੁੱਸਾ ਪ੍ਰਗਟ ਕੀਤਾ।
'ਨ੍ਹੀਂ ਮੈਂ ਬੋਲਣਾ ਐਂ।'' ਆਫੀਆ ਫਿਰ ਤੋ ਬੋਲੀ ਤਾਂ ਜੱਜ ਦੇ ਮੱਥੇ ਤਿਉੜੀ ਪੈ ਗਈ। ਸਫਾਈ ਵਕੀਲਾਂ ਨੇ ਆਫੀਆ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਪਰ ਉਸਨੇ ਕਿਸੇ ਦੀ ਪ੍ਰਵਾਹ ਨਾ ਮੰਨੀ ਅਤੇ ਆਪਣੀ ਗੱਲ 'ਤੇ ਅੜੀ ਰਹੀ। ਆਖਰ ਜੱਜ ਉਸੇ ਨੂੰ ਮੁਖਾਬਤ ਹੋਇਆ,
''ਮਿਸ ਆਫੀਆ, ਕੀ ਤੂੰ ਸਮਝ ਰਹੀ ਐਂ ਕਿ ਤੂੰ ਕੀ ਕਰਨ ਜਾ ਰਹੀ ਐਂ?''
''ਹਾਂ ਮੈਂ ਸਭ ਸਮਝਦੀ ਆਂ।''
'ਮਿਸ ਆਫੀਆ, ਮੈਂ ਇੱਕ ਵਾਰ ਫਿਰ ਤੈਨੂੰ ਸਮਝਾਉਣਾ ਚਾਹੂੰਗਾ ਕਿ ਇਸ ਤਰ੍ਹਾਂ ਤੇਰੇ ਕੇਸ ਦਾ ਨੁਕਸਾਨ ਹੋ ਸਕਦਾ ਐ। ਤੈਨੂੰ ਆਪਣੇ ਵਕੀਲਾਂ ਦੀ ਗੱਲ ਮੰਨਣੀ ਚਾਹੀਦੀ ਐ।'' ਜੱਜ ਖਰਬਾ ਬੋਲਿਆ।
'ਮੈਨੂੰ ਕਿਸੇ ਦੀ ਪ੍ਰਵਾਹ ਨ੍ਹੀਂ ਐ। ਮੈਂ ਆਪਣੀ ਸਟੇਟਮੈਂਟ ਦੇਣੀ ਐਂ।''
''ਉਹ ਤਾਂ ਤੂੰ ਜਦੋਂ ਚਾਹੇਂ ਦੇ ਸਕਦੀ ਐਂ। ਵੈਸੇ ਵੀ ਕੇਸ ਅਜੇ ਵਿੱਚ ਵਿਚਕਾਰ ਈ ਐ। ਕੋਰਟ ਤੈਨੂੰ ਮੌਕੇ ਅਨੁਸਾਰ ਸਟੇਟਮੈਂਟ ਦੇਣ ਦੀ ਇਜਾਜ਼ਤ ਦੇਵੇਗੀ।'' ਜੱਜ ਨੇ ਆਖਰੀ ਵਾਰ ਆਫੀਆ ਨੂੰ ਬੋਲਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ।
'ਨ੍ਹੀਂ ਮੈਂ ਹੁਣੇ ਈ ਸਟੇਟਮੈਂਟ ਦੇਣੀ ਐਂ। ਇਹ ਮੇਰਾ ਅਧਿਕਾਰ ਐ।''
'ਓ ਕੇ ਗੋ ਏਹੈੱਡ। ਜੋ ਤੇਰੀ ਮਰਜ਼ੀ।'' ਆਖਰ ਜੱਜ ਨੇ ਉਸਨੂੰ ਬੋਲਣ ਦੀ ਇਜਾਜ਼ਤ ਦਿੰਦਿਆਂ ਉਸਨੂੰ ਵਿਟਨੈੱਸ ਬਾਕਸ ਵਿੱਚ ਜਾਣ ਨੂੰ ਕਿਹਾ। ਆਫੀਆ ਵਿਟਨਸ ਬਾਕਸ ਵਿੱਚ ਜਾ ਖੜੋਤੀ ਤਾਂ ਸਫਾਈ ਵਕੀਲ ਨੇ ਸੋਚਿਆ ਕਿ ਚਲੋ ਇਸੇ ਤਰ੍ਹਾਂ ਹੀ ਸਹੀ। ਪਰ ਉਸਨੇ ਇਸ ਪੈਦਾ ਹੋਈ ਨਵੀਂ ਸਥਿਤੀ ਨੂੰ ਵੀ ਆਪਣੇ ਹੱਕ 'ਚ ਰੱਖਣ ਦੀ ਕੋਸ਼ਿਸ਼ ਕਰਦਿਆਂ ਆਪ ਹੀ ਆਫੀਆ ਦਾ ਕਰਾਸ ਅਗਜ਼ਾਮੀਨੇਸ਼ਨ ਸ਼ੁਰੂ ਕਰ ਦਿੱਤਾ ਤਾਂ ਕਿ ਕੇਸ ਨੂੰ ਆਪਣੇ ਢੰਗ ਨਾਲ ਮੋੜ ਦਿੱਤਾ ਜਾ ਸਕੇ। ਉਸਨੇ ਆਫੀਆ ਨੂੰ ਕਿਹਾ ਕਿ ਉਹ ਆਪਣੀ ਸਾਰੀ ਕਹਾਣੀ ਸੁਣਾਵੇ। ਆਫੀਆ ਬੋਲਣ ਲੱਗੀ, ''ਮੈਂ ਅਮਰੀਕਾ ਨੂੰ ਬਹੁਤ ਪਿਆਰ ਕਰਦੀ ਆਂ। ਮੇਰੀ ਨਿਊਯਾਰਕ ਅਤੇ ਬਾਸਟਨ ਸ਼ਹਿਰ ਨਾਲ ਬੜੀ ਜਜ਼ਬਾਤੀ ਸਾਂਝ ਹੈ। ਮੈਂ ਇਨ੍ਹਾਂ ਸ਼ਹਿਰਾਂ ਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਵੀ ਨ੍ਹੀਂ ਸਕਦੀ। ਮੈਂ ਬਹੁਤ ਇੰਟੈਲੀਜੈਂਟ ਸਟੂਡੈਂਟ ਰਹੀ ਆਂ। ਮੈਨੂੰ ਚੰਗੀ ਪੜ੍ਹਾਈ ਕਾਰਨ ਅਨੇਕਾਂ ਵਾਰ ਇਨਾਮ ਮਿਲੇ। ਇਸ ਤੋਂ ਇਲਾਵਾ ਸਮਾਜ ਸੇਵਾ ਲਈ ਮੈਨੂੰ ਮੇਰੀ ਯੂਨੀਵਰਸਿਟੀ ਨੇ ਕਈ ਵਾਰੀ ਸਨਮਾਨਿਤ ਕੀਤਾ....।''
'ਮਿਸ ਆਫੀਆ, ਜੋ ਤੇਰੇ 'ਤੇ ਇਲਜ਼ਾਮ ਲਗਾਇਆ ਗਿਆ ਐ ਕਿ ਤੂੰ ਸਪੈਸ਼ਿਲ ਫੋਰਸ 'ਤੇ ਗੋਲ ਚਲਾਈ, ਕੀ ਤੂੰ ਇਸ ਬਾਰੇ ਦੱਸੇਂਗੀ ਕਿ ਤੂੰ ਗੋਲੀ ਚਲਾਈ ਸੀ ਜਾਂ ਨ੍ਹੀਂ?''।
ਵਕੀਲ ਦੀ ਗੱਲ ਸੁਣ ਕੇ ਪਹਿਲਾਂ ਆਫੀਆ ਨੇ ਹੱਸਦਿਆਂ ਹੋਇਆਂ ਕੋਰਟ 'ਚ ਬੈਠੇ ਲੋਕਾਂ ਵੱਲ ਵੇਖਿਆ ਤੇ ਫਿਰ ਬੋਲੀ, ''ਇਹ ਤਾਂ ਇੱਕ ਹਾਸੋਹੀਣਾ ਜਿਹਾ ਦੋਸ਼ ਐ। ਮੈਂ ਮਨ ਈ ਮਨ ਸੋਚਦੀ ਆਂ ਕਿ ਇਲਜ਼ਾਮ ਵੀ ਲਾਇਆ ਤਾਂ ਕਿੱਡਾ ਝੂਠਾ ਜਿਹਾ। ਜਿਸਦੀ ਕੋਈ ਤੁਕ ਈ ਨ੍ਹੀਂ ਬਣਦੀ।''
''ਮਿਸ ਆਫੀਆ ਸਿਰਫ ਹਾਂ ਜਾਂ ਨਾਂਹ 'ਚ ਉੱਤਰ ਦੇਹ ਕਿ ਤੂੰ ਗੋਲੀ ਚਲਾਈ ਜਾਂ ਨਹੀਂ?''
'ਨ੍ਹੀਂ, ਮੈਂ ਨਾ ਹੀ ਕੋਈ ਗੰਨ ਚੁੱਕੀ ਤੇ ਨਾਂ ਹੀ ਕਿਸੇ 'ਤੇ ਗੋਲੀ ਚਲਾਈ।''
''ਫਿਰ ਤੂੰ ਕੋਰਟ ਨੂੰ ਦੱਸ ਕਿ ਉਸ ਦਿਨ ਕੀ ਹੋਇਆ?''
''ਉਸ ਦਿਨ ਜਦੋਂ ਇੰਨੇ ਸਾਰੇ ਬੰਦੇ ਉੱਥੇ ਸਨ ਤਾਂ ਮੈਂ ਪਰਦੇ ਪਿੱਛੇ ਬੈਠੀ ਹੋਈ ਸੀ। ਫਿਰ ਜਦੋਂ ਅਮਰੀਕਣ ਸਪੈਸ਼ਿਲ ਫੋਰਸ ਵਾਲੇ ਅੰਦਰ ਆਏ ਤਾਂ ਮੈਂ ਇਹ ਵੇਖਣ ਲਈ ਪਰਦਾ ਚੁੱਕ ਕੇ ਬਾਹਰ ਵੱਲ ਝਾਕੀ ਕਿ ਵੇਖਾਂ ਤਾਂ ਸਹੀ ਕਿ ਇੱਥੇ ਅਕਸਰ ਚੱਲ ਕੀ ਰਿਹਾ ਐ। ਉਦੋਂ ਈ ਮੇਰੇ ਪੇਟ 'ਚ ਗੋਲੀ ਆਣ ਲੱਗੀ।''
ਫਿਰ ਸਫਾਈ ਵਕੀਲ ਨੇ ਆਫੀਆ ਨੂੰ ਕਿਹਾ ਕਿ ਉਹ ਖੁੱਲ੍ਹ ਕੇ ਦੱਸੇ ਕਿ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਉਹ ਕਿੱਥੇ ਗਾਇਬ ਰਹੀ। ਸਫਾਈ ਵਕੀਲ ਨੂੰ ਪੂਰੀ ਉਮੀਦ ਸੀ ਕਿ ਆਫੀਆ ਉਹੀ ਗੱਲ ਸੁਣਾਊਗੀ ਜੋ ਉਹ ਹਮੇਸ਼ਾ ਕਹਿੰਦੀ ਹੈ ਕਿ ਉਸਨੂੰ ਐਫ. ਬੀ. ਆਈ. ਨੇ ਕਿਧਰੇ ਗੁਪਤ ਜੇਲ੍ਹ ਵਿੱਚ ਕੈਦ ਰੱਖਿਆ ਅਤੇ ਉਸ ਉੱਤੇ ਅੰਨਾ ਤਸ਼ੱਦਦ ਕੀਤਾ ਗਿਆ। ਪਰ ਆਫੀਆ ਨੇ ਇਹ ਸੁਆਲ ਹੀ ਟਾਲ ਦਿੱਤਾ ਤੇ ਗੱਲ ਨੂੰ ਹੋਰ ਈ ਪਾਸੇ ਲੈ ਤੁਰੀ। ਉਸਦੀ ਇਸ ਹਰਕਤ 'ਤੇ ਸਫਾਈ ਵਕੀਲ ਨੂੰ ਵੀ ਖਿਝ ਚੜ੍ਹੀ। ਉਹ ਸੋਚ ਰਿਹਾ ਸੀ ਕਿ ਜੇਕਰ ਇੱਹ ਖੁੱਲ੍ਹ ਕੇ ਦੱਸ ਦੇਵੇ ਕਿ ਕਿਵੇਂ ਇਸਨੂੰ ਏਜੈਂਸੀਆਂ ਵੱਲੋਂ ਇੰਨੇ ਸਾਲ ਟਾਰਚਰ ਕੀਤਾ ਗਿਆ ਤਾਂ ਜਿਊਰੀ ਦੀ ਇਸ ਨਾਲ ਹਮਦਰਦੀ ਵਧ ਜਾਵੇਗੀ। ਪਰ ਆਫੀਆ ਨੇ ਅਜਿਹਾ ਕੁਝ ਨਾ ਕਿਹਾ। ਆਖਰ ਮੱਥਾ ਪੱਚੀ ਕਰਦਿਆਂ ਸਫਾਈ ਵਕੀਲ ਬੈਠ ਗਿਆ ਤਾਂ ਸਰਕਾਰੀ ਵਕੀਲ ਦੀ ਵਾਰੀ ਆ ਗਈ। ਉਹ ਵਿਟਨਸ ਬਾਕਿਸ ਦੇ ਸਾਹਮਣੇ ਆ ਖੜ੍ਹੋਤੀ। ਧਿਆਨ ਨਾਲ ਆਫੀਆ ਵੱਲ ਵੇਖਦਿਆਂ ਉਹ ਬੋਲੀ, ''ਮਿਸ ਆਫੀਆ ਤੂੰ ਇੰਨੇ ਸਾਲ ਕਿੱਥੇ ਰਹੀ?''
'ਮੈਨੂੰ ਐਫ. ਬੀ. ਆਈ. ਨੇ ਕਿਸੇ ਗੁਪਤ ਜੇਲ੍ਹ 'ਚ ਰੱਖਿਆ ਹੋਇਆ ਸੀ।'' ਜਿਸ ਗੱਲ ਨੂੰ ਉਹ ਸਫਾਈ ਵਕੀਲ ਜਾਣੀ ਕਿ ਆਪਣੇ ਹੀ ਵਕੀਲ ਮੂਹਰੇ ਟਾਲ ਗਈ ਸੀ ਉਸਦਾ ਉਸਨੇ ਫੱਟ ਦੇਣੇ ਉੱਤਰ ਦੇ ਦਿੱਤਾ।
'ਪਰ ਤੇਰੀ ਗ੍ਰਿਫਤਾਰੀ ਤੋਂ ਅਗਲੇ ਹੀ ਦਿਨ ਤੂੰ ਐਫ. ਬੀ. ਆਈ. ਦੀ ਇੱਕ ਔਰਤ ਅਫਸਰ ਨੂੰ ਇਹ ਬਿਆਨ ਦਿੱਤਾ ਸੀ ਕਿ ਤੂੰ ਆਪਣੀ ਮਰਜ਼ੀ ਨਾਲ ਅੰਡਰਗਰਾਊਂਡ ਰਹੀ ਸੀ।''
''ਉਹ ਬਿਆਨ ਤਾਂ ਮੈਂ ਡਰਦੀ ਨੇ ਦਿੱਤਾ ਸੀ।''
''ਤੇਰੀ ਗ੍ਰਿਫਤਾਰੀ ਵੇਲੇ ਤੇਰੇ ਬੈੱਗ 'ਚੋਂ ਜੋ ਪੇਪਰ ਮਿਲੇ ਸਨ ਕੀ ਉਹ ਤੇਰੇ ਸਨ?''
'ਨ੍ਹੀਂ ਉਹ ਤਾਂ ਮੈਨੂੰ ਕਿਸੇ ਨੇ ਦਿੱਤੇ ਸਨ।'' ਆਫੀਆ ਦਾ ਇਹ ਉੱਤਰ ਸੁਣਦਿਆਂ ਈ ਸਰਕਾਰੀ ਵਕੀਲ ਨੇ ਵੱਡੇ ਬੰਡਲ 'ਚੋਂ ਇੱਕ ਪੇਪਰ ਕੱਢ ਕੇ ਸਾਹਮਣੇ ਬੋਰਡ 'ਤੇ ਟੰਗ ਦਿੱਤਾ। ਇਸ ਕਾਗਜ਼ 'ਤੇ ਡਰਟੀ ਬੰਬ ਬਣਾਉਣ ਦੇ ਢੰਗ ਤਰੀਕੇ ਲਿਖੇ ਹੋਏ ਸਨ।
''ਮਿਸ ਆਫੀਆ ਇਹ ਹੱਥ ਲਿਖਤ ਕਾਗਜ਼ ਹਨ। ਅਤੇ ਇਹ ਤੇਰੀ ਹੀ ਹੱਥ ਲਿਖਤ ਐ। ਇਸ ਬਾਰੇ ਤੂੰ ਕੀ ਕਹਿਣਾਂ ਚਾਹੁੰਨੀ ਐਂ?''
''ਉਹ ਇਹ! ਇਹ ਤਾਂ ਮੈਥੋਂ ਧੱਕੇ ਨਾਲ ਲਿਖਵਾਏ ਗਏ ਸਨ। ਮੈਨੂੰ ਇੱਕ ਰਸਾਲਾ ਦਿੱਤਾ ਗਿਆ ਸੀ। ਇਹ ਸਾਰੀ ਜਾਣਕਾਰੀ ਉਸ ਵਿੱਚ ਸੀ। ਮੈਂ ਤਾਂ ਸਿਰਫ ਕਾਪੀ ਹੀ ਕੀਤੀ ਸੀ। ਜੇ ਮੈਂ ਅਜਿਹਾ ਨਾ ਕਰਦੀ ਤਾਂ ਉਹ ਮੇਰੇ ਬੱਚਿਆਂ 'ਤੇ ਤਸ਼ੱਦਦ ਕਰ ਸਕਦੇ ਸਨ।''
''ਮਿਸ ਆਫੀਆ ਕੀ ਤੈਨੂੰ ਬੰਦੂਕ ਜਾਂ ਪਿਸਤੌਲ ਚਲਾਉਣ ਦੀ ਕੋਈ ਜਾਣਕਾਰੀ ਐ?''
''ਨਹੀਂ।'' ਆਫੀਆ ਨੇ ਨਾਂਹ 'ਚ ਸਿਰ ਮਾਰਦਿਆਂ ਉੱਤਰ ਦਿੱਤਾ।
''ਤੂੰ 1993 'ਚ ਬੰਦੂਕ ਪਿਸਤੌਲ ਚਲਾਉਣਾ ਸਿੱਖਣ ਲਈ ਇੱਕ ਕਲੱਬ ਜੁਆਇਨ ਕੀਤਾ ਸੀ। ਇਸ ਬਾਰੇ ਤੇਰਾ ਕੀ ਕਹਿਣਾ ਐ।''
'ਇਹ ਝੂਠ ਹੈ। ਮੈਂ ਕੋਈ ਕਲੱਬ ਜੁਆਇਨ ਨ੍ਹੀਂ ਕੀਤਾ।''
ਉਸਦੇ ਇੰਨਾ ਕਹਿੰਦਿਆਂ ਹੀ ਸਰਕਾਰੀ ਵਕੀਲ ਨੇ ਉਸ ਵੇਲੇ ਦੇ ਕਿਸੇ ਕਲੱਬ ਦੇ ਇੰਸਟਰੱਕਟਰ ਨੂੰ ਅਦਾਲਤ ਵਿੱਚ ਪੇਸ਼ ਕਰ ਦਿੱਤਾ ਜਿਸਨੇ ਦੱਸਿਆ ਕਿ ਉਸਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਉਸਨੇ ਇਸ ਔਰਤ ਨੂੰ ਅਸਲਾ ਚਲਾਉਣ ਦੀ ਸਿਖਲਾਈ ਦਿੱਤੀ ਸੀ। ਇਸ ਪਿੱਛੋਂ ਸਰਕਾਰੀ ਵਕੀਲ ਨੇ ਆਪਣੀ ਕਲੋਜ਼ ਸਟੇਟਮੈਂਟ ਵਿੱਚ ਕਿਹਾ ਕਿ ਮਿਸ ਆਫੀਆ ਲਗਾਤਾਰ ਝੂਠ ਬੋਲਦੀ ਰਹੀ ਹੈ। ਇਸਨੇ ਕਿਸੇ ਵੀ ਸੁਆਲ ਦਾ ਸਿੱਧਾ ਉੱਤਰ ਨਹੀਂ ਦਿੱਤਾ। ਡਿਫੈਂਸ ਟੀਮ ਕੋਲ ਕਹਿਣ ਲਈ ਕੁਝ ਜਿਆਦਾ ਨਹੀਂ ਸੀ। ਫਿਰ ਜਿਊਰੀ ਬੈਠ ਗਈ। ਤਿੰਨ ਦਿਨਾਂ ਪਿੱਛੋਂ ਜਿਊਰੀ ਨੇ ਆਪਣਾ ਫੈਸਲਾ ਸੁਣਾਉਂਦਿਆਂ ਆਫੀਆ ਨੂੰ ਦੋਸ਼ੀ ਘੋਸ਼ਿਤ ਕਰ ਦਿੱਤਾ। ਅਦਾਲਤ 'ਚ ਬੈਠੇ ਆਫੀਆ ਦੇ ਭਰਾ ਨੇ ਸਿਰ ਫੜ੍ਹ ਲਿਆ। ਉਹ ਆਫੀਆ ਨੂੰ ਇਹ ਸਮਝਾਉਣ ਲਈ ਸਾਰਾ ਜ਼ੋਰ ਲਾ ਚੁੱਕਿਆ ਸੀ ਕਿ ਪਾਕਿਸਤਾਨ ਸਰਕਾਰ ਨੇ ਦੋ ਮਿਲੀਅਨ ਡਾਲਰ ਦੀ ਮੱਦਦ ਦਿੰਦਿਆਂ ਉਸਦੇ ਲਈ ਦੁਨੀਆਂ ਦੇ ਬਿਹਤਰ ਵਕੀਲ ਚੁਣੇ ਹਨ। ਉਹ ਹੋਰ ਕੁਝ ਨਹੀਂ ਕਰ ਸਕਦੀ ਤਾਂ ਕਮ ਸੇ ਕਮ ਚੁੱਪ ਹੀ ਰਹੇ। ਪਰ ਹੁਣ ਉਹ ਸੋਚ ਰਿਹਾ ਸੀ ਕਿ ਇਸ ਬੇਵਕੂਫ ਕੁੜੀ ਨੇ ਸਾਰਾ ਝੁੱਗਾ ਚੌੜ ਕਰਕੇ ਰੱਖ ਦਿੱਤਾ। ਪਰ ਬਾਕਸ 'ਚ ਖੜ੍ਹੀ ਆਫੀਆ 'ਤੇ ਕੋਈ ਅਸਰ ਨਹੀਂ ਸੀ। ਉਸਨੇ ਉੱਚੀ ਬੋਲਦਿਆਂ ਇੰਨਾ ਹੀ ਕਿਹਾ ਕਿ ਇਹ ਫੈਸਲਾ ਅਮਰੀਕਾ ਦਾ ਨਹੀਂ ਬਲਕਿ ਇਜ਼ਰਾਇਲ ਦਾ ਹੈ। ਪਰ ਉਸ ਵੇਲੇ ਕੋਰਟ ਵਿੱਚ ਬੈਠੇ ਸਾਰੇ ਲੋਕਾਂ ਨੂੰ ਉਹ ਬੇਵਕੂਫ ਹੀ ਲੱਗੀ। ਉਸ ਦਿਨ ਜਿਊਰੀ ਨੇ ਉਸਨੂੰ ਦੋਸ਼ੀ ਕਰਾਰ ਦੇ ਦਿੱਤਾ ਸੀ। ਪਰ ਸਜ਼ਾ ਦਾ ਫੈਸਲਾ ਕੁਝ ਦਿਨ ਠਹਿਰ ਕੇ ਸੁਣਾਇਆ ਜਾਣਾ ਸੀ।
ਸਤੰਵਰ 23, 2010 ਨੂੰ ਕੋਰਟ ਫਿਰ ਸ਼ੁਰੂ ਹੋਈ। ਕੋਰਟ ਖਚਾ ਖਚ ਭਰੀ ਹੋਈ ਸੀ। ਮੀਡੀਏ ਤੋਂ ਇਲਾਵਾ ਆਫੀਆ ਦੇ ਹਮਦਰਦ ਅਤੇ ਰਿਸ਼ਤੇਦਾਰ ਕੋਰਟ ਵਿੱਚ ਹਾਜ਼ਰ ਸਨ। ਯੂ ਐੱਸ ਮਾਰਸ਼ਲਾਂ ਨੇ ਆਫੀਆ ਨੂੰ ਕੋਰਟ ਵਿੱਚ ਲਿਆਂਦਾ। ਉਸਨੇ ਬੈਠੇ ਲੋਕਾਂ ਵੱਲ ਨਜ਼ਰ ਮਾਰੀ। ਉਹ ਸ਼ਾਇਦ ਆਪਣੇ ਭਰਾ ਵੱਲ ਵੇਖ ਰਹੀ ਸੀ। ਕੋਰਟ ਸ਼ੁਰੂ ਹੋਈ ਤਾਂ ਜੱਜ ਨੇ ਆਫੀਆ ਨੂੰ ਕਿਹਾ ਕਿ ਉਹ ਕੁਝ ਕਹਿਣਾ ਚਾਹੁੰਦੀ ਹੈ ਤਾਂ ਉਸਨੇ ਸਿਰ ਫੇਰਦਿਆਂ ਨਾਂਹ ਕਰ ਦਿੱਤੀ। ਸਜ਼ਾ ਸੁਣਾਉਣ ਤੋਂ ਪਹਿਲਾਂ ਜੱਜ ਨੇ ਬੋਲਣਾ ਸ਼ੁਰੂ ਕੀਤਾ। ਉਸਨੇ ਕਿਹਾ, ''ਡਾਕਟਰ ਆਫੀਆ ਦਾ ਕੇਸ ਇੱਕ ਉਲਝੀ ਹੋਈ ਕਹਾਣੀ ਦੀ ਤਰ੍ਹਾਂ ਐ। ਮੈਂ ਇਸ ਕੇਸ ਦੀ ਤਹਿ ਤੱਕ ਪਹੁੰਚਣ 'ਚ ਅਸਫਲ ਰਿਹਾ ਆਂ। ਉਸ 'ਤੇ ਜੋ ਵੀ ਦੋਸ਼ ਲੱਗੇ ਹਨ ਉਨ੍ਹਾਂ ਮੁਤਾਬਕ ਭਾਵੇਂ ਉਹ ਦੋਸ਼ਣ ਸਾਬਤ ਹੋ ਗਈ ਐ ਪਰ ਫਿਰ ਵੀ ਬਹੁਤ ਕੁਝ ਅਜਿਹਾ ਐ ਜੋ ਕਿ ਅਣਸੁਲਜਿਆ ਰਹਿ ਗਿਆ ਐ। ਇਸ ਅਜੀਬੋ ਗਰੀਬ ਕਹਾਣੀ ਨੂੰ ਸੁਲਝਾਉਣ ਵਿੱਚ ਨਾ ਹੀ ਐਫ. ਬੀ. ਆਈ. ਨੇ ਮੱਦਦ ਕੀਤੀ ਤੇ ਨਾ ਹੀ ਡਾਕਟਰ ਆਫੀਆ ਨੇ। ਦੋਨੋਂ ਇਸ ਬਾਰੇ ਬੋਲਣ ਤੋਂ ਕਤਰਾਉਂਦੇ ਰਹੇ। ਇਸ ਕਰਕੇ ਇਹ ਕਹਿਣਾ ਮੁਸ਼ਕਲ ਐ ਕਿ ਅਸਲ 'ਚ ਪਿਛਲੇ ਇੰਨੇ ਸਾਲਾਂ ਦੌਰਾਨ ਅਸਲ ਵਿੱਚ ਹੋਇਆ ਕੀ ਐ। ਉਦਾਹਰਣ ਦੇ ਤੌਰ 'ਤੇ ਡਾਕਟਰ ਆਫੀਆ ਕਹਿ ਰਹੀ ਐ ਕਿ ਉਹ ਅਫਗਾਨਿਸਤਾਨ ਦੇ ਗਜ਼ਨੀ ਸ਼ਹਿਰ 'ਚ ਉਸ ਦਿਨ ਇਸ ਲਈ ਗਈ ਕਿ ਉਹ ਆਪਣੇ ਘਰਵਾਲੇ ਨੂੰ ਲੱਭ ਰਹੀ ਸੀ। ਜਦੋਂ ਕਿ ਸਰਕਾਰ ਕਹਿ ਰਹੀ ਐ ਕਿ ਆਫੀਆ ਉਸ ਦਿਨ ਆਤਮਘਾਤੀ ਹਮਲੇ ਕਰਨ ਲਈ ਅਫਗਾਨਿਸਤਾਨ ਗਈ ਸੀ। ਜਾਂ ਫਿਰ ਹੋ ਸਕਦਾ ਹੈ ਕਿ ਉਹ ਅਫਗਾਨਿਸਤਾਨ ਵਿੱਚ ਅਜਿਹੇ ਦਸਤਾਵੇਜ਼ ਦੇਣ ਗਈ ਸੀ ਜਿਨ੍ਹਾਂ ਤੋਂ ਕਿ ਡਰਟੀ ਬੰਬ ਬਣਾਇਆ ਜਾ ਸਕਦਾ ਹੋਵੇ। ਇਸ ਤੋਂ ਇਲਾਵਾ ਕੋਰਟ ਇਹ ਵੀ ਨ੍ਹੀਂ ਜਾਣ ਸਕੀ ਕਿ ਡਾਕਟਰ ਆਫੀਆ 2003 ਤੋਂ 2008 ਤੱਕ ਕਿੱਥੇ ਰਹੀ ਐ। ਇਹ ਟਰਾਇਲ ਵੀ ਬਹੁਤ ਔਖਾ ਰਿਹਾ ਕਿਉਂਕਿ ਡਾਕਟਰ ਆਫੀਆ ਨੇ ਕੋਰਟ ਦੀ ਕਾਰਵਾਈ ਬਹੁਤ ਵਾਰੀ ਰੋਕੀ।'' ਆਪਣੀ ਗੱਲ ਕਹਿ ਕੇ ਜੱਜ ਕਾਗਜ਼ 'ਤੇ ਕੁਝ ਲਿਖਣ ਲੱਗ ਪਿਆ।
ਇਸਦੇ ਉਲਟ ਡਿਫੈਂਸ ਵਕੀਲ ਨੇ ਆਪਣੀ ਸਟੇਟਮੈਂਟ 'ਚ ਕਿਹਾ, ''ਇਹ ਕੇਸ ਆਫੀਆ ਦੇ ਖਿਲਾਫ ਇਸ ਕਰਕੇ ਗਿਆ ਕਿਉਂਕਿ ਉਹ ਮਾਨਸਿਕ ਤੌਰ 'ਤੇ ਸਹੀ ਨ੍ਹੀਂ ਹੈ। ਜੋ ਊਟ ਪਟਾਂਗ ਉੱਤਰ ਆਫੀਆ ਨੇ ਦਿੱਤੇ ਨੇ ਉਹ ਉਸਨੇ ਜਾਣ ਬੁੱਝ ਕੇ ਨ੍ਹੀਂ ਦਿੱਤੇ ਬਲਕਿ ਉਸਦੀ ਮਾਨਸਿਕ ਹਾਲਤ ਖਰਾਬ ਹੋਣ ਕਾਰਨ ਉਸਦੇ ਹੱਥ ਬੱਸ ਕੁਝ ਨ੍ਹੀਂ ਐ। ਵਾਰ ਵਾਰ ਉਹ ਬਿਨਾਂ ਮਤਲਬੋਂ ਈ ਚੱਲਦੀ ਕਾਰਵਾਈ 'ਚ ਬੋਲਣ ਲੱਗ ਪੈਂਦੀ ਸੀ ਕਿਉਂਕਿ ਉਹ ਮਾਨਸਿਕ ਰੋਗੀ ਐ। ਨ੍ਹੀਂ ਤਾਂ ਡਾਕਟਰ ਆਫੀਆ ਵਰਗੀ ਉੱਚ ਪੜ੍ਹੀ ਲਿਖੀ ਔਰਤ ਤੋਂ ਅਜਿਹੇ ਵਤੀਰੇ ਦੀ ਉਮੀਦ ਨ੍ਹੀਂ ਕੀਤੀ ਜਾ ਸਕਦੀ। ਸਾਰੇ ਹੀ ਕੇਸ ਦੌਰਾਨ ਰਿਹਾ, ਉਸਦਾ ਵਤੀਰਾ ਇਹ ਸਾਬਤ ਕਰ ਦਿੰਦਾ ਐ ਕਿ ਉਹ ਦਿਮਾਗੀ ਤੌਰ 'ਤੇ ਬਿਮਾਰ ਹੈ। ਉਸ ਦੀ ਇਸ ਤਰ੍ਹਾਂ ਦੀ ਦਿਮਾਗੀ ਹਾਲਤ, ਐਫ. ਬੀ. ਆਈ. ਦੇ ਅਣਮਨੁੱਖੀ ਤਸ਼ੱਦਦ ਕਾਰਨ ਹੋਈ ਐ। ਇਸੇ ਕਰਕੇ ਉਸਨੂੰ ਕੁਛ ਵੀ ਯਾਦ ਨ੍ਹੀਂ ਐ ਕਿ ਉਹ ਇਸ ਪਿਛਲੇ ਅਰਸੇ ਦੌਰਾਨ ਕਿੱਥੇ ਸੀ। ਜਿਹੜੀ ਔਰਤ ਇੰਨੇ ਸਾਲਾਂ ਤੋਂ ਆਪਣੇ ਬੱਚਿਆਂ ਨੂੰ ਲੈ ਕੇ ਆਪਣੀ ਅਤੇ ਉਨ੍ਹਾਂ ਦੀ ਜਾਨ ਬਚਾਉਂਦੀ ਲੁਕਦੀ ਫਿਰਦੀ ਰਹੀ ਹੋਵੇ, ਫਿਰ ਭਾਵੇਂ ਉਹ ਕਿਸੇ ਤੋਂ ਵੀ ਲੁਕਦੀ ਹੋਵੇ, ਉਹ ਨਰਮ ਵਤੀਰੇ ਦੀ ਹੱਕਦਾਰ ਐ। ਇੰਨੇ ਸਾਲਾਂ ਤੋਂ ਹਰ ਵਕਤ ਡਰ ਦੇ ਸਾਏ ਹੇਠਾਂ ਜਿਉਂ ਰਹੀ ਔਰਤ 'ਤੇ ਵੈਸੇ ਵੀ ਰਹਿਮ ਕਰਨ ਦਾ ਇਨਸਾਨੀ ਫਰਜ਼ ਐ। ਜਿੰਨੀ ਕੁ ਸਜ਼ਾ ਦੀ ਉਹ ਹੱਕਦਾਰ ਹੈ ਵੀ ਉਹ ਉਸਨੇ ਪਿਛਲੇ ਸਾਲਾਂ ਦੌਰਾਨ ਭੁਗਤ ਲਈ ਐ। ਮੇਰੀ ਕੋਰਟ ਨੂੰ ਅਪੀਲ ਐ ਕਿ ਨਿੱਕੇ ਨਿੱਕੇ ਤਿੰਨ ਬੱਚਿਆਂ ਦੀ ਮਾਂ ਅਤੇ ਦਿਮਾਗੀ ਤਿਵਾਜ਼ਨ ਖੋ ਚੁੱਕੀ ਇਸ ਔਰਤ ਨੂੰ ਰਿਹਾ ਕਰ ਦਿੱਤਾ ਜਾਵੇ।''
ਸਫਾਈ ਵਕੀਲ ਬੋਲ ਕੇ ਹਟੀ ਤਾਂ ਆਫੀਆ ਨੇ ਜੱਜ ਨੂੰ ਕਿਹਾ ਕਿ ਉਹ ਕੁਝ ਕਹਿਣਾ ਚਾਹੁੰਦੀ ਐ। ਜੱਜ ਨੇ ਇਜਾਜ਼ਤ ਦੇ ਦਿੱਤੀ ਤਾਂ ਆਫੀਆ ਬੋਲਣ ਲੱਗੀ, ''ਮੈਂ ਅਮਰੀਕਾ ਨੂੰ ਬਹੁਤ ਪਿਆਰ ਕਰਦੀ ਹਾਂ ਇਸ ਕਰਕੇ ਮੈਂ ਇਸਨੂੰ ਨੁਕਸਾਨ ਪਹੁੰਚਾਉਣ ਬਾਰੇ ਸੋਚ ਵੀ ਨ੍ਹੀਂ ਸਕਦੀ। ਵੈਸੇ ਵੀ ਕੋਈ ਮੰਨੇ ਚਾਹੇ ਨਾ ਮੰਨੇ ਪਰ ਮੇਰੀ ਇਹ ਸੋਚਣੀ ਐ ਕਿ ਅਮਰੀਕਾ ਦੇ ਨਾਈਨ ਅਲੈਲਨ ਦੇ ਹਮਲਿਆਂ ਲਈ ਇਜ਼ਰਾਈਲ ਜ਼ਿੰਮੇਵਾਰ ਐ। ਖੈਰ ਇਹ ਹੁਣ ਬੀਤੇ ਦੀਆਂ ਗੱਲਾਂ ਨੇ। ਮੇਰਾ ਮਿਸ਼ਨ ਐ ਕਿ ਸੰਸਾਰ 'ਚ ਸ਼ਾਂਤੀ ਰਹੇ। ਆਖਰ 'ਚ ਮੈਂ ਮੇਰੇ ਮੁਸਲਮਾਨ ਭੈਣਾ ਭਰਾਵਾਂ ਨੂੰ ਬੇਨਤੀ ਕਰਦੀ ਆਂ ਕਿ ਉਹ ਮੇਰੇ ਕਾਰਨ ਕਿਸੇ 'ਤੇ ਗੁੱਸੇ ਨਾ ਹੋਣ। ਉਹ ਕਿਸੇ ਪ੍ਰਤੀ ਵੀ ਮਨ 'ਚ ਈਰਖਾ ਜਾਂ ਬਦਲੇ ਦੀ ਭਾਵਨਾ ਨਾ ਰੱਖਣ।'' ਇੰਨਾ ਕਹਿੰਦਿਆਂ ਉਹ ਚੁੱਪ ਹੋ ਗਈ।
ਆਖਰ 'ਚ ਜੱਜ ਨੇ ਉਸਦੀ ਫਾਈਲ 'ਤੇ ਕੁਝ ਲਿਖਿਆ ਤੇ ਫਿਰ ਸਜ਼ਾ ਸੁਣਾ ਦਿੱਤੀ। ਜੱਜ ਨੇ ਆਫੀਆ ਨੂੰ ਛਿਆਸੀ ਸਾਲ ਦੀ ਲੰਬੀ ਸਜ਼ਾ ਸੁਣਾਈ। ਜੱਜ ਦੁਆਰਾ ਸੁਣਾਈ ਸਜ਼ਾ ਦੀ ਗੱਲ ਸੁਣਦਿਆਂ ਹੀ ਅਦਾਲਤ ਵਿੱਚੋਂ ਕਈਆਂ ਦੀਆਂ ਸ਼ੇਮ ਸ਼ੇਮ ਦੀਆਂ ਆਵਾਜਾਂ ਆਈਆਂ ਤਾਂ ਆਫੀਆ ਫਿਰ ਤੋਂ ਖੜ੍ਹੀ ਹੋ ਗਈ। ਉਹ ਅਦਾਲਤ 'ਚ ਮੌਜੂਦ ਲੋਕਾਂ ਵੱਲ ਵੇਖਦਿਆਂ ਬੋਲੀ, ''ਵੇਖੋ, ਮੈਂ ਪਹਿਲਾਂ ਈ ਕਹਿ ਚੁੱਕੀ ਆਂ ਕਿ ਮੇਰੇ ਕਾਰਨ ਕਿਸੇ 'ਤੇ ਗੁੱਸੇ ਨਾ ਹੋਵੋ। ਮੁਹੰਮਦ ਸਾਹਿਬ ਨੇ ਆਪਣੀਆਂ ਸਿਖਿਆਵਾਂ 'ਚ ਕਿਹਾ ਐ ਕਿ ਆਪਣੇ ਦੁਸ਼ਮਣਾਂ ਨੂੰ ਵੀ ਮੁਆਫ ਕਰ ਦਿਉ। ਮੇਰੀ ਸਭ ਨੂੰ ਬੇਨਤੀ ਐ ਮੁਹੰਮਦ ਸਾਹਿਬ ਦੀਆਂ ਸਿਖਿਆਵਾਂ 'ਤੇ ਅਮਲ ਕਰਕੇ ਸੱਚੇ ਮੁਸਲਮਾਨ ਹੋਣ ਦਾ ਸਬੂਤ ਦਿਉ। ਤੁਸੀਂ ਹਰ ਉਸ ਸਖਸ਼ ਨੂੰ ਮੁਆਫ ਕਰ ਦਿਉ ਜਿਸ 'ਤੇ ਤੁਹਾਨੂੰ ਗੁੱਸਾ ਆ ਰਿਹਾ ਐ। ਕਿਸੇ ਨਾਲ ਗੁੱਸੇ ਨਾ ਹੋਵੋ। ਸ਼ਾਇਦ ਅੱਲਾ ਨੂੰ ਇਹੀ ਮਨਜ਼ੂਰ ਐ। ਮੈਨੂੰ ਵੀ ਅੱਲਾ ਦੀ ਇਹ ਮਰਜ਼ੀ ਮਨਜ਼ੂਰ ਐ। ਮੈਨੂੰ ਕਿਸੇ ਨਾਲ ਕੋਈ ਰੰਜ਼ਸ਼ ਨ੍ਹੀਂ ਐ। ਜੇਕਰ ਮੈਨੂੰ ਖੁਦ ਨੂੰ ਕਿਸੇ 'ਤੇ ਗੁੱਸਾ ਨ੍ਹੀਂ ਤਾਂ ਤੁਹਾਨੂੰ ਵੀ ਨ੍ਹੀਂ ਹੋਣਾ ਚਾਹੀਦਾ। ਖੁਦਾ ਆਫਿਜ਼। ਇੰਸ਼ਾ ਅੱਲਾ, ਸਭ ਖੁਸ਼ੀ ਖੁਸ਼ੀ ਇੱਥੋਂ ਜਾਵੋ।''
ਉਸਦੀ ਇਹ ਗੱਲ ਸੁਣ ਕੇ ਜੱਜ ਉਸ ਨੂੰ ਸੰਬੋਧਿਤ ਹੋਇਆ, ''ਡਾਕਟਰ ਆਫੀਆ ਤੇਰਾ ਇਨ੍ਹਾਂ ਗੱਲਾਂ ਲਈ ਧੰਨਵਾਦ। ਖੁਦਾ ਕਰੇ ਤੇਰਾ ਅੱਗੇ ਦੀ ਜ਼ਿੰਦਗੀ ਦਾ ਸਫਰ ਖੁਸ਼ਗਵਾਰ ਰਹੇ।'' ਇਸ ਪਿੱਛੋਂ ਜੱਜ ਉੱਠ ਗਿਆ। ਯੂ ਐਸ ਮਾਰਸ਼ਲ, ਆਫੀਆ ਨੂੰ ਪਿਛਲੇ ਦਰਵਾਜ਼ੇ ਰਾਹੀਂ ਜੇਲ੍ਹ ਨੂੰ ਲੈ ਤੁਰੇ।
ਸਮਾਪਤ

No comments:

Post a Comment