Thursday 15 November 2012


ਸੱਤ :---



ਪੋਸਟਿੰਗ : ਅਨੁ. ਮਹਿੰਦਰ ਬੇਦੀ ਜੈਤੋ




ਆਫੀਆ ਸਦੀਕੀ ਦਾ ਜਿਹਾਦ…:: ਲੇਖਕ : ਹਰਮਹਿੰਦਰ ਚਹਿਲ :---


ਸਾਲ 1994 ਚੜ੍ਹੇ ਨੂੰ ਤਿੰਨ ਹਫਤੇ ਹੋ ਚੁੱਕੇ ਸਨ। ਉਸ ਦਿਨ ਰਾਤ ਭਰ ਬਰਫਵਾਰੀ ਹੁੰਦੀ ਰਹੀ ਸੀ। ਆਫੀਆ ਗੂਹੜੀ ਨੀਂਦ ਸੁੱਤੀ ਹੋਈ ਸੀ ਜਦੋਂ ਉਸਦੇ ਸੈੱਲ ਫੋਨ ਦੀ ਘੰਟੀ ਵੱਜੀ। ਉਸਨੇ ਸੈੱਲ ਫੋਨ ਆਨ ਕਰਦਿਆਂ ਅਲਸਾਈ ਜਿਹੀ ਹੈਲੋ ਕਹੀ। ਦੂਸਰੇ ਪਾਸੇ ਮਾਰਲੇਨ ਬੋਲ ਰਹੀ ਸੀ। ਉਸਨੇ ਇੰਨਾ ਕਹਿ ਕੇ ਫੋਨ ਕੱਟ ਦਿੱਤਾ ਕਿ ਉਹ ਉਸਨੂੰ ਇੱਕ ਘੰਟੇ ਬਾਅਦ ਲੈਣ ਆ ਰਹੀ ਹੈ। ਉਹ ਤਿਆਰ ਰਹੇ। ਆਫੀਆ ਨੇ ਹੌਲੀ ਹੌਲੀ ਬਿਸਤਰ ਛੱਡਿਆ ਤੇ ਤਿਆਰ ਉੱਠ ਕੇ ਕਮਰੇ 'ਚੋਂ ਬਾਹਰ ਆ ਗਈ। ਉਸਨੇ ਖਿੜਕੀ ਦਾ ਪਰਦਾ ਚੁੱਕ ਕੇ ਬਾਹਰ ਨਿਗ੍ਹਾ ਮਾਰੀ। ਸੂਰਜ ਦੀਆਂ ਤੇਜ਼ ਕਿਰਨਾ ਉਸਦੀਆਂ ਅੱਖਾਂ ਚੁੰਧਿਆ ਗਈਆਂ। ਰਾਤ ਭਾਵੇਂ ਬਰਫ ਪੈਂਦੀ ਰਹੀ ਸੀ ਪਰ ਇਸ ਵੇਲੇ ਸੂਰਜ ਨਿਕਲਿਆ ਹੋਇਆ ਸੀ। ਸਨੋ 'ਤੇ ਪੈਂਦੀ ਧੁੱਪ ਅੱਖਾਂ 'ਚ ਚੁੱਭ ਰਹੀ ਸੀ। ਉਹ ਪਰਦਾ ਲਟਕਾਉਂਦੀ ਵਾਪਸ ਕਮਰੇ 'ਚ ਆ ਗਈ। ਫਿਰ ਤਿਆਰ ਹੋਣ ਲੱਗੀ। ਤਿਆਰ ਹੋ ਕੇ ਉਸਨੇ ਆਪਣਾ ਬੈੱਗ ਚੁੱਕਿਆ ਤੇ ਲੰਬਾ ਕੋਟ ਪਹਿਨਦੀ ਹੇਠਾਂ ਆ ਗਈ। ਉਸਦੇ ਹੇਠਾਂ ਪਹੁੰਚਣ ਦੇ ਦੋ ਕੁ ਮਿੰਟ ਪਿੱਛੋਂ ਹੀ ਮਾਰਲੇਨ ਆ ਗਈ। ਆਫੀਆ ਤਾਕੀ ਖੋਲ੍ਹ ਕੇ ਕਾਰ 'ਚ ਬੈਠੀ ਤੇ ਮਾਰਲੇਨ ਨੇ ਕਾਰ ਤੋਰ ਲਈ। ਬੀਹ ਮਿੰਟਾਂ 'ਚ ਉਹ ਉਸਦੇ ਅਪਾਰਟਮੈਂਟ ਪਹੁੰਚ ਗਈਆਂ। ਦਰਵਾਜ਼ਾ ਖੋਲ੍ਹਦਿਆਂ ਹੀ ਆਫੀਆ ਨੇ ਵੇਖਿਆ ਕਿ ਸਾਹਮਣੇ ਸੁਲੇਮਾਨ ਐਹਮਰ ਬੈਠਾ ਸੀ। ਦੋਨਾਂ ਨੇ ਇੱਕ ਦੂਜੇ ਨੂੰ ਆਦਾਬ ਕਹੀ। ਉਹ ਪਹਿਲਾਂ ਮਿਲ ਚੁੱਕੇ ਸਨ। ਸੁਲੇਮਾਨ ਐਹਮਰ, ਬੈਨੇਵੋਲੈਂਸ ਇੰਟਰਨੈਸ਼ਨਲ ਦਾ ਡਾਇਰੈਕਟਰ ਸੀ। ਉਸਨੇ ਪਹਿਲੀ ਮੁਲਾਕਾਤ ਵਿੱਚ ਹੀ ਆਫੀਆ ਨੂੰ ਦੱਸ ਦਿੱਤਾ ਸੀ ਕਿ ਉਹ ਜਿਹਾਦ ਵੱਲ ਕਿਵੇਂ ਉਲਾਰ ਹੋਇਆ। ਉਸਨੇ ਦੱਸਿਆ ਸੀ ਕਿ ਉਹ ਅਤੇ ਕੁਝ ਹੋਰ ਦੋਸਤ ਜੋ ਕਿ ਸਾਰੇ ਨਬਰਾਸਕਾ ਯੂਨੀਵਰਸਿਟੀ ਦੇ ਵਿਦਿਆਰਥੀ ਸਨ, ਟੂਰ ਲਾਉਣ ਕਰੋਸ਼ੀਆ ਗਏ ਸਨ। ਉੱਥੇ ਉਨ੍ਹਾਂ ਨੂੰ ਜਿਹਾਦੀਆਂ ਨੇ ਕਿਡਨੈਪ ਕਰ ਲਿਆ ਸੀ। ਕੁਝ ਦਿਨ ਉਨ੍ਹਾਂ ਨੂੰ ਕੈਦ ਰੱਖ ਕੇ ਛੱਡ ਦਿੱਤਾ ਗਿਆ ਪਰ ਜੋ ਕੁਝ ਉਸਨੇ ਇਸ ਬੰਦੀ ਦਿਨਾਂ ਦੌਰਾਨ ਜਿਹਾਦ ਬਾਰੇ ਸੁਣਿਆਂ ਉਸਨੇ ਉਸਦੇ ਦਿਲ ਵਿੱਚ ਜਿਹਾਦ ਪ੍ਰਤੀ ਹਮਦਰਦੀ ਭਰ ਦਿੱਤੀ। ਬਾਹਰ ਆ ਕੇ ਉਸਨੇ ਹੋਰ ਪੜਤਾਲ ਕੀਤੀ ਤਾਂ ਉਸਨੂੰ ਲੱਗਿਆ ਕਿ ਉਸਦਾ ਅਸਲੀ ਕੰਮ ਜਿਹਾਦ ਹੀ ਹੈ। ਫਿਰ ਉਹ ਛੋਟੇ ਸਰਕਲਾਂ ਵਿੱਚ ਵਿਚਰਦਾ ਇਸ ਜਥੇਬੰਦੀ ਦੇ ਡਾਇਰੈਕਟਰ ਦੇ ਅਹੁਦੇ 'ਤੇ ਆ ਪਹੁੰਚਿਆ। ਅੱਜ ਉਹ ਇੱਥੇ ਬੈਨੇਵੋਲੈਂਸ ਦੀ ਬਰਾਂਚ ਸਥਾਪਤ ਕਰਨ ਆਇਆ ਸੀ।
''ਆਫੀਆ ਕਿਵੇਂ ਫਿਰ ਅੱਜ ਦੀ ਮੀਟਿੰਗ ਦੀ ਮੁਕੰਮਲ ਤਿਆਰੀ ਹੋ ਚੁੱਕੀ ਐ?''
''ਹਾਂ ਬਿਲਕੁਲ। ਸਭ ਤਿਆਰੀਆਂ ਹੋ ਚੁੱਕੀਆਂ ਨੇ। ਮੀਟਿੰਗ ਸਹੀ ਟਾਈਮ 'ਤੇ ਸ਼ੁਰੂ ਹੋਵੇਗੀ।''
ਸਾਰਾ ਦਿਨ ਉਹ ਮੀਟਿੰਗ ਬਾਰੇ ਵਿਚਾਰ ਵਿਟਾਂਦਰਾ ਕਰਦੇ ਰਹੇ। ਇਹ ਕੋਈ ਛੋਟੀ ਮੋਟੀ ਮੀਟਿੰਗ ਨਹੀਂ ਸੀ। ਬੈਨੇਵੋਲੈਂਸ ਬਹੁਤ ਵੱਡੀ ਜਥੇਬੰਦੀ ਸੀ। ਜਿਸਦਾ ਕੰਮ ਭਾਵੇਂ ਚੈਰਿਟੀ ਹੀ ਦੱਸਿਆ ਜਾਂਦਾ ਸੀ। ਪਰ ਅਸਲ ਵਿੱਚ ਇਹ ਅਲਕਾਇਦਾ ਨਾਲ ਜੁੜੀ ਹੋਈ ਸੀ। ਅਲਕਾਇਦਾ ਲਈ ਬਹੁਤ ਸਾਰਾ ਫੰਡ ਇਸੇ ਜਥੇਬੰਦੀ ਰਾਹੀਂ ਇਕੱਠਾ ਹੁੰਦਾ ਸੀ। ਸ਼ਾਮ ਵੇਲੇ ਮੀਟਿੰਗ ਹੋਈ ਤਾਂ ਆਫੀਆ ਹੈਰਾਨ ਰਹਿ ਗਈ। ਇਤਨਾ ਜੋਸ਼ ਉਸਨੇ ਕਿਸੇ ਵੀ ਮੀਟਿੰਗ ਵਿੱਚ ਨਹੀਂ ਵੇਖਿਆ ਸੀ। ਇਸ ਤੋਂ ਬਿਨਾਂ ਇੱਥੇ ਬਹੁਤ ਵੱਡੇ ਵੱਡੇ ਜਿਹਾਦੀ ਪਹੁੰਚੇ ਹੋਏ ਸਨ। ਜਿਨ੍ਹਾਂ ਦੇ ਇਸ ਤੋਂ ਪਹਿਲਾਂ ਆਫੀਆ ਨੇ ਸਿਰਫ ਨਾਂ ਹੀ ਸੁਣੇ ਸਨ। ਸੁਲੇਮਾਨ ਨੇ ਬਹੁਤ ਹੀ ਪ੍ਰਭਾਵਸ਼ਾਲੀ ਲੈਕਚਰ ਦਿੱਤਾ। ਇੱਥੇ ਆਫੀਆ ਨੂੰ ਵੀ ਬੋਲਣ ਦਾ ਮੌਕਾ ਮਿਲਿਆ। ਉਸਨੇ ਇਸ ਮੌਕੇ ਦਾ ਇੰਨਾ ਵਧੀਆ ਇਸਤੇਮਾਲ ਕੀਤਾ ਕਿ ਸਾਰੇ ਹੈਰਾਨ ਰਹਿ ਗਏ। ਉਸਦਾ ਲੈਕਚਰ ਇਤਨਾ ਪ੍ਰਭਾਵਸ਼ਾਲੀ ਸੀ ਕਿ ਮੈਂਬਰਾਂ ਦੇ ਦੰਦ ਜੁੜ ਗਏ। ਹਰ ਇੱਕ ਨੂੰ ਲੱਗਿਆ ਕਿ ਇੰਨੀ ਜੋਸ਼ੀਲੀ ਕੁੜੀ ਜਿਹਾਦ ਵਿੱਚ ਪਹਿਲਾਂ ਕਦੇ ਨਹੀਂ ਵੇਖੀ। ਉਸਨੇ ਸਾਰਿਆਂ ਵੱਲ ਵੇਖਦਿਆਂ ਹੋਇਆਂ ਕਿਹਾ ਕਿ ਕਿੱਧਰ ਗਿਆ ਮੁਸਲਮ ਮਰਦ ਅੱਜ ਦੇ ਦਿਨਾਂ ਵਿੱਚ। ਕਿੱਧਰ ਗਈ ਉਸਦੀ ਅਣਖ ਕਿ ਬਾਸਨੀਆਂ 'ਚ ਸਾਡੀਆਂ ਧੀਆਂ ਭੈਣਾ ਦਾ ਰਿਹਾ ਕੱਖ ਨਹੀਂ ਤੇ ਤੁਹਾਡੇ ਕੰਨ 'ਤੇ ਜੂੰ ਨਹੀਂ ਸਰਕੀ। ਉਸਨੇ ਕਿਹਾ ਕਿ ਮੈਂ ਸਟੇਜ 'ਤੇ ਕਿਉਂ ਖੜ੍ਹੀ ਹਾਂ। ਇੱਥੇ ਕਿਸੇ ਮਰਦ ਨੂੰ ਹੋਣਾ ਚਾਹੀਦਾ ਹੈ। ਉਸਦੀਆਂ ਗੱਲਾਂ ਦਾ ਇੰਨਾ ਅਸਰ ਹੋਇਆ ਕਿ ਬਹੁਤ ਸਾਰੇ ਮੁੰਡਿਆਂ ਨੇ ਜਿਹਾਦ ਲਈ ਆਪਣੇ ਨਾਂ ਲਿਖਾ ਦਿੱਤੇ।
ਵਾਪਸ ਮੁੜਦਿਆਂ ਸੁਲੇਮਾਨ ਨੇ ਗੱਲ ਸ਼ੁਰੂ ਕੀਤੀ, ''ਆਫੀਆ ਇਸ ਜਥੇਬੰਦੀ ਦਾ ਪ੍ਰਧਾਨ ਮੈਨੂੰ ਨ੍ਹੀਂ ਬਲਕਿ ਤੈਨੂੰ ਹੋਣਾ ਚਾਹੀਦਾ ਐ ਪਰ…....।'' ਅਗਾਂਹ ਉਹ ਕੁਝ ਕਹਿੰਦਾ ਕਹਿੰਦਾ ਚੁੱਪ ਕਰ ਗਿਆ। ਉਹ ਕਹਿਣਾ ਚਾਹ ਰਿਹਾ ਸੀ ਕਿ ਇਸਲਾਮ ਮੁਤਾਬਕ ਮਰਦ ਜਥੇਬੰਦੀ ਦਾ ਮੁਖੀ ਮਰਦ ਹੀ ਹੋ ਸਕਦਾ ਹੈ। ਉਸਨੂੰ ਚੁੱਪ ਹੋਇਆ ਵੇਖ ਕੇ ਆਫੀਆ ਬੋਲੀ, ''ਮੈਂ ਤੇਰੀ ਗੱਲ ਸਮਝ ਗਈ ਆਂ। ਪਰ ਮੈਂ ਇਸ ਗੱਲ ਦੇ ਹੱਕ 'ਚ ਆਂ ਕਿ ਇਸਲਾਮ ਨੇ ਔਰਤ ਦਾ ਜੋ ਵੀ ਰੁਤਬਾ ਰੱਖਿਆ ਐ ਉਹ ਠੀਕ ਐ। ਮੈਂ ਜਿਸ ਅਹੁਦੇ 'ਤੇ ਕੰਮ ਕਰ ਰਹੀ ਆਂ ਇਹ ਠੀਕ ਐ। ਬੱਸ ਕੰਮ ਚੱਲਦਾ ਰਹਿਣਾ ਚਾਹੀਦਾ ਐ।''
''ਆਫੀਆ ਤੂੰ ਕਾਮੀਲਾ ਦਾ ਗੱਲ ਸੁਣੀ ਐਂ?'' ਸੁਲੇਮਾਨ ਨੇ ਗੱਲ ਬਦਲੀ।
''ਕਾਮੀਲਾ ਕੌਣ?''
'ਇਹ ਨਵੀਂ ਵਾਪਰੀ ਘਟਨਾ ਐਂ ਇਸ ਕਰਕੇ ਤੈਨੂੰ ਪਤਾ ਨ੍ਹੀਂ ਹੋਣਾ। ਕਾਮੀਲਾ ਇੱਕ ਜਿਹਾਦੀ ਕੁੜੀ ਐ ਜਿਹੜੀ ਕਿ ਇੰਗਲੈਂਡ 'ਚ ਜੰਮੀ ਪਲੀ ਸੀ। ਉਹ ਆਪਣੇ ਹੀ ਬਲਬੂਤੇ 'ਤੇ ਹੀ ਬਾਸਨੀਆਂ ਚਲੀ ਗਈ ਤੇ ਜਿਹਾਦੀ ਗਰੁੱਪਾਂ 'ਚ ਰਲ ਗਈ। ਲੜਾਈ 'ਚ ਉਸਨੇ ਕਾਫਿਰਾਂ ਦੇ ਆਹੂ ਲਾਹ ਦਿੱਤੇ। ਉਸਦੀ ਬਹਾਦਰੀ ਦੀਆਂ ਕਹਾਣੀਆਂ ਨਾਲ ਇੰਟਰਨੈੱਟ ਭਰਿਆ ਪਿਐ।''
''ਅੱਛਾ ਕੁੜੀ ਹੋ ਕੇ ਉਸਨੀ ਇਤਨੀ ਬਹਾਦਰੀ ਕੀਤੀ ਐ। ਇਹ ਬਹੁਤ ਹੀ ਵੱਡੀ ਗੱਲ ਐ।''
ਆਫੀਆ ਉਸਦੀ ਗੱਲ ਸੁਣ ਕੇ ਆਪਣੇ ਆਪ 'ਚ ਮਗਨ ਹੋ ਗਈ। ਖਿਆਲ 'ਚ ਗੁਆਚੀ ਆਫੀਆ, ਕਾਮੀਲਾ ਦੀ ਥਾਂ ਆਪਣੇ ਆਪ ਨੂੰ ਵੇਖ ਰਹੀ ਸੀ। ਉਸਨੂੰ ਲੱਗ ਰਿਹਾ ਸੀ ਕਿ ਬਾਸਨੀਆਂ ਵਿੱਚ ਕਾਮੀਲਾ ਨਹੀਂ ਸਗੋਂ ਉਹ ਗਈ ਹੋਵੇ। ਦੁਸ਼ਮਣਾਂ ਦੇ ਆਹੂ ਕਾਮੀਲਾ ਨੇ ਨਹੀਂ ਬਲਕਿ ਉਸਨੇ ਲਾਹੇ ਹੋਣ। ਉਸਦੀ ਸੋਚਾਂ ਦੀ ਲੜੀ ਟੁੱਟ ਗਈ ਜਦੋਂ ਸੁਲੇਮਾਨ ਦੀ ਆਵਾਜ਼ ਉਸਦੇ ਕੰਨੀ ਪਈ, ''ਪਰ....।''
''ਹੈਂ! ਪਰ ਕੀ?'' ਆਫੀਆ ਖਿਆਲਾਂ 'ਚੋਂ ਨਿਕਲਦੀ ਹੈਰਾਨ ਨਾਲ ਉਸ ਵੱਲ ਝਾਕੀ।
'ਉਸ ਬਾਰੇ ਵੱਡੇ ਧਾਰਮਿਕ ਲੀਡਰ ਇਸ ਗੱਲੋਂ ਨਾਰਾਜ਼ ਨੇ ਕਿ ਉਹ ਇੱਕ ਔਰਤ ਹੋ ਕੇ ਇਕੱਲੀ ਘਰੋਂ ਬਾਹਰ ਗਈ। ਮੇਰਾ ਮਤਲਬ ਅਜਿਹੇ ਵੇਲੇ ਉਸ ਨਾਲ ਉਸਦਾ ਮਹਿਰਮ ਹੋਣਾ ਚਾਹੀਦਾ ਐ। ਇਸਲਾਮ ਮੁਤਾਬਕ ਜੇਕਰ ਕੋਈ ਔਰਤ ਜਿਹਾਦ 'ਚ ਹਿੱਸਾ ਲੈਂਦੀ ਐ ਤਾਂ ਉਹ ਘਰਵਾਲੇ ਤੋਂ ਬਿਨਾਂ ਇਹ ਕੰਮ ਨ੍ਹੀਂ ਕਰ ਸਕਦੀ।''
''ਇਹ ਗੱਲ ਤਾਂ ਬਿਲਕੁਲ ਠੀਕ ਐ।''
'ਮੇਰਾ ਖਿਆਲ ਐ ਤੁਸੀਂ ਜਿਹਾਦੀ ਵੈੱਬ ਸਾਈਟ 'ਤੇ ਅੱਜ ਦੀ ਖ਼ਬਰ ਨ੍ਹੀਂ ਪੜ੍ਹੀ।'' ਹੁਣ ਤੱਕ ਚੁੱਪ ਬੈਠੀ ਉਨ੍ਹਾਂ ਦੀਆਂ ਗੱਲਾਂ ਸੁਣ ਰਹੀ ਮਾਰਲੇਨ ਬੋਲੀ।
''ਕਿਉਂ ਕੀ ਖ਼ਬਰ ਐ ਅੱਜ ਦੀ?''
'ਉਸ ਲੜਕੀ ਨੇ ਸੁਡਾਨ ਦੇ ਕਿਸੇ ਜਿਹਾਦੀ ਨਾਲ ਨਿਕਾਹ ਕਰ ਲਿਆ ਐ। ਹੁਣ ਉਹ ਦੋਨੋਂ ਮੀਆਂ ਬੀਵੀ ਮੁਹਾਜ 'ਤੇ ਲੜ੍ਹ ਰਹੇ ਨੇ।''
'ਇਹ ਨੇ ਫਿਰ ਸੱਚੇ ਜਿਹਾਦੀ ਜਿਹੜੇ ਸਹੀ ਢੰਗ ਨਾਲ ਇਸਲਾਮ ਦੀ ਪਾਲਣਾ ਕਰ ਰਹੇ ਨੇ। ਕਾਸ਼ ਕਿ...।'' ਆਫੀਆ ਗੱਲ ਵਿਚਕਾਰ ਛੱਡਦੀ ਚੁੱਪ ਹੋ ਗਈ। ਹੁਣ ਉਸਨੂੰ ਖਿਆਲ ਆਇਆ ਕਿ ਕਾਸ਼ ਉਹ ਵੀ ਘਰਵਾਲੇ ਨਾਲ ਜਿਹਾਦ ਲੜ ਰਹੀ ਹੋਵੇ। ਅਗਾਂਹ ਉਸਨੂੰ ਉਤਾਰ ਕੇ ਮਾਰਲੇਨ ਅਤੇ ਸੁਲੇਮਾਨ ਅਗਾਂਹ ਲੰਘ ਗਏ। ਆਫੀਆ ਦੇ ਖਿਆਲਾਂ ਵਿੱਚ ਕਾਮੀਲਾ ਹੀ ਘੁੰਮ ਰਹੀ ਸੀ। ਇੰਨਾ ਹੀ ਨਹੀਂ ਉਸਨੂੰ ਰਾਤ ਨੂੰ ਨੀਂਦ ਵੀ ਨਾ ਆਈ। ਸਾਰੀ ਰਾਤ ਉਹ ਇਸੇ ਖਿਆਲ ਨਾਲ ਗੁੱਥਮ ਗੁੱਥਾ ਹੁੰਦੀ ਰਹੀ ਕਿ ਕਾਸ਼ ਉਹ ਕਿਸੇ ਅਜਿਹੇ ਬੰਦੇ ਨਾਲ ਵਿਆਹ ਕਰਵਾਏ ਜੋ ਜਿਹਾਦ ਲੜ ਰਿਹਾ ਹੋਵੇ ਜਾਂ ਲੋੜ ਪੈਣ 'ਤੇ ਜਿਹਾਦ ਵਿੱਚ ਜਾਵੇ। ਦਿਨ ਚੜ੍ਹਦੇ ਤੱਕ ਉਸਨੇ ਆਪਣੇ ਆਪ ਨਾਲ ਪੱਕਾ ਫੈਸਲਾ ਕਰ ਲਿਆ ਕਿ ਉਹ ਅਜਿਹੇ ਹੀ ਕਿਸੇ ਮੁੰਡੇ ਨਾਲ ਵਿਆਹ ਕਰਵਾਏਗੀ ਜੋ ਉਸਦੀ ਇਹ ਸੋਚ ਪੂਰੀ ਕਰਦਾ ਹੋਵੇ।
ਆਫੀਆ ਨੇ ਯੂਨੀਵਰਸਿਟੀ ਦੀ ਪੜ੍ਹਾਈ ਪੂਰੀ ਕਰ ਲਈ ਸੀ। ਉਸਨੇ ਬਹੁਤ ਉੱਚੇ ਨੰਬਰਾਂ 'ਚ ਪੜਾਈ ਖਤਮ ਕੀਤੀ ਸੀ। ਸਾਲ 1995 ਦੇ ਜਨਵਰੀ ਮਹੀਨੇ ਉਸਦੇ ਮਾਂ ਪਿਉ ਉਸਦੀ ਗਰੈਜੂਏਸ਼ਨ 'ਤੇ ਆਏ। ਗਰੈਜੂਏਸ਼ਨ ਦੀ ਪਾਰਟੀ ਪਿੱਛੋਂ ਮਾਂ ਪਿਉ ਨਾਲ ਉਹ ਅਪਾਰਟਮੈਂਟ ਆਈ ਤਾਂ ਉਸਦੀ ਮਾਂ ਨੇ ਗੱਲ ਛੇੜੀ।
''ਆਫੀਆ ਅਸੀਂ ਤੇਰੀ ਸ਼ਾਦੀ ਬਾਰੇ ਸੋਚ ਰਹੇ ਆਂ।''
ਇਸਮਤ ਦੀ ਇਹ ਗੱਲ ਸੁਣ ਕੇ ਆਫੀਆ ਦੀ ਖੁਸ਼ੀ ਦੀ ਹੱਦ ਨਾ ਰਹੀ। ਕਿਉਂਕਿ ਜਦੋਂ ਦੇ ਉਸਦੇ ਮਾਂ ਪਿਉ ਆਏ ਸਨ, ਉਦੋਂ ਤੋਂ ਉਹ ਮੌਕਾ ਲੱਭ ਰਹੀ ਸੀ ਕਿ ਕਿਸੇ ਵੇਲੇ ਉਹ ਮਾਂ ਨਾਲ ਗੱਲ ਛੇੜੇ ਤੇ ਆਪਣੇ ਦਿਲ ਦੀ ਖੁਹਾਇਸ਼ ਦੱਸੇ। ਹੁਣ ਉਸਦੇ ਮਨ ਦੀ ਹੋ ਗਈ ਜਦੋਂ ਮਾਂ ਨੇ ਆਪੇ ਹੀ ਗੱਲ ਛੇੜ ਲਈ।
''ਅੰਮੀ ਉਸ ਤੋਂ ਪਹਿਲਾਂ ਮੈਂ ਕੁਛ ਕਹਿਣਾ ਚਾਹੁੰਨੀ ਆਂ।''
''ਹਾਂ ਬੋਲ।''
''ਅੰਮੀ ਮੇਰੀ ਦਿਲੀ ਇੱਛਾ ਐ ਕਿ ਮੈਂ ਕਿਸੇ ਅਜਿਹੇ ਮੁੰਡੇ ਨਾਲ ਸ਼ਾਦੀ ਕਰਵਾਵਾਂ ਜੋ ਕਿ ਕਿਧਰੇ ਜਿਹਾਦ ਲੜ ਰਿਹਾ ਹੋਵੇ।''
'ਆਫੀਆ ਤੇਰੀ ਮੱਤ ਤਾਂ ਨ੍ਹੀਂ ਮਾਰੀ ਗਈ। ਮੈਂ ਤੈਨੂੰ ਕੀ ਕਹਿ ਕੇ ਤੋਰਿਆ ਸੀ?'' ਇਮਸਤ ਗੁੱਸੇ 'ਚ ਉਸਨੂੰ ਭੱਜ ਕੇ ਪਈ। ਭਵਾਂ ਸਕੋੜਦੀ ਉਹ ਕੁਛ ਪਲ ਆਫੀਆ ਵੱਲ ਵੇਖਦੀ ਰਹੀ ਤੇ ਫਿਰ ਸਖਤ ਆਵਾਜ਼ ਵਿੱਚ ਦੁਬਾਰਾ ਬੋਲਣ ਲੱਗੀ, ''ਮੈਂ ਤੈਨੂੰ ਕਈ ਵਾਰ ਕਹਿ ਚੁੱਕੀ ਆਂ ਕਿ ਇਹ ਕੰਮ ਚੈਰਿਟੀ ਤੱਕ ਤਾਂ ਠੀਕ ਐ। ਪਰ ਉਸ ਤੋਂ ਅੱਗੇ ਨ੍ਹੀਂ। ਤੇਰਾ ਅਸਲ ਮੈਦਾਨ ਤਾਂ ਰਾਜਨੀਤੀ ਐ। ਪਾਕਿਸਤਾਨ ਦੀ ਰਾਜਨੀਤੀ ਤੈਨੂੰ 'ਵਾਜਾਂ ਮਾਰ ਰਹੀ ਐ। ਤੂੰ ਐਂ ਕਿ ਪਤਾ ਨ੍ਹੀਂ ਕੀ ਪੁੱਠਾ ਸਿੱਧਾ ਸੋਚਦੀ ਰਹਿੰਨੀ ਐਂ। ਜੇ ਇਹ ਗੱਲ ਤੇਰੇ ਅੱਬੂ ਨੇ ਸੁਣ ਲਈ ਤਾਂ ਕਹਿਰ ਹੋਜੂਗਾ।''
''ਪਰ ਅੰਮੀ ਮੇਰਾ ਧਰਮ ਮੈਨੂੰ ਇਜਾਜ਼ਤ ਦਿੰਦਾ ਐ ਕਿ ਜੇਕਰ ਮੈਨੂੰ ਚੰਗਾ ਨਾ ਲੱਗੇ ਤਾਂ ਮੈਂ ਵਿਆਹ ਤੋਂ ਇਨਕਾਰ ਕਰ ਸਕਦੀ ਆਂ।''
'ਪਰ ਇਸ ਵਿੱਚ ਚੰਗਾ ਜਾਂ ਮਾੜਾ ਲੱਗਣ ਵਾਲੀ ਕੀ ਗੱਲ ਐ। ਮੈਂ ਤੈਨੂੰ ਅਜੇ ਦੱਸਿਆ ਵੀ ਨ੍ਹੀਂ ਕਿ ਤੇਰੀ ਮੰਗਣੀ ਕਿਸ ਨਾਲ ਕਰਨ ਦੀ ਸੋਚ ਰਹੇ ਆਂ। ਨਾਲੇ ਧਰਮ ਇਹ ਵੀ ਤਾਂ ਕਹਿੰਦਾ ਐ ਕਿ ਬੱਚੇ ਨੂੰ ਮਾਪਿਆਂ ਦੀ ਗੱਲ ਮੰਨਣੀ ਚਾਹੀਦੀ ਐ। ਤੂੰ ਪਹਿਲਾਂ ਪੂਰੀ ਗੱਲ ਸੁਣ ਲੈ।''
'ਹੂੰ, ਦੱਸੋ।'' ਆਫੀਆ ਨੇ ਮਨ 'ਚ ਸੋਚਿਆ ਕਿ ਇੱਥੇ ਸਿੱਧੇ ਢੰਗ ਨਾਲ ਗੱਲ ਕਰਨ ਨਾਲ ਗੱਲ ਨ੍ਹੀਂ ਬਣਨੀ। ਉਹ ਮਾਂ ਪਿਉ ਦੀ ਗੱਲ ਦਾ ਜ਼ੁਆਬ ਨਹੀਂ ਦੇ ਸਕੇਗੀ। ਉਸਨੇ ਕਿਸੇ ਹੋਰ ਢੰਗ ਨਾਲ ਗੱਲ ਆਪਣੇ ਹੱਕ 'ਚ ਰੱਖਣ ਦਾ ਫੈਸਲਾ ਕਰ ਲਿਆ।
'ਤੈਨੂੰ ਯਾਦ ਹੋਣਾ ਐਂ ਕਿ ਜਦੋਂ ਪਿਛਲੀ ਵਾਰ ਤੂੰ ਪਾਕਿਸਤਾਨ ਆਈ ਸੀ ਤਾਂ ਉੱਥੇ ਇੱਕ ਜਾਹਿਰਾ ਖਾਂ ਨਾਂ ਦੀ ਔਰਤ ਨੇ ਤੇਰਾ ਭਾਸ਼ਣ ਸੁਣਿਆਂ ਸੀ। ਪਿੱਛੋਂ ਉਸਦਾ ਮੁੰਡਾ ਅਮਜਦ ਤੈਨੂੰ ਘਰ ਤੱਕ ਛੱਡਣ ਵੀ ਆਇਆ ਸੀ। ਉਸੇ ਮੁੰਡੇ ਨਾਲ ਤੇਰੀ ਮੰਗਣੀ ਦੀ ਗੱਲ ਚੱਲ ਰਹੀ ਐ। ਉਹ ਇਸੇ ਸਾਲ ਆਗਾ ਖਾਂ ਯੂਨੀਵਰਸਿਟੀ ਤੋਂ ਡਾਕਟਰੀ ਦੀ ਪੜ੍ਹਾਈ ਪੂਰੀ ਕਰ ਰਿਹਾ ਐ। ਫਿਰ ਉਹ ਅਨੈਸਥੀਸਿਆਲੋਜੀ ਦੀ ਉਚੇਰੀ ਪੜ੍ਹਾਈ ਕਰਨ ਇੱਥੇ ਅਮਰੀਕਾ ਆ ਰਿਹਾ ਐ। ਸਾਡੇ ਲਈ ਇਹ ਮੁੰਡਾ ਹਰ ਪੱਖੋਂ ਤੇਰੇ ਮੇਚ ਦਾ ਐ। ਤੂੰ ਹੁਣ ਸੋਚ ਕੇ ਆਪਣੀ ਰਾਇ ਦੱਸ।''
ਮਾਂ ਦੀ ਗੱਲ ਸੁਣ ਕੇ ਆਫੀਆ ਚੁੱਪ ਹੋ ਗਈ ਤੇ ਮਨ 'ਚ ਸੋਚਣ ਲੱਗੀ, 'ਸਿੱਧੇ ਢੰਗ ਨਾਲ ਤਾਂ ਮਾਂ ਨੇ ਜਿਹਾਦ ਵਾਲੀ ਗੱਲ ਮੰਨਣੀ ਨ੍ਹੀਂ। ਪਰ ਕਈ ਗੱਲਾਂ ਤੋਂ ਇਹ ਮੁੰਡਾ ਮੇਰਾ ਚੰਗਾ ਜੀਵਨ ਸਾਥੀ ਹੋ ਸਕਦਾ ਐ। ਉਹ ਇੱਥੇ ਅਮਰੀਕਾ ਹੋਵੇਗਾ ਤਾਂ ਮੈਂ ਉਸਨੂੰ ਜਿਹਾਦ ਵਿੱਚ ਹਿੱਸਾ ਲੈਣ ਲਈ ਪਰੇਰ ਲਵਾਂਗੀ। ਇਸ ਤਰ੍ਹਾਂ ਮੇਰਾ ਮਨੋਰਥ ਵੀ ਪੂਰਾ ਹੋ ਜਾਵੇਗਾ ਅਤੇ ਘਰਦਿਆਂ ਦਾ ਵੀ ਮਾਣ ਰਹਿ ਜਾਵੇਗਾ। ਮੈਂ ਤਰੀਕੇ ਨਾਲ ਮਾਂ ਨੂੰ ਕਹਿ ਕੇ ਉਸ ਮੁੰਡੇ ਤੋਂ ਜਿਹਾਦ ਲਈ ਹਾਮੀ ਭਰਵਾ ਲੈਂਦੀ ਆਂ'। ਮਨ 'ਚ ਫੈਸਲਾ ਕਰਕੇ ਆਫੀਆ ਮਾਂ ਨੂੰ ਬੋਲੀ, ''ਪਰ ਅੰਮੀ ਮੇਰਾ ਇਹ ਅਧਿਕਾਰ ਐ ਕਿ ਮੈਂ ਮੇਰੇ ਹੋਣ ਵਾਲੇ ਘਰਵਾਲੇ ਨੂੰ ਪੁੱਛਾਂ ਕਿ ਕੀ ਲੋੜ ਪੈਣ 'ਤੇ ਉਹ ਜਿਹਾਦ ਵਿੱਚ ਹਿੱਸਾ ਲਵੇਗਾ ਜੋ ਕਿ ਹਰ ਮੁਸਲਮਾਨ ਦਾ ਪਹਿਲਾ ਧਰਮ ਐ।''
ਇਸਮਤ ਨੂੰ ਉਸਦੀ ਗੱਲ ਕੁਝ ਕੁਝ ਠੀਕ ਲੱਗੀ। ਉਸਨੇ ਸੋਚਿਆ ਕਿ ਇਸ ਤਰ੍ਹਾਂ ਪੁੱਛਣ ਵਿੱਚ ਕੀ ਹਰਜ ਐ। ਇਸ ਤਰ੍ਹਾਂ ਤਾਂ ਹਰ ਇੱਕ ਮੁਸਲਮਾਨ ਸੋਚਦਾ ਹੈ ਕਿ ਜੇਕਰ ਜ਼ਰੂਰਤ ਹੋਵੇਗੀ ਤਾਂ ਉਹ ਜਿਹਾਦ ਵਿੱਚ ਹਿੱਸਾ ਜ਼ਰੂਰ ਲਵੇਗਾ। ਵਿਆਹ ਬਗੈਰਾ ਵੇਲੇ ਇਹ ਇਕ ਕਿਸਮ ਦੀ ਰਸਮ ਈ ਸਮਝੀ ਜਾਂਦੀ ਹੈ। ਉਸਨੇ ਇਸ ਗੱਲ ਬਾਰੇ ਆਫੀਆ ਨੂੰ ਹਾਂ ਕਹਿ ਦਿੱਤੀ ਤੇ ਨਾਲ ਹੀ ਪਿੱਛੇ ਪਾਕਿਸਤਾਨ ਆਪਣੇ ਪਰਿਵਾਰ ਨੂੰ ਖਾਨ ਪਰਿਵਾਰ ਤੱਕ ਇਹ ਗੱਲ ਪਹੁੰਚਾਉਣ ਤੱਕ ਸੁਨੇਹਾ ਭਿਜਵਾ ਦਿੱਤਾ। ਉੱਧਰ ਖਾਨ ਪਰਿਵਾਰ ਵਾਲੇ ਸੁਨੇਹਾ ਮਿਲਣ 'ਤੇ ਸਦੀਕੀ ਪਰਿਵਾਰ ਦੇ ਧਾਰਮਿਕ ਰਹਿਨੁਮਾ, ਮੁਫਤੀ ਸਾਹਿਬ ਨੂੰ ਮਿਲਣ ਗਏ। ਸਾਰੀ ਗੱਲਬਾਤ ਕਰਨ ਤੋਂ ਪਿੱਛੋਂ ਮੁਫਤੀ ਸਾਹਿਬ ਨੇ ਅਮਜਦ ਨਾਲ ਵੱਖਰੇ ਤੌਰ 'ਤੇ ਗੱਲ ਕਰਦਿਆਂ ਪੁੱਛਿਆ, ''ਬੇਟਾ ਜੇਕਰ ਲੋੜ ਪਵੇ ਤਾਂ ਕੀ ਤੂੰ ਜਿਹਾਦ 'ਚ ਹਿੱਸਾ ਲਵੇਂਗਾ?''
'ਜੀ!?'' ਅਮਜਦ ਹੈਰਾਨ ਹੋਇਆ। ਉਸਨੇ ਸੋਚਿਆ ਕਿ ਉਹ ਇੱਕ ਡਾਕਟਰ ਹੈ ਨਾ ਕਿ ਕੋਈ ਫੌਜੀ। ਫਿਰ ਉਸਦੇ ਮਨ 'ਚ ਖਿਆਲ ਆਇਆ ਕਿ ਇੱਕ ਧਾਰਮਿਕ ਰਹਿਨੁਮਾ ਹੋਣ ਦੇ ਨਾਤੇ ਇਸ ਤਰ੍ਹਾਂ ਮੁਫਤੀ ਸਾਹਿਬ ਦੁਆਰਾ ਇਸ ਤਰ੍ਹਾਂ ਦਾ ਸੁਆਲ ਪੁੱਛਿਆ ਜਾਣਾ ਕੁਦਰਤੀ ਹੈ। ਉਸਨੇ ਵੀ ਇਸ ਨੂੰ ਇੱਕ ਰਸਮ ਜਿਹੀ ਸਮਝਦਿਆਂ ਕਿਹਾ, ''ਜੀ ਇੰਸ਼ਾ ਅੱਲਾ ਜੇਕਰ ਖੁਦਾ ਨੇ ਚਾਹਿਆ ਤਾਂ ਅਜਿਹਾ ਹੀ ਹੋਵੇਗਾ।'' ਮੀਟਿੰਗ ਖਤਮ ਹੋ ਗਈ। ਇਹ ਗੱਲ ਅਮਰੀਕਾ ਬੈਠੇ ਸਦੀਕੀ ਜੋੜੇ ਰਾਹੀਂ ਆਫੀਆ ਤੱਕ ਪਹੁੰਚ ਗਈ ਕਿ ਹੋਣ ਵਾਲੇ ਲਾੜੇ ਨੇ ਜਿਹਾਦ 'ਚ ਹਿੱਸਾ ਲੈਣ ਦੀ ਸਹਿਮਤੀ ਪ੍ਰਗਟਾਈ ਹੈ। ਉਸਨੇ ਖੁਸ਼ੀ ਖੁਸ਼ੀ ਰਿਸ਼ਤੇ ਲਈ ਹਾਂ ਕਰ ਦਿੱਤੀ। ਸਦੀਕੀ ਪਰਿਵਾਰ ਵਾਪਸ ਪਾਕਿਸਤਾਨ ਚਲਿਆ ਗਿਆ। ਪਿੱਛੋਂ ਇਹ ਸ਼ਾਦੀ ਫੋਨ ਉੱਪਰ ਹੀ ਹੋਈ।
ਇਸ ਵਿਚਕਾਰ 1993 'ਚ ਬੇਨਜ਼ੀਰ ਭੁੱਟੋ ਦੂਸਰੀ ਵਾਰ ਪ੍ਰਧਾਨ ਮੰਤਰੀ ਚੁਣੀ ਜਾ ਚੁੱਕੀ ਸੀ। ਸਭ ਨੂੰ ਪਤਾ ਸੀ ਕਿ ਉਹ ਅਮਰੀਕਾ ਪੱਖੀ ਹੈ। ਅਮਰੀਕਾ ਗੌਰਮਿੰਟ ਨੇ ਉਸਨੂੰ ਪਹਿਲੀ ਗੱਲ ਦੁਨੀਆਂ ਦੇ ਸਭ ਤੋਂ ਵੱਧ ਲੋੜੀਂਦੇ ਅੱਤਵਾਦੀ, ਰਮਜੀ ਯੂਸਫ ਨੂੰ ਫੜ੍ਹਨ ਲਈ ਕਹੀ। ਭੁੱਟੋ ਨੇ ਇਸ ਲਈ ਪੂਰੀ ਮੱਦਦ ਦੇਣ ਦਾ ਭਰੋਸਾ ਦਿੱਤਾ। ਇਸ ਪਿੱਛੋਂ ਕਈ ਵਾਰ ਛਾਪੇ ਮਾਰੇ ਗਏ ਪਰ ਰਮਜੀ ਯੂਸਫ ਹਰ ਵਾਰੀ ਨਿਕਲ ਜਾਂਦਾ ਸੀ। ਇੱਕ ਦਿਨ ਭੁੱਟੋ ਨੇ ਆਪਣੇ ਖਾਸ ਅਫਸਰ ਨਾਲ ਗੱਲਬਾਤ ਕੀਤੀ ਤਾਂ ਉਸਨੇ ਆਪਣਾ ਵਿਚਾਰ ਦੱਸਦਿਆਂ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਆਈ. ਐੱਸ. ਆਈ ਵਿੱਚ ਰਮਜੀ ਦੇ ਖਾਸ ਸੈੱਲ ਹਨ। ਉਹ ਹਰ ਵਾਰ ਰੇਡ ਹੋਣ ਤੋਂ ਪਹਿਲਾਂ ਹੀ ਉਸ ਨੂੰ ਕੱਢ ਦਿੰਦੇ ਹਨ। ਫਿਰ ਭੁੱਟੋ ਨੇ ਇੱਕ ਅਜਿਹੀ ਟਾਸਕ ਫੋਰਸ ਬਣਾਈ ਜਿਸਦੀ ਕਿ ਉਹ ਖੁਦ ਇੰਚਰਾਜ ਸੀ। ਇਸ ਟਾਸਕ ਫੋਰਸ ਵਿੱਚ ਸਾਰੇ ਉਸਦੇ ਭਰੋਸੇ ਦੇ ਅਫਸਰ ਸਨ। ਇਸਦਾ ਨਤੀਜਾ ਇਹ ਹੋਇਆ ਕਿ ਅਗਲੇ ਹੀ ਮਹੀਨੇ ਰਮਜੀ ਯੂਸਫ ਫੜ੍ਹਿਆ ਗਿਆ। ਉਸਨੂੰ ਗ੍ਰਿਫਤਾਰ ਕਰਦਿਆਂ ਸਾਰ ਅਮਰੀਕਣ ਗੌਰਮਿੰਟ ਉਸਨੂੰ ਅਮਰੀਕਾ ਲੈ ਗਈ। ਇਸ ਨਾਲ ਭੁੱਟੋ 'ਤੇ ਬੜੀਆਂ ਤੋਹਮਤਾਂ ਲੱਗੀਆਂ ਕਿ ਉਸਨੇ ਮੁਸਲਮਾਨ ਹੋ ਕੇ ਇੱਕ ਮੁਸਲਮਾਨ ਨੂੰ ਕਾਫਰਾਂ ਦੇ ਹਵਾਲੇ ਕਰ ਦਿੱਤਾ ਹੈ। ਪਰ ਉਸ ਨੇ ਇਸਦੀ ਜ਼ਰਾ ਵੀ ਪ੍ਰਵਾਹ ਨਾ ਕੀਤੀ। ਸਗੋਂ ਇਸ ਪਿੱਛੋ ਉਹ ਅੱਤਵਾਦੀਆਂ ਮਗਰ ਹੱਥ ਧੋ ਕੇ ਪੈ ਗਈ। ਸਭ ਤੋਂ ਪਹਿਲਾ ਕੰਮ ਉਸਨੇ ਆਈ. ਐੱਸ. ਆਈ ਦੇ ਮੁਖੀ ਅਤੇ ਅੱਤਵਾਦੀਆਂ ਦੇ ਕੱਟੜ ਸਮੱਰਥਕ ਜਾਵੇਦ ਨਾਸਿਰ ਨੂੰ ਆਹੁਦੇ ਤੋਂ ਹਟਾ ਦਿੱਤਾ ਤੇ ਉਸਦੀ ਜਗ੍ਹਾ ਆਪਣਾ ਖਾਸ ਬੰਦਾ ਲਾ ਦਿੱਤਾ। ਉਹ ਹੋਰ ਵੀ ਬੜੇ ਕੰਮ ਕਰ ਰਹੀ ਸੀ। ਪਰ ਇਸ ਦਰਮਿਆਨ ਉਸਦੀ ਸਰਕਾਰ ਕੁਰੱਪਸ਼ਨਾ ਦੇ ਚੱਕਰਾਂ 'ਚ ਫਸ ਗਈ ਤੇ ਆਪਣੀ ਮਿਆਦ ਵੀ ਪੂਰੀ ਨਾ ਕਰ ਸਕੀ। ਅਗਲੀਆਂ ਚੋਣਾਂ ਵਿੱਚ ਭੁੱਟੋ ਦੀ ਪਾਰਟੀ ਹਾਰ ਗਈ ਤੇ ਭੁੱਟੋ ਪੱਕੇ ਤੌਰ 'ਤੇ ਮੁਲਕ ਛੱਡ ਗਈ।
ਗਰੈਜੂਏਸ਼ਨ ਪੂਰੀ ਹੋ ਜਾਣ ਪਿੱਛੋਂ ਵੀ ਆਫੀਆ ਨੇ ਐਮ. ਆਈ. ਟੀ. ਵਿੱਚ ਆਪਣੀ ਕੰਮਪਿਊਟਰ ਦੀ ਪਾਰਟ ਟਾਈਮ ਨੌਕਰੀ ਰੱਖੀ ਹੋਈ ਸੀ। ਅੱਜ ਕੱਲ੍ਹ ਉਸਨੂੰ ਮਹਿਸੂਸ ਹੋਣ ਲੱਗਿਆ ਕਿ ਜਿਵੇਂ ਉਸਦਾ ਹਰ ਵਕਤ ਪਿੱਛਾ ਕੀਤਾ ਜਾਂਦਾ ਹੋਵੇ। ਉਸਨੇ ਇਸ ਬਾਰੇ ਸੁਹੇਲ ਨਾਲ ਗੱਲ ਕੀਤੀ ਤਾਂ ਸੁਹੇਲ ਨੇ ਦੱਸਿਆ ਕਿ ਐਫ. ਬੀ. ਆਈ. ਕੇਅਰ ਬਰੱਦਰਜ ਮਗਰ ਪਈ ਹੋਈ ਹੈ ਇਸ ਕਰਕੇ ਬਚ ਕੇ ਰਿਹਾ ਜਾਵੇ। ਕੇਅਰ ਬੱਰਦਰਜ, ਐਮ. ਐਸ. ਏ. ਅਤੇ ਹੋਰ ਜਥੇਬੰਦੀਆਂ ਸਹਿਮੀਆਂ ਜਿਹੀਆਂ ਰਹਿਣ ਲੱਗੀਆਂ ਸਨ। ਹਰ ਕਿਸੇ ਨੂੰ ਲੱਗਦਾ ਸੀ ਕਿ ਗੌਰਮਿੰਟ ਉਨ੍ਹਾਂ ਮਗਰ ਘੁੰਮ ਰਹੀ ਹੈ। ਫਿਰ ਉਦੋਂ ਹੀ 19 ਅਪਰੈਲ 1995 ਨੂੰ ਆਕਲੋਹਾਮਾ ਸਿਟੀ ਦੀ ਮੂਰਾ ਨਾਮੀ ਫੈਡਰਿਲ ਬਿਲਡਿੰਗ 'ਚ ਭਿਆਨਕ ਬੰਬ ਧਮਾਕਾ ਹੋ ਗਿਆ ਜਿਸ ਵਿੱਚ ਸੈਂਕੜੇ ਵਿਅਕਤੀ ਮਾਰੇ ਗਏ। ਸਾਰਾ ਅਮਰੀਕਾ ਦਹਿਲ ਗਿਆ। ਐਫ. ਬੀ.ਆਈ. ਨੇ ਧਿਆਨ ਨਾਲ ਵੇਖਿਆ ਤਾਂ ਪਤਾ ਲੱਗਿਆ ਕਿ ਇਸ ਬੰਬ ਧਮਾਕੇ ਦੇ ਸਾਰੇ ਢੰਗ ਤਰੀਕੇ ਉਸ ਬੰਬ ਧਮਾਕੇ ਨਾਲ ਮਿਲਦੇ ਜੁਲਦੇ ਸਨ ਜੋ ਕਿ ਰਮਜੀ ਯੂਸਫ ਨੇ ਵਰਲਡ ਟਰੇਡ ਸੈਂਟਰ ਦੇ ਨਾਰਥ ਟਾਵਰ ਦੇ ਪਾਰਕਿੰਗ ਲਾਟ 'ਚ ਕੀਤਾ ਸੀ। ਐਫ. ਬੀ. ਆਈ ਸਾਰੀਆਂ ਮੁਸਲਮ ਜਥੇਬੰਦੀਆਂ ਮਗਰ ਹੱਥ ਧੋ ਕੇ ਪੈ ਗਈ। ਖਾਸ ਕਰਕੇ ਕੇਅਰ ਬਰੱਦਰਦ ਮਗਰ। ਅਗਲੇ ਦਿਨ ਆਫੀਆ ਕੰਮ 'ਤੇ ਗਈ ਤਾਂ ਉਸਨੂੰ ਨਾਲ ਦੇ ਕਾਮੇ ਨੇ ਦੱਸਿਆ ਕਿ ਕੁਝ ਦੇਰ ਪਹਿਲਾਂ ਹੀ ਉਸਨੂੰ ਐਫ. ਬੀ. ਆਈ ਵਾਲੇ ਲੱਭਣ ਆਏ ਸਨ। ਆਫੀਆ ਤੁਰੰਤ ਵਾਪਸ ਮੁੜ ਆਈ ਤੇ ਬਾਹਰੋਂ ਹੀ ਕਿਧਰਿਉਂ ਚਿਕਾਗੋ ਨੂੰ ਚਲੀ ਗਈ। ਉਸਦੀ ਵੱਡੀ ਭੈਣ ਫੌਜ਼ੀਆ ਕੁਝ ਮਹੀਨੇ ਪਹਿਲਾਂ ਹੀ ਪੜ੍ਹਨ ਲਈ ਚਿਕਾਗੋ ਆਈ ਸੀ ਤੇ ਉੱਥੇ ਅਪਾਰਟਮੈਂਟ ਲੈ ਕੇ ਰਹਿੰਦੀ ਸੀ। ਆਫੀਆ ਉਸਦੇ ਕੋਲ ਜਾ ਠਹਿਰੀ। ਉੱਥੇ ਹੀ ਉਸਨੂੰ ਇੱਕ ਦਿਨ ਸੁਹੇਲ ਦਾ ਫੋਨ ਆਇਆ। ਆਵਾਜ਼ ਪਛਾਣਦਿਆਂ ਉਹ ਬੋਲਿਆ, ''ਆਫੀਆ ਆਕਲੋਹਾਮਾ ਸਿਟੀ ਬੰਬ ਧਮਾਕੇ ਦਾ ਦੋਸ਼ੀ ਫੜ੍ਹਿਆ ਜਾ ਚੁੱਕਿਆ ਐ।''
''ਅੱਛਾ! ਕੌਣ ਐਂ ਉਹ?''
''ਉਹ ਟਿਮਥੀ ਮਕਬੇਗ ਨਾਂ ਦਾ ਕੋਈ ਅਮਰੀਕੀ ਐ।''
''ਅੱਛਾ ਅਮਰੀਕਾ 'ਚ ਵੀ ਜਿਹਾਦੀ ਪੈਦਾ ਹੋਣ ਲੱਗ ਪਏ।'' ਆਫੀਆ ਹੱਸੀ।
'ਤੂੰ ਇਹ ਗੱਲ ਛੱਡ, ਪਰ ਉਸਦੇ ਫੜ੍ਹੇ ਜਾਣ ਨਾਲ ਆਪਾਂ ਨੂੰ ਬੜਾ ਫਾਇਦਾ ਹੋਇਆ ਐ।''
''ਉਹ ਕਿਵੇਂ?''
''ਕਿਉਂਕਿ ਹੁਣ ਤੱਕ ਅਮਰੀਕਣ ਸਰਕਾਰ ਸਮਝਦੀ ਸੀ ਕਿ ਇਹ ਧਮਾਕਾ ਕਿਸੇ ਇਸਲਾਮਿਕ ਜਿਹਾਦੀ ਨੇ ਕੀਤਾ ਐ। ਇਸੇ ਕਰਕੇ ਆਪਣੀਆਂ ਸਾਰੀਆਂ ਜਥੇਬੰਦੀਆਂ ਮਗਰ ਹੱਥ ਧੋ ਕੇ ਪੈ ਗਈ ਸੀ। ਪਰ ਹੁਣ ਸਭ ਕੁਛ ਬਦਲ ਗਿਆ। ਆਪਣੇ ਵੱਲੋਂ ਉਹ ਪਿੱਛੇ ਹਟ ਗਏ ਨੇ। ਤੂੰ ਚਾਹੇਂ ਤਾਂ ਵਾਪਸ ਆ ਸਕਦੀ ਐਂ। ਉਂਝ ਤੇਰੀ ਮਰਜ਼ੀ ਐ ਪਰ ਜੋ ਵੀ ਤੇਰਾ ਪ੍ਰੋਗਰਾਮ ਬਣੇ ਮੈਨੂੰ ਦੱਸ ਦੇਵੀਂ।''
ਇਸ ਪਿੱਛੋਂ ਸੁਹੇਲ ਨੇ ਫੋਨ ਕੱਟ ਦਿੱਤਾ ਤੇ ਆਫੀਆ ਦੇ ਸਿਰ ਤੋਂ ਵੀ ਭਾਰ ਲਹਿ ਗਿਆ।
Chahals57@yahoo.com
Ph. 0017033623239

No comments:

Post a Comment