Thursday 15 November 2012


ਅੱਠ :---



ਪੋਸਟਿੰਗ : ਅਨੁ. ਮਹਿੰਦਰ ਬੇਦੀ ਜੈਤੋ



ਆਫੀਆ ਸਦੀਕੀ ਦਾ ਜਿਹਾਦ…:: ਲੇਖਕ : ਹਰਮਹਿੰਦਰ ਚਹਿਲ :---


ਅਕਤੂਬਰ 1995 'ਚ ਅਮਜਦ ਅਮਰੀਕਾ ਪਹੁੰਚਿਆ। ਉਸਦੀ ਨਵੀਂ ਨਵੇਲੀ ਦੁਲਹਨ, ਆਫੀਆ ਉਸਨੂੰ ਚਿਕਾਗੋ ਏਅਰਪੋਰਟ ਤੋਂ ਫੌਜ਼ੀਆ ਦੇ ਅਪਾਰਟਮੈਂਟ ਲੈ ਆਈ। ਉੱਥੋਂ ਉਹ ਹੋਟਲ ਚਲੇ ਗਏ। ਅਗਲੇ ਦੋ ਹਫਤੇ ਉਹ ਸਾਰੀ ਦੀਨ ਦੁਨੀਆਂ ਭੁੱਲ ਕੇ ਹੋਟਲ ਵਿੱਚ ਹੀ ਠਹਿਰੇ। ਫਿਰ ਦੋ ਕੁ ਮਹੀਨੇ ਚਿਕਾਗੋ, ਫੌਜ਼ੀਆ ਦੇ ਘਰ ਰਹਿ ਕੇ ਉਹ ਬਾਸਟਨ, ਮੈਸਾਚੂਸਸ ਚਲੇ ਆਏ। ਇੱਥੇ ਆ ਕੇ ਉਨ੍ਹਾਂ ਕਿਸੇ ਵੱਡੀ ਬਿਲਡਿੰਗ ਦੇ ਹੇਠਲੇ ਲੈਵਲ 'ਤੇ ਨਿੱਕਾ ਜਿਹਾ ਅਪਾਰਟਮੈਂਟ ਲੈ ਲਿਆ ਤੇ ਆਪਣੀ ਜਿੰਦਗੀ ਸ਼ੁਰੂ ਕਰ ਦਿੱਤੀ। ਅਮਜਦ ਨੂੰ ਇਹ ਛੋਟਾ ਜਿਹਾ ਅਪਾਰਟਮੈਂਟ ਬਿਲਕੁਲ ਵੀ ਨਾ ਭਾਇਆ। ਉਹ ਇੱਕ ਵੱਡੇ ਪਰਿਵਾਰ ਅਤੇ ਵੱਡੇ ਘਰ 'ਚੋਂ ਆਇਆ ਸੀ। ਪਾਕਿਸਤਾਨ 'ਚ ਉਹ ਤਿੰਨ ਭਰਾ, ਮਾਂ ਪਿਉ ਨਾਲ ਭਰੇ ਪੂਰੇ ਪਰਿਵਾਰ 'ਚ ਰਹਿੰਦੇ ਸਨ। ਇੱਥੇ ਇਹ ਖੁੱਡ ਜਿਹੀ ਥਾਂ ਉਸਨੂੰ ਚੰਗੀ ਨਹੀਂ ਲੱਗਦੀ ਸੀ। ਸਮਾਂ ਪਾ ਕੇ ਉਨ੍ਹਾਂ ਸ਼ਹਿਰ ਤੋਂ ਬਾਹਰ ਛੋਟੇ ਜਿਹੇ ਕਸਬੇ ਮਾਲਡੇਨ ਵਿੱਚ ਵੱਡੇ ਹਾਈਵੇ 95 ਤੋਂ ਥੋੜਾ ਜਿਹਾ ਹਟਵਾਂ ਕਾਫੀ ਵੱਡਾ ਅਤੇ ਖੁੱਲਾ ਡੁੱਲਾ ਅਪਾਰਟਮੈਂਟ ਲੈ ਲਿਆ। ਇੱਥੇ ਆ ਕੇ ਅਮਜਦ ਬਹੁਤ ਖੁਸ਼ ਹੋਇਆ। ਉਸਨੂੰ ਆਫੀਆ ਨਾਲ ਦਿਲੋਂ ਮੁਹੱਬਤ ਹੋ ਗਈ ਸੀ ਤੇ ਆਫੀਆ ਵੀ ਅਮਜਦ ਨੂੰ ਡੂੰਘੀ ਮੁਹੱਬਤ ਕਰਨ ਲੱਗੀ ਸੀ। ਦੋਨਾਂ ਨੂੰ ਲੱਗਦਾ ਸੀ ਕਿ ਉਹ ਇੱਕ ਦੂਜੇ ਲਈ ਹੀ ਬਣੇ ਹਨ। ਇਨ੍ਹਾਂ ਮਹੀਨਿਆਂ ਦਰਮਿਆਨ ਦੋਨਾਂ ਵਿਚਕਾਰ ਪਿਆਰ ਦੀਆਂ ਗੱਲਾਂ ਹੀ ਨ੍ਹੀਂ ਸਨ ਮੁਕਦੀਆਂ। ਅਮਜਦ ਨੂੰ ਲੱਗਦਾ ਸੀ ਕਿ ਇਹ ਭੋਲੀ ਭਾਲੀ ਜਿਹੀ ਕੁੜੀ ਕਦੇ ਗੁੱਸੇ ਤਾਂ ਹੁੰਦੀ ਹੀ ਨਹੀਂ ਹੋਣੀ। ਇੱਕ ਦਿਨ ਗੱਲਾਂ ਕਰਦਿਆਂ ਆਫੀਆ ਨੇ ਕੁਝ ਅਜਿਹਾ ਕਿਹਾ ਕਿ ਅਮਜਦ ਦੇ ਮੂੰਹ 'ਚ ਕੁੜੱਤਣ ਘੁਲ ਗਈ। ਉਹ ਬੋਲੀ, ''ਅਮਜਦ ਮੈਨੂੰ ਪਿਛਲੀਆਂ ਗਰਮੀਆਂ 'ਚ ਐਫ. ਬੀ. ਆਈ. ਲੱਭਦੀ ਰਹੀ ਸੀ।''
''ਕਿਸ ਗੱਲ ਦੇ ਸਿਲਸਲੇ ਵਿੱਚ?'' ਉਹ ਹੈਰਾਨ ਹੋ ਕੇ ਆਫੀਆ ਵੱਲ ਝਾਕਿਆ।
'ਇਹ ਤਾਂ ਪਤਾ ਨ੍ਹੀਂ। ਪਰ ਮੈਂ ਇੱਕ ਗੱਲ ਦੱਸ ਦਿੰਨੀ ਆਂ ਕਿ ਜੇਕਰ ਅਜਿਹਾ ਕਦੇ ਦੁਬਾਰਾ ਹੋਇਆ ਤਾਂ ਮੈਂ ਅਮਰੀਕਾ 'ਚ ਨ੍ਹੀਂ ਰਹਿਣਾ।''
'ਪਰ ਪਤਾ ਤਾਂ ਲੱਗੇ ਕਿ ਗੱਲ ਕੀ ਐ। ਕੋਈ ਤਾਂ ਵਜ੍ਹਾ ਹੋਊਗੀ ਕਿ ਐਫ. ਬੀ. ਆਈ. ਤੇਰੇ ਮਗਰ ਆਈ। ਤੂੰ ਜੋ ਕਹਿ ਰਹੀ ਐਂ ਕਿ ਤੂੰ ਜੇਕਰ ਉਹ ਦੁਬਾਰਾ ਆਏ ਤਾਂ ਤੂੰ ਇੱਥੇ ਨ੍ਹੀਂ ਰਹਿਣਾ ਤਾਂ ਤੈਨੂੰ ਮਾੜਾ ਮੋਟਾ ਤਾਂ ਸ਼ੱਕ ਹੋਊਗਾ ਈ ਕਿ ਉਹ ਕਿਸ ਗੱਲ ਕਰਕੇ ਤੈਨੂੰ ਲੱਭਣ ਆਏ ਸਨ।''
'ਮੈਂ ਕਹਿ ਦਿੱਤਾ ਨਾ ਕਿ ਮੈਨੂੰ ਪਤਾ ਨ੍ਹੀਂ ਐ।'' ਇੰਨਾ ਕਹਿ ਕੇ ਆਫੀਆ ਉੱਠ ਕੇ ਤੁਰ ਗਈ। ਅਮਜਦ ਭੁਚੱਕਿਆਂ ਵਾਂਗੂੰ ਉਸ ਵੱਲ ਵੇਖਦਾ ਰਿਹਾ। ਪਹਿਲੀ ਵਾਰ ਉਹ ਆਫੀਆ ਨੂੰ ਗੁੱਸੇ 'ਚ ਵੇਖ ਰਿਹਾ ਸੀ। ਦੋ ਦਿਨ ਉਹ ਇਸੇ ਤਰ੍ਹਾਂ ਵਟੀ ਜਿਹੀ ਤੁਰੀ ਫਿਰੀ। ਫਿਰ ਘੁਲ ਮਿਲ ਗਈ। ਅਮਜਦ ਵੀ ਇਹ ਗੱਲ ਭੁੱਲ ਗਿਆ। ਪਰ ਫਿਰ ਇੱਕ ਦਿਨ ਉਸਨੇ ਆਫੀਆ ਦਾ ਭਿਆਨਕ ਰੂਪ ਵੇਖਿਆ। ਅਸਲ ਵਿੱਚ ਇਸ ਤੋਂ ਪਹਿਲਾਂ ਅਮਜਦ ਦਾਹੜੀ ਵਧਾ ਕੇ ਤੇ ਟਰਿਮ ਕਰਕੇ ਰੱਖਦਾ ਸੀ। ਪਰ ਉਸਨੇ ਪਾਕਿਸਤਾਨ ਵਿੱਚ ਰਹਿੰਦਿਆਂ ਸੁਣਿਆਂ ਹੋਇਆ ਸੀ ਕਿ ਅਮਰੀਕਾ ਵਿੱਚ ਪਾਕਿਸਤਾਨੀ ਦਿੱਖ ਵਾਲੇ ਆਦਮੀ ਨੂੰ ਵੱਖਰੀ ਹੀ ਨਿਗ੍ਹਾ ਨਾਲ ਵੇਖਿਆ ਜਾਂਦਾ ਹੈ। ਉਂਝ ਉਹ ਰੋਜੇ ਵੀ ਰੱਖਦਾ ਸੀ ਤੇ ਨਵਾਜ ਵੀ ਪੜ੍ਹ ਲੈਂਦਾ ਸੀ ਪਰ ਉਹ ਕੱਟੜ ਨਹੀਂ ਸੀ। ਇਸ ਲਈ ਉਸਨੇ ਆਪਣੀ ਸਹੂਲਤ ਲਈ ਇੱਕ ਦਿਨ ਸ਼ੇਵ ਕਰਵਾ ਦਿੱਤੀ। ਉਹ ਘਰ ਆਇਆ ਤਾਂ ਪਹਿਲਾਂ ਤਾਂ ਆਫੀਆ ਉਸਨੂੰ ਪਹਿਚਾਣ ਹੀ ਨਾ ਸਕੀ। ਪਰ ਫਿਰ ਇੱਕ ਦਮ ਭੜਕਦਿਆਂ ਬੋਲੀ, ''ਤੈਨੂੰ ਸ਼ਰਮ ਨਾ ਆਈ ਦਾਹੜੀ ਕਟਵਾਉਂਦੇ ਨੂੰ?''
''ਕਿਉਂ ਇਸ ਵਿੱਚ ਸ਼ਰਮ ਵਾਲੀ ਕਿਹੜੀ ਗੱਲ ਐ। ਮੈਂ ਕੋਈ ਗੁਨਾਹ ਕਰ ਦਿੱਤਾ?''
''ਇੱਕ ਮੁਸਲਮਾਨ ਹੋ ਕੇ ਤੂੰ ਮੂੰਹ ਸਫਾ ਚੱਟ ਕਰਵਾਈ ਫਿਰਦਾ ਐਂ ਤੇ ਅਜੇ ਪੁੱਛਦਾ ਐਂ ਕਿ ਕੀ ਗੁਨਾਹ ਕਰ ਦਿੱਤਾ।''
''ਮੈਂ ਇੱਕ ਧਾਰਮਿਕ ਆਗੂ ਦੀ ਸਲਾਹ ਲਈ ਸੀ ਉਸਦਾ ਕਹਿਣਾ ਹੈ ਕਿ ਕਿਸੇ ਚੰਗੇ ਕੰਮ ਲਈ ਤੁਹਾਨੂੰ ਦਾਹੜੀ ਕਟਵਾਉਣੀ ਪਵੇ ਤਾਂ ਤੁਸੀਂ ਕਟਵਾ ਸਕਦੇ ਓ। ਜਦੋਂ ਮੌਕਾ ਮਿਲੇ ਤਾਂ ਫਿਰ ਰੱਖ ਲਉ।''
'ਤੂੰ ਅਜਿਹਾ ਕਿਹੜਾ ਚੰਗਾ ਕੰਮ ਕਰਨ ਲੱਗ ਪਿਐਂ ਕਿ ਤੇਰੇ ਦਾਹੜੀ ਰੱਖਿਆਂ ਉਹ ਕੰਮ ਨ੍ਹੀਂ ਹੋ ਸਕਦਾ ਸੀ?''
'ਆਫੀਆ ਮੈਂ ਪੜ੍ਹਾਈ ਸ਼ੁਰੂ ਕਰ ਲਈ ਐ। ਹਰ ਰੋਜ਼ ਕਾਲਜ ਜਾਂਦਾ ਹਾਂ। ਮੈਂ ਨ੍ਹੀਂ ਚਾਹੁੰਦਾ ਕਿ ਉੱਥੇ ਲੋਕ ਮੈਨੂੰ ਹੋਰ ਈ ਨਜ਼ਰਾਂ ਨਾਲ ਵੇਖਣ।''
''ਅੱਛਾ ਤੈਨੂੰ ਮੁਸਲਮਾਨ ਹੋਣ ਕਰਕੇ ਸ਼ਰਮ ਆਉਂਦੀ ਐ।''
'ਇਹ ਗੱਲ ਨ੍ਹੀਂ ਐ। ਤੂੰ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ।''
ਬਹਿਸ ਅੱਗੇ ਹੀ ਅੱਗੇ ਵਧਦੀ ਗਈ। ਆਫੀਆ ਕੋਈ ਗੱਲ ਸੁਣਨ ਦੀ ਬਜਾਈ ਭਖਦੀ ਹੀ ਗਈ। ਆਖਰ ਉਹ ਇੰਨੇ ਗੁੱਸੇ 'ਚ ਆ ਗਈ ਕਿ ਨੇੜੇ ਹੁੰਦੀ ਉਹ ਅਮਜਦ ਦੀ ਛਾਤੀ 'ਚ ਮੁੱਕੀਆਂ ਮਾਰਦੀ ਹੋਈ ਚੀਕਣ ਚਿਲਾਉਣ ਲੱਗੀ। ਪਹਿਲਾਂ ਤਾਂ ਅਮਜਦ ਨੂੰ ਬਹੁਤ ਗੁੱਸਾ ਆਇਆ। ਪਰ ਜਦੋਂ ਉਸਨੇ ਵੇਖਿਆ ਕਿ ਆਫੀਆ ਆਪਣੇ ਨਿੱਕੇ ਨਿੱਕੇ ਹੱਥਾਂ ਨਾਲ ਉਸਨੂੰ ਜੁਆਕਾਂ ਦੀ ਤਰ੍ਹਾਂ ਕੁੱਟ ਰਹੀ ਹੈ ਤਾਂ ਮਨ ਹੀ ਮਨ ਉਸਨੂੰ ਹਾਸਾ ਆਇਆ। ਉਸਨੇ ਵਿਰੋਧ ਕਰਨਾ ਛੱਡ ਦਿੱਤਾ। ਆਫੀਆ ਮੁੱਕੀਆਂ ਮਾਰਦੀ ਹੱਫ ਗਈ ਤੇ ਫਿਰ ਅਮਜਦ ਦੀ ਛਾਤੀ ਨਾਲ ਲੱਗ ਕੇ ਉਸਦੇ ਦੇ ਦੁਆਲੇ ਬਾਹਾਂ ਵਲਦੀ ਉੱਚੀ ਉੱਚੀ ਰੋਣ ਲੱਗੀ। ਅਮਜਦ ਨੇ ਉਸਨੂੰ ਛਾਤੀ ਨਾਲ ਲਾ ਕੇ ਘੁੱਟ ਲਿਆ। ਉਨ੍ਹਾਂ ਵਿਚਲੀ ਸਾਰੀ ਕੁੜੱਤਣ ਚਲੀ ਗਈ। ਇਸਦੇ ਨਾਲ ਹੀ ਅਮਜਦ ਨੂੰ ਉਸਦੇ ਰੁੱਸਣ ਅਤੇ ਇਸ ਤਰ੍ਹਾਂ ਆਪੇ ਮੰਨ ਜਾਣ ਦਾ ਨਿਰਾਲਾ ਹੀ ਢੰਗ ਬਹੁਤ ਪਿਆਰਾ ਲੱਗਿਆ। ਜਿੰਦਗੀ ਆਪਣੇ ਢੰਗ ਨਾਲ ਫਿਰ ਚੱਲਣ ਲੱਗੀ। ਪਰ ਆਫੀਆ ਨੇ ਅਮਜਦ ਤੋਂ ਇਹ ਵਾਇਦਾ ਲਿਆ ਕਿ ਉਹ ਛੇਤੀ ਹੀ ਫਿਰ ਤੋਂ ਦਾਹੜੀ ਵਧਾ ਲਵੇਗਾ। ਕੁਝ ਹੀ ਹਫਤੇ ਲੰਘੇ ਸਨ ਕਿ ਇੱਕ ਦਿਨ ਉਹ ਨਵਾਂ ਈ ਸਕੀਮ ਲੈ ਕੇ ਘਰ ਆਈ।
''ਅਮਜਦ ਮੈਂ ਅਤੇ ਸੁਲੇਮਾਨ ਐਹਮਰ ਨੇ ਇੱਕ ਬਹੁਤ ਵਧੀਆ ਕੰਮ ਸੋਚਿਆ ਐ।''
''ਇਹ ਸੁਲੇਮਾਨ ਕੌਣ ਐਂ?''
''ਇਹ ਬੈਨੇਵੋਲੈਂਸ ਇੰਟਰਨੈਸ਼ਨਲ ਜਥੇਬੰਦੀ ਦਾ ਡਾਇਰੈਕਟਰ ਐ। ਤੈਨੂੰ ਪਤਾ ਐ ਕਿ ਮੈਂ ਚੈਰਿਟੀ ਦੇ ਕੰਮ ਦੇ ਸਿਲਸਲੇ ਵਿੱਚ ਅਜਿਹੇ ਲੋਕਾਂ ਨੂੰ ਮਿਲਦੀ ਰਹਿੰਦੀ ਆਂ।''
''ਕੀ ਐ ਤੁਹਾਡਾ ਇਹ ਨਵਾਂ ਖਿਆਲ?'' ਅਮਜਦ ਨੇ ਸੋਚਿਆ ਕਿ ਆਫੀਆ ਉਸਨੂੰ ਫਿਰ ਤੋਂ ਦਾਹੜੀ ਵਧਾਉਣ ਜਾਂ ਕੋਈ ਅਜਿਹਾ ਹੀ ਕੰਮ ਕਹੂਗੀ।
''ਕਿਉਂ ਨਾ ਆਪਾਂ ਦੋਨੋਂ ਬਾਸਨੀਆਂ ਚੱਲੀਏ?''
''ਬਾਸਨੀਆਂ!? ਉਹ ਕਿਉਂ?''
'ਮੈਂ ਉੱਥੇ ਜਾ ਕੇ ਅਨਾਥਾਂ ਲਈ ਸਕੂਲ ਖੋਲ੍ਹ ਲਊਂਗੀ ਤੇ ਤੂੰ ਕੋਈ ਹਸਪਤਾਲ ਚਲਾਈਂ। ਕੁਝ ਦੇਰ ਪਿੱਛੋਂ ਆਪਾਂ ਸੱਚਮੁੱਚ ਦੇ ਜਿਹਾਦ ਵਿੱਚ ਸ਼ਾਮਲ ਹੋਜਾਂਗੇ।''
ਉਸਦੀ ਗੱਲ ਸੁਣ ਕੇ ਅਮਜਦ ਦੇ ਪੈਰਾਂ ਹੇਠੋਂ ਮਿੱਟੀ ਨਿਕਲ ਗਈ। ਉਸਨੂੰ ਕੋਈ ਗੱਲ ਈ ਨਾ ਆਉੜੀ। ਉਸ ਦੇ ਤਾਂ ਇਸ ਸੁਣ ਕੇ ਹੀ ਹੋਸ਼ ਗੁੰਮ ਹੋ ਗਏ ਕਿ ਉਸਦੀ ਘਰਵਾਲੀ ਜਿਹਾਦ ਪ੍ਰਤੀ ਇੰਨੀ ਉਲਾਰ ਹੈ। ਉਹ ਕੁਝ ਦੇਰ ਚੁੱਪ ਰਿਹਾ ਫਿਰ ਬੋਲਿਆ, ''ਆਫੀਆ ਮੈਂ ਇੱਥੇ ਪੜ੍ਹਨ ਆਇਆ ਆਂ ਨਾ ਕਿ ਲੜਨ। ਮੇਰਾ ਜ਼ਿੰਦਗੀ ਦਾ ਨਿਸ਼ਾਨਾ ਚੰਗੀ ਪੜ੍ਹਾਈ ਕਰਕੇ ਮੈਡੀਕਲ ਦੇ ਖੇਤਰ ਵਿੱਚ ਪਰੈਕਟਿਸ ਕਰਨ ਦਾ ਐ। ਮੈਂ ਅਜਿਹੇ ਕੰਮਾਂ 'ਚ ਹਿੱਸਾ ਲੈਣ ਵਾਲਾ ਇਨਸਾਨ ਨ੍ਹੀਂ ਆਂ।''
''ਪਰ ਵਿਆਹ ਤੋਂ ਪਹਿਲਾਂ ਫਿਰ ਤੂੰ ਜਿਹਾਦ ਵਿੱਚ ਸ਼ਾਮਲ ਹੋਣ ਲਈ ਹਾਮੀ ਕਿਉਂ ਭਰੀ ਸੀ?''
ਉਸਦੀ ਗੱਲ ਸੁਣ ਕੇ ਅਮਜਦ ਨੂੰ ਧੱਕਾ ਲੱਗਿਆ। ਉਸਨੂੰ ਉਹ ਵੇਲਾ ਯਾਦ ਆਇਆ ਜਦੋਂ ਮੁਫਤੀ ਸਾਹਿਬ ਨੇ ਉਸਨੂੰ ਪੁੱਛਿਆ ਸੀ ਕਿ ਲੋੜ ਪੈਣ 'ਤੇ ਕੀ ਉਹ ਜਿਹਾਦ ਵਿੱਚ ਹਿੱਸਾ ਲਵੇਗਾ ਤੇ ਉਸਨੇ ਇਸਨੂੰ ਵਿਆਹ ਤੋਂ ਪਹਿਲਾਂ ਦੀ ਇੱਕ ਧਾਰਮਿਕ ਰਸਮ ਸਮਝਦਿਆਂ ਹਾਂ ਕਹਿ ਦਿੱਤੀ ਸੀ। ਪਰ ਅੱਜ ਉਸਨੂੰ ਲੱਗਿਆ ਕਿ ਮੁਫਤੀ ਸਾਹਿਬ ਨੇ ਇਹ ਗੱਲ ਆਫੀਆ ਦੇ ਕਹਿਣ 'ਤੇ ਹੀ ਉਸਨੂੰ ਪੁੱਛੀ ਹੋਵੇਗੀ।
'ਤੂੰ ਬੋਲਦਾ ਕਿਉਂ ਨ੍ਹੀਂ। ਕਿ ਤੈਨੂੰ ਸੱਪ ਸੁੰਘ ਗਿਆ।'' ਆਫੀਆ ਗਰਮ ਹੋਣ ਲੱਗੀ ਤਾਂ ਅਮਜਦ ਚੁੱਪ ਕਰਕੇ ਘਰੋਂ ਬਾਹਰ ਨਿਕਲ ਗਿਆ। ਅਗਲੇ ਦੋ ਦਿਨ ਉਨ੍ਹਾਂ ਵਿਚਕਾਰ ਤਣਾਅ ਜਾਰੀ ਰਿਹਾ। ਪਰ ਤੀਸਰੇ ਦਿਨ ਆਫੀਆ ਨੂੰ ਪਤਾ ਲੱਗਿਆ ਕਿ ਉਹ ਪਰੈੱਗਨੈਟ ਹੈ। ਇਸ ਗੱਲ ਨੇ ਉਨ੍ਹਾਂ ਵਿਚਲੀਆਂ ਸਭ ਕੁੜੱਤਣਾ ਦੂਰ ਕਰ ਦਿੱਤੀਆਂ। ਆਫੀਆ ਬਾਸਨੀਆਂ ਜਾਣ ਵਾਲੀ ਗੱਲ ਭੁੱਲ ਭੁਲਾ ਗਈ। ਅਮਜਦ ਨੇ ਆਫੀਆ ਦੇ ਪਰੈਗਨੈਸੀ ਬਾਰੇ ਆਪਣੇ ਅਤੇ ਉਸਦੇ ਮਾਪਿਆਂ ਦੇ ਘਰ ਦੱਸਿਆ ਤਾਂ ਸਾਰੇ ਖੁਸ਼ੀ ਫੈਲ ਗਈ। ਇਸੇ ਦੌਰਾਨ ਆਫੀਆ ਦੀ ਮਾਂ ਨੇ ਅਮਜਦ ਨਾਲ ਆਫੀਆ ਦੇ ਭਵਿੱਖ ਨੂੰ ਲੈ ਕੇ ਗੱਲ ਸ਼ੁਰੂ ਕੀਤੀ, ''ਅਮਜਦ, ਆਫੀਆ ਕਹਿ ਰਹੀ ਐ ਕਿ ਹੁਣ ਉਸਨੇ ਅੱਗੇ ਪੜ੍ਹਨਾ ਐ?''
''ਹੈਂ ਇਸ ਹਾਲਤ ਵਿੱਚ? ਅੰਮੀ ਹੁਣ ਤਾਂ ਉਸਨੂੰ ਆਰਾਮ ਕਰਨਾ ਚਾਹੀਦਾ ਐ।''
'ਅਮਜਦ ਤੂੰ ਨ੍ਹੀਂ ਜਾਣਦਾ ਇਸ ਕੁੜੀ 'ਚ ਕਿੰਨੀ ਅਨਰਜੀ ਭਰੀ ਹੋਈ ਐ। ਤੂੰ ਇਸਦੀ ਜ਼ਿਦ ਵੀ ਜਾਣਦਾ ਐਂ। ਜੇ ਇਸਨੇ ਤਹਿ ਕਰ ਲਿਆ ਕਿ ਇਸਨੇ ਹੁਣੇ ਪੜ੍ਹਾਈ ਸ਼ੁਰੂ ਕਰਨੀ ਐਂ ਤਾਂ ਇਹ ਸ਼ੁਰੂ ਕਰਕੇ ਰਹੇਗੀ।''
'ਮੈਂ ਤਾਂ ਕਹਿੰਦਾ ਸੀ ਕਿ ਬੱਚੇ ਦੇ ਜਨਮ ਤੱਕ ਇਸਨੂੰ ਆਰਾਮ ਕਰਨਾ ਚਾਹੀਦਾ ਐ।''
'ਨ੍ਹੀਂ ਅਮਜਦ ਇਸਨੂੰ ਜੋ ਕਰਨਾ ਚਾਹੁੰਦੀ ਐ ਕਰਨ ਦੇ। ਤੂੰ ਵੇਖੀਂ ਇਸਨੇ ਹਾਲਤਾਂ ਵਿੱਚ ਵੀ ਕਲਾਸ 'ਚੋਂ ਟਾਪ ਕਰ ਜਾਣਾ ਐ। ਪਰ ਤੂੰ ਇੱਕ ਗੱਲ ਜ਼ਰੂਰ ਕਰ।''
''ਹਾਂ ਦੱਸੋ?''
''ਮੈਂ ਚਾਹੁੰਨੀ ਆਂ ਕਿ ਇਹ ਡਾਕਟਰ ਬਣੇ। ਕਮ ਸੇ ਕਮ ਇਸਦੇ ਨਾਂ ਨਾਲ ਡਾਕਟਰ ਜ਼ਰੂਰ ਲੱਗੇ।''
''ਪਰ ਇਸਦਾ ਮੁਢਲਾ ਖੇਤਰ ਤਾਂ ਹੋਰ ਐ। ਫਿਰ ਇਸ ਸਟੇਜ 'ਤੇ ਆ ਕੇ।....''
'ਤੂੰ ਇਸਨੂੰ ਕਹਿ ਕਿ ਇਹ ਨੈਰੋਸਾਇੰਸ ਦੇ ਖੇਤਰ ਵਿੱਚ ਅੱਗੇ ਦੀ ਪੜ੍ਹਾਈ ਕਰੇ।''
''ਅੰਮੀ ਉਸ ਖੇਤਰ 'ਚ ਤਾਂ ਦਿਮਾਗੀ ਮਿਹਨਤ ਬਹੁਤ ਕਰਨੀ ਪਵੇਗੀ।''
''ਜਦੋਂ ਇਸ ਦੇ ਸਾਹਮਣੇ ਚੈਲਿੰਜ ਹੋਵੇ ਉਦੋਂ ਹੀ ਇਸਦੀ ਸਾਰੀ ਤਾਕਤ ਵਰਤੋਂ ਵਿੱਚ ਆਉਂਦੀ ਐ। ਬੱਸ ਤੂੰ ਇਸਨੂੰ ਮੇਰੀ ਕਹੀ ਗੱਲ ਮਨਵਾ।''
ਇਸ ਪਿੱਛੋਂ ਅਮਜਦ ਨੇ ਆਫੀਆ ਨਾਲ ਗੱਲ ਕੀਤੀ। ਉਸਨੇ ਪਹਿਲਾਂ ਤੋਂ ਕਹਿ ਦਿੱਤਾ ਕਿ ਉਸਨੂੰ ਅੱਗੇ ਪੜ੍ਹਨ ਤੋਂ ਨਾ ਰੋਕਿਆ ਜਾਵੇ। ਪਰ ਉਸਨੇ ਨਾਲ ਹੀ ਇਹ ਵੀ ਦੱਸ ਦਿੱਤਾ ਕਿ ਉਸਨੂੰ ਅੰਮੀ ਦੀ ਚਾਹਤ ਦਾ ਪਤਾ ਹੈ ਇਸੇ ਲਈ ਉਸਨੇ ਨੈਰੋਸਾਇੰਸ ਦੇ ਕਾਗਨੇਟਿਵ ਖੇਤਰ 'ਚ ਪੀ ਐੱਚ ਡੀ ਕਰਨ ਦਾ ਮਨ ਬਣਾ ਲਿਆ ਹੈ। ਅਮਜਦ ਹੈਰਾਨ ਰਹਿ ਗਿਆ ਜਦੋਂ ਉਸਨੂੰ ਪਤਾ ਲੱਗਿਆ ਕਿ ਆਫੀਆ ਨੇ ਆਪਣੇ ਤੌਰ 'ਤੇ ਇਸ ਲਈ ਅਪਲਾਈ ਵੀ ਕਰ ਦਿੱਤਾ ਹੈ ਤੇ ਪੜ੍ਹਾਈ ਸ਼ੁਰੂ ਹੋਣ ਵਾਲੀ ਹੈ। ਉਸਨੂੰ ਆਪਣੀ ਪਤਨੀ ਦੀ ਕੁਸ਼ਲਤਾ 'ਤੇ ਗਰਭ ਮਹਿਸੂਸ ਹੋਇਆ।
''ਆਫੀਆ ਤੂੰ ਇਸਦੇ ਲਈ ਕਿਹੜਾ ਕਾਲਜ ਚੁਣਿਆਂ ਐ?''
'ਮੈਂ ਬਰੈਂਡੀਜ਼ ਯੂਨੀਵਰਸਿਟੀ ਚੁਣੀ ਐਂ। ਉਨ੍ਹਾਂ ਮੇਰਾ ਪੜ੍ਹਾਈ ਦਾ ਰਿਕਾਰਡ ਵੇਖਦਿਆਂ ਹੀ ਮੈਨੂੰ ਦਾਖਲਾ ਦਿੱਤਾ ਐ। ਤੈਨੂੰ ਪਤਾ ਈ ਐ ਕਿ ਮਾੜੇ ਮੋਟੇ ਨੂੰ ਤਾਂ ਉਹ ਨੇੜੇ ਦੀ ਨ੍ਹੀਂ ਲੰਘਣ ਦਿੰਦੇ।''
''ਪਰ ਆਫੀਆ ਤੂੰ ਉੱਥੇ ਕਿਵੇਂ ਅਡਜਸਟ ਕਰੇਂਗੀ। ਤੈਨੂੰ ਪਤਾ ਈ ਐ ਕਿ ਉਹ ਯੂਨੀਵਰਸਿਟੀ ਤਾਂ ਜਹੂਦੀਆਂ ਦੀ ਐ।''
'ਹਾਂ ਮੈਨੂੰ ਪਤਾ ਐ। ਪਰ ਮੈਨੂੰ ਵੀ ਉੱਥੇ ਈ ਰਹਿਣ 'ਚ ਮਜ਼ਾ ਆਉਂਦਾ ਐ ਜਿੱਥੇ ਕਿ ਅੱਗੇ ਵਿਰੋਧ ਹੋਵੇ। ਤੂੰ ਵੇਖੀਂ ਸਹੀ ਮੈਂ ਉਨ੍ਹਾਂ ਦੀ ਯੂਨੀਵਰਸਿਟੀ ਦੀ ਅਹੀ ਤਹੀ ਕਿਵੇਂ ਫੇਰਦੀ ਆਂ।''
'ਤੇਰੀ ਮਰਜ਼ੀ ਐ। ਵੈਸੇ ਮੈਨੂੰ ਪਤਾ ਐ ਕਿ ਤੇਰੇ ਲਈ ਦੁਨੀਆਂ 'ਤੇ ਕੁਝ ਵੀ ਔਖਾ ਨ੍ਹੀਂ ਐ।''
ਬਹਿਸ ਖਤਮ ਹੋ ਗਈ ਤੇ ਆਫੀਆ ਨੇ ਯੂਨੀਵਰਸਿਟੀ ਜਾਣਾ ਸ਼ੁਰੂ ਕਰ ਦਿੱਤਾ। ਬਰੈਂਡੀਜ਼ ਭਾਵੇਂ ਆਪਣੇ ਤੌਰ 'ਤੇ ਸੈਕੂਲਰ ਰਹਿਣ ਦੀ ਕੋਸ਼ਿਸ਼ ਕਰਦੀ ਸੀ ਪਰ ਉਸਦੇ ਸਾਰੇ ਤਾਣੇ ਬਾਣੇ 'ਤੇ ਜਹੂਦੀ ਸੱਭਿਆਚਾਰ ਭਾਰੂ ਸੀ। ਖਾਸ ਕਰਕੇ ਆਫੀਆ ਵਰਗੀ ਕੱਟੜ ਮੁਸਲਮਾਨ ਲਈ ਤਾਂ ਇੱਥੇ ਅਡਜਸਟ ਕਰਨਾ ਬਹੁਤ ਹੀ ਔਖਾ ਸੀ। ਪਰ ਆਫੀਆ ਅੰਦਰੋਂ ਖੁਸ਼ ਸੀ ਕਿਉਂਕਿ ਅਜਿਹੇ ਵਿਰੋਧ ਆਭਾਸ ਵਿੱਚੋਂ ਹੀ ਉਸਨੂੰ ਮਜ਼ਾ ਆਉਂਦਾ ਸੀ। ਖੈਰ ਜਦੋਂ ਉਸਨੇ ਯੂਨੀਵਰਸਿਟੀ ਜਾਣਾ ਸ਼ੁਰੂ ਕੀਤਾ ਤਾਂ ਉਸ ਵੇਲੇ ਉਹ ਸੱਤ ਮਹੀਨਿਆਂ ਦੀ ਪਰੈੱਗਨੈਟ ਸੀ। ਪੜ੍ਹਾਈ ਸ਼ੁਰੂ ਹੁੰਦਿਆਂ ਹੀ ਆਫੀਆ ਨੇ ਜਿਹੂਦੀਆਂ ਦੇ ਕਲਚਰ ਬਾਰੇ ਪੜ੍ਹਨਾ ਸ਼ੁਰੂ ਕਰ ਦਿੱਤਾ। ਇਸਦੇ ਨਾਲ ਹੀ ਉਸਨੇ ਇਜ਼ਰਾਇਲ ਦੀ ਇੰਟੈਲੀਜੈਂਸ ਏਜੈਂਸੀ ਮੁਸਾਦ ਬਾਰੇ ਵੀ ਜਾਣਕਾਰੀ ਇਕੱਠੀ ਕਰਨੀ ਸ਼ੁਰੂ ਕਰ ਦਿੱਤੀ। ਸ਼ਾਇਦ ਉਹ ਆਪਣੇ ਹੋਣ ਵਾਲੇ ਦੁਸ਼ਮਣ ਬਾਰੇ ਪੂਰੀ ਤਰ੍ਹਾਂ ਜਾਣਕਾਰੀ ਲੈ ਲੈਣੀ ਚਾਹੁੰਦੀ ਸੀ। ਉਹ ਬਿਲਕੁਲ ਮੁਸਲਿਮ ਡਰੈੱਸ ਵਿੱਚ ਲਿਪਟੀ ਹੋਈ ਪਹਿਲੇ ਦਿਨ ਕਾਲਜ ਪਹੁੰਚੀ। ਉਸਦਾ ਇਸ ਤਰ੍ਹਾਂ ਦਾ ਪਹਿਰਾਵਾ ਜਾਂ ਉਸਦਾ ਮੁਸਲਮਾਨ ਹੋਣਾ ਉਸ ਲਈ ਕੋਈ ਮੁਸ਼ਕਲ ਪੈਦਾ ਨਹੀਂ ਸੀ ਕਰਦਾ ਸਗੋਂ ਇਸਦੇ ਲਈ ਇੱਕ ਗੱਲ ਹੋਰ ਸੀ। ਆਫੀਆ ਦੀ ਸੋਚਣੀ ਸੀ ਕਿ ਇਹ ਯੂਨੀਵਰਸਿਟੀ ਆਪਣੇ ਆਪ ਨੂੰ ਸੈਕੂਲਰ ਕਹਿੰਦੀ ਹੈ ਜਦੋਂ ਕਿ ਅੰਦਰੋਂ ਇਹ ਬਿਲਕੁਲ ਜਹੂਦੀ ਰੰਗ ਵਿੱਚ ਰੰਗੀ ਹੋਈ ਹੈ। ਬੱਸ ਇਸੇ ਗੱਲ ਨੂੰ ਆਧਾਰ ਬਣਾ ਕੇ ਉਹ ਯੂਨੀਵਰਸਿਟੀ ਨਾਲ ਆਢਾ ਲਾਉਣ ਲਈ ਤਿਆਰ ਹੋ ਰਹੀ ਸੀ। ਇਸਦਾ ਪਹਿਲਾ ਰੰਗ ਉਸਨੇ ਆਪਣੇ ਪਹਿਲੇ ਲੈਕਚਰ ਵਿੱਚ ਹੀ ਵਿਖਾ ਦਿੱਤਾ। ਹੋਰਨਾਂ ਦੀ ਤਰ੍ਹਾਂ ਉਸਨੂੰ ਵੀ ਕਿਸੇ ਖਾਸ ਖੇਤਰ ਵਿੱਚ ਰਿਸਰਚ ਕਰਕੇ ਪਰਚਾ ਲਿਖਣ ਅਤੇ ਪੜ੍ਹਨ ਲਈ ਕਿਹਾ ਗਿਆ। ਉਸਦੇ ਪਰਚੇ ਦਾ ਵਿਸ਼ਾ ਸੀ 'ਪਰੈੱਗਨੈਟ ਔਰਤ ਅਤੇ ਸ਼ਰਾਬ'। ਉਸਨੇ ਆਪਣੇ ਪਰਚੇ ਵਿੱਚ ਕਿਹਾ ਕਿ ਪਰੈੱਗਨੈਂਟ ਔਰਤ ਦੇ ਸ਼ਰਾਬ ਪੀਣ ਨਾਲ ਹੋਣ ਵਾਲੇ ਬੱਚੇ ਦੇ ਦਿਮਾਗ 'ਤੇ ਅਸਰ ਪੈਂਦਾ ਹੈ। ਇੱਥੋਂ ਤੱਕ ਤਾਂ ਠੀਕ ਸੀ ਪਰ ਉਸਨੇ ਅੱਗੇ ਕਿਹਾ ਕਿ ਇਸੇ ਕਰਕੇ ਤਾਂ ਅੱਲਾ ਨੇ ਕੁਰਾਨ ਵਿੱਚ ਸ਼ਰਾਬ ਪੀਣ ਦੀ ਮਨਾਹੀ ਕੀਤੀ ਹੋਈ ਹੈ। ਉਸਦੇ ਪ੍ਰਫੋਸਰ ਇਸ ਗੱਲ ਤੋਂ ਅੱਪਸੈੱਟ ਹੋ ਗਏ। ਉਹ ਉਸਨੂੰ ਸਮਝਾਉਂਦੇ ਹੋਏ ਬੋਲੇ, ''ਵੇਖ ਆਫੀਆ ਆਪਾਂ ਸਾਇੰਸਟਿਸਟ ਆਂ। ਆਪਾਂ ਉਹੀ ਗੱਲ ਕਰ ਸਕਦੇ ਆਂ ਜੋ ਸਿੱਧ ਕਰ ਸਕਦੇ ਹੋਈਏ। ਡਾਕਟਰਾਂ ਦੀ ਸਟੱਡੀ ਤੋਂ ਇਹ ਗੱਲ ਸਿੱਧ ਹੋਈ ਐ ਕਿ ਪਰੈੱਗਨੈਂਟ ਔਰਤਾਂ ਜੋ ਕਿ ਸ਼ਰਾਬ ਪੀਂਦੀਆਂ ਸਨ ਅਤੇ ਨਹੀਂ ਪੀਂਦੀਆਂ ਸਨ ਉਨ੍ਹਾਂ ਤੇ ਸਟੱਡੀ ਕੀਤੀ ਗਈ। ਇੱਥੋਂ ਹੀ ਇਹ ਗੱਲ ਸਾਬਤ ਹੋ ਕੇ ਸਾਹਮਣੇ ਆਈ ਕਿ ਸ਼ਰਾਬ ਪੀਣ ਵਾਲੀਆਂ ਦੇ ਬੱਚੇ ਦਿਮਾਗੀ ਤੌਰ 'ਤੇ ਸਹੀ ਡਿਵੈਲਪ ਨ੍ਹੀਂ ਹੋ ਸਕੇ। ਆਪਾਂ ਇਸੇ ਦੇ ਆਧਾਰ 'ਤੇ ਇਹ ਗੱਲ ਕਹਿ ਸਕਦੇ ਆਂ ਕਿ ਪਰੈੱਗਨੈਂਸੀ ਦੌਰਾਨ ਸ਼ਰਾਬ ਮਾੜੇ ਅਸਰ ਪਾਉਂਦੀ ਐ।''
'ਨ੍ਹੀਂ ਇਹ ਇਸ ਤਰ੍ਹਾਂ ਨ੍ਹੀਂ ਐ....।'' ਉਹ ਉਨ੍ਹਾਂ ਦੀਆਂ ਗੱਲਾਂ ਦਾ ਉੱਤਰ ਦਿੰਦੀ ਪਲ ਭਰ ਰੁਕੀ ਤੇ ਫਿਰ ਬੋਲਣ ਲੱਗੀ, ''ਜੋ ਕੁਛ ਵੀ ਹੈ ਉਹ ਸਭ ਕੁਰਾਨ ਅੰਦਰ ਦਰਜ ਐ। ਸਾਨੂੰ ਸਾਇੰਸਟਿਸਟਾਂ ਨੂੰ ਚਾਹੀਦਾ ਐ ਕਿ ਕੁਰਾਨ ਦੀ ਪੜ੍ਹਾਈ ਕਰਕੇ ਉਸੇ ਹਿਸਾਬ ਆਪਣੇ ਅੱਗੇ ਦੇ ਕੰਮਾਂ ਨੂੰ ਸੇਧ ਦੇਈਏ।''
ਉਸਦੀ ਗੱਲ ਸੁਣ ਕੇ ਪ੍ਰੋਫੈਸਰ ਅੱਪਸੈੱਟ ਹੋ ਗਏ। ਉਨ੍ਹਾਂ ਨੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਟੱਸ ਤੋਂ ਮੱਸ ਨਾ ਹੋਈ। ਅੱਗੇ ਵੀ ਉਹ ਆਪਣੇ ਪਰਚਿਆਂ ਵਿੱਚ ਕੁਰਾਨ 'ਚੋਂ ਲਏ ਕੁਟੇਸ਼ਨ ਵਰਤਦੀ ਰਹੀ। ਇਸ ਨਾਲ ਉਸਦਾ ਡਿਪਾਰਟਮੈਂਟ ਉਸ ਨਾਲ ਹੋਰ ਨਾਰਾਜ਼ ਹੁੰਦਾ ਗਿਆ। ਇਸ ਤੋਂ ਵੀ ਅੱਗੇ ਲੰਘਦਿਆਂ ਆਫੀਆ ਨੇ ਇਸ ਯੂਨੀਵਰਸਿਟੀ ਬਾਰੇ ਲਿਖਣਾ ਸ਼ੁਰੂ ਕਰ ਦਿੱਤਾ ਕਿ ਆਪਣੇ ਆਪ ਨੂੰ ਧਾਰਮਿਕ ਨਿਰਪੱਖ ਦੱਸਣ ਵਾਲੀ ਇਹ ਯੂਨੀਵਰਸਿਟੀ ਅੱਤ ਦਰਜੇ ਦੀ ਕੱਟੜ ਜਹੂਦੀ ਹੈ। ਆਖਰ ਉਸਨੂੰ ਉਸਦੇ ਡਿਪਾਰਟਮੈਂਟ ਵੱਲੋਂ ਨੋਟਿਸ ਮਿਲ ਗਿਆ ਕਿ ਜਾਂ ਤਾਂ ਉਹ ਆਪਣੀ ਹੱਦ ਅੰਦਰ ਰਹੇ ਨਹੀਂ ਤਾਂ ਉਸਦੇ ਖਿਲਾਫ ਐਕਸ਼ਨ ਲਿਆ ਜਾਵੇਗਾ। ਉਹ ਡਰੀ ਨਹੀਂ ਸਗੋਂ ਸਿੱਧੀ ਡੀਨ ਦੇ ਦਫਤਰ ਪਹੁੰਚੀ। ਡੀਨ ਨੇ ਉਸਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਅੱਗੋਂ ਹੋਰ ਚਿੜ੍ਹਦੀ ਹੋਈ ਬੋਲੀ, ''ਜਾਂ ਤਾਂ ਮੈਨੂੰ ਚੁੱਪ ਕਰਕੇ ਮੇਰੀ ਡਾਕਟਰੀਨ ਕਰਨ ਦਿਉ ਨਹੀਂ ਫਿਰ ਮੈਂ ਤੁਹਾਡੇ ਖਿਲਾਫ ਅਜਿਹਾ ਮੋਰਚਾ ਖੋਲਾਂਗੀ ਕਿ ਤੁਹਾਡੇ ਰੈਪੂਟੇਸ਼ਨ ਦੀ ਐਸੀ ਤੈਸੀ ਫੇਰ ਦਿਆਂਗੀ।''
ਉਸਦੀ ਗੱਲ ਸੁਣ ਕੇ ਡੀਨ ਨੇ ਪਲ ਭਰ ਸੋਚਿਆ ਤੇ ਫਿਰ ਬੋਲਿਆ, ''ਮਿਸ ਆਫੀਆ, ਜੇਕਰ ਤੂੰ ਵਾਅਦਾ ਕਰੇਂ ਕਿ ਚੁੱਪ ਚਾਪ ਆਪਣੀ ਪੜ੍ਹਾਈ ਤੱਕ ਸੀਮਤ ਰਹੇਂਗੀ ਤਾਂ ਮੈਂ ਤੇਰੇ ਡਿਪਾਰਟਮੈਂਟ ਨੂੰ ਹਿਦਾਇਤ ਕਰ ਦਿੰਦਾ ਆਂ ਕਿ ਤੈਨੂੰ ਨਿਜਾਇਜ ਤੰਗ ਨਾ ਕੀਤਾ ਜਾਵੇ।''
ਆਪਸੀ ਸਹਿਮਤੀ ਤੋਂ ਬਾਅਦ ਗੱਲ ਠੰਡੀ ਤਾਂ ਪੈ ਗਈ ਪਰ ਡੀਨ ਨੇ ਉਸਦੇ ਡਿਪਾਰਟਮੈਂਟ ਨੂੰ ਅੰਦਰ ਖਾਤੇ ਕਹਿ ਦਿੱਤਾ ਕਿ ਜਿਵੇਂ ਕਿਵੇਂ ਕਰਕੇ ਵਕਤ ਕਟੀ ਕਰੋ ਤੇ ਇਸ ਆਫਤ ਤੋਂ ਖਹਿੜਾ ਛੁਡਵਾਉ। ਇੱਕ ਵਾਰ ਗੱਲ ਠੰਡੀ ਪੈ ਗਈ। ਉਦੋਂ ਨੂੰ ਉਸਦੀ ਮਾਂ ਇਸਮਤ ਪਾਕਿਸਤਾਨ ਤੋਂ ਉਨ੍ਹਾਂ ਕੋਲ ਆ ਗਈ। ਉਹ ਆਫੀਆ ਦੇ ਹੋਣ ਵਾਲੇ ਬੱਚੇ ਕਰਕੇ ਉਸਦੀ ਮੱਦਦ ਲਈ ਆਈ ਸੀ। ਇਸ ਕਰਕੇ ਆਫੀਆ ਦਾ ਵੀ ਧਿਆਨ ਵਟ ਗਿਆ। ਇਸਮਤ ਨੂੰ ਬੱਚੇ ਦੀ ਸੰਭਾਲ ਕਰਨ ਲਈ ਸਪੈਸ਼ਿਲ ਵੀਜ਼ਾ ਮਿਲਿਆ ਸੀ ਜਿਸ ਕਰਕੇ ਅੱਗੇ ਜਾ ਕੇ ਉਸਨੂੰ ਗਰੀਨ ਕਾਰਡ ਵੀ ਮਿਲ ਗਿਆ। ਆਫੀਆ ਨੇ ਇੱਕ ਸਾਲ ਵਿੱਚ ਹੀ ਆਪਣੀ ਪੜ੍ਹਾਈ ਚੰਗੇ ਨੰਬਰਾਂ ਵਿੱਚ ਪਾਸ ਕਰ ਲਈ। ਉਸਦਾ ਸਿਰਫ ਲੈਬਾਰਟਰੀ ਕੰਮ ਮੁਕਾਉਣਾ ਰਹਿ ਗਿਆ ਸੀ। ਇਸਦੇ ਲਈ ਉਹ ਰਾਤਾਂ ਦੀਆਂ ਸ਼ਿਫਟਾਂ ਵਿੱਚ ਆਉਂਦੀ ਜਾਂ ਫਿਰ ਐਤਵਾਰ ਦੇ ਦਿਨ ਆ ਜਾਂਦੀ। ਇੱਥੇ ਜੋ ਉਸਦਾ ਇੰਚਾਰਜ ਸੀ ਉਹ ਇੱਕ ਪੁਰਾਣੇ ਖਿਆਲਾਂ ਦਾ ਵਡੇਰੀ ਉਮਰ ਦਾ ਜਹੂਦੀ ਸੀ। ਉਸਨੂੰ ਆਫੀਆ ਨੇ ਕਿਹਾ ਕਿ ਬੱਚੇ ਦੀ ਆਮਦ ਕਰਕੇ ਉਸ ਦੇ ਲਈ ਦਿਨ ਦੇ ਟਾਈਮ ਆਉਣਾ ਔਖਾ ਹੈ। ਉਸੇ ਨੇ ਆਫੀਆ ਨੂੰ ਆਪਣਾ ਲੈਬ ਵਰਕ ਰਾਤ ਦੀ ਸ਼ਿਫਟ 'ਚ ਜਾਂ ਵੀਕ ਐਂਡ 'ਤੇ ਕਰਨ ਦੀ ਇਜਾਜ਼ਤ ਦੇ ਦਿੱਤੀ। ਆਫੀਆ ਨੂੰ ਉਸਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ, ''ਸਰ ਤੁਹਾਡੀ ਬੜੀ ਮਿਹਰਬਾਨੀ ਜੋ ਤੁਸੀਂ ਮੇਰੀ ਸਕੈਜੂਅਲ ਬਦਲਣ ਵਿੱਚ ਮੱਦਦ ਕੀਤੀ ਐ।''
'ਕੋਈ ਗੱਲ ਨ੍ਹੀਂ ਆਫੀਆ ਤੂੰ ਮੇਰੀ ਧੀ ਵਰਗੀ ਐਂ। ਤੇਰੀ ਮੱਦਦ ਕਰਨਾ ਮੇਰਾ ਫਰਜ਼ ਬਣਦਾ ਐ।''
''ਸਰ ਤੁਸੀਂ, ਤੁਹਾਡੀ ਸੋਚ ਕਰਕੇ ਕਿਸੇ ਬਹੁਤ ਹੀ ਧਾਰਮਿਕ ਮੁਸਲਮਾਨ ਵਰਗੇ ਲੱਗਦੇ ਓ।''
'ਅੱਛਾ, ਮੁਸਲਮਾਨ ਧਰਮ ਵਿੱਚ ਵੀ ਇਸ ਤਰ੍ਹਾਂ ਹੀ ਸੋਚਿਆ ਜਾਂਦਾ ਹੈ?''
'ਹਾਂ ਸਰ ਤੁਸੀਂ ਇਸਲਾਮ ਬਾਰੇ ਕੋਈ ਕਿਤਾਬ ਪੜ੍ਹਕੇ ਤਾਂ ਵੇਖੋ।''
'ਚੰਗਾ ਕਦੇ ਤੈਨੂੰ ਕੋਈ ਚੰਗੀ ਜਿਹੀ ਕਿਤਾਬ ਮਿਲੀ ਤਾਂ ਮੇਰੇ ਲਈ ਲੈਂਦੀ ਆਵੀਂ। ਮੈਂ ਜ਼ਰੂਰ ਪੜ੍ਹਾਂਗਾ।''
ਇਸ ਪਿੱਛੋਂ ਆਫੀਆ ਨੇ ਉਸਦੇ ਘਰ ਵੱਡੇ ਵੱਡੇ ਮੁਸਲਮਾਨ ਸਕਾਲਰਾਂ ਦੀਆਂ ਕਿਤਾਬਾਂ ਦੇ ਢੇਰ ਲਾ ਦਿੱਤੇ। ਪਰ ਉਸਨੂੰ ਪੜ੍ਹਨ ਦੀ ਵਿਹਲ ਕਿੱਥੇ ਸੀ। ਪਰ ਆਫੀਆ ਸਮਝਦੀ ਸੀ ਕਿ ਇਹ ਸਾਰੀਆਂ ਕਿਤਾਬਾਂ ਬਹੁਤ ਹੀ ਰੌਚਕਤਾ ਨਾਲ ਪੜ੍ਹ ਰਿਹਾ ਹੈ। ਇੱਕ ਦਿਨ ਉਸਨੇ ਪੁੱਛ ਲਿਆ, ''ਸਰ ਤੁਹਾਨੂੰ ਕਿਵੇਂ ਲੱਗੀਆਂ ਇਹ ਕਿਤਾਬਾਂ?''
'ਚੰਗੀਅ ਹਨ। ਚੰਗੇ ਵਿਚਾਰ ਹਨ ਇਨ੍ਹਾਂ ਲੇਖਕਾਂ ਦੇ।'' ਉਸਨੇ ਪੜ੍ਹੀ ਭਾਵੇਂ ਇਕ ਵੀ ਕਿਤਾਬ ਨਹੀਂ ਸੀ ਪਰ ਉਸਨੇ ਆਫੀਆ ਦਾ ਦਿਲ ਰੱਖਣ ਲਈ ਇਹ ਗੱਲ ਕਹਿ ਦਿੱਤੀ। ਇਸ ਗੱਲ ਤੋਂ ਉਤਸ਼ਾਹਤ ਹੋ ਕੇ ਆਫੀਆ ਉਸਦੇ ਘਰ ਜਾਣ ਲੱਗ ਪਈ। ਟੀਚਰ ਨੂੰ ਉਸ ਬਾਰੇ ਜ਼ਿਆਦਾ ਪਤਾ ਨਹੀਂ ਸੀ ਪਰ ਉਸ ਨੂੰ ਉਸਦੇ ਭੋਲਾਪਣ ਚੰਗਾ ਲੱਗਦਾ ਸੀ। ਉਹ ਉਸਨੂੰ ਆਮ ਹੀ ਕਹਿ ਦਿੰਦਾ ਕਿ ਤੂੰ ਤਾਂ ਮੇਰੀ ਧੀ ਐਂ। ਜਦੋਂ ਲੈਬ ਵਰਕ ਖਤਮ ਹੋ ਗਿਆ ਤਾਂ ਆਫੀਆ ਇੱਕ ਦਿਨ ਉਸਦੇ ਘਰ ਗਈ। ਆਮ ਗੱਲਾਂ ਬਾਤਾਂ ਕਰਦਿਆਂ ਬੋਲੀ, ''ਸਰ ਤੁਸੀਂ ਮੈਨੂੰ ਆਪਣੀ ਧੀ ਮੰਨਦੇ ਓਂ। ਤੁਹਾਨੂੰ ਮੁਸਲਮਾਨ ਧਰਮ ਵੀ ਚੰਗਾ ਲੱਗਦਾ ਐ।''
''ਹਾਂ ਮੈਂ ਤੈਨੂੰ ਆਪਣੀ ਧੀ ਸਮਝਦਾ ਆਂ।''
''ਸਰ ਫਿਰ ਆਪਣੀ ਧੀ ਦੀ ਇੱਕ ਗੱਲ ਮੰਨ ਲਉ।''
''ਹਾਂ ਬੋਲ ਬੇਟੇ।''
''ਤੁਸੀਂ ਮੁਸਲਮਾਨ ਧਰਮ ਅਪਣਾ ਲਉ।''
''ਹੈਂ!!?'' ਉਸਦਾ ਇਹ ਗੱਲ ਸੁਣ ਕੇ ਰੰਗ ਉੱਡ ਗਿਆ। ਉਸਨੂੰ ਪਲ ਭਰ ਕੋਈ ਗੱਲ ਈ ਨਾ ਆਉੜੀ। ਉਹ ਭੁਚੱਕਾ ਜਿਹਾ ਆਫੀਆ ਵੱਲ ਝਾਕਿਆ। ਉਹ ਮੁਸਕਰਾ ਰਹੀ ਆਫੀਆ ਦੇ ਚਿਹਰੇ ਵੱਲ ਵੇਖ ਰਿਹਾ ਸੀ। ਪਰ ਉਹ, ਇਸ ਮਾਸੂਮ ਮੁਸਕਰਾਹਟ ਦੇ ਪਿੱਛੇ ਬੈਠੇ ਕਰੂਰ ਚਿਹਰੇ ਨੂੰ ਪਛਾਣ ਚੁੱਕਿਆ ਸੀ।
'ਮਿਸ ਆਫੀਆ ਹੁਣ ਤੂੰ ਜਾ ਸਕਦੀ ਐਂ। ਆਪਣਾ ਲੈਬ ਵਰਕ ਖਤਮ ਹੋ ਗਿਆ। ਆਪਣਾ ਟੀਚਰ ਅਤੇ ਵਿਦਿਆਰਥੀ ਦਾ ਨਾਤਾ ਵੀ ਖਤਮ ਹੋ ਚੁੱਕਿਆ ਐ। ਮੈਂ ਚਾਹੂੰਗਾ ਕਿ ਤੂੰ ਮੈਨੂੰ ਅੱਗੇ ਜ਼ਿੰਦਗੀ ਵਿੱਚ ਕਦੇ ਵੀ ਨਾ ਮਿਲੇਂ।'' ਇੰਨਾ ਕਹਿੰਦਿਆਂ ਉਹ ਉੱਠਿਆ। ਆਫੀਆ ਦਰਵਾਜ਼ਾ ਖੋਲ੍ਹ ਕੇ ਬਾਹਰ ਨਿਕਲੀ ਤਾਂ ਟੀਚਰ ਨੇ ਭੜਾਕ ਦੇਣੇ ਦਰਵਾਜ਼ਾ ਅੰਦਰੋਂ ਬੰਦ ਕਰ ਲਿਆ।
ਉੱਧਰ ਅਫਗਾਨਿਸਤਾਨ ਵਿੱਚ ਬਹੁਤ ਕੁਝ ਬਦਲ ਰਿਹਾ ਸੀ। 1992 ਤੋਂ ਮਿਲ ਗਿਲ ਕੇ ਰਾਜ ਚਲਾ ਰਹੇ ਵਾਰ ਲੌਰਡ ਹਾਰ ਰਹੇ ਸਨ। ਪਾਕਿਸਤਾਨ ਤੋਂ ਸ਼ੁਰੂ ਹੋਏ ਤਾਲੀਬਾਨ ਜਾਣੀ ਕਿ ਧਾਰਮਿਕ ਵਿਦਿਆਰਥੀ ਲੜ੍ਹਾਈ ਵਿੱਚ ਅੱਗੇ ਵਧ ਰਹੇ ਸਨ। ਇਨ੍ਹਾਂ ਨੂੰ ਪਾਕਿਸਤਾਨ ਦੀ ਆਈ. ਐਸ. ਆਈ. ਅਤੇ ਸਾਊਦੀ ਅਰਬ ਸਰਕਾਰ ਦੀ ਪੂਰੀ ਹਮਾਇਤ ਹਾਸਲ ਸੀ। ਆਖਰ 1955 'ਚ ਆ ਕੇ ਤਾਲੀਬਾਨਾਂ ਨੇ ਵਾਰ ਲੋਰਡਾਂ ਦਾ ਲੱਕ ਤੋੜ ਦਿੱਤਾ। ਲੋਕਾਂ ਨੂੰ ਲੱਗਿਆ ਕਿ ਹੁਣ ਪੁਰਾਣੇ ਲੀਡਰਾਂ ਦੀਆਂ ਵਹਿਸ਼ੀ ਕਾਰਵਾਈਆਂ ਤੋਂ ਖਹਿੜਾ ਛੁੱਟ ਜਾਊਗਾ। ਪਰ ਇਹ ਉਨ੍ਹਾਂ ਦਾ ਭੁਲੇਖਾ ਸਾਬਤ ਹੋਇਆ। ਤਾਲੀਬਾਨਾਂ ਨੇ ਆਉਂਦਿਆਂ ਹੀ ਅਜਿਹੇ ਸ਼ਰੀਅਤ ਕਾਨੂੰਨ ਲਾਗੂ ਕੀਤੇ ਕਿ ਲੋਕਾਂ ਦਾ ਸਾਹ ਲੈਣਾ ਵੀ ਔਖਾ ਹੋ ਗਿਆ। ਇਨ੍ਹਾਂ ਨਵੇਂ ਕਾਨੂੰਨਾਂ ਨੇ ਖਾਸ ਕਰ ਔਰਤ ਦਾ ਤਾਂ ਗਲਾ ਹੀ ਦਬਾ ਦਿੱਤਾ। ਹਰ ਖੇਤਰ ਵਿੱਚ ਉਨ੍ਹਾਂ ਦੀ ਆਜ਼ਾਦੀ ਖਤਮ ਕਰ ਦਿੱਤੀ ਗਈ। ਔਰਤਾਂ ਦੇ ਸਕੂਲ ਕਾਲਜ ਬੰਦ ਕਰ ਦਿੱਤੇ ਗਏ। ਔਰਤਾਂ ਦੇ ਨੌਕਰੀ ਕਰਨ 'ਤੇ ਪਾਬੰਦੀ ਲਾ ਦਿੱਤੀ ਗਈ। ਔਰਤ ਦੇ ਇਕੱਲੀ ਦੇ ਘਰੋਂ ਨਿਕਲਣ 'ਤੇ ਪਾਬੰਦੀ ਲਾ ਦਿੱਤੀ ਗਈ। ਬਿਨਾਂ ਕਿਸੇ ਨੇੜਲੇ ਰਿਸ਼ਤੇਦਾਰ ਦੇ ਉਹ ਘਰੋਂ ਬਾਹਰ ਨਹੀਂ ਜਾ ਸਕਦੀ ਸੀ। ਔਰਤਾਂ ਤੇ ਪਾਬੰਦੀਆਂ ਹੀ ਪਾਬੰਦੀਆਂ ਲੱਗ ਗਈਆਂ। ਹਾਰ ਸ਼ਿੰਗਾਰ 'ਤੇ ਪਾਬੰਦੀ, ਉੱਚੀ ਅੱਡੀ ਦੇ ਸੈਂਡਲ ਪਾਉਣ 'ਤੇ ਪਾਬੰਦੀ, ਬਾਹਰ ਕਿਧਰੇ ਵੀ ਉੱਚੀ ਹੱਸਣ 'ਤੇ ਪਾਬੰਦੀ। ਇਸ ਤੋਂ ਬਿਨਾ ਮਿਊਜ਼ਕ ਸਟੋਰ ਬਗੈਰਾ ਅੱਗ ਲਾ ਕੇ ਸਾੜ ਦਿੱਤੇ ਗਏ। ਖ਼ਬਰਾਂ ਤੋਂ ਬਿਨਾਂ ਰੇਡੀਉ ਤੋਂ ਹੋਰ ਪ੍ਰੋਗਰਾਮ ਸੁਣਨ 'ਤੇ ਪਾਬੰਦੀ ਲੱਗ ਗਈ ਅਤੇ ਸਿਨੇਮਾ ਘਰ ਬੰਦ ਹੋ ਗਏ। ਗਾਉਣਾ ਲਿਖਣਾ ਬੰਦ, ਲਿਟਰੇਚਰ ਦੀਆਂ ਕਿਤਾਬਾਂ ਬੰਦ। ਗੱਲ ਕੀ ਕੋਈ ਅਜਿਹਾ ਖੇਤਰ ਨਹੀਂ ਸੀ ਜਿੱਥੇ ਕਿ ਧਾਰਮਿਕ ਪਾਬੰਦੀ ਨਾ ਲੱਗੀ ਹੋਵੇ। ਇਸ ਤਾਲੀਬਾਨ ਲੀਡਰਸ਼ਿਪ ਨੂੰ ਪਾਕਿਸਤਾਨ ਦੀ ਸਰਪਰਸਤੀ ਹਾਸਲ ਸੀ। ਪਾਕਿਸਤਾਨ ਦੀ ਦਿਉਬੰਦੀ ਇਸ ਸਾਰੀ ਮੂਵਮੈਂਟ ਦੇ ਪਿੱਛੇ ਸੀ। ਆਫੀਆ ਦੇ ਪਰਿਵਾਰ ਦਾ ਇਸੇ ਦਿਉਬੰਦੀ ਨਾਲ ਸਬੰਧ ਸੀ। ਸੋ ਆਫੀਆ ਇਸ ਸਭ ਨੂੰ ਬੜੀ ਰੁਮਾਂਚਤਕਾ ਨਾਲ ਵੇਖ ਰਹੀ ਸੀ। ਜਦੋਂ ਤਾਲੀਬਾਨਾਂ ਨੇ ਮਣੁੱਖੀ ਅਧਿਕਾਰਾਂ ਦਾ ਘਾਣ ਕਰਨ ਦੀ ਕੋਈ ਕਸਰ ਨਾ ਛੱਡੀ ਤਾਂ ਯੂ. ਐਨ. ਓ ਨੇ ਅਫਗਾਨਿਸਤਾਨ ਨੂੰ ਸਾਰੀ ਮੱਦਦ ਬੰਦ ਕਰ ਦਿੱਤੀ। ਇਸ ਤੋਂ ਚਿੜ੍ਹ ਕੇ ਕੱਟੜ ਲੀਡਰਾਂ ਨੇ ਅਲ ਰਸ਼ੀਦ ਨਾਂ ਦੀ ਜਥੇਬੰਦੀ ਸ਼ੁਰੂ ਕਰ ਲਈ ਜਿਸ ਦਾ ਕੰਮ ਤਾਲੀਬਾਨਾਂ ਲਈ ਫੰਡਾਂ ਦਾ ਪ੍ਰਬੰਧ ਕਰਨਾ ਸੀ। ਇਸ ਨੇ ਆਪਣੇ ਅਖਬਾਰ ਵੀ ਕੱਢ ਦਿੱਤੇ। ਆਫੀਆ ਇਸ ਸਭ ਦੇ ਹੱਕ ਵਿੱਚ ਸੀ। ਉਸਨੇ ਇਨ੍ਹਾਂ ਅਖਬਾਰਾਂ ਲਈ ਕਈ ਆਰਟੀਕਲ ਵੀ ਲਿਖੇ। ਇਸੇ ਦਰਮਿਆਨ ਅਮਰੀਕਾ ਨੇ ਅਫਗਾਨਿਸਤਾਨ ਨੂੰ ਅਗਾਹ ਕੀਤਾ ਕਿ ਉਹ ਸਾਊਦੀ ਅਰਬ ਦੇ ਕਰੋੜਾਂਪਤੀ ਮਿਲੀਟੈਂਟ, ਉਸਾਮਾ ਬਿਨ ਲਾਦਿਨ ਨੂੰ ਪਨਾਹ ਦੇਣੀ ਬੰਦ ਕਰੇ। ਪਰ ਤਾਲੀਬਾਨਾਂ ਨੇ ਇਸ ਦਾ ਕੋਈ ਨੋਟਿਸ ਨਾ ਲਿਆ। ਆਫੀਆ ਇਸ ਗੱਲ ਕਰਕੇ ਵੀ ਤਾਲੀਬਾਨਾਂ ਦੇ ਹੱਕ ਵਿੱਚ ਨਿਤਰੀ। ਉਸਦੇ ਲਈ ਉਸਾਮਾ ਬਿਨ ਲਾਦਿਨ ਹੀਰੋ ਸੀ।
ਉਸਾਮਾ ਬਿਨ ਲਾਦਿਨ ਅਮਰੀਕਾ ਦੀਆਂ ਨਜ਼ਰਾਂ ਵਿੱਚ ਪਹਿਲੀ ਵਾਰ ਉਦੋਂ ਆਇਆ ਜਦੋਂ 1993 'ਚ ਵਰਲਡ ਟਰੇਡ ਸੈਂਟਰ ਦੇ ਨਾਰਥ ਟਾਵਰ ਦੀ ਪਾਰਕਿੰਗ ਵਿੱਚ ਬੰਬ ਧਮਾਕਾ ਕਰਨ ਵਾਲੇ ਰਮਜੀ ਯੂਸਫ 'ਤੇ ਕੇਸ ਚੱਲਿਆ। ਇਨਕੁਆਰੀ ਦਰਮਿਆਨ ਪਤਾ ਚੱਲਿਆ ਕਿ ਆਪਣੀ ਰੂਪੋਸ਼ ਜ਼ਿੰਦਗੀ ਦਰਮਿਆਨ ਰਮਜੀ ਯੂਸਫ ਉਸਾਮਾ ਬਿਨ ਲਾਦਿਨ ਦੇ ਗੈਸਟ ਹਾਊਸ ਵਿੱਚ ਠਹਿਰਦਾ ਰਿਹਾ ਸੀ। ਇੱਥੋਂ ਹੀ ਉਸਾਮਾ ਬਿਨ ਲਾਦਿਨ ਬਾਰੇ ਪੂਰੀ ਜਾਣਕਾਰੀ ਇਕੱਠੀ ਕੀਤੀ ਗਈ ਤਾਂ ਪਤਾ ਲੱਗਿਆ ਕਿ ਉਹ ਇੱਕ ਅਮੀਰ ਵਿਅਕਤੀ ਅਤੇ ਮਿਲੀਟੈਂਟ ਹੈ ਜੋ ਕਿ ਅਫਗਾਨਿਸਤਾਨ ਦੀ ਲੜਾਈ ਵਿੱਚ ਲੜਦਾ ਰਿਹਾ ਹੈ।
ਆਫੀਆ ਨੂੰ ਉਸਾਮਾ ਬਿਨ ਲਾਦਿਨ ਦੀ ਜੀਵਨਸ਼ੈਲੀ ਨੇ ਬਹੁਤ ਪ੍ਰਭਾਵਤ ਕੀਤਾ। ਜਦੋਂ ਉਹ ਭੁੰਝੇ ਬੈਠ ਕੇ ਖਾ ਰਿਹਾ ਹੁੰਦਾ ਜਾਂ ਆਪਣੇ ਸਾਥੀਆਂ ਨਾਲ ਜੰਗਲਾਂ ਵਿੱਚ ਭਟਕ ਰਿਹਾ ਹੁੰਦਾ ਤਾਂ ਆਫੀਆ ਦੀਆਂ ਅੱਖਾਂ ਭਰ ਆਉਂਦੀਆਂ। ਉਹ ਸੋਚਦੀ ਕਿ ਜੇਕਰ ਉਹ ਚਾਹੇ ਤਾਂ ਇੱਕ ਸ਼ਹਿਜਾਦੇ ਦੀ ਜ਼ਿੰਦਗੀ ਬਤੀਤ ਕਰ ਸਕਦਾ ਹੈ। ਪਰ ਉਸਨੇ ਸਭ ਕੁਝ ਧਰਮ ਨੂੰ ਅਰਪਣ ਕਰ ਦਿੱਤਾ ਹੈ। ਆਫੀਆ ਦੇ ਦਿਲ 'ਚ ਜੇਕਰ ਮੁਹੰਮਦ ਸਾਹਿਬ ਤੋਂ ਪਿੱਛੋਂ ਕਿਸੇ ਦੀ ਇੱਜ਼ਤ ਸੀ ਤਾਂ ਉਹ ਉਸਾਮਾ ਬਿਨ ਲਾਦਿਨ ਦੀ ਸੀ।
Chahals57@yahoo.com
Ph. 0017033623239

No comments:

Post a Comment