Thursday 15 November 2012

ਤੇਰਾਂ :---


ਪੋਸਟਿੰਗ : ਅਨੁ. ਮਹਿੰਦਰ ਬੇਦੀ ਜੈਤੋ




ਆਫੀਆ ਸਦੀਕੀ ਦਾ ਜਿਹਾਦ…:: ਲੇਖਕ : ਹਰਮਹਿੰਦਰ ਚਹਿਲ :---


26 ਜੂਨ 2002 ਨੂੰ ਅਮਜਦ ਅਤੇ ਆਫੀਆ ਬੱਚਿਆਂ ਸਮੇਤ ਕਰਾਚੀ ਏਅਰਪੋਰਟ 'ਤੇ ਆ ਉੱਤਰੇ। ਉਹ ਘਰੇ ਪਹੁੰਚਿਆ ਤਾਂ ਉਸਦੇ ਘਰ ਦੇ ਉਨ੍ਹਾਂ ਦੇ ਆਉਣ 'ਤੇ ਖ਼ਫਾ ਸਨ। ਰਾਤ ਵੇਲੇ ਨਈਮ ਖਾਂ ਨੇ ਅਮਜਦ ਨਾਲ ਗੱਲ ਛੇੜੀ, ''ਤੂੰ ਨਾ ਟਲਿਆ ਫਿਰ? ਆਪਣੀ ਪੁਗਾ ਕੇ ਈ ਹਟਿਆ ਨਾ। ਤੈਨੂੰ ਮੈਂ ਬਥੇਰਾ ਕਿਹਾ ਕਿ ਇਸ ਵੇਲੇ ਆਪਣਾ ਕੈਰੀਅਰ ਵਿਚਕਾਰ ਛੱਡ ਕੇ ਆਉਣਾ ਤੇਰੇ ਲਈ ਠੀਕ ਨ੍ਹੀਂ ਐ। ਪਰ ਤੇਰੇ ਕੋਈ ਗੱਲ ਖਾਨੇ 'ਚ ਵੜੇ ਤਾਂ ਈ ਐ ਨਾ।''
'ਅੱਬੂ ਮੇਰੇ ਸਾਰੇ ਨ੍ਹੀਂ ਐ। ਅੱਲਾ ਖੈਰ ਕਰੇ, ਕਿਧਰੇ ਮੈਨੂੰ ਅਗਾਂਹ ਇਸ ਤੋਂ ਵੀ ਵੱਡੇ ਇਮਤਿਹਾਨ 'ਚ ਨਾ ਪੈਣਾ ਪੈ ਜਾਵੇ।''
ਅਮਜਦ ਦੀ ਇਸ ਇੱਕੋ ਗੱਲ ਤੋਂ ਈ ਪਰਿਵਾਰ ਸਾਰੀ ਗੱਲ ਸਮਝ ਗਿਆ। ਨਈਮ ਖਾਂ ਤੋਂ ਰਿਹਾ ਨਾ ਗਿਆ ਤਾਂ ਉਹ ਬੋਲਿਆ, ''ਇਸ ਕੁੜੀ ਨੇ ਮੇਰੇ ਪੁੱਤਰ ਦਾ ਭਵਿੱਖ ਤਬਾਹ ਕਰਕੇ ਰੱਖ ਦਿੱਤਾ।'' ਨਈਮ ਖਾਂ ਗੁੱਸੇ 'ਚ ਬੋਲ ਰਿਹਾ ਸੀ ਤਾਂ ਉਸਦੀ ਘਰਵਾਲੀ ਨੇ ਉਸਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ ਕਿਉਂਕਿ ਬਾਹਰ ਖੜ੍ਹੀ ਆਫੀਆ ਚੋਰੀਉਂ ਉਨ੍ਹਾਂ ਦੀਆਂ ਗੱਲਾਂ ਸੁਣ ਰਹੀ ਸੀ। ਨਈਮ ਖਾਂ ਚੁੱਪ ਹੋ ਗਿਆ ਪਰ ਆਫੀਆ ਅੰਦਰੇ ਅੰਦਰ ਵਲ ਖਾ ਗਈ। ਉਹ ਉਸੇ ਸ਼ਾਮ ਬੱਚਿਆਂ ਸਮੇਤ ਅਮਜਦ ਨੂੰ ਲੈ ਕੇ ਪੇਕੇ ਚਲੀ ਗਈ। ਉੱਥੇ ਜਾ ਕੇ ਉਸਨੇ ਸਭ ਤੋਂ ਪਹਿਲਾਂ ਅਮਜਦ ਨੂੰ ਪਾਸੇ ਬਿਠਾ ਲਿਆ ਤੇ ਬੋਲੀ, ''ਅਮਜਦ ਹੁਣ ਮੌਕਾ ਆ ਗਿਆ ਐ ਕਿ ਤੈਨੂੰ ਕੋਈ ਫੈਸਲਾ ਕਰਨਾ ਪਊਗਾ।''
''ਫੈਸਲਾ! ਫੈਸਲਾ ਕਾਹਦੇ ਬਾਰੇ?''
''ਹੁਣ ਇਹ ਫੈਸਲਾ ਕਰ ਲੈ ਕਿ ਤੂੰ ਮੇਰੇ ਨਾਲ ਰਹਿਣਾ ਐਂ ਜਾਂ ਆਪਣੇ ਘਰਦਿਆਂ ਨਾਲ?''
''ਆਫੀਆ ਇਹ ਤੂੰ ਕੀ ਕਹਿ ਰਹੀ ਐਂ। ਘਰਾਂ 'ਚ ਆਪਸੀ ਗੁੱਸੇ ਗਿੱਲੇ ਤਾਂ ਹੁੰਦੇ ਈ ਰਹਿੰਦੇ ਨੇ। ਇਸਦਾ ਮਤਲਬ ਇਹ ਥੋੜਾ ਈ ਐ ਕਿ ਮੀਆਂ ਬੀਵੀ ਵੱਖਰੇ ਹੋ ਜਾਣ।''
'ਨ੍ਹੀਂ ਅਮਜਦ ਤੈਨੂੰ ਫੈਸਲਾ ਲੈਣਾ ਈ ਪਊਗਾ। ਤੈਨੂੰ ਪਤਾ ਈ ਐ ਕਿ ਮੈਂ ਆਮ ਔਰਤ ਨ੍ਹੀਂ ਆਂ। ਮੈਂ ਇਹ ਵਿੱਚ ਵਿਚਾਲੇ ਜਿਹੇ ਦਾ ਰਸਤਾ ਹੋਰ ਬਰਦਾਸ਼ਤ ਨ੍ਹੀਂ ਕਰ ਸਕਦੀ।'' ਉਹ ਗੁੱਸੇ 'ਚ ਕੰਬੀ ਜਾ ਰਹੀ ਸੀ। ਉਸਦੀ ਮਾਂ ਨੇ ਉਸਨੂੰ ਟਿਕਾਉਣ ਦੀ ਕੋਸ਼ਿਸ਼ ਕੀਤੀ। ਪਰ ਆਫੀਆ ਨੇ ਉਸਦੀ ਕੋਈ ਗੱਲ ਨਾ ਸੁਣੀ। ਆਫੀਆ ਚੀਕਦੀ ਚਿਲਾਉਂਦੀ ਰਹੀ ਪਰ ਅਮਜਦ ਉੱਠ ਕੇ ਬਾਹਰ ਚਲਾ ਗਿਆ। ਸ਼ਾਮ ਤੱਕ ਗੱਲ ਕੁਝ ਠੰਢੀ ਹੋ ਗਈ ਸੀ ਪਰ ਅਗਲੇ ਦਿਨ ਹੀ ਆਫੀਆ ਨੇ ਫਿਰ ਤੋਂ ਬਾਵਵੇਲਾ ਖੜ੍ਹਾ ਕਰ ਦਿੱਤਾ। ਉਸਦੀ ਉਹੀ ਮੰਗ ਸੀ ਕਿ ਜਾਂ ਉਸਨੂੰ ਛੱਡ ਦੇਵੇ ਜਾਂ ਆਪਣੇ ਘਰਦਿਆਂ ਨੂੰ। ਅਮਜਦ ਨੂੰ ਆਫੀਆ ਨਾਲ ਅਤੇ ਬੱਚਿਆਂ ਨਾਲ ਬਹੁਤ ਲਗਾਉ ਸੀ ਪਰ ਉਹ ਉਸਦੇ ਵਰਤਾਅ ਤੋਂ ਤੰਗ ਆ ਚੁੱਕਾ ਸੀ। ਹੁਣ ਉਸਦੇ ਸ਼ੱਕ ਪੁਖਤਾ ਹੁੰਦੇ ਜਾ ਰਹੇ ਸਨ ਕਿ ਇਹ ਅਜਿਹਾ ਕੁਝ ਕਰਦੀ ਰਹੀ ਹੈ ਜੋ ਕਿ ਸਹੀ ਨਹੀਂ ਹੋਣਾ। ਅਤੇ ਉਸਨੇ ਇਹ ਸਭ ਕੀਤਾ ਵੀ ਉਸ ਤੋਂ ਚੋਰੀਉਂ ਹੈ। ਆਫੀਆ ਦਾ ਉਸ 'ਤੇ ਦਬਾਅ ਵਧਦਾ ਜਾ ਰਿਹਾ ਸੀ, ਨਾਲ ਹੀ ਉਹ ਇਹ ਜ਼ੋਰ ਵੀ ਪਾ ਰਹੀ ਸੀ ਕਿ ਹੁਣ ਮੌਕਾ ਆ ਗਿਆ ਹੈ ਕਿ ਉਨ੍ਹਾਂ ਨੂੰ ਜਿਹਾਦ ਵਿੱਚ ਸ਼ਾਮਲ ਹੋ ਜਾਣਾ ਚਾਹੀਦਾ ਹੈ। ਖਾਸ ਤੌਰ 'ਤੇ ਉਹ ਜੈਸ਼ੇ ਮੁਹੰਮਦ ਕੈਂਪ 'ਚ ਜਾਣ ਲਈ ਕਾਹਲ ਕਰ ਰਹੀ ਸੀ। ਅਮਜਦ ਇੰਨਾ ਅੱਕ ਗਿਆ ਕਿ ਉਸਨੇ ਕਿਸੇ ਧਾਰਮਿਕ ਰਹਿਨੁਮਾ ਦੀ ਸਲਾਹ ਲੈਣੀ ਚਾਹੀ। ਉਹ ਆਫੀਆ ਨੂੰ ਲੈ ਕੇ ਪਾਕਿਸਤਾਨ ਦੇ ਦਿਉਬੰਦੀ ਸੈਕਟ ਦੇ ਸਭ ਤੋਂ ਵੱਡੇ ਇਮਾਮ ਕੋਲ ਚਲਾ ਗਿਆ। ਇਹ ਇਮਾਮ ਦੋਨਾਂ ਦੇ ਪਰਿਵਾਰਾਂ ਨੂੰ ਚੰਗੀ ਤਰ੍ਹਾਂ ਜਾਣਦਾ ਸੀ। ਇਮਾਮ ਨੇ ਉਨ੍ਹਾਂ ਦੀਆਂ ਗੱਲਾਂ ਸੁਣੀਆਂ। ਉਸਨੇ ਆਫੀਆ ਦਾ ਜਿਹਾਦ ਵਿੱਚ ਸ਼ਾਮਲ ਹੋਣ ਦਾ ਨੁਕਤਾ ਬੜੇ ਧਿਆਨ ਨਾਲ ਵਿਚਾਰਦਿਆਂ ਉਸਨੂੰ ਪੁੱਛਿਆ, ''ਆਫੀਆ ਬੇਟੀ, ਤੂੰ ਘਰ ਵਾਲੇ ਸਮੇਤ, ਜੈਸ਼ੇ ਮੁਹੰਮਦ ਦੇ ਕੈਂਪ ਵਿੱਚ ਜਾ ਕੇ ਕਿਉਂ ਰਹਿਣਾ ਚਾਹ ਰਹੀ ਐਂ?''
'ਕੈਂਪ 'ਚ ਰਹਿੰਦਿਆਂ ਮੈਂ ਯਤੀਮ ਬੱਚਿਆਂ ਨੂੰ ਪੜ੍ਹਾਊਂਗੀ ਤੇ ਅਮਜਦ ਉੱਥੇ ਗਰੀਬਾਂ ਲਈ ਹਸਪਤਾਲ ਚਲਾਏਗਾ।''
'ਵੇਖ ਬੇਟੀ, ਅੱਜ ਕੱਲ੍ਹ ਜ਼ਮਾਨਾ ਬਦਲ ਗਿਆ ਐ। ਗਰੀਬਾਂ ਦੀ ਸੇਵਾ ਲਈ ਤੁਹਾਨੂੰ ਉਜਾੜ ਥਾਵਾਂ 'ਤੇ ਜਾਣ ਦੀ ਲੋੜ ਨ੍ਹੀਂ ਐ। ਤੁਸੀਂ ਇੱਥੇ ਕਰਾਚੀ 'ਚ ਰਹਿੰਦੇ ਹੋਏ, ਸਮਾਜ ਸੇਵਾ ਦੇ ਇਹ ਸਾਰੇ ਕੰਮ ਕਰ ਸਕਦੇ ਓਂ। ਸਗੋਂ ਮੈਂ ਤਾਂ ਇਹ ਕਹੂੰਗਾ ਕਿ ਤੁਸੀਂ ਜੋ ਅਮਰੀਕਾ 'ਚ ਰਹਿ ਕੇ ਉੱਚੀ ਤਾਲੀਮ ਹਾਸਿਲ ਕੀਤੀ ਐ ਉਸ ਨੂੰ ਲੋਕਾਂ ਵਿੱਚ ਵੰਡੋ। ਇਹੀ ਸਭ ਤੋਂ ਵੱਡਾ ਧਰਮ ਦਾ ਕੰਮ ਐ।''
'ਤਾਂ ਫਿਰ ਜਿਹਾਦ ਕੌਣ ਲੜੂਗਾ?'' ਭੜਕਦੀ ਹੋਈ ਆਫੀਆ ਉੱਚੀ ਬੋਲੀ ਤਾਂ ਇਮਾਮ ਹੈਰਾਨ ਰਹਿ ਗਿਆ। ਅੱਜ ਤੱਕ ਕਿਸੇ ਨੇ ਉਸ ਨਾਲ ਇਸ ਤਰ੍ਹਾਂ ਗੱਲ ਨਹੀਂ ਕੀਤੀ ਸੀ। ਪਰ ਉਹ ਫਿਰ ਵੀ ਸ਼ਾਂਤ ਰਹਿੰਦਾ ਹੋਇਆ ਆਫੀਆ ਨੂੰ ਮੁਖਾਬਤ ਹੋਇਆ, ''ਆਫੀਆ ਬੇਟੀ, ਮੈਂ ਇੱਕ ਵਾਰ ਫਿਰ ਕਹੂੰਗਾ ਕਿ ਤੁਹਾਡਾ ਪਹਿਲਾ ਕੰਮ ਆਪਣਾ ਪਰਿਵਾਰ ਸੰਭਾਲਣਾ ਐ। ਇਸ ਤੋਂ ਪਿੱਛੋਂ ਜੇਕਰ ਤੁਹਾਡੇ ਕੋਲ ਵਕਤ ਬਚਦਾ ਹੈ ਤਾਂ ਉਹ ਤੁਸੀਂ ਸਮਾਜ ਸੇਵਾ ਲਈ ਵਰਤ ਸਕਦੇ ਓਂ। ਜੇ ਤੁਹਾਡੇ ਕੋਲ ਵਾਧੂ ਪੈਸਾ ਐ ਤਾਂ ਉਹ ਤੁਸੀਂ ਧਾਰਮਿਕ ਕੰਮਾਂ ਵਿੱਚ ਦਾਨ ਕਰ ਸਕਦੇ ਓਂ।''
'ਪਰ ਜਿਹਾਦ....।'' ਆਫੀਆ ਫਿਰ ਤੋਂ ਜਿਹਾਦ ਬਾਰੇ ਬੋਲਣ ਲੱਗੀ ਤਾਂ ਇਮਾਮ ਨੇ ਉਸਨੂੰ ਹੱਥ ਦਾ ਇਸ਼ਾਰਾ ਕਰਕੇ ਰੋਕ ਦਿੱਤਾ। ਫਿਰ ਬੜੀ ਹਲੀਮੀ ਨਾਲ ਉਹ ਬੋਲਣ ਲੱਗਿਆ, ''ਸਿਰਫ ਲੋਕਾਂ ਨੂੰ ਮਾਰਨਾਂ ਈ ਜਿਹਾਦ ਨ੍ਹੀਂ ਐ। ਜਿਹੜੇ ਡਾਕਟਰ ਕੈਂਸਰ ਦੀ ਬਿਮਾਰੀ ਦਾ ਇਲਾਜ ਕਰਕੇ ਮਰੀਜ਼ ਦੀ ਜਾਨ ਬਚਾਉਂਦੇ ਨੇ ਇਹ ਉਨ੍ਹਾਂ ਦਾ ਜਿਹਾਦ ਐ ਕੈਂਸਰ ਦੇ ਖਿਲਾਫ। ਤੁਸੀਂ ਡਾਕਟਰ, ਲੋਕਾਂ ਦੀਆਂ ਅੱਖਾਂ ਦਾ ਅਪਰੇਸ਼ਨ ਕਰਕੇ ਉਨ੍ਹਾਂ ਨੂੰ ਨਜ਼ਰ ਵਾਪਸ ਦਿੰਦੇ ਓ, ਉਹ ਤੁਹਾਡਾ ਜਿਹਾਦ ਐ ਅੰਨੇਪਣ ਦੇ ਖਿਲਾਫ। ਇਸ ਤਰ੍ਹਾਂ ਜਿੰਨੀਆਂ ਮਰਜ਼ੀ ਉਦਾਹਰਣਾ ਲੈ ਲਉ। ਤੂੰ ਇਹ ਮਿੱਥ ਲੈ ਕੇ ਤੂੰ ਅਣਪੜਤਾ ਦੇ ਖਿਲਾਫ ਜਿਹਾਦ ਲੜਨਾ ਐਂ ਤੇ ਗਰੀਬ ਬਸਤੀਆਂ 'ਚ ਜਾ ਕੇ ਬੱਚਿਆਂ ਨੂੰ ਮੁਫਤ ਤਾਲੀਮ ਦੇਣੀ ਸ਼ੁਰੂ ਕਰ, ਇਹ ਤੇਰਾ ਅਸਲੀ ਜਿਹਾਦ ਹੋਵੇਗਾ।''
ਇਸ ਪਿੱਛੋਂ ਇਮਾਮ ਨੇ ਗੱਲਬਾਤ ਬਰਖਾਸਤ ਕਰ ਦਿੱਤੀ। ਅਮਜਦ ਅਤੇ ਆਫੀਆ ਘਰ ਆ ਗਏ। ਅਗਲੇ ਦਿਨ ਉਹ ਅਮਜਦ ਦੇ ਘਰ ਚਲੇ ਗਏ। ਪਰ ਇਸ ਪਿੱਛੋਂ ਉਨ੍ਹਾਂ ਵਿਚਕਾਰ ਸੁਲਾਹ ਨਾ ਹੋਈ। ਇਸ ਗੱਲ ਦੇ ਦੋ ਦਿਨ ਪਿੱਛੋਂ ਇੱਕ ਦਿਨ ਅਮਜਦ ਨੇ ਵੇਖਿਆ ਕਿ ਉਸਦੇ ਬੈਂਕ ਵਿੱਚ ਅੱਠ ਹਜ਼ਾਰ ਡਾਲਰ ਘਟਦੇ ਹਨ। ਉਸਨੇ ਆਫੀਆ ਨਾਲ ਗੱਲ ਕੀਤੀ ਤਾਂ ਥੋੜ੍ਹੀ ਨਾਂਹ ਨੁੱਕਰ ਤੋਂ ਬਾਅਦ ਉਹ ਮੰਨ ਗਈ ਕਿ ਪੈਸੇ ਉਸਨੇ ਕਢਵਾਏ ਸਨ। ਅਮਜਦ ਨੇ ਪੁੱਛਿਆ ਕਿ ਉਸਨੇ ਇਹ ਪੈਸੇ ਕਿੱਥੇ ਵਰਤੇ ਹਨ।
''ਮੈਨੂੰ ਲੋੜ ਸੀ ਇਸ ਕਰਕੇ ਉਹ ਮੈਂ ਕਿਧਰੇ ਵਰਤ ਲਏ।''
'ਪਰ ਤੂੰ ਮੈਨੂੰ ਤਾਂ ਦੱਸਿਆ ਨ੍ਹੀਂ ਕਿ ਤੈਨੂੰ ਅਜਿਹੀ ਕੀ ਲੋੜ ਆਣ ਪਈ ਕਿ ਇਕੱਠਾ ਅੱਠ ਹਜ਼ਾਰ ਡਾਲਰ ਕਢਵਾ ਲਿਆ।''
''ਕਿਉਂ ਤੈਨੂੰ ਹਰ ਗੱਲ ਦੱਸਣੀ ਜ਼ਰੂਰੀ ਐ।'' ਆਫੀਆ ਭੜਕ ਉੱਠੀ।
'ਫਿਰ ਮੇਰੀ ਵੀ ਗੱਲ ਸੁਣ ਲੈ। ਤੇਰਾ ਮੇਰਾ ਇਕੱਠੇ ਰਹਿਣ ਦਾ ਕੀ ਫਾਇਦਾ ਜਦੋਂ ਤੂੰ ਹਰ ਗੱਲ ਦੀ ਮੈਥੋਂ ਚੋਰੀ ਰੱਖਦੀ ਐਂ। ਤੇਰੀ ਇੱਕ ਵੱਖਰੀ ਜ਼ਿੰਦਗੀ ਐ ਅਤੇ ਉਸ ਵਿੱਚ ਪਤਾ ਨ੍ਹੀਂ ਤੂੰ ਕੀ ਕਰਦੀ ਐਂ। ਮੈਂ ਅੱਕ ਚੁੱਕਿਆਂ ਆਂ ਤੇਰੀਆਂ ਜ਼ਿਆਦਤੀਆਂ ਸਹਿੰਦਾ। ਹੁਣ ਆਪਾਂ ਇੱਕ ਛੱਤ ਹੇਠਾਂ ਨ੍ਹੀਂ ਰਹਿ ਸਕਦੇ।''
ਆਫੀਆ ਨੇ ਬਿਨਾ ਕਿਸੇ ਗੱਲ ਦਾ ਜ਼ੁਆਬ ਦਿੰਦਿਆਂ ਬੱਚਿਆਂ ਨੂੰ ਚੁੱਕਿਆ ਤੇ ਟੈਕਸੀ ਲੈ ਕੇ ਪੇਕਿਆਂ ਦੇ ਘਰ ਤੁਰ ਗਈ। ਕਈ ਦਿਨ ਇਸ ਤਰ੍ਹਾਂ ਹੀ ਗੁਜ਼ਰ ਗਏ। ਫਿਰ ਦੋਨਾਂ ਪਰਿਵਾਰਾਂ ਦੇ ਵਡੇਰਿਆਂ ਨੇ ਸ਼ਾਂਝੇ ਬੰਦਿਆਂ ਦੀ ਮੱਦਦ ਨਾਲ ਇੱਕ ਮੁਲਾਕਤਾ ਦਾ ਪ੍ਰਬੰਧ ਕੀਤਾ ਤੇ ਉਨ੍ਹਾਂ ਵਿਚਕਾਰ ਸੁਲਹ ਕਰਵਾਉਣ ਦੀ ਕੋਸ਼ਿਸ਼ ਕੀਤੀ। ਇਹ ਗੱਲ ਸਿਰੇ ਵੀ ਚੜ੍ਹ ਗਈ। ਇਸ ਵਿੱਚ ਫੈਸਲਾ ਕੀਤਾ ਗਿਆ ਕਿ ਦੋਨੋਂ ਜਣੇ ਆਪਣਾ ਵੱਖਰਾ ਅਪਾਰਟਮੈਂਟ ਲੈ ਕੇ ਕਿਧਰੇ ਰਹਿਣ। ਉਨ੍ਹਾਂ ਲਈ ਵੱਖਰੇ ਅਪਾਰਟਮੈਂਟ ਦਾ ਇੰਤਜ਼ਾਮ ਕਰ ਦਿੱਤਾ ਗਿਆ। ਪਰ ਉੱਥੇ ਉਹ ਹਫਤਾ ਵੀ ਨਾ ਟਿਕੇ ਕਿ ਫਿਰ ਤੋਂ ਝਗੜਾ ਹੋ ਗਿਆ। ਕਾਫੀ ਦੇਰ ਬਹਿਸਬਾਜ਼ੀ ਹੋਣ ਤੋਂ ਬਾਅਦ ਅਮਜਦ ਨੇ ਠੰਢਾ ਹੌਂਕਾ ਭਰਦਿਆਂ ਕਿਹਾ, ''ਆਫੀਆ ਬੱਸ, ਹੁਣ ਆਪਾਂ ਹੋਰ ਇਕੱਠੇ ਨ੍ਹੀਂ ਰਹਿ ਸਕਦੇ।''
''ਤੂੰ ਫਿਰ ਕੀ ਕਰਨਾ ਚਾਹੁੰਨਾ ਐਂ?''
''ਮੈਂ ਤੈਥੋਂ ਤਲਾਕ ਚਾਹੁੰਨਾ ਆਂ।''
ਉਸਦੀ ਇਹ ਗੱਲ ਸੁਣ ਕੇ ਆਫੀਆ ਦੇ ਮੂੰਹ 'ਤੇ ਪਲਿੱਤਣ ਛਾ ਗਈ। ਉਸਨੇ ਬੱਚਿਆਂ ਨੂੰ ਚੁੱਕਿਆ ਤੇ ਆਪਣੇ ਮਾਂ ਪਿਉ ਦੇ ਘਰ ਚਲੀ ਗਈ। ਅਮਜਦ ਚੁੱਪ ਚਾਪ ਆਪਦੇ ਘਰ ਆ ਗਿਆ। ਦੋ ਕੁ ਹਫਤਿਆਂ ਪਿੱਛੋਂ ਖਾਨ ਪਰਿਵਾਰ ਨੇ ਫਿਰ ਤੋਂ ਵਡੇਰਿਆਂ ਦੀ ਬੈਠਕ ਬੁਲਾਉਣੀ ਚਾਹੀ ਪਰ ਆਫੀਆ ਦੇ ਪਰਿਵਾਰ ਵਾਲਿਆਂ ਉਨ੍ਹਾਂ ਨਾਲ ਗੱਲ ਕਰਨੀ ਬੰਦ ਕਰ ਦਿੱਤੀ। ਉਨ੍ਹਾਂ ਨੇ ਖਾਨ ਪਰਿਵਾਰ ਦਾ ਫੋਨ ਹੀ ਚੁੱਕਣਾ ਹੀ ਬੰਦ ਕਰ ਦਿੱਤਾ। ਉਂਝ ਤਾਂ ਅਮਜਦ ਤਿੰਨ ਵਾਰੀ ਤਲਾਕ ਕਹਿ ਕੇ ਤਲਾਕ ਲੈ ਸਕਦਾ ਸੀ ਪਰ ਹੁਣ ਸਦੀਕੀ ਪਰਿਵਾਰ ਉਸਦਾ ਫੋਨ ਹੀ ਨਹੀਂ ਚੁੱਕਦਾ ਸੀ ਤੇ ਆਫੀਆ ਨਾਲ ਗੱਲ ਹੋਣੀ ਤਾਂ ਦੂਰ ਦੀ ਗੱਲ। ਫਿਰ ਉਸਨੇ ਚਿੱਠੀ ਲਿਖ ਕੇ ਤਲਾਕ ਮੰਗਣ ਦਾ ਸੋਚਿਆ। ਪਰ ਇਸੇ ਵਿਚਕਾਰ ਹੀ ਆਫੀਆ ਦਾ ਪਿਉ, ਸੁਲੇਹ ਸਦੀਕੀ ਸਵਰਗਵਾਸ ਹੋ ਗਿਆ। ਭਾਵੇਂ ਸਦੀਕੀ ਪਰਿਵਾਰ ਵਾਲੇ ਅਮਜਦ ਨੂੰ ਆਫੀਆ ਦੇ ਪਿਉ ਦੀ ਮੌਤ ਦਾ ਜ਼ਿੰਮੇਵਾਰ ਠਹਿਰਾ ਰਹੇ ਸਨ ਪਰ ਸਭ ਨੂੰ ਪਤਾ ਸੀ ਕਿ ਉਹ ਇੱਕ ਚੰਗਾ ਬੰਦਾ ਸੀ ਜੋ ਕਿ ਸ਼ਾਇਦ ਆਫੀਆ ਅਤੇ ਅਮਜਦ ਵਿੱਚ ਇੱਕ ਸਮਝੌਤਾ ਹੋਰ ਕਰਵਾ ਸਕਦਾ ਸੀ। ਪਰ ਜਦੋਂ ਉਹ ਨਾ ਰਿਹਾ ਤਾਂ ਸਭ ਉਮੀਦਾਂ ਖਤਮ ਹੋ ਗਈਆਂ। ਉਦੋਂ ਜਿਹੇ ਹੀ ਆਫੀਆ ਨੇ ਹਸਪਤਾਲ ਵਿੱਚ ਮੁੰਡੇ ਨੂੰ ਜਨਮ ਦਿੱਤਾ। ਪਰ ਉਸਨੇ ਜਾਂ ਉਸਦੇ ਪਰਿਵਾਰ ਵਾਲਿਆਂ ਨੇ ਅਮਜਦ ਨੂੰ ਇਸ ਬੱਚੇ ਬਾਰੇ ਭਿਣਕ ਨਾ ਪੈਣ ਦਿੱਤੀ। ਨਾ ਹੀ ਉਨ੍ਹਾਂ ਮੁੜ ਕੇ ਅਮਜਦ ਨੂੰ ਦੂਸਰੇ ਬੱਚਿਆਂ ਨੂੰ ਮਿਲਣ ਦਿੱਤਾ। ਇਸੇ ਵਿਚਕਾਰ ਹੀ ਸਰਕਾਰੀ ਕਰਿੰਦੇ ਤਲਾਕ ਵਾਲਾ ਕਾਗਜ਼ ਲੈ ਕੇ ਆਫੀਆ ਕੋਲ ਗਏ ਤਾਂ ਉਸਨੇ ਇਸ 'ਤੇ ਦਸਤਖਤ ਕਰਨ ਤੋਂ ਇਨਕਾਰ ਕਰ ਦਿੱਤਾ। ਇੱਕ ਦਿਨ ਸ਼ਾਮ ਵੇਲੇ ਅਮਜਦ ਦੀ ਮਾਂ ਨੇ ਉਸ ਨਾਲ ਗੱਲ ਛੇੜੀ, ''ਅਮਜਦ ਬੇਟੇ ਆਪਾਂ ਹਰ ਹੀਲਾ ਵਰਤ ਕੇ ਵੇਖ ਲਿਆ ਪਰ ਗੱਲ ਕਿਸੇ ਸਿਰੇ ਨ੍ਹੀਂ ਲੱਗਦੀ।''
''ਅੰਮੀ ਸ਼ਾਇਦ ਆਫੀਆ ਨੂੰ ਅਕਲ ਆ ਜਾਵੇ ਤੇ ਉਹ ਤਲਾਕ ਵਾਲੇ ਕਾਗਜ਼ 'ਤੇ ਦਸਤਖਤ ਕਰ ਦੇਵੇ।'' ਉਂਝ ਉਹ ਦਿਲੋਂ ਇਹ ਚਾਹੁੰਦਾ ਸੀ ਕਿ ਕਾਸ਼ ਆਫੀਆ ਸੁਧਰ ਜਾਵੇ ਤੇ ਤਲਾਕ ਵਾਲਾ ਮਸਲਾ ਟਲ ਜਾਵੇ। ਇਸ ਸੋਚ ਉਸਦੀ ਆਫੀਆ ਪ੍ਰਤੀ ਮੁਹੱਬਤ 'ਚੋਂ ਨਿਕਲਦੀ ਸੀ।
'ਨ੍ਹੀਂ ਬੇਟੇ ਹਰ ਗੱਲ ਦਾ ਇੱਕ ਵਕਤ ਹੁੰਦਾ ਐ। ਜਦੋਂ ਗੱਲ ਕਿਸੇ ਖਾਸ ਮੁਕਾਮ ਤੋਂ ਅੱਗੇ ਚਲੀ ਜਾਵੇ ਤਾਂ ਫਿਰ ਦੁਬਾਰਾ ਤੋਂ ਇਕੱਠੇ ਰਹਿਣ ਦੀ ਕੋਈ ਤੁਕ ਨ੍ਹੀਂ ਰਹਿ ਜਾਂਦਾ।'' ਉਸਦੀ ਮਾਂ ਉਸਦੇ ਮਨ ਦੇ ਭਾਵ ਸਮਝਦੀ ਸੀ।
''ਠੀਕ ਐ ਅੰਮੀ ਜਿਵੇਂ ਤੁਹਾਡੀ ਮਰਜ਼ੀ ਐ ਉਵੇਂ ਕਰ ਲਵੋ।''
''ਅਮਜਦ ਬੇਟੇ ਪਿਛਲੀ ਵਾਰ ਮੈਥੋਂ ਗਲਤੀ ਹੋਈ ਜਿਸਦੀ ਤੈਨੂੰ ਇੰਨੀ ਸਜ਼ਾ ਭੁਗਤਣੀ ਪਈ। ਇਸ ਵਾਰ ਮੈਂ ਰਿਸ਼ਤਾ ਆਪਣੇ ਹੀ ਪਰਿਵਾਰ 'ਚੋਂ ਲੱਭੂੰਗੀ।''
ਅਮਜਦ ਨੇ ਇਸ ਗੱਲ ਦਾ ਕੋਈ ਜ਼ੁਆਬ ਨਾ ਦਿੱਤਾ ਤੇ ਉਹ ਉੱਠ ਕੇ ਦੂਸਰੇ ਕਮਰੇ 'ਚ ਚਲਾ ਗਿਆ। ਅਸਲ ਵਿੱਚ ਜਾਹਿਰਾ ਖਾਂ ਨੇ ਆਪਣੇ ਪੇਕਿਆਂ ਵੱਲੋਂ ਘਰਾਂ 'ਚੋਂ ਲੱਗਦੇ ਕਿਸੇ ਭਰਾ ਦੀ ਕੁੜੀ, ਉਸ ਲਈ ਪਸੰਦ ਕਰ ਰੱਖੀ ਸੀ। ਬੱਸ ਉਹ ਅਮਜਦ ਦੀ ਸਹਿਮਤੀ ਚਾਹੁੰਦੀ ਸੀ। ਇਹ ਮਸਲਾ ਵੀ ਹੱਲ ਹੋ ਗਿਆ ਤਾਂ ਗੱਲ ਅੱਗੇ ਚਲਾ ਦਿੱਤੀ ਗਈ। ਜਾਹਿਰਾ ਖਾਂ ਅਤੇ ਨਵੀਂ ਲਾੜੀ ਦਾ ਪਿਉ ਚਾਹੁੰਦੇ ਸਨ ਕਿ ਇਹ ਵਿਆਹ ਵਾਲਾ ਮਸਲਾ ਛੇਤੀ ਹੱਲ ਹੋ ਜਾਵੇ। ਉਨ੍ਹਾਂ ਨੂੰ ਡਰ ਸੀ ਕਿ ਕਿਧਰੇ ਆਫੀਆ ਫਿਰ ਤੋਂ ਅਮਜਦ ਨਾਲ ਪਿਆਰ ਜਤਾ ਕੇ ਵਾਪਸ ਨਾ ਆ ਜਾਵੇ। ਕਾਹਲੀ ਕਾਹਲੀ ਵਿੱਚ ਸਾਦੀ ਜਿਹੀ ਰਸਮ ਕਰਕੇ ਮੰਗਣੀ ਕਰ ਦਿੱਤੀ ਗਈ। ਅਮਜਦ ਦੇ ਘਰਵਾਲੇ ਚਾਹੁੰਦੇ ਸਨ ਕਿ ਇਸਦੇ ਨਾਲ ਹੀ ਜੇਕਰ ਆਫੀਆ ਦੇ ਤਲਾਕ ਦਾ ਨਿੱਬੜ ਜਾਵੇ ਤਾਂ ਫਿਰ ਉਹ ਬਿਲਕੁਲ ਨਿਸ਼ਚਿੰਤ ਹੋ ਜਾਣਗੇ। ਪਰ ਇਹੋ ਇੱਕ ਮਸਲਾ ਉਨ੍ਹਾਂ ਨੂੰ ਸਭ ਤੋਂ ਵੱਧ ਔਖਾ ਲੱਗ ਰਿਹਾ ਸੀ।
ਮੰਗਣੀ ਵਾਲੀ ਸ਼ਾਮ ਅਮਜਦ ਨੇ ਆਪਣੀ ਹੋਣ ਵਾਲੀ ਨਵੀਂ ਬੀਵੀ ਨੂੰ ਸ਼ਾਮ ਦੇ ਡਿੰਨਰ 'ਤੇ ਲੈ ਕੇ ਜਾਣਾ ਸੀ। ਇਸੇ ਲਈ ਉਸਨੇ ਸ਼ਾਮ ਦਾ ਕੰਮ ਨਿਬੇੜ ਲਿਆ। ਉਦੋਂ ਹੀ ਇੱਕ ਨਰਸ ਨੇ ਆ ਕੇ ਉਸਨੂੰ ਸੁਨੇਹਾ ਦਿੱਤਾ ਕਿ ਕੋਈ ਕੁੜੀ ਉਸਨੂੰ ਮਿਲਣ ਆਈ ਹੈ। ਉਸਨੇ ਸੋਚਿਆ ਕਿ ਉਸਦੀ ਨਵੀਂ ਦੁਲਹਣ ਹੋਵੇਗੀ। ਉਸ ਨੇ ਡਾਕਟਰਾਂ ਵਾਲਾ ਗਾਊਨ ਲਾਹ ਦਿੱਤਾ ਤੇ ਆਪਣੇ ਕੱਪੜੇ ਬਗੈਰਾ ਠੀਕ ਕੀਤੇ। ਉਹ ਜਿਉਂ ਹੀ ਬਾਹਰ ਆਇਆ ਤਾਂ ਵੇਖਦਾ ਹੀ ਰਹਿ ਗਿਆ। ਸਾਹਮਣੇ ਆਫੀਆ ਬੈਠੀ ਹੋਈ ਸੀ। ਉਹ ਉਸਨੂੰ ਇੰਨੀ ਸੁੰਦਰ ਲੱਗੀ ਜਿੰਨੀ ਕਿ ਪਹਿਲੀ ਮੁਲਾਕਤ ਵੇਲੇ ਵੀ ਨਹੀਂ ਲੱਗੀ ਸੀ। ਉੱਥੇ ਆਲੇ ਦੁਆਲੇ ਦੇ ਸਟਾਫ ਨੂੰ ਵੀ ਇਹੋ ਸੀ ਕਿ ਇਹ ਅਮਜਦ ਦੀ ਹੋਣ ਵਾਲੀ ਬੀਵੀ ਹੈ। ਉਸ ਵੱਲ ਵੇਖਦਿਆਂ ਅਮਜਦ ਨੇ ਅੰਦਾਜ਼ਾ ਲਾ ਲਿਆ ਕਿ ਇਹ ਤਕਰਬੀਨ ਮਹੀਨਾ ਪਹਿਲਾਂ ਬੱਚੇ ਨੂੰ ਜਨਮ ਦੇ ਚੁੱਕੀ ਹੋਵੇਗੀ। ਪਰ ਫਿਰ ਵੀ ਇਸ ਵੇਲੇ ਉਸਦੀ ਖੂਬਸੂਰਤੀ ਲਾਜ਼ੁਆਬ ਸੀ।
'ਜਨਾਬ ਕਿਨ੍ਹਾਂ ਸੋਚਾਂ 'ਚ ਗੁੰਮ ਨੇ?'' ਆਫੀਆ ਨੇ ਅਗਾਂਹ ਹੁੰਦਿਆਂ ਬੜੇ ਹੀ ਮੋਹ ਨਾਲ ਅਮਜਦ ਦੀ ਬਾਂਹ ਫੜ੍ਹ ਲਈ। ਅਮਜਦ ਦੀ ਰੂਹ ਨੂੰ ਸ਼ਾਂਤੀ ਮਿਲ ਗਈ।
''ਮੈਂ ਤਾਂ ਤੈਨੂੰ ਈ ਵੇਖ ਰਿਹਾ ਸੀ। ਕਿੰਨੀ ਖੂਬਸੂਰਤ ਲੱਗ ਰਹੀ ਐਂ। ਪਰ....।''
''ਪਰ....ਪਰ ਕੀ ਮੇਰੇ ਭੋਲੇ ਭਾਲੇ ਡਾਕਟਰ ਸਾਹਿਬ?'' ਆਫੀਆ ਨੇ ਉਸਦੀ 'ਪਰ' ਦਾ ਮਤਲਬ ਸਮਝਦਿਆਂ ਹੋਇਆਂ ਗੁੱਝਾ ਮਾਖੌਲ ਕੀਤਾ।
''ਹੁਣ ਸਮਝ ਗਈ ਐਂ ਤਾਂ ਆਪ ਈ ਦੱਸਦੇ।''
''ਤੇਰਾ ਛੋਟਾ ਸਾਹਿਬਜਾਦਾ ਇੱਕ ਮਹੀਨੇ ਦਾ ਹੋ ਚੁੱਕਿਆ ਐ।'' ਆਫੀਆ ਨੇ ਉਸਦੀ ਬਾਂਹ 'ਤੇ ਪੋਲੀ ਚੂੰਢੀ ਵੱਡੀ।
'ਤੇ ਮੈਨੂੰ ਪਤਾ ਵੀ ਨ੍ਹੀਂ?'' ਅਮਜਦ ਨੇ ਰੋਸਾ ਵਿਖਾਇਆ।
'ਮੈਂ ਮੰਨਦੀ ਆਂ ਇਹ ਗੱਲ। ਪਰ ਕਈ ਵਾਰ ਇਨਸਾਨ ਦੇ ਹੱਥ ਵੱਸ ਕੁਝ ਨ੍ਹੀਂ ਹੁੰਦਾ। ਹੁਣ ਤੂੰ ਈ ਦੱਸ ਕਿ ਉਸ ਵੇਲੇ ਮੈਂ ਤਾਂ ਤੈਨੂੰ ਇਹ ਖ਼ਬਰ ਦੇਣ ਦੀ ਹਾਲਤ 'ਚ ਨ੍ਹੀਂ ਸੀ। ਘਰ ਦੇ ਕਿਸੇ ਹੋਰ ਮੈਂਬਰ ਨੇ ਤੁਹਾਡੇ ਵੱਲ ਇਹ ਇਤਲਾਹ ਭੇਜਣੀ ਸੀ। ਪਰ ਮੇਰਾ ਖਿਆਲ ਐ ਕਿ ਆਪਣੇ ਘਰਵਾਲੇ ਆਪਾਂ ਨੂੰ ਜੋੜਨ ਨਾਲੋਂ ਤੋੜਨ ਵੱਲ ਵੱਧ ਧਿਆਨ ਦੇ ਰਹੇ ਨੇ।'' ਆਫੀਆ ਨੇ ਬਹਾਨੇ ਨਾਲ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਉਸਦੇ ਆਪਣੇ ਘਰ ਵਾਲਿਆਂ ਨੇ ਹੀ ਅਮਜਦ ਦੇ ਘਰ ਨਹੀਂ ਦੱਸਿਆ ਹੋਵੇਗਾ। ਸਗੋਂ ਉਸਨੇ ਆਪਣੇ ਘਰ ਵਾਲਿਆਂ ਦਾ ਕਸੂਰ ਵੀ ਕੱਢਿਆ।
ਅਮਜਦ ਕੁਝ ਨਾ ਬੋਲਿਆ ਤਾਂ ਆਫੀਆ ਨੇ ਉਸਦੀ ਠੋਡੀ ਘੁਮਾ ਕੇ ਆਪਣੇ ਵੱਲ ਕਰਦਿਆਂ ਕਿਹਾ, ''ਚੱਲ ਹੁਣ ਤਾਂ ਇਸ ਗੱਲ ਬਾਰੇ ਮੁਆਫ ਕਰਦੇ। ਹੁਣ ਤਾਂ ਮੈਂ ਆਪ ਚੱਲ ਕੇ ਤੈਨੂੰ ਦੱਸਣ ਆਈ ਆਂ।'' ਆਫੀਆ ਨੇ ਖੂਬਸੂਰਤ ਅਦਾ ਕਰਦਿਆਂ ਕੰਨਾਂ ਨੂੰ ਹੱਥ ਲਾਏ।
ਅਮਜਦ ਨੂੰ ਆਫੀਆ ਦਾ ਭੋਲਾਪਣ ਅੰਦਰ ਤੱਕ ਭਾਅ ਗਿਆ। ਉਸਨੇ ਉਸਦਾ ਹੱਥ ਘੁੱਟ ਕੇ ਫੜ੍ਹ ਲਿਆ। ਉਹ ਉਵੇਂ ਤੁਰਦੇ ਬਾਹਰ ਨੂੰ ਆ ਗਏ।
''ਮੇਰਾ ਖਿਆਲ ਐ ਕਿ ਮੇਰਾ ਪਿਆਰਾ ਪਿਆਰਾ ਘਰਵਾਲਾ ਇੰਨਾ ਤਾਂ ਸਮਝਦਾ ਈ ਹੋਵੇਗਾ ਕਿ ਸ਼ਾਮ ਦਾ ਵੇਲਾ ਐ ਤੇ ਮੈਨੂੰ ਭੁੱਖ ਵੀ ਬਹਤ ਲੱਗੀ ਹੋਊਗੀ?''
''ਉਹ ਹਾਂ ਹਾਂ! ਆਪਾਂ ਨੇੜਲੇ ਕਿਸੇ ਰੈਸਟੋਰੈਂਟ 'ਚ ਚੱਲਦੇ ਆਂ।'' ਇੰਨਾ ਕਹਿੰਦਿਆਂ ਅਮਜਦ, ਆਫੀਆ ਨੂੰ ਲੈ ਕੇ ਕਾਰ ਵੱਲ ਤੁਰ ਪਿਆ।
'ਵੈਸੇ ਮੈਂ ਜਾਣਦੀ ਆਂ ਕਿ ਮੇਰਾ ਡਾਕਟਰ ਘਰਵਾਲਾ ਹੱਦ ਦਰਜ਼ੇ ਦਾ ਕੰਜੂਸ ਐ। ਪਰ ਜਨਾਬ ਅੱਜ ਇਹ ਕੰਜੂਸੀ ਨ੍ਹੀਂ ਚੱਲਣੀ। ਅੱਜ ਆਪ ਦੇ ਸਾਹਿਬਜਾਦੇ ਦੇ ਜਨਮ ਦੀ ਖੁਸ਼ੀ 'ਚ ਇਹ ਡਿਨਰ ਮੇਰੀ ਪਸੰਦ ਦਾ ਹੋਵੇਗਾ।
''ਦੱਸ ਫਿਰ ਕਿੱਥੇ ਚੱਲੀਏ?''
''ਹੋਟਲ ਸ਼ੈਰੇਟਨ।''
'ਠੀਕ ਐ ਬੈਠ ਗੱਡੀ 'ਚ।'' ਅਮਜਦ ਨੇ ਤਾਕੀ ਖੋਲ੍ਹ ਕੇ ਆਫੀਆ ਨੂੰ ਨਾਲ ਬਿਠਾ ਲਿਆ ਤੇ ਸ਼ੈਰੇਟਨ ਹੋਟਲ ਵੱਲ ਚੱਲ ਪਿਆ। ਉੱਥੇ ਜਾ ਕੇ ਉਨ੍ਹਾਂ ਬੜਾ ਸ਼ਾਨਦਾਰ ਲੰਚ ਕੀਤਾ। ਆਫੀਆ ਦੀ ਹੋਂਦ ਨੇ ਪਿਛਲੇ ਕਿੰਨੇ ਹੀ ਦਿਨਾਂ ਤੋਂ ਪਰੇਸ਼ਾਨ ਤੁਰੇ ਫਿਰਦੇ ਅਮਜਦ ਦਾ ਕਾਲਜਾ ਠਾਰ ਦਿੱਤਾ।
''ਕਿਵੇਂ ਰਿਹਾ ਡਿੰਨਰ?'' ਅਮਜਦ ਬਿਲ ਦੇ ਕੇ ਤੁਰਦਾ ਬੋਲਿਆ।
''ਅਮਜਦ ਤੇਰੇ ਹੱਥ ਦਾ ਤਾਂ ਜਹਿਰ ਵੀ ਅਮ੍ਿਰਤ ਐ। ਇਹ ਤਾਂ ਫਿਰ ਵੀ ਡਿੰਨਰ ਐ।'' ਆਫੀਆ ਨੇ ਹਨੇਰੇ ਜਿਹੇ 'ਚ ਪਿੱਛੋਂ ਦੀ ਹੋ ਕੇ ਅਮਜਦ ਨੂੰ ਜੱਫੀ ਪਾ ਲਈ। ਅਮਜਦ ਨੇ ਉਸਦੀ ਬਾਂਹ ਫੜ ਕੇ ਨਾਲ ਲਾ ਲਿਆ।
''ਹੁਣ ਫਿਰ ਕੀ ਪ੍ਰੋਗਰਾਮ ਐਂ?''
''ਆਜਾ ਸਾਹਮਣੇ ਪਾਰਕ 'ਚ ਘੁੰਮਦੇ ਆਂ।'' ਆਫੀਆ ਉਸਨੂੰ ਪਾਰਕ ਵੱਲ ਲੈ ਤੁਰੀ। ਉਹ ਹੋਟਲ ਦੇ ਲਾਨ ਦੀ ਕੋਨੇ ਵਾਲੀ ਇੱਕ ਨਿਵੇਕਲੀ ਜਿਹੀ ਪੱਥਰ ਦੀ ਬੈਂਚ 'ਤੇ ਬੈਠ ਗਏ। ਆਫੀਆ ਨੇ ਅਮਜਦ ਦੀ ਬਾਂਹ ਨਾਲ ਸਿਰ ਲਾ ਕੇ ਅੱਖਾਂ ਮੀਚ ਲਈਆਂ। ਉਸਨੂੰ ਲੱਗ ਰਿਹਾ ਸੀ ਕਿ ਕਾਸ਼ ਕਿ ਵਕਤ ਇੱਥੇ ਹੀ ਰੁਕ ਜਾਵੇ। ਅਮਜਦ, ਆਫੀਆ ਦੇ ਵਾਲਾਂ 'ਚ ਹੱਥ ਫੇਰਨ ਲੱਗਿਆ।
''ਅਮਜਦ ਕਿੰਨੇ ਚੰਗੇ ਸਨ ਉਹ ਦਿਨ ਜਦੋਂ ਆਪਾਂ ਬਾਸਟਨ ਰਹਿੰਦੇ ਹੁੰਦੇ ਸੀ।''
'ਉਨ੍ਹਾਂ ਸੁਹਾਵਣੇ ਦਿਨਾਂ ਦੀ ਯਾਦ ਬੜਾ ਤੜਪਾਉਂਦੀ ਐ ਆਫੀਆ ਕੀ ਦੱਸਾਂ।'' ਅਮਜਦ ਨੇ ਵੀ ਠੰਢਾ ਹੌਂਕਾ ਭਰਿਆ।
''ਆਪਾਂ ਲੜਦੇ ਝਗੜਦੇ ਵੀ ਸੀ ਪਰ ਪਲਾਂ 'ਚ ਈ ਉਹੋ ਜਿਹੇ ਫਿਰ ਹੋ ਜਾਂਦੇ ਸੀ।''
''ਮੈਨੂੰ ਤੇਰੀ ਲੜਨ ਤੇ ਮੰਨਣ ਦੀ ਅਦਾ ਬੜੀ ਪਿਆਰੀ ਲੱਗਦੀ ਹੁੰਦੀ ਸੀ।''
''ਤੇ ਮੈਨੂੰ ਤੇਰੀ ਮੂੰਹ ਫੁਲਾਉਣ ਦੀ।'' ਆਫੀਆ ਨੇ ਅਮਜਦ ਵੱਲ ਮੂੰਹ ਕਰਕੇ ਉਸਦੀ ਨਕਲ ਲਾਹੀ ਤਾਂ ਦੋਨੋਂ ਹੱਸ ਪਏ।
''ਕਾਸ਼ ਕਿ ਉਹ ਦਿਨ ਵਾਪਸ ਆ ਜਾਣ।''
''ਲੰਘੇ ਦਿਨ ਵੀ ਕਦੇ ਵਾਪਸ ਆਏ ਨੇ ਕਮਲੀਏ। ਪਰ ਆਪਾਂ ਮੌਜੂਦਾ ਵਕਤ ਨੂੰ ਜ਼ਰੂਰ ਉਹੋ ਜਿਹਾ ਬਣਾ ਸਕਦੇ ਆਂ। ਬੱਸ ਇਨਸਾਨ ਦੇ ਹੱਥ ਇੰਨਾ ਕੁ ਈ ਹੁੰਦਾ ਐ।''
''ਅਮਜਦ ਆਪਾਂ ਪਿਛਲੇ ਦਿਨੀਂ ਲੜਨ ਦੀਆਂ ਸਭ ਹੱਦਾਂ ਲੰਘਾ ਦਿੱਤੀਆਂ ਨੇ। ਕਈ ਵਾਰੀ ਮੈਂ ਤੇਰੇ 'ਤੇ ਹੱਦੋਂ ਵੱਧ ਗੁੱਸੇ ਹੋਈ ਹੋਊਂਗੀ। ਪਰ ਕੀ ਤੈਨੂੰ ਅਜੇ ਵੀ ਮੇਰੇ ਨਾਲ ਮੁਹੱਬਤ ਐ?''
'ਆਫੀਆ, ਮੁਹੱਬਤ ਲੜਨ ਝਗੜਨ ਨਾਲ ਘੱਟਦੀ ਵਧਦੀ ਨ੍ਹੀਂ ਹੁੰਦੀ। ਇਕੱਠੇ ਰਹਿੰਦਿਆਂ ਲੜਨਾ ਝਗੜਨਾ ਆਮ ਗੱਲਾਂ ਨੇ।''
ਆਫੀਆ ਨੇ ਅਮਜਦ ਦੇ ਦੁਆਲੇ ਵਲੀ ਬਾਂਹ ਹੋਰ ਘੁੱਟ ਲਈ। ਅਮਜਦ ਨੂੰ ਵੀ ਇਸ ਵੇਲੇ ਅੰਤਾਂ ਦਾ ਮੋਹ ਆਇਆ।
''ਮੈਂ ਤੇਰੇ ਨਾਲ ਕਈ ਵਧੀਕੀਆਂ ਕੀਤੀਆਂ ਨੇ ਅਮਜਦ....।'' ਇੰਨਾ ਕਹਿੰਦਿਆਂ ਆਫੀਆ ਰੋਣ ਲੱਗੀ। ਅਮਜਦ ਤੋਂ ਉਸਦਾ ਰੋਣਾ ਝੱਲ ਨਾ ਹੋਇਆ। ਉਸਨੇ ਉਸਦੇ ਮੋਢੇ 'ਤੇ ਹੱਥ ਫੇਰਦਿਆਂ ਉਸਨੂੰ ਧਰਵਾਸ ਦਿੰਦਿਆਂ ਫਿਰ ਤੋਂ ਗੱਲੀਂ ਲਾ ਲਿਆ।
''ਅਹਿਮਦ ਦਾ ਕੀ ਹਾਲ ਐ?'' ਉਸਨੇ ਉਸਦਾ ਮਨ ਪ੍ਰਚਾਉਣ ਲਈ ਗੱਲ ਬੱਚਿਆਂ ਵੱਲ ਮੋੜ ਲਈ।
''ਬਿਲਕੁਲ ਠੀਕ। ਪਰ ਜਦੋਂ ਗੁੱਸੇ ਹੁੰਦਾ ਐ ਤਾਂ ਮੱਥੇ 'ਚ ਪਾਈ ਘੂਰੀ ਪਿਉ ਵਾਂਗੂੰ ਨਾਗਵਲ ਬਣ ਜਾਂਦੀ ਐ।''
'ਤੇ ਮਾਂ ਵਾਂਗੂੰ ਕੁੱਟਣ ਨ੍ਹੀਂ ਪੈਂਦਾ?'' ਅਮਜਦ ਹੱਸਿਆ। ਆਫੀਆ ਨੇ ਹਸਦਿਆਂ ਹੋਇਆਂ ਉਸਦੀ ਛਾਤੀ 'ਚ ਪਿਆਰ ਦੀਆਂ ਪੋਲੀਆਂ ਪੋਲੀਆਂ ਮੁੱਕੀਆਂ ਮਾਰੀਆਂ।
''ਮਿਰੀਅਮ ਕਿਵੇਂ ਐਂ?''
'ਉਹ ਵੀ ਠੀਕ ਐ। ਪੜ੍ਹਨ ਨੂੰ ਬਹੁਤ ਹੁਸ਼ਿਆਰ ਐ।''
''ਪਿਉ 'ਤੇ ਗਈ ਐ ਨਾ।''
'ਪਿਉ 'ਤੇ ਨ੍ਹੀਂ ਮਾਂ ਤੇ ਗਈ ਐ ਜਨਾਬ। ਯਾਦ ਐ ਕਿਵੇਂ ਵਕਤ ਤੋਂ ਵੀ ਪਹਿਲਾਂ ਯੂਨੀਵਰਸਿਟੀ 'ਚੋਂ ਟਾਪ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ।''
''ਮੈਨੂੰ ਮਾਣ ਐਂ ਤੇਰੇ 'ਤੇ ਆਫੀਆ ਪਰ....।''
ਆਫੀਆ ਨੇ ਅਮਜਦ ਦੇ ਮੂੰਹ 'ਤੇ ਉਂਗਲ ਰੱਖਦਿਆਂ ਉਸਨੂੰ ਅੱਗੇ ਬੋਲਣੋਂ ਰੋਕ ਦਿੱਤਾ ਤੇ ਬੋਲੀ, ''ਇਹ ਪਿਆਰ ਦੀਆਂ ਘੜੀਆਂ ਮਸਾਂ ਮਿਲੀਆਂ ਨੇ। ਇਨ੍ਹਾਂ ਨੂੰ ਆਪਾਂ ਕੜਵਾਹਟ 'ਚ ਬਿਲਕੁਲ ਨ੍ਹੀਂ ਬਦਲਣਾ।''
''ਚੱਲ ਠੀਕ ਐ।''
''ਸਗੋਂ ਮੈਂ ਤਾਂ ਉਹ ਕੜਵਾਹਟਾਂ ਹਮੇਸ਼ਾ ਲਈ ਖਤਮ ਕਰਨ ਆਈ ਆਂ।''
''ਹੈਂ!?''
'ਅਮਜਦ ਬੱਚੇ ਤੇਰੇ ਬਿਨਾ ਦਿਲ ਨ੍ਹੀਂ ਲਾਉਂਦੇ।'' ਆਫੀਆ ਨੇ ਗੱਲ ਹੋਰ ਪਾਸੇ ਮੋੜ ਲਈ।
''ਤੇ ਬੱਚਿਆਂ ਦੀ ਮਾਂ?'' ਅਮਜਦ ਹੱਸਿਆ।
''ਮੱਛੀ ਪਾਣੀ ਤੋਂ ਬਾਹਰ ਰਹਿ ਕੇ ਕਿੰਨਾ ਤੜਪਦੀ ਐ ਇਹ ਪੀੜਾ ਤਾਂ ਸਿਰਫ ਉਹ ਵਿਚਾਰੀ ਖੁਦ ਈ ਜਾਣਦੀ ਐ।'' ਆਫੀਆ ਨੇ ਅੱਖਾਂ ਪੂੰਝੀਆਂ।
''ਤੈਨੂੰ ਦੁੱਖ ਪਹੁੰਚਾਉਣ ਲਈ ਮੈਂ ਤੇਰਾ ਗੁਨਾਹਗਾਰ ਆਂ।''
'ਨ੍ਹੀਂ ਪਲੀਜ਼ ਅਜਿਹੀਆਂ ਗੱਲਾਂ ਨਾ ਕਰ। ਪੁਰਾਣਾ ਸਭ ਕੁਛ ਭੁੱਲ ਜਾਹ।''
''ਠੀਕ ਐ ਪੁਰਾਣੇ ਸਭ ਕਾਸੇ 'ਤੇ ਮਿੱਟੀ ਪਾਈ। ਹੁਣ ਦੱਸ ਕੀ ਹੁਕਮ ਐਂ ਸਰਕਾਰ ਦਾ?''
'ਅਮਜਦ ਤੈਨੂੰ ਬੱਚੇ ਬਹੁਤ ਯਾਦ ਕਰਦੇ ਨੇ। ਮੈਥੋਂ ਉਨ੍ਹਾਂ ਦੀ ਤੜਪ ਵੇਖੀ ਨ੍ਹੀਂ ਜਾਂਦੀ।'' ਆਫੀਆ ਬੱਚਿਆਂ ਦੀ ਗੱਲ ਕਰ ਰਹੀ ਸੀ ਪਰ ਅਮਜਦ, ਆਫੀਆ ਦੀ ਤੜਪ ਮਹਿਸੂਸ ਕਰ ਰਿਹਾ ਸੀ। ਉਸਨੇ ਡੂੰਗਾ ਹੌਂਕਾ ਭਰਿਆ।
''ਮੈਂ ਕਿਹੜਾ ਕੋਈ ਸੁਖੀ ਆਂ ਤੁਹਾਥੋਂ ਬਿਨਾ।'' ਅਮਜਦ ਹੌਲੀ ਜਿਹੀ ਬੋਲਿਆ।
''ਚੱਲ ਫਿਰ ਆਪਣੇ ਬੱਚਿਆਂ ਕੋਲ ਚੱਲ। ਕਿਉਂ ਆਪਾਂ ਇੱਕ ਦੂਜੇ ਬਿਨਾ ਭਟਕਦੇ ਫਿਰਦੇ ਆਂ।''
''ਚੱਲ ਤਾਂ ਵੜਦਾਂ। ਪਰ ਕਿੱਥੇ?''
''ਮੇਰੇ ਘਰ, ਹੋਰ ਕਿੱਥੇ।''
'ਨ੍ਹੀਂ ਆਫੀਆ ਉੱਥੇ ਨ੍ਹੀਂ ਮੈਂ ਜਾ ਸਕਦਾ। ਤੈਨੂੰ ਪਤਾ ਈ ਐ ਕਿ ਪਿੱਛੇ ਕੀ ਕੁਛ ਹੋ ਕੇ ਹਟਿਆ ਐ।''
''ਅਮਜਦ ਉਸਦੇ ਲਈ ਆਪਾਂ ਦੋਨੋਂ ਈ ਕਸੂਰਵਾਰ ਸੀ। ਤੇ ਹੁਣ ਇਕੱਠੇ ਰਹਿਣ ਫੈਸਲਾ ਵੀ ਆਪਣਾ ਆਪਦਾ ਈ ਐ।''
''ਪਰ ਫਿਰ ਵੀ ਆਫੀਆ ਮੈਂ ਮੁਆਫੀ ਚਾਹੁੰਦਾ ਆਂ ਉਸ ਘਰ 'ਚ....।'' ਅਗਾਂਹ ਉਸਨੇ ਗੱਲ ਵਿਚਾਲੇ ਛੱਡ ਦਿੱਤੀ।
''ਚੱਲ ਫਿਰ ਇਉਂ ਕਰਦੇ ਆਂ। ਨਾ ਤੇਰੇ ਘਰ ਤੇ ਨਾ ਈ ਮੇਰੇ। ਆਪਾਂ ਅਪਾਰਟਮੈਂਟ ਲੈ ਲੈਨੇ ਆਂ। ਆਪਣੀ ਆਪਦੀ ਜ਼ਿੰਦਗੀ ਜਿਉਂਵਾਂਗੇ?''
'ਤੇਰੀ ਇਸ ਗੱਲ 'ਤੇ ਗੌਰ ਕੀਤਾ ਜਾ ਸਕਦਾ ਐ।''
'ਗੌਰ ਕੀ ਕਰਨਾ ਐਂ। ਆਪਾਂ ਕਿਹੜਾ ਕਿਸੇ ਤੋਂ ਇਜਾਜ਼ਤ ਲੈਣੀ ਐਂ। ਚੱਲ ਉੱਠ, ਅੱਜ ਕਿਸੇ ਹੋਟਲ 'ਚ ਰੁਕ ਜਾਵਾਂਗੇ। ਕੱਲ੍ਹ ਨੂੰ ਮੈਂ ਟੈਕਸੀ ਕਰਕੇ ਬੱਚਿਆਂ ਨੂੰ ਲੈ ਆਊਂਗੀ ਤੇ ਤੂੰ ਉਦੋਂ ਨੂੰ ਕਿਧਰੇ ਅਪਾਰਟਮੈਂਟ ਦਾ ਇੰਤਜ਼ਾਮ ਕਰ ਲਵੀਂ।''
''ਹਾਂ ਇਹ ਗੱਲ ਤੇਰੀ ਬਿਲਕੁਲ ਠੀਕ ਐ।''
ਅਮਜਦ ਦੇ ਹਾਮੀ ਭਰਦਿਆਂ ਹੀ ਆਫੀਆ ਨੇ ਉਸਦੇ ਦੁਆਲੇ ਬਾਹਵਾਂ ਕਸ ਲਈਆਂ। ਦੋਨਾਂ ਦੇ ਮਨਾਂ ਤੋਂ ਜਾਣੋਂ ਮਣਾਂ ਮੂੰਹੀਂ ਭਾਰ ਲਹਿ ਗਿਆ ਹੋਵੇ। ਇੰਨੇ ਨੂੰ ਅਮਜਦ ਦੇ ਫੋਨ ਦੀ ਘੰਟੀ ਵੱਜੀ। ਉਸਨੇ ਆਫੀਆ ਨੂੰ ਉਵੇਂ ਛਾਤੀ ਨਾਲ ਲਾਇਆਂ ਹੀ ਫੋਨ ਆਨ ਕਰਕੇ ਹੈਲੋ ਕਹੀ। ਉੱਧਰ ਫੋਨ 'ਤੇ ਉਸਦੀ ਮਾਂ ਦੀ ਆਵਾਜ਼ ਆਈ, ''ਪੁੱਤਰ ਅਮਜਦ ਤੂੰ ਕਿੱਧਰ ਰਹਿ ਗਿਆ ਐਂ?''
''ਅੰਮੀ ਮੈਂ ਤਾਂ…....।'' ਉਸਨੇ ਆਫੀਆ ਨੂੰ ਮੂੰਹ 'ਤੇ ਉਂਗਲ ਰੱਖਣ ਦਾ ਇਸ਼ਾਰਾ ਕੀਤਾ ਤੇ ਫਿਰ ਅੱਗੇ ਬੋਲਿਆ,''ਅੰਮੀ ਮੈਨੂੰ ਤਾਂ ਇੱਧਰ ਕਿਧਰੇ ਕੰਮ ਆਉਣਾ ਪੈ ਗਿਆ ਸੀ।''
ਆਫੀਆ, ਜਿਸ ਦਾ ਚਿੱਤ ਅਮਜਦ ਦੀ ਮਾਂ ਦਾ ਫੋਨ ਆਉਣ 'ਤੇ ਹੀ ਖਰਾਬ ਹੋ ਗਿਆ ਸੀ, ਫੋਨ 'ਚੋਂ ਉਸ ਤੱਕ ਪਹੁੰਚਦੀ ਗੱਲ ਧਿਆਨ ਨਾਲ ਸੁਣਨ ਲੱਗੀ। ਅਮਜਦ ਦੀ ਮਾਂ ਅੱਗੇ ਬੋਲੀ, ''ਤੈਨੂੰ ਯਾਦ ਹੋਣਾ ਚਾਹੀਦਾ ਸੀ ਕਿ ਤੂੰ ਅੱਜ ਕਿਸੇ ਨੂੰ ਡਿੰਨਰ ਕਰਵਾਉਣ ਲੈ ਕੇ ਜਾਣਾ ਸੀ।''
''ਜੀ ਅੰਮੀ। ਮੈਂ ਤੁਹਾਨੂੰ ਬਾਅਦ ਵਿੱਚ ਫੋਨ ਕਰਦਾ ਆਂ....।''
ਅਮਜਦ ਦੀ ਮਾਂ ਨੇ ਉਸਦੀ ਦੁਬਾਰਾ ਫੋਨ ਕਰਨ ਵਾਲੀ ਗੱਲ ਸੁਣੀ ਈ ਨਾ ਤੇ ਆਪ ਮੁਹਾਰੇ ਹੀ ਬੋਲਣ ਲੱਗੀ, ''ਤੇਰੀ ਨਵੀਂ ਦੁਲਹਨ ਤੇਰੀ ਉਡੀਕ ਕਰਦੀ ਰਹੀ। ਤੂੰ ਨਾ ਆਇਆ ਤਾਂ ਆਖਰ ਉਹ ਘਰ ਚਲੀ ਗਈ।''
''ਨਵੀਂ ਦੁਲਹਨ!?'' ਇਹ ਲਫਜ਼ ਸੁਣਦਿਆਂ ਹੀ ਆਫੀਆ ਦੇ ਸੀਨੇ 'ਤੇ ਆਰੀ ਚੱਲ ਗਈ। ਪਰ ਫਿਰ ਵੀ ਉਹ ਜ਼ਬਤ 'ਚ ਰਹੀ। ਉਸਨੂੰ ਅਮਜਦ ਦੀ ਮਾਂ ਦੀ ਗੱਲ ਫਿਰ ਸੁਣਨ ਲੱਗੀ, ''ਵਿਆਹ ਤੋ ਪਹਿਲਾਂ ਈ ਇਹ ਹਾਲ ਐ ਤਾਂ ਪਿੱਛੋਂ ਕੀ ਪੂਰੀਆਂ ਪਾਉਗੇ। ਦੋ ਦਿਨ ਪਿੱਛੋਂ ਤੁਹਾਡੀ ਸ਼ਾਦੀ ਐ। ਤੂੰ ਕੁਛ ਤਾਂ ਸੋਚਣਾ ਸੀ।''
ਹੁਣ ਆਫੀਆ ਤੋਂ ਆਪਣੇ ਆਪ 'ਤੇ ਜ਼ਬਤ ਨਾ ਰੱਖ ਹੋਇਆ। ਉਹ ਛਾਲ ਮਾਰ ਕੇ ਉੱਠੀ।
'ਅਮਜਦ ਬੰਦਿਆ, ਪਿਆਰ ਦੇ ਵਾਅਦੇ ਮੇਰੇ ਨਾਲ ਕਰੀ ਜਾ ਰਿਹਾ ਐਂ ਤੇ ਉੱਧਰ ਨਵਾਂ ਵਿਆਹ ਕਰਵਾਉਣ ਦੀ ਤਿਆਰੀ ਵੀ ਚੱਲ ਰਹੀ ਐ। ਮੈਂ ਤੈਨੂੰ ਇੰਨਾ ਕਮੀਨਾ ਨ੍ਹੀਂ ਸੀ ਸਮਝਿਆ।'' ਇੰਨਾ ਕਹਿੰਦਿਆਂ ਆਫੀਆ ਨੇ ਝਪਟ ਕੇ ਅਮਜਦ ਦੇ ਗਲਾਮੇ 'ਚ ਹੱਥ ਪਾ ਲਿਆ। ਉਹ ਉਸਨੂੰ ਇੱਧਰ ਉੱਧਰ ਖਿਚਦੀ ਰਹੀ। ਫਿਰ ਉਸਦੀ ਛਾਤੀ 'ਚ ਮੁੱਕੀਆਂ ਮਾਰਨ ਲੱਗੀ। ਮੁੱਕੀਆਂ ਮਾਰ ਮਾਰ ਕੇ ਉਹ ਹੱਫ ਗਈ ਤਾਂ ਅਮਜਦ ਦੀ ਛਾਤੀ ਨਾਲ ਲੱਗਣ ਨੂੰ ਆਹੁਲੀ ਜਿਵੇਂ ਕਿ ਉਹ ਆਮ ਕਰਦੀ ਹੁੰਦੀ ਸੀ। ਪਰ ਫਿਰ ਉਹ ਇੱਕਦਮ ਰੁਕੀ ਤੇ ਪਿਛਾਂਹ ਹਟਦੀ ਹੱਥਾਂ 'ਚ ਮੂੰਹ ਲੈ ਕੇ ਰੋਣ ਲੱਗੀ। ਅਮਜਦ ਦੀ ਵੀ ਰੁਸੀ ਹੋਈ ਆਫੀਆ ਨੂੰ ਸੀਨੇ ਨਾਲ ਲਾਉਣ ਦੀ ਚਾਹਤ ਮਨ 'ਚ ਹੀ ਰਹਿ ਗਈ।
ਕੁਝ ਦੇਰ ਹੌਂਕੇ ਭਰਦਿਆਂ ਆਫੀਆ ਸੰਭਲੀ ਤੇ ਉਸਨੇ ਜਾਣ ਲਈ ਆਪਣਾ ਬੈੱਗ ਚੁੱਕ ਲਿਆ।
''ਆਫੀਆ ਮੇਰੀ ਗੱਲ ਸੁਣ....।'' ਅਮਜਦ ਨੇ ਉਸਨੂੰ ਰੋਕਣਾ ਚਾਹਿਆ। ਪਰ ਆਫੀਆ ਨੇ ਉਸ ਵੱਲ ਧਿਆਨ ਨਾ ਦਿੱਤਾ।
'ਅਜੇ ਕੁਛ ਨ੍ਹੀਂ ਹੋਇਆ। ਮੈਂ ਸਭ ਸੰਭਾਲ ਲਊਂਗਾ। ਤੂੰ ਮੈਥੋਂ ਮੂੰਹ ਨਾ ਮੋੜ।''
'ਅਮਜਦ ਰੱਸੀ ਟੁੱਟ ਚੁੱਕੀ ਐ। ਹੁਣ ਜਿੰਨਾ ਮਰਜ਼ੀ ਜ਼ੋਰ ਲਾ ਲੈ ਇਸਨੇ ਦੁਬਾਰਾ ਜੁੜਨਾ ਨ੍ਹੀਂ। ਪਰ ਦੁੱਖ ਇਸ ਗੱਲ ਦਾ ਐ ਕਿ ਮੈਂ ਐਵੇਂ ਭੁਲੇਖੇ ਪਾਲਦੀ ਰਹੀ।''
''ਆਫੀਆ ਪੂਰੀ ਗੱਲ ਸੁਣ ਲੈ ਐਵੇਂ ਝੋਰਾ ਨਾ ਕਰ....।''
ਆਫੀਆ ਨੇ ਉਸਦੀ ਗੱਲ ਵਿਚਕਾਰੋਂ ਹੀ ਕੱਟ ਦਿੱਤੀ ਤੇ ਬੋਲੀ, ''ਤੇਰੀ ਹਾਂ ਤੋਂ ਬਿਨਾ ਤਾਂ ਇਹ ਸ਼ਾਦੀ ਨ੍ਹੀਂ ਹੋ ਰਹੀ ਹੋਣੀ? ਮੈਂ ਇਹ ਵੀ ਜਾਣਦੀ ਆਂ ਕਿ ਮੈਨੂੰ ਮਨੋ ਉਤਾਰਨ ਮਗਰੋਂ ਈ ਤੂੰ ਰਜ਼ਾਮੰਦੀ ਦਿੱਤੀ ਹੋਊਗੀ। ਫਿਰ ਕੀ ਫਾਇਦਾ ਐਵੇਂ ਸਫਾਈਆਂ ਦੇਣ ਦਾ। ਚੰਗਾ ਤੈਨੂੰ ਨਵੀਂ ਜ਼ਿੰਦਗੀ ਮੁਬਾਰਕ।'' ਆਫੀਆ ਉੱਠ ਕੇ ਤੁਰ ਪਈ।
'ਆਫੀਆ ਇੱਕ ਵਾਰ ਮੇਰੀ ਗੱਲ ਸੁਣ ਲੈ। ਫਿਰ ਭਾਵੇਂ…....।'' ਅਮਜਦ ਕੁਝ ਕਹਿਣ ਲੱਗਿਆ ਤਾਂ ਆਫੀਆ ਨੇ ਰੁਕਦੀ ਹੋਈ ਨੇ ਉਸਦੀ ਗੱਲ ਅਣਸੁਣੀ ਕਰਦਿਆਂ ਕਿਹਾ, ''ਕੀ ਤੈਨੂੰ ਪਤਾ ਐ ਕਿ ਮੈਂ ਤੇਰੇ ਵਾਰ ਵਾਰ ਕੋਸ਼ਿਸ਼ ਕਰਨ 'ਤੇ ਵੀ ਤਲਾਕ ਕਿਉਂ ਨ੍ਹੀਂ ਸੀ ਦਿੱਤਾ?''
ਅਮਜਦ ਨੇ ਕੋਈ ਜ਼ੁਆਬ ਨਾ ਦਿੱਤਾ ਤਾਂ ਆਫੀਆ ਫਿਰ ਬੋਲੀ, ''ਕਿਉਂਕਿ ਮੈਨੂੰ ਪਤਾ ਸੀ ਕਿ ਤੂੰ ਮੈਨੂੰ ਟੁੱਟ ਕੇ ਮੁਹੱਬਤ ਕਰਦਾ ਐਂ। ਤੇ ਇਹ ਤਲਾਕ ਵਾਲੇ ਐਵੇਂ ਡਰਾਬੇ ਨੇ। ਮੈਂ ਸੋਚਦੀ ਹੁੰਦੀ ਸੀ ਕਿ ਆਪਾਂ ਦੋਨੋਂ ਇੱਕ ਦੂਜੇ ਨੂੰ ਇੰਨੀ ਮੁਹੱਬਤ ਕਰਦੇ ਆਂ ਕਿ ਇੱਕ ਦੂਜੇ ਬਿਨਾ ਰਹਿ ਈ ਨ੍ਹੀਂ ਸਕਦੇ। ਪਰ ਮੈਨੂੰ ਕੀ ਪਤਾ ਸੀ ਕਿ ਤੇਰੇ ਦਿਲ 'ਚ ਖੋਟ ਐ।''
ਆਫੀਆ ਖੜ੍ਹ ਕੇ ਅਮਜਦ ਦੇ ਬੋਲਣ ਦਾ ਇੰਤਜ਼ਾਰ ਕਰਦੀ ਰਹੀ ਪਰ ਜਦੋਂ ਉਹ ਕੁਝ ਨਾ ਹੀ ਬੋਲਿਆ ਤਾਂ ਉਹ ਮੁੜਦੀ ਹੋਈ ਅਮਜਦ ਵੱਲ ਆ ਗਈ ਤੇ ਠਰੰਮੇ ਨਾਲ ਬੋਲੀ, ''ਜਿਸ ਵਜ੍ਹਾ ਕਰਕੇ ਮੈਂ ਇਹ ਤਲਾਕ ਵਾਲਾ ਕੰਮ ਰੋਕਿਆ ਹੋਇਆ ਸੀ ਉਹ ਹੁਣ ਰਹੀ ਈ ਨ੍ਹੀਂ ਤਾਂ ਮੇਰਾ ਐਵੇਂ ਅੜੇ ਰਹਿਣ ਦਾ ਕੀ ਫਾਇਦਾ। ਆ ਮੇਰੇ ਨਾਲ ਹੁਣੇ ਵਕੀਲ ਦੇ ਚੱਲ ਕੇ ਤਲਾਕ ਵਾਲੇ ਕਾਗਜ਼ 'ਤੇ ਦਸਤਖਤ ਕਰਵਾ ਲੈ। ਅਮਜਦ ਫਿਰ ਵੀ ਕੁਝ ਨਾ ਬੋਲਿਆ ਤਾਂ ਆਫੀਆ ਉਸਦਾ ਹੱਥ ਫੜ੍ਹ ਕੇ ਖਿਚਦੀ ਹੋਈ ਬਾਹਰ ਲੈ ਆਈ। ਉੱਥੋਂ ਟੈਕਸੀ ਲੈ ਕੇ ਨੇੜੇ ਹੀ ਵਕੀਲ ਦੇ ਦਫਤਰ ਪਹੁੰਚੇ। ਜਿੱਥੇ ਕਿਤੇ ਵਕੀਲ ਨੇ ਕਿਹਾ, ਆਫੀਆ ਨੇ ਦਸਤਖਤ ਕਰ ਦਿੱਤੇ। ਕੰਮ ਮੁੱਕ ਗਿਆ ਤਾਂ ਆਫੀਆ ਜਾਣ ਲਈ ਉੱਠ ਖੜ੍ਹੀ ਹੋਈ। ਵਕੀਲ ਫਾਇਲ ਸਮੇਟਦਾ ਬੋਲਿਆ, ''ਅਮਜਦ ਸਾਹਿਬ ਇਸ ਤਲਾਕਨਾਮੇ ਅਨੁਸਾਰ ਤੁਸੀਂ ਬੱਚਿਆਂ ਦਾ ਖਰਚਾ ਹਰ ਮਹੀਨੇ ਉਦੋਂ ਤੱਕ ਅਦਾ ਕਰਦੇ ਰਹੋਗੇ ਜਦੋਂ ਤੱਕ ਉਹ ਬਾਲਗ ਨ੍ਹੀਂ ਹੋ ਜਾਂਦੇ। ਅਤੇ ਤੁਸੀਂ ਮੋਹਤਰਮਾ ਆਫੀਆ, ਅਮਜਦ ਸਾਹਿਬ ਨੂੰ ਬੱਚਿਆਂ ਨਾਲ ਮਿਲਣ ਤੋਂ ਨ੍ਹੀਂ ਰੋਕੋਗੇ। ਇਹ ਕਾਨੂੰਨੀ ਨੁਕਤੇ ਹਨ ਇਸੇ ਕਰਕੇ ਤੁਹਾਨੂੰ ਪੜ੍ਹ ਕੇ ਸੁਣਾਏ ਨੇ।'' ਵਕੀਲ ਪਾਸੇ ਹਟ ਗਿਆ ਤਾਂ ਤੁਰਨ ਤੋਂ ਪਹਿਲਾਂ ਆਫੀਆ ਨੇ ਅਮਜਦ ਨਾਲ ਹੱਥ ਮਿਲਾਇਆ ਤੇ ਬੋਲੀ, ''ਨਵੀਂ ਜ਼ਿੰਦਗੀ ਮੁਬਾਰਕ ਮਿਸਟਰ ਅਮਜਦ। ਇਹ ਸ਼ਾਇਦ ਆਪਣੀ ਆਖਰੀ ਮੁਲਾਕਾਤ ਐ।''
ਆਫੀਆ ਨੇ ਬਾਹਰੋਂ ਟੈਕਸੀ ਲਈ ਤੇ ਚਲੀ ਗਈ। ਕੁਝ ਦਿਨ੍ਹਾਂ ਪਿੱਛੋਂ ਅਮਜਦ ਦਾ ਵਿਆਹ ਹੋ ਗਿਆ।
Chahals57@yahoo.com
Ph. 0017033623239

No comments:

Post a Comment