Thursday 15 November 2012


ਦਸ :---



ਪੋਸਟਿੰਗ : ਅਨੁ. ਮਹਿੰਦਰ ਬੇਦੀ ਜੈਤੋ




ਆਫੀਆ ਸਦੀਕੀ ਦਾ ਜਿਹਾਦ…:: ਲੇਖਕ : ਹਰਮਹਿੰਦਰ ਚਹਿਲ :---


ਅੱਜ ਦੇ ਵਾਕਿਆਤ ਨੇ ਆਫੀਆ ਨੂੰ ਇੰਨਾ ਡਰਾ ਦਿੱਤਾ ਕਿ ਉਹ ਚੀਕਾਂ ਮਾਰਦੀ ਰੋਣ ਕੁਰਲਾਉਣ ਲੱਗੀ। ਅਮਜਦ ਉਸਦੀ ਹਾਲਤ ਵੇਖ ਕੇ ਕੰਮ 'ਤੇ ਨਾ ਗਿਆ। ਆਫੀਆ ਲਗਾਤਾਰ ਦੋਸਤਾਂ ਮਿੱਤਰਾਂ ਨੂੰ ਫੋਨ ਕਰ ਰਹੀ ਸੀ ਤੇ ਨਵੀਂ ਉਪਜ ਰਹੀ ਸਥਿਤੀ ਬਾਰੇ ਜਾਣਕਾਰੀ ਲੈ ਰਹੀ ਸੀ। ਪਰ ਉਸਦਾ ਡਰ ਉਵੇਂ ਹੀ ਕਾਇਮ ਸੀ। ਦੁਪਹਿਰ ਢਲਣ ਤੋਂ ਪਹਿਲਾਂ ਹੀ ਖ਼ਬਰਾਂ ਆਉਣ ਲੱਗ ਪਈਆਂ ਕਿ ਅੱਧੋਂ ਵੱਧ ਅੱਤਵਾਦੀ ਜਿਨ੍ਹਾਂ ਨੇ ਕਿ ਅੱਜ ਦੇ ਕਰੂਰ ਕਾਰਨਾਵੇਂ ਕੀਤੇ ਹਨ ਉਨ੍ਹਾਂ ਦੀ ਪਛਾਣ ਹੋ ਚੁੱਕੀ ਹੈ। ਪਛਾਣੇ ਜਾਣ ਵਾਲਿਆਂ ਵਿੱਚ ਸਭ ਤੋਂ ਪਹਿਲਾ ਮੁਹੰਮਦ ਅੱਟਾ ਸੀ ਜੋ ਕਿ ਬਾਸਟਨ ਦਾ ਰਹਿਣ ਵਾਲਾ ਸੀ। ਪੁਲੀਸ ਨੇ ਛਾਪਾ ਮਾਰੀ ਤੇਜ਼ ਕਰ ਦਿੱਤੀ। ਜਿਸਦਾ ਵੀ ਪਤਾ ਲੱਗਦਾ ਕਿ ਇਸ ਨਾਲ ਕਿਸੇ ਅੱਤਵਾਦੀ ਦੀ ਜਾਣ-ਪਛਾਣ ਰਹੀ ਹੈ ਉਸੇ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ। ਇੱਥੋਂ ਤੱਕ ਕਿ ਜਿਨ੍ਹਾਂ ਹੋਟਲਾਂ ਵਿੱਚ ਉਹ ਰਾਤਾਂ ਰੁਕੇ ਸਨ ਉਨ੍ਹਾਂ ਸਭ ਨੂੰ ਛਾਣ ਬੀਣ ਲਈ ਬੰਦ ਕਰ ਦਿੱਤਾ ਗਿਆ ਤੇ ਮੁਲਾਜ਼ਮਾ ਨੂੰ ਫੜ੍ਹ ਲਿਆ ਗਿਆ। ਇਹ ਸਭ ਸੁਣ ਕੇ ਆਫੀਆ ਉੱਚੀ ਉੱਚੀ ਰੋਂਦੀ ਹੋਈ ਕਹਿਣ ਲੱਗੀ, ''ਅਮਜਦ ਜਿੰਨੀ ਛੇਤੀ ਹੋ ਸਕੇ ਆਪਾਂ ਨੂੰ ਇੱਥੋਂ ਨਿਕਲ ਜਾਣਾ ਚਾਹੀਦਾ ਐ। ਇੱਥੇ ਆਪਣੀ ਜਾਨ ਨੂੰ ਖਤਰਾ ਐ।''
'ਖਤਰੇ ਵਾਲੀ ਇਸ ਵਿੱਚ ਕੀ ਗੱਲ ਐ। ਆਪਣੇ ਵਾਂਗੂੰ ਇੱਥੇ ਹੋਰ ਵੀ ਬੜੇ ਮੁਸਲਮਾਨ ਰਹਿੰਦੇ ਨੇ। ਉਹ ਕਿਤੇ ਸਾਰੇ ਈ ਅੱਤਵਾਦੀ ਹੋ ਗਏ। ਜਿਨ੍ਹਾਂ ਨੇ ਇਹ ਕਾਰਾ ਕੀਤਾ ਐ ਖਤਰਾ ਉਨ੍ਹਾਂ ਨੂੰ ਜਾਂ ਉਨ੍ਹਾਂ ਦੇ ਹਮਦਰਦਾਂ ਨੂੰ ਐਂ। ਤੂੰ ਐਵੇਂ ਨਾ ਘਬਰਾ।''
''ਤੂੰ ਮੇਰੀ ਗੱਲ ਸਮਝਣ ਦੀ ਕੋਸ਼ਿਸ਼ ਕਰ। ਪਿੱਛੋਂ ਪਛਤਾਉਂਦਾ ਫਿਰੇਂਗਾ। ਅਜੇ ਵੀ ਮੌਕਾ ਐ ਕਿ ਇੱਥੋਂ ਨਿਕਲ ਚੱਲੀਏ।''
''ਪਰ ਆਪਾਂ ਕਿਉਂ ਭੱਜ ਚੱਲੀਏ? ਆਪਾਂ ਕਿਹੜਾ ਕੋਈ ਗਲਤ ਕੰਮ ਕੀਤਾ ਐ?''
''ਮੈਨੂੰ ਪਤਾ ਲੱਗਾ ਐ ਕਿ ਅਮਰੀਕਣ, ਮੁਸਲਮਾਨਾਂ ਦੇ ਜੁਆਕਾਂ ਨੂੰ ਕਿੱਡਨੈਪ ਕਰਨਗੇ।''
''ਤੈਨੂੰ ਇਹ ਗੱਲ ਕਿਸੇ ਨੇ ਕਹੀ ਐ?''
''ਬੱਸ ਕਿਸੇ ਪਾਸਿਉਂ ਪਤਾ ਲੱਗਿਆ ਐ। ਤਾਂ ਹੀ ਕਹਿ ਰਹੀ ਆਂ ਕਿ ਮੁਸੀਬਤ ਆਉਣ ਤੋਂ ਪਹਿਲਾਂ ਨਿਕਲ ਚੱਲੀਏ।''
'ਆਫੀਆ ਮੈਨੂੰ ਸਮਝ ਨ੍ਹੀਂ ਆ ਰਹੀ ਕਿ ਤੂੰ ਇੰਨੀ ਘਬਰਾ ਕਿਉਂ ਰਹੀ ਐਂ। ਇਸ ਤਰ੍ਹਾਂ ਆਪਾਂ ਬੰਨਿਆਂ ਬਨਾਇਆ ਘਰ ਅਤੇ ਪੜ੍ਹਾਈ ਬਗੈਰਾ ਵਿਚਾਲੇ ਛੱਡ ਕੇ ਕਿਵੇਂ ਜਾ ਸਕਦੇ ਆਂ।''
'ਇਸਦਾ ਮਤਲਬ ਤੂੰ ਮੇਰੀ ਗੱਲ ਨ੍ਹੀਂ ਮੰਨਣੀ?'' ਆਫੀਆ ਗੁੱਸੇ 'ਚ ਕੰਬਣ ਲੱਗੀ।
''ਤੂੰ ਮੈਨੂੰ ਆਪਣੀ ਗੱਲ ਕਿਸੇ ਢੰਗ ਤਰੀਕੇ ਨਾਲ ਸਮਝਾ। ਤੂੰ ਤਾਂ ਬਿਨਾ ਸਿਰ ਪੈਰ ਦੀਆਂ ਗੱਲਾਂ ਮਾਰੀ ਜਾ ਰਹੀ ਐਂ।''
'ਕਰ ਆਪਣੀ ਮਰਜ਼ੀ। ਜਦੋਂ ਭੁਗਤੇਂਗਾ ਤਾਂ ਆਪੇ ਪਤਾ ਲੱਗਜੂਗਾ।'' ਆਫੀਆ ਪੈਰ ਪਟਕਦੀ ਪੌੜੀਆਂ ਚੜ੍ਹ ਗਈ। ਉੱਪਰੋਂ ਜਾ ਕੇ ਉਸਨੇ ਸੁਹੇਲ, ਸੁਲੇਮਾਨ, ਮਾਰਲੇਨ ਅਤੇ ਕਈ ਹੋਰਾਂ ਨੂੰ ਫੋਨ ਕੀਤੇ। ਪਰ ਕਿਸੇ ਦਾ ਵੀ ਫੋਨ ਨਾ ਮਿਲਿਆ। ਸਭ ਦੇ ਫੋਨ ਬੰਦ ਆ ਰਹੇ ਸਨ। ਆਫੀਆ ਦਾ ਦਿਲ ਜ਼ੋਰ ਜ਼ੋਰ ਦੀ ਧੜਕਣ ਲੱਗਿਆ। ਫਿਰ ਉਸਨੇ ਕਿਸੇ ਅਜਿਹੀ ਸਹੇਲੀ ਨੂੰ ਫੋਨ ਕੀਤਾ ਜਿਸਦਾ ਜਿਹਾਦ ਨਾਲ ਕੋਈ ਵਾਸਤਾ ਨਹੀਂ ਸੀ ਪਰ ਉਂਝ ਉਹ ਇਸ ਤਰ੍ਹਾਂ ਦੀਆਂ ਗੱਲਾਂ ਬਾਰੇ ਕਾਫੀ ਜਾਣਕਾਰੀ ਰੱਖਦੀ ਸੀ। ਉਹ ਸਾਊਦੀ ਅਰਬ ਦੀ ਰਹਿਣ ਵਾਲੀ ਸੀ।
''ਆਫੀਆ ਤੂੰ ਇੰਨੀ ਅੱਪਸੈੱਟ ਕਿਉਂ ਹੋ ਰਹੀ ਐਂ। ਫਿਰ ਕੀ ਹੋ ਗਿਆ ਜੇ ਆਪਾਂ ਮੁਸਲਮਾਨ ਆਂ ਤਾਂ। ਪਰ ਆਪਾਂ ਸਭ ਦੇ ਨਾਲ ਈ ਆਂ।''
'ਤੂੰ ਮੇਰੀ ਅਸਲੀ ਗੱਲ ਨ੍ਹੀਂ ਸਮਝ ਰਹੀ। ਜੇਕਰ ਨੁਕਸਾਨ ਕਰਾ ਕੇ ਇੱਥੋਂ ਨਿਕਲੇ ਤਾਂ ਫਿਰ ਕੀ ਫਾਇਦਾ ਹੋਇਆ।''
ਉਸ ਦੀ ਗੱਲ ਸੁਣ ਕੇ ਸਹੇਲੀ ਸੋਚੀਂ ਪੈ ਗਈ। ਉਸਨੂੰ ਲੱਗਿਆ ਕਿ ਆਫੀਆ ਹੱਦੋਂ ਵੱਧ ਡਰੀ ਹੋਈ ਹੈ। ਉਹ ਕੁਝ ਸੋਚਦਿਆਂ ਬੋਲੀ, ''ਆਫੀਆ, ਤੂੰ ਚਾਹੁੰਨੀ ਐਂ ਕਿ ਇੱਥੋਂ ਜਲਦੀ ਚਲੀ ਜਾਵੇਂ?''
''ਹਾਂ ਬਿਲਕੁਲ।''
'ਪਰ ਇਹ ਵੀ ਨ੍ਹੀਂ ਹੋ ਸਕਦਾ। ਕਿਉਂਕਿ ਅਜੇ ਤਾਂ ਅਮਰੀਕਾ ਦਾ ਸਾਰਾ ਏਅਰਸਪੇਸ ਬੰਦ ਪਿਆ ਐ। ਨਾ ਕੋਈ ਫਲਾਈਟ ਅੰਦਰ ਆ ਰਹੀ ਐ ਨਾ ਈ ਕੋਈ ਬਾਹਰ ਜਾ ਰਹੀ ਐ।''
''ਪਰ ਮੈਨੂੰ ਪਤਾ ਲੱਗਿਆ ਐ ਕਿ ਇੱਕ ਖਾਸ ਫਲਾਈਟ ਜਾ ਰਹੀ ਐ।''
'ਆਫੀਆ ਉਹ ਫਲਾਈਟ ਤਾਂ ਅਤੀ ਗੁਪਤ ਤੌਰ 'ਤੇ ਇੱਥੋਂ ਜਾ ਰਹੀ ਐ। ਕਾਗਜ਼ਾਂ 'ਚ ਉਸਦਾ ਤਾਂ ਕਿਧਰੇ ਜ਼ਿਕਰ ਨ੍ਹੀਂ ਐ। ਤੈਨੂੰ ਪਤਾ ਨ੍ਹੀਂ ਉਸ ਬਾਰੇ ਕਿਵੇਂ ਪਤਾ ਲੱਗ ਗਿਆ ਵਰਨਾ....।''
'ਕੀ ਤੂੰ ਕੋਸ਼ਿਸ਼ ਕਰਕੇ ਮੈਨੂੰ ਉਸ ਫਲਾਈਟ 'ਤੇ ਸੀਟ ਨ੍ਹੀਂ ਦੁਆ ਸਕਦੀ?'' ਸਹੇਲੀ ਦੀ ਗੱਲ ਵਿਚਕਾਰੋਂ ਟੋਕਦੀ ਆਫੀਆ ਬੋਲੀ।
'ਨ੍ਹੀਂ ਇਹ ਮੁਮਕਿਨ ਨ੍ਹੀਂ ਐ। ਉਸ ਫਲਾਈਟ 'ਤੇ ਸਿਰਫ ਸਾਊਦੀ ਅਰਬ ਦੇ ਬਾਸ਼ਿੰਦੇ ਜਾ ਰਹੇ ਨੇ। ਜਿਨ੍ਹਾਂ ਦੇ ਸਾਊਦੀ ਅਰਬ ਦੀ ਅੰਬੈਸੀ ਨਾਲ ਗੂਹੜੇ ਸਬੰਧ ਨੇ। ਸਾਊਦੀ ਅੰਬੈਸਡਰ ਸ਼ਹਿਜਾਦਾ ਬਿਦਰ ਨ੍ਹੀਂ ਚਾਹੁੰਦਾ ਕਿ ਕੱਲ੍ਹ ਨੂੰ ਉਸਦਾ ਕੋਈ ਬਾਸ਼ਿੰਦਾ ਇਸ ਪਲਾਟ ਵਿੱਚ ਫਸ ਜਾਵੇ। ਤੈਨੂੰ ਪਤਾ ਈ ਐ ਕਿ ਹਾਈਜੈਕਰਾਂ 'ਚ ਅੱਧੋਂ ਵੱਧ ਤਾਂ ਸਾਊਦੀ ਅਰਬ ਦੇ ਨੇ। ਉਸ ਫਲਾਈਟ ਬਾਰੇ ਤਾਂ ਤੂੰ ਭੁੱਲ ਈ ਜਾਹ।''
ਆਫੀਆ ਦੀ ਆਖਰੀ ਉਮੀਦ ਵੀ ਮੁੱਕ ਗਈ। ਇਸ ਪਿੱਛੋਂ ਉਸਨੇ ਅਮਜਦ ਨਾਲ ਕੋਈ ਬਹਿਸ ਨਾ ਕੀਤੀ। ਉਦਾਸ ਬੈਠੀ ਉਹ ਟੀਵੀ 'ਤੇ ਚੱਲ ਰਹੀਆਂ ਖ਼ਬਰਾਂ ਵੇਖਦੀ ਰਹੀ। ਹਰ ਪੰਦਰਾਂ ਵੀਹ ਮਿੰਟ ਪਿੱਛੋਂ ਕਿਸੇ ਨਾ ਕਿਸੇ ਦੇ ਫੜ੍ਹੇ ਜਾਣ ਦੀ ਖ਼ਬਰ ਆ ਰਹੀ ਸੀ। ਉਸਦੀ ਸਹੇਲੀ ਮਾਰਲੇਨ ਦੇ ਘਰਵਾਲਾ ਅਨਵਰ ਅਲ ਮੀਰਾਬੀ ਵੀ ਗ੍ਰਿਫਤਾਰ ਕਰ ਲਿਆ ਗਿਆ। ਉਸਦੀ ਗ੍ਰਿਫਤਾਰੀ ਦੀ ਖ਼ਬਰ ਸੁਣਦਿਆਂ ਹੀ ਉਹ ਕੰਬਣ ਲੱਗੀ। ਕਿਉਂਕਿ ਉਸਨੂੰ ਯਾਦ ਸੀ ਕਿ ਦੋ ਹਫਤੇ ਪਹਿਲਾਂ ਹੀ ਉਹ ਵਾਪਸ ਹੂਸਟਨ ਜਾਣ ਲੱਗੇ ਉਸਦੇ ਘਰੇ ਆਏ ਸਨ। ਅਮਜਦ, ਆਫੀਆ ਦੇ ਅੰਦਰ ਚੱਲ ਰਹੀਆਂ ਗੱਲਾਂ ਤੋਂ ਅਣਭਿੱਗ ਸਿਰਫ ਇਹੀ ਸਮਝਦਾ ਹੋਇਆ ਕਿ ਇਹ ਵਿਚਾਰੀ ਕੁਝ ਜ਼ਿਆਦਾ ਹੀ ਡਰ ਗਈ ਹੈ, ਉਸਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ। ਆਫੀਆ ਅਮਜਦ ਨਾਲ ਕੋਈ ਗੱਲ ਨਹੀਂ ਕਰ ਰਹੀ ਸੀ। ਉਂਝ ਉਹ ਆਪਣੇ ਤੌਰ 'ਤੇ ਵਾਪਸ ਜਾਣ ਦੀ ਕੋਸ਼ਿਸ਼ ਕਰ ਰਹੀ ਸੀ। ਫਿਰ ਇਹ ਉਸ ਦੀਆਂ ਕੋਸ਼ਿਸ਼ਾਂ ਦਾ ਨਤੀਜਾ ਹੀ ਸੀ ਕਿ 17 ਸਤੰਬਰ ਨੂੰ ਜਿਸ ਦਿਨ ਅਮਰੀਕਣ ਏਅਰਸਪੇਸ ਪਹਿਲੀ ਵਾਰ ਖੁੱਲ੍ਹਿਆ ਤਾਂ ਆਫੀਆ ਆਪਣੇ ਦੋਨਾਂ ਬੱਚਿਆਂ ਸਮੇਤ ਪਾਕਿਸਤਾਨ ਨੂੰ ਜਾਣ ਵਾਲੀ ਫਲਾਈਟ ਵਿੱਚ ਬੈਠੀ ਹੋਈ ਸੀ। ਉਸਨੂੰ ਇਹ ਅਫਸੋਸ ਸੀ ਕਿ ਅਮਜਦ ਉਸਦੇ ਨਾਲ ਜਾਣਾ ਨਹੀਂ ਮੰਨਿਆਂ ਸੀ। ਨਾਲ ਹੀ ਉਸਦਾ ਦਿਲ ਵੀ ਤੇਜ਼ੀ ਨਾਲ ਧੜਕ ਰਿਹਾ ਸੀ। ਪਰ ਜਦੋਂ ਜਹਾਜ਼ ਉੱਡ ਪਿਆ ਤਾਂ ਉਸਦਾ ਸਾਰਾ ਡਰ ਜਾਂਦਾ ਰਿਹਾ ਤੇ ਉਸਦਾ ਮਨ ਹੋਰ ਪਾਸੇ ਚਲਾ ਗਿਆ। ਉਸ ਮੁਤਾਬਕ ਆਖਰੀ ਲੜਾਈ ਸ਼ੁਰੂ ਹੋ ਚੁੱਕੀ ਸੀ। ਜਿਹਾਦੀਆਂ ਮੁਤਾਬਕ ਇਹ ਉਹ ਲੜਾਈ ਸੀ ਜਿਸ ਵਿੱਚ ਸਭ ਕਾਫਰ ਖਤਮ ਹੋ ਜਾਣਗੇ ਤੇ ਪਿੱਛੇ ਸਿਰਫ ਇਸਲਾਮ ਦਾ ਝੰਡਾ ਸਾਰੀ ਦੁਨੀਆਂ 'ਤੇ ਝੂਲੇਗਾ। ਉਸਨੂੰ ਸਾਰੇ ਰਸਤੇ ਇਸੇ ਖੁਸ਼ੀ 'ਚ ਪਲ ਭਰ ਵੀ ਨੀਂਦ ਨਾ ਆਈ। ਉਹ ਸੋਚਦੀ ਜਾ ਰਹੀ ਸੀ ਕਿ ਇਸਲਾਮੀ ਮੁਲਕਾਂ 'ਚ ਖਾਸ ਕਰਕੇ ਪਾਕਿਸਤਾਨ 'ਚ ਤਾਂ ਇਸ ਵੇਲੇ ਜਿਹਾਦ ਵੱਡੇ ਪੱਧਰ 'ਤੇ ਲੜਿਆ ਜਾ ਰਿਹਾ ਹੋਵੇਗਾ। ਲੋਕ ਸਭ ਕੁਝ ਭੁੱਲ ਕੇ ਜਿਹਾਦ 'ਚ ਸ਼ਾਮਲ ਹੋ ਚੁੱਕੇ ਹੋਣਗੇ। ਪਰ ਜਦੋਂ ਉਹ ਕਰਾਚੀ ਏਅਰਪੋਰਟ 'ਤੇ ਜਾ ਕੇ ਉਤਰੀ ਤਾਂ ਉਹ ਬੜੀ ਹੈਰਾਨ ਹੋਈ। ਉੱਥੇ ਤਾਂ ਲੋਕ ਆਪੋ ਆਪਣੇ ਕੰਮਾਂ ਕਾਰਾਂ 'ਚ ਵਿਅਸਤ ਸਨ। ਲੱਗਦਾ ਸੀ ਕਿ ਕਿਸੇ ਨੂੰ ਪ੍ਰਵਾਹ ਹੀ ਨਹੀਂ ਸੀ ਕਿ ਅਮਰੀਕਾ ਵਿੱਚ ਕੀ ਹੋਇਆ। ਉਸਦਾ ਦਿਲ ਟੁੱਟ ਗਿਆ। ਉਸਨੂੰ ਅਮਜਦ ਦੇ ਘਰਵਾਲੇ ਏਅਰਪੋਰਟ 'ਤੇ ਲੈਣ ਆਏ ਸਨ। ਘਰ ਨੂੰ ਜਾਂਦੀ ਉਹ ਹੋਰ ਵੀ ਹੈਰਾਨ ਹੋਈ ਜਦੋਂ ਘਰਵਾਲਿਆਂ ਨੇ ਟਵਿਨ ਟਾਵਰਾਂ ਦੇ ਢਹਿ ਜਾਣ ਵਾਲੀ ਗੱਲ ਇੱਕ ਅੱਧ ਵਾਰ ਛੇੜੀ ਤੇ ਫਿਰ ਹੋਰ ਗੱਲਾਂ ਕਰਨ ਲੱਗੇ। ਅਮਜਦ ਦੇ ਘਰਵਾਲੇ ਉਸਦੇ ਆਉਣ 'ਤੇ ਜ਼ਿਆਦਾ ਖੁਸ਼ ਵੀ ਨਹੀਂ ਸਨ। ਅਮਜਦ ਨੇ ਉਨ੍ਹਾਂ ਨੂੰ ਫੋਨ 'ਤੇ ਦੱਸ ਦਿੱਤਾ ਸੀ ਕਿ ਕਿਵੇਂ ਆਫੀਆ ਉਸਦੀ ਗੱਲ ਨਾ ਮੰਨਦੀ ਹੋਈ ਸਿਰਫ ਹਾਲਾਤਾਂ ਤੋਂ ਡਰਦੀ ਅਮਰੀਕਾ ਛੱਡ ਗਈ ਹੈ। ਇਸ ਤੋਂ ਪਹਿਲਾਂ ਘਰਵਾਲੇ ਕਾਫੀ ਦੇਰ ਦੇ ਕਹਿੰਦੇ ਆ ਰਹੇ ਸਨ ਕਿ ਅਮਜਦ ਅਤੇ ਆਫੀਆ ਇੱਕ ਵਾਰ ਆ ਕੇ ਮਿਲ ਜਾਣ ਅਤੇ ਬੱਚਿਆਂ ਨੂੰ ਮਿਲਾ ਲਿਜਾਣ। ਪਰ ਉਨ੍ਹਾਂ ਕਦੇ ਪਰਿਵਾਰ ਵਾਲਿਆਂ ਦੀ ਗੱਲ ਨਹੀਂ ਸੁਣੀਂ ਸੀ। ਪਰ ਅੱਜ ਆਫੀਆ ਇੱਕ ਦਮ ਹੀ ਆ ਪਹੁੰਚੀ। ਪਰ ਫਿਰ ਵੀ ਉਹ ਖੁਸ਼ ਸਨ ਕਿ ਚਲੋ ਇਸੇ ਬਹਾਨੇ ਉਹ ਆਪਣੇ ਪੋਤਰੇ ਅਤੇ ਪੋਤਰੀ ਨੂੰ ਵੇਖ ਲੈਣਗੇ।
ਖਾਨ ਪਰਿਵਾਰ ਇੱਕ ਸ਼ਾਂਤ ਅਤੇ ਧਾਰਮਿਕ ਅਕੀਦੇ ਮੰਨਣ ਵਾਲਾ ਸਨਮਾਨ ਯੋਗ ਪਰਿਵਾਰ ਸੀ। ਉਨ੍ਹਾਂ ਜ਼ਿੰਦਗੀ 'ਚ ਮਿਹਨਤ ਕਰਕੇ ਇਹ ਮੁਕਾਮ ਹਾਸਲ ਕੀਤਾ ਸੀ ਕਿ ਉਨ੍ਹਾਂ ਦੇ ਬੱਚੇ ਬਦੇਸ਼ਾਂ 'ਚ ਪੜ੍ਹਦੇ ਸਨ ਅਤੇ ਚੰਗੇ ਅਹੁਦਿਆਂ 'ਤੇ ਸਨ। ਅਮਜਦ ਦਾ ਪਿਉ ਆਗਾ ਨਈਮ ਖਾਂ ਇਸ ਵੇਲੇ ਰਿਟਾਇਰਡ ਜ਼ਿੰਦਗੀ ਬਿਤਾ ਰਿਹਾ ਸੀ। ਉਸਦੀ ਪਤਨੀ ਜਾਹਿਰਾ ਖਾਂ ਦੀ ਘਰ 'ਚ ਚੰਗੀ ਚਲਦੀ ਸੀ। ਸਾਰਾ ਪਰਿਵਾਰ ਸੰਯੁਕਤ ਪਰਿਵਾਰ ਦੇ ਤੌਰ 'ਤੇ ਰਹਿੰਦਾ ਸੀ। ਨਈਮ ਖਾਂ ਭਾਵੇਂ ਰਾਜਨੀਤਕ ਨਹੀਂ ਸੀ ਪਰ ਉਸਦੀ ਸੂਝ ਬੂਝ ਬਹੁਤ ਸੀ। ਘਰ 'ਚ ਅਮਰੀਕਾ ਅੰਦਰ ਅੱਤਵਾਦੀਆਂ ਦੁਆਰਾ ਕੀਤੇ ਗਏ ਹਮਲਿਆਂ ਦੀ ਚਰਚਾ ਹੋਈ ਸੀ ਪਰ ਕਿਸੇ ਹੱਦ ਤੱਕ। ਪਰਿਵਾਰ ਨੇ ਕੱਟੜਵਾਦੀਆਂ ਦੇ ਇਸ ਕਦਮ ਨੂੰ ਨਿੰਦਿਆ ਸੀ ਕਿ ਨਿਰਦੋਸ਼ ਨੂੰ ਮਾਰਨ ਨਾਲ ਕੀ ਹਾਸਲ ਹੋਵੇਗਾ। ਪਰ ਜਦੋਂ ਆਫੀਆ ਘਰੇ ਪਹੁੰਚੀ ਤਾਂ ਉਸਨੇ ਨਾਈਨ ਅਲੈਵਨ ਦੀ ਘਟਨਾ ਨੂੰ ਬਹੁਤ ਹੀ ਅਚੰਭੇ ਨਾਲ ਬਿਆਨ ਕਰਨਾ ਸ਼ੁਰੂ ਕਰ ਦਿੱਤਾ। ਉਹ ਇਸ ਨੂੰ ਭੰਡ ਨਹੀਂ ਰਹੀ ਸੀ ਸਗੋਂ ਉਹ ਇਹ ਕਾਰਾ ਕਰਨ ਵਾਲਿਆਂ ਦੇ ਹੱਕ 'ਚ ਬੋਲ ਰਹੀ ਸੀ। ਉਹ ਲਗਾਤਾਰ ਇਸੇ ਘਟਨਾ ਬਾਰੇ ਬੋਲੀ ਜਾ ਰਹੀ ਸੀ। ਪਰਿਵਾਰ ਵਾਲਿਆਂ ਨੂੰ ਉਸਦਾ ਇਸ ਤਰ੍ਹਾਂ ਉਤਸ਼ਾਹਤ ਹੋਣਾ ਚੰਗਾ ਨਾ ਲੱਗਿਆ। ਪਰ ਫਿਰ ਜਾਹਿਰਾ ਖਾਂ ਨੇ ਸਾਰਿਆਂ ਨੂੰ ਸਮਝਾਇਆ ਕਿ ਇਹ ਸ਼ਾਇਦ ਉਸ ਘਟਨਾ ਕਰਕੇ ਸਦਮੇ 'ਚ ਹੈ ਇਸੇ ਲਈ ਇਸ ਤਰ੍ਹਾਂ ਗੱਲਾਂ ਕਰ ਰਹੀ ਹੈ। ਜਦੋਂ ਉਹ ਬੋਲਣੋਂ ਨਾ ਹੀ ਹਟੀ ਤਾਂ ਨਈਮ ਖਾਂ ਥੋੜਾ ਤਾਅ ਖਾ ਕੇ ਬੋਲਿਆ, ''ਆਫੀਆ ਬੇਟੀ ਤੈਨੂੰ ਪਤਾ ਐ ਕਿ ਹੁਣ ਕੀ ਹੋਵੇਗਾ?''
'ਹੋਣਾ ਕੀ ਐ। ਬੱਸ ਜਿਸ ਦਿਨ ਦਾ ਚਿਰਾਂ ਤੋਂ ਇੰਤਜ਼ਾਰ ਸੀ ਉਹ ਆ ਚੁੱਕਿਆ ਐ। ਇਨ੍ਹਾਂ ਕਾਫਰਾਂ ਦਾ ਸਫਾਇਆ ਹੋ ਜਾਵੇਗਾ ਤੇ ਅੱਲਾ ਦੇ ਬੰਦਿਆਂ ਦੀ ਜਿੱਤ ਹੋਵੇਗੀ।''
'ਨਹੀਂ ਅਜਿਹਾ ਕੁਛ ਨ੍ਹੀਂ ਹੋਣਾ। ਜੋ ਕੁਛ ਹੋਵੇਗਾ ਉਹ ਮੈਨੂੰ ਦਿਸ ਰਿਹਾ ਐ।''
''ਉਹ ਕੀ?'' ਆਫੀਆ ਨੇ ਮੱਥੇ ਤਿਉੜੀ ਪਾਈ।
'ਹੁਣ ਅਮਰੀਕਾ, ਅਫਗਾਨਿਸਤਾਨ 'ਤੇ ਚੜ੍ਹਾਈ ਕਰੇਗਾ। ਕਿਉਂਕਿ ਇਹ ਨਾਈਨ ਅਲੈਵਨ ਦਾ ਕਾਰਾ ਕਰਨ ਵਾਲਾ ਉੱਥੇ ਪਨਾਹ ਲਈ ਬੈਠਾ ਐ। ਉੱਥੇ ਅਮਰੀਕਾ ਇਕੱਲਾ ਨ੍ਹੀਂ ਹੋਵੇਗਾ। ਸਾਰੀ ਦੁਨੀਆਂ ਉਸਦੇ ਨਾਲ ਹੋਵੇਗੀ। ਖਾਸ ਕਰਕੇ ਪਾਕਿਸਤਾਨ ਨੇ ਤਾਂ ਐਲਾਣ ਵੀ ਕਰ ਦਿੱਤਾ ਐ ਕਿ ਉਹ ਅਮਰੀਕਾ ਦਾ ਸਾਥ ਦੇਵੇਗਾ।''
'ਇਹੀ ਤਾਂ ਅਸੀਂ ਚਾਹੁੰਨੇ ਆਂ। ਇਸ ਤਰ੍ਹਾਂ ਇਹ ਆਖਰੀ ਲੜਾਈ ਹੋ ਨਿੱਬੜਗੀ। ਇਹੀ ਅੱਲਾ ਦੀ ਮਰਜ਼ੀ ਐ।''
'ਤੁਸੀਂ ਕਦੇ ਇਹ ਵੀ ਸੋਚਿਆ ਐ ਕਿ ਇਸ ਲੜਾਈ ਵਿੱਚ ਘਾਣ ਕਿਸਦਾ ਹੋਵੇਗਾ?''
''ਕਿਸਦਾ?''
'ਅਫਗਾਨਿਸਤਾਨ ਦੀ ਗਰੀਬ ਜਨਤਾ ਦਾ। ਜਿਹੜੀ ਪਿਛਲੇ ਤੀਹ ਸਾਲਾਂ ਤੋਂ ਲੜਾਈ 'ਚ ਘੁਣ ਦੀ ਤਰ੍ਹਾਂ ਪਿਸ ਰਹੀ ਐ। ਵੱਡੇ ਆਪਣੀਆਂ ਖੇਡਾਂ ਖੇਡ ਰਹੇ ਨੇ ਪਰ ਗਰੀਬਾਂ ਨੂੰ ਕੌਣ ਪੁੱਛਦਾ ਐ।''
''ਜਿਹਾਦ ਵਿੱਚ ਆਹੂਤੀ ਤਾਂ ਦੇਣੀ ਈ ਪੈਂਦੀ ਐ।''
ਆਫੀਆ ਜਦੋਂ ਨਈਮ ਖਾਂ ਦੀਆਂ ਗੱਲਾਂ ਦਾ ਜ਼ੁਆਬ ਦੇਣੋ ਨਾ ਹਟੀ ਤਾਂ ਜਾਹਿਰਾ ਖਾਂ ਨੇ ਪਤੀ ਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਕੁਝ ਦੇਰ ਲਈ ਉਹ ਚੁੱਪ ਵੀ ਹੋ ਗਿਆ। ਪਰ ਜਦੋਂ ਆਫੀਆ ਫੇਰ ਵੀ ਆਪਣੀਆਂ ਹੀ ਮਾਰੀ ਗਈ ਤਾਂ ਉਹ ਦੁਬਾਰਾ ਬੋਲਿਆ, ''ਆਫੀਆ ਬੇਟੀ ਮੈਨੂੰ ਇਹ ਦੱਸ ਕਿ ਤੁਸੀਂ ਇਸ ਵੇਲੇ ਆਪਣੇ ਆਪ ਨੂੰ ਅਮਰੀਕਾ ਨਾਲੋਂ ਇੱਥੇ ਕਿਵੇਂ ਸੁਰੱਖਿਅਤ ਸਮਝਦੇ ਓਂ। ਅਮਰੀਕਾ ਤੁਹਾਡਾ ਮੁਲਕ ਐ। ਤੁਹਾਡਾ ਸਭ ਕੁਝ ਉੱਥੇ ਐ। ਨਾਲੇ ਇੱਥੇ ਤਾਂ ਆਪਣੇ ਗੁਆਂਢ ਹੁਣ ਲੜਾਈ ਚੱਲ ਪੈਣੀ ਐਂ।''
''ਤੁਸੀਂ ਇਸ ਗੱਲ ਨੂੰ ਛੱਡੋ। ਛੇਤੀ ਦੇਣੇ ਅਮਜਦ ਨੂੰ ਸੁਨੇਹਾ ਭੇਜੋ ਕਿ ਉਹ ਜਿੰਨੀ ਜਲਦੀ ਹੋ ਸਕਦਾ ਐ ਇੱਥੇ ਆ ਜਾਵੇ। ਉੱਥੇ ਉਸਦੀ ਜ਼ਿੰਦਗੀ ਨੂੰ ਖਤਰਾ ਐ।''
''ਕਿਸ ਤੋਂ ਖਤਰਾ ਐ ਉਸਦੀ ਜ਼ਿੰਦਗੀ ਨੂੰ?''
''ਅਮਰੀਕਣ ਸਰਕਾਰ ਤੋਂ।''
'ਉੱਥੇ ਤਾਂ ਲੱਖਾਂ ਮੁਸਲਮਾਨ ਰਹਿ ਰਹੇ ਨੇ। ਕੀ ਉਹ ਸਾਰੇ ਇਸ ਨਾਈਨ ਅਲੈਵਨ ਦੇ ਕਾਰੇ ਲਈ ਜ਼ਿੰਮੇਵਾਰ ਨੇ? ਨਹੀਂ ਉਹ ਤਾਂ ਆਮ ਸ਼ਹਿਰੀ ਨੇ। ਨਾਲੇ ਮੈਂ ਦੱਸ ਦਿਆਂ ਕਿ ਇਨ੍ਹਾਂ ਅੱਤਵਾਦੀਆਂ ਦਾ ਕੋਈ ਧਰਮ ਨ੍ਹੀਂ ਹੁੰਦਾ।''
'ਤੁਸੀਂ ਕਿਸੇ ਨੂੰ ਅੱਤਵਾਦੀ ਨ੍ਹੀਂ ਕਹਿ ਸਕਦੇ।'' ਆਫੀਆ ਭੜਕ ਉੱਠੀ। ਸਾਰੇ ਹੈਰਾਨ ਰਹਿ ਗਏ। ਆਖਰ ਸਾਰਿਆਂ ਨੇ ਨਤੀਜਾ ਕੱਢਿਆ ਕਿ ਇਸ ਵੇਲੇ ਸ਼ਾਇਦ ਸਦਮੇ ਕਾਰਨ ਇਸਦੀ ਦਿਮਾਗੀ ਹਾਲਤ ਸਹੀ ਨਹੀਂ ਹੈ। ਇਸ ਕਰਕੇ ਇਸਨੂੰ ਆਰਾਮ ਕਰਨ ਦਿੱਤਾ ਜਾਵੇ।
ਉੱਧਰ ਅਮਰੀਕਾ ਨੇ ਅਫਗਾਨਿਸਤਾਨ ਦੇ ਤਾਲੀਬਾਨ ਲੀਡਰ, ਇੱਕ ਅੱਖ ਵਾਲੇ ਮੁੱਲਾ ਉਮਰ ਨੂੰ ਵਾਰਨਿੰਗ ਦੇ ਦਿੱਤੀ ਕਿ ਉਹ ਕੋਈ ਇੱਕ ਰਸਤਾ ਚੁਣ ਲਵੇ। ਜਾਂ ਤਾਂ ਉਹ ਉਸਾਮਾ ਬਿਨ ਲਾਦਿਨ ਨੂੰ ਅਮਰੀਕਾ ਦੇ ਹਵਾਲੇ ਕਰ ਦੇਵੇ ਤਾਂ ਜਾਂ ਫਿਰ ਅਮਰੀਕੀ ਹਮਲੇ ਲਈ ਤਿਆਰ ਰਹੇ। ਮੁੱਲਾ ਉਮਰ ਨੇ ਕਿਸੇ ਦੀ ਕੋਈ ਗੱਲ ਨਾ ਮੰਨੀ। ਲੜ੍ਹਾਈ ਸ਼ੁਰੂ ਹੋਣ ਦੇ ਖਦਸ਼ੇ ਵਧ ਗਏ। ਆਖਰ 7 ਅਕਤੂਬਰ 2011 ਨੂੰ ਰਾਤ ਵੇਲੇ ਅਮਰੀਕਾ ਨੇ ਪਹਿਲਾ ਬੰਬ ਅਫਗਾਨਿਸਤਾਨ ਉੱਪਰ ਸੁੱਟਦਿਆਂ ਲੜ੍ਹਾਈ ਦਾ ਬਿਗਲ ਵਜਾ ਦਿੱਤਾ। ਇਸ ਵਿਚਕਾਰ ਆਫੀਆ ਬਹੁਤ ਹੀ ਉਤਸ਼ਾਹਤ ਸੀ। ਕਦੇ ਉਹ ਕਿਸੇ ਕਮਰੇ 'ਚ ਜਾਂਦੀ ਸੀ ਤੇ ਕਦੇ ਕਿਸੇ ਵਿੱਚ। ਕਦੇ ਉਹ ਕੁਝ ਬੋਲਦੀ ਸੀ ਤੇ ਕਦੇ ਕੁਝ। ਘਰਵਾਲੇ ਉਸਦੀਆਂ ਹਰਕਤਾਂ ਤੋਂ ਬੜੇ ਅਵਾਚਾਰ ਹੋ ਗਏ ਸਨ। ਦੁਪਹਿਰ ਵੇਲੇ ਸਾਰੇ ਖਾਣੇ ਦੀ ਮੇਜ਼ 'ਤੇ ਬੈਠੇ ਤਾਂ ਅਮਜਦ ਦੇ ਵੱਡੇ ਭਰਾ ਨੇ ਗੱਲ ਛੇੜੀ, ''ਆਫੀਆ ਅਜਿਹੀ ਕਿਹੜੀ ਗੱਲ ਐ ਜੋ ਤੂੰ ਇਉਂ ਅੱਪਸੈੱਟ ਐਂ। ਨਾਲੇ ਕਿਹੜੀ ਗੱਲ ਕਰਕੇ ਤੈਨੂੰ ਖੜ੍ਹੇ ਪੈਰ ਅਮਰੀਕਾ ਛੱਡਣ ਦਾ ਫੁਰਨਾ ਫੁਰਿਆ?''
''ਕਿਉਂਕਿ ਉੱਥੇ ਦੇ ਅਮਰੀਕਣ ਲੋਕ, ਮੁਸਲਮਾਨਾਂ ਦੇ ਬੱਚੇ ਅਗਵਾ ਕਰਨ ਲੱਗ ਪਏ ਸਨ।''
'ਪਰ ਮੈਂ ਤਾਂ ਇਹ ਗੱਲ ਤੈਥੋਂ ਈ ਪਹਿਲੀ ਵਾਰ ਸੁਣ ਰਿਹਾ ਆਂ। ਮੇਰੇ ਹੋਰ ਵੀ ਕਈ ਦੋਸਤ ਉੱਥੇ ਨੇ ਉਨ੍ਹਾਂ ਤਾਂ ਕਿਸੇ ਨੇ ਨ੍ਹੀਂ ਬੱਚੇ ਅਗਵਾ ਕਰਨ ਵਾਲੀ ਗੱਲ ਦੱਸੀ।''
''ਤਾਂ ਕੀ ਫਿਰ ਮੈਂ ਝੂਠ ਬੋਲਦੀ ਆਂ?'' ਉਹ ਤਿੜਕੀ।
''ਪਰ ਆਫੀਆ ਤੇਰੇ ਆਪਣੇ ਭਰਾ ਅਤੇ ਭੈਣ ਦੇ ਬੱਚੇ ਵੀ ਤਾਂ ਉੱਥੇ ਈ ਨੇ। ਉਹ ਤਾਂ ਆਪਣੇ ਬੱਚਿਆਂ ਨੂੰ ਲੈ ਕੇ ਆਏ ਨਾ?''
'ਤੁਸੀਂ ਸਭ ਮੈਨੂੰ ਬੇਵਕੂਫ ਸਮਝਦੇ ਓਂ। ਤੁਹਾਡਾ ਮਤਲਬ ਇਸ ਸਭ ਲਈ ਮੈਂ ਈ ਜ਼ਿੰਮੇਵਾਰ ਆਂ।'' ਇੰਨਾ ਕਹਿੰਦਿਆਂ ਉਹ ਉੱਠੀ ਤੇ ਉੱਚੀ ਉੱਚੀ ਬੋਲਦੀ ਪੌੜੀਆਂ ਚੜ੍ਹ ਗਈ। ਘਰ ਵਾਲੇ ਉਸਦਾ ਵਿਹਾਰ ਵੇਖ ਕੇ ਹੈਰਾਨ ਰਹਿ ਗਏ। ਨਾਲ ਹੀ ਉਨ੍ਹਾਂ ਨੂੰ ਹੋਰ ਕਈ ਗੱਲਾਂ ਵੀ ਪਰੇਸ਼ਾਨ ਕਰ ਰਹੀਆਂ ਸਨ। ਵੱਡੀ ਗੱਲ ਸੀ ਕਿ ਆਫੀਆ ਸਿਰ ਤੋਂ ਪੈਰਾਂ ਤੱਕ ਬੁਰਕੇ 'ਚ ਲਿਪਟੀ ਹੋਈ ਸੀ। ਉਸਦੀਆਂ ਸਿਰਫ ਅੱਖਾਂ ਦਿਸਦੀਆਂ ਸਨ। ਜਦੋਂ ਕਿ ਖਾਨ ਪਰਿਵਾਰ ਵਿੱਚ ਬੁਰਕੇ ਨੂੰ ਬਹੁਤੀ ਅਹਿਮੀਅਤ ਨਹੀਂ ਦਿੱਤੀ ਜਾਂਦੀ ਸੀ। ਉਂਝ ਵੀ ਉਹ ਸੋਚਦੇ ਸਨ ਕਿ ਇੰਨੇ ਸਾਲ ਅਮਰੀਕਾ ਵਰਗੇ ਮਾਡਰਨ ਮੁਲਕ ਵਿੱਚ ਰਹਿ ਕੇ ਵੀ ਉਹ ਉਹੀ ਦਕੀਆਨੂਸੀ ਅੰਦਾਜ਼ 'ਚ ਜਿਉਂ ਰਹੀ ਹੈ। ਖੈਰ ਜਦੋਂ ਉਹ ਬੁੜਬੜਾਉਂਦੀ ਪੌੜੀਆਂ ਚੜ੍ਹ ਗਈ ਤਾਂ ਉਸਦੀ ਸੱਸ ਉਸਦੇ ਮਗਰੇ ਗਈ। ਵਾਹਵਾ ਦੇਰ ਪਿੱਛੋਂ ਉਹ ਉਸਨੂੰ ਕਿਸੇ ਤਰ੍ਹਾਂ ਮਨਾ ਕੇ ਵਾਪਸ ਖਾਣ ਦੇ ਮੇਜ਼ 'ਤੇ ਲੈ ਆਈ। ਉਹ ਆ ਤਾਂ ਗਈ ਪਰ ਉਸਨੇ ਬੁਰਕਾ ਪਾਸੇ ਨਾ ਕੀਤਾ। ਇਸ 'ਤੇ ਜਾਹਿਰਾ ਖਾਂ ਬੋਲੀ, ''ਆਫੀਆ ਬੇਟੀ ਹੁਣ ਤੂੰ ਪਰਦਾ ਹਟਾ ਸਕਦੀ ਐਂ ਇੱਥੇ ਸਭ ਘਰ ਦੇ ਈ ਨੇ।''
'ਇੱਥੇ ਬੈਠੇ ਸਭ ਲੋਕ ਸ਼ੈਤਾਨ ਨੇ। ਕਿਸੇ ਨੂੰ ਇਸਲਾਮ ਦੀ ਪ੍ਰਵਾਹ ਨ੍ਹੀਂ ਐ।'' ਇੰਨਾ ਕਹਿੰਦਿਆਂ ਉਹ ਫਿਰ ਭਾਸ਼ਣ ਦੇਣ ਲੱਗ ਪਈ। ਇਸ ਵਿੱਚ ਉਹ ਅਮਜਦ ਦੇ ਘਰਵਾਲਿਆਂ ਦੀ ਬੇਇਜ਼ਤੀ ਕਰੀ ਜਾ ਰਹੀ ਸੀ ਕਿ ਉਹ ਲੋਕ ਧਰਮ ਬਾਰੇ ਕੁਝ ਨਹੀਂ ਜਾਣਦੇ। ਆਖਰ ਨਈਮ ਖਾਂ ਖਾਣੇ ਦੇ ਮੇਜ਼ ਤੋਂ ਉੱਠ ਗਿਆ। ਉਹ ਆਪਣੀ ਨੂੰਹ ਦੇ ਨਾਲ ਕੋਈ ਵਾਰਤਲਾਪ ਵੀ ਨਹੀਂ ਕਰ ਸਕਦਾ ਸੀ ਤੇ ਚੁੱਪ ਕਰਕੇ ਉਸਦੀਆਂ ਬੇਹੂਦੀਆਂ ਗੱਲਾਂ ਵੀ ਨਹੀਂ ਸੁਣ ਸਕਦਾ ਸੀ। ਉਹ ਉੱਠ ਕੇ ਬਾਹਰ ਚਲਾ ਗਿਆ। ਉਸੇ ਰਾਤ ਉਸਨੇ ਅਮਜਦ ਨੂੰ ਫੋਨ ਕਰਕੇ ਕਿਹਾ ਕਿ ਉਹ ਛੇਤੀ ਵਾਪਸ ਆ ਕੇ ਆਪਣੀ ਬੇਗਮ ਨੂੰ ਸੰਭਾਲੇ। ਉਸ ਨੇ ਸਾਰੇ ਪਰਿਵਾਰ ਦਾ ਜਿਉਣਾ ਦੁੱਬਰ ਕੀਤਾ ਪਿਆ ਹੈ। ਉੱਧਰ ਆਫੀਆ ਵੀ ਅਮਜਦ ਨੂੰ ਫੋਨ ਕਰਕੇ ਕਿਹਾ, ''ਅਮਜਦ ਹੁਣ ਤੂੰ ਆ ਕੇ ਫੈਸਲਾ ਕਰ ਲੈ ਕਿ ਤੂੰ ਸ਼ੈਤਾਨਾਂ ਨਾਲ ਰਹਿਣਾ ਹੈ ਜਾਂ ਫਿਰ ਮੇਰੇ ਨਾਲ?''
'ਆਫੀਆ ਮੇਰੇ ਇਮਤਿਹਾਨ ਵਿੱਚ ਇਸ ਵੇਲੇ ਸਿਰਫ ਪੰਜ ਮਹੀਨੇ ਰਹਿੰਦੇ ਨੇ। ਜੇਕਰ ਮੈਂ ਹੁਣ ਆ ਜਾਂਦਾ ਹਾਂ ਤਾਂ ਹੁਣ ਤੱਕ ਦਾ ਕੀਤਾ ਕਰਾਇਆ ਸਾਰਾ ਖੂਹ ਵਿੱਚ ਪੈ ਜਾਵੇਗਾ। ਤੂੰ ਮੈਨੂੰ ਆਪਣੀ ਪੜ੍ਹਾਈ ਪੂਰੀ ਕਰ ਲੈਣ ਦੇ। ਉਦੋਂ ਤੱਕ ਤੂੰ ਕਿਵੇਂ ਨਾ ਕਿਵੇਂ ਅਡਜਸਟ ਕਰ।''
ਅਮਜਦ ਸੰਨ੍ਹ ਵਿਚਕਾਰ ਫਸ ਗਿਆ। ਉਸਦੇ ਘਰ ਦੇ ਉਸਨੂੰ ਆਉਣ ਨੂੰ ਕਹਿ ਰਹੇ ਸਨ। ਉੱਧਰ ਆਫੀਆ ਵੀ ਦਿਨ ਰਾਤ ਉਸ ਨੂੰ ਆਉਣ ਲਈ ਫੋਨ 'ਤੇ ਫੋਨ ਕਰੀ ਜਾ ਰਹੀ ਸੀ। ਆਖਰ ਅੱਕ ਕੇ ਉਸਨੇ ਯੂਨੀਵਰਸਿਟੀ ਤੋਂ ਇਜਾਜ਼ਤ ਲਈ ਅਤੇ ਪਾਕਿਸਤਾਨ ਲਈ ਚੱਲ ਪਿਆ। ਜਦੋਂ ਅਮਜਦ ਘਰ ਪਹੁੰਚਿਆ ਤਾਂ ਬਾਕੀ ਪਰਿਵਾਰ ਉਸਦੇ ਆਉਣ 'ਤੇ ਖੁਸ਼ ਤਾਂ ਹੋਇਆ ਪਰ ਉਨ੍ਹਾਂ ਨੂੰ ਅਫਸੋਸ ਵੀ ਸੀ ਕਿ ਉਸਦੀ ਪੜ੍ਹਾਈ ਦਾ ਨੁਕਸਾਨ ਹੋ ਗਿਆ। ਪਰ ਆਫੀਆ ਇੰਨੀ ਖੁਸ਼ ਸੀ ਕਿ ਉਸਦੀ ਧਰਤੀ 'ਤੇ ਅੱਡੀ ਨਹੀਂ ਲੱਗ ਰਹੀ ਸੀ। ਉਸੇ ਰਾਤ ਉਹ ਅਮਜਦ ਦੇ ਕੋਲ ਬਹਿੰਦੀ ਹੋਈ ਬੋਲੀ, ''ਅਮਜਦ ਤੂੰ ਬੜੇ ਸਹੀ ਮੌਕੇ 'ਤੇ ਆਇਆ ਐਂ।''
''ਕੀ ਮਤਲਬ?''
''ਮਤਲਬ ਇਹ ਕਿ ਇਸ ਵੇਲੇ ਸੁਲੇਮਾਨ ਐਹਮਰ ਇੱਥੇ ਈ ਐ।''
''ਕੌਣ ਸੁਲੇਮਾਨ?'' ਅਮਜਦ ਉਸਦੀ ਗੱਲ ਸੁਣ ਕੇ ਪਰੇਸ਼ਾਨ ਹੋ ਗਿਆ।
'ਤੂੰ ਸ਼ਾਇਦ ਉਸਨੂੰ ਮਿਲਿਆ ਤਾਂ ਹੋਵੇਂਗਾ ਪਰ ਉਸਨੂੰ ਨਿੱਜੀ ਤੌਰ 'ਤੇ ਨ੍ਹੀਂ ਜਾਣਦਾ ਹੋਵੇਂਗਾ।''
''ਪਰ ਅਜਿਹੀ ਕੀ ਗੱਲ ਐ ਕਿ ਮੈਂ ਅਜੇ ਘਰੇ ਆ ਕੇ ਪੈਰ ਈ ਧਰਿਐ ਤੇ ਤੂੰ ਇਉਂ ਉਤਸ਼ਾਹਤ ਹੋਈ ਫਿਰਦੀ ਐਂ?''
''ਕਿਉਂਕਿ ਗੱਲ ਈ ਅਜਿਹੀ ਐ। ਜਿਸ ਸਮੇਂ ਦਾ ਮੈਨੂੰ ਚਿਰਾਂ ਤੋਂ ਇੰਤਜ਼ਾਰ ਸੀ ਉਹ ਵਕਤ ਆ ਪਹੁੰਚਿਆ ਐ।''
ਅਮਜਦ ਬਿਨਾਂ ਕੁਝ ਕਿਹਾਂ ਉਸ ਵੱਲ ਵੇਖਦਾ ਰਿਹਾ ਤਾਂ ਉਹ ਅੱਗੇ ਬੋਲੀ, ''ਸੁਲੇਮਾਨ ਐਹਮਰ ਬੋਨੇਵੋਲੈਂਸ ਇੰਟਰਨੈਸ਼ਨਲ ਜਥੇਬੰਦੀ ਦਾ ਚਿਕਾਗੋ ਦਾ ਡਾਇਰੈਕਟਰ ਸੀ। ਹੁਣ ਉਹ ਪੱਕੇ ਤੌਰ 'ਤੇ ਅਮਰੀਕਾ ਛੱਡ ਆਇਆ ਐ। ਇੱਥੇ ਉਸਨੇ ਆਪਣੀ ਇੱਕ ਹੋਰ ਚੈਰਿਟੀ ਸ਼ੁਰੂ ਕਰ ਲਈ ਐ। ਜਿਸ ਰਾਹੀਂ ਉਹ ਫੰਡ ਇਕੱਠਾ ਕਰਕੇ ਅਫਗਾਨਿਸਤਾਨ ਵਿੱਚ ਲੜ੍ਹ ਰਹੇ ਤਾਲੀਬਾਨਾਂ ਦੀ ਮੱਦਦ ਕਰਦਾ ਐ। ਇਸ ਤੋਂ ਬਿਨਾਂ ਉਹ ਨਵੇਂ ਜਿਹਾਦੀਆਂ ਦੀ ਭਰਤੀ ਕਰਕੇ ਵੀ ਅਫਗਾਨਿਸਤਾਨ ਭੇਜੀ ਜਾ ਰਿਹਾ ਐ।''
''ਫਿਰ ਮੈਂ ਕੀ ਕਰਾਂ?'' ਅਮਜਦ ਉਸਦੀਆਂ ਗੱਲਾਂ ਸੁਣ ਸੁਣ ਕੇ ਪਰੇਸ਼ਾਨ ਹੋ ਚੁੱਕਿਆ ਸੀ।
''ਮੈਂ ਉਸ ਨਾਲ ਤੇਰੇ ਬਾਰੇ ਗੱਲ ਕਰ ਲਈ ਐ।''
''ਮੇਰੇ ਬਾਰੇ? ਕਿਸ ਕੰਮ ਦੇ ਸਿਲਸਲੇ ਵਿੱਚ?''
''ਪਹਿਲਾਂ ਮੇਰੀ ਪੂਰੀ ਗੱਲ ਸੁਣ ਲੈ, ਫਿਰ ਬੋਲੀਂ।''
ਅਮਜਦ ਕੁਝ ਨਾ ਬੋਲਿਆ। ਉਹ ਚੁੱਪ ਚਾਪ ਆਫੀਆ ਦੇ ਮੂੰਹ ਵੱਲ ਵੇਖਦਾ ਰਿਹਾ ਤਾਂ ਆਫੀਆ ਫਿਰ ਤੋਂ ਬੋਲਣ ਲੱਗੀ, ''ਮੈਂ ਸਾਰੀ ਗੱਲਬਾਤ ਪੱਕੀ ਕਰ ਲਈ ਐ। ਸੁਲੇਮਾਨ ਐਹਮਰ ਤੈਨੂੰ ਆਪਣੇ ਗਰੁੱਪ 'ਚ ਲੈਣਾ ਮੰਨ ਗਿਆ ਐ। ਤੂੰ ਇੱਥੋਂ ਚੱਲ ਕੇ ਬਾਰਡਰ 'ਤੇ ਪੈਂਦੇ ਬੋਲਚਿਸਤਾਨ ਦੇ ਸ਼ਹਿਰ ਕੁਏਟਾ ਜਾਵੇਂਗਾ। ਉੱਥੋਂ ਸੁਲੇਮਾਨ ਦੇ ਬੰਦੇ ਤੈਨੂੰ ਬਾਰਡਰ ਪਾਰ ਕਰਾਕੇ ਅਫਗਾਨਿਸਤਾਨ ਦੇ ਸ਼ਹਿਰ ਕਲਟ ਪਹੁੰਚਾਉਣਗੇ। ਉੱਥੇ ਦੇ ਲੋਕਲ ਹਸਪਤਾਲ 'ਚ ਸੁਲੇਮਾਨ ਨੇ ਤੇਰੇ ਲਈ ਕੰਮ ਦਾ ਇੰਤਜ਼ਾਮ ਕਰ ਦਿੱਤਾ ਹੋਇਆ ਐ।''
'ਆਫੀਆ ਤੇਰਾ ਦਿਮਾਗ ਤਾਂ ਨ੍ਹੀਂ ਖਰਾਬ ਹੋ ਗਿਆ?''
''ਕਿਉਂ?''
''ਤੂੰ ਮੈਨੂੰ ਇਹ ਦੱਸ ਕਿ ਮੈਂ ਕਿਉਂ ਕੁਏਟਾ ਜਾਵਾਂ। ਕਿਉਂ ਮੈਂ ਬਾਡਰ ਲੰਘ ਕੇ ਅਫਗਾਨਿਸਤਾਨ ਜਾਵਾਂ। ਤੇ ਰਹੀ ਗੱਲ ਹਸਪਤਾਲ ਵਿੱਚ ਕੰਮ ਕਰਨ ਦੀ। ਤੈਨੂੰ ਮੈਂ ਕਦੋਂ ਕਿਹਾ ਐ ਕਿ ਮੈਨੂੰ ਨੌਕਰੀ ਦੀ ਜ਼ਰੂਰਤ ਐ?''
'ਇਹ ਕੰਮ ਤੂੰ ਆਪਣੀ ਨੌਕਰੀ ਦੀ ਜ਼ਰੂਰਤ ਪੂਰੀ ਕਰਨ ਲਈ ਨ੍ਹੀਂ ਕਰ ਰਿਹਾ।''
''ਹੋਰ ਫਿਰ ਇਹ ਸਭ ਕੀ ਐ?''
'ਉਹ ਹਸਪਤਾਲ ਜਿਹਾਦੀਆਂ ਲਈ ਖੋਲ੍ਹਿਆ ਗਿਆ ਐ। ਉੱਥੇ ਜਾ ਕੇ ਤੂੰ ਜਿਹਾਦ ਦੀ ਸੇਵਾ ਕਰੇਂਗਾ। ਜਦੋਂ ਤੂੰ ਉੱਥੇ ਪਹੁੰਚ ਗਿਆ ਤਾਂ ਮੈਂ ਵੀ ਤੇਰੇ ਮਗਰੇ ਈ ਆ ਜਾਵਾਂਗੀ। ਉਸ ਪਿੱਛੋਂ ਆਪਾਂ ਪੂਰੇ ਜੋਸ਼ੋ ਖਰੋਸ਼ ਨਾਲ ਜਿਹਾਦ ਲਈ ਕੰਮ ਕਰਾਂਗੇ।''
'ਪਰ ਮੈਂ ਇਸ ਰਾਹ ਦਾ ਰਾਹੀ ਈ ਨ੍ਹੀਂ ਆਂ। ਤੈਨੂੰ ਮੈਂ ਪਹਿਲਾਂ ਵੀ ਮੈਂ ਕਈ ਵਾਰੀ ਦੱਸਿਆ ਐ ਕਿ ਮੈਂ ਇੱਕ ਚੰਗਾ ਮੁਸਲਮਾਨ ਬਣਨ ਦੀ ਕੋਸ਼ਿਸ਼ ਕਰ ਰਿਹਾ ਆਂ। ਮੈਂ ਇਹ ਡਿਗਰੀਆਂ ਲੈਣ ਤੇ ਪੜ੍ਹਾਈਆਂ ਕਰਨ ਅਮਰੀਕਾ ਵਰਗੇ ਦੇਸ਼ ਵਿੱਚ ਇਸ ਕਰਕੇ ਨ੍ਹੀਂ ਗਿਆ ਕਿ ਤਾਲੀਮ ਹਾਸਲ ਕਰਨ ਪਿੱਛੋਂ ਜਿਹਾਦ ਵਰਗੇ ਕੰਮਾਂ ਵਿੱਚ ਸ਼ਾਮਲ ਹੋ ਜਾਵਾਂ।''
''ਅਮਜਦ ਇਹ ਕੰਮ ਤਾਂ ਤੈਨੂੰ ਕਰਨਾ ਪਊਗਾ।''
''ਕਿਉਂ? ਮੇਰਾ ਮਤਲਬ ਕਿਉਂ ਕਰਨਾ ਪਊਗਾ ਇਹ ਕੰਮ ਮੈਨੂੰ।''
''ਕਿਉਂਕਿ ਤੈਨੂੰ ਮੈਂ ਕਹਿ ਰਹੀ ਆਂ। ਤੈਨੂੰ ਆਪਣੀ ਪਤਨੀ ਦੀ ਗੱਲ ਮੰਨਣੀ ਪਊਗੀ। ਇਹੀ ਇਸਲਾਮ ਸਿਖਾਉਂਦਾ ਐ।''
''ਆਫੀਆ ਮੇਰੀ ਗੱਲ ਸੁਣ। ਹੋ ਸਕਦਾ ਐ ਕਿ ਮੈਂ ਤੇਰੀਆਂ ਕਾਫੀ ਗੱਲਾਂ ਨਾਲ ਸਹਿਮਤ ਹੋਵਾਂ। ਪਰ ਸਹਿਮਤ ਜਾਂ ਅਸਹਿਮਤ ਹੋਣਾ ਹੋਰ ਗੱਲ ਐ, ਕਿਸੇ ਦੇ ਖਿਲਾਫ ਲੜਨਾ ਹੋਰ। ਹੁਣ ਤੂੰ ਹੀ ਦੱਸ ਕਿ ਅਮਰੀਕਾ, ਜਿਸਨੇ ਮੈਨੂੰ ਮੈਡੀਕਲ ਖੇਤਰ 'ਚ ਇੰਨਾ ਅੱਗੇ ਵਧਣ ਦਾ ਮੌਕਾ ਦਿੱਤਾ। ਜਿਸਨੇ ਮੈਨੂੰ ਇੰਨਾ ਵੱਡਾ ਗਿਆਨ ਦਾ ਭੰਡਾਰ ਦਿੱਤਾ। ਤੂੰ ਚਾਹੁੰਨੀ ਐਂ ਕਿ ਮੈਂ ਉਸੇ ਦੇਸ਼ ਦੇ ਖਿਲਾਫ ਸਿਰਫ ਇਸੇ ਕਰਕੇ ਬੰਦੂਕ ਚੁੱਕ ਲਵਾਂ ਕਿ ਮੇਰੀ ਘਰਵਾਲੀ ਨੂੰ ਇਹ ਚੰਗਾ ਲੱਗਦਾ ਐ। ਮੇਰਾ ਦਿਲ ਤਾਂ ਇਹ ਕਹਿੰਦਾ ਐ ਕਿ ਜਿਸ ਕਾਬਲ ਮੈਨੂੰ, ਅਮਰੀਕਾ ਨੇ ਬਣਾਇਆ ਐ ਉਹ ਕਾਬਲੀਅਤ ਮੈਨੂੰ ਲੋਕਾਂ ਵਿੱਚ ਵੰਡਣੀ ਚਾਹੀਦੀ ਐ। ਡਾਕਟਰ ਹੋਣ ਦੇ ਨਾਤੇ ਮੈਨੂੰ ਲੋੜਵੰਦਾਂ ਦੀ ਮੱਦਦ ਕਰਨੀ ਚਾਹੀਦੀ ਐ।''
'ਤੂੰ ਅਮਰੀਕਾ ਦੀਆਂ ਸਿਫਤਾਂ ਤਾਂ ਕਰ ਦਿੱਤੀਆਂ ਪਰ ਤੂੰ ਇਹ ਭੁੱਲ ਗਿਆ ਕਿ ਅੱਜ ਅਮਰੀਕਾ ਦੁਨੀਆਂ ਵਿੱਚ ਮੁਸਲਮਾਨਾਂ 'ਤੇ ਕਿੰਨੇ ਅੱਤਿਆਚਾਰ ਕਰ ਰਿਹਾ ਐ। ਇਸਲਾਮ ਦੀ ਜਿੰਨੀ ਬਰਬਾਦੀ ਅੱਜ ਅਮਰੀਕਾ ਕਰ ਰਿਹਾ ਐ ਉਨੀਂ ਅੱਜ ਤੱਕ ਕਿਸੇ ਨੇ ਨ੍ਹੀਂ ਕੀਤੀ ਹੋਣੀ।''
''ਆਫੀਆ ਇਹ ਰਾਜਨੀਤਕ ਗੱਲਾਂ ਨੇ। ਤੈਨੂੰ ਪਤਾ ਐ ਕਿ ਰਾਜਨੀਤੀ ਵਿੱਚ ਵਾਧੇ ਘਾਟੇ ਹੁੰਦੇ ਈ ਰਹਿੰਦੇ ਨੇ। ਜੋ ਤਕੜਾ ਹੁੰਦਾ ਐ ਉਹ ਜ਼ਰਾ ਜ਼ਿਆਦਾ ਕਰ ਜਾਂਦਾ ਐ ਤੇ ਮਾੜਾ ਘੱਟ। ਕਸੂਰ ਤਾਂ ਹਰ ਇੱਕ ਦਾ ਈ ਹੁੰਦਾ ਐ।''
'ਤੂੰ ਵੱਡਾ ਫਿਲਾਸਫਰ ਬਣਦਾ ਐਂ ਤਾਂ ਮੈਨੂੰ ਇਹ ਗੱਲ ਸਮਝਾ ਕਿ ਫਸਲਤੀਨੀਆਂ ਦਾ ਕੀ ਕਸੂਰ ਐ, ਜੋ ਇਨ੍ਹਾਂ ਨੂੰ ਅੱਜ ਥਾਂ ਥਾਂ ਮਾਰਿਆ ਜਾ ਰਿਹਾ ਐ।''
'ਆਫੀਆ ਤੂੰ ਮੈਨੂੰ ਇਹ ਦੱਸ ਕਿ ਜਿਹੜੇ ਟਵਿਨ ਟਾਵਰਾਂ ਵਿੱਚ ਹਜ਼ਾਰਾਂ ਲੋਕ ਮਾਰੇ ਗਏ ਉਨ੍ਹਾਂ ਦਾ ਕੀ ਕਸੂਰ ਸੀ?'' ਗੁੱਸੇ 'ਚ ਆਏ ਅਮਜਦ ਨੇ ਵੀ ਅੱਗੋਂ ਉਸਨੂੰ ਸੁਆਲ ਕਰ ਦਿੱਤਾ।
'ਉਨ੍ਹਾਂ ਵਿੱਚ ਜ਼ਿਆਦਾ ਯਹੂਦੀ ਈ ਮਰੇ ਨੇ। ਜਾਂ ਫਿਰ ਉਹ ਅਮਰੀਕੀ ਜੋ ਯਹੂਦੀਆਂ ਦੇ ਚਮਚੇ ਬਣਦੇ ਨੇ। ਮੈਂ ਕਹਿਨੀ ਆਂ ਕਿ ਯਹੂਦੀ ਉਹ ਕੌਮ ਐ ਜਿਸ 'ਤੇ ਕਦੇ ਵੀ ਇਤਬਾਰ ਨ੍ਹੀਂ ਕਰਨਾ ਚਾਹੀਦਾ। ਜੋ ਵੀ ਇਨ੍ਹਾਂ ਦਾ ਭਲਾ ਕਰਦਾ ਐ ਇਹ ਉਸੇ ਦੀ ਪਿੱਠ 'ਚ ਛੁਰਾ ਮਾਰਦੇ ਨੇ। ਸੰਸਾਰ ਨੂੰ ਇਨ੍ਹਾਂ ਤੋਂ ਛੁਟਕਾਰਾ ਦਿਵਾਉਣਾ ਬਹੁਤ ਜ਼ਰੂਰੀ ਐ।''
'ਆਫੀਆ ਇੱਕ ਗੱਲ ਧਿਆਨ ਨਾਲ ਸੁਣ ਲੈ ਕਿ ਮਰਨ ਵਾਲੇ ਦਾ ਕੋਈ ਧਰਮ ਨ੍ਹੀਂ ਹੁੰਦਾ। ਉਹ ਸਿਰਫ ਅਤੇ ਸਿਰਫ ਇਨਸਾਨ ਹੁੰਦਾ ਐ।?''
'ਮੈਂ ਇਸ ਤਰ੍ਹਾਂ ਨ੍ਹੀਂ ਸੋਚਦੀ। ਮੈਨੂੰ ਫਲਸਤੀਨੀ ਮਰਦੇ ਦਿਸਦੇ ਨੇ ਤਾਂ ਲੱਗਦਾ ਐ ਕਿ ਇਹ ਮੁਸਲਮਾਨ ਮਰ ਰਹੇ ਨੇ। ਹੋਰ ਕਿਸੇ ਦਾ ਮੈਨੂੰ ਪਤਾ ਨ੍ਹੀਂ ਐ।''
'ਤੈਨੂੰ ਫਸਤੀਨੀਆਂ ਦੇ ਮਰਨ ਨਾਲ ਅਫਸੋਸ ਹੁੰਦਾ ਐ। ਪਰ ਜਦੋਂ ਉਹ ਨਿਰਦੋਸ਼ਾਂ ਨੂੰ ਮਾਰਦੇ ਨੇ ਤਾਂ ਤੂੰ ਬੋਲਦੀ ਤੱਕ ਨ੍ਹੀਂ।''
'ਕਿਉਂਕਿ ਉਹ ਆਪਣੀ ਹੋਂਦ ਲਈ ਲੜ੍ਹ ਰਹੇ ਨੇ। ਪਹਿਲ ਤਾਂ ਯਹੂਦੀਆਂ ਨੇ ਕੀਤੀ ਸੀ।''
'ਟੈਰੋਰਿਜ਼ਮ, ਸਭ ਤੋਂ ਪਹਿਲਾਂ ਤੇਰੇ ਇਨ੍ਹਾਂ ਫਲਸਤੀਨੀਆਂ ਨੇ ਈ ਸ਼ੁਰੂ ਕੀਤਾ ਸੀ।''
''ਕਦੋਂ? ਕੀ ਕਹਿ ਰਿਹਾ ਐਂ ਤੂੰ?''
'ਇਹ ਤਾਂ ਕਿਵੇ ਹੋ ਸਕਦਾ ਐ ਕਿ ਤੈਨੂੰ ਪਤਾ ਨਾ ਹੋਵੇ। ਪਰ ਫਿਰ ਵੀ ਜਿੰਨਾ ਕੁ ਮੈਨੂੰ ਪਤਾ ਐ ਦੱਸ ਦਿੰਨਾ ਆਂ। ਇਹ 1972 ਦੀਆਂ ਸਮਰ ਏਸ਼ੀਅਨ ਖੇਡਾਂ ਵੇਲੇ ਵਾਪਰਿਆ ਸੀ। ਉਦੋਂ ਉਹ ਖੇਡਾਂ ਸਤੰਬਰ ਮਹੀਨੇ ਜਰਮਨੀ ਦੇ ਮਿਊਨਕ ਸ਼ਹਿਰ 'ਚ ਹੋ ਰਹੀਆਂ ਸਨ। ਦੁਨੀਆਂ ਭਰ ਦੇ ਖਿਡਾਰੀ ਉਲੰਪਿਕ ਪਿੰਡ ਵਿੱਚ ਠਹਿਰੇ ਹੋਏ ਸਨ। ਉਦੋਂ ਸਰਿਊਰਟੀ ਵੀ ਇੰਨੀ ਨ੍ਹੀਂ ਹੁੰਦੀ ਸੀ ਕਿਉਂਕਿ ਉਦੋਂ ਅੱਤਵਾਦ ਦੀਆਂ ਘਟਨਾਵਾਂ ਵਾਪਰਦੀਆਂ ਈ ਨ੍ਹੀਂ ਸਨ। ਪਰ ਫਤਲਤੀਨੀ ਜਿਹਾਦੀਆਂ ਨੇ ਇਸੇ ਗੱਲ ਦਾ ਫਾਇਦਾ ਉਠਾਇਆ ਤੇ ਮੌਕਾ ਪਾ ਕੇ ਉਲੰਪਿਕ ਪਿੰਡ ਵਿੱਚ ਦਾਖਲ ਹੋ ਗਏ। ਸਵੇਰੇ ਚਾਰ ਕੁ ਵਜੇ ਦਾ ਵਕਤ ਸੀ ਤੇ ਸਭ ਸੁਤੇ ਪਏ ਸਨ। ਫਸਲਤੀਨੀਆਂ ਨੇ ਇਜ਼ਰਾਇਲ ਦੀ ਟੀਮ ਦੀ ਨਿਸ਼ਾਨਦੇਹੀ ਪਹਿਲਾਂ ਈ ਕੀਤੀ ਹੋਈ ਸੀ। ਉਹ ਪੈਂਦੀ ਸੱਟੇ ਉਨ੍ਹਾਂ ਕਮਰਿਆ 'ਚ ਜਾ ਪਹੁੰਚੇ ਜਿੱਥੇ ਕਿ ਇਜ਼ਰਾਇਲ ਦੀ ਟੀਮ ਠਹਿਰੀ ਹੋਈ ਸੀ। ਇੱਕ ਦਮ ਹਮਲਾ ਕਰਕੇ ਉਨ੍ਹਾਂ ਨੇ ਇਜ਼ਰੈਲੀਆਂ ਨੂੰ ਬੰਦੀ ਬਣਾ ਲਿਆ। ਇਨ੍ਹਾਂ ਬੰਦੀ ਬਣਾਏ ਲੋਕਾਂ 'ਚ ਅਥਲੀਟ, ਕੋਚ ਅਤੇ ਹੋਰ ਮੈਂਬਰ ਸ਼ਾਮਲ ਸਨ। ਉੱਥੋਂ ਉਨ੍ਹਾਂ ਨੂੰ ਬੰਦੀ ਬਣਾ ਕੇ ਕਿਸੇ ਹੋਰ ਬਿਲਡਿੰਗ 'ਚ ਲੈ ਗਏ। ਖੈਰ ਉਸ ਪਿੱਛੋਂ ਮਾਰਾ ਮਰਾਈ ਹੋਈ। ਦੋਨਾਂ ਧਿਰਾਂ ਦੇ ਬੰਦੇ ਮਾਰੇ ਗਏ। ਪਰ ਮੇਰਾ ਇਹ ਗੱਲ ਦੱਸਣ ਮਲਤਬ ਸਿਰਫ ਇੰਨਾ ਈ ਐ ਕਿ ਫਸਲਤੀਨੀਆਂ ਨੇ ਕਿਵੇਂ ਕਿਡਨੈਪਿੰਗ ਬਗੈਰਾ ਸ਼ੁਰੂ ਕੀਤੀ।''
''ਕੋਈ ਗਲ ਤਾਂ ਹੋਊਗੀ ਜੋ ਫਲਸਤੀਨੀਆਂ ਨੂੰ ਇਹ ਕਦਮ ਚੁੱਕਣਾ ਪਿਆ।''
'ਉਹ ਇਜ਼ਰਾਇਲ ਦੀਆਂ ਜੇਲ੍ਹ 'ਚ ਬੰਦ ਆਪਣੇ ਸਜ਼ਾ ਜਾਫਤਾ ਕੈਦੀਆਂ ਨੂੰ ਛੁਡਵਾਉਣਾ ਚਾਹੁੰਦੇ ਸਨ।''
''ਆਪਣੇ ਹੱਕ ਲੈਣ ਲਈ ਸਭ ਕੁਝ ਕਰਨਾ ਜਾਇਜ਼ ਐ।''
'ਇਜ਼ਰਾਇਲ ਵੀ ਤਾਂ ਆਪਣੀ ਹੋਂਦ ਕਾਇਮ ਰੱਖਣ ਲਈ ਈ ਲੜ੍ਹ ਰਿਹਾ ਐ। ਇਸ ਤਰ੍ਹਾਂ ਵੇਖੀਏ ਤਾਂ ਹਰ ਇੱਕ ਦਾ ਆਪਣਾ ਨਜ਼ਰੀਆ ਐ।''
'ਤੂੰ ਕਦੋਂ ਕੁ ਦਾ ਇਜ਼ਰਾਇਲ ਦਾ ਭਗਤ ਬਣ ਗਿਆ?'' ਆਫੀਆ ਨੇ ਗੁੱਸੇ 'ਚ ਤਿਉੜੀਆਂ ਚੜ੍ਹਾਈਆਂ।
'ਮੈਂ ਇਸ ਮਾਰਾ ਮਰਾਈ ਦੇ ਹੱਕ 'ਚ ਨ੍ਹੀਂ ਆਂ। ਕੁਝ ਨਾ ਕੁਝ ਲੈਣ ਦੇਣ ਕਰਕੇ ਇਹ ਮਸਲਾ ਸੁਲਝਾਇਆ ਜਾ ਸਕਦਾ ਐ। ਜਹੂਦੀਆਂ ਦਾ ਵੀ ਤਾਂ ਬਥੇਰਾ ਨੁਕਸਾਨ ਹੋਇਆ ਐ। ਦੂਜੀ ਵੱਡੀ ਜੰਗ ਵੇਲੇ। ਹਿਟਲਰ ਨੇ ਸੱਠ ਲੱਖ ਯਹੂਦੀ ਮਾਰ ਮੁਕਾਏ ਸਨ।''
'ਇਹ ਸਭ ਝੂਠ ਐ। ਮੇਰੇ ਖਿਆਲ 'ਚ ਕੋਈ ਹਾਲੋਕਾਸਟ ਹੋਇਆ ਈ ਨ੍ਹੀਂ। ਯਹੂਦੀਆਂ ਨੇ ਸੰਸਾਰ ਦੀ ਹਮਦਰਦੀ ਲੈਣ ਲਈ ਅਜਿਹੀਆਂ ਗੱਲਾਂ ਮਨੋ ਘੜੀਆਂ ਹੋਈਆਂ ਨੇ। ਇਸ ਸਭ ਬਕਵਾਸ ਐ।''
'ਉਹ ਕਮ ਆਨ ਆਫੀਆ। ਤੂੰ ਇੱਕ ਸਾਇੰਟਿਸਟ ਹੋ ਕੇ ਕਿਹੋ ਜਿਹੀਆਂ ਗੱਲਾਂ ਕਰ ਰਹੀ ਐਂ। ਮੈਂ ਤਾਂ ਹੈਰਾਨ ਆਂ ਕਿ ਤੂੰ ਕੁਝ ਵੀ ਬੋਲੀ ਜਾ ਰਹੀ ਆਂ।''
''ਚੱਲ ਤੂੰ ਮੇਰੀਆਂ ਸਾਰੀਆਂ ਗੱਲਾਂ ਨੂੰ ਬਕਵਾਸ ਸਮਝ, ਪਰ ਮੇਰੀ ਆਖਰੀ ਤੇ ਅਸਲੀ ਗੱਲ ਦਾ ਜ਼ੁਆਬ ਦੇਹ।'' ਆਫੀਆ ਅਸਲੀ ਮੁੱਦੇ ਵੱਲ ਮੁੜ ਆਈ।
''ਕਿਹੜੀ ਅਸਲੀ ਗੱਲ?''
''ਤੂੰ ਮੈਨੂੰ ਇਹ ਦੱਸ ਕਿ ਕੁਏਟਾ ਲਈ ਕਦੋਂ ਤੁਰ ਰਿਹਾ ਐਂ। ਕੀ ਮੈਂ ਅੱਜ ਰਾਤ ਤੇਰੀ ਸਾਰੀ ਤਿਆਰੀ ਕਰ ਦਿਆਂ। ਅੱਗੇ ਉੱਥੋਂ ਅਫਗਾਨਿਸਤਾਨ ਜਾਣ ਵਿੱਚ ਵੀ ਕਈ ਦਿਨ ਲੱਗ ਜਾਣਗੇ।''
'ਤੂੰ ਤਾਂ ਇਉਂ ਗੱਲ ਕਰ ਰਹੀ ਐਂ ਜਿਵੇਂ ਮੈਂ ਜਾਣ ਲਈ ਤਿਆਰ ਈ ਬੈਠਾ ਹੋਵਾਂ। ਮੁਕਦੀ ਗੱਲ, ਮੈਂ ਨ੍ਹੀਂ ਕਿਧਰੇ ਜਾਣਾ।''
'ਜਾਣਾ ਤਾਂ ਤੈਨੂੰ ਪਊਗਾ। ਤੂੰ ਮੇਰੀ ਗੱਲ ਨ੍ਹੀਂ ਟਾਲ ਸਕਦਾ। ਮੈਂ ਤੇਰੀ ਘਰਵਾਲੀ ਆਂ। ਤੇਰੀ ਦੁਖ ਸੁਖ ਦੀ ਸਾਥਣ।''
ਅਮਜਦ ਨੇ ਧਿਆਨ ਨਾਲ ਆਫੀਆ ਵੱਲ ਵੇਖਿਆ। ਇਸ ਵੇਲੇ ਆਫੀਆ ਦੀਆਂ ਅੱਖਾਂ 'ਚ ਮੋਹ ਝਲਕ ਰਿਹਾ ਸੀ। ਉਸਨੂੰ ਵੀ ਆਫੀਆ 'ਤੇ ਪਿਆਰ ਆਇਆ। ਉਹ ਉਸਦੇ ਕੋਲ ਹੁੰਦਾ ਉਸਨੂੰ ਕਲਾਵੇ 'ਚ ਲੈਂਦਾ ਬੋਲਿਆ, ''ਆਫੀਆ ਆਪਣੇ ਦੋ ਪਿਆਰੇ ਪਿਆਰੇ ਬੱਚੇ ਨੇ। ਵਧੀਆ ਆਪਣੀ ਜ਼ਿੰਦਗੀ ਐ। ਮੈਨੂੰ ਇਹ ਵੀ ਪਤਾ ਐ ਕਿ ਆਪਾਂ ਇੱਕ ਦੂਜੇ ਨੂੰ ਟੁੱਟ ਕੇ ਮੁਹੱਬਤ ਕਰਦੇ ਆਂ। ਇੱਕ ਦੂਜੇ ਬਿਨਾ ਪਲ ਭਰ ਨ੍ਹੀਂ ਰਹਿ ਸਕਦੇ। ਮੈਂ ਚਾਹੁੰਨਾ ਕਿ ਆਪਾਂ ਅੱਲਾ ਦੀ ਦਿੱਤੀ ਹੋਈ ਇਸ ਰਹਿਮਤਾਂ ਭਰੀ ਜ਼ਿੰਦਗੀ ਦਾ ਆਨੰਦ ਮਾਣੀਏ। ਤੂੰ ਪਲੀਜ਼ ਇਸ ਜਿਹਾਦ ਵਾਲੀ ਗੱਲ ਨੂੰ ਭੁੱਲਜਾ।''
'ਅਮਜਦ ਤੇਰੀਆਂ ਸਾਰੀਆਂ ਗੱਲਾਂ ਸਹੀ ਨੇ। ਤੂੰ ਮੈਨੂੰ ਦੁਨੀਆਂ ਦੀ ਹਰ ਸ਼ੈਅ ਤੋਂ ਪਿਆਰਾ ਐਂ। ਪਰ ਜਿਹਾਦ ਮੇਰੇ ਲਈ ਇੱਕ ਪਵਿੱਤਰ ਕਾਰਜ ਐ। ਉਸਦੇ ਲਈ ਮੈਂ ਕੁਝ ਵੀ ਕੁਰਬਾਨ ਕਰ ਸਕਦੀ ਆਂ।''
ਅਮਜਦ ਚੁੱਪ ਹੋ ਗਿਆ। ਉਹ ਸਮਝ ਗਿਆ ਕਿ ਇਸ ਵੇਲੇ ਇਸ ਨਾਲ ਗੱਲ ਕਰਨ ਦਾ ਸਹੀ ਵਕਤ ਨਹੀਂ ਹੈ। ਉਹ ਇਹ ਵੀ ਜਾਣਦਾ ਸੀ ਕਿ ਇਹ ਹੱਦੋਂ ਵੱਧ ਜਿੱਦੀ ਹੈ। ਜਿਹੜੀ ਗੱਲ ਕਹਿ ਦੇਵੇ ਉਸ ਤੋਂ ਪਿੱਛੇ ਨਹੀਂ ਹੱਟਦੀ। ਉਸ ਵੇਲੇ ਉਸਨੇ ਫਿਰ ਸੋਚਣ ਦਾ ਕਹਿ ਕੇ ਗੱਲ ਬਦਲ ਲਈ। ਰਾਤ ਗੁਜ਼ਰ ਗਈ। ਪਰ ਅਮਜਦ ਨੂੰ ਸਾਰੀ ਰਾਤ ਪਲ ਭਰ ਵੀ ਚੈਨ ਨਾ ਆਇਆ। ਉਸਨੂੰ ਕੋਈ ਰਾਹ ਨਹੀਂ ਸੁੱਝ ਰਿਹਾ ਸੀ। ਉਹ ਆਫੀਆ ਨੂੰ ਨਹੀਂ ਛੱਡ ਸਕਦਾ ਸੀ ਤੇ ਆਫੀਆ ਜਿਹਾਦ ਨੂੰ ਨਹੀਂ ਛੱਡ ਰਹੀ ਸੀ। ਆਖਰ ਸਵੇਰ ਵੇਲੇ ਉਸਨੂੰ ਖਿਆਲ ਆਇਆ ਕਿ ਇਸਲਾਮ ਇਹ ਵੀ ਕਹਿੰਦਾ ਹੈ ਕਿ ਮੁਸ਼ਕਲ ਵੇਲੇ ਘਰ ਦੇ ਵਡੇਰਿਆਂ ਦੀ ਮੱਦਦ ਲਵੋ। ਉਹ ਆਪਣੇ ਵੱਡੇ ਭਰਾ ਕੋਲ ਚਲਾ ਗਿਆ ਤੇ ਉਸ ਨਾਲ ਸੰਗਦੇ ਜਿਹੇ ਨੇ ਗੱਲ ਤੋਰੀ, ''ਭਾਈ ਜਾਨ ਮੈਂ ਤਾਂ ਮੁਸੀਬਤ 'ਚ ਫਸ ਗਿਆ ਆਂ। ਮੇਰੀ ਰਹਿਨਮਾਈ ਕਰੋ।''
''ਕਿਉਂ ਅਮਜਦ ਕੀ ਹੋਇਆ?''
ਅੱਗੇ ਅਮਜਦ ਨੇ ਸਾਰੀ ਗੱਲ ਦੱਸ ਦਿੱਤੀ ਕਿ ਕਿਵੇਂ ਆਫੀਆ ਉਸਨੂੰ ਜਿਹਾਦ ਵਿੱਚ ਜਾਣ ਲਈ ਮਜ਼ਬੂਰ ਕਰ ਰਹੀ ਹੈ ਤੇ ਉਸ ਕੋਲ ਘਰਵਾਲੀ ਦੀ ਗੱਲ ਮੰਨਣ ਤੋਂ ਬਿਨਾ ਕੋਈ ਚਾਰਾ ਵੀ ਨਹੀਂ ਹੈ। ਭਰਾ ਦੇ ਤਾਂ ਉਸਦੀ ਗੱਲ ਸੁਣ ਕੇ ਹੀ ਹੋਸ਼ ਉੱਡ ਗਏ। ਉਸਨੇ ਆਪ ਕੋਈ ਗੱਲ ਨਾ ਕੀਤੀ ਸਗੋਂ ਉਹ ਅਮਜਦ ਦੀ ਬਾਂਹ ਫੜਦਾ ਸਿੱਧਾ ਆਪਣੇ ਅੱਬਾ ਕੋਲ ਲੈ ਗਿਆ ਤੇ ਉਸਨੂੰ ਸਾਰੀ ਹੋਈ ਬੀਤੀ ਸੁਣਾ ਦਿੱਤੀ। ਨਈਮ ਖਾਂ ਭੜਕਦਾ ਹੋਇਆ ਬੋਲਿਆ, ''ਅਮਜਦ ਇਹ ਕੀ ਬਕਵਾਸ ਐ? ਕੀ ਤੈਨੂੰ ਚੰਗੀ ਤਾਲੀਮ ਇਹੀ ਸਿਖਾਉਂਦੀ ਐ ਕਿ ਇਹੋ ਜਿਹੇ ਪੁੱਠੇ ਕੰਮ ਕਰੋ?''
''ਅੱਬੂ ਆਫੀਆ ਕਹਿੰਦੀ ਐ ਕਿ....।''
'ਕੌਣ ਕੀ ਕਹਿੰਦਾ ਐ ਤੂੰ ਇਹ ਗੱਲ ਛੱਡ। ਤੈਨੂੰ ਪਹਿਲਾਂ ਇਹ ਸਿੱਖਣ ਦੀ ਲੋੜ ਐ ਕਿ ਜਿਹਾਦ ਹੁੰਦਾ ਕੀ ਐ। ਹਰ ਲੜਾਈ ਜਿਹਾਦ ਨ੍ਹੀਂ ਹੁੰਦੀ। ਰਾਜਨੀਤਕ ਲੋਕ ਆਪਣੇ ਨਿੱਜ਼ੀ ਮੁਫਾਦਾਂ ਲਈ ਇਸ ਪਵਿੱਤਰ ਲਫਜ਼ ਦਾ ਹਰ ਥਾਂ ਇਸਤੇਮਾਲ ਕਰਕੇ ਨੌਜਵਾਨਾਂ ਨੂੰ ਭੜਕਾ ਦਿੰਦੇ ਨੇ ਤੇ ਫਿਰ ਉਹ ਉਹੀ ਕਰਦੇ ਨੇ ਜੋ ਇਹ ਰਾਜਨੀਤਕ ਲੋਕ ਚਾਹੁੰਦੇ ਨੇ। ਮੈਂ ਤਾਂ ਜਿਆ ਉਲ ਹੱਕ ਦੇ ਵੇਲੇ ਤੋਂ ਈ ਕਹਿੰਦਾ ਆ ਰਿਹਾ ਆਂ ਕਿ ਇੱਕ ਰਾਜਨੀਤਕ ਖੇਡ ਐ। ਪੰਝੀ ਸਾਲਾਂ ਤੋਂ ਵੀ ਉੱਤੇ ਦਾ ਸਮਾ ਹੋ ਗਿਆ ਵਿਚਾਰੇ ਗਰੀਬ ਅਫਗਾਨੀਆਂ ਨੂੰ ਇਸ ਗੰਦੀ ਰਾਜਨੀਤੀ ਦੀ ਬਲੀ ਚੜ੍ਹਦਿਆਂ। ਅਫਗਾਨਿਸਤਾਨ ਅੱਜ ਮਿੱਟੀ ਦਾ ਢੇਰ ਬਣ ਕੇ ਰਹਿ ਗਿਆ ਐ। ਹੋਰ ਸੁਣ, ਇਹ ਕਹਿੰਦੇ ਨੇ ਅਫਗਾਨਿਸਤਾਨ ਹੀ ਇੱਕ ਅਜਿਹਾ ਮੁਲਕ ਐ ਜਿੱਥੇ ਸੱਚਾ ਇਸਲਾਮੀ ਰਾਜ ਹੈ। ਪਰ ਉੱਥੇ ਦੀ ਜਨਤਾ ਨੂੰ ਪੁੱਛ ਕੇ ਵੇਖ ਕਿ ਉਨ੍ਹਾਂ ਨਾਲ ਵਾਪਰਦਾ ਕੀ ਐ। ਉਹ ਪਸ਼ੂਆਂ ਨਾਲੋਂ ਭੈੜੀ ਜ਼ਿੰਦਗੀ ਬਤੀਤ ਕਰ ਰਹੇ ਨੇ। ਇਨ੍ਹਾਂ ਉਜੱਡ ਲੋਕਾਂ ਨੇ ਉਨ੍ਹਾਂ ਦਾ ਜਿਉਣਾ ਦੁੱਬਰ ਕਰਕੇ ਰੱਖ ਦਿੱਤਾ। ਹੁਣ ਦੀ ਜੋ ਹਾਲਾਤ ਐ ਇਸ ਲਈ ਤਾਲੀਬਾਨ ਜ਼ਿੰਮਾਵਾਰ ਹਨ। ਕਿਉਂ ਇਨ੍ਹਾਂ ਉਸ ਕਾਤਲ ਆਦਮੀ, ਲਾਦਿਨ ਨੂੰ ਆਪਣੇ ਮੁਲਕ ਵਿੱਚ ਪਨਾਹ ਦਿੱਤੀ ਹੋਈ ਹੈ। ਇਸ ਸਾਰੇ ਦਾ ਜ਼ਿੰਮੇਵਾਰ ਉਹ ਇਨਸਾਨ ਐ ਤੇ ਉਸਦੀ ਸਜ਼ਾ ਭੁਗਤ ਰਿਹਾ ਹੈ ਅਫਗਾਨਿਸਤਾਨ ਦਾ ਗਰੀਬ ਆਦਮੀ।''
''ਪਰ ਅੱਬੂ ਮੈਨੂੰ ਕੀ ਹੁਕਮ ਐਂ?'' ਅਮਜਦ ਡਰਦਾ ਜਿਹਾ ਬੋਲਿਆ।
'ਤੂੰ ਭੁੱਲਜਾ ਇਨ੍ਹਾਂ ਗੱਲਾਂ ਨੂੰ ਤੇ ਆਪਣੇ ਕੈਰੀਅਰ 'ਤੇ ਧਿਆਨ ਦੇਹ।''
ਅਮਜਦ ਉੱਪਰ ਗਿਆ ਤੇ ਉਸਨੇ ਆਫੀਆ ਨੂੰ ਦੱਸ ਦਿੱਤਾ ਕਿ ਉਸਦੇ ਅੱਬੂ ਨੇ ਜਿਹਾਦ ਵਿੱਚ ਜਾਣ ਤੋਂ ਨਾਂਹ ਕਹਿ ਦਿੱਤੀ ਹੈ।
'ਪਰ ਤੂੰ ਉਸਦੀ ਸਲਾਹ ਲੈਣ ਗਿਆ ਈ ਕਿਉਂ?'' ਆਫੀਆ ਉੱਚੀ ਬੋਲੀ ਤਾਂ ਹੇਠਾਂ ਖੜ੍ਹੇ ਨਈਮ ਖਾਂ ਨੂੰ ਉਸਦੀ ਆਵਾਜ਼ ਉਵੇਂ ਜਿਵੇਂ ਸੁਣੀਂ। ਉਸਦੇ ਸੱਤੀਂ ਕੱਪੜੀਂ ਅੱਗ ਲੱਗ ਗਈ। ਪਰ ਉਹ ਫਿਰ ਵੀ ਜ਼ਬਤ ਵਿੱਚ ਰਿਹਾ। ਅਮਜਦ ਪੌੜੀਆਂ ਉਤਰਨ ਲੱਗਿਆ ਤਾਂ ਨਈਮ ਖਾਂ ਨੇ ਉੱਚੀ ਕਿਹਾ, ''ਅਮਜਦ ਜੇ ਤੂੰ ਉੱਥੇ ਗਿਆ ਤਾਂ ਮੁੜ ਕੇ ਇਸ ਘਰ ਵਿੱਚ ਪੈਰ ਨਾ ਪਾਈਂ।''
ਆਪਣੇ ਸੌਹਰੇ ਦੀ ਇਹ ਗੱਲ ਸੁਣ ਕੇ ਆਫੀਆ ਹਵਾ ਵਾਂਗੂੰ ਹੇਠਾਂ ਆਈ ਤੇ ਆਉਂਦੀ ਨੇ ਹੀ ਅਮਜਦ ਦੇ ਗਲਾਮੇ ਵਿੱਚ ਹੱਥ ਪਾ ਲਿਆ। ਉਹ ਉੱਚੀ ਬੋਲੀ, ''ਹੁਣੇ ਫੈਸਲਾ ਕਰ। ਜਾਂ ਆਪਣੇ ਮਾਂ ਪਿਉ ਨਾਲ ਰਹਿ ਜਾਂ ਮੇਰੇ ਨਾਲ।''
ਅਮਜਦ ਕੁਝ ਨਾ ਬੋਲਿਆ ਤਾਂ ਆਫੀਆ ਹੋਰ ਵੀ ਗੁੱਸੇ 'ਚ ਆ ਗਈ। ਉਹ ਫਿਰ ਚਿਲਾਈ, ''ਠੀਕ ਐ ਜੇ ਤੂੰ ਮੇਰੀ ਗੱਲ ਨ੍ਹੀਂ ਮੰਨਣੀ ਤਾਂ ਮੈਨੂੰ ਹੁਣੇ ਤਲਾਕ ਦੇਹ। ਸਮਝਿਆ ਤੂੰ? ਤਲਾਕ ਦੇਹ ਮੈਨੂੰ। ਹੁਣੇ ਇਸੇ ਵਕਤ।''
ਫਿਰ ਉਹ ਚੀਕਦੀ ਚਿਲਾਉਂਦੀ ਉੱਪਰ ਕਮਰੇ ਨੂੰ ਚਲੀ ਗਈ। ਘਰ 'ਚ ਮੁਕੰਮਲ ਚੁੱਪ ਵਰਤ ਗਈ। ਆਖਰ ਨਈਮ ਖਾਂ ਨੇ ਆਪਣੀ ਬੇਗਮ ਨੂੰ ਕਿਹਾ ਕਿ ਜੇਕਰ ਇਹ ਮੀਆਂ ਬੀਵੀ ਹੋਰ ਕੁਝ ਦਿਨ ਆਪਣੇ ਨਾਲ ਰਹੇ ਤਾਂ ਜ਼ਰੂਰ ਇਨ੍ਹਾਂ ਦਾ ਤਲਾਕ ਹੋ ਜਾਵੇਗਾ। ਆਪਾਂ ਇਉਂ ਕਰੀਏ ਕਿ ਇਨ੍ਹਾਂ ਨੂੰ ਆਪਣੇ ਤੋਂ ਦੂਰ ਰਹਿਣ ਦੇਈਏ। ਉਦੋਂ ਤੱਕ ਇਨ੍ਹਾਂ ਦਾ ਆਪਸੀ ਫਰਕ ਵੀ ਮਿਟ ਜਾਊਗਾ ਤੇ ਸ਼ਾਇਦ ਹਾਲਤ ਕੁਝ ਹੋਰ ਕਰਵਟ ਲੈ ਲੈਣ। ਇਸ ਪਿੱਛੋਂ ਉਨ੍ਹਾਂ ਦਾ ਜਾਣ ਦਾ ਇੰਤਜ਼ਾਮ ਕਰ ਦਿੱਤਾ ਗਿਆ। ਅਮਜਦ ਬੱਚਿਆਂ ਅਤੇ ਆਫੀਆ ਨੂੰ ਲੈ ਕੇ ਇਸਲਾਮਾਬਾਦ ਨੂੰ ਚੱਲ ਪਿਆ। ਆਫੀਆ ਦਾ ਕਹਿਣਾ ਸੀ ਕਿ ਜੇਕਰ ਜਾਣਾ ਹੀ ਹੈ ਤਾਂ ਉਹ ਆਪਣੇ ਮਾਮੇ ਐੱਚ. ਐੱਸ. ਫਾਰੂਕੀ ਕੋਲ, ਇਸਲਾਮਾਬਾਦ ਜਾਣਾ ਪਸੰਦ ਕਰੂਗੀ। ਸ਼ਾਮ ਤੱਕ ਉਹ ਫਾਰੂਕੀ ਕੋਲ ਪਹੁੰਚ ਗਏ। ਕੁਝ ਦਿਨ ਆਰਾਮ ਨਾਲ ਲੰਘੇ ਕਿ ਇੱਕ ਦਿਨ ਆਫੀਆ ਫਿਰ ਨਵੀਂ ਸਕੀਮ ਲੈ ਕੇ ਅਮਜਦ ਸਾਹਮਣੇ ਆ ਖੜ੍ਹੀ ਹੋਈ।
'ਅਮਜਦ, ਕਸ਼ਮੀਰ ਅਤੇ ਅਫਗਾਨਿਸਤਾਨ ਦੀਆਂ ਪਹਾੜੀਆਂ ਵਿਚਕਾਰ ਪੈਂਦੇ ਬਾਲਕਟ ਸ਼ਹਿਰ 'ਚ ਅੱਜ ਕੱਲ੍ਹ ਜੈਸ਼ੇ ਮੁਹੰਮਦ ਦਾ ਕੈਂਪ ਚੱਲ ਰਿਹਾ ਐ।''
''ਹੈਂ!?'' ਅਮਜਦ ਨੂੰ ਗੱਲ ਦੀ ਸਮਝ ਨਾ ਆਈ। ਉਹ ਹੈਰਾਨ ਹੁੰਦਾ ਬੋਲਿਆ, ''ਇਹ ਜੈਸ਼ੇ ਮੁਹੰਦਮ ਕਿਸ ਸ਼ੈਅ ਦਾ ਨਾਂ ਐਂ?''
'ਤੈਨੂੰ ਪਤਾ ਈ ਹੋਣਾ ਐਂ ਕਿ ਦਸੰਬਰ 1999 'ਚ ਕੁਝ ਜਿਹਾਦੀ, ਇੰਡੀਅਨ ਏਅਰਲਾਈਨਜ਼ ਦਾ ਜਹਾਜ਼ ਅਗਵਾ ਕਰਕੇ ਕਾਬਲ ਲੈ ਗਏ ਸਨ। ਉਨ੍ਹਾਂ ਇਹ ਸਭ ਆਪਣੇ ਲੀਡਰ ਮੁਲਾਨਾ ਮਸੂਦ ਅਜਹਰ ਨੂੰ ਛਡਵਾਉਣ ਲਈ ਕੀਤਾ ਸੀ ਜਿਹੜਾ ਕਿ ਉਸ ਵੇਲੇ ਇੰਡੀਆ ਦੀ ਜੇਲ੍ਹ ਵਿੱਚ ਬੰਦ ਸੀ। ਉਹ ਅਪਰੇਸ਼ਨ ਸਫਲ ਰਿਹਾ ਤੇ ਮੁਲਾਨਾ ਮਸੂਦ ਅਜਹਰ ਨੂੰ ਛੁਡਵਾ ਲਿਆ ਗਿਆ। ਪਿੱਛੋਂ ਮਸੂਦ ਨੇ ਇੱਥੇ ਆ ਕੇ ਨਵੀਂ ਜਥੇਬੰਦੀ ਬਣ ਲਈ। ਉਸੇ ਦਾ ਨਾਂ ਜੈਸ਼ੇ ਮੁਹੰਦਮ ਐ। ਜੈਸ਼ੇ ਮੁਹੰਮਦ ਵਾਲਿਆਂ ਦੇ ਕੈਂਪ ਇਨ੍ਹਾਂ ਪਹਾੜੀਆਂ 'ਚ ਨੇ। ਇਨ੍ਹਾਂ ਦੇ ਪਰਿਵਾਰ ਵੀ ਇਨ੍ਹਾਂ ਦੇ ਨਾਲ ਹੀ ਰਹਿੰਦੇ ਨੇ।''
''ਪਰ ਇਹ ਕਰਦੇ ਕੀ ਨੇ?''
'ਇਹ ਜਿਹਾਦ ਲੜ੍ਹਦੇ ਨੇ।'' ਆਫੀਆ ਨੇ ਇਹ ਗੱਲ ਕਹੀ ਤਾਂ ਅਮਜਦ ਦੇ ਮੂੰਹ 'ਚ ਕੁੜੱਤਣ ਘੁਲ ਗਈ। ਉਸਨੇ ਸੋਚਿਆ ਕਿ ਜਿਸ ਗੱਲ ਤੋਂ ਡਰਦਾ ਉਹ ਇੱਥੇ ਆਇਆ ਹੈ ਉਹ ਗੱਲ ਫਿਰ ਅੱਗੇ ਆ ਖੜ੍ਹੀ। ਉਹ ਕੁਝ ਦੇਰ ਸੋਚਦਾ ਰਿਹਾ ਤਾਂ ਆਫੀਆ ਬੋਲੀ, ''ਆਪਾਂ ਉੱਥੇ ਚੱਲਦੇ ਆਂ। ਤੂੰ ਉੱਥੇ ਹਸਪਤਾਲ 'ਚ ਕੰਮ ਕਰੀਂ ਤੇ ਮੈਂ ਜਿਹਾਦੀਆਂ ਦੇ ਬੱਚਿਆਂ ਲਈ ਸਕੂਲ ਚਲਾ ਲਊਂਗੀ।''
ਅਮਜਦ ਫਿਰ ਵੀ ਕੁਝ ਨਾ ਬੋਲਿਆ। ਆਖਰ ਉਸਨੂੰ ਕੋਈ ਫੁਰਨਾ ਫੁਰਿਆ ਤੇ ਉਹ ਆਫੀਆ ਨੂੰ ਬੋਲਿਆ, ''ਆਪਾਂ ਇਉਂ ਕਰਦੇ ਆਂ ਕਿ ਪਹਿਲਾਂ ਐਬਟਾਬਾਦ ਚੱਲਦੇ ਆਂ। ਉੱਥੋਂ ਬਾਲਕਟ ਸਾਰਾ ਈ ਪੰਝਾਲ ਕੁ ਮੀਲ ਹੋਵੇਗਾ। ਉੱਥੇ ਜਾ ਕੇ ਵੇਖਾਂਗੇ ਕਿ ਅੱਗੇ ਕੀ ਕਰਨਾ ਐਂ।''
ਆਫੀਆ ਖੁਸ਼ੀ ਖੁਸ਼ੀ ਤਿਆਰ ਹੋ ਗਈ। ਉਸਨੂੰ ਲੱਗਿਆ ਕਿ ਅਮਜਦ ਸਹੀ ਰਾਹ 'ਤੇ ਆਉਂਦਾ ਜਾ ਰਿਹਾ ਹੈ। ਅਗਲੇ ਦਿਨ ਉਹ ਐਬਟਾਬਾਦ ਚਲੇ ਗਏ। ਰਾਤ ਵੇਲੇ ਉਹ ਕਿਸੇ ਹੋਟਲ 'ਚ ਠਹਿਰੇ। ਰਾਤ ਭਰ ਆਫੀਆ ਅੱਗੇ ਦੀਆਂ ਸਕੀਮਾਂ ਬਣਾਉਂਦੀ ਰਹੀ। ਅਗਲੀ ਸਵੇਰ ਅਮਜਦ ਨੇ ਆਪਣੀ ਸਕੀਮ ਦੱਸੀ, ''ਆਫੀਆ ਮੈਂ ਇੱਥੇ ਦੇ ਕਿਸੇ ਹਸਪਤਾਲ ਵਿੱਚ ਨੌਕਰੀ ਕਰ ਲੈਂਦਾ ਆਂ। ਬੱਚਿਆਂ ਨੂੰ ਆਪਾਂ ਇੱਥੇ ਦੇ ਮਸ਼ਹੂਰ ਮਿਸ਼ਨਰੀ ਸਕੂਲ ਵਿੱਚ ਪੜ੍ਹਨ ਲਾ ਦਿੰਦੇ ਆਂ। ਹਰ ਐਤਵਾਰ ਆਪਾਂ ਬਾਲਕਟ ਜਾ ਕੇ ਜੈਸ਼ੇ ਮੁਹੰਮਦ ਦਾ ਕੈਂਪ ਅਟੈਂਡ ਕਰ ਆਇਆ ਕਰਾਂਗੇ। ਨਾਲੇ ਤਾਂ ਆਪਾਂ ਉਨ੍ਹਾਂ ਬਾਰੇ ਕੁਝ ਸਿੱਖ ਲਵਾਂਗੇ। ਨਾਲੇ ਆਪਾਂ ਇੱਥੇ ਉਦੋਂ ਨੂੰ ਸੈੱਟ ਹੋ ਜਾਵਾਂਗੇ। ਫਿਰ ਜੇਕਰ ਤੂੰ ਚਾਹੇਂਗੀ ਤਾਂ ਆਪਾਂ ਪੱਕੇ ਤੌਰ 'ਤੇ ਉੱਥੇ ਚਲੇ ਚੱਲਾਂਗੇ।''
'ਜਿਵੇਂ ਤੇਰੀ ਮਰਜ਼ੀ।'' ਆਫੀਆ ਚੁੱਪ ਜਿਹੀ ਹੋ ਗਈ। ਪਰ ਉਸਨੂੰ ਲੱਗਿਆ ਕਿ ਸ਼ਾਇਦ ਇਸ ਤਰ੍ਹਾਂ ਉਹ ਅਮਜਦ ਨੂੰ ਮਨਾ ਹੀ ਲਵੇ।
ਅਗਲੀ ਸਵੇਰ ਆਫੀਆ ਉੱਠਦਿਆਂ ਹੀ ਬੋਲੀ, ''ਅਮਜਦ, ਸਾਰੀ ਰਾਤ ਬੰਬ ਧਮਾਕੇ ਹੁੰਦੇ ਰਹੇ ਨੇ, ਤੂੰ ਸੁਣੇ ਈ ਹੋਣਗੇ?''
''ਆਫੀਆ ਇਹ ਸ਼ਹਿਰ, ਫੌਜ਼ ਦਾ ਬਹੁਤ ਵੱਡਾ ਕੇਂਦਰ ਐ। ਅਜਿਹਾ ਹੋਣਾ ਇੱਥੇ ਕੁਦਰਤੀ ਐ। ਕੋਈ ਟਰੇਨਿੰਗ ਬਗੈਰਾ ਚੱਲ ਰਹੀ ਹੋਊਗੀ।''
'ਨ੍ਹੀਂ ਇਹ ਉਹ ਧਮਾਕੇ ਨ੍ਹੀਂ। ਇਹ ਤਾਂ ਉਨ੍ਹਾਂ ਬੰਬਾਂ ਦੇ ਧਮਾਕੇ ਨੇ ਜੋ ਅਮਰੀਕਣ ਹਵਾਈ ਜਹਾਜ਼ ਅਫਗਾਨਿਸਤਾਨ ਵਿੱਚ ਸੁੱਟ ਰਹੇ ਨੇ।''
''ਹੋ ਸਕਦਾ ਐ ਤੇਰੀ ਗੱਲ ਸੱਚ ਹੋਵੇ।''
'ਮੈਂ ਤਾਂ ਰਾਤ, ਪਲ ਭਰ ਵੀ ਨ੍ਹੀਂ ਸੌਂ ਸਕੀ। ਸਾਰੀ ਰਾਤ ਇਹੀ ਸੋਚਦੀ ਰਹੀ ਕਿ ਅਮਰੀਕਣ ਸਾਡੇ ਮੁਸਲਮਾਨ ਭਰਾਵਾਂ ਦਾ ਕਿਵੇਂ ਘਾਣ ਕਰ ਰਹੇ ਨੇ।''
''ਲੜਾਈ 'ਚ ਤਾਂ ਫਿਰ ਇਵੇਂ ਈ ਹੁੰਦਾ ਐ। ਦੋਵੇਂ ਧਿਰਾਂ ਈ ਇੱਕ ਦੂਜੀ ਨੂੰ ਮਾਰਦੀਆਂ ਨੇ।''
'ਮੈਨੂੰ ਤਾਂ ਇਹ ਸੋਚ ਸੋਚ ਕੇ ਈ ਅਫਸੋਸ ਹੋਈ ਜਾ ਰਿਹਾ ਐ ਕਿ ਆਹ ਕੁਝ ਮੀਲ ਦੂਰ ਬਾਡਰ ਦੇ ਪਾਰ ਜਿਹਾਦ ਚੱਲ ਰਿਹਾ ਐ ਤੇ ਆਪਾਂ ਉਸ 'ਚ ਸ਼ਾਮਲ ਨ੍ਹੀਂ ਹੋ ਸਕਦੇ।''
ਅਮਜਦ ਨੇ ਉਸਦੀ ਗੱਲ ਦਾ ਕੋਈ ਜ਼ੁਆਬ ਨਾ ਦਿੱਤਾ ਤਾਂ ਉਹ ਦੁਬਾਰਾ ਬੋਲਣ ਲੱਗੀ, ''ਅਮਜਦ ਮੈਂ ਬੱਚਿਆਂ ਨੂੰ ਕਿਸੇ ਮਿਸ਼ਨਰੀ ਸਕੂਲ 'ਚ ਪੜ੍ਹਨ ਨ੍ਹੀਂ ਲਾਉਣਾ। ਤੇ ਨਾ ਹੀ ਤੈਨੂੰ ਇੱਥੇ ਕੋਈ ਨੌਕਰੀ ਕਰਨ ਦੀ ਜ਼ਰੂਰਤ ਐ।''
''ਹੋਰ ਫਿਰ ਮੈਂ ਇੱਥੇ ਵਿਹਲਾ ਫਿਰਦਾ ਕੀ ਕਰੂੰਗਾ?''
''ਆਪਾਂ ਅੱਜ ਈ ਜੈਸ਼ੇ ਮੁਹੰਮਦ ਦੇ ਕੈਂਪ ਚੱਲਦੇ ਆਂ। ਉੱਥੇ ਜੋ ਵੀ ਕੰਮ ਮਿਲਿਆ ਕਰ ਲਵਾਂਗੇ।''
'ਆਫੀਆ ਮੈਂ ਇਹ ਨ੍ਹੀਂ ਕਰਨਾ।'' ਅਮਜਦ ਨੇ ਦੋ ਟੁੱਕ ਜ਼ੁਆਬ ਦੇ ਦਿੱਤਾ।
'ਕਿਉਂ ਨ੍ਹੀਂ ਕਰਨਾ? ਹੁਣ ਆਪਾਂ ਜਿਹਾਦੀਆਂ ਦੇ ਬਿਲਕੁਲ ਕੋਲ ਬੈਠੇ ਆਂ। ਬੱਸ ਦੋ ਘੰਟਿਆਂ ਦਾ ਰਸਤਾ ਐ। ਚੱਲ ਉੱਠ ਚੱਲੀਏ। ਮੈਂ ਬੱਚਿਆਂ ਨੂੰ ਤਿਆਰ ਕਰਦੀ ਆਂ।''
'ਆਫੀਆ ਤੈਨੂੰ ਇੱਕ ਵਾਰ ਕਹੀ ਗੱਲ ਸਮਝ 'ਚ ਨ੍ਹੀਂ ਆਉਂਦੀ। ਮੈਂ ਤੈਨੂੰ ਆਖਰੀ ਵਾਰ ਦੱਸ ਰਿਹਾ ਆਂ ਕਿ ਮੈਂ ਕਿਸੇ ਜਿਹਾਦ 'ਚ ਹਿੱਸਾ ਨ੍ਹੀਂ ਲੈਣਾ।''
ਇਸ ਪਿੱਛੋਂ ਦੋਨਾਂ ਵਿਚਕਾਰ ਬਹਿਸ ਸ਼ੁਰੂ ਹੋ ਗਈ। ਪਰ ਅੱਜ ਆਫੀਆ ਅਮਜਦ ਨੂੰ ਮਾਰਨ ਨਾ ਆਹੁਲੀ। ਉਹ ਪਤਾ ਨ੍ਹੀਂ ਕਿਹੜੀ ਦੁਨੀਆਂ 'ਚ ਗੁੰਮ ਸੀ। ਉਹ ਅੰਦਰ ਜਾ ਕੇ ਬੈੱਡ 'ਤੇ ਲੇਟ ਗਈ। ਅਮਜਦ ਬੈਠਾ ਸੋਚਦਾ ਰਿਹਾ ਕਿ ਉਹ ਕੀ ਕਰੇ। ਆਖਰ ਉਸਦੇ ਮਨ ਨੇ ਕਿਹਾ ਕਿ ਉਹ ਕਿਤੇ ਵੀ ਚਲਿਆ ਜਾਵੇ ਤੇ ਕੁਝ ਵੀ ਕਰ ਲਵੇ ਪਰ ਆਫੀਆ ਨੇ ਉਦੋਂ ਤੱਕ ਖੁਸ਼ ਨਹੀਂ ਹੋਣਾ ਜਦੋਂ ਤੱਕ ਉਹ ਜਿਹਾਦ ਵਿੱਚ ਸ਼ਾਮਲ ਨਹੀਂ ਹੋ ਜਾਂਦਾ। ਉਸ ਨੇ ਇੱਕ ਦਮ ਵਾਪਸ ਮੁੜਨ ਦਾ ਫੈਸਲਾ ਕਰ ਲਿਆ। ਉਸਨੇ ਆਫੀਆ ਨੂੰ ਉਠਾਇਆ। ਉਹ ਜਲੀ ਭੁੱਜੀ ਉਸ ਨਾਲ ਕਾਰ ਵਿੱਚ ਬੈਠ ਗਈ ਤੇ ਉਹ ਵਾਪਸ ਤੁਰ ਪਏ। ਘਰ ਆ ਕੇ ਜਦੋਂ ਅਮਜਦ ਨੂੰ ਸਾਰਿਆਂ ਨੂੰ ਆਫੀਆ ਦੀ ਜੈਸ਼ੇ ਮੁਹੰਮਦ ਵਾਲੀ ਗੱਲ ਦੱਸੀ ਤਾਂ ਉਸਦਾ ਪਿਉ ਬਹੁਤ ਹੀ ਫਿਕਰਮੰਦ ਹੁੰਦਾ ਬੋਲਿਆ, ''ਕਿਤੇ ਇਹ ਨਾ ਹੋਵੇ ਕਿ ਆਪਾਂ ਵੇਖਦੇ ਈ ਰਹਿ ਜਾਈਏ ਤੇ ਪਤਾ ਉਦੋਂ ਈ ਲੱਗੇ ਜਦੋਂ ਇਹ ਅੱਤਵਾਦੀਆਂ ਦੇ ਕਿਸੇ ਗਰੋਹ ਨਾਲ ਜਾ ਮਿਲਣ।''
''ਫਿਰ ਅਮਜਦ ਦੇ ਅੱਬੂ ਇਸ ਦਾ ਕੀ ਇਲਾਜ ਐ?'' ਜਾਹਿਰਾ ਖਾਂ ਉਦਾਸ ਲਹਿਜੇ 'ਚ ਬੋਲੀ।
''ਤੁਸੀਂ ਅਮਜਦ ਨੂੰ ਮੇਰੇ ਸਾਹਮਣੇ ਬੁਲਾਉ।''
ਅਮਜਦ ਨੂੰ ਸੱਦਿਆ ਗਿਆ। ਉਹ ਇੱਥੇ ਇਕੱਲਾ ਹੀ ਆਇਆ ਸੀ। ਐਬਟਾਬਾਦ ਤੋਂ ਮੁੜਦੇ ਹੋਇਆਂ ਆਫੀਆ ਬੱਚਿਆਂ ਨੂੰ ਲੈ ਕੇ ਪੇਕੇ ਘਰ ਚਲੀ ਗਈ ਸੀ। ਅਮਜਦ ਆਇਆ ਤਾਂ ਨਈਮ ਖਾਂ ਕਠੋਰ ਲਹਿਜੇ 'ਚ ਬੋਲਿਆ, ''ਅਮਜਦ ਤੂੰ ਤੁਰੰਤ ਫਲਾਈਟ ਲੈ ਕੇ ਅਮਰੀਕਾ ਰਵਾਨਾ ਹੋ ਜਾ।''
''ਤੇ ਅੱਬੂ, ਆਫੀਆ?''
'ਫਿਲਹਾਲ ਤੂੰ ਸਭ ਕੁਝ ਭੁੱਲ ਜਾ ਤੇ ਉੱਥੇ ਜਾ ਕੇ ਆਪਣੀ ਪੜ੍ਹਾਈ ਪੂਰੀ ਕਰ। ਬਾਅਦ ਵਿੱਚ ਵੇਖਦੇ ਆਂ ਕਿ ਕੀ ਬਣਦਾ ਐ।''
ਅਮਜਦ ਨੇ ਅਗਲੇ ਦਿਨ ਦੀ ਹੀ ਟਿਕਟ ਲੈ ਲਈ। ਇਸ ਪਿੱਛੋਂ ਉਸਨੇ ਆਫੀਆ ਨੂੰ ਫੋਨ ਕਰਕੇ ਇੰਨਾ ਹੀ ਦੱਸਿਆ ਕਿ ਯੂਨੀਵਰਸਿਟੀ ਦੀ ਪੜ੍ਹਾਈ ਕਰਕੇ ਉਹ ਵਾਪਸ ਜਾ ਰਿਹਾ ਹੈ ਤੇ ਕੱਲ੍ਹ ਨੂੰ ਸ਼ਾਮ ਵੇਲੇ ਉਸਦੀ ਫਲਾਈਟ ਹੈ। ਅਗਲੇ ਦਿਨ ਆਫੀਆ ਬੱਚਿਆਂ ਸਮੇਤ ਉਸਨੂੰ ਏਅਰਪੋਰਟ ਤੋਂ ਉਸਨੂੰ ਵਿਦਾ ਕਰਨ ਆਈ। ਦੋਨਾਂ ਵਿਚਕਾਰ ਕੋਈ ਖਾਸ ਗੱਲ ਨਾ ਹੋਈ। ਆਫੀਆ ਹੱਦੋਂ ਵੱਧ ਉਦਾਸ ਸੀ।
Chahals57@yahoo.com
Ph. 0017033623239

No comments:

Post a Comment