Sunday 25 November 2012

ਆਫੀਆ ਸਦੀਕੀ ਦਾ ਜਿਹਾਦ…:: ਲੇਖਕ : ਹਰਮਹਿੰਦਰ ਚਹਿਲ

ਆਫੀਆ ਸਦੀਕੀ ਦਾ ਜਿਹਾਦ…

 
—ਆਫੀਆ ਸਦੀਕੀ—
 
 
 
 
—ਲੇਖਕ : ਹਰਮਹਿੰਦਰ ਚਹਿਲ—

 
 
 
ਹਰਮਹਿੰਦਰ ਚਹਿਲ ਬਾਇਉਡੈਟਾ
 
ਹਰਮਹਿੰਦਰ ਸਿੰਘ ਚਹਿਲ ਦਾ ਜਨਮ, ਸਤਾਈ ਮਾਰਚ ਉੱਨੀ ਸੌ ਸਤਵੰਜਾ ਨੂੰ ਪਿੰਡ ਆਲਮਪੁਰ ਮੰਦਰਾਂ ਜਿਲਾ ਮਾਨਸਾ ਵਿੱਚ ਹੋਇਆ। ਪਿਤਾ ਦਾ ਨਾਮ ਰਾਮ ਸਰੂਪ ਸਿੰਘ ਸੀ ਅਤੇ ਮਾਤਾ ਦਾ ਨਾਮ ਰਾਮਿੰਦਰ ਕੌਰ ਹੈ। ਇਹ ਇੱਕ ਸਾਧਾਰਣ ਕ੍ਰਿਸਾਣੀ ਪਰਿਵਾਰ ਸੀ। ਚਹਿਲ ਨੇ ਮੁੱਢਲੀ ਮਿਡਲ ਤੱਕ ਦੀ ਵਿੱਦਿਆ ਪਿੰਡੋਂ ਹੀ ਪ੍ਰਾਪਤ ਕੀਤੀ। ਦਸਵੀਂ ਨੇੜਲੇ ਸਕੂਲ 'ਗੌਰਮਿੰਟ ਹਾਈ ਸਕੂਲ ਬੋਹਾ' ਤੋਂ ਪਾਸ ਕੀਤੀ। ਇਸਦੇ ਬਾਅਦ ਲੁਧਿਆਣਾ ਦੇ ਗੁਰੂ ਨਾਨਕ ਇੰਜੀਨੀਅਰਿੰਗ ਕਾਲਜ ਤੋਂ ਸਿਵਲ ਦਾ ਡਿਪਲੋਮਾ ਕੀਤਾ। ਉਪਰੰਤ ਅੱਠ ਦਸ ਸਾਲ ਪੰਜਾਬ ਦੇ ਨਹਿਰੀ ਵਿਭਾਗ ਵਿੱਚ ਜੇ ਈ (ਉਵਰਸੀਅਰ) ਦੀ ਨੌਕਰੀ ਕੀਤੀ। ਉੱਨੀ ਸੌ ਅੱਠਾਸੀ ਦੇ ਇਰਦ ਗਿਰਦ ਆਖਰੀ ਪੌਸਟਿੰਗ ਨਹਿਰੀ ਕੋਠੀ ਸੀਤੋ ਗੁਨੋ (ਅਬੋਹਰ) ਸੀ ਜਦੋਂ ਕਿ ਅਮਰੀਕਾ ਜਾਣ ਦਾ ਸਬੱਬ ਬਣ ਗਿਆ। ਉਦੋਂ ਤੋਂ ਹੁਣ ਤੱਕ ਅਮਰੀਕਾ ਰਹਿ ਰਿਹਾ ਹੈ। ਪਹਿਲਾਂ ਪਹਿਲਾਂ ਸਕੂਲਾਂ ਕਾਲਜਾਂ ਵੇਲੇ ਗਾਉਣ ਵਜਾਉਣ ਦਾ ਸ਼ੌਂਕ ਸੀ ਅਤੇ ਇਸ ਤੋਂ ਇਲਾਵਾ ਨਾਟਕਾਂ ਵਿੱਚ ਭਾਗ ਲੈਣਾਂ ਆਦਿ ਵੀ। ਅਮਰੀਕਾ ਜਾਕੇ ਧਿਆਨ ਲਿਖਣ ਵੱਲ ਚਲਾ ਗਿਆ। ਸ਼ੁਰੂ ਵਿੱਚ ਕਹਾਣੀ ਲਿਖਣੀ ਸ਼ੁਰੂ ਕੀਤੀ। ਪਹਿਲੀ ਕਹਾਣੀ 'ਇੱਕ ਬਾਜੀ ਹੋਰ' ਇੰਡੋ ਕਨੇਡੀਅਨ ਅਖਬਾਰ ਵਿੱਚ ਛਪੀ ਸੀ। ਪਹਿਲਾ ਕਹਾਣੀ ਸੰਗਹ੍ਰਿ 'ਅੰਨੀ ਗਲੀ ਦੇ ਬਸ਼ਿੰਦੇ' ਦੋ ਹਜਾਰ ਛੇ ਵਿੱਚ ਛਪਿਆ। ਉਸਦੇ ਬਾਅਦ ਪੰਜ ਕਹਾਣੀ ਸੰਗਹ੍ਰਿ ਹੋਰ ਛਪੇ ਜੋ ਕਿ ਇਸ ਪ੍ਰਕਾਰ ਹਨ। ਪਲ ਪਲ ਪਰਵਾਸ, ਆਪਣੀ ਮਿੱਟੀ ਦਾ ਮੋਹ, ਰਿਸ਼ਤਿਆਂ ਦੀ ਜਗ ਬੁਝ, ਜਿੰਦਗੀ ਦੇ ਰੰਗ ਤਰੰਗ, ਅਤੇ ਮਨ ਦੇ ਆਰ ਪਾਰ। ਨਾਵਲ 'ਬਲੀ' ਚਹਿਲ ਦਾ ਪਹਿਲਾ ਨਾਵਲ ਹੈ ਜੋ ਕਿ ਦੋ ਹਜਾਰ ਅੱਠ ਵਿੱਚ ਛਪਿਆ। ਦੂਸਰਾ ਨਾਵਲ 'ਹੋਣੀ' 2012 'ਚ ਪ੍ਰਕਾਸ਼ਿਤ ਹੋਇਆ। ਚਹਿਲ ਆਪਣੇ ਪਰਿਵਾਰ ਸਮੇਤ ਅਮਕੀਕਾ ਦੀ ਵਿਰਜੀਨੀਆਂ ਸਟੇਟ ਵਿਚਲੇ ਸਪਰਿੰਗਫੀਲਡ ਸ਼ਹਿਰ ਵਿੱਚ ਰਹਿੰਦਾ ਹੈ। ਪਤਨੀ ਦਾ ਨਾਮ ਕਰਮਜੀਤ ਕੌਰ ਹੈ। ਚਹਿਲ ਦੇ ਬੇਟੇ ਅਮਨਦੀਪ ਸਿੰਘ ਅਤੇ ਹਰਮੀਤ ਸਿੰਘ ਯੂਨੀਵਰਸਿਟੀ ਵਿੱਚ ਪੜ੍ਹਦੇ ਹਨ। ਬੇਟੀ ਰਿੰਕਦੀਪ ਕੌਰ ਵੱਡੀ ਹੈ ਜੋ ਕਿ ਪਤੀ ਵਿਕਰਮ ਸਿੰਘ ਅਤੇ ਬੱਚਿਆਂ ਰਣਵੀਰ ਸਿੰਘ ਅਤੇ ਯੁਵਰਾਜ ਸਿੰਘ ਨਾਲ ਆਪਣੀ ਜਿੰਦਗੀ ਵਿੱਚ ਵਿਅਸਥ ਹੈ। ਚਹਿਲ ਨੇ ਮੌਜੂਦਾ ਸਮੇਂ ਇਕ ਬਾਇਓਗਰਾਫੀ ਕਿਸਮ ਦੀ ਰਚਨਾ ਲਿਖੀ ਹੈ ਜੋ ਕਿ ਛਪਣ ਲਈ ਤਿਆਰ ਹੈ। ਇਸਦਾ ਨਾਂ ਹੈ 'ਆਫੀਆ ਸਦੀਕੀ ਦਾ ਜਿਹਾਦ'।
 
ਚਹਿਲ ਕਹਾਣੀ ਵੀ ਲਿਖਦਾ ਰਹਿੰਦਾ ਹੈ। ਅੱਗੇ ਉਹ ਤੀਸਰਾ ਨਾਵਲ ਲਿਖਣ ਵਿੱਚ ਰੁਝਿਆ ਹੋਇਆ ਹੈ। ਲਿਖਣ ਤੋਂ ਬਾਅਦ ਜਿਹੜਾ ਸ਼ੌਂਕ ਹੈ ਉਹ ਹੈ ਸੰਗੀਤ। ਬੱਸ ਇਹੀ ਕੁਝ ਹੈ, ਜਿਸ ਨੂੰ ਮਾਣਦਿਆਂ ਜਿੰਦਗੀ ਦੇ ਮਜ਼ੇ ਲੈ ਰਿਹਾ ਹੈ।
Harmohinder Chahal
Ph. 0017033623239
 
--- --- ---

ਪੋਸਟਿੰਗ : ਅਨੁ. ਮਹਿੰਦਰ ਬੇਦੀ ਜੈਤੋ
Mohinder Bedi, Jaitu.

Saturday 17 November 2012

ਆਫੀਆ ਸਦੀਕੀ ਦਾ ਜਿਹਾਦ…:: ਲੇਖਕ : ਹਰਮਹਿੰਦਰ ਚਹਿਲ

ਆਫੀਆ ਸਦੀਕੀ ਦਾ ਜਿਹਾਦ…:: ਲੇਖਕ : ਹਰਮਹਿੰਦਰ ਚਹਿਲ
Harmohinder Chahal



ਪੋਸਟਿੰਗ : ਅਨੁ. ਮਹਿੰਦਰ ਬੇਦੀ ਜੈਤੋ
Mohinder Bedi, Jaitu.







 
 
ਇਕ :---





ਇਹ ਅਫਗਾਨਿਸਤਾਨ ਦਾ ਗਜ਼ਨੀ ਸ਼ਹਿਰ ਸੀ। ਉਸ ਦਿਨ 2008 ਦੇ ਜੁਲਾਈ ਮਹੀਨੇ ਦੀ ਸਤਾਰਾਂ ਤਾਰੀਖ ਸੀ। ਸਾਰਾ ਦਿਨ ਅੰਤਾਂ ਦੀ ਗਰਮੀ ਪੈਂਦੀ ਰਹੀ ਸੀ। ਦਿਨ ਢਲਣ ਲੱਗਿਆ ਤਾਂ ਗਰਮੀ ਦੀ ਤਪਸ਼ ਵੀ ਘਟਣ ਲੱਗੀ। ਆਖਰ ਲੰਬਾ ਦਿਨ ਗੁਜ਼ਰ ਗਿਆ ਤੇ ਥਾਣੇ ਦੀਆਂ ਕੰਧਾਂ ਦੇ ਪਰਛਾਵੇਂ ਵਿਹੜੇ ਦੇ ਦੂਜੇ ਸਿਰੇ ਜਾ ਪਹੁੰਚੇ। ਸੂਰਜ ਛੁਪਣ ਹੀ ਵਾਲਾ ਸੀ ਜਦੋਂ ਥਾਣੇਦਾਰ ਗਨੀ ਖਾਂ ਸ਼ਹਿਰ ਦਾ ਗੇੜਾ ਮਾਰਨ ਲਈ ਉੱਠਿਆ। ਅੱਜ ਉਸਦਾ ਸਾਰਾ ਦਿਨ ਬਾਹਰ ਹੀ ਗੁਜ਼ਰ ਗਿਆ ਸੀ। ਸਵੇਰ ਤੋਂ ਹੀ ਉਹ ਅਮਰੀਕਣ ਫ਼ੌਜ਼ ਦੀ ਉਸ ਟੁਕੜੀ ਨਾਲ ਘੁੰਮ ਰਿਹਾ ਸੀ ਜੋ ਕਿ ਪਿੰਡਾਂ ਵੱਲ ਦਾ ਗੇੜਾ ਲਾਉਣ ਗਈ ਸੀ। ਅੱਜ ਕੱਲ੍ਹ ਇਸ ਇਲਾਕੇ 'ਚ ਤਾਲੀਬਾਨਾਂ ਦਾ ਜ਼ੋਰ ਸੀ। ਅਮਰੀਕਣ ਫੌਜ਼, ਇਲਾਕੇ ਦੀ ਪੁਲੀਸ ਨੂੰ ਨਾਲ ਲੈ ਕੇ ਪਿੰਡਾਂ ਦੀ ਸਕਰੀਨਿੰਗ ਕਰਨ ਲੱਗੀ ਹੋਈ ਸੀ। ਅਮਰੀਕਣਾ ਨੇ ਇਸ ਇਲਾਕੇ ਨੂੰ ਤਾਲੀਬਾਨਾਂ ਤੋਂ ਮੁਕਤ ਕਰਵਾਉਣ ਦਾ ਬੀੜਾ ਚੁੱਕਿਆ ਹੋਇਆ ਸੀ। ਉਹ ਆਪਣੇ ਮਿਸ਼ਨ 'ਚ ਕਾਮਯਾਬ ਵੀ ਹੋ ਰਹੇ ਸਨ। ਹਰ ਰੋਜ਼ ਸਵੇਰੇ ਹੀ ਫੌਜ਼ ਦਾ ਕਾਫਲਾ ਚੱਲ ਪੈਂਦਾ ਸੀ। ਜਿਸ ਇਲਾਕੇ 'ਚ ਉਨ੍ਹਾਂ ਜਾਣਾ ਹੁੰਦਾ ਉੱਥੇ ਦੇ ਥਾਣੇ ਦਾ ਅਮਲਾ ਫੈਲਾ ਨਾਲ ਜਾਂਦਾ ਸੀ। ਇਵੇਂ ਹੀ ਅੱਜ ਗਨੀ ਖਾਂ ਦੇ ਥਾਣੇ ਦੇ ਪਿੰਡਾਂ ਦੀ ਵਾਰੀ ਸੀ। ਇਸੇ ਲਈ ਅੱਜ ਉਸਦਾ ਸਾਰਾ ਦਿਨ ਬਾਹਰ ਘੁੰਮਦਿਆਂ ਹੀ ਗੁਜ਼ਰ ਗਿਆ ਸੀ। ਗਨੀ ਖਾਂ ਦੀ ਇੱਕ ਆਦਤ ਸੀ ਕਿ ਉਹ ਕਿੰਨਾ ਵੀ ਰੁੱਝਿਆ ਹੁੰਦਾ ਪਰ ਸ਼ਾਮ ਵੇਲੇ ਸ਼ਹਿਰ ਦਾ ਚੱਕਰ ਜ਼ਰੂਰ ਮਾਰਦਾ ਸੀ। ਅੱਜ ਵੀ ਘਰ ਨੂੰ ਜਾਣ ਤੋਂ ਪਹਿਲਾਂ ਉਸਨੇ ਸ਼ਹਿਰ 'ਚ ਗੇੜਾ ਕੱਢਣ ਦਾ ਮਨ ਬਣਾਇਆ। ਉਸਦੇ ਕਹਿਣ 'ਤੇ ਹਵਾਲਦਾਰ ਕੁਝ ਸਿਪਾਹੀਆਂ ਨੂੰ ਲੈ ਆਇਆ ਤੇ ਡਰਾਈਵਰ ਨੇ ਪਿੱਕਅੱਪ ਟਰੱਕ ਥਾਣੇ ਦੇ ਗੇਟ ਮੂਹਰੇ ਲਿਆ ਖੜ੍ਹਾ ਕੀਤਾ। ਗਨੀ ਖਾਂ ਅੱਗੇ ਡਰਾਈਵਰ ਨਾਲ ਬੈਠ ਗਿਆ ਤੇ ਬਾਕੀ ਅਮਲਾ ਟਰੱਕ 'ਚ ਪਿੱਛੇ ਖੜ੍ਹ ਗਿਆ। ਥੋੜ੍ਹਾ ਘੁੰਮਦਿਆਂ ਡਰਾਈਵਰ ਨੇ ਟਰੱਕ ਬਾਜ਼ਾਰ ਵੱਲ ਮੋੜ ਲਿਆ। ਬਾਜ਼ਾਰ 'ਚੋਂ ਲੰਘਦਾ ਹੋਇਆ ਟਰੱਕ ਗਲੀ ਦਾ ਮੋੜ ਮੁੜਨ ਲੱਗਿਆ ਤਾਂ ਗਨੀ ਖਾਂ ਨੇ ਸਾਹਮਣੇ ਬੰਦ ਪਈ ਇੱਕ ਦੁਕਾਨ ਮੂਹਰੇ ਬੁਰਕੇ 'ਚ ਢਕੀ ਔਰਤ ਵੱਲ ਵੇਖਿਆ। ਉਹ ਔਰਤ ਭੁੰਝੇ ਬੈਠੀ ਸੀ ਤੇ ਉਸਦੇ ਨਾਲ ਬਾਰਾਂ ਕੁ ਸਾਲ ਦਾ ਮੁੰਡਾ ਸੀ। ਗਨੀ ਖਾਂ ਨੇ ਮਨ ਹੀ ਮਨ ਸੋਚਿਆ ਕਿ ਸ਼ਹਿਰ 'ਚ ਮੰਗਤਿਆਂ ਦੀ ਗਿਣਤੀ ਬਹੁਤ ਵਧ ਗਈ ਹੈ। ਮੋੜ ਮੁੜਦਿਆਂ ਪਿੱਕਅੱਪ ਟਰੱਕ ਕੋਲ ਦੀ ਲੰਘਿਆ ਤਾਂ ਉਸਨੇ ਨੇੜਿਉਂ ਧਿਆਨ ਨਾਲ ਉਸ ਔਰਤ ਵੱਲ ਵੇਖਿਆ। ਔਰਤ ਨੇ ਕੋਲ ਰੱਖੇ ਕਾਲੇ ਰੰਗ ਦੇ ਵੱਡੇ ਬੈੱਗ ਨੂੰ ਘੁੱਟ ਕੇ ਹੱਥ 'ਚ ਫੜ੍ਹਿਆ ਹੋਇਆ ਸੀ। ਉਦੋਂ ਹੀ ਗਨੀ ਖਾਂ ਦਾ ਪੁਲਸੀਆ ਦਿਮਾਗ ਹਰਕਤ 'ਚ ਆ ਗਿਆ। ਉਸਨੇ ਸੋਚਿਆ ਕਿ ਇਹ ਐਡਾ ਵੱਡਾ ਬੈੱਗ ਕਿਉਂ ਚੁੱਕੀ ਫਿਰਦੀ ਹੈ। ਉਸਨੂੰ ਸ਼ੱਕ ਹੋਇਆ ਤਾਂ ਉਸਨੇ ਟਰੱਕ ਰੁਕਵਾ ਲਿਆ ਤੇ ਹੇਠਾਂ ਉਤਰਦਾ ਔਰਤ ਦੇ ਕੋਲ ਗਿਆ। ਇੱਕ ਪੈਰ ਚਬੂਤਰੇ 'ਤੇ ਰੱਖਦਿਆਂ ਹਥਲਾ ਡੰਡਾ ਔਰਤ ਵੱਲ ਕਰਕੇ ਉਸਨੇ ਪੁੱਛਿਆ, ''ਉਏ ਬੀਬੀ, ਕੌਣ ਐਂ ਤੂੰ?''
'ਮੈਂ ਤਾਂ ਇੱਕ ਗਰੀਬ ਔਰਤ ਆਂ। ਆਪਣੇ ਪਤੀ ਨੂੰ ਲੱਭਦੀ ਫਿਰਦੀ ਆਂ ਜੋ ਲੜਾਈ 'ਚ ਕਿਧਰੇ ਗੁੰਮ ਹੋ ਗਿਆ ਐ।'' ਇੰਨਾ ਕਹਿੰਦਿਆਂ ਉਹ ਖੜ੍ਹੀ ਹੋ ਗਈ। ਉਸਨੇ ਕੋਲ ਪਿਆ ਬੈੱਗ ਚੁੱਕ ਲਿਆ।
''ਤੇਰੇ ਨਾਲ ਇਹ ਮੁੰਡਾ ਕੌਣ ਐ?''
'ਇਹ ਤਾਂ ਕੋਈ ਅਨਾਥ ਐ। ਭੁਚਾਲ ਵੇਲੇ ਇਸਦੇ ਮਾਂ ਪਿਉ ਮਾਰੇ ਗਏ ਸਨ। ਮੈਂ ਇਸਨੂੰ ਨਾਲ ਲੈ ਆਈ ਸੀ।'' ਇੰਨਾ ਕਹਿ ਕੇ ਉਹ ਉੱਠੀ, ਬੈੱਗ ਗਲ ਪਾਇਆ ਤੇ ਮੁੰਡੇ ਦੀ ਉਂਗਲ ਫੜ੍ਹੀ ਤੁਰ ਚੱਲੀ।
'ਉਹ ਬੀਬੀ ਰੁਕ।'' ਗਨੀ ਖਾਂ ਨੇ ਅਗਾਂਹ ਹੋ ਕੇ ਰਸਤਾ ਰੋਕ ਲਿਆ। ਔਰਤ ਦੇ ਹਾਵ ਭਾਵ ਅਤੇ ਬੋਲਣ ਦੇ ਢੰਗ ਨੇ ਉਸਦਾ ਸ਼ੱਕ ਹੋਰ ਵਧਾ ਦਿੱਤਾ। ਉਸਨੂੰ ਪਿਛਲੇ ਦਿਨੀਂ ਕਿਸੇ ਮੁਖ਼ਬਰ ਤੋਂ ਮਿਲੀ ਇਹ ਖ਼ਬਰ ਵੀ ਯਾਦ ਆਈ ਕਿ ਕੋਈ ਔਰਤ ਇੱਥੇ ਦੇ ਗਵਰਨਰ 'ਤੇ ਆਤਮਘਾਤੀ ਹਮਲਾ ਕਰਨ ਦੀ ਤਾਕ ਵਿੱਚ ਹੈ। ਇੰਨੇ ਨੂੰ ਸਿਪਾਹੀਆਂ ਨੇ ਔਰਤ ਨੂੰ ਚਾਰੇ ਪਾਸਿਆਂ ਤੋਂ ਘੇਰ ਲਿਆ। ਇੱਕ ਨੇ ਅਗਾਂਹ ਹੋ ਕੇ ਉਸ ਤੋਂ ਬੈੱਗ ਫੜ੍ਹਿਆ ਤੇ ਉਸ 'ਚ ਉਰਾ ਪੁਰਾ ਵੇਖਣ ਲੱਗਿਆ। ਕੁਝ ਕਾਗਜ਼ ਬਾਹਰ ਕੱਢੇ। ਗਨੀ ਖਾਂ ਨੇ ਕਾਗਜ਼ਾਂ ਨੂੰ ਧਿਆਨ ਨਾਲ ਵੇਖਿਆ ਤਾਂ ਉਹ ਬਹੁਤ ਹੀ ਹੈਰਾਨ ਹੋਇਆ। ਇਹ ਨਕਸ਼ੇ ਬਗੈਰਾ ਸਨ। ਉਸਦੇ ਕਹਿਣ 'ਤੇ ਪੁਲਿਸ ਵਾਲਿਆਂ ਨੇ ਔਰਤ ਨੂੰ ਬੱਚੇ ਸਮੇਤ ਟਰੱਕ 'ਚ ਬੈਠਾ ਲਿਆ ਤੇ ਥਾਣੇ ਵੱਲ ਲੈ ਤੁਰੇ। ਥਾਣੇ ਜਾ ਕੇ ਉਸਦੇ ਬੈੱਗ ਦੀ ਚੰਗੀ ਤਰਾਂ ਤਲਾਸ਼ੀ ਲਈ ਗਈ। ਹੋਰ ਵੀ ਹੈਰਾਨ ਕਰਨ ਵਾਲੀਆਂ ਚੀਜ਼ਾਂ ਬੈੱਗ 'ਚੋਂ ਮਿਲੀਆਂ। ਦੋ ਬੋਤਲਾਂ ਵਿੱਚ ਕੋਈ ਖਤਰਨਾਕ ਕੈਮੀਕਲ ਸਨ ਜਿਹੜੇ ਕਿ ਕਿਸੇ ਬੰਬ ਬਣਾਉਣ ਦਾ ਮਸਾਲਾ ਜਾਪਦੇ ਸਨ। ਇਸ ਤੋਂ ਬਿਨਾਂ ਦੋ ਕਿਲੋ ਦੇ ਲੱਗਭੱਗ ਸੋਡੀਅਮ ਸਾਈਨਾਈਡ ਮਿਲਿਆ। ਬਾਕੀ ਹਜ਼ਾਰਾਂ ਹੱਥ ਲਿਖੇ ਕਾਗਜ਼ ਮਿਲੇ ਜਿਹੜੇ ਕਿ ਜ਼ਿਆਦਾ ਅੰਗਰੇਜ਼ੀ 'ਚ ਸਨ। ਬੈੱਗ 'ਚ ਕਾਫੀ ਸਾਰੇ ਨਕਸ਼ੇ ਸਨ ਜਿਹਨਾਂ 'ਚ ਇਕ ਇੱਥੇ ਦੇ ਗਵਰਨਰ ਦੇ ਘਰ ਦਾ ਨਕਸ਼ਾ ਸੀ। ਉਸ ਔਰਤ ਨੇ ਆਪਣਾ ਨਾਂ ਸਲੀਹਾ ਦੱਸਿਆ। ਗਨੀ ਖਾਂ ਨੂੰ ਪੂਰਾ ਯਕੀਨ ਹੋ ਚੁੱਕਿਆ ਸੀ ਕਿ ਇਹ ਔਰਤ ਕਿਸੇ ਅੱਤਵਾਦੀ ਜਥੇਬੰਦੀ ਦੀ ਖਤਰਨਾਕ ਮੈਂਬਰ ਹੈ ਅਤੇ ਹੋ ਸਕਦਾ ਹੈ ਕਿ ਇੱਥੋਂ ਦੇ ਗਵਰਨਰ ਨੂੰ ਆਮਤਘਾਤੀ ਹਮਲੇ 'ਚ ਮਾਰਨ ਨਿਕਲੀ ਹੋਵੇ। ਉਸਨੇ ਤੁਰੰਤ ਗਵਰਨਰ ਦਫਤਰ ਨੂੰ ਖ਼ਬਰ ਕੀਤੀ। ਉਨ੍ਹਾਂ ਅੱਗੇ ਅਮਰੀਕਾ ਦੇ ਬੈਗਰਾਮ ਏਅਰਪੋਰਟ ਬੇਸ ਨੂੰ ਇਤਲਾਹ ਦਿੱਤੀ। ਇਸ ਵਿਚਕਾਰ ਰਾਤ ਨੂੰ ਔਰਤ ਦੀ ਕੁੱਟਮਾਰ ਵੀ ਹੋਈ ਪਰ ਉਸਨੇ ਮੂੰਹ ਨਾ ਖੋਲ੍ਹਿਆ। ਉਸ ਨਾਲ ਫੜ੍ਹੇ ਗਏ ਮੁੰਡੇ ਨੂੰ ਵੱਖਰਾ ਕਰ ਦਿੱਤਾ ਗਿਆ ਸੀ। ਅਗਲੇ ਦਿਨ ਸਵੇਰੇ ਹੀ ਅਮਰੀਕਣ ਫੌਜ ਦਾ ਕੈਪਟਨ, ਰਾਬਰਟ ਸਿੰਡਰ ਆਪਣੀ ਟੁਕੜੀ ਲੈ ਕੇ ਗਜ਼ਨੀ ਥਾਣੇ ਵੱਲ ਚੱਲ ਪਿਆ। ਉਦੋਂ ਨੂੰ ਉਸ ਔਰਤ ਨੂੰ ਥਾਣੇ 'ਚੋਂ ਕੱਢ ਕੇ ਨੇੜਲੀ ਇਮਾਰਤ ਦੇ ਵੱਡੇ ਕਮਰੇ 'ਚ ਬਿਠਾਇਆ ਹੋਇਆ ਸੀ। ਕਾਬਲ ਤੋਂ ਅਫਗਾਨ ਸਰਕਾਰ ਦੇ ਕੁਝ ਵੱਡੇ ਅਧਿਕਾਰੀ ਵੀ ਉਸ ਨਾਲ ਗੱਲਬਾਤ ਕਰਨ ਲਈ ਪਹੁੰਚੇ ਹੋਏ ਸਨ। ਜਦੋਂ ਕੈਪਟਨ ਸਿੰਡਰ ਆਪਣੇ ਅਮਲੇ ਫੈਲੇ ਨਾਲ ਉਥੇ ਆਇਆ ਤਾਂ ਇਮਾਰਤ ਨੂੰ ਲੋਕਲ ਅਫਗਾਨੀਆਂ ਨੇ ਘੇਰਿਆ ਹੋਇਆ ਸੀ। ਉਹ ਹਥਿਆਰਬੰਦ ਸਨ ਕਿਉਂਕਿ ਉੱਥੇ ਗੱਲ ਫੈਲ ਚੁੱਕੀ ਸੀ ਕਿ ਥਾਣੇ ਵਾਲੇ ਕਿਸੇ ਬੇਕਸੂਰ ਔਰਤ ਨੂੰ ਅਮਰੀਕਣਾ ਦੇ ਹਵਾਲੇ ਕਰਨ ਲੱਗੇ ਹਨ। ਕੈਪਟਨ ਮਨ ਹੀ ਮਨ ਬੋਲਿਆ, 'ਜਿਸ ਗੱਲ ਦਾ ਡਰ ਸੀ ਉਹੀ ਹੋ ਗਿਆ'। ਉਸਨੇ ਵੇਖਿਆ ਸੀ ਕਿ ਇੱਥੇ ਅਫਵਾਹਾਂ ਦਾ ਬਹੁਤ ਜ਼ੋਰ ਰਹਿੰਦਾ ਸੀ। ਮਾੜੀ ਜਿਹੀ ਗੱਲ ਹੋਈ ਨਹੀਂ ਤੇ ਅਫਵਾਹ ਉੱਡੀ ਨਹੀਂ। ਇੰਨਾ ਹੀ ਨਹੀਂ ਸਗੋਂ ਅਫਗਾਨੀ ਲੋਕ ਹਥਿਆਰਬੰਦ ਹੋ ਕੇ ਪਹੁੰਚ ਜਾਂਦੇ ਸਨ। ਅੱਜ ਵੀ ਇਵੇਂ ਹੀ ਹੋਇਆ ਸੀ। ਲੋਕਾਂ ਦੇ ਹਜੂਮ ਨੇ ਹਥਿਆਰ ਚੁੱਕੇ ਹੋਏ ਸਨ। ਆਲੇ ਦੁਆਲੇ ਨਜ਼ਰ ਮਾਰਦਿਆਂ ਉਸਨੇ ਮਨ 'ਚ ਸੋਚਿਆ, 'ਅੱਜ ਇੱਥੇ ਜ਼ਰੂਰ ਕੁਛ ਨਾ ਕੁਛ ਹੋ ਕੇ ਰਹੇਗਾ। ਇੱਕ ਤਾਂ ਔਰਤ ਦਾ ਮਾਮਲਾ ਐ ਤੇ ਉੱਪਰੋਂ ਉਹ ਰਾਤ ਦੀ ਫੜ੍ਹੀ ਹੋਈ ਐ। ਲੋਕ ਵੀ ਧੜਾ ਧੜ ਇਕੱਠੇ ਹੋਈ ਜਾ ਰਹੇ ਨੇ। ਪਤਾ ਨ੍ਹੀਂ ਹਾਲਾਤ ਕਿਹੋ ਜਿਹੇ ਬਣ ਜਾਣ।' ਅਜਿਹੇ ਖਿਆਲਾਂ ਕਰਕੇ ਹੀ ਉਸਨੇ ਸਾਰਿਆਂ ਨੂੰ ਪੂਰੀ ਮੁਸਤੈਦੀ ਨਾਲ ਰਹਿਣ ਦਾ ਹੁਕਮ ਦਿੱਤਾ ਤੇ ਲੋਕਾਂ ਵਿਚੋਂ ਦੀ ਰਾਹ ਬਣਾਉਂਦਾ ਆਪਣੇ ਖਾਸ ਅਮਲੇ ਨਾਲ ਵੱਡੀ ਇਮਾਰਤ ਦੇ ਅੰਦਰ ਨੂੰ ਚੱਲ ਪਿਆ। ਅੱਗੇ ਤਿੰਨ ਕੁ ਪੌੜੀਆਂ ਚੜ੍ਹ ਕੇ ਉਹ ਇਮਾਰਤ ਦੇ ਦਰਵਾਜ਼ੇ ਤੱਕ ਪਹੁੰਚ ਗਏ। ਦੋ ਜਣੇ ਬਾਹਰ ਪਹਿਰੇ 'ਤੇ ਖੜ੍ਹ ਗਏ। ਕੈਪਟਨ ਅਤੇ ਵਾਰੰਟ ਅਫਸਰ ਅੰਦਰ ਚਲੇ ਗਏ। ਦੁਭਾਸ਼ੀਆ ਵੀ ਉਨ੍ਹਾਂ ਦੇ ਨਾਲ ਸੀ। ਕੈਪਟਨ ਨੇ ਅੰਦਰ ਬੈਠੇ ਅਫਗਾਨੀ ਲੋਕਾਂ ਅਤੇ ਅਫਸਰਾਂ ਵੱਲ ਵੇਖਦਿਆਂ ਝੁਕ ਕੇ ਸਲਾਮ ਕਹੀ। ਉਸਨੇ ਆਲੇ ਦੁਆਲੇ ਨਜ਼ਰ ਮਾਰੀ। ਪਿਛਲੇ ਪਾਸੇ ਪਰਦਾ ਤਣਿਆਂ ਹੋਇਆ ਸੀ। ਉਹ ਸਮਝ ਗਿਆ ਕਿ ਗ੍ਰਿਫਤਾਰ ਕੀਤੀ ਔਰਤ ਇਸ ਪਰਦੇ ਉਹਲੇ ਹੋਵੇਗੀ। ਕੈਪਟਨ ਤੇ ਵਾਰੰਟ ਅਫਸਰ ਸਾਰਿਆਂ ਦੇ ਕੋਲ ਭੁੰਝੇ ਹੀ ਬੈਠ ਗਏ। ਉਨ੍ਹਾਂ ਅਜੇ ਗੱਲਬਾਤ ਸ਼ੁਰੂ ਕੀਤੀ ਹੀ ਸੀ ਕਿ ਉੱਥੇ ਗੋਲੀ ਚੱਲਣ ਦੀ ਆਵਾਜ਼ ਸੁਣਾਈ ਦਿੱਤੀ। ਇਹ ਆਵਾਜ਼ ਸੁਣਦਿਆਂ ਹੀ ਵਾਰੰਟ ਅਫਸਰ ਨੇ ਆਪਣਾਂ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ ਜੋ ਕਿ ਪਰਦੇ ਪਿੱਛੇ ਬੈਠੀ ਔਰਤ ਦੇ ਪੇਟ 'ਚ ਲੱਗੀ। ਜਦੋਂ ਪਤਾ ਲੱਗਿਆ ਕਿ ਔਰਤ ਜ਼ਖ਼ਮੀ ਹੋ ਚੁੱਕੀ ਹੈ ਤਾਂ ਕੈਪਟਨ ਨੇ ਆਪਣੇ ਬੰਦਿਆਂ ਨੂੰ ਆਵਾਜ਼ ਦਿੱਤੀ। ਸਾਰਿਆਂ ਨੇ ਫਟਾਫਟ ਔਰਤ ਨੂੰ ਸਟਰੈਚਰ 'ਤੇ ਪਾਇਆ ਅਤੇ ਪਿਛਲੇ ਦਰਵਾਜ਼ੇ ਰਾਹੀਂ ਆਪਣੇ ਟਰੱਕ ਤੱਕ ਪਹੁੰਚੇ। ਉੱਥੋਂ ਜ਼ਖ਼ਮੀ ਹੋਈ ਔਰਤ ਨੂੰ ਨਾਲ ਲੈ ਕੇ ਉਹ ਬੈਗਰਾਮ ਏਅਰਫੋਰਸ ਬੇਸ ਨੂੰ ਚੱਲ ਪਏ। ਉੱਥੇ ਉਸਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਨਾਲ ਹੀ ਉਸਦੀ ਅਸਲੀ ਪਛਾਣ ਲੱਭਣ ਲਈ ਫਿੰਗਰ ਪ੍ਰਿੰਟ ਲਏ ਗਏ। ਦੋ ਘੰਟਿਆਂ ਪਿੱਛੋਂ ਐਫ. ਬੀ. ਆਈ. ਦੇ ਦਫਤਰੋਂ ਉਸਦੀ ਸਹੀ ਪਛਾਣ ਦੀ ਰਿਪੋਰਟ ਆ ਗਈ। ਜਦੋਂ ਸਾਰੇ ਮਹਿਕਮਿਆਂ 'ਚ ਉਸਦੇ ਅਸਲੀ ਨਾਂ ਦਾ ਪਤਾ ਲੱਗਿਆ ਤਾਂ ਹਰ ਪਾਸੇ ਤਹਿਲਕਾ ਮੱਚ ਗਿਆ। ਉਹ ਕੋਈ ਆਮ ਔਰਤ ਨਹੀਂ ਸੀ। ਉਹ ਅਮਰੀਕਣ ਐਫ. ਬੀ. ਆਈ. ਦੁਆਰਾ ਐਲਾਣੀ ਗਈ ਦੁਨੀਆਂ ਦੀ ਸਭ ਤੋਂ ਖਤਰਨਾਕ ਅੱਤਵਾਦੀ ਔਰਤ ਸੀ ਤੇ ਉਸਦਾ ਨਾਂ ਸੀ ਆਫੀਆ ਸਦੀਕੀ।
Chahals57@yahoo.com
Ph. 0017033623239

Friday 16 November 2012


ਦੋ :---



ਪੋਸਟਿੰਗ : ਅਨੁ. ਮਹਿੰਦਰ ਬੇਦੀ ਜੈਤੋ
 
 
 
 
 
 
ਆਫੀਆ ਸਦੀਕੀ ਦਾ ਜਿਹਾਦ…:: ਲੇਖਕ : ਹਰਮਹਿੰਦਰ ਚਹਿਲ :---
 






ਇਸਮਤ ਜੇਹਾਨ ਦਾ ਜਨਮ 1939 'ਚ ਬੁਲੰਦ ਸ਼ਹਿਰ 'ਚ ਹੋਇਆ। ਇੱਥੇ ਹੀ ਉਸਨੇ ਬਚਪਨ ਬਿਤਾਇਆ। ਇਸਮਤ ਨੇ ਸਕੂਲ ਅਜੇ ਪੂਰਾ ਵੀ ਨਹੀਂ ਕੀਤਾ ਸੀ ਕਿ ਹਿੰਦੁਸਤਨ ਦੀ ਵੰਡ ਹੋ ਗਈ। ਉਹ ਪਰਿਵਾਰ ਨਾਲ ਪਾਕਿਸਤਾਨ ਚਲੀ ਆਈ। ਇੱਥੇ ਹੀ ਉਸਦਾ ਵਿਆਹ, ਮੁਹੰਮਦ ਸੁਲੇਹ ਸਦੀਕੀ ਨਾਲ ਹੋਇਆ। ਸੁਲੇਹ ਸਦੀਕੀ ਪੇਸ਼ੇ ਵਜੋਂ ਡਾਕਟਰ ਸੀ। ਵਿਆਹ ਦੇ ਕੁਝ ਚਿਰ ਪਿੱਛੋਂ ਉਹ ਇੰਗਲੈਂਡ ਚਲੇ ਗਏ। ਉੱਥੇ ਉਹ ਕਈ ਸਾਲ ਰਹੇ। ਉਨ੍ਹਾਂ ਦੇ ਪਰਿਵਾਰ 'ਚ ਪਹਿਲਾਂ ਮੁੰਡੇ ਦਾ ਜਨਮ ਹੋਇਆ। ਜਿਸਦਾ ਨਾਂ ਉਨ੍ਹਾਂ ਮੁਹੰਮਦ ਅਲੀ ਰੱਖਿਆ। ਫਿਰ 1966 'ਚ ਪਹਿਲੀ ਲੜਕੀ ਫੌਜ਼ੀਆ ਦਾ ਜਨਮ ਹੋਇਆ। ਇੱਸ ਪਿੱਛੋਂ ਉਹ ਵਾਪਸ ਪਾਕਿਸਤਾਨ ਮੁੜ ਆਏ। ਇੱਥੇ ਹੀ ਮਾਰਚ, 1972 'ਚ ਉਨ੍ਹਾਂ ਦੀ ਦੂਸਰੀ ਲੜਕੀ ਦਾ ਜਨਮ ਹੋਇਆ ਜਿਸਦਾ ਨਾਂ ਆਫੀਆ ਰੱਖਿਆ ਗਿਆ।
ਇਸੇ ਸਾਲ ਜੁਲਾਈ ਮਹੀਨੇ ਸੁਲੇਹ ਸਦੀਕੀ ਦੇ ਸਾਲੇ, ਐੱਸ ਐੱਚ ਫਾਰੂਕੀ ਦਾ ਪਰਿਵਾਰ ਉਨ੍ਹਾਂ ਨੂੰ ਮਿਲਣ ਆਇਆ। ਫਾਰੂਕੀ ਪਰਿਵਾਰ ਇਸਲਾਮਾਬਾਦ 'ਚ ਰਹਿੰਦਾ ਸੀ। ਖਾਉ ਪੀਉ ਤੋਂ ਵਿਹਲੇ ਹੋ ਕੇ ਉਹ ਡਰਾਇੰਗ ਰੂਮ 'ਚ ਬੈਠ ਗਏ। ਗੱਲਾਂ ਚੱਲੀਆਂ ਤਾਂ ਛੇਤੀ ਹੀ ਉਹ ਮੌਜੂਦਾ ਮਸਲੇ ਬਾਰੇ ਗੱਲ ਕਰਨ ਲੱਗੇ। ਗੱਲ ਸ਼ੁਰੂ ਕਰਦਿਆਂ ਫਾਰੂਕੀ ਬੋਲਿਆ, ''ਭਾਈ ਸਾਹਬ, ਭੁੱਟੋ ਨੇ ਮੁਲਕ ਦਾ ਬੇੜਾ ਡੋਬ ਕੇ ਰੱਖ ਦਿੱਤਾ।''
'ਕੀ ਕੀਤਾ ਜਾ ਸਕਦਾ ਐ। ਪਰ ਇਕੱਲਾ ਉਹ ਹੀ ਤਾਂ ਜ਼ਿੰਮੇਵਾਰ ਨ੍ਹੀਂ ਐ। ਸਾਰਿਆਂ ਨੇ ਰਲ ਕੇ ਹੀ ਪਾਕਿਸਤਾਨ ਦੇ ਮੂੰਹ 'ਤੇ ਕਾਲਖ ਮਲੀ ਐ।''
''ਜੇ ਅਸਲ ਪੁੱਛਦੇ ਓਂ ਤਾਂ ਇਹ ਕੰਮ ਯਾਹੀਆ ਖਾਂ ਤੋਂ ਸ਼ੁਰੂ ਹੋਇਆ।'' ਫਾਰੂਕੀ ਦੀ ਬੀਵੀ ਨੇ ਗੱਲਬਾਤ 'ਚ ਹਿੱਸਾ ਲੈਂਦਿਆਂ ਆਪਣਾ ਵਿਚਾਰ ਦੱਸਿਆ।
''ਫੌਜ ਤਾਂ ਸਾਰੀ ਈ ਇਸ ਨਾਮੋਸ਼ੀ ਦਾ ਕਾਰਨ ਬਣੀ ਐਂ।''
''ਜੇ ਪਹਿਲਾਂ ਈ ਸੰਭਲ ਕੇ ਚਲਦੇ ਤਾਂ ਕੀ ਫਰਕ ਪੈਂਦਾ ਸੀ। ਅੱਜ ਆਹ ਦਿਨ ਤਾਂ ਨਾ ਵੇਖਣੇ ਪੈਂਦੇ।''
'ਸੱਚੀ ਗੱਲ ਤਾਂ ਇਹ ਐ ਕਿ ਇਨ੍ਹਾਂ ਨੇ ਪੂਰਬੀ ਪਾਕਿਸਤਾਨ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਨ੍ਹੀਂ ਕੀਤੀ। ਜਦੋਂ ਮੁਜੀਬ ਉਲ ਰਹਿਮਾਨ ਦੀ ਪਾਰਟੀ ਜਿੱਤ ਗਈ ਸੀ ਤਾਂ ਹਕੂਮਤ ਉਸਦੇ ਹਵਾਲੇ ਕਰ ਦਿੰਦੇ। ਅਸੂਲ ਤਾਂ ਇਹੀ ਕਹਿੰਦਾ ਐ।''
'ਅਸੂਲ ਆਮ ਲੋਕਾਂ ਲਈ ਨੇ। ਇਨ੍ਹਾਂ ਰਜਵਾੜਿਆਂ ਲਈ ਨ੍ਹੀਂ। ਇਨ੍ਹਾਂ ਨੇ ਤਾਂ ਉਨ੍ਹਾਂ ਲੋਕਾਂ ਨੂੰ ਕਦੇ ਬਰਾਬਰੀ ਦਾ ਦਰਜਾ ਵੀ ਨ੍ਹੀਂ ਦਿੱਤਾ ਸੀ। ਫਿਰ ਇਹ ਕੁਛ ਤਾਂ ਹੋਣਾ ਈ ਸੀ।''
''ਇੰਡੀਆ ਨੇ ਪੂਰਬੀ ਪਾਕਿਸਤਾਨ ਦੇ ਲੋਕਾਂ ਦੀ ਮੱਦਦ ਕਰਕੇ ਸਾਡੇ ਹਿੱਕ 'ਤੇ ਮੂੰਗ ਦਲੀ ਐ। ਇੰਸ਼ਾ ਅੱਲਾ ਕਦੇ ਮੌਕਾ ਮਿਲਿਆ ਤਾਂ ਆਪਾਂ ਨੂੰ ਵੀ ਹਿਸਾਬ ਬਰਾਬਰ ਕਰਨਾ ਚਾਹੀਦਾ ਐ।'' ਇਸ ਵਾਰ ਇਸਮਤ ਬੋਲੀ।
''ਇੰਡੀਆ ਨੇ ਜੋ ਵੀ ਕੀਤਾ ਐ ਉਹ ਆਪਣੇ ਹਿਸਾਬ ਨਾਲ ਠੀਕ ਕੀਤਾ ਐ। ਉਸਦੀ ਥਾਂ ਕੋਈ ਹੋਰ ਮੁਲਕ ਹੁੰਦਾ ਤਾਂ ਉਸਨੇ ਵੀ ਇਹੀ ਕਰਨਾ ਸੀ। ਰਾਜਨੀਤੀ ਇਹੀ ਕਹਿੰਦੀ ਐ।'' ਸੁਲੇਹ ਸਦੀਕੀ ਨੇ ਆਪਣਾ ਵਿਚਾਰ ਦੱਸਿਆ।
''ਜੋ ਵੀ ਹੋਇਆ ਚੰਗਾ ਜਾਂ ਮਾੜਾ ਇਹ ਵੱਖਰੀ ਗੱਲ ਐ। ਪਰ ਇਸ ਕਾਰਵਾਈ ਨੇ ਮੁਸਲਮ ਲੀਗ ਦੀ ਦੋ ਕੌਮਾਂ ਦੀ ਥਿਊਰੀ ਗਲਤ ਸਾਬਤ ਕਰ ਦਿੱਤੀ ਐ। ਇਸ ਗੱਲ ਨੇ ਪਾਕਿਸਤਾਨ ਦੀ ਹੋਂਦ ਨੂੰ ਈ ਗਲਤ ਸਾਬਤ ਕਰ ਦਿੱਤਾ ਐ।''
'ਤੇ ਹੋਰ ਕਿਨ੍ਹਾਂ ਚਾਵਾਂ ਨਾਲ ਇੱਧਰ ਆਏ ਸੀ ਕਿ ਮੁਸਲਮਾਨਾਂ ਦਾ ਆਪਣਾ ਮੁਲਕ ਬਣ ਗਿਆ ਐ। ਪਰ ਇਨ੍ਹਾਂ ਬਾਂਦਰ ਰਾਜਨੀਤੀਵਾਨਾਂ ਨੇ ਲੋਕਾਂ ਦੀਆਂ ਭਾਵਨਾਵਾਂ ਕੁਚਲ ਕੇ ਰੱਖ ਦਿੱਤੀਆਂ ਨੇ। ਬੰਗਲਾ ਦੇਸ਼ ਨ੍ਹੀਂ ਬਣਿਆਂ, ਇਹ ਤਾਂ ਸਾਡੀ ਜਮਹੂਰੀਅਤ ਦੇ ਮੂੰਹ 'ਤੇ ਚਪੇੜ ਐ।''
'ਬੰਗਲਾ ਦੇਸ਼ ਕਿਹੜਾ? ਮੈਂ ਨ੍ਹੀਂ ਇਸ ਨੂੰ ਮੰਨਦੀ। ਤੁਸੀਂ ਪੂਰਬੀ ਪਾਕਿਸਤਾਨ ਕਹੋ।'' ਇਸਮਤ ਨਫਰਤ 'ਚ ਬੋਲੀ।
''ਆਪਾ ਤੇਰੇ ਕਹਿਣ ਨਾਲ ਕੀ ਹੁੰਦਾ ਐ। ਪਿਛਲੇ ਹਫਤੇ ਈ ਤਾਂ ਸਾਡੇ ਪ੍ਰਧਾਨ ਮੰਤਰੀ, ਭੁੱਟੋ ਸਾਹਿਬ, ਸ਼ਿਮਲਾ ਸਮਝੌਤੇ 'ਤੇ ਦਸਤਖਤ ਕਰਕੇ ਆਏ ਨੇ। ਉਸ ਸਮਝੌਤੇ ਦੀ ਮੁੱਖ ਮੱਦ ਇਹੀ ਐ ਕਿ ਪਾਕਿਸਤਾਨ ਬੰਗਲਾ ਦੇਸ਼ ਦੀ ਹੋਂਦ ਨੂੰ ਮੰਨਦਾ ਐ। ਉਸ 'ਤੇ ਦਸਤਖਤ ਕਰਨ ਦਾ ਮਤਲਬ ਐ ਕਿ ਪਾਕਿਸਤਾਨ ਨੇ ਬੰਗਲਾ ਦੇਸ਼ ਨੂੰ ਮਾਨਤਾ ਦੇ ਦਿੱਤੀ ਐ।''
'ਇਹ ਸਮਝੌਤਾ ਵੀ ਤਾਂ ਭੁੱਟੋ ਨੇ ਆਪਣੀ ਛਵੀ ਬਚਾਉਣ ਲਈ ਈ ਕੀਤਾ ਐ। ਜੇ ਉਸਨੂੰ ਮੁਲਕ ਦੀ ਫਿਕਰ ਹੁੰਦੀ ਤਾਂ ਉਹ ਉਨ੍ਹਾਂ ਇੱਕ ਲੱਖ ਫੌਜੀਆਂ ਦੀ ਰਿਹਾਈ ਦੀ ਗੱਲ ਕਰਨੀ ਨਾ ਭੁੱਲਦਾ ਜਿਹੜੇ ਇੰਡੀਆ ਨੇ ਕੈਦੀ ਬਣਾਏ ਸਨ।''
'ਜੇ ਜਨਰਲ ਨਿਆਜ਼ੀ ਹਿੰਮਤ ਤੋਂ ਕੰਮ ਲੈਂਦਾ ਤਾਂ ਉਹ ਕੈਦ ਈ ਨ੍ਹੀਂ ਸਨ ਹੋਣੇ ਤੇ ਸ਼ਾਇਦ ਅਸੀਂ ਬੰਗਲਾ ਦੇਸ਼ ਵੀ ਨਾ ਬਣਨ ਦਿੰਦੇ।'' ਇਹ ਵਿਚਾਰ ਫਾਰੂਕੀ ਦੀ ਘਰਵਾਲੀ ਦਾ ਸੀ।
'ਬੇਗਮ ਕੀ ਗੱਲ ਕਰਦੀ ਐਂ ਤੂੰ। ਇਸ ਵਿੱਚ ਨਿਆਜ਼ੀ ਸਾਹਬ ਦਾ ਕਸੂਰ ਨ੍ਹੀਂ ਐ। ਉਹ ਆਪਣੀ ਸਰਕਾਰ ਦੀ ਮਦਦ ਤੋਂ ਬਿਨਾਂ ਕਿੰਨਾ ਕੁ ਚਿਰ ਲੜ੍ਹ ਸਕਦਾ ਸੀ।''
'ਲੋਕਾਂ ਨੇ ਕਦੇ ਵੀ ਭੁੱਟੋ ਨੂੰ ਮੁਆਫ ਨ੍ਹੀਂ ਕਰਨਾ। ਨਾ ਹੀ ਫੌਜ ਕਰੇਗੀ। ਹੋਰ ਤਾਂ ਹੋਰ ਉਸਨੇ ਕਸ਼ਮੀਰ ਮੁੱਦੇ ਨੂੰ ਵੀ ਹੋਰ ਈ ਰੂਪ ਦੇ ਦਿੱਤਾ। ਇੰਡੀਆ ਦੇ ਕਬਜ਼ੇ ਹੇਠਲੇ ਕਸ਼ਮੀਰ ਦੀ ਹੱਦ ਨੂੰ ਲਾਈਨ ਆਫ ਕੰਟਰੋਲ ਦਾ ਰੂਪ ਦੇ ਆਇਆ। ਕਹਿੰਦਾ ਕਿ ਅੱਗੇ ਤੋਂ ਇਸ ਮਸਲੇ ਦਾ ਹੱਲ ਗੱਲਬਾਤ ਰਾਹੀਂ ਕੱਢਿਆ ਜਾਵੇਗਾ। ਪੁੱਛਣ ਵਾਲਾ ਹੋਵੇ ਕਿ ਜੇਕਰ ਅਗਾਂਹ ਕਦੇ ਇੰਡੀਆ, ਪਾਕਿਸਤਾਨ 'ਤੇ ਹਮਲਾ ਕਰ ਦੇਵੇ ਤਾਂ ਉਸਦਾ ਹੱਲ ਵੀ ਗੱਲਬਾਤ ਰਾਹੀਂ ਈ ਕੱਢੀਂ।''
'ਭਾਈ ਸਾਹਬ ਇਹ ਸਭ ਤਾਂ ਹੋਣਾ ਹੀ ਸੀ। ਨਾਲੇ ਜੋ ਹੋ ਚੁੱਕਿਆ ਐ ਉਹ ਬਦਲਿਆ ਨ੍ਹੀਂ ਜਾ ਸਕਦਾ। ਆਪਾਂ ਨੂੰ ਸਚਾਈ ਮੰਨਣੀ ਈ ਪੈਣੀ ਐਂ।'' ਸੁਲੇਹ ਸਦੀਕੀ ਨੇ ਇਹ ਗੱਲ ਕਹੀ ਤਾਂ ਸਾਰੇ ਚੁੱਪ ਜਿਹੇ ਹੋ ਗਏ। ਫਾਰੂਕੀ ਨੇ ਗੱਲ ਦਾ ਰੁਖ ਬਦਲਦਿਆਂ ਹੋਰ ਗੱਲ ਛੇੜੀ, ''ਭਾਈ ਸਾਹਬ ਤੁਹਾਡਾ ਅਫਰੀਕਾ ਜਾਣ ਦਾ ਪ੍ਰੋਗਰਾਮ ਕਿਵੇਂ ਐਂ।''
''ਬੱਸ ਸਭ ਤਿਆਰੀਆਂ ਮੁਕੰਮਲ ਨੇ। ਜੈਮਬੀਆ ਦੀ ਲੌਅਸਕਾ ਯੂਨੀਵਰਸਿਟੀ ਵੱਲੋਂ ਨੌਕਰੀ ਦਾ ਪੱਤਰ ਵੀ ਆ ਚੁੱਕਿਆ ਐ। ਹੁਣ ਤਾਂ ਸ਼ਾਇਦ ਇਸੇ ਮਹੀਨੇ ਜਾਣ ਦਾ ਬਣ ਜਾਵੇ।''
ਫਿਰ ਉਹ ਹੋਰ ਗੱਲਾਂ ਕਰਨ ਲੱਗੇ। ਸ਼ਾਮ ਢਲੇ ਫਾਰੂਕੀ ਪਰਿਵਾਰ ਜਾਣ ਲਈ ਉੱਠਿਆ। ਉਨ੍ਹਾਂ ਸਾਰੇ ਬੱਚਿਆਂ ਦੇ ਸਿਰ 'ਤੇ ਹੱਥ ਰੱਖਿਆ। ਚਾਦਰ 'ਚ ਲਪੇਟੀ ਪਈ ਛੋਟੀ ਜਿਹੀ ਆਫੀਆ ਦਾ ਮੂੰਹ ਚੁੰਮਿਆਂ। ਫਿਰ ਕਾਰ 'ਚ ਬਹਿੰਦੇ ਚਲੇ ਗਏ। ਇਸਦੇ ਕੁਝ ਹਫਤੇ ਬਾਅਦ ਹੀ ਸਦੀਕੀ ਪਰਿਵਾਰ ਜੈਂਬੀਆ ਚਲਾ ਗਿਆ।
ਇੱਥੇ ਆ ਕੇ ਸੁਲੇਹ ਸਦੀਕੀ, ਲੌਅਸਕਾ ਮੈਡੀਕਲ ਯੂਨੀਵਰਸਿਟੀ 'ਚ ਪ੍ਰੋਫੈਸਰ ਦੀ ਨੌਕਰੀ ਕਰਨ ਲੱਗਿਆ। ਇਸਮਤ ਬੱਚਿਆਂ ਨੂੰ ਸੰਭਾਲਦੀ ਸੀ। ਉਹ ਸਾਰਾ ਦਿਨ ਘਰ ਵਿਹਲੀ ਰਹਿੰਦੀ ਸੀ। ਉਸਨੇ ਇਸ ਵਿਹਲੇ ਵਕਤ ਨੂੰ ਧਰਮ ਦੇ ਕੰਮਾਂ ਦੇ ਲੇਖੇ ਲਾਉਣ ਬਾਰੇ ਸੋਚਿਆ। ਧਾਰਮਿਕ ਕੰਮਾਂ 'ਚ ਉਹ ਸ਼ੁਰੂ ਤੋਂ ਹੀ ਵਧ ਚੜ੍ਹ ਕੇ ਹਿੱਸਾ ਲੈਂਦੀ ਸੀ। ਇਸਲਾਮ 'ਤੇ ਚਰਚਾ ਕਰਨਾ ਉਸਨੂੰ ਬਹੁਤ ਚੰਗਾ ਲੱਗਦਾ ਸੀ। ਇੱਥੇ ਉਸਨੇ ਗੁਆਂਢ ਦੀਆਂ ਔਰਤਾਂ ਨੂੰ ਦਿਨ ਵੇਲੇ ਇਕੱਠੀਆਂ ਕਰ ਲੈਣਾ ਤੇ ਉਨ੍ਹਾਂ ਨਾਲ ਧਾਰਮਿਕ ਮਸਲਿਆਂ 'ਤੇ ਗੱਲਾਂ ਕਰਨੀਆਂ। ਚੰਗੀ ਬੁਲਾਰੀ ਹੋਣਾ ਉਸਦਾ ਵੱਡਾ ਗੁਣ ਸੀ। ਛੇਤੀ ਹੀ ਉਸ ਦੇ ਘਰ ਆਉਣ ਵਾਲੀਆਂ ਔਰਤਾਂ ਦੀ ਗਿਣਤੀ ਵਧਣ ਲੱਗੀ। ਫਿਰ ਤਾਂ ਇਹ ਗਿਣਤੀ ਇੰਨੀ ਹੋ ਗਈ ਕਿ ਉਸਨੂੰ ਕਿਧਰੇ ਬਾਹਰ ਜਗ੍ਹਾ ਦਾ ਪ੍ਰਬੰਧ ਕਰਨਾ ਪਿਆ। ਉਸਨੇ ਆਪਣੀ ਜਥੇਬੰਦੀ ਦਾ ਨਾਂ ਵੀ ਰੱਖ ਲਿਆ। ਯੂ. ਆਈ. ਓ. ਜਾਣੀ ਕਿ ਯੁਨਾਈਟਡ ਇਸਲਾਮਿਕ ਔਰਗੇਨਾਈਜੇਸ਼ਨ। ਉਸਦਾ ਪ੍ਰਭਾਵ ਇੱਥੇ ਦੇ ਮੁਸਲਮ ਸਮਾਜ 'ਚ ਵਧਣ ਲੱਗਿਆ। ਸਾਰੀ ਏਸ਼ੀਅਨ ਕਮਿਉਨਟੀ 'ਚ ਸਦੀਕੀ ਪਰਿਵਾਰ ਮਸ਼ਹੂਰ ਹੋ ਗਿਆ। ਇਸਮਤ ਦਾ ਨਾਂ ਦਿਨੋ ਦਿਨ ਹਰ ਇੱਕ ਦੀ ਜ਼ੁਬਾਨ 'ਤੇ ਆਉਣ ਲੱਗਿਆ। ਆਪਣੇ ਲੋਕਾਂ ਨੂੰ ਧਾਰਮਿਕ ਸਿਖਿਆਵਾਂ ਦੇਣ ਤੋਂ ਸਿਵਾਏ, ਇਸਮਤ ਇਹ ਵੀ ਕੋਸ਼ਿਸ਼ ਕਰਦੀ ਸੀ ਕਿ ਨੇੜਲੇ ਕ੍ਰਿਸ਼ਚੀਅਨ ਭਾਈਚਾਰੇ 'ਚੋਂ ਲੋਕਾਂ ਨੂੰ ਆਪਣੇ ਧਰਮ 'ਚ ਲਿਆਂਦਾ ਜਾਵੇ। ਇਸ ਕੰਮ 'ਚ ਉਹ ਕਾਮਯਾਬ ਵੀ ਹੋ ਰਹੀ ਸੀ। ਆਫੀਆ ਭਾਵੇਂ ਉਦੋਂ ਬਹੁਤ ਛੋਟੀ ਸੀ ਪਰ ਉਸਦੀ ਮਾਂ ਉਸਨੂੰ ਹਰ ਰੋਜ਼ ਅਜਿਹੇ ਇਕੱਠਾਂ ਵਿੱਚ ਨਾਲ ਲੈ ਕੇ ਜਾਂਦੀ। ਆਫੀਆ ਬੜੇ ਧਿਆਨ ਨਾਲ ਮਾਂ ਦੀਆਂ ਗੱਲਾਂ ਸੁਣਦੀ। ਆਫੀਆ ਭਾਵੇਂ ਪੂਰੀ ਤਰ੍ਹਾਂ ਇਨ੍ਹਾਂ ਗੱਲਾਂ ਨੂੰ ਨਹੀਂ ਸਮਝ ਸਕਦੀ ਸੀ। ਪਰ ਇਹ ਗੱਲਾਂ ਉਸਦੇ ਅਚੇਤ ਮਨ 'ਚ ਉਤਰ ਰਹੀਆਂ ਸਨ। ਇਸਮਤ ਕਿਤੇ ਵੀ ਜਾਂਦੀ ਛੋਟੀ ਜਿਹੀ ਆਫੀਆ ਉਸਦੇ ਨਾਲ ਹੁੰਦੀ ਸੀ।
ਆਖਰ ਸੁਲੇਹ ਦੀ ਨੌਕਰੀ ਦਾ ਵਕਤ ਪੂਰਾ ਹੋ ਗਿਆ। ਸਾਰਾ ਪਰਿਵਾਰ ਪਾਕਿਸਤਾਨ ਨੂੰ ਵਾਪਸ ਚੱਲ ਪਿਆ। ਆਫੀਆ ਉਸ ਵੇਲੇ ਸੱਤ ਸਾਲ ਦੀ ਸੀ। ਇਹ 1980 ਦਾ ਉਹ ਸਮਾਂ ਸੀ ਜਦੋਂ ਕਿ ਪਾਕਿਸਤਾਨ ਦੇ ਆਂਢ ਗੁਆਂਢ 'ਚ ਉੱਥਲ ਪੁਥਲ ਹੋ ਰਹੀ ਸੀ। ਇਰਾਨ 'ਚ ਖੋਮੀਨੀ ਦੀ ਰੈਵੋਲਿਸ਼ਨਰੀ ਇਸਲਾਮਿਸਟ ਸਰਕਾਰ ਨੇ ਤਾਕਤ ਸੰਭਾਲ ਲਈ ਸੀ। ਹਰ ਪਾਸੇ ਖੋਮਿਨੀ ਦੀ ਚੜਤ ਸੀ। ਪਾਕਿਸਤਾਨ 'ਚ ਉਹ ਸਭ ਕੁਝ ਬਦਲ ਗਿਆ ਸੀ ਜੋ ਕਿ ਉਨ੍ਹਾਂ ਦੇ ਅਫਰੀਕਾ ਦੇ ਜਾਣ ਵੇਲੇ ਸੀ। ਉੱਥੇ ਫੌਜੀ ਜਨਰਲ, ਜਿਆ ਉਲ ਹੱਕ ਦੀ ਕਮਾਂਡ ਹੇਠ ਡਿਕਟੇਟਰਸ਼ਿਪ ਕਾਇਮ ਹੋ ਚੁੱਕੀ ਸੀ। ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜੁਲਫਕਾਰ ਅਲੀ ਭੁੱਟੋ, ਜੋ ਕਿ ਬਹੁਤ ਅਮੀਰ ਵਿਅਕਤੀ ਸੀ, ਮੁਲਕ ਨੂੰ ਧਾਰਮਿਕ ਗਲਬੇ ਤੋਂ ਉੱਪਰ ਚੁੱਕ ਕੇ ਮਜ਼ਬੂਤ ਜਮਹੂਰੀਅਤ ਮੁਲਕ ਬਣਾਉਣਾ ਚਾਹੁੰਦਾ ਸੀ। ਇਸ ਨਾਲ ਧਾਰਮਿਕ ਵਿਅਕਤੀ ਜਾਣੀ ਕਿ ਮੁਲਾਣੇ ਬਗੈਰਾ ਉਸ ਤੋਂ ਬਹੁਤ ਨਾਰਾਜ਼ ਸਨ। ਜਿਆ ਉਲ ਹੱਕ ਨੇ ਮੌਕੇ ਦੀ ਨਬਜ਼ ਪਛਾਣਦਿਆਂ ਰਾਜ ਪਲਟਾ ਲੈ ਆਂਦਾ। ਉਸ ਦੇ ਆਉਂਦਿਆਂ ਹੀ ਮੁਲਾਣਿਆਂ ਦੀ ਚੰਗੀ ਸੁਣਵਾਈ ਹੋਣ ਲੱਗੀ। ਜਿਆ ਉਲ ਹੱਕ ਨੇ ਮੁਲਕ ਨੂੰ ਧਾਰਮਿਕ ਰੰਗ ਵਿੱਚ ਰੰਗਣਾ ਸ਼ੁਰੂ ਕਰ ਦਿੱਤਾ ਸੀ। ਕਿਉਂਕਿ ਉਹ ਜਾਣਦਾ ਸੀ ਕਿ ਜੇਕਰ ਪੱਕੇ ਪੈਰੀਂ ਰਾਜ ਸਥਾਪਤ ਕਰਨਾ ਹੈ ਤਾਂ ਲੋਕਾਂ ਨੂੰ ਧਾਰਮਿਕ ਹਥਿਆਰ ਨਾਲ ਕਾਬੂ ਕਰਨਾ ਪਊਗਾ। ਇਸਦੇ ਲਈ ਉਸਨੇ ਲੋੜੀਂਦੇ ਕਾਰਜ ਆਰੰਭ ਦਿੱਤੇ। ਉਸਨੇ ਧਾਰਮਿਕ ਅਸੂਲਾਂ ਨੂੰ ਲਾਗੂ ਕਰਨ ਲਈ ਕੌਂਸਿਲ ਆਫ ਇਸਲਾਮਿਕ ਆਈਡੀਆਲੋਜੀ ਕਾਇਮ ਕੀਤੀ। ਅਜਿਹੀਆਂ ਧਾਰਮਿਕ ਜਥੇਬੰਦੀਆਂ ਦੀ ਮੱਦਦ ਨਾਲ ਜਿਆ ਉਲ ਹੱਕ ਨੇ ਪਾਕਿਸਤਾਨ ਨੂੰ ਧਾਰਮਿਕ ਸਟੇਟ ਬਣਾਉਣ ਲਈ ਪੂਰੇ ਜਤਨ ਸ਼ੁਰੂ ਕਰ ਦਿੱਤੇ। ਉਸਦਾ ਪਹਿਲਾ ਕਦਮ ਸੀ ਔਰਤਾਂ ਨੂੰ ਪਰਦੇ ਅਤੇ ਚਾਰਦਿਵਾਰੀ ਵਿੱਚ ਬੰਦ ਕਰਨਾ। ਕਿੰਨੇ ਹੀ ਨਵੇਂ ਧਾਰਮਿਕ ਰੰਗ ਵਾਲੇ ਕਾਨੂੰਨ ਬਣਾ ਕੇ ਜਿਆ ਉਲ ਹੱਕ ਨੇ ਮੁਲਕ ਦੇ ਧਾਰਮਿਕ ਲੀਡਰਾਂ ਦਾ ਵਿਸ਼ਵਾਸ ਜਿੱਤ ਲਿਆ। ਹਰ ਪਾਸੇ ਧਾਰਮਿਕ ਰੰਗ ਉੱਭਰ ਰਿਹਾ ਸੀ ਜੋ ਕਿ ਪੱਛਮ ਦੇ ਵੀ ਖਿਲਾਫ ਸੀ। ਪੱਛਮ ਦੇ ਖਿਲਾਫ ਜੋਰ-ਸ਼ੋਰ ਨਾਲ ਪ੍ਰਚਾਰ ਹੋ ਰਿਹਾ ਸੀ। ਇਨ੍ਹੀਂ ਹੀ ਦਿਨੀਂ ਇਰਾਨ 'ਚ ਅਮਰੀਕਣ ਅੰਬੈਂਸੀ ਦੇ ਸਟਾਫ ਨੂੰ ਕੈਦ ਕਰ ਲਿਆ ਗਿਆ। ਸਾਉਦੀ ਅਰਬ 'ਚ ਰੈਡੀਕਲ ਇਸਲਾਮਿਸਟਾਂ ਨੇ ਮੱਕੇ ਦੀ ਪਵਿੱਤਰ ਵੱਡੀ ਮਸਜਦ 'ਚ ਕਾਬਾ 'ਤੇ ਕਬਜ਼ਾ ਕਰ ਲਿਆ। ਪਾਕਿਸਤਾਨ ਵਿੱਚ ਰੈਡੀਕਲਜ਼ ਨੇ ਅਮਰੀਕਾ ਦੀ ਇਸਲਾਮਾਬਾਦ ਵਿਚਲੀ ਅੰਬੈਸੀ ਅੱਗ ਲਾ ਕੇ ਸਾੜ ਦਿੱਤੀ। ਪੱਛਮ ਖਿਲਾਫ ਹਰ ਥਾਂ ਗੁੱਸਾ ਭੜਕ ਰਿਹਾ ਸੀ। ਉਦੋਂ ਹੀ ਦਸੰਬਰ 1979 ਨੂੰ ਸੋਵੀਅਤ ਯੂਨੀਅਨ ਦੀਆਂ ਫੌਜਾਂ ਅਫਗਾਨਿਸਤਾਨ 'ਚ ਦਾਖਲ ਹੋਈਆਂ। ਇਸ ਘਟਨਾ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ।
ਅਮਰੀਕਾ, ਜੋ ਹੁਣ ਤੱਕ ਜਿਉ ਉਲ ਹੱਕ ਦੀਆਂ ਕਾਰਵਾਈਆਂ ਕਾਰਨ ਬਹੁਤ ਗੁੱਸੇ ਵਿੱਚ ਸੀ, ਉਸਨੂੰ ਹੁਣ ਜਿਆ ਉਲ ਹੱਕ ਦੀ ਲੋੜ ਮਹਿਸੂਸ ਹੋਈ। ਸੋਵੀਅਤ ਯੂਨੀਅਨ ਨੂੰ ਟੱਕਰ ਦੇਣ ਲਈ ਉਹ ਜਿਸ ਨੇੜਲੀ ਸ਼ਕਤੀ ਨੂੰ ਲੱਭ ਰਹੇ ਸਨ, ਜਿਆ ਉਲ ਹੱਕ ਉਸਦੇ ਬਿਲਕੁਲ ਫਿੱਟ ਆਉਂਦਾ ਸੀ। ਸਾਉਦੀ ਅਰਬ ਅਤੇ ਅਮਰੀਕਾ ਨੇ ਮਿਲ ਕੇ ਅਫਗਾਨਿਸਤਾਨ 'ਚ ਸੋਵੀਅਤ ਯੂਨੀਅਨ ਖਿਲਾਫ ਲੜਨ ਦੀ ਸਕੀਮ ਬਣਾਈ ਜਿਸ 'ਚ ਉਨ੍ਹਾਂ ਜਿਆ ਉਲ ਹੱਕ ਨੂੰ ਮੂਹਰੇ ਲਾ ਲਿਆ। ਜਿਆ ਨੇ ਪਾਕਿਸਤਾਨ ਦੀ ਖੁਫੀਆ ਏਜੈਂਸੀ, ਆਈ. ਐਸ. ਆਈ. ਨੂੰ ਇਸਦੀ ਕਮਾਂਡ ਸੰਭਾਲ ਦਿੱਤੀ। ਉਨ੍ਹਾਂ ਹੀ ਦਿਨ੍ਹਾਂ 'ਚ ਅਫਰੀਕਾ ਤੋਂ ਵਾਪਸ ਆ ਕੇ ਡਾਕਟਰ ਮੁਹੰਮਦ ਸੁਲੇਹ ਸਦੀਕੀ ਨੇ, ਕਰਾਚੀ ਦੀ ਇੱਕ ਹਾਈ ਸੁਸਾਇਟੀ 'ਗੁਲਸ਼ਨੇ ਇਕਬਾਲ' 'ਚ ਬੰਗਲਾ ਖਰੀਦ ਲਿਆ ਜਿੱਥੇ ਕਿ ਵੱਡੇ ਵੱਡੇ ਅਫਸਰ ਅਤੇ ਹੋਰ ਅਸਰ ਰਾਸੂਖ ਵਾਲੇ ਲੋਕ ਰਹਿੰਦੇ ਸਨ। ਜਿਆ ਉਲ ਹੱਕ ਦੇ ਚੀਫ ਆਫ ਸਟਾਫ ਮਿਰਜ਼ਾ ਅਸਲਮ ਬੇਗ ਦਾ ਪਰਿਵਾਰ, ਸਦੀਕੀ ਦਾ ਗੁਆਂਢੀ ਸੀ। ਇਸ ਤਰ੍ਹਾਂ ਇਹ ਪਰਿਵਾਰ ਪਾਕਿਸਤਾਨ 'ਤੇ ਰਾਜ ਕਰਨ ਵਾਲੇ ਗਰੁੱਪ ਦੇ ਬਿਲਕੁਲ ਨੇੜੇ ਆ ਗਿਆ।
ਇਸ ਵੇਲੇ ਆਫੀਆ ਆਪਣੇ ਬਚਪਨ ਦਾ ਆਨੰਦ ਮਾਣ ਰਹੀ ਸੀ ਜਦੋਂ ਕਿ ਉਸਦੀ ਮਾਂ ਆਪਣੀ ਧਾਰਮਿਕ ਜਥੇਬੰਦੀ ਯੂ. ਆਈ. ਓ. ਲਈ ਵੱਧ ਤੋਂ ਵੱਧ ਕੰਮ ਕਰ ਰਹੀ ਸੀ। ਇਸਮਤ ਸਦੀਕੀ ਦਿਨੋ ਦਿਨ ਮਸ਼ਹੂਰ ਹੋ ਰਹੀ ਸੀ। ਇੱਥੋਂ ਤੱਕ ਕਿ ਜਿਉ ਉਲ ਹੱਕ ਦੀ ਆਪਣੀ ਬੇਗਮ, ਸ਼ੈਫੀਕ ਵੀ ਉਸਦੇ ਪ੍ਰਭਾਵ ਹੇਠ ਸੀ ਤੇ ਉਸਦੀਆਂ ਧਾਰਮਿਕ ਕਲਾਸਾਂ ਲੈ ਰਹੀ ਸੀ। ਉਸ ਵੇਲੇ ਤੱਕ ਇਸਮਤ ਉੱਚੀ ਸੁਸਾਇਟੀ ਵਿੱਚ ਇੱਕ ਬਹੁਤ ਹੀ ਇੱਜ਼ਤਦਾਰ ਮੁਕਾਮ ਹਾਸਲ ਕਰ ਚੁੱਕੀ ਸੀ। ਜਿਉ ਉਲ ਹੱਕ ਖੁਦ ਉਸ ਤੋਂ ਪ੍ਰਭਾਵਤ ਸੀ। ਜਿਆ, ਇਸਮਤ ਤੋਂ ਇੰਨਾ ਪ੍ਰਭਾਵਤ ਹੋਇਆ ਕਿ ਉਸਨੇ ਉਸਨੂੰ ਉਸ ਬੋਰਡ ਦੀ ਮੈਂਬਰ ਬਣਾ ਦਿੱਤਾ ਜੋ ਕਿ ਕੁਰਾਨ ਮੁਤਾਬਕ ਜ਼ਕਤ ਜਾਣੀ ਕਿ ਚੈਰਿਟੀ ਇਕੱਠੀ ਕਰਨ ਅਤੇ ਇਸਨੂੰ ਖਰਚਣ ਦਾ ਇੰਤਜ਼ਾਮ ਕਰਦਾ ਸੀ। ਇਸ ਬੋਰਡ ਵਿੱਚ ਆਉਂਦਿਆਂ ਇਸਮਤ ਦਾ ਹੋਰ ਬਹੁਤ ਵੱਡੀਆਂ ਵੱਡੀਆਂ ਜਥੇਬੰਦੀਆਂ ਨਾਲ ਸੰਪਰਕ ਹੋਇਆ ਜੋ ਕਿ ਕਿਸੇ ਨਾ ਕਿਸੇ ਢੰਗ ਨਾਲ ਅਫਗਾਨਿਸਤਾਨ ਵਿੱਚ ਚੱਲ ਰਹੇ ਜਿਹਾਦ ਨਾਲ ਜੁੜੀਆਂ ਹੋਈਆਂ ਸਨ। ਅਫਗਾਨਿਸਤਾਨ ਲਈ ਜਾਣ ਵਾਲਾ ਪਹਿਲਾ ਲੜਾਕਾ ਜਿਹਾਦੀ ਗਰੁੱਪ ਸਦੀਕੀ ਪਰਿਵਾਰ ਦੇ ਘਰ ਤੋਂ ਥੋੜੀ ਹੀ ਦੂਰ ਸਥਿਤ ਬਿਨੂਰੀ ਕਸਬੇ ਦੀ ਮਸਜਿਦ 'ਚੋਂ ਵਿਦਾਅ ਹੋਇਆ ਤਾਂ ਲੋਕਾਂ ਨੂੰ ਉਨ੍ਹਾਂ ਨੂੰ ਬਹੁਤ ਹੀ ਮਾਣ ਨਾਲ ਤੋਰਿਆ। ਇਸ ਦੇ ਨਾਲ ਹੀ ਲੋਕਾਂ ਦੀਆਂ ਨਜ਼ਰਾਂ 'ਚ ਸਦੀਕੀ ਪਰਿਵਾਰ ਖਾਸ ਕਰਕੇ ਇਸਮਤ ਪ੍ਰਤੀ ਇਜ਼ਤ ਹੋਰ ਵਧ ਗਈ। ਉਸ ਦਿਨ ਆਫੀਆ ਵੀ ਕੰਧ ਨਾਲ ਲੱਗੀ ਖੜ੍ਹੀ ਤੁਰੇ ਜਾਂਦੇ ਜਿਹਾਦੀਆਂ ਨੂੰ ਵੇਖਦੀ ਰਹੀ। ਇਸ ਤਰ੍ਹਾਂ ਛੋਟੀ ਉਮਰ 'ਚ ਹੀ ਆਫੀਆ ਜਿਹਾਦ ਬਾਰੇ ਸੁਣਨ ਲੱਗੀ ਸੀ। ਇੰਨਾਂ ਹੀ ਨਹੀਂ ਸਗੋਂ ਉਸਦਾ ਜਿਹਾਦ ਪ੍ਰਤੀ ਲਗਾਉ ਹੋਣ ਲੱਗਿਆ। ਆਫੀਆ ਉਦੋਂ ਗੁਲਸ਼ਨੇ ਇਕਬਾਲ 'ਚ ਲੋਕਲ ਇੰਗਲਿਸ਼ ਦੀ ਵਿਦਿਆਰਥਣ ਸੀ। ਉਹ ਸਕੂਲ ਵਿੱਚ ਇੰਗਲਿਸ਼, ਮੈਥ, ਸਾਇੰਸ, ਕੁਰਾਨ ਅਤੇ ਸੁੰਨਾ ਪੜ੍ਹ ਰਹੀ ਸੀ। ਆਫੀਆ ਉਸ ਵੇਲੇ ਬਹੁਤ ਹੀ ਮਾਸੂਮ ਸੀ। ਉਸਦੀਆਂ ਰੁਚੀਆਂ ਵੀ ਮਾਸੂਮਾਂ ਵਾਲੀਆਂ ਸਨ। ਉਹ ਘਰ ਵਿੱਚ ਪੰਛੀਆਂ ਨੂੰ ਹਰ ਰੋਜ਼ ਚੋਗਾ ਪਾਉਂਦੀ। ਇਸ ਤੋਂ ਬਿਨਾਂ ਉਸਨੇ ਘਰ 'ਚ ਕੁੱਤਾ, ਬਿੱਲੀ, ਬੱਤਖ, ਮੱਛੀਆਂ ਅਤੇ ਤੋਤੇ ਬਗੈਰਾ ਪਾਲਤੂ ਜਾਨਵਰ ਰੱਖੇ ਹੋਏ ਸਨ। ਵਿਹਲਾ ਵਕਤ ਉਹ ਇਨ੍ਹਾਂ ਜਾਨਵਰਾਂ ਨਾਲ ਖੇਡਦਿਆਂ ਬਿਤਾਉਂਦੀ।
ਆਪਣੀ ਮਾਂ ਦੇ ਅਸਰ ਹੇਠ ਉਹ ਵੀ ਬਹੁਤ ਧਾਰਮਿਕ ਹੁੰਦੀ ਜਾ ਰਹੀ ਸੀ। ਮਾਂ ਨੂੰ ਵੇਖ ਕੇ ਵੀ ਸਕੂਲ ਵਿੱਚ ਛੋਟੇ ਬੱਚਿਆਂ ਸਾਹਮਣੇ ਲੈਕਚਰ ਦੇਣੇ ਸ਼ੁਰੂ ਕਰ ਦਿੱਤੇ ਸਨ। ਸਦੀਕੀ ਪਰਿਵਾਰ 'ਚ ਹਰ ਵੇਲੇ ਅਫਗਾਨਿਸਤਾਨ ਵਿੱਚ ਚੱਲ ਰਹੇ ਜਿਹਾਦ ਦੀਆਂ ਗੱਲਾਂ ਚਲਦੀਆਂ ਰਹਿੰਦੀਆਂ ਸਨ। ਭਾਵੇਂ ਕਿ ਸੁਲੇਹੇ ਸਦੀਕੀ ਦੀ ਇਨ੍ਹਾਂ ਗੱਲਾਂ 'ਚ ਜਿਆਦਾ ਦਿਲਚਸਪੀ ਨਹੀਂ ਸੀ ਹੁੰਦੀ ਪਰ ਉਸਦੀ ਪਤਨੀ ਦਿਲੋ ਜਾਨ ਨਾਲ ਜਿਹਾਦੀਆਂ ਦੀ ਮਦਦ ਕਰਦੀ ਸੀ। ਉਸਦੇ ਲਈ ਉਸ ਵੇਲੇ ਇਸ ਤੋਂ ਵੱਡਾ ਹੋਰ ਕੋਈ ਕੰਮ ਨਹੀਂ ਸੀ ਕਿ ਇਸਲਾਮ ਦੀ ਧਰਤੀ ਤੋਂ ਕੌਮਨਿਸਟਾਂ ਦਾ ਸਫਾਇਆ ਕਰਿਆ ਜਾਵੇ ਤੇ ਉੱਥੇ ਸੱਚਾ ਇਸਲਾਮਿਕ ਰਾਜ ਕਾਇਮ ਹੋਵੇ। ਆਫੀਆ ਮਾਂ ਦੀਆਂ ਇਨ੍ਹਾਂ ਕਾਰਵਾਈਆਂ ਨੂੰ ਬਹੁਤ ਹੀ ਧਿਆਨ ਨਾਲ ਵੇਖਦੀ ਸੀ। ਉਸ ਦਾ ਮਨ ਕਰਦਾ ਕਿ ਉਹ ਇਨ੍ਹਾਂ ਜਿਹਾਦੀਆਂ ਦੀ ਦਿਲੋ ਜਾਨ ਨਾਲ ਸੇਵਾ ਕਰੇ ਜੋ ਕਿ ਆਪਣੇ ਧਰਮ ਲਈ ਸ਼ਹੀਦ ਹੋ ਰਹੇ ਹਨ। ਉਹ ਜਿਹਾਦੀਆਂ ਦੇ ਬਹਾਦਰੀ ਭਰੇ ਕਾਰਨਾਮੇ ਸੁਣਦੀ ਤਾਂ ਉਸਨੂੰ ਲੱਗਦਾ ਕਿ ਇਹ ਹੀ ਧਰਮ ਦੇ ਅਸਲੀ ਹੀਰੋ ਹਨ। ਥੋੜੇ ਜਿਹੇ ਲੜਾਕਿਆਂ ਦੀ ਮਦਦ ਨਾਲ ਸ਼ੁਰੂ ਕੀਤਾ ਗਿਆ ਜਿਹਾਦ ਆਖਰ ਉਨ੍ਹਾਂ ਦੇ ਹੱਕ ਵਿੱਚ ਹੋਣ ਲੱਗਿਆ। ਵੱਡਾ ਕਾਰਨ ਅਮਰੀਕਾ ਸੀ ਜੋ ਕਿ ਪਰਦੇ ਪਿੱਛੇ ਰਹਿੰਦਾ ਜਿਆ ਉਲ ਹੱਕ ਨੂੰ ਮੂਹਰੇ ਲਾ ਕੇ ਸਾਰੀ ਲੜਾਈ ਆਪ ਲੜ ਰਿਹਾ ਸੀ। ਆਖਰ ਜਿਹਾਦੀਆਂ ਦਾ ਪਲੜਾ ਭਾਰੀ ਪੈਣ ਲੱਗਿਆ। ਹੌਲੀ ਹੌਲੀ ਉਨ੍ਹਾਂ ਸੋਵੀਅਤ ਯੂਨੀਅਨ ਨੂੰ ਅਫਗਾਨਿਸਤਾਨ 'ਚੋਂ ਖਿਦੇੜ ਦਿੱਤਾ। ਫਿਰ ਸਮਝੌਤਾ ਹੋਇਆ ਜਿਸ ਮੁਤਾਬਕ ਸੋਵੀਅਤ ਯੂਨੀਅਨ ਉੱਥੋਂ ਆਪਣੀਆਂ ਫੌਜਾਂ ਕੱਢਣੀਆਂ ਮੰਨ ਗਿਆ। ਜਦੋਂ ਸੋਵੀਅਤ ਯੂਨੀਅਨ ਦੀਆਂ ਫੌਜਾਂ ਅਫਗਾਨਿਸਤਾਨ 'ਚੋਂ ਨੀਵੀਂ ਪਾਈ ਨਿਕਲਣੀਆਂ ਸ਼ੁਰੂ ਹੋਈਆਂ ਤਾਂ ਆਫੀਆ ਨੇ ਵੀ ਹੋਰਨਾਂ ਵਾਂਗ ਜਸ਼ਨ ਦੇ ਪ੍ਰੋਗਰਾਮਾਂ 'ਚ ਵਧ ਚੜ੍ਹ ਕੇ ਹਿੱਸਾ ਲਿਆ। ਉਸ ਵੇਲੇ ਹਰ ਪਾਸੇ ਖੁਸ਼ੀ ਦਾ ਆਲਮ ਸੀ। ਖਾਸ ਕਰ ਕੇ ਸਦੀਕੀ ਪਰਿਵਾਰ ਦੇ ਘਰ ਵਿੱਚ। ਉਨ੍ਹਾਂ ਮੁਤਾਬਕ ਅੱਲਾ ਦੀ ਪਾਰਟੀ ਦੀ ਜਿੱਤ ਹੋ ਚੁੱਕੀ ਸੀ। ਉਨ੍ਹਾਂ ਦੀ ਸੋਚਣੀ ਸੀ ਕਿ ਇਹ ਜਿਹਾਦ ਹੀ ਸੀ ਜਿਸਨੇ ਅਫਗਾਨਿਸਤਾਨ ਨੂੰ ਕੌਮਨਿਸਟਾਂ ਤੋਂ ਆਜ਼ਾਦ ਕਰਵਾਇਆ। ਇਸ ਜਿੱਤ ਨੂੰ ਹਰ ਇੱਕ ਨੇ ਆਪਣੇ ਨੁਕਤੇ ਤੋਂ ਵੇਖਿਆ। ਅਮਰੀਕਾ ਨੂੰ ਲੱਗਿਆ ਕਿ ਉਸਨੇ ਚਿਰਾਂ ਤੋਂ ਚੱਲ ਰਹੀ ਸੀਤ ਜੰਗ 'ਚ ਰਸ਼ੀਆ ਦੀ ਸਿਰੀ ਫੇਹ ਦਿੱਤੀ ਹੈ। ਅਫਗਾਨਿਸਤਾਨ ਦੇ ਲੋਕਾਂ ਨੂੰ ਲੱਗਿਆ ਕਿ ਉਨ੍ਹਾਂ ਜਿਹਾਦ ਦੇ ਰਾਹ ਜਾ ਕੇ ਆਪਣਾ ਮੁਲਕ ਆਜ਼ਾਦ ਕਰਵਾ ਲਿਆ ਹੈ। ਪਰ ਜਨਰਲ ਜਿਆ ਉਲ ਹੱਕ ਅਤੇ ਉਸਦੀ ਸਰਕਾਰ ਨੇ ਸੋਵੀਅਤ ਯੂਨੀਅਨ ਦੀ ਹਾਰ ਨੂੰ ਕਿਸੇ ਹੋਰ ਰੂਪ 'ਚ ਵੇਖਿਆ। ਜਿਆ ਨੇ ਇਹ ਭੁਲੇਖਾ ਪਾਲ ਲਿਆ ਕਿ ਇਹ ਸਭ ਕੁਝ ਪਾਕਿਸਤਾਨ ਦੀ ਵਜ੍ਹਾ ਨਾਲ ਹੋਇਆ ਹੈ। ਉਸਦੀ ਸੋਚਣੀ ਸੀ ਕਿ ਇਸ ਵੇਲੇ ਪਾਕਿਸਤਾਨ ਕੁਝ ਵੀ ਕਰ ਸਕਦਾ ਹੈ। ਉਸ ਮੁਤਾਬਕ ਹੌਲੀ ਹੌਲੀ ਪਾਕਿਸਤਾਨ ਸਾਰੇ ਮੱਧ ਏਸ਼ੀਆ ਵਿੱਚ ਆਪਣਾ ਦਬਦਬਾ ਕਾਇਮ ਕਰ ਲਵੇਗਾ। ਉਸਨੇ ਅਫਗਾਨਿਸਤਾਨ 'ਚੋਂ ਵਿਹਲਾ ਹੋ ਕੇ ਹੋਰਨਾ ਪਾਸਿਆਂ ਵੱਲ ਵੇਖਣਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਉਸ ਨੇ ਆਪਣਾ ਮੁੱਖ ਏਜੰਡਾ ਚਾਲੂ ਕਰਨ ਦੀ ਸੋਚੀ। ਉਹ ਸੀ ਇੰਡੀਆ ਵਾਲੇ ਪਾਸੇ ਦੇ ਕਸ਼ਮੀਰ ਦੀ ਆਜ਼ਾਦੀ। ਉਹ ਅਤੇ ਹੋਰ ਇਸ ਕਸ਼ਮੀਰ ਨੂੰ ਇੰਡੀਆ ਦੇ ਕਬਜੇ ਹੇਠਲਾ ਕਸ਼ਮੀਰ ਕਹਿੰਦੇ ਸਨ ਜਦੋਂ ਕਿ ਪਾਕਿਸਤਾਨ ਵੱਲ ਦੇ ਕਸ਼ਮੀਰ ਨੂੰ ਆਜ਼ਾਦ ਕਸ਼ਮੀਰ ਕਿਹਾ ਜਾਂਦਾ ਸੀ। ਉਸਨੇ ਆਪਣੇ ਲੋਕਾਂ ਨੂੰ ਕਸ਼ਮੀਰ ਆਜ਼ਾਦ ਕਰਵਾਉਣ ਦਾ ਨਾਅਰਾ ਦਿੱਤਾ। ਇਸ ਦੇ ਲਈ ਉਸਨੇ ਉਹੀ ਢੰਗ ਤਰੀਕਾ ਚੁਣਿਆ ਜੋ ਕਦੇ ਅਮਰੀਕਾ ਨੇ ਅਫਗਾਨਿਸਤਾਨ ਵਿੱਚ ਚੁਣਿਆਂ ਸੀ। ਜਾਣੀ ਕਿ ਪਾਕਿਸਤਾਨ ਪਰਦੇ ਪਿੱਛੇ ਰਹਿੰਦਾ ਸਾਰੀ ਲੜਾਈ ਲੜੇਗਾ ਜਦੋਂ ਕਿ ਕਸ਼ਮੀਰ 'ਚ ਤਿਆਰ ਕੀਤੇ ਜਿਹਾਦੀ ਅਸਲੀ ਲੜਾਈ ਲੜਨਗੇ। ਇਸਦੇ ਲਈ ਉਸਨੇ ਐਕਸ਼ਨ ਸ਼ੁਰੂ ਕੀਤਾ ਤਾਂ ਸ਼ਾਂਤ ਪਏ ਜੰਮੂ ਅਤੇ ਕਸ਼ਮੀਰ 'ਚ ਭੁਚਾਲ ਆ ਗਿਆ। ਥਾਂ ਥਾਂ ਜਿਹਾਦੀ ਪੈਦਾ ਹੋ ਗਏ। ਇਸ ਖੇਡ 'ਚ ਜਿਆ ਉਲ ਹੱਕ ਦੋ ਮਾਹਰਕੇ ਮਾਰਨੇ ਚਾਹੁੰਦਾ ਸੀ। ਇੱਕ ਤਾਂ ਸੀ ਇੰਡੀਆ ਤੋਂ ਕਸ਼ਮੀਰ ਖੋਹਣਾ ਅਤੇ ਦੂਸਰਾ ਸੀ ਬੰਗਲਾ ਦੇਸ਼ ਵਾਲਾ ਹਿਸਾਬ ਚੁਕਤਾ ਕਰਨਾ। ਉਹ ਇੱਥੋਂ ਤੱਕ ਸਵੈ ਵਿਸ਼ਵਾਸ ਨਾਲ ਭਰ ਗਿਆ ਕਿ ਉਸਨੇ ਸੋਚਿਆ ਕਿ ਕਸ਼ਮੀਰ ਦੇ ਆਜ਼ਾਦ ਹੋਣ ਪਿੱਛੋਂ ਉਹ ਇਸ ਪ੍ਰੋਕਸੀ ਵਾਰ ਨੂੰ ਇੰਡੀਆ ਦੇ ਹੋਰਨਾ ਹਿੱਸਿਆਂ ਵਿੱਚ ਫੈਲਾ ਦੇਵੇਗਾ ਅਤੇ ਮੁਲਕ ਦੇ ਟੁਕੜੇ ਟੁਕੜੇ ਕਰ ਦੇਵੇਗਾ। ਕਸ਼ਮੀਰ ਦੇ ਨਾਲ ਹੀ ਉਸਨੇ ਪੰਜਾਬ ਉੱਤੇ ਵੀ ਅੱਖ ਰੱਖ ਲਈ। ਆਪਣਾ ਵੱਖਰਾ ਮੁਲਕ ਲੈਣ ਲਈ ਉਹ ਸਿੱਖਾਂ ਨੂੰ ਭੜਕਾਉਣ ਲੱਗਿਆ। ਉਸਦਾ ਕਹਿਣਾ ਸੀ ਕਿ ਅਸਲੀ ਲੜਾਈ ਤੁਸੀਂ ਲੜੋਗੇ ਤੇ ਮਦਦ ਸਾਰੀ ਉਹ ਕਰੇਗਾ। ਜਿਆ ਉਲ ਹੱਕ ਉਸ ਵੇਲੇ ਬਹੁਤ ਉੱਚੀਆਂ ਉਡਾਰੀਆਂ ਲਾ ਰਿਹਾ ਸੀ। ਪਰ ਕੁਦਰਤ ਆਪਣੀ ਖੇਡ ਆਪ ਖੇਡਦੀ ਹੈ। ਇੱਕ ਦਿਨ ਸਦੀਕੀ ਪਰਿਵਾਰ ਦੇ ਘਰ ਫਾਰੂਕੀ ਦਾ ਫੋਨ ਆਇਆ। ਫੋਨ ਇਮਸਤ ਨੇ ਚੁੱਕਿਆ ਤਾਂ ਅੱਗੋਂ ਉਹ ਬੋਲਿਆ, ''ਆਪਾ ਗਜ਼ਬ ਹੋ ਗਿਆ।'
''ਕਿਉਂ ਕੀ ਹੋਇਆ?''
''ਜਿਆ ਸਾਹਿਬ ਨਹੀਂ ਰਹੇ।''
''ਹੈਂ! ਕੀ ਕਿਹਾ?'' ਇਮਸਤ ਨੂੰ ਆਪਣੇ ਕੰਨਾਂ 'ਤੇ ਇਤਬਾਰ ਨਾ ਆਇਆ।
''ਹੁਣੇ ਹੁਣੇ ਪਤਾ ਲੱਗਿਆ ਐ ਕਿ ਜਨਰਲ ਜਿਆ ਉਲ ਹੱਕ, ਹਵਾਈ ਹਾਦਸੇ 'ਚ ਮਾਰੇ ਗਏ।
ਇਸਮਤ ਤੋਂ ਕੋਈ ਜੁਆਬ ਨਾ ਦੇ ਹੋਇਆ। ਉਹ ਕੁਰਸੀ ਦੇ ਡੰਡੇ ਨੂੰ ਹੱਥ ਪਾਉਂਦੀ ਉੱਥੇ ਹੀ ਢੇਰੀ ਹੋ ਗਈ। ਉੱਧਰੋਂ ਦੋ ਚਾਰ ਵਾਰ ਆਵਾਜ਼ ਆਈ ਤਾਂ ਉਹ ਆਪਣੇ ਆਪ ਨੂੰ ਸੰਭਾਲਦੀ ਬੋਲੀ, ''ਭਾਈ ਜਾਨ ਇਹ ਤਾਂ ਬਹੁਤ ਵੱਡਾ ਕਹਿਰ ਹੋ ਗਿਆ। ਆਪਾਂ ਤਾਂ ਜਿਉਂਦੇ ਈ ਮਰ ਗਏ। ਆਪਣੇ ਲਈ ਤਾਂ ਉਹੀ ਸਭ ਕੁਝ ਸਨ। ਪਤਾ ਨ੍ਹੀਂ ਉਨ੍ਹਾਂ ਬਿਨਾ ਇਸ ਮੁਲਕ ਦਾ ਕੀ ਬਣੂੰਗਾ। ਪਰ ਇਹ ਸਭ ਹੋਇਆ ਕਿਵੇਂ?''
'ਉਹ ਕਿਧਰੇ ਦੌਰੇ 'ਤੇ ਗਏ ਸਨ। ਨਾਲ ਕਈ ਵੱਡੇ ਫੌਜੀ ਅਫਸਰਾਂ ਤੋਂ ਇਲਾਵਾ ਅਮਰੀਕੀ ਰਾਜਦੂਤ ਵੀ ਸੀ। ਹੈਲੀਕਾਪਟਰ ਰਾਹੀਂ ਵਾਪਸ ਆ ਰਹੇ ਸਨ ਕਿ ਉਸੇ ਹੈਲੀਕਾਪਟਰ 'ਚ ਕਿਸੇ ਨੇ ਬੰਬ ਰਖਵਾ ਦਿੱਤਾ। ਸਾਰੇ ਮਾਰੇ ਗਏ ਕੋਈ ਵੀ ਨ੍ਹੀਂ ਬਚਿਆ।
''ਭਾਈ ਜਾਨ ਕਿਸ ਨੇ ਕੀਤਾ ਹੋਇਆ ਇਹ ਸਭ?''
''ਵੇਖੋ ਜੀ ਕੀ ਕਹਿ ਸਕਦੇ ਆਂ। ਪਰ ਲੱਗਦਾ ਹੈ ਇਹ ਜਾਂ ਤਾਂ ਅਮਰੀਕਾ ਨੇ ਕਰਵਾਇਆ ਐ ਤੇ ਜਾਂ ਰਸ਼ੀਆ ਨੇ।''
'ਅਮਰੀਕਾ ਭਲਾਂ ਅਜਿਹਾ ਕਿਉਂ ਕਰਵਾਊਗਾ। ਉਸਦੀ ਤਾਂ ਜਿਆ ਸਾਹਿਬ ਨੇ ਇੰਨੀ ਮਦਦ ਕੀਤੀ ਐ। ਰਸ਼ੀਆ ਦੀ ਇੱਥੇ ਤੱਕ ਪਹੁੰਚ ਨ੍ਹੀਂ ਹੋ ਸਕਦੀ।''
''ਹੋਰ ਫਿਰ ਕਿਸ ਨੇ ਕਰਵਾਇਆ ਹੋਇਆ ਇਹ ਕੰਮ?''
''ਮੇਰੇ ਖਿਆਲ 'ਚ ਇਹ ਸਭ ਇੰਡੀਆ ਦਾ ਕੀਤਾ ਕਰਾਇਆ ਐ। ਇਸ ਵੇਲੇ ਸਭ ਤੋਂ ਜ਼ਿਆਦਾ ਇੰਡੀਆ ਈ ਜਿਆ ਸਾਹਿਬ ਤੋਂ ਡਰਦਾ ਸੀ।''
''ਆਪਾ ਹੋ ਸਕਦਾ ਐ ਕਿ ਤੇਰੀ ਗੱਲ ਸਹੀ ਹੋਵੇ। ਹੌਲੀ ਹੌਲੀ ਪਤਾ ਲੱਗੂਗਾ। ਪਰ ਹੋਇਆ ਬਹੁਤ ਮਾੜਾ।''
'ਮਾੜੇ ਵਰਗਾ ਮਾੜਾ। ਆਪਣਾ ਤਾਂ ਸਭ ਕੁਛ ਤਬਾਹ ਹੋ ਗਿਆ। ਆਪਾਂ ਨੂੰ ਜਿਆ ਸਾਹਿਬ ਨੇ ਬੜਾ ਇੱਜ਼ਤ ਮਾਣ ਦਿੱਤਾ ਸੀ। ਹੁਣ ਪਤਾ ਨ੍ਹੀਂ ਅੱਗੇ ਕੀ ਹੋਊਗਾ।''
ਇਸ ਪਿੱਛੋਂ ਫੋਨ ਕੱਟਿਆ ਗਿਆ। ਇਸਮਤ ਨੂੰ ਇਸ ਖ਼ਬਰ ਨੇ ਤੋੜ ਕੇ ਰੱਖ ਦਿੱਤਾ ਸੀ। ਛੋਟੀ ਜਿਹੀ ਆਫੀਆ ਮਾਂ ਨੂੰ ਧਾਹੀਂ ਰੋਂਦਿਆਂ ਵੇਖਦੀ ਰਹੀ।
ਜਿੱਥੇ ਜਿਆ ਪੱਖੀ ਲੋਕ ਇਸ ਹਾਦਸੇ ਨਾਲ ਟੁੱਟ ਕੇ ਬਿਖਰ ਗਏ ਸਨ ਉੱਥੇ ਹੀ ਵਿਰੋਧੀ ਇਸ ਨੂੰ ਆਪਣੇ ਲਈ ਇੱਕ ਚੰਗਾ ਵਕਤ ਮੰਨ ਰਹੇ ਸਨ। ਉਨ੍ਹਾਂ ਮੁਤਾਬਕ ਇੱਕ ਜਾਲਮ ਹਾਕਮ ਤੋਂ ਖਹਿੜਾ ਛਡਵਾਉਣ 'ਚ ਅੱਲਾ ਨੇ ਉਨ੍ਹਾਂ ਦੀ ਮਦਦ ਕੀਤੀ ਸੀ। ਇਨ੍ਹਾਂ ਲੋਕਾਂ ਵਿੱਚ ਸਭ ਤੋਂ ਉੱਪਰ ਬੇਨਜ਼ੀਰ ਭੁੱਟੋ ਸੀ। ਕੁਝ ਸਾਲ ਪਹਿਲਾਂ ਹੀ ਮੌਕੇ ਦੇ ਪ੍ਰਧਾਨ ਮੰਤਰੀ ਅਤੇ ਬੇਨਜ਼ੀਰ ਦੇ ਪਿਉ ਜੁਲਫਕਾਰ ਅਲੀ ਭੁੱਟੋ ਨੂੰ ਜਿਆ ਉਲ ਹੱਕ ਨੇ ਨਾ ਸਿਰਫ ਗੱਦੀਉਂ ਲਾਹਿਆ ਸੀ ਸਗੋਂ ਬਾਅਦ ਵਿੱਚ ਫਾਹੇ ਵੀ ਲਗਵਾਇਆ ਸੀ। ਪਿਉ ਦੀ ਮੌਤ ਪਿੱਛੋਂ ਆਪਣੀ ਪਾਰਟੀ ਨੂੰ ਅੱਗੇ ਵਧਾਉਂਦਿਆਂ ਬੇਨਜ਼ੀਰ ਨੇ ਬੜੇ ਤਸੀਹੇ ਸਹੇ ਸਨ। ਜਿਆ ਉਲ ਹੱਕ ਦੀ ਸਰਕਾਰ ਨੇ ਉਸਨੂੰ ਖਤਮ ਕਰਨ ਦੀ ਕੋਈ ਕਸਰ ਨਹੀਂ ਛੱਡੀ ਸੀ। ਪਿਛਲੇ ਕੁਝ ਸਮੇਂ ਤੋਂ ਉਹ ਪਾਕਿਸਤਾਨ 'ਚ ਰਹਿੰਦਿਆਂ ਲੋਕਾਂ ਨੂੰ ਫਿਰ ਤੋਂ ਲਾਮਬੰਦ ਕਰ ਰਹੀ ਸੀ। ਇਹ ਮੌਕਾ ਉਸਦੇ ਬਿਲਕੁਲ ਫਿੱਟ ਬੈਠ ਗਿਆ। ਉਸਨੇ ਜ਼ੋਰ ਸ਼ੋਰ ਨਾਲ ਲੋਕਾਂ ਨੂੰ ਜਮਹੂਰੀਅਤ ਲਈ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ। ਉਸਦੀ ਮਿਹਨਤ ਦਾ ਨਤੀਜਾ ਹੀ ਸੀ ਕਿ ਕੁਝ ਦੇਰ ਬਾਅਦ ਹੋਈਆਂ ਚੋਣਾ ਵਿੱਚ ਉਸਦੀ ਪਾਰਟੀ ਬਹੁਮਤ ਲੈ ਗਈ ਅਤੇ ਬੇਨਜ਼ੀਰ ਭੁੱਟੋ ਕਿਸੇ ਇਸਲਾਮਿਕ ਮੁਲਕ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣ ਗਈ। ਜਿਆ ਦੇ ਵੇਲੇ ਤੋਂ ਜਿਹੜੇ ਲੋਕ ਧਾਰਮਿਕ ਗਲਬੇ ਹੇਠ ਦਬ ਕੇ ਰਹਿ ਗਏ ਸਨ ਉਨ੍ਹਾਂ ਨੂੰ ਬੇਨਜ਼ੀਰ ਦੇ ਆਉਣ ਨਾਲ ਨਵੀਂਆਂ ਉਮੀਦਾਂ ਮਿਲ ਗਈਆਂ। ਮੁਲਾਣਿਆਂ ਦੀ ਜਕੜ 'ਚ ਆਇਆ ਮੁਲਕ ਇੱਕ ਦਮ ਘੁਟਣ 'ਚੋਂ ਬਾਹਰ ਆ ਗਿਆ। ਇੱਕ ਦਮ ਸਾਰੇ ਹਾਲਾਤ ਬਦਲ ਗਏ। ਇਸ ਤਬਦੀਲੀ ਨੂੰ, ਇਸਮਤ ਨੇ ਨਵੇਂ ਨਜ਼ਰੀਏ ਤੋਂ ਵੇਖਿਆ। ਉਸਨੇ ਸੋਚਿਆ ਕਿ ਜੇ ਭੁੱਟੋ ਰਾਜਨੀਤੀ ਵਿੱਚ ਅੱਗੇ ਵਧ ਰਹੀ ਹੈ ਤਾਂ ਆਫੀਆ ਕਿਉਂ ਨਹੀਂ। ਉਸਦੀ ਸੋਚਣੀ ਸੀ ਕਿ ਆਫੀਆ ਕਿਸੇ ਗੱਲੋਂ ਵੀ ਬੇਨਜ਼ੀਰ ਤੋਂ ਘੱਟ ਨਹੀਂ ਹੈ। ਉਹ ਹੁਣ ਸਤਾਰਾਂ ਦੀ ਹੋ ਚੁੱਕੀ ਸੀ। ਉਸਨੇ ਮੁਢਲੀ ਪੜ੍ਹਾਈ ਵੀ ਪੂਰੀ ਕਰ ਲਈ ਸੀ। ਪੜ੍ਹਾਈ ਵੀ ਉਸਨੇ ਪਾਕਿਸਤਾਨ ਦੇ ਮਸ਼ਹੂਰ ਸੇਂਟ ਜੋਸਿਫ ਕਾਲਜ ਤੋਂ ਕੀਤੀ ਸੀ ਜਿੱਥੇ ਕਿ ਵੱਡੇ ਲੋਕਾਂ ਦੇ ਬੱਚੇ ਪੜ੍ਹਦੇ ਸਨ। ਉਸਨੇ ਹਰ ਵਿਸ਼ੇ 'ਚ ਏ ਗਰੇਡ ਲੈਂਦਿਆਂ ਕਲਾਸ 'ਚੋਂ ਟਾਪ ਕੀਤਾ ਸੀ। ਵੇਖਣ ਨੂੰ ਵੀ ਉਹ ਬਹੁਤ ਖੂਬਸੂਰਤ ਸੀ। ਕੱਦ ਭਾਵੇਂ ਉਸਦਾ ਛੋਟਾ ਜਾਣੀ ਕਿ ਪੰਜ ਫੁੱਟ ਤਿੰਨ ਇੰਚ ਹੀ ਸੀ ਪਰ ਉਸਦੀ ਦਿੱਖ ਬਹੁਤ ਹੀ ਪ੍ਰਭਾਵਸ਼ਾਲੀ ਸੀ। ਹੈ। ਪਰ ਇਸ ਵਿੱਚ ਇੱਕ ਅੜਚਣ ਉਸ ਨੂੰ ਸਾਫ ਦਿਸ ਰਹੀ ਸੀ, ਉਹ ਇਹ ਸੀ ਕਿ ਪਾਕਿਸਤਾਨ ਵਿੱਚ ਰਹਿੰਦਿਆਂ ਆਫੀਆ ਦੀ ਛੇਤੀ ਹੀ ਸ਼ਾਦੀ ਹੋ ਜਾਣੀ ਸੀ। ਉਹ ਹੁਣ ਸਤਾਰਾਂ ਦੀ ਹੋ ਚੁੱਕੀ ਸੀ। ਉਸਦੀ ਮਾਂ ਨੇ ਸੋਚ ਸੋਚ ਕੇ ਇਹ ਨਤੀਜਾ ਕੱਢਿਆ ਕਿ ਜੇਕਰ ਇਸਨੂੰ ਪੜ੍ਹਨ ਲਈ ਵਿਦੇਸ਼ ਭੇਜ ਦਿੱਤਾ ਜਾਵੇ ਤਾਂ ਇਹ ਬਹੁਤ ਅੱਗੇ ਵਧ ਸਕਦੀ ਹੈ ਅਤੇ ਇਸ ਤਰ੍ਹਾਂ ਉਸਦੇ ਵਿਆਹ ਵਾਲਾ ਮਸਲਾ ਵੀ ਪਿਛਾਂਹ ਪੈ ਜਾਵੇਗਾ। ਆਫੀਆ ਦਾ ਭਰਾ ਮੁਹੰਮਦ ਅਲੀ, ਪਹਿਲਾਂ ਹੀ ਪੜ੍ਹਾਈ ਕਰਨ ਲਈ ਅਮਰੀਕਾ ਗਿਆ ਹੋਇਆ ਸੀ। ਉਸਨੇ ਉੱਥੇ ਪੜ੍ਹਾਈ ਕਰਨ ਤੋਂ ਬਾਅਦ ਆਰਚੀਟੈਕਟ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ। ਆਖਰ ਇਸਮਤ ਨੇ ਅਲੀ ਨਾਲ ਸਲਾਹ ਕੀਤੀ। ਉਸਦਾ ਵੀ ਇਹੀ ਕਹਿਣਾ ਸੀ ਕਿ ਆਫੀਆ ਅਜੇ ਛੋਟੀ ਹੈ ਤੇ ਨਾਲ ਹੀ ਪੜ੍ਹਾਈ 'ਚ ਬਹੁਤ ਹੁਸ਼ਿਆਰ ਵੀ ਹੈ। ਇਸ ਲਈ ਇਸ ਨੂੰ ਅਮਰੀਕਾ ਭੇਜ ਦਿੱਤਾ ਜਾਵੇ। ਆਫੀਆ ਦੇ ਮਾਂ ਪਿਉ ਨੇ ਸਲਾਹ ਮਸ਼ਵਰਾ ਕਰਕੇ ਆਖਰ ਆਫੀਆ ਨੂੰ ਅਮਰੀਕਾ ਭੇਜਣ ਦੀ ਤਿਆਰੀ ਆਰੰਭ ਦਿੱਤੀ।
Chahals57@yahoo.com
Ph. 0017033623239

ਤਿੰਨ :---


ਪੋਸਟਿੰਗ : ਅਨੁ. ਮਹਿੰਦਰ ਬੇਦੀ ਜੈਤੋ

 
ਆਫੀਆ ਸਦੀਕੀ ਦਾ ਜਿਹਾਦ…:: ਲੇਖਕ : ਹਰਮਹਿੰਦਰ ਚਹਿਲ :---



ਡੈਲਟਾ ਏਅਰਲਾਈਨਜ਼ ਦਾ ਜਹਾਜ਼ ਨੀਵਾਂ ਹੋਣ ਲੱਗਿਆ ਤਾਂ ਆਫੀਆ ਨੇ ਹੇਠਾਂ ਵੱਲ ਨੀਝ ਲਾ ਕੇ ਵੇਖਿਆ। ਉਸ ਨੂੰ ਕੁਝ ਵੀ ਵਿਖਾਈ ਨਾ ਦਿੱਤਾ। ਹੇਠਾਂ ਸੰਘਣੀ ਧੁੰਦ ਜਿਹੀ ਵਿਛੀ ਹੋਈ ਸੀ। ਜਹਾਜ਼ ਨੀਵਾਂ ਹੁੰਦਾ ਗਿਆ ਪਰ ਹੇਠਾਂ ਅਜੇ ਵੀ ਕੁਝ ਨਹੀਂ ਦਿਸ ਰਿਹਾ ਸੀ। ਆਫੀਆ ਨੇ ਮਹਿਸੂਸ ਕੀਤਾ ਕਿ ਜਹਾਜ਼ ਕਾਫੀ ਨੀਵਾਂ ਆ ਗਿਆ ਹੈ ਪਰ ਅਜੇ ਵੀ ਹੇਠਾਂ ਕੁਝ ਨਹੀਂ ਦਿਸ ਰਿਹਾ ਹੈ। ਫਿਰ ਉਸਨੂੰ ਮਰੀਆਂ ਜਿਹੀਆਂ ਰੋਸ਼ਨੀਆਂ ਦਿਸਣੀਆਂ ਸ਼ੁਰੂ ਹੋਈਆਂ ਤੇ ਉਦੋਂ ਹੀ ਜਹਾਜ਼ ਲੈਂਡ ਕਰ ਗਿਆ। ਇੱਕ ਝਟਕਾ ਜਿਹਾ ਵੱਜਿਆ ਤੇ ਜਹਾਜ਼ ਰਨਵੇ 'ਤੇ ਭੱਜਣ ਲੱਗਿਆ। ਫਿਰ ਜਹਾਜ਼ ਹੌਲੀ ਹੋਇਆ ਤਾਂ ਆਫੀਆ ਨੇ ਬਾਹਰ ਵੱਲ ਵੇਖਿਆ। ਹਰ ਪਾਸੇ ਬਰਫ ਦੇ ਢੇਰ ਲੱਗੇ ਪਏ ਸਨ। ਜਦੋਂ ਉਸ ਪਤਾ ਲੱਗਿਆ ਕਿ ਇਹ ਤਾਂ ਸਨੋਅ ਪੈ ਰਹੀ ਹੈ ਤਾਂ ਉਹ ਅਚੰਭੇ ਨਾਲ ਬਾਹਰ ਵੇਖਣ ਲੱਗੀ। ਇੰਨੇ ਨੂੰ ਜਹਾਜ਼ ਟਰਮੀਨਲ 'ਤੇ ਜਾ ਲੱਗਿਆ। ਉਹ ਕਸਟਮ ਬਗੈਰਾ 'ਚੋਂ ਕਲੀਅਰ ਹੋ ਕੇ ਬਾਹਰ ਆਈ ਤਾਂ ਸਾਹਮਣੇ ਉਸਦਾ ਭਰਾ ਮੁਹੰਮਦ ਅਲੀ ਉਸਦੀ ਉਡੀਕ ਕਰ ਰਿਹਾ ਸੀ। ਨਾਲ ਉਸਦੇ ਕੋਈ ਉਸਦਾ ਦੋਸਤ ਜਾਪਦਾ ਗੋਰਾ ਮੁੰਡਾ ਸੀ। ਆਫੀਆ ਭਰਾ ਨਾਲ ਘਰੇ ਚਲੀ ਗਈ। ਉਸਦੇ ਭਰਾ ਦਾ ਹੂਸਟਨ ਯੂਨੀਵਰਸਿਟੀ ਨੇ ਨੇੜੇ ਹੀ ਆਪਣਾ ਅਪਾਰਟਮੈਂਟ ਸੀ। ਉਹ ਉੱਥੇ ਹੀ ਪੜ੍ਹਿਆ ਸੀ ਤੇ ਹੁਣ ਆਰਚੀਟੈਕਟ ਦਾ ਕੰਮ ਕਰ ਰਿਹਾ ਸੀ। ਸਾਰੇ ਉਸਨੂੰ ਮੁਹੰਮਦ ਕਹਿ ਕੇ ਬੁਲਾਉਂਦੇ ਸਨ। ਅਗਲੇ ਪੰਜ ਸੱਤ ਦਿਨ ਤਾਂ ਆਫੀਆ ਦਾ ਥਕੇਵਾਂ ਹੀ ਨਾ ਲੱਥਿਆ। ਉਸਦਾ ਮਨ ਵੀ ਪਿੱਛੇ ਲਈ ਬੜਾ ਉਦਾਸ ਸੀ। ਉਹ ਸਾਰਾ ਦਿਨ ਅਪਾਰਟਮੈਂਟ ਵਿੱਚ ਹੀ ਪਈ ਰਹਿੰਦੀ ਸੀ। ਟੀਵੀ ਬਗੈਰਾ ਦੀ ਉਸਨੂੰ ਨਾ ਪੂਰੀ ਸਮਝ ਆਉਂਦੀ ਸੀ ਤੇ ਨਾ ਹੀ ਉਸਨੂੰ ਟੀਵੀ ਵੇਖਣਾ ਪਸੰਦ ਸੀ। ਫਿਰ ਮੁਹੰਮਦ ਉਸਨੂੰ ਯੂਨੀਵਰਸਿਟੀ ਲੈ ਗਿਆ ਤੇ ਉਸਦੀ ਪੜ੍ਹਾਈ ਦਾ ਪਤਾ ਸਤਾ ਕੀਤਾ। ਸਾਰੀ ਜਾਣਕਾਰੀ ਲੈ ਕੇ ਆਫੀਆ ਨੇ ਕਲਾਸਾਂ 'ਚ ਜਾਣਾ ਸ਼ੁਰੂ ਕਰ ਦਿੱਤਾ। ਪਰ ਅਜੇ ਵੀ ਉਸਦਾ ਮਨ ਇੱਥੇ ਪੂਰੀ ਤਰ੍ਹਾਂ ਲੱਗ ਨਹੀਂ ਸੀ ਰਿਹਾ। ਉਹ ਘਰੇ ਵੀ ਅੰਦਰੇ ਹੀ ਬੜੀ ਰਹਿੰਦੀ। ਫਿਰ ਹੌਲੀ ਹੌਲੀ ਉਸਦਾ ਮਨ ਪਰਚਣ ਲੱਗਿਆ। ਇਸਦਾ ਵੱਡਾ ਕਾਰਨ ਸੀ ਕਿ ਇੱਥੇ ਮੁਸਲਮਾਨ ਵਿਦਿਆਰਥੀਆਂ ਦੀ ਬਹੁਤ ਵੱਡੀ ਗਿਣਤੀ ਸੀ। ਉਹ ਕਈਆਂ ਦੇ ਨੇੜੇ ਹੋਣ ਲੱਗੀ। ਆਪਣੇ ਸੁਭਾਅ ਮੁਤਾਬਕ ਆਫੀਆ ਹਰ ਇੱਕ ਨਾਲ ਧਰਮ ਬਾਰੇ ਚਰਚਾ ਜ਼ਰੂਰ ਕਰਦੀ। ਇਸ ਵਿਚਕਾਰ ਹੀ ਉਹ ਵੇਖਦੀ ਕਿ ਉਸਦੇ ਭਰਾ ਦੇ ਅਪਾਰਟਮੈਂਟ 'ਚ ਬਹੁਤ ਸਾਰੇ ਵਿਦਿਆਰਥੀ ਆਉਂਦੇ ਸਨ। ਉੱਥੇ ਮੁਸਲਮਾਨ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਚਲਦੀ ਰਹਿੰਦੀ ਸੀ। ਉਸਦਾ ਭਰਾ ਮੁਸਲਮਾਨ ਕਮਿਉਨਟੀ ਦਾ ਸਿਰਕੱਢ ਲੀਡਰ ਸੀ। ਅਜਿਹੇ ਵੇਲੇ ਉਹ ਪਿਛਲੇ ਕਮਰੇ 'ਚ ਚਲੀ ਜਾਂਦੀ। ਉਹ ਸਾਰਿਆਂ ਦੇ ਵਿਚਕਾਰ ਨਹੀਂ ਬੈਠਦੀ ਸੀ। ਇਸ ਵਿਚਕਾਰ ਹੀ ਉਸਨੇ ਵੇਖਿਆ ਕਿ ਉਸਦੇ ਭਰਾ ਦਾ ਉਹ ਦੋਸਤ ਮੁੰਡਾ ਜੋ ਕਿ ਉਸਦੇ ਅਮਰੀਕਾ ਆਉਣ ਵਾਲੇ ਦਿਨ ਵੀ ਉਸਦੇ ਭਰਾ ਨਾਲ ਏਅਰਪੋਰਟ ਗਿਆ ਸੀ ਉਹ ਵੀ ਅਪਾਰਟਮੈਂਟ 'ਚ ਬਹੁਤ ਆਉਂਦਾ ਜਾਂਦਾ ਸੀ। ਉਸਦਾ ਨਾਂ ਜਾਰਜ ਸੀ। ਜਾਰਜ ਜਦੋਂ ਵੀ ਆਉਂਦਾ ਤਾਂ ਆਫੀਆ ਉਸ ਤੋਂ ਪਾਸੇ ਹੋ ਜਾਂਦੀ। ਜਦੋਂ ਕਿ ਉਹ ਹਮੇਸ਼ਾ ਉਸ ਨਾਲ ਕੋਈ ਗੱਲ ਕਰਨੀ ਚਾਹੁੰਦਾ। ਉਹ ਉਸ ਨਾਲ ਪਹਿਲੀ ਵਾਰ ਉਦੋਂ ਬੋਲੀ ਜਦੋਂ ਇੱਕ ਦਿਨ ਮੁਹੰਮਦ ਨੇ ਜਾਰਜ ਦੇ ਆਇਆਂ ਤੋਂ ਉਸਨੂੰ ਕਮਰੇ 'ਚੋਂ ਬੁਲਾਇਆ। ਉਸਨੇ ਦੱਸਿਆ ਕਿ ਜਾਰਜ ਉਸਦਾ ਬਹੁਤ ਹੀ ਗਹਿਰਾ ਦੋਸਤ ਹੈ ਤੇ ਉਹ ਉਸ ਨਾਲ ਬੇਝਿਜਕ ਗੱਲਬਾਤ ਕਰ ਸਕਦੀ ਹੈ। ਫਿਰ ਉਹ ਜਾਰਜ ਨਾਲ ਥੋੜਾ ਬਹੁਤਾ ਬੋਲਣ ਲੱਗੀ। ਜਾਰਜ ਉਸਨੂੰ ਫਰੈਂਡ ਕਹਿ ਕੇ ਬੁਲਾਉਂਦਾ ਤਾਂ ਇਹ ਸੰਬੋਧਨ ਉਸਨੂੰ ਚੰਗਾ ਨਾ ਲੱਗਦਾ। ਫਿਰ ਜਾਰਜ ਉਸਨੂੰ ਸਿਸਟਰ ਕਹਿ ਕੇ ਬੁਲਾਉਣ ਲੱਗਿਆ ਤਾਂ ਜਾਰਜ ਨਾਲ ਉਹ ਪੂਰੀ ਤਰ੍ਹਾਂ ਖੁੱਲ੍ਹ ਗਈ। ਉਹ ਉਸ ਨਾਲ ਧਰਮ ਬਾਰੇ ਲੰਬੀਆਂ ਬਹਿਸਾਂ ਕਰਦੀ। ਇਨ੍ਹਾਂ ਬਹਿਸਾਂ ਦੌਰਾਨ ਜਾਰਜ ਵੇਖਦਾ ਕਿ ਉਹ ਹਰ ਵੇਲੇ ਮੁਸਲਿਮ ਧਰਮ ਨੂੰ ਹੀ ਵਡਿਆਉਂਦੀ ਸੀ। ਦੂਸਰੇ ਧਰਮਾਂ ਦੀ ਉਹ ਜ਼ਿਆਦਾ ਕਦਰ ਨਹੀਂ ਕਰਦੀ ਸੀ। ਜਾਰਜ ਬਹੁਤ ਵਾਰੀ ਕਰਿਸ਼ਚੀਐਨਿਟੀ ਬਾਰੇ ਬਹੁਤ ਕੁਝ ਸਮਝਾਉਂਦਾ ਪਰ ਉਹ ਕਿਸੇ ਗੱਲ ਨਾਲ ਸਹਿਮਤ ਨਾ ਹੁੰਦੀ। ਉਹ ਹਰ ਬਹਿਸ ਵੇਲੇ ਮੁਸਲਿਮ ਧਰਮ ਨੂੰ ਉੱਚਾ ਅਤੇ ਅਸਲੀ ਧਰਮ ਕਹਿੰਦੀ। ਜਾਰਜ ਨੇ ਇੱਕ ਗੱਲ ਜ਼ਰੂਰ ਵੇਖ ਲਈ ਸੀ ਕਿ ਆਫੀਆ ਧਰਮ ਬਾਰੇ ਬਹੁਤ ਡੂੰਘੀ ਜਾਣਕਾਰੀ ਰੱਖਦੀ ਸੀ ਅਤੇ ਉਸ 'ਚ ਦੂਸਰਿਆਂ ਨੂੰ ਆਪਣੇ ਪ੍ਰਭਾਵ ਹੇਠ ਲੈਣ ਦੀ ਕਾਬਲੀਅਤ ਸੀ। ਮੁਹੰਮਦ ਦੇ ਕਈ ਦੋਸਤ ਤਾਂ ਪਹਿਲੀ ਵਾਰ ਹੀ ਉਸਦਾ ਪ੍ਰਭਾਵ ਕਬੂਲ ਲੈਂਦੇ ਸਨ। ਆਫੀਆ ਦੇ ਹੋਰ ਰਿਸ਼ਤੇਦਾਰ ਵੀ ਹੂਸਟਨ 'ਚ ਰਹਿੰਦੇ ਸਨ। ਕਿਸੇ ਨਾ ਕਿਸੇ ਫੰਕਸ਼ਨ ਦਾ ਤਿਉਹਾਰ ਵਾਲੇ ਦਿਨ ਸਾਰੇ ਇਕੱਠੇ ਹੁੰਦੇ ਰਹਿੰਦੇ ਸਨ। ਜਾਰਜ ਇਨ੍ਹਾਂ ਸਾਰਿਆਂ ਨੂੰ ਜਾਣਦਾ ਸੀ ਅਤੇ ਸਭ ਨਾਲ ਵਰਤਦਾ ਵੀ ਸੀ। ਇਸ ਕਰਕੇ ਆਫੀਆ ਪਿੱਛੋਂ ਜਾ ਕੇ ਉਸ ਨਾਲ ਪੂਰੀ ਤਰ੍ਹਾਂ ਖੁੱਲ੍ਹ ਗਈ। ਉਹ ਖੁੱਲ੍ਹ ਕੇ ਬਹਿਸਾਂ ਕਰਦੇ। ਇੱਕ ਦਿਨ ਜਾਰਜ ਮੁਹੰਮਦ ਦੇ ਅਪਾਰਟਮੈਂਟ 'ਚ ਆਇਆ ਤਾਂ ਉਸਨੇ ਵੇਖਿਆ ਕਿ ਆਫੀਆ ਚੁੱਪ ਚਾਪ ਇੱਕ ਪਾਸੇ ਬੈਠੀ ਹੋਈ ਸੀ। ਘਰ ਵਿੱਚ ਪੂਰੀ ਚੁੱਪ ਛਾਈ ਹੋਈ ਸੀ।
''ਕੀ ਗੱਲ ਸਿਸਟਰ, ਅੱਜ ਇੰਨੀ ਉਦਾਸ ਐਂ?'' ਜਾਰਜ ਨੇ ਪੁੱਛਿਆ।
''ਜਾਰਜ ਅੱਜ ਘਰ ਯਾਦ ਆ ਰਿਹਾ ਐ। ਖਾਸ ਕਰਕੇ ਅੰਮੀ।''
'ਨਾ ਤੂੰ ਟੀਵੀ ਵੇਖਦੀ ਐਂ। ਨਾ ਕੋਈ ਕਿਤਾਬ ਬਗੈਰਾ ਪੜ੍ਹਦੀ ਐਂ ਫਿਰ ਵਿਹਲੀ ਬੈਠੀ ਨੇ ਉਦਾਸ ਤਾਂ ਹੋਣਾ ਈ ਐ।''
'ਇਸੇ ਕਰਕੇ ਈ ਮੈਂ ਟੀਵੀ ਨ੍ਹੀਂ ਵੇਖਦੀ ਤੇ ਨਾ ਈ ਕੁਛ ਪੜ੍ਹਦੀ ਆਂ।''
''ਮਤਲਬ?'' ਜਾਰਜ ਹੈਰਾਨ ਹੋਇਆ।
'ਕਿਉਂਕਿ ਇਹ ਗੱਲਾਂ ਸਿਰਫ ਵਕਤ ਕਟੀ ਲਈ ਨੇ। ਇਹ ਇਨਸਾਨ ਦਾ ਵਕਤ ਪਾਸ ਨ੍ਹੀਂ ਕਰਵਾਉਂਦੀਆਂ ਸਗੋਂ ਇਹ ਵਕਤ ਬਰਬਾਦ ਕਰਦੀਆਂ ਨੇ। ਇਸੇ ਕਰਕੇ ਇਨ੍ਹਾਂ ਗੱਲਾਂ ਦੀ ਸਾਡੇ ਧਰਮ 'ਚ ਮਨਾਹੀ ਐ।''
''ਵਿਹਲੇ ਵੇਲੇ ਹੋਰ ਫਿਰ ਕੀ ਕਰੋ?''
''ਰੱਬ ਦੀ ਇਬਾਦਤ ਕਰੋ, ਜਾਂ ਫਿਰ ਸਮਾਜਿਕ ਭਲਾਈ ਦੇ ਕੰਮ ਕਰੋ।''
'ਜੇ ਤੁਸੀਂ ਟੀਵੀ ਨ੍ਹੀਂ ਵੇਖੋਗੇ, ਕੋਈ ਅਖ਼ਬਾਰ ਨ੍ਹੀਂ ਪੜ੍ਹੋਗੇ ਤਾਂ ਤੁਹਾਨੂੰ ਕਿਵੇਂ ਪਤਾ ਲੱਗੂ ਕਿ ਸੰਸਾਰ ਅੰਦਰ ਕੀ ਹੋ ਰਿਹਾ ਐ?''
'ਤੇਰੇ ਵਰਗਿਆਂ ਤੋਂ ਪਤਾ ਲੱਗ ਈ ਜਾਂਦਾ ਐ ਕਿ ਸੰਸਾਰ ਅੰਦਰ ਕੀ ਚੱਲ ਰਿਹਾ ਐ।'' ਇੰਨਾ ਕਹਿੰਦਿਆਂ ਆਫੀਆ ਹੱਸੀ। ਉਸਦੀ ਇਹ ਗੱਲ ਸੁਣ ਕੇ ਜਾਰਜ ਹੈਰਾਨ ਨਾ ਹੋਇਆ। ਕਿਉਂਕਿ ਉਸਨੇ ਪਹਿਲਾਂ ਹੀ ਵੇਖ ਲਿਆ ਸੀ ਕਿ ਜੋ ਅੱਜ ਕੱਲ੍ਹ ਦੀ ਜੁਆਨ ਪੀੜੀ ਕਰ ਰਹੀ ਹੈ ਆਫੀਆ ਉਨ੍ਹਾਂ ਗੱਲਾਂ ਤੋਂ ਕੋਹਾਂ ਦੂਰ ਹੈ। ਉਹ ਟੀਵੀ ਨਹੀਂ ਵੇਖਦੀ, ਸੰਗੀਤ ਨਹੀਂ ਸੁਣਦੀ, ਕੋਈ ਨਾਵਲ ਬਗੈਰਾ ਨਹੀਂ ਪੜ੍ਹਦੀ ਤੇ ਕਿਸੇ ਮੁੰਡੇ ਨਾਲ ਘੁੰਮਣ ਫਿਰਨ ਜਾਣ ਦਾ ਤਾਂ ਸੁਆਲ ਹੀ ਪੈਦਾ ਨਹੀਂ ਹੁੰਦਾ। ਉਸਦੇ ਲਈ ਬੱਸ ਦੋ ਹੀ ਗੱਲਾਂ ਜ਼ਰੂਰੀ ਸਨ, ਆਪਣੀ ਪੜ੍ਹਾਈ ਜਾਂ ਫਿਰ ਧਰਮ। ਉਹ ਕੁਝ ਦੇਰ ਚੁੱਪ ਰਹਿੰਦਾ ਬੋਲਿਆ,
''ਸਿਸਟਰ ਤੈਨੂੰ ਮੈਂ ਸਲਾਹ ਦੇਊਂ ਕਿ ਤੂੰ ਟੀਵੀ 'ਤੇ ਖ਼ਬਰਾਂ ਬਗੈਰਾ ਜ਼ਰੂਰ ਵੇਖ ਲਿਆ ਕਰ। ਇਸ ਨਾਲ ਇਨਸਾਨ ਨੂੰ ਇੰਨਾ ਪਤਾ ਲੱਗਦਾ ਰਹਿੰਦੈ ਕਿ ਆਲੇ ਦੁਆਲੇ ਕੀ ਹੋ ਰਿਹਾ ਐ।''
''ਕਿਉਂ ਕੁਛ ਖਾਸ ਹੋ ਰਿਹਾ ਐ ਆਲੇ ਦੁਆਲੇ?'' ਆਫੀਆ ਨੇ ਗੱਲ ਫਿਰ ਮਜ਼ਾਕ 'ਚ ਪਾਈ।
'ਤੈਨੂੰ ਨ੍ਹੀਂ ਪਤਾ ਕਿ ਅੱਜ ਕੀ ਹੋ ਗਿਆ?''
'ਨ੍ਹੀਂ ਤਾਂ।''
''ਇਰਾਕ ਨੇ ਕੁਵੇਤ 'ਤੇ ਹਮਲਾ ਕਰ ਦਿੱਤਾ ਐ।''
''ਹੈਂ!?'' ਆਫੀਆ ਹੈਰਾਨ ਹੁੰਦਿਆਂ ਜਾਰਜ ਵੱਲ ਝਾਕੀ। ਉਹ ਇੱਕਦਮ ਸਕਤੇ 'ਚ ਆ ਗਈ।''
'ਹਾਂ ਇਹ ਸਹੀ ਐ। ਪਿਛਲੇ ਕਈ ਦਿਨਾਂ ਤੋਂ ਝਗੜਾ ਚੱਲ ਰਿਹਾ ਸੀ, ਇਹ ਤਾਂ ਤੈਨੂੰ ਪਤਾ ਈ ਐ। ਪਰ ਅੱਜ ਸਦਾਮ ਹੁਸੈਨ ਸਾਰੀ ਦੁਨੀਆਂ ਦੇ ਰੋਕਣ ਦੇ ਬਾਵਜੂਦ ਵੀ ਨਾ ਰੁਕਿਆ ਤੇ ਉਸਨੇ ਕੁਵੇਤ 'ਤੇ ਚੜ੍ਹਾਈ ਕਰ ਦਿੱਤੀ।''
'ਸਦਾਮ ਹੁਸੈਨ ਤਾਂ ਬੁੱਚੜ ਐ ਇਹ ਸਾਰੇ ਈ ਜਾਣਦੇ ਨੇ ਪਰ ਘੱਟ ਕੁਵੇਤ ਦੇ ਸ਼ੇਖ ਵੀ ਨ੍ਹੀਂ।''
''ਸਿਸਟਰ ਕੁਵੇਤ ਦਾ ਇਸ 'ਚ ਕੀ ਕਸੂਰ ਐ?'' ਜਾਰਜ ਉਸਦੀ ਗੱਲ ਸੁਣ ਕੇ ਹੈਰਾਨ ਹੋਇਆ।
'ਇਹ ਜਿੰਨੇ ਵੀ ਡਿਕਟੇਟਰ ਨੇ ਇਹ ਸਾਰੇ ਈ ਸ਼ੈਤਾਨ ਨੇ। ਸਾਰੇ ਈ ਮੁਸਲਮਾਨ ਧਰਮ ਨੂੰ ਢਾਹ ਲਾ ਰਹੇ ਨੇ। ਇਨ੍ਹਾਂ ਸਾਰਿਆਂ ਦਾ ਈ ਖਾਤਮਾ ਹੋਣਾ ਜ਼ਰੂਰੀ ਐ।''
''ਫਿਰ ਤੇਰੇ ਖਿਆਲ 'ਚ ਹੁਣ ਕੀ ਹੋਣਾ ਚਾਹੀਦਾ ਐ?''
'ਪਹਿਲਾਂ ਸਦਾਮ ਦਾ ਫਸਤਾ ਵੱਢਿਆ ਜਾਵੇ। ਉਸ ਪਿੱਛੋਂ ਇਨ੍ਹਾਂ ਸ਼ੇਖਾਂ ਅਤੇ, ਡਿਕਟੇਟਰਾਂ ਸਫਾਇਆ ਹੋਵੇ।''
''ਕੌਣ ਕਰੂਗਾ ਇਹ ਸਭ?''
''ਲੋਕ।'' ਇੰਨਾ ਕਹਿ ਕੇ ਆਫੀਆ ਜਾਰਜ ਵੱਲ ਝਾਕੀ।
'ਲੋਕ ਇੱਥੇ ਕੁਛ ਨ੍ਹੀਂ ਕਰ ਸਕਦੇ। ਇਸ ਵੇਲੇ ਕਿਸੇ ਵੱਡੀ ਸ਼ਕਤੀ ਦੀ ਲੋੜ ਐ ਜੋ ਸਦਾਮ ਨੂੰ ਨੱਥ ਪਾਵੇ।''
''ਮਤਲਬ?''
'ਮਲਤਬ ਇਹ ਐ ਕਿ ਅਮਰੀਕਾ ਨੇ ਇਰਾਕ ਨੂੰ ਕਹਿ ਦਿੱਤਾ ਐ ਕਿ ਉਹ ਆਪਣੀਆਂ ਫੌਜਾਂ ਕੁਵੇਤ 'ਚੋਂ ਬਾਹਰ ਕੱਢੇ। ਨ੍ਹੀਂ ਤਾਂ ਫਿਰ ਨਤੀਜੇ ਭੁਗਤਣ ਲਈ ਤਿਆਰ ਰਹੇ।''
''ਅਮਰੀਕਾ ਇੱਥੇ ਵਿਚਕਾਰ ਕਿੱਥੋਂ ਆ ਗਿਆ। ਇਹ ਅਰਬ ਮੁਲਕਾਂ ਦਾ ਆਪਸ ਦਾ ਮਾਮਲਾ ਐ।'' ਆਫੀਆ ਤੁਰੰਤ ਗੱਲ ਦਾ ਪਾਸਾ ਬਦਲ ਗਈ।
'ਤੈਨੂੰ ਨ੍ਹੀਂ ਪਤਾ, ਇਰਾਕ ਤਾਂ ਕੁਵੇਤ ਤੋਂ ਵੀ ਅੱਗੇ ਸਾਊਦੀ ਅਰਬ 'ਤੇ ਹਮਲਾ ਕਰਨ ਦੀ ਤਿਆਰੀ ਕਰੀ ਜਾ ਰਿਹਾ ਐ। ਜੇ ਉਸਨੂੰ ਰੋਕਿਆ ਨਾ ਗਿਆ ਤਾਂ....।''
''ਮੈਨੂੰ ਇਹ ਸਭ ਕੁਛ ਇੱਕ ਸਾਜ਼ਿਸ਼ ਲੱਗਦੀ ਐ।'' ਜਾਰਜ ਦੀ ਗੱਲ ਵਿਚਾਕਰ ਟੋਕਦੀ ਆਫੀਆ ਬੋਲੀ।
''ਸਾਜ਼ਿਸ਼ ਮਤਲਬ?''
'ਅਮਰੀਕਾ ਸ਼ੈਤਾਨ ਦੀ ਪਾਰਟੀ ਐ। ਅੱਜ ਇਹ ਦੁਨੀਆਂ 'ਚ ਕਿਸੇ ਨੂੰ ਵੀ ਟਿਕ ਕੇ ਨ੍ਹੀਂ ਬੈਠਣ ਦਿੰਦਾ। ਹਰ ਇੱਕ ਮੁਲਕ ਦੇ ਘਰੇਲੂ ਮਾਮਲਿਆਂ 'ਚ ਦਖਲ ਦਿੰਦਾ ਰਹਿੰਦਾ ਐ।''
'ਮੈਂ ਇਹ ਗੱਲ ਨ੍ਹੀਂ ਮੰਨਦਾ। ਤੂੰ ਕੋਈ ਉਦਾਹਰਣ ਦੇਹ।''
'ਦੂਰ ਜਾਣ ਦੀ ਲੋੜ ਈ ਨ੍ਹੀਂ। ਮੇਰੇ ਆਪਣੇ ਮੁਲਕ ਪਾਕਿਸਤਾਨ ਦੀ ਗੱਲ ਕਰ ਲੈਨੇ ਆਂ। ਉੱਥੇ ਉਹੀ ਹੁੰਦਾ ਐ ਜੋ ਅਮਰੀਕਾ ਨੂੰ ਚੰਗਾ ਲੱਗੇ। ਮੁਲਕ 'ਤੇ ਰਾਜ ਕਰਨ ਵਾਲਾ ਕੋਈ ਵੀ ਹੋਵੇ ਉਸਨੂੰ ਅਮਰੀਕਾ ਦੀ ਗੱਲ ਮੰਨਣੀ ਪੈਂਦੀ ਐ। ਅਸਲ ਵਿੱਚ ਸਾਡੇ ਮੁਲਕ ਦੇ ਸਾਰੇ ਸਿਆਸਤਦਾਨ ਅਮਰੀਕਾ ਦੇ ਪਿੱਠੂ ਨੇ। ਆਪਣੀ ਰਾਜਗੱਦੀ ਬਚਾਉਣ ਲਈ ਉਹ ਕੋਈ ਵੀ ਸਮਝੌਤਾ ਕਰ ਸਕਦੇ ਨੇ। ਇਵੇਂ ਈ ਬਾਕੀ ਮੁਲਕਾਂ 'ਚ ਹੋ ਰਿਹਾ ਐ। ਅਰਬ ਮੁਲਕਾਂ 'ਚ ਅਮਰੀਕਾ ਇੱਕ ਦੂਜੇ ਨੂੰ ਲੜਾ ਕੇ ਆਪਣਾ ਮਤਲਬ ਕੱਢੀ ਰੱਖਦਾ ਐ।''
''ਪਰ ਆਪਾਂ ਗੱਲ ਇਰਾਕ ਦੀ ਕਰ ਰਹੇ ਆਂ।'' ਜਾਰਜ ਨੇ ਉਸਨੂੰ ਟੋਕਿਆ।
''ਠੀਕ ਐ ਇਰਾਕ ਦੀ ਸਹੀ। ਪਹਿਲਾਂ ਤਾਂ ਅਮਰੀਕਾ, ਇਰਾਕ ਨੂੰ ਇਰਾਨ ਦੇ ਖਿਲਾਫ ਚੁੱਕੀ ਗਿਆ। ਇੰਨੇ ਸਾਲ ਦੀ ਇਰਾਨ-ਇਰਾਕ ਲੜਾਈ ਵਿੱਚ ਇਸਨੇ ਇਰਾਕ ਦੀ ਪੂਰੀ ਹਿਮਾਇਤ ਕੀਤੀ। ਹੁਣ ਉਹ ਲੜਾਈ ਖਤਮ ਹੋ ਗਈ ਤਾਂ ਇਸ ਨੇ ਆਪਣਾ ਹੋਰ ਏਜੰਡਾ ਸ਼ੁਰੂ ਕਰ ਲਿਆ।''
'ਸਿਸਟਰ ਤੂੰ ਫਿਰ ਮਸਲੇ ਤੋਂ ਪਰ੍ਹਾਂ ਜਾਹ ਰਹੀ ਐਂ। ਇਰਾਕ ਨੇ ਕੁਵੇਤ 'ਤੇ ਹਮਲਾ ਕੀਤਾ ਐ ਨਾ ਕਿ ਅਮਰੀਕਾ ਨੇ।''
'ਜਾਰਜ ਮੈਂ ਸਭ ਜਾਣਦੀ ਆਂ। ਪਿਛਲੇ ਕਈ ਮਹੀਨਿਆਂ ਤੋਂ ਇਹ ਰੌਲਾ ਚੱਲ ਰਿਹਾ ਸੀ। ਇਰਾਕ ਨੇ ਅਮਰੀਕਾ ਕੋਲ ਸ਼ਿਕਾਇਤ ਵੀ ਕੀਤੀ ਸੀ ਕਿ ਉਸਦਾ ਕੁਵੇਤ ਨਾਲ ਕਿਸੇ ਇਲਾਕੇ ਨੂੰ ਲੈ ਕੇ ਝਗੜਾ ਐ। ਪਰ ਅਮਰੀਕਾ ਨੇ ਇਹ ਕਹਿ ਕੇ ਪਾਸਾ ਝਾੜ ਲਿਆ ਕਿ ਇਹ ਤੁਹਾਡਾ ਆਪਸੀ ਮਾਮਲਾ ਐ ਜਿਵੇਂ ਮਰਜ਼ੀ ਸੁਲਝਾਉ। ਉਹ ਇਸ ਵਿੱਚ ਨਹੀਂ ਪਵੇਗਾ। ਅਸਲ 'ਚ ਇਹ ਕਹਿ ਕੇ ਅਮਰੀਕਾ ਨੇ ਇਰਾਕ ਨੂੰ ਇੱਕ ਕਿਸਮ ਦੀ ਹੱਲਾਸ਼ੇਰੀ ਦਿੱਤੀ ਸੀ ਕਿ ਉਹ ਜੋ ਮਰਜ਼ੀ ਕਰੇ ਅਮਰੀਕਾ ਵਿੱਚ ਨ੍ਹੀਂ ਆਵੇਗਾ। ਸਦਾਮ ਨੇ ਵੀ ਉਸਦਾ ਇਸ਼ਾਰਾ ਸਮਝ ਲਿਆ ਤੇ ਮੌਕਾ ਮਿਲਦਿਆਂ ਈ ਕੁਵੇਤ 'ਤੇ ਚੜ੍ਹਾਈ ਕਰ ਦਿੱਤੀ। ਇਰਾਕ ਦੇ ਇੰਨਾ ਕਰਦਿਆਂ ਈ ਅਮਰੀਕਾ ਆਪਣੀ ਗੱਲ ਤੋਂ ਬਦਲ ਗਿਆ। ਅਸਲ 'ਚ ਅਮਰੀਕਾ ਚਾਹੁੰਦਾ ਸੀ ਕਿ ਕਿਵੇਂ ਨਾ ਕਿਵੇਂ ਇਰਾਕ ਕੋਈ ਕਦਮ ਚੁੱਕੇ ਤੇ ਉਸਨੂੰ ਵਿੱਚ ਪੈਣ ਦਾ ਮੌਕਾ ਮਿਲੇ। ਹੁਣ ਵੇਖਲੈ ਅਮਰੀਕਾ ਦੇ ਮਨ ਦੀ ਹੋ ਗਈ। ਇਰਾਕ ਨੂੰ ਰੋਕਣ ਲਈ ਉਸਨੇ ਸਾਊਦੀ ਅਰਬ ਨੂੰ ਅੱਗੇ ਲਾ ਲਿਆ।''
''ਸਿਸਟਰ ਆਫੀਆ, ਪਹਿਲਾਂ ਇਹ ਦੱਸ ਕਿ ਤੂੰ ਇਰਾਕ ਦੇ ਚੁੱਕੇ ਇਸ ਕਦਮ ਦੇ ਹੱਕ 'ਚ ਐਂ ਕਿ ਉਲਟ।''
'ਮੈਂ ਇਸ ਦੇ ਬਿਲਕੁਲ ਖਿਲਾਫ ਆਂ। ਮੈਂ ਤਾਂ ਇੱਥੋਂ ਤੱਕ ਕਹਿਨੀ ਆਂ ਕਿ ਇਸ ਬੁੱਚੜ ਸਦਾਮ ਦਾ ਖਾਤਮਾ ਹੋਵੇ ਤੇ ਇਰਾਕ ਦੇ ਲੋਕਾਂ ਦਾ ਉਸ ਤੋਂ ਖਹਿੜਾ ਛੁੱਟੇ। ਇਕੱਲਾ ਉਹ ਈ ਨ੍ਹੀਂ ਜਿਵੇਂ ਮੈਂ ਪਹਿਲਾਂ ਈ ਕਹਿ ਚੁੱਕੀ ਆਂ ਕਿ ਅਰਬ ਮੁਲਕਾਂ ਦੇ ਸਾਰੇ ਡਿਕਟੇਟਰਾਂ ਅਤੇ ਸ਼ੇਖਾਂ ਦਾ ਖਾਤਮਾ ਜ਼ਰੂਰੀ ਐ। ਇਸ ਨਾਲ ਈ ਇਸਲਾਮ ਤਰੱਕੀ ਕਰ ਸਕਦਾ ਐ। ਪਰ ਇਹ ਮਾਮਲਾ ਮੁਸਲਮਾਨ ਲੋਕਾਂ ਦਾ ਆਪਣਾ ਐਂ। ਮੈਂ ਚਾਹੁੰਨੀ ਆਂ ਕਿ ਉਹ ਆਪ ਈ ਇਸ ਨੂੰ ਸੁਲਝਾਉਣ। ਅਮਰੀਕਾ ਨੂੰ ਸਾਡੇ ਲੋਕਾਂ ਦੇ ਮਸਲਿਆਂ ਵਿੱਚ ਦਖਲ ਦੇਣ ਦੀ ਕੋਈ ਲੋੜ ਨ੍ਹੀ ਐ।''
''ਜੋ ਵੀ ਐ ਸਿਸਟਰ ਪਰ ਇੱਕ ਗੱਲ ਪੱਕੀ ਐ ਕਿ ਕੁਛ ਹੀ ਦਿਨਾਂ 'ਚ ਅਮਰੀਕੀ ਫੌਜਾਂ ਅਰਬ ਵੱਲ ਚਾਲੇ ਪਾ ਦੇਣਗੀਆਂ।'' ਜਾਰਜ ਨੇ ਚੁਟਕੀ ਮਾਰਦਿਆਂ ਹੱਸ ਕੇ ਕਿਹਾ।
'ਅਜਿਹਾ ਕਦੀ ਵੀ ਨ੍ਹੀਂ ਹੋਵੇਗਾ। ਮੁਸਲਮਾਨ ਲੋਕ ਅਜਿਹਾ ਨ੍ਹੀਂ ਹੋਣ ਦੇਣਗੇ।''
'ਇਹ ਤਾਂ ਵਕਤ ਈ ਦੱਸੂਗਾ ਪਰ ਹੁਣ ਮੈਂ ਚੱਲਦਾ ਆਂ। ਮੁਹੰਮਦ ਨੂੰ ਦੱਸ ਦੇਵੀਂ ਕਿ ਜਾਰਜ ਆਇਆ ਸੀ।'' ਇੰਨਾ ਕਹਿੰਦਿਆਂ ਜਾਰਜ ਬਾਹਰ ਨਿਕਲ ਗਿਆ। ਪਰ ਆਫੀਆ ਫਿਕਰਾਂ 'ਚ ਡੁੱਬ ਗਈ। ਉਸ ਦੇ ਮਨ ਮਸਤਕ ਨੂੰ ਇਰਾਕ ਵਾਲੇ ਮਾਮਲੇ ਨੇ ਘੇਰ ਲਿਆ। ਦਿਲੋਂ ਭਾਵੇਂ ਉਹ ਚਾਹੁੰਦੀ ਸੀ ਕਿ ਸਦਾਮ ਦਾ ਸਫਾਇਆ ਹੋ ਜਾਵੇ ਪਰ ਉਹ ਇਹ ਵੀ ਨਹੀਂ ਚਾਹੁੰਦੀ ਸੀ ਕਿ ਅਮਰੀਕਾ ਇਸ ਗੱਲ ਵਿੱਚ ਦਖਲ ਦੇਵੇ। ਉਸਨੇ ਜਿਉਂ ਹੀ ਸੁਰਤ ਸੰਭਾਲੀ ਸੀ ਉਸਦੇ ਘਰ 'ਚ ਅਮਰੀਕਾ ਦੇ ਖਿਲਾਫ ਹੀ ਗੱਲਾਂ ਹੁੰਦੀਆਂ ਸਨ। ਉਸਨੇ ਅਫਗਾਨਿਸਤਾਨ ਵਾਲਾ ਸਾਰਾ ਮਾਮਲਾ ਆਪਣੇ ਸਾਹਮਣੇ ਵਾਪਰਦਾ ਵੇਖਿਆ ਸੀ। ਉਹ ਸੋਚਦੀ ਹੁੰਦੀ ਸੀ ਕਿ ਆਪਣਾ ਕੰਮ ਕੱਢਣ ਲਈ ਪਹਿਲਾਂ ਤਾਂ ਅਮਰੀਕਾ ਨੇ ਪਾਕਿਸਤਾਨ ਨੂੰ ਮੂਹਰੇ ਲਾ ਲਿਆ। ਜਦੋਂ ਸੋਵੀਅਤ ਯੂਨੀਅਨ ਹਾਰ ਗਿਆ ਤਾਂ ਅਮਰੀਕਾ ਨੇ ਆਪਣੇ ਹੀ ਉਨ੍ਹਾਂ ਦੋਸਤਾਂ ਦਾ ਸਫਾਇਆ ਕਰ ਦਿੱਤਾ ਜਿਨ੍ਹਾਂ ਨੇ ਅਫਗਾਨਿਸਤਾਨ ਲੜਾਈ ਵਿੱਚ ਉਸਦਾ ਸਾਥ ਦਿੱਤਾ ਸੀ। ਖਾਸ ਕਰਕੇ ਉਸਨੂੰ ਜਿਆ ਉਲ ਹੱਕ ਵਾਲਾ ਹਾਦਸਾ ਬਹੁਤ ਚੁੱਭਦਾ ਸੀ। ਉਸਦੀ ਆਪਣੀ ਸੋਚ ਇਹ ਸੀ ਕਿ ਉਹ ਹੈਲੀਕਾਪਟਰ ਹਾਦਸਾ ਅਮਰੀਕਣ ਸੀ.ਆਈ.ਏ. ਨੇ ਕਰਵਾਇਆ ਸੀ ਜਿਸ ਵਿੱਚ ਜਿਆ ਉਲ ਹੱਕ ਦੀ ਮੌਤ ਹੋਈ ਸੀ। ਉਸਦੇ ਪਰਿਵਾਰ ਦਾ ਅਜੇ ਵੀ ਜਿਆ ਉਲ ਹੱਕ ਦੇ ਪਰਿਵਾਰ ਨਾਲ ਗਹਿਰਾ ਵਾਹ ਵਾਸਤਾ ਸੀ। ਖਾਸਕਰ ਉਸਦੇ ਪੁੱਤਰ, ਇਜਾਜ ਉਲ ਹੱਕ ਦੇ ਨਾਲ। ਖੈਰ ਜਾਰਜ ਅਤੇ ਆਫੀਆ ਦੀ ਇਸ ਮੁਲਾਕਤ ਦੇ ਕੁਝ ਦਿਨ ਬਾਅਦ ਹੀ ਉਹ ਫਿਰ ਮੁਹੰਮਦ ਦੇ ਅਪਾਰਟਮੈਂਟ ਵਿੱਚ ਬੈਠੇ ਸਨ। ਅੱਜ ਮੁਹੰਮਦ ਵੀ ਉੱਥੇ ਹੀ ਸੀ।
''ਵੇਖਲੈ ਜਾਰਜ, ਅਮਰੀਕਾ ਨੇ ਸਾਊਦੀ ਅਰਬ ਦੀ ਪਵਿੱਤਰ ਧਰਤੀ ਗੰਧਲੀ ਕਰ ਦਿੱਤੀ।'' ਗੱਲ ਮੁਹੰਮਦ ਨੇ ਸ਼ੁਰੂ ਕੀਤੀ।
'ਮੁਹੰਮਦ ਹੋਰ ਕੋਈ ਰਾਹ ਵੀ ਤਾਂ ਨ੍ਹੀਂ ਐ। ਜੇ ਅਮਰੀਕਾ ਉੱਥੇ ਨਾ ਜਾਂਦਾ ਤਾਂ ਇਰਾਕ ਨੇ ਅੱਗੇ ਵਧਦੇ ਜਾਣਾ ਸੀ।''
''ਸਭ ਚਾਲਾਂ ਨੇ। ਜੋ ਕੁਛ ਵੀ ਹੋ ਰਿਹਾ ਐ ਇਸ ਸਭ ਦਾ ਜ਼ਿੰਮੇਵਾਰ ਅਮਰੀਕਾ ਈ ਐ।'' ਆਫੀਆ ਗੱਲਬਾਤ 'ਚ ਹਿੱਸਾ ਲੈਂਦਿਆਂ ਬੋਲੀ।
'ਅਸਲ 'ਚ ਅਮਰੀਕਾ ਨੂੰ ਤਾਂ ਮਸਾਂ ਮੌਕਾ ਮਿਲਿਆ ਐ, ਅਰਬ ਮੁਲਕਾਂ 'ਚ ਜਾ ਕੇ ਅੱਡਾ ਲਾਉਣ ਲਈ। ਅਮਰੀਕਾ ਕਿੱਦੇਂ ਦਾ ਬਹਾਨਾ ਭਾਲਦਾ ਸੀ, ਉਹ ਇਸਨੂੰ ਇਰਾਕ ਨੇ ਦੇ ਦਿੱਤਾ। ਹੁਣ ਨ੍ਹੀਂ ਅਮਰੀਕਾ ਉੱਥੋਂ ਕਦੇ ਵੀ ਨਿਕਲਦਾ।'' ਮੁਹੰਮਦ ਬੋਲਿਆ।
'ਨ੍ਹੀਂ ਮੇਰੇ ਖਿਆਲ ਵਿੱਚ ਅਜਿਹਾ ਨ੍ਹੀਂ ਹੋਵੇਗਾ। ਅਮਰੀਕਾ ਨੇ ਇਰਾਕ ਨੂੰ ਕਿਹਾ ਐ ਕਿ ਉਹ ਕੁਵੇਤ 'ਚੋਂ ਨਿਕਲ ਜਾਵੇ। ਮੈਨੂੰ ਲੱਗਦਾ ਐ ਕਿ ਇਹ ਸਭ ਅਮਰੀਕਾ ਨੇ ਉਸਨੂੰ ਡਰਾਉਣ ਲਈ ਕੀਤਾ ਐ। ਇਸ ਤਰ੍ਹਾਂ ਇਰਾਕ ਵਾਪਸ ਚਲਿਆ ਜਾਵੇਗਾ ਤਾਂ ਅਮਰੀਕਾ ਵੀ ਫੌਜਾਂ ਵਾਪਸ ਬੁਲਾ ਲਊਗਾ।''
'ਜਾਰਜ ਅਜਿਹਾ ਕਦੇ ਵੀ ਨ੍ਹੀਂ ਹੋਣ ਲੱਗਿਆ। ਅਮਰੀਕਾ ਨੇ ਨਾ ਕਦੇ ਪਹਿਲਾਂ ਮੁਸਲਮਾਨਾ ਦੀ ਪ੍ਰਵਾਹ ਕੀਤੀ ਐ ਤੇ ਨਾ ਹੁਣ ਕਰੂਗਾ।''
''ਸਿਸਟਰ, ਸਾਊਦੀ ਅਰਬ ਦੇ ਕਿੰਗ ਦੇ ਕਹਿਣ 'ਤੇ ਹੀ ਤਾਂ ਅਮਰੀਕਾ ਨੇ ਫੌਜਾਂ ਉੱਥੇ ਇਕੱਠੀਆਂ ਕੀਤੀਆਂ ਨੇ। ਉਹ ਵੀ ਮੁਸਲਮਾਨ ਈ ਐ।''
'ਤੂੰ ਮੈਨੂੰ ਉਹੀ ਗੱਲਾਂ ਵਾਰ ਵਾਰ ਦੁਹਰਾਉਣ ਨੂੰ ਪਤਾ ਨ੍ਹੀਂ ਕਿਉਂ ਉਕਸਾਉਂਦਾ ਰਹਿਨਾ ਐਂ ਕਿ ਇਹ ਸ਼ੇਖ, ਕਿੰਗ ਅਤੇ ਡਿਕਟੇਟਕ ਸਭ ਸ਼ੈਤਾਨ ਨੇ। ਜਦੋਂ ਤੱਕ ਇਹ ਜਿੰਦਾ ਨੇ ਉਦੋਂ ਤੱਕ ਮੁਸਲਮਾਨਾ ਦਾ ਭਲਾ ਨ੍ਹੀਂ ਹੋ ਸਕਦਾ।''
'ਜਾਰਜ ਉਂਝ ਤਾਂ ਤੂੰ ਬੜੀਆਂ ਫੜ੍ਹਾਂ ਮਾਰਦਾ ਰਹਿੰਦਾ ਐਂ ਕਿ ਕਰਿਸ਼ੀਅਨ, ਅਹਿੰਸਾ 'ਚ ਵਿਸ਼ਾਵਸ਼ ਰੱਖਦੇ ਨੇ। ਪਰ ਹੁਣ ਦੱਸ ਕਿ ਤੁਹਾਡਾ ਇਹ ਅਸੂਲ ਕਿੱਧਰ ਗਿਆ। ਹੁਣ ਉੱਥੇ ਜਾ ਕੇ ਮੁਸਲਮਾਨ ਲੋਕਾਂ ਦਾ ਘਾਣ ਕਰਨ ਲੱਗੇ ਓਂ ਤਾਂ ਨਾਨ ਵਾਇਲੈਂਸ ਦਾ ਅਸੂਲ ਕਿੱਥੇ ਐ?'' ਮੁਹੰਮਦ ਨੂੰ ਗੁੱਸਾ ਆ ਗਿਆ ਲੱਗਦਾ ਸੀ।
''ਆਪਣੇ ਤੌਰ 'ਤੇ ਤਾਂ ਮੈਂ ਹੁਣ ਵੀ ਖੂਨ ਖਰਾਬੇ ਦੇ ਖਿਲਾਫ ਆਂ। ਪਰ ਇਹ ਮੁਸਲਮਾਨ ਈ ਨੇ ਜਿਹੜੇ ਅਮਰੀਕਾ ਨੂੰ ਅਜਿਹਾ ਕਰਨ ਲਈ ਮਜ਼ਬੂਰ ਕਰਦੇ ਨੇ।''
'ਇਹ ਕਿਉਂ ਨ੍ਹੀਂ ਕਹਿੰਦਾ ਕਿ ਡਾਹਢੇ ਦਾ ਹਰ ਥਾਂ ਜ਼ੋਰ ਚੱਲਦਾ ਐ।''
''ਇਹ ਤਾਂ ਫਿਰ ਹੈ ਈ। ਅਸੀਂ ਦੁਨੀਆਂ ਦੀ ਸਭ ਤੋਂ ਵੱਡੀ ਤਾਕਤ ਆਂ। ਜੋ ਮਰਜ਼ੀ ਕਰੀਏ।'' ਜਾਰਜ ਨੇ ਹਾਸੇ ਵਿੱਚ ਕਿਹਾ। ਪਰ ਮੁਹੰਮਦ ਇਸ ਗੱਲ ਦਾ ਗੁੱਸਾ ਮੰਨ ਗਿਆ। ਦੰਦੀਆਂ ਪੀਹਦਾਂ ਉਹ ਬੋਲਿਆ, ''ਜਾਰਜ ਜੇ ਅਗਾਂਹ ਇੱਕ ਲਫਜ਼ ਵੀ ਬੋਲਿਆ ਤਾਂ ਮੈਂ ਤੈਨੂੰ ਚੁੱਕ ਕੇ ਬਾਹਰ ਸੁਟਦੂੰਗਾ।''
''ਅਸੀਂ ਸੁਪਰ ਪਾਵਰ ਆਂ ਸਾਨੂੰ ਕੌਣ ਛੇੜ ਸਕਦਾ ਐ।'' ਜਾਰਜ ਫਿਰ ਹਾਸੇ ਦੇ ਰੌਂਅ 'ਚ ਬੋਲਿਆ। ਇਸ ਨਾਲ ਮੁਹੰਮਦ ਨੂੰ ਹੋਰ ਵੀ ਗੁੱਸਾ ਆ ਗਿਆ। ਉਹ ਉਠਦਾ ਹੋਇਆ ਕੜਕਿਆ, ''ਤੂੰ ਹੁਣੇ ਈ ਮੇਰੇ ਘਰੋਂ ਨਿਕਲਜਾ''
'ਇਹ ਘਰ ਮੇਰੀ ਇਸ ਲਿਟਲ ਸਿਸਟਰ ਦਾ ਵੀ ਐ। ਮੈਂ ਨ੍ਹੀਂ ਇੱਥੋਂ ਜਾਣਾ।'' ਜਾਰਜ ਆਫੀਆ ਵੱਲ ਵੇਖਦਾ ਬੋਲਿਆ।
'ਠੀਕ ਐ ਫਿਰ ਮੈਂ ਈ ਇੱਥੋਂ ਚਲਾ ਜਾਨਾਂ। ਢੱਠੇ ਖੂਹ 'ਚ ਪੈ ਤੂੰ ਤੇ ਨਾਲੇ ਤੇਰੀ ਅਮਰੀਕਾ।'' ਮੁਹੰਮਦ ਉੱਠ ਕੇ ਤੁਰ ਗਿਆ। ਆਫੀਆ ਸ਼ਾਂਤ ਚਿੱਤ ਉਸ ਵੱਲ ਵੇਖਦੀ ਰਹੀ। ਜਦੋਂ ਉਹ ਅਪਾਰਟਮੈਂਟ 'ਚੋਂ ਬਾਹਰ ਨਿਕਲ ਗਿਆ ਤਾਂ ਆਫੀਆ ਬੋਲੀ, ''ਇੱਕ ਸੱਚੇ ਮੁਸਲਮਾਨ ਨੂੰ ਇੰਨਾ ਗੁੱਸਾ ਸ਼ੋਭਾ ਨ੍ਹੀਂ ਦਿੰਦਾ।''
'ਚੱਲ ਕੋਈ ਗੱਲ ਨ੍ਹੀਂ ਉਹ ਮੇਰਾ ਜਿਗਰੀ ਦੋਸਤ ਐ ਜਦੋਂ ਗੁੱਸਾ ਠੰਡਾ ਹੋ ਗਿਆ ਤਾਂ ਆਪੇ ਮੁੜ ਆਊਗਾ।''
ਇਸ ਪਿੱਛੋਂ ਆਫੀਆ ਅਤੇ ਜਾਰਜ ਅੱਗੇ ਵਾਪਰਨ ਵਾਲੀਆਂ ਘਟਨਾਵਾਂ 'ਤੇ ਚਰਚਾ ਕਰਦੇ ਰਹੇ। ਦੇਰ ਰਾਤ ਜਾਰਜ ਆਪਣੇ ਘਰ ਚਲਿਆ ਗਿਆ। ਅਗਲੀ ਮੁਲਾਕਤ ਵੇਲੇ ਮੁਹੰਮਦ ਅਤੇ ਜਾਰਜ ਦੀ ਸੁਲਾਹ ਹੋ ਗਈ ਸੀ। ਪਰ ਇਸ ਪਿੱਛੋਂ ਕਾਫੀ ਕੁਝ ਅਣਕਿਆਸਿਆ ਵਾਪਰ ਗਿਆ। ਅਮਰੀਕੀ ਫੌਜਾਂ ਨੇ ਹਮਲਾ ਕਰਕੇ ਇਰਾਕ ਨੂੰ ਕੁਵੇਤ 'ਚੋਂ ਬਾਹਰ ਕੱਢ ਦਿੱਤਾ। ਇੰਨਾ ਹੀ ਨਹੀਂ ਅਮਰੀਕਾ ਨੇ ਇਰਾਕੀ ਫੌਜਾਂ ਦਾ ਲੱਕ ਤੋੜ ਦਿੱਤਾ। ਇਰਾਕ ਨੂੰ ਵਾਪਸ ਮੁੜ ਰਹੀਆਂ ਇਰਾਕੀ ਫੌਜਾਂ ਦਾ ਘਾਣ ਕੀਤਾ ਗਿਆ। ਜੰਗਬੰਦੀ ਅਸੂਲਾਂ ਦੀ ਪ੍ਰਵਾਹ ਕੀਤੇ ਬਿਨਾਂ ਅਮਰੀਕੀ ਫੌਜਾਂ ਨੇ ਇਰਾਕੀਆਂ ਨੂੰ ਮਾਰਨ ਤੋਂ ਝਿਜਕ ਨਾ ਦਿਖਾਈ। ਸਭ ਕੁਝ ਟੀਵੀ 'ਤੇ ਵਿਖਾਇਆ ਜਾ ਰਿਹਾ ਸੀ। ਉਸ ਦਿਨ ਆਫੀਆ ਬਹੁਤ ਹੀ ਚੁੱਪ ਸੀ। ਜਾਰਜ ਕੋਲ ਨੀਵੀਂ ਪਾਈ ਬੈਠਾ ਸੀ। ਮੁਹੰਮਦ ਨੇ ਚੁੱਪੀ ਤੋੜੀ।
''ਵੇਖ ਲਿਆ ਆਪਣੇ ਅਮਰੀਕਾ ਦਾ ਅਸਲੀ ਚਿਹਰਾ ਜਾਰਜ?''
''ਹਾਂ ਇਹ ਬਹੁਤ ਹੀ ਮਾੜਾ ਹੋਇਆ। ਮੈਂ ਇਸ ਸਭ ਦੇ ਖਿਲਾਫ ਆਂ।''
'ਇਨ੍ਹਾਂ ਨੇ ਕੁਵੇਤ ਤੋਂ ਇਰਾਕ ਜਾ ਰਹੀਆਂ ਨਿਹੱਥੀਆਂ ਫੌਜਾਂ 'ਤੇ ਗੋਲਾਬਾਰੀ ਕਰਕੇ ਲੱਖਾਂ ਲੋਕ ਮਾਰ ਮੁਕਾਏ। ਅਜੇ ਕਹਿੰਦੇ ਅਸੀਂ ਇਸ ਸਭ ਕੁਝ ਸੰਸਾਰ ਸ਼ਾਂਤੀ ਲਈ ਕੀਤਾ ਐ।''
'ਟੀਵੀ ਵਾਲਿਆਂ ਨੇ ਤਾਂ ਉਸ ਰਸਤੇ ਦਾ ਨਾਂ ਈ ਡੈੱਥ ਹਾਈਵੇ ਰੱਖ ਲਿਆ ਐ। ਅੰਨੇਵਾਹ ਬੰਬਾਰੀ ਕਰਕੇ ਤਕਰੀਬਨ ਤਿੰਨ ਲੱਖ ਫੌਜੀ ਮਾਰ ਮੁਕਾਏ ਨੇ। ਇਹ ਸਾਰਾ ਕੁਝ ਮਨੁੱਖਤਾ ਦੇ ਨਾਂ 'ਤੇ ਧੱਬਾ ਐ। ਮੇਰਾ ਹੁਣ ਇੱਥੇ ਰਹਿਣ ਨੂੰ ਜੀਅ ਨ੍ਹੀਂ ਕਰਦਾ।'' ਆਫੀਆ ਬੁਝੇ ਮਨ ਨਾਲ ਬੋਲੀ।
''ਹੋਰ ਸਿਸਟਰ ਹੁਣ ਕਿੱਥੇ ਜਾਵੇਂਗੀ? ਕੀ ਪਾਕਿਸਤਾਨ ਮੁੜ ਜਾਣ ਦਾ ਇਰਾਦਾ ਐ?''
'ਨ੍ਹੀਂ ਜਾਰਜ ਵਾਪਸ ਤਾਂ ਮੈਂ ਨ੍ਹੀਂ ਜਾਣਾ। ਪਰ ਮੈਂ ਕਿਸੇ ਹੋਰ ਸ਼ਹਿਰ ਵੱਲ ਜਾਣ ਦਾ ਮਨ ਬਣਾ ਲਿਆ ਐ।''
''ਹੋਰ ਸ਼ਹਿਰ ਕਿਹੜਾ?''
''ਮੈਂ ਪਿਛਲੇ ਮਹੀਨੇ ਮੈਸਾਚੂਸਸ ਇੰਸਟੀਚਿਊਟ ਆਫ ਟੈਕਨਾਲੋਜੀ ਵਿੱਚ ਦਾਖਲਾ ਭੇਜਿਆ ਸੀ। ਉੱਥੇ ਦਾਖਲੇ ਦੇ ਨਾਲ ਮੈਨੂੰ ਤਾਂ ਸਕਾਲਰਸ਼ਿਪ ਵੀ ਮਿਲ ਗਿਆ ਐ।''
'ਅੱਛਾ ਤੂੰ ਐਮ. ਆਈ. ਟੀ ਦੀ ਗੱਲ ਕਰਦੀ ਐਂ। ਪਹਿਲਾਂ ਤੂੰ ਇਸ ਗੱਲ ਦੀ ਕਦੇ ਭਿਣਕ ਈ ਨ੍ਹੀਂ ਬਾਹਰ ਕੱਢੀ। ਪਰ ਤੈਨੂੰ ਇਸ ਤਰ੍ਹਾਂ ਇੱਥੋਂ ਨ੍ਹੀਂ ਜਾਣਾ ਚਾਹੀਦਾ।''
'ਨ੍ਹੀ ਜਾਰਜ ਮੈਂ ਹੁਣ ਇੱਥੇ ਨ੍ਹੀਂ ਰਹਿਣਾ।'' ਆਫੀਆ ਉਵੇਂ ਨੀਵੀਂ ਪਾਈ ਬੋਲੀ।
'ਸਿਸਟਰ ਇਉਂ ਨਾ ਕਰ। ਤੇਰੇ ਬਿਨਾ ਮੇਰਾ ਦਿਲ ਨ੍ਹੀਂ ਲੱਗਣਾ।'' ਜਾਰਜ ਨੇ ਉਸ ਨੂੰ ਹਲੂਣਿਆਂ। ਵਾਕਿਆ ਈ ਉਹ ਆਫੀਆ ਨੂੰ ਸਕੀ ਭੈਣ ਤੋਂ ਵੀ ਵੱਧ ਪਿਆਰ ਕਰਦਾ ਸੀ।
''ਮੈਂ ਫੈਸਲਾ ਕਰ ਚੁੱਕੀ ਆਂ।''
'ਮੈਂ ਤੈਨੂੰ ਜਾਣ ਈ ਨ੍ਹੀਂ ਦੇਣਾ।'' ਜਾਰਜ ਦਾ ਮੋਹ ਬੋਲਿਆ। ਪਰ ਆਫੀਆ ਨੇ ਉਸ ਦੀ ਗੱਲ ਵੱਲ ਧਿਆਨ ਨਾ ਦਿੱਤਾ।
ਅਗਲੇ ਦਿਨ ਉਨ੍ਹਾਂ ਵਿਚਾਕਰ ਫਿਰ ਗੱਲ ਹੋਈ ਤਾਂ ਆਫੀਆ ਨੇ ਆਪਣਾ ਇੱਥੋਂ ਚਲੇ ਜਾਣ ਦਾ ਇਰਾਦਾ ਦੁਹਰਾਇਆ। ਜਾਰਜ ਨੇ ਉਸ ਨੂੰ ਇੱਥੇ ਹੀ ਰੁਕ ਜਾਣ ਨੂੰ ਕਿਹਾ। ਕਾਫੀ ਦੇਰ ਉਨ੍ਹਾਂ ਵਿਚਕਾਰ ਬਹਿਸ ਚਲਦੀ ਰਹੀ।
''ਜੋ ਮਰਜ਼ੀ ਕਰ ਪਰ ਆਫੀਆ ਤੂੰ ਇੱਥੋਂ ਨਾ ਜਾਹ।'' ਜਾਰਜ ਆਪਣੀ ਗੱਲ 'ਤੇ ਅੜਿਆ ਰਿਹਾ। ਆਫੀਆ ਕੁਝ ਪਲ ਉਸਦੇ ਚਿਹਰੇ ਵੱਲ ਵੇਖਦੀ ਰਹੀ ਤੇ ਫਿਰ ਬੋਲੀ, ''ਜਾਰਜ ਤੂੰ ਮੈਨੂੰ ਇੰਨੇ ਜ਼ੋਰ ਨਾਲ ਕਿਉਂ ਰੋਕ ਰਿਹਾ ਐਂ?''
''ਕਿਉਂਕਿ ਮੈਂ ਤੈਨੂੰ ਰੀਅਲ ਸਿਸਟਰ ਦੇ ਤੌਰ 'ਤੇ ਪਿਆਰ ਕਰਦਾ ਆਂ।''
''ਉਹ ਤਾਂ ਮੈਂ ਵੀ ਸਮਝਦੀ ਆਂ ਪਰ....।'' ਅੱਗੇ ਆਫੀਆ ਨੇ ਗੱਲ ਵਿਚਕਾਰ ਹੀ ਛੱਡ ਦਿੱਤੀ।
''ਪਰ ਕੀ?''
''ਤੂੰ ਮੈਨੂੰ ਇੱਥੇ ਰੱਖਣ ਲਈ ਕੀ ਕਰ ਸਕਦਾ ਐਂ?''
''ਕੁਝ ਵੀ, ਜਿਸ ਨਾਲ ਤੈਨੂੰ ਖੁਸ਼ੀ ਮਿਲੇ।''
''ਪੱਕੀ ਗੱਲ ਐ।'' ਆਫੀਆ ਨੇ ਜਾਰਜ ਦੇ ਚਿਹਰੇ 'ਤੇ ਨਿਗਾਹਾਂ ਗੱਡ ਦਿੱਤੀਆਂ।
''ਹਾਂ ਹਾਂ ਮੈਂ ਆਪਣੀ ਲਿਟਲ ਸਿਸਟਰ ਲਈ ਕੁਝ ਵੀ ਕਰ ਸਕਦਾਂ।''
''ਤਾਂ ਫਿਰ ਇਉਂ ਕਰ?''
''ਦੱਸ?''
''ਤੂੰ ਕਰਿਸ਼ਚੀਅਨ ਧਰਮ ਛੱਡ ਕੇ ਮੁਸਲਮਾਨ ਬਣਜਾ।''
ਉਸਦੀ ਗੱਲ ਸੁਣ ਕੇ ਜਾਰਜ ਅੰਦਰ ਤੱਕ ਹਿੱਲ ਗਿਆ। ਉਸਨੂੰ ਮੁਹੰਮਦ ਨੇ ਕਈ ਵਾਰ ਦੱਸਿਆ ਸੀ ਕਿ ਜੇਕਰ ਕੋਈ ਮੁਸਲਮਾਨ ਕਿਸੇ ਹੋਰ ਧਰਮ ਦੇ ਇਨਸਾਨ ਨੂੰ ਮੁਸਲਮ ਧਰਮ ਵਿੱਚ ਲੈ ਆਵੇ ਤਾਂ ਉਸ ਤੋਂ ਵੱਡਾ ਪੁੰਨ ਦਾ ਕਾਰਜ ਕੋਈ ਵੀ ਨਹੀਂ ਹੋ ਸਕਦਾ। ਮੁਹੰਮਦ ਨਾਲ ਉਹ ਬਹੁਤ ਜ਼ਿਆਦਾ ਖੁੱਲ੍ਹਿਆ ਹੋਇਆ ਸੀ ਇਸੇ ਕਰਕੇ ਮੁਹੰਮਦ ਉਸ ਨਾਲ ਹਰ ਗੱਲ ਕਰ ਲੈਂਦਾ ਸੀ। ਪਰ ਧਰਮ ਬਦਲਣ ਨੂੰ ਉਸਨੇ ਕਦੇ ਨਹੀਂ ਕਿਹਾ ਸੀ। ਪਰ ਅੱਜ ਉਹੀ ਗੱਲ ਆਫੀਆ ਦੇ ਮੂੰਹੋਂ ਸੁਣ ਕੇ ਉਹ ਹੈਰਾਨ ਰਹਿ ਗਿਆ। ਉਹ ਆਫੀਆ ਦੀ ਗੱਲ ਸੁਣ ਕੇ ਲੱਗੇ ਸਦਮੇ 'ਚੋਂ ਬਾਹਰ ਆਇਆ ਤਾਂ ਉਸਨੇ ਧਿਆਨ ਨਾਲ ਆਫੀਆ ਵੱਲ ਵੇਖਿਆ। ਉਹ ਮਨ 'ਚ ਸੋਚਣ ਲੱਗਿਆ 'ਇਹ ਜੋ ਦਿਸਦੀ ਐ ਉਹ ਇਹ ਹੈ ਨ੍ਹੀਂ ਐ। ਇਹ ਅਸਲ ਵਿੱਚ ਕੁਝ ਹੋਰ ਐ। ਇਸ ਨੂੰ ਕਿਸੇ ਦੀਆਂ ਭਾਵਨਾਵਾਂ ਦੀ ਪ੍ਰਵਾਹ ਨ੍ਹੀਂ ਐ। ਇਸ ਨੂੰ ਸਿਰਫ ਅਤੇ ਸਿਰਫ ਆਪਣੇ ਧਰਮ ਨਾਲ ਪਿਆਰ ਐ। ਹੋਰ ਕੋਈ ਵੀ ਗੱਲ ਇਸ ਲਈ ਮਾਹਣੇ ਨ੍ਹੀਂ ਰੱਖਦੀ। ਸ਼ਾਇਦ ਇਸ ਦਾ ਆਪਣਾ ਸਕਾ ਭਰਾ ਮੁਹੰਮਦ ਵੀ ਇਸਨੂੰ ਚੰਗੀ ਤਰ੍ਹਾਂ ਨ੍ਹੀਂ ਜਾਣਦਾ।' ਆਪਣੇ ਆਪ ਨਾਲ ਗੱਲਾਂ ਕਰਦੇ ਜਾਰਜ ਨੇ ਦਰਵਾਜ਼ਾ ਖੋਲ੍ਹਿਆ ਤੇ ਘਰੋਂ ਬਾਹਰ ਹੋ ਗਿਆ।

Chahals57@yahoo.com
Ph. 0017033623239

Thursday 15 November 2012


ਚਾਰ :---




ਪੋਸਟਿੰਗ : ਅਨੁ. ਮਹਿੰਦਰ ਬੇਦੀ ਜੈਤੋ



ਆਫੀਆ ਸਦੀਕੀ ਦਾ ਜਿਹਾਦ…:: ਲੇਖਕ : ਹਰਮਹਿੰਦਰ ਚਹਿਲ :---


ਆਫੀਆ, ਮੈਸਾਚੂਸਸ ਸਟੇਟ ਦੇ ਲੋਗਨ ਇੰਟਰਨੈਸ਼ਨਲ ਏਅਰਪੋਰਟ ਬਾਸਟਨ 'ਤੇ ਉੱਤਰੀ। ਉੱਥੋਂ ਉਹ ਟੈਕਸੀ ਲੈ ਕੇ ਮੈਸਾਚੂਸਸ ਇਨਸੀਚਿਊਟ ਆਫ ਟੈਕਨਾਲੋਜੀ ਜਾਣੀ ਕਿ ਐਮ. ਆਈ. ਟੀ ਵੱਲ ਚੱਲ ਪਈ। ਟੈਕਸੀ ਬਾਸਟਨ ਸ਼ਹਿਰ ਦੀਆਂ ਸੜਕਾਂ ਤੇ ਭੱਜੀ ਜਾ ਰਹੀ ਸੀ ਤੇ ਆਫੀਆ ਕਿਸੇ ਵਿਸਮਾਦ ਜਿਹੇ ਵਿੱਚ ਡੁੱਬੀ ਹੋਈ ਸੀ। ਉਸ ਨੂੰ ਪਹਿਲੀਆਂ ਨਜ਼ਰਾਂ 'ਚ ਹੀ ਬਾਸਟਨ ਸ਼ਹਿਰ ਭਾ ਗਿਆ। ਉਸਨੂੰ ਬਾਸਟਨ ਸ਼ਹਿਰ ਬਹੁਤ ਸੋਹਣਾ ਲੱਗਿਆ। ਪਤਾ ਹੀ ਨਾ ਲੱਗਿਆ ਕਿ ਟੈਕਸੀ ਕਦੋਂ ਯੂਨੀਵਰਸਿਟੀ ਨੇੜਲੇ ਹੋਟਲ ਜਾ ਰੁਕੀ। ਟੈਕਸੀ ਡਰਾਈਵਰ ਦੇ ਬੁਲਾਉਣ 'ਤੇ ਆਫੀਆ ਖਿਆਲਾਂ 'ਚੋਂ ਨਿਕਲੀ। ਕਿਰਾਇਆ ਚੁੱਕਤਾ ਕਰਕੇ ਉਸਨੇ ਸਮਾਨ ਚੁੱਕ ਲਿਆ। ਹੋਟਲ 'ਚ ਕਮਰਾ ਲੈ ਕੇ ਸਾਮਾਨ ਬਗੈਰਾ ਉੱਥੇ ਟਿਕਾ ਕੇ ਉਹ ਯੂਨੀਵਰਸਿਟੀ ਨੂੰ ਤੁਰ ਪਈ। ਅੰਦਰ ਜਾਂਦਿਆਂ ਉਸਨੇ ਵੇਖਿਆ ਕਿ ਹਰ ਪਾਸੇ ਵਿਦਿਆਰਥੀ ਝੁੰਡਾਂ ਵਿੱਚ ਘੁੰਮ ਰਹੇ ਸਨ। ਉਸਨੇ ਇੱਧਰ ਉੱਧਰ ਨਜ਼ਰ ਮਾਰੀ। ਉਸਨੂੰ ਕੋਈ ਵੀ ਕੁੜੀ ਪੰਜਾਬੀ ਪਹਿਰਾਵੇ 'ਚ ਨਾ ਦਿਸੀ ਜਦੋਂ ਕਿ ਉਸਨੇ ਖੁਦ ਸਲਵਾਰ ਕਮੀਜ਼ ਪਹਿਨਿਆ ਹੋਇਆ ਸੀ ਤੇ ਸਿਰ ਉੱਪਰ ਚੁੰਨੀ ਲਈ ਹੋਈ ਸੀ। ਉਸਨੂੰ ਆਪਣਾ ਆਪ ਓਪਰਾ ਜਿਹਾ ਨਾ ਲੱਗਿਆ। ਸਗੋਂ ਉਸਨੂੰ ਆਪਣੇ ਵੱਖਰੇਪਣ 'ਤੇ ਮਾਣ ਮਹਿਸੂਸ ਹੋਇਆ। ਦਫਤਰ ਜਾ ਕੇ ਉਸਨੇ ਦਾਖਲੇ ਬਗੈਰਾ ਦਾ ਰਹਿੰਦਾ ਕੰਮ ਨਿਪਟਾਇਆ। ਫਿਰ ਉਹ ਨੇੜਲੇ ਕੁੜੀਆਂ ਦੇ ਹੋਸਟਲ, ਮਕਾਰਮਿਕ ਹਾਲ ਚਲੀ ਆਈ। ਉਮੀਦ ਦੇ ਉਲਟ ਉਸਨੂੰ ਕੁਝ ਪੇਪਰ ਵਰਕ ਪਿੱਛੋਂ ਕਮਰਾ ਮਿਲ ਗਿਆ। ਦਫਤਰ 'ਚੋਂ ਕਮਰੇ ਦੀ ਚਾਬੀ ਲੈ ਕੇ ਉਹ ਲਿਫਟ ਰਾਹੀਂ ਕਮਰੇ 'ਚ ਪਹੁੰਚੀ। ਉੱਚੀ ਲੰਬੀ ਬਿਲਡਿੰਗ ਦੀ ਬੀਹਵੀਂ ਮੰਜ਼ਲ 'ਤੇ ਉਸਦਾ ਕਮਰਾ ਸੀ। ਕਮਰਾ ਖੋਲ੍ਹ ਕੇ ਉਹ ਅੰਦਰ ਗਈ ਤੇ ਪਿਛਲੀ ਬਾਰੀ ਰਾਹੀਂ ਹੇਠਾਂ ਝਾਕੀ। ਉਸਦਾ ਮਨ ਬਾਗੋ ਬਾਗ ਹੋ ਗਿਆ। ਬਾਹਰ ਹਰਿਆਲੀ ਹੀ ਹਰਿਆਲੀ ਦਿਸ ਰਹੀ ਸੀ ਤੇ ਚਾਰਸਲ ਦਰਿਆ, ਹੋਸਟਲ ਬਿਲਡਿੰਗ ਦੇ ਨਾਲ ਦੀ ਖਹਿ ਕੇ ਲੰਘਦਾ ਸੀ। ਕਾਫੀ ਦੇਰ ਖੜ੍ਹੀ ਉਹ ਕੁਦਰਤ ਦੇ ਨਜ਼ਾਰੇ ਦਾ ਆਨੰਦ ਮਾਣਦੀ ਰਹੀ। ਫਿਰ ਹੋਟਲ ਜਾ ਕੇ ਆਪਣਾ ਸਾਮਾਨ ਚੁੱਕ ਲਿਆਈ।
ਅਗਲੇ ਦਿਨ ਤੋਂ ਹੀ ਉਹ ਪੜ੍ਹਾਈ 'ਚ ਖੁੱਭ ਗਈ। ਉਸਦੇ ਘਰ ਦੇ ਚਾਹੁੰਦੇ ਸਨ ਕਿ ਉਹ ਡਾਕਟਰ ਬਣੇ ਪਰ ਉਸਦਾ ਖਿਆਲ ਕੁਝ ਹੋਰ ਸੀ। ਪਹਿਲਾਂ ਉਹ ਪੁਲੀਟੀਕਲ ਸਾਇੰਸ ਪੜ੍ਹਨਾ ਚਾਹੁੰਦੀ ਸੀ। ਘਰਦਿਆਂ ਦੇ ਜ਼ਿਆਦਾ ਕਹਿਣ 'ਤੇ ਉਸਨੇ ਸਾਇੰਸ ਅਤੇ ਮੈਥ ਦੀਆਂ ਕਲਾਸਾਂ ਲੈ ਲਈਆਂ। ਆਫੀਆ ਛੋਟੇ ਕੱਦ ਅਤੇ ਹਲਕੇ ਸਰੀਰ ਦੀ ਛੀਂਟਕੀ ਜਿਹੀ ਕੁੜੀ ਸੀ ਪਰ ਉਸਦਾ ਚਿਹਰਾ ਬਹੁਤ ਪ੍ਰਭਾਵਸ਼ਾਲੀ ਸੀ। ਉਸਦੀ ਸਮੁੱਚੀ ਦਿੱਖ ਹੀ ਅਗਲੇ ਨੂੰ ਮੋਹ ਲੈਂਦੀ ਸੀ। ਆਪਣੇ ਕੰਮ 'ਚ ਮਸਤ ਰਹਿਣ ਅਤੇ ਪੜ੍ਹਾਈ ਵਿੱਚ ਬਹੁਤ ਹੀ ਚੰਗੀ ਹੋਣ ਕਰਕੇ ਜਲਦੀ ਹੀ ਉਹ ਆਪਣੇ ਪ੍ਰੋਫੈਸਰਾਂ ਦੀ ਚਹੇਤੀ ਬਣ ਗਈ। ਹੋਸਟਲ 'ਚ ਥੋੜੀ ਪਹਿਚਾਣ ਵਧਣ ਪਿੱਛੋਂ ਉਸਨੇ ਮੁਸਲਮਾਨ ਕੁੜੀਆਂ ਨੂੰ ਜੋੜਨਾ ਸ਼ੁਰੂ ਕਰ ਦਿੱਤਾ। ਇੱਥੇ ਦੂਸਰੇ ਧਰਮਾਂ ਦੀਆਂ ਕੁੜੀਆਂ ਜ਼ਿਆਦਾ ਸਨ। ਪਰ ਉਹ ਉਨ੍ਹਾਂ ਤੋਂ ਦੂਰੀ ਬਣਾ ਕੇ ਰੱਖਦੀ ਸੀ। ਖਾਸ ਕਰਕੇ ਜਹੂਦੀ ਕੁੜੀਆਂ ਨਾਲ ਤਾਂ ਉਹ ਬਿਨਾ ਮਤਲਬ ਗੱਲਬਾਤ ਵੀ ਨਹੀਂ ਕਰਦੀ ਸੀ। ਹੌਲੀ ਹੌਲੀ ਉਸਨੇ ਉੱਥੇ ਆਪਣਾ ਗਰੁੱਪ ਬਣਾ ਲਿਆ। ਉਹ ਮੁਸਲਮਾਨ ਕੁੜੀਆਂ ਨਾਲ ਧਰਮ 'ਤੇ ਚਰਚਾ ਕਰਨ ਲੱਗੀ। ਪਰ ਬਹੁਤੀਆਂ ਕੁੜੀਆਂ ਦਾ ਧਰਮ ਨਾਲ ਜ਼ਿਆਦਾ ਸਰੋਕਾਰ ਨਹੀਂ ਸੀ। ਉਹ ਤਾਂ ਅਮਰੀਕਣ ਜ਼ਿੰਦਗੀ 'ਚ ਘੁਲ ਮਿਲ ਗਈਆਂ ਜਾਪਦੀਆਂ ਸਨ। ਆਫੀਆ ਨੇ ਉਨ੍ਹਾਂ ਨੂੰ ਧਰਮ ਦੀ ਸਿੱਖਿਆ ਦਾ ਵਾਸਤਾ ਦੇ ਦੇ ਕੇ ਆਪਣੇ ਹਿਸਾਬ ਨਾਲ ਸਿੱਧੇ ਰਾਹ 'ਤੇ ਲਿਆਉਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ। ਇਸ ਵਿੱਚ ਉਹ ਕਾਫੀ ਹੱਦ ਤੱਕ ਕਾਮਯਾਬ ਵੀ ਹੋ ਗਈ। ਫਿਰ ਉਹ ਆਪਣੇ ਗਰੁੱਪ ਨੂੰ ਨਾਲ ਲੈ ਕੇ ਸਾਂਝੇ ਕੰਮ ਕਰਨ ਲੱਗੀ। ਜਿਵੇਂ ਕਿ ਕਾਲਜ ਕੈਂਪਸ ਦੀ ਸਫਾਈ ਬਗੈਰਾ। ਇਸ ਤੋਂ ਬਿਨਾ ਉਹ ਹਰ ਹਫਤੇ ਤਕਰੀਬਨ ਚਾਲੀ ਘੰਟੇ ਬਿਨਾ ਕਿਸੇ ਤਨਖਾਹ ਦੇ ਕਾਲਜ ਦੇ ਸਾਂਝੇ ਕੰਮਾਂ ਵਿਚ ਲਾਉਂਦੀ ਸੀ। ਮੌਕਾ ਮਿਲਦਿਆਂ ਹੀ ਉਹ ਗਰੀਬ ਇਲਾਕਿਆਂ ਦੇ ਸਕੂਲਾਂ ਵਿੱਚ ਜਾ ਕੇ ਬੱਚਿਆਂ ਲਈ ਮੁਫਤ ਸਾਇੰਸ ਫੇਅਰ ਆਦਿ ਲਾਉਣ ਲੱਗੀ। ਇਸ ਤਰ੍ਹਾਂ ਉਹ ਛੇਤੀ ਹੀ ਸਾਰਿਆਂ ਦੀਆਂ ਨਜ਼ਰਾਂ 'ਚ ਆ ਗਈ। ਕਾਲਜ ਵਿੱਚ ਉਸਦਾ ਅਕਸ ਇੱਕ ਚੰਗੀ ਹੁਸ਼ਿਆਰ ਅਤੇ ਸਮਾਜਸੇਵੀ ਵਿਦਿਆਰਥਣ ਦਾ ਬਣ ਗਿਆ। ਪਰ ਨਿੱਜੀ ਤੌਰ 'ਤੇ ਉਹ ਹਮੇਸ਼ਾ ਧਰਮ ਨਾਲ ਜੁੜੇ ਕੰਮਾਂ ਨੂੰ ਪਹਿਲ ਦਿੰਦੀ। ਉਹ ਜਦੋਂ ਆਪਣੇ ਗਰੁੱਪ ਦੀਆਂ ਕੁੜੀਆਂ ਨਾਲ ਮੀਟਿੰਗਾਂ ਕਰਦੀ ਤਾਂ ਹਮੇਸ਼ਾ ਇਸ ਗੱਲ 'ਤੇ ਜ਼ੋਰ ਦਿੰਦੀ ਕਿ ਗੈਰ ਮੁਸਲਮਾਨਾ ਤੋਂ ਦੂਰ ਰਿਹਾ ਜਾਵੇ। ਉਨ੍ਹਾਂ ਨਾਲ ਦੋਸਤੀ ਨਾ ਕੀਤੀ ਜਾਵੇ। ਪਰ ਉਨ੍ਹਾਂ ਨਾਲ ਵਰਤਣ ਸਮੇ ਬਹੁਤ ਹੀ ਮਿੱਠਤ ਪਿਆਰ ਨਾਲ ਬੋਲਿਆ ਚੱਲਿਆ ਜਾਵੇ। ਉਸ ਦੇ ਸਮਾਜ ਸੇਵਾ ਦੇ ਕੰਮਾਂ ਕਰਕੇ ਉਸਨੂੰ ਦੋ ਵਾਰੀ ਇਨਾਮ ਮਿਲਿਆ। ਵੈਸੇ ਤਾਂ ਪੜ੍ਹਾਈ ਦੇ ਹਰ ਖੇਤਰ 'ਚ ਹੀ ਉਹ ਬਹੁਤ ਚੰਗੀ ਸੀ ਪਰ ਕੰਮਪਿਊਟਰ ਵਿੱਚ ਤਾਂ ਉਸਦਾ ਇੰਨਾ ਨਾਮ ਬਣ ਗਿਆ ਕਿ ਕਈ ਵਾਰੀ ਦੂਸਰੇ ਪ੍ਰੋਫੈਸਰ ਵੀ ਉਸਦੀ ਮਦਦ ਲੈਂਦੇ। ਹੁਣ ਤੱਕ ਮੁਸਲਿਮ ਸਟੂਡੈਂਟਸ ਐਸੋਸੀਏਸ਼ਨ ਜਿਸਨੂੰ ਕਿ ਆਮ ਕਰਕੇ ਐਮ. ਐਸ. ਏ ਕਿਹਾ ਜਾਂਦਾ ਸੀ ਵਿੱਚ ਉਹ ਕਾਫੀ ਅਗਾਂਹ ਵਧ ਗਈ ਸੀ। ਉਹ ਐਮ. ਐਸ. ਏ ਰਾਹੀਂ ਮੁਸਲਮਾਨ ਵਿਦਿਆਰਥੀਆਂ ਦੇ ਹੱਕਾਂ ਬਾਰੇ ਸਾਰਿਆਂ ਨੂੰ ਜਾਗਰੂਕ ਕਰ ਰਹੀ ਸੀ। ਕਾਲਜ ਅਥਾਰਟੀ ਨਾਲ ਮਿਲ ਕੇ ਉਹ ਮੁਸਲਮਾਨ ਵਿਦਿਆਰਥੀਆਂ ਦੀਆਂ ਲੋੜਾਂ ਵੀ ਪੂਰੀਆਂ ਕਰਨ ਲਈ ਵੀ ਜ਼ੋਰ ਪਾਉਂਦੀ ਰਹਿੰਦੀ ਸੀ। ਇੱਥੋਂ ਤੱਕ ਕਿ ਕਾਲਜ ਕੈਂਪਸ ਦੇ ਛੋਟੇ ਰੈਸਟੋਰੈਂਟਾਂ 'ਚ ਉਸਨੇ ਹਲਾਲ ਮੀਟ ਦੀ ਵਰਤੋਂ ਸ਼ੁਰੂ ਕਰਵਾਉਣ ਲਈ ਅਥਰਾਟੀ ਨੂੰ ਮਨਾ ਲਿਆ ਤਾਂ ਕਿ ਮੁਸਲਮਾਨ ਵਿਦਿਆਰਥੀ ਆਪਣੇ ਧਾਰਮਿਕ ਅਕੀਦੇ ਮੁਤਾਬਕ ਹਲਾਲ ਮੀਟ ਦੀ ਵਰਤੋਂ ਕਰ ਸਕਣ। ਇਸ ਤੋਂ ਇਲਾਵਾ ਉਸਨੇ ਹੋਸਟਲਾਂ ਵਿੱਚ ਵੱਖਰੇ ਕਮਰਿਆਂ ਦੀ ਸੁਬਿਧਾ ਮੁਹੱਈਆ ਕਰਵਾ ਲਈ ਜਿੱਥੇ ਕਿ ਮੁਸਲਮਾਨ ਵਿਦਿਆਰਥੀ ਨਮਾਜ਼ ਅਦਾ ਕਰ ਸਕਣ। ਜਿਉਂ ਜਿਉਂ ਉਹ ਐਮ. ਐਸ. ਏ ਰਾਹੀਂ ਮੁਸਲਮਾਨ ਵਿਦਿਆਰਥੀਆਂ ਦੀਆਂ ਲੋੜਾਂ ਲਈ ਸਰਗਰਮ ਹੋ ਰਹੀ ਸੀ ਤਿਉਂ ਤਿਉਂ ਉਸਦੀ ਮਸ਼ਹੂਰੀ ਹੁੰਦੀ ਜਾ ਰਹੀ ਸੀ। ਮੁਸਲਮਾਨ ਵਿਦਿਆਰਥੀਆਂ 'ਚ ਉਸਨੂੰ ਬੜੀ ਇੱਜ਼ਤ ਨਾਲ ਵੇਖਿਆ ਜਾਂਦਾ ਸੀ। ਕੱਟੜ ਧਾਰਮਿਕ ਮੁੰਡੇ ਉਸਨੂੰ ਟਰੂ-ਸਿਸਟਰ ਕਹਿ ਕੇ ਬੁਲਾਉਣ ਲੱਗ ਪਏ ਸਨ। ਇਸੇ ਦੌਰਾਨ ਹੀ ਉਸਦੀ ਮੁਲਾਕਤ ਸੁਹੇਲ ਲੈਹਰ ਨਾਲ ਹੋਈ। ਸੁਹੇਲ ਦੇ ਮਾਪੇ ਇੰਡੀਆ ਤੋਂ ਸਨ ਪਰ ਉਹ ਜਿੰਬਾਬਵੇ 'ਚ ਜੰਮਿਆ ਸੀ। ਪੇਸ਼ੇ ਦੇ ਤੌਰ ਤੇ ਉਹ ਇੰਜੀਨੀਅਰ ਸੀ। ਸੁਹੇਲ ਰਾਹੀਂ ਉਹ ਐਮ. ਐਸ. ਏ ਦੇ ਅੰਦਰਲੇ ਖੇਤਰ ਵਿੱਚ ਆ ਗਈ। ਜਦੋਂ ਉਸਨੇ ਐਮ. ਐਸ. ਏ. ਦੇ ਅੰਦਰਲੇ ਵਿਦਿਆਰਥੀਆਂ ਦੀ ਸੋਚ ਸੁਣੀ ਤਾਂ ਉਹ ਬੜੀ ਖੁਸ਼ ਹੋਈ। ਉਸਨੂੰ ਲੱਗਿਆ ਕਿ ਇਹ ਹੀ ਅਸਲੀ ਜਗ੍ਹਾ ਹੈ ਜਿੱਥੇ ਰਹਿ ਕੇ ਉਹ ਆਪਣੇ ਧਰਮ ਦੀ ਵੱਧ ਤੋਂ ਵੱਧ ਸੇਵਾ ਕਰ ਸਕਦੀ ਹੈ। ਅਸਲ ਵਿੱਚ ਇਹ ਗਰੁੱਪ ਐਮ. ਐਸ. ਏ. ਦੀ ਮੂਹਰਲੀ ਕਤਾਰ ਦੀ ਲੀਡਰਸ਼ਿਪ ਸੀ ਜਿਹੜੀ ਆਮ ਤੌਰ 'ਤੇ ਪਰਦੇ ਦੇ ਪਿੱਛੇ ਰਹਿੰਦੀ ਸੀ। ਐਮ. ਐਸ. ਏ. ਦੀ ਅਗਲੀ ਮੀਟਿੰਗ 'ਚ ਆਪਣੀ ਵਾਰੀ ਆਉਣ 'ਤੇ ਉਹ ਬੋਲਣ ਲੱਗੀ, ''ਸਾਨੂੰ ਇੱਥੇ ਇਸਲਾਮ ਦੀ ਵੱਧ ਤੋਂ ਵੱਧ ਸਿੱਖਿਆ ਦੇਣੀ ਚਾਹੀਦੀ ਐ। ਕਿਉਂਕਿ ਇਹੀ ਇੱਕ ਢੰਗ ਐ ਅੱਲਾ ਦੀਆਂ ਰਹਿਮਤਾਂ ਹਾਸਲ ਕਰਨ ਦਾ। ਸਾਨੂੰ ਸਾਰੇ ਵਿਦਿਆਰਥੀਆਂ ਲਈ ਜੁਮੇ ਦੀ ਨਮਾਜ਼ ਕਾਲਜ ਕੈਂਪਸ 'ਚ ਪੜ੍ਹਨ ਲਈ ਜ਼ਰੂਰੀ ਕਰ ਦੇਣੀ ਚਾਹੀਦੀ ਐ। ਆਪਣੇ ਆਲੇ ਦੁਆਲੇ ਦੇ ਲੋਕਾਂ ਦਾ ਵਿਸ਼ਾਵਸ਼ ਜਿੱਤ ਕੇ ਉਨ੍ਹਾਂ ਨੂੰ ਇਸਲਾਮ ਧਰਮ ਵਿੱਚ ਲਿਆਉਣ ਲਈ ਹਰ ਉਪਰਾਲਾ ਕਰਨਾ ਚਾਹੀਦਾ ਐ। ਇੰਸ਼ਾ ਅੱਲਾ ਜ਼ਰਾ ਸੋਚੋ ਕਿ ਉਹ ਦਿਨ ਕਿੰਨਾ ਭਾਗਾਂ ਭਰਿਆ ਹੋਵੇਗਾ ਜਦੋਂ ਅਮਰੀਕਾ ਵਿੱਚ ਈ ਨ੍ਹੀਂ ਸਗੋਂ ਸਾਰੀ ਦੁਨੀਆਂ ਵਿੱਚ ਇਸਲਾਮ ਦਾ ਝੰਡਾ ਝੂਲੇਗਾ। ਇਸ ਤੋਂ ਇਲਾਵਾ ਅੱਜ ਹੋਰ ਬੜਾ ਕੁਛ ਕਰਨ ਵਾਲਾ ਐ....।'' ਉਹ ਗੱਲ ਰੋਕ ਕੇ ਸਰੋਤਿਆਂ ਵੱਲ ਝਾਕੀ। ਸਾਰੇ ਬੜੇ ਧਿਆਨ ਨਾਲ ਉਸਦੀ ਗੱਲ ਸੁਣ ਰਹੇ ਸਨ। ਜ਼ਰਾ ਰੁਕ ਕੇ ਉਹ ਫਿਰ ਬੋਲਣ ਲੱਗੀ, ''ਅੱਜ ਸੰਸਾਰ ਵਿੱਚ ਹੋਰ ਬਹੁਤ ਕੁਛ ਵਾਪਰ ਰਿਹਾ ਐ। ਥਾਂ ਥਾਂ ਮੁਸਲਮਾਨਾਂ 'ਤੇ ਅੱਤਿਆਚਾਰ ਹੋ ਰਹੇ ਨੇ। ਇਹ ਕਿਉਂ ਹੋ ਰਿਹਾ ਐ। ਕਿਉਂਕਿ ਅਸੀਂ ਮੁਸਲਮਾਨ ਆਪਣੀ ਜ਼ਿੰਮਾਵਾਰੀ ਭੁੱਲ ਗਏ ਆਂ। ਅਸੀਂ ਭੁੱਲ ਗਏ ਆਂ ਕਿ ਸਾਡੀ ਸਭ ਤੋਂ ਵੱਡੀ ਜ਼ਿੰਮੇਵਾਰੀ ਐ ਜਿਹਾਦ। ਹਰ ਇੱਕ ਨੂੰ ਅੱਜ ਦੁਨੀਆਂ ਦੇ ਵੱਖ ਵੱਖ ਭਾਗਾਂ 'ਚ ਚੱਲ ਰਹੇ ਜਿਹਾਦ ਵਿੱਚ ਆਪਣੀ ਹੈਸੀਅਤ ਮੁਤਾਬਕ ਹਿੱਸਾ ਪਾਉਣਾ ਚਾਹੀਦਾ ਐ। ਅਸਲੀ ਮੁਸਲਮਾਨ ਉਹ ਨੇ ਜੋ ਫਰੰਟ 'ਤੇ ਲੜਾਈ 'ਚ ਹਿੱਸਾ ਲੈ ਰਹੇ ਨੇ। ਪਰ ਫਿਰ ਵੀ ਅਸੀਂ ਉਨਾਂ ਕੁ ਤਾਂ ਕਰ ਈ ਸਕਦੇ ਆਂ ਜੋ ਉਨ੍ਹਾਂ ਦੇ ਕਾਰਜ 'ਚ ਮੱਦਦ ਬਣ ਸਕੇ। ਉਦਾਹਰਣ ਦੇ ਤੌਰ 'ਤੇ ਅਸੀਂ ਜਿਹਾਦ 'ਚ ਸ਼ਹੀਦ ਹੋ ਰਹੇ ਸਾਡੇ ਭਰਾਵਾਂ ਦੇ ਬੱਚਿਆਂ ਅਤੇ ਉਨ੍ਹਾਂ ਦੀਆਂ ਵਿਧਵਾਵਾਂ ਨੂੰ ਸੰਭਾਲ ਸਕਦੇ ਆਂ। ਉਸਦੇ ਲਈ ਚੈਰਿਟੀ ਬਣਾ ਕੇ ਫੰਡ ਇਕੱਠਾ ਕਰਨ ਦੀ ਲੋੜ ਐ। ਸਾਨੂੰ ਵੱਧ ਤੋਂ ਵੱਧ ਚੈਰਿਟੀ ਇਕੱਠੀ ਕਰਨੀ ਚਾਹੀਦੀ ਐ।''
ਜਦੋਂ ਤੱਕ ਉਸਨੇ ਆਪਣਾ ਭਾਸ਼ਣ ਖਤਮ ਕੀਤਾ ਤਾਂ ਉਦੋਂ ਤੱਕ ਉਹ ਐਮ. ਐਸ. ਏ. ਦੀ ਮੂਹਰਲੀ ਕਤਾਰ ਦੇ ਲੀਡਰਾਂ ਦੀਆਂ ਨਜ਼ਰਾਂ 'ਚ ਆ ਚੁੱਕੀ ਸੀ। ਸਾਰੇ ਉਸ ਤੋਂ ਬਹੁਤ ਪ੍ਰਭਾਵਤ ਹੋਏ ਸਨ। ਉਹ ਸਮਝ ਗਏ ਸਨ ਕਿ ਜਿਸ ਲੜਕੀ ਦੀ ਉਹ ਚਿਰਾਂ ਤੋਂ ਉਡੀਕ ਕਰ ਰਹੇ ਸਨ ਉਹ ਅੱਜ ਉਨ੍ਹਾਂ ਨੂੰ ਮਿਲ ਗਈ ਹੈ। ਮੀਟਿੰਗ ਖਤਮ ਹੋਣ 'ਤੇ ਉਹ ਬਾਹਰ ਨਿਕਲੀ ਤੇ ਸੁਹੇਲ ਨਾਲ ਕਾਰ ਵਿੱਚ ਬੈਠ ਗਈ। ਸੁਹੇਲ ਨੇ ਕਾਰ ਤੋਰੀ ਤਾਂ ਆਫੀਆ ਨੇ ਗੱਲ ਛੇੜੀ, ''ਸੁਹੇਲ ਉਹ ਇੱਕ ਕੋਨੇ ਜਿਹੇ 'ਚ ਬੈਠੀ, ਗੋਰੀ ਅਮਰੀਕਣ ਕੁੜੀ ਕੌਣ ਸੀ?''
''ਉਸਦਾ ਨਾਂ ਮਾਰਲੇਨ ਅਰਲ ਐ।''
''ਮਤਲਬ ਉਹ ਅਮਰੀਕਣ ਐ?''
''ਹਾਂ ਹੈ ਤਾਂ ਅਮਰੀਕਣ ਈ ਪਰ....।''
''ਪਰ ਕੀ?''
''ਉਸਨੇ ਧਰਮ ਪ੍ਰੀਵਰਤਨ ਕਰਕੇ ਇਸਲਾਮ ਧਰਮ ਅਪਣਾਇਆ ਹੋਇਆ ਐ। ਹੁਣ ਉਹ ਪੱਕੀ ਮੁਸਲਮਾਨ ਐ।''
''ਕਿਸਦੇ ਪ੍ਰਭਾਵ ਨਾਲ ਉਸਨੇ ਮੁਸਲਮ ਧਰਮ ਆਪਣਾਇਆ ਐ?''
''ਛੱਡ ਇਹ ਗੱਲ ਪਰ ਤੈਨੂੰ ਦੱਸਾਂ ਕਿ ਉਸਦੇ ਘਰਵਾਲਾ ਬਸਮ ਕੁੰਜ ਬੜਾ ਵੱਡਾ ਜਿਹਾਦੀ ਐ। ਉਸਨੇ ਕਈ ਜਿਹਾਦਾਂ 'ਚ ਲੜਾਈ ਲੜੀ ਹੋਈ ਐ।''
''ਅੱਛਾ।''
ਇਸ ਪਿੱਛੋਂ ਆਫੀਆ ਚੁੱਪ ਹੋ ਗਈ। ਉਸਦੇ ਮਨ 'ਚ ਆ ਰਿਹਾ ਸੀ ਕਿ ਉਹ ਕਿੰਨਾ ਕਿਸਮਤ ਵਾਲਾ ਹੋਵੇਗਾ ਜਿਸਨੇ ਮਾਰਲੀਨ ਦਾ ਧਰਮ ਪ੍ਰੀਵਰਤਤ ਕਰਵਾਇਆ ਹੋਊਗਾ। ਦੂਸਰਾ ਉਸਨੂੰ ਮਾਰਲੇਨ 'ਤੇ ਇਸ ਗੱਲੋਂ ਵੀ ਗਰਭ ਮਹੂਸਸ ਹੋਇਆ ਕਿ ਉਸਦੇ ਘਰਵਾਲਾ ਜਿਹਾਦੀ ਹੈ ਤੇ ਫਰੰਟ 'ਤੇ ਬੰਦੂਕ ਚੁੱਕ ਕੇ ਲੜਾਈ ਲੜਦਾ ਹੈ।
''ਚੁੱਪ ਕਿਉਂ ਹੋ ਗਈ?'' ਸੁਹੇਲ ਨੇ ਆਫੀਆ ਨੂੰ ਖਿਆਲਾਂ 'ਚ ਖੋਈ ਵੇਖ ਕੇ ਉਸਦੀ ਚੁੱਪੀ ਤੋੜੀ।
'ਨਹੀਂ ਅਜਿਹੀ ਤਾਂ ਕੋਈ ਗੱਲ ਨ੍ਹੀਂ। ਮੈਂ ਤਾਂ ਸੋਚ ਰਹੀ ਸੀ....।''
''ਕੀ ਸੋਚ ਰਹੀ ਸੀ ਤੂੰ?''
''ਮੈਂ ਤਾਂ ਇਹ ਸੋਚ ਰਹੀ ਸੀ ਕਿ...।''
''ਅੱਛਾ ਸੁਹੇਲ ਇੱਕ ਗੱਲ ਹੋਰ ਦੱਸ?'' ਆਫੀਆ ਨੇ ਪਹਿਲੀ ਗੱਲ ਵਿਚਕਾਰ ਛੱਡਦਿਆਂ ਗੱਲ ਬਦਲੀ।
''ਹਾਂ ਹਾਂ ਪੁੱਛ।''
'ਉਹ ਜਿਹੜਾ ਤੇਰੇ ਨਾਲ ਬੈਠਾ ਸੀ ਉਹ ਕੌਣ ਐਂ? ਜਿਹੜਾ ਸਾਰੀ ਮੀਟਿੰਗ ਦੌਰਾਨ ਬਿਲਕੁਲ ਈ ਨ੍ਹੀਂ ਬੋਲਿਆ।''
''ਉਸਦਾ ਨਾਂ...।'' ਸੁਹੇਲ ਨੇ ਗੱਲ ਵਿਚਾਲੇ ਛੱਡਦਿਆਂ ਧਿਆਨ ਨਾਲ ਆਫੀਆ ਵੱਲ ਵੇਖਿਆ। ਪਲ ਭਰ ਰੁਕ ਕੇ ਉਹ ਫਿਰ ਬੋਲਿਆ,
''ਉਸਦਾ ਨਾਂ ਰਮਜੀ ਯੂਸਫ ਐ। ਉਹ ਅਲ ਕੀਫਾ ਦਾ ਬੜਾ ਅਣਥੱਕ ਵਰਕਰ ਐ।''
''ਅਲ ਕੀਫਾ?'' ਆਫੀਆ ਨੇ ਅਲ ਕੀਫਾ ਦਾ ਨਾਂ ਸੁਣਿਆਂ ਤਾਂ ਸੀ ਪਰ ਉਸ ਇਸ ਬਾਰੇ ਪੂਰੀ ਜਾਣਕਾਰੀ ਨਹੀਂ ਸੀ।
''ਤੈਨੂੰ ਅਲ ਕੀਫਾ ਬਾਰੇ ਵੀ ਦੱਸ ਈ ਦਿੰਨਾ।'' ਸੁਹੇਲ ਨੇ ਇੱਕ ਵਾਰ ਫਿਰ ਧਿਆਨ ਨਾਲ ਆਫੀਆ ਵੱਲ ਵੇਖਿਆ ਤੇ ਮਨ 'ਚ ਸੋਚਿਆ ਕਿ ਇਹ ਕੁੜੀ ਸਾਡੇ ਕਾਜ਼ ਲਈ ਬਹੁਤ ਹੀ ਵਫਾਦਾਰ ਸਾਬਤ ਹੋਵੇਗੀ। ਅਤੇ ਇਸ ਨਾਲ ਹਰ ਗੱਲ ਸਾਂਝੀ ਕਰ ਲੈਣੀ ਚਾਹੀਦੀ ਐ।
'ਅਲ ਕੀਫਾ ਆਪਣੇ ਈ ਭੈਣ ਭਰਾਵਾਂ ਦੀ ਜਥੇਬੰਦੀ ਐ। ਇਹ ਬਹੁਤਾ ਗੱਲਾਂ 'ਚ ਨ੍ਹੀਂ, ਬਲਕਿ ਐਕਸ਼ਨ 'ਚ ਵਿਸ਼ਵਾਸ਼ ਰੱਖਦੀ ਐ। ਆਪਣੀਆਂ ਸਾਰੀਆਂ ਈ ਮਸਜਿਦਾਂ ਅਤੇ ਜਿਹਾਦੀ ਸਰਕਲਾਂ 'ਚ ਇਸਦਾ ਬਹੁਤ ਜ਼ੋਰ ਐ। ਪਰ ਇਹ ਖੁੱਲ੍ਹ ਕੇ ਸਾਹਮਣੇ ਨ੍ਹੀਂ ਆਉਂਦੀ। ਇਸਦਾ ਮੋਢੀ ਗੁਲਬਦਨ ਹੇਕਮਤਿਆਰ ਐ।''
''ਜਿਹੜਾ ਅਫਗਾਨਿਸਤਾਨ ਦਾ ਵਾਰ ਲੌਰਡ ਐ?'' ਆਫੀਆ ਨੇ ਵਿਚਕਾਰੋਂ ਬੋਲੀ।
''ਹਾਂ ਉਹੀ। ਸ਼ੁਰੂਆਤ ਉਸੇ ਨੇ ਕੀਤੀ ਸੀ। ਪਰ ਹੁਣ ਇਹ ਸਾਰੇ ਈ ਫੈਲ ਚੁੱਕੀ ਐ। ਮੁਸਲਮ ਸਮਾਜ ਇਸਨੂੰ ਬਹੁਤ ਜ਼ਿਆਦਾ ਮਾਣ ਦਿੰਦਾ ਐ ਤੇ ਇਸ ਨੂੰ ਆਰਥਿਕ ਮੱਦਦ ਵੀ ਬਹੁਤ ਮਿਲਦੀ ਐ। ਪਰ ਕਈ ਵਾਰ ਇਹੀ ਆਰਥਿਕ ਸਮੱਰਥਾ ਝਗੜੇ ਦਾ ਕਾਰਨ ਵੀ ਬਣ ਜਾਂਦੀ ਐ। ਤੂੰ ਪਿੱਛੇ ਜਿਹੇ ਮੁਸਤਫਾ ਸ਼ਲੇਬੀ ਦਾ ਕਤਲ ਬਾਰੇ ਤਾਂ ਸੁਣਿਆਂ ਈ ਹੋਣਾ ਐਂ?''
'ਹਾਂ ਪਤਾ ਐ ਮੈਨੂੰ। ਉਸਦਾ ਕਿਸੇ ਨੇ ਕਤਲ ਕਰ ਦਿੱਤਾ ਜਿਸਦਾ ਭੇਤ ਈ ਨ੍ਹੀਂ ਖੁੱਲ੍ਹ ਸਕਿਆ।''
'ਉਹ ਕਤਲ ਅਲ ਕੀਫਾ ਕੋਲ ਪਏ ਮਿਲੀਅਨ ਡਾਲਰਾਂ ਦਾ ਫੰਡ ਨੂੰ ਲੈ ਕੇ ਹੋਇਆ ਸੀ। ਅਲ ਕੀਫਾ ਦੇ ਹੀ ਇੱਕ ਮੈਂਬਰ ਨੂੰ ਸ਼ੱਕ ਹੋ ਗਿਆ ਕਿ ਸ਼ਲੇਬੀ ਪੈਸੇ ਦੀ ਹੇਰਾਫੇਰੀ ਕਰਦਾ ਐ। ਪਰ ਮੈਂ ਅਜਿਹਾ ਨ੍ਹੀਂ ਮੰਨਦਾ। ਸ਼ਲੇਬੀ ਨੂੰ ਮਾਰ ਕੇ ਕਿਸੇ ਨੇ ਸਹੀ ਨ੍ਹੀਂ ਕੀਤਾ। ਉਸ ਵਰਗਾ ਧਾਰਮਿਕ ਅਤੇ ਅਕੀਦੇ ਵਾਲਾ ਕੋਈ ਹੋ ਈ ਨ੍ਹੀਂ ਸਕਦਾ।''
''ਉਹ ਕਿਵੇਂ?'' ਆਫੀਆ ਨੂੰ ਜਿਗਿਆਸਾ ਹੋਈ।
''ਉਸਨੇ ਅਲ ਕੀਫਾ ਲਈ ਜਾਂ ਸਮਝਲੈ ਕਿ ਸਮੁੱਚੇ ਜਿਹਾਦ ਲਈ ਬਹੁਤ ਹੀ ਕੰਮ ਕੀਤਾ ਐ। ਉਹੋ ਹੀ, ਸ਼ੇਖ ਉਮਰ ਅਬਦਲ ਰਹਿਮਾਨ ਨੂੰ ਅਮਰੀਕਾ ਲਿਆਉਣ ਵਿੱਚ ਕਾਮਯਾਬ ਹੋਇਆ ਸੀ।''
''ਸ਼ੇਖ ਉਮਰ ਉਹੀ ਐ ਨਾ ਜੋ ਕਿ ਮਿਸਰ ਤੋਂ ਐਂ? ਜੋ ਬਚਪਨ ਤੋਂ ਅੰਨਾ ਐਂ?''
'ਉਹੀ ਉਹੀ। ਉਹ ਬਹੁਤ ਵੱਡਾ ਸਕਾਲਰ ਐ। ਅਮਰੀਕਾ ਨੂੰ ਉਸ ਬਾਰੇ ਕੁਝ ਵੀ ਪਤਾ ਨ੍ਹੀਂ ਐ। ਪਰ ਉਹ ਮਿਸਰ ਦੇ ਕੱਟੜ ਜਿਹਦੀਆਂ 'ਚੋਂ ਇੱਕ ਐ। ਸਾਰੇ ਮੁਸਲਮ ਸਮਾਜ 'ਚ ਉਸਦਾ ਰੁਤਬਾ ਬਹੁਤ ਉੱਚਾ ਐ। ਕੋਈ ਵੀ ਉਸਦੀ ਗੱਲ ਮੋੜ ਨ੍ਹੀਂ ਸਕਦਾ। ਕਾਸ਼ ਤੂੰ ਉਸਨੂੰ ਕਦੇ ਸੁਣੇ ਤਾਂ।''
'ਮੈਨੂੰ ਉਸਦੇ ਫਸਲਫੇ ਦਾ ਪਤਾ ਐ।'' ਆਫੀਆ ਨੂੰ ਯਾਦ ਆਇਆ ਕਿ ਪਿਛਲੇ ਦਿਨੀਂ ਹੀ ਉਸਨੂੰ ਕਿਸੇ ਨੇ ਸ਼ੇਖ ਉਮਰ ਦੀ ਵੀਡੀਉ ਵਿਖਾਈ ਸੀ। ਵੀਡੀਉ 'ਚ ਸੁਣੇ ਸ਼ੇਖ ਦੇ ਸ਼ਬਦ ਉਸਦੇ ਮਨ 'ਚ ਘੁੰਮਣ ਲੱਗੇ, 'ਹਰ ਮੁਸਲਮਾਨ ਦਾ ਇੱਕੋ ਹੀ ਧਰਮ ਐ ਕਿ ਗੈਰ ਮੁਸਲਮਾਨਾ ਨੂੰ ਖਤਮ ਕਰ ਦਿਉ। ਦੁਨੀਆਂ 'ਤੇ ਕੋਈ ਵੀ ਅਜਿਹਾ ਨਾ ਰਹੇ ਜਿਹੜਾ ਮੁਸਲਮਾਨ ਨਾ ਹੋਵੇ। ਲੋਕਾਂ ਨੂੰ ਸਮਝਾ ਬੁਝਾ ਕੇ ਮੁਸਲਮਾਨ ਬਣਾਉਣ ਨਾਲੋਂ ਬਿਹਤਰ ਇਹ ਐ ਕਿ ਉਨ੍ਹਾਂ ਦਾ ਖਾਤਮਾ ਕਰੋ। ਜਿੰਨੀ ਛੇਤੀ ਗੈਰ ਮੁਸਲਮਾਨਾ ਦਾ ਸਫਾਇਆ ਹੋਵੇਗਾ ਉਨੀਂ ਛੇਤੀ ਹੀ ਅਸੀਂ ਦੁਨੀਆਂ 'ਤੇ ਇਸਲਾਮ ਦਾ ਝੰਡਾ ਝੁਲਾ ਸਕਾਂਗੇ। ਇਸ ਤੋਂ ਬਿਨਾ ਹਰ ਮੁਸਲਮਾਨ ਦਾ ਇਹ ਵੀ ਧਾਰਮਿਕ ਫਰਜ਼ ਐ ਕਿ ਉਹ ਕਈ ਸ਼ਾਦੀਆਂ ਕਰਕੇ ਵੱਧ ਤੋਂ ਵੱਧ ਬੱਚੇ ਪੈਦਾ ਕਰੇ ਤਾਂ ਕਿ ਸਾਡੀ ਗਿਣਤੀ ਕਾਫਰਾਂ ਦੇ ਉੱਪਰ ਦੀ ਹੋ ਜਾਵੇ।'
''ਤੂੰ ਮੇਰੀ ਗੱਲ ਸੁਣ ਰਹੀ ਐਂ ਨਾ?''
''ਹਾਂ ਹਾਂ ਮੇਰਾ ਧਿਆਨ ਤੇਰੀ ਗੱਲ ਵੱਲ ਈ ਐ।'' ਆਫੀਆ ਨੇ ਖਿਆਲਾਂ 'ਚੋਂ ਨਿਕਲਦਿਆਂ ਸੁਹੇਲ ਦੀ ਗੱਲ ਦਾ ਹੁੰਗਾਰਾ ਭਰਿਆ।
''ਸਾਨੂੰ ਸ਼ੇਖ ਉਮਰ ਵਰਗੇ ਧਾਰਮਿਕ ਰਹਿਨੁਮਾ ਦੀ ਲੋੜ ਐ?''
''ਪਰ....।'' ਆਫੀਆ ਨੇ ਉਸਦੀ ਗੱਲ ਟੋਕੀ।
''ਹਾਂ ਦੱਸ ਕੀ?''
''ਪਰ ਇਹ ਰਮਜੀ ਯੂਸਫ ਫਿਰ ਅੱਜ ਐਮ. ਐਸ. ਏ. ਦੀ ਮੀਟਿੰਗ ਵਿੱਚ ਕੀ ਕਰ ਰਿਹਾ ਸੀ?''
''ਅਸਲ 'ਚ ਸਾਰੀਆਂ ਗੱਲਾਂ ਦਾ ਤੈਨੂੰ ਹੌਲੀ ਹੌਲੀ ਪਤਾ ਲੱਗੂਗਾ। ਕਈ ਮੈਂਬਰ ਦੋਨੋਂ ਪਾਸੇ ਕੰਮ ਕਰਦੇ ਨੇ। ਜਿਵੇਂ ਕਿ ਮਾਰਲੇਨ ਦਾ ਘਰਵਾਲਾ ਬਸਮ ਕੁੰਜ ਐ। ਉਹ ਦੋਨੋਂ ਪਾਸਿਆਂ ਦਾ ਮੈਂਬਰ ਐ।''
'ਅੱਜ ਕੱਲ੍ਹ ਉਹ ਕਿੱਥੇ ਐ। ਕਿਉਂਕਿ ਉਹ ਅੱਜ ਮਾਰਲੇਨ ਦੇ ਨਾਲ ਤਾਂ ਕਿਧਰੇ ਦਿਸਿਆ ਨ੍ਹੀਂ?'' ਗੱਲ ਫਿਰ ਹੋਰ ਪਾਸੇ ਤੁਰ ਪਈ।
'ਉਸਦੀ ਵੀ ਲੰਬੀ ਕਹਾਣੀ ਐਂ। ਉਹ ਲਿਬਨਾਨ ਦਾ ਜੰਮਪਲ ਐ। ਉਹ ਉੱਥੋਂ ਕਿਸੇ ਧਾਰਮਿਕ ਜਥੇਬੰਦੀ ਤੋਂ ਵਜੀਫਾ ਲੈ ਕੇ ਇੱਥੇ ਪੜ੍ਹਨ ਆਇਆ ਸੀ। ਬਾਸਟਨ ਯੂਨੀਵਰਸਿਟੀ ਤੋਂ ਉਸਨੇ ਗਰੈਜੂਏਸ਼ਨ ਕੀਤੀ। ਇੱਥੇ ਈ ਉਹ ਜਿਹਾਦੀ ਲੀਡਰਾਂ ਦੇ ਸੰਪਰਕ 'ਚ ਆਇਆ। ਫਿਰ ਉਹ ਅਲ ਕੀਫਾ ਦਾ ਸਰਗਰਮ ਮੈਂਬਰ ਬਣ ਗਿਆ। ਉਦੋਂ ਜਿਹੇ ਹੀ ਉਸਨੇ ਮਾਰਲੇਨ ਨਾਲ ਸ਼ਾਦੀ ਕੀਤੀ ਤੇ ਉਨ੍ਹਾਂ ਦੇ ਇੱਕ ਬੱਚੀ ਹੋ ਗਈ। ਫਿਰ ਉਹ ਦੋਨੋਂ ਪਾਕਿਸਤਾਨ ਚਲੇ ਗਏ। ਉੱਥੋਂ ਬਸਮ ਤਾਂ ਜਿਹਾਦ 'ਚ ਲੜਨ ਵਾਸਤੇ ਬਾਡਰ ਲੰਘ ਕੇ ਅਫਗਾਨਿਸਤਾਨ ਚਲਿਆ ਗਿਆ ਤੇ ਮਾਰਲੇਨ ਆਪਣੀ ਬੱਚੀ ਨਾਲ ਪਿਸ਼ਾਵਰ ਦੇ ਉਸ ਇਲਾਕੇ 'ਚ ਰਹੀ ਜਿੱਥੇ ਕਿ ਸਾਰੇ ਜਿਹਾਦੀਆਂ ਦੇ ਪਰਿਵਾਰ ਰਹਿੰਦੇ ਸਨ। ਉੱਥੇ ਉਹ ਲੜਾਈ ਦੌਰਾਨ ਸਖਤ ਜ਼ਖਮੀ ਹੋ ਗਿਆ ਤੇ ਉਸਨੂੰ ਸਰਜਰੀ ਲਈ ਇੱਥੇ ਅਮਰੀਕਾ ਵਾਪਸ ਆਉਣਾ ਪਿਆ। ਮਾਰਲੇਨ ਤੇ ਬਸਮ ਇੱਥੇ ਆ ਕੇ ਕੁਝ ਦੇਰ ਰਹੇ। ਜਦੋਂ ਬਸਮ ਪੂਰੀ ਤਰ੍ਹਾਂ ਠੀਕ ਹੋ ਗਿਆ ਤਾਂ ਉਹ ਫਿਰ ਜਿਹਾਦ ਦੀ ਲੜਾਈ 'ਚ ਹਿੱਸਾ ਲੈਣ ਲਿਬਨਾਨ ਚਲਿਆ ਗਿਆ। ਉੱਥੋਂ ਉਹ ਅੱਗੇ ਬਾਸਨੀਆਂ ਚਲਿਆ ਗਿਆ। ਅੱਜ ਕੱਲ੍ਹ ਉਹ ਬਾਸਨੀਆਂ ਵਿੱਚ ਹੀ ਲੜ੍ਹ ਰਿਹਾ ਐ।''
ਇੰਨੀ ਦੇਰ ਨੂੰ ਆਫੀਆ ਦਾ ਹੋਸਟਲ ਆ ਗਿਆ ਸੀ। ਗੱਲਾਂ ਦਾ ਸਿਲਸਲਾ ਬੰਦ ਹੋ ਗਿਆ। ਸੁਹੇਲ ਆਫੀਆ ਨੂੰ ਹੋਸਟਲ ਉਤਾਰ ਕੇ ਵਾਪਸ ਚਲਿਆ ਗਿਆ। ਆਫੀਆ ਆਪਣੇ ਕਮਰੇ ਵੱਲ ਨੂੰ ਜਾਂਦੀ ਮਾਰਲੇਨ ਅਤੇ ਬਸਮ ਕੁੰਜ ਬਾਰੇ ਹੀ ਸੋਚਦੀ ਜਾ ਰਹੀ ਸੀ। ਉਸਨੂੰ ਉਹ ਇੱਕ ਸੱਚਾ ਮੁਸਲਮਾਨ ਜੋੜਾ ਲੱਗਿਆ ਜੋ ਕਿ ਪੂਰਣ ਰੂਪ ਵਿੱਚ ਜਿਹਾਦ ਨੂੰ ਸਮਪਰਤ ਸੀ। ਉਸਨੂੰ ਮਾਰਲੇਨ ਚੰਗੀ ਚੰਗੀ ਲੱਗਣ ਲੱਗੀ। ਦੇਰ ਰਾਤ ਤੱਕ ਵੀ ਉਹ ਉਨ੍ਹਾਂ ਬਾਰੇ ਸੋਚਦੀ ਰਹੀ। ਅਗਲੇ ਕੁਝ ਦਿਨਾਂ ਵਿੱਚ ਹੀ ਉਸਨੇ ਮਾਰਲੇਨ ਨਾਲ ਚੰਗੀ ਦੋਸਤੀ ਗੰਢ ਲਈ।
ਆਫੀਆ ਦੀ ਪੜ੍ਹਾਈ ਬਾਰੇ ਕਿਸੇ ਨੂੰ ਕੋਈ ਸ਼ੰਕਾ ਨਹੀਂ ਸੀ। ਸਭ ਜਾਣਦੇ ਸਨ ਕਿ ਉਹ ਇਤਨੀ ਹੁਸ਼ਿਆਰ ਹੈ ਕਿ ਉਹ ਕੋਈ ਵੀ ਵਿਸ਼ਾ ਚੁਣ ਲਵੇ ਪਰ ਹਮੇਸ਼ਾ ਪਹਿਲੇ ਨੰਬਰ 'ਤੇ ਆਵੇਗੀ। ਇਨ੍ਹਾਂ ਦਿਨਾਂ ਵਿੱਚ ਉਸਨੇ ਇੱਕ ਪਰਚਾ ਲਿਖਿਆ ਜਿਸਦਾ ਨਾਂ ਸੀ 'ਇਸਲਾਮੀਜੇਸ਼ਨ ਇਨ ਪਾਕਿਸਤਾਨ ਐਂਡ ਇਟਸ ਅਫੈਕਟਸ ਆਨ ਵੋਮੈਨ'। ਇਸ ਪਰਚੇ ਕਰਕੇ ਉਸਨੂੰ ਐਮ. ਆਈ. ਟੀ. ਨੇ ਕੈਰਲ ਵਿਲਸਨ ਅਵਾਰਡ ਨਾਲ ਸਨਮਾਨਿਤ ਕੀਤਾ। ਜਿਸ ਵਿੱਚ ਪੰਜ ਹਜ਼ਾਰ ਡਾਲਰ ਦਾ ਨਕਦ ਇਨਾਮ ਸ਼ਾਮਲ ਸੀ। ਇਸ ਇਨਾਮ ਨਾਲ ਖੁਸ਼ ਹੋਈ ਆਫੀਆ, 1992 ਦੀਆਂ ਗਰਮੀਆਂ 'ਚ ਛੁੱਟੀਆਂ ਕੱਟਣ ਪਾਕਿਸਤਾਨ ਚਲੀ ਗਈ। ਉਨ੍ਹੀਂ ਦਿਨੀਂ ਪਾਕਿਸਤਾਨ 'ਚ ਹਦੂਦ ਲਾਅ ਬਾਰੇ ਰੌਲਾ ਰੱਪਾ ਚੱਲ ਰਿਹਾ ਸੀ। ਹਿਊਮਨ ਰਾਈਟਸ ਵਰਗੀਆਂ ਜਥੇਬੰਦੀਆਂ ਦਾ ਕਹਿਣਾ ਸੀ ਕਿ ਇਹ ਲਾਅ ਨਾ ਸਿਰਫ ਔਰਤ ਦੀ ਆਜ਼ਾਦੀ ਨੂੰ ਕੁਚਲ ਰਿਹਾ ਹੈ ਸਗੋਂ ਇਸ ਨੇ ਤਾਂ ਔਰਤ ਜਾਤੀ ਦਾ ਘਾਣ ਕਰ ਕੇ ਰੱਖ ਦਿੱਤਾ ਹੈ। ਇਸ ਕਨੂੰਨ ਨੂੰ ਘੜਨ ਵਿੱਚ ਮੁਫਤੀ ਮੁਹੰਮਦ ਤਕੀ ਉਸਮਾਨੀ ਨੇ ਬੜੀ ਮਿਹਨਤ ਕੀਤੀ ਸੀ। ਮੁਫਤੀ ਉਸਮਾਨੀ ਆਫੀਆ ਦੇ ਪਰਿਵਾਰ ਦਾ ਧਾਰਮਿਕ ਰਹਿਨੁਮਾ ਸੀ। ਇਸ ਕਰਕੇ ਆਫੀਆ ਨੂੰ ਉਨ੍ਹੀਂ ਦਿਨੀਂ ਚੱਲ ਰਹੇ ਰੌਲੇ ਰੱਪੇ 'ਚ ਦਿਲਸਚਪੀ ਹੋ ਗਈ। ਉਸਨੇ ਮੁਫਤੀ ਸਾਹਿਬ ਦਾ ਪੱਖ ਲੈਣ ਦਾ ਨਿਰਣਾ ਲੈ ਲਿਆ। ਉਹ ਇਹ ਪੱਖ ਇਸ ਕਰਕੇ ਨਹੀਂ ਲੈ ਰਹੀ ਸੀ ਕਿ ਇਸ ਦਾ ਘਾੜਾ ਮੁਫਤੀ ਉਸਮਾਨੀ ਸੀ ਬਲਕਿ ਇਸ ਕਰਕੇ ਕਿ ਉਸਦੀ ਆਪਣੀ ਸੋਚਣੀ ਸੀ ਕਿ ਇਸਲਾਮ ਨੇ ਜੋ ਵੀ ਪਾਬੰਦੀਆਂ ਔਰਤ 'ਤੇ ਲਾਈਆਂ ਹਨ ਇਹ ਮੁਸਲਮਾਨ ਔਰਤ ਦੇ ਲਈ ਸਹੀ ਹਨ। ਇਨ੍ਹਾਂ ਨੂੰ ਮੰਨਦੀ ਹੋਈ ਹੀ ਉਹ ਆਪਣੇ ਧਰਮ ਦਾ ਸਹੀ ਪਾਲਣ ਕਰ ਰਹੀ ਹੋਵੇਗੀ। ਇਸ ਅਰਸੇ ਦਰਮਿਆਨ ਉਹ ਜਿਸ ਕਿਸੇ ਵੀ ਵੱਡੇ ਲੀਡਰ ਨੂੰ ਮਿਲੀ ਹਰ ਕੋਈ ਉਸਦੇ ਵਿਚਾਰਾਂ ਤੋਂ ਪ੍ਰਭਾਵਤ ਹੋਇਆ। ਕਿਉਂਕਿ ਇੱਕ ਔਰਤ ਹੋ ਕੇ ਉਹ ਔਰਤਾਂ ਦੇ ਹੱਕ ਵਿੱਚ ਵਿੱਚ ਚੱਲ ਰਹੇ ਸੰਘਰਸ਼ ਦੇ ਉਲਟ ਸੀ। ਉਸਦੇ ਸ਼ੁਭਚਿੰਤਕਾਂ 'ਚ ਪਹਿਲੇ ਪਾਕਿਸਤਾਨੀ ਡਿਕਟੇਟਰ ਜਿਆ ਉਲ ਹੱਕ ਦਾ ਪੁੱਤਰ ਇਆਜ਼ ਉਲ ਹੱਕ ਵੀ ਸੀ। ਉਸ ਵੇਲੇ ਪਾਕਿਸਤਾਨ ਦੀ ਰਾਜਨੀਤੀ ਵਿੱਚ ਵੀ ਫੇਰ ਬਦਲ ਹੋ ਚੁੱਕਿਆ ਸੀ। ਬੇਨਜ਼ੀਰ ਭੁੱਟੋ ਦੀ ਜਗ੍ਹਾ ਨਵਾਜ ਸ਼ਰੀਫ ਦੀ ਪਾਰਟੀ ਸਤਾ ਵਿੱਚ ਆ ਚੁੱਕੀ ਸੀ ਤੇ ਉਹ ਮੁਲਕ ਦਾ ਪ੍ਰਧਾਨ ਮੰਤਰੀ ਸੀ। ਪਰ ਸਰਕਾਰ ਦੇ ਬਦਲ ਜਾਣ ਨਾਲ ਹੋਰ ਭਾਵੇਂ ਸਭ ਕੁਝ ਬਦਲ ਗਿਆ ਹੋਵੇ ਪਰ ਇੱਕ ਗੱਲ ਨਹੀਂ ਬਦਲੀ ਸੀ। ਉਹ ਸੀ ਪਾਕਿਸਤਾਨ ਦੀ ਖੁਫੀਆ ਏਜੈਂਸੀ ਆਈ. ਐਸ. ਆਈ ਦਾ ਏਜੈਂਡਾ। ਇਸਦੇ ਮੌਕੇ ਦੇ ਮੁਖੀ, ਜਾਵੇਦ ਨਾਸਿਰ ਦੀ ਸੋਚਣੀ ਸੀ ਕਿ ਪਾਕਿਸਤਾਨ ਨੂੰ ਦੁਨੀਆਂ ਦੇ ਕਿਸੇ ਵੀ ਹਿੱਸੇ 'ਚ ਚੱਲ ਰਹੇ ਜਿਹਾਦ ਦੀ ਵੱਧ ਤੋਂ ਵੱਧ ਮੱਦਦ ਕਰਨੀ ਚਾਹੀਦੀ ਹੈ। ਇਸੇ ਏਜੈਂਡੇ ਦੇ ਤਹਿਤ ਉਹ ਬਾਸਨੀਆਂ ਅੰਦਰ ਚੱਲ ਰਹੇ ਗ੍ਰਹਿ ਯੁੱਧ ਵਿੱਚ ਜਿਹਾਦੀਆਂ ਦੀ ਮੱਦਦ ਕਰ ਰਿਹਾ ਸੀ। ਇਸ ਤੋਂ ਬਿਨਾ ਆਈ. ਐਸ. ਆਈ. ਫਿਲਪੀਨਜ਼, ਰਸ਼ੀਆ ਦੇ ਕਈ ਹਿੱਸਿਆਂ 'ਚ ਚੱਲ ਰਹੇ ਜਿਹਾਦ ਅਤੇ ਚੀਨ ਦੇ ਸਿਨਜ਼ਿਆਂਗ ਸੂਬੇ 'ਚ ਚੱਲ ਰਹੇ ਸੰਘਰਸ਼ ਵਿੱਚ ਵੀ ਉਹੀ ਨੀਤੀ ਅਪਣਾ ਰਹੀ ਸੀ। ਹਰ ਜਿਹਾਦ 'ਚ ਅਰਬ ਅਫਗਾਨਾਂ ਦੇ ਜਥੇ ਲੜ ਰਹੇ ਸਨ। ਇਹ ਉਹੀ ਲੋਕ ਸਨ ਜੋ ਅਫਗਾਨਿਸਤਾਨ ਦੀ ਜੰਗ ਵੇਲੇ ਅਮਰੀਕਾ ਵੱਲੋਂ ਰਸ਼ੀਆ ਦੇ ਖਿਲਾਫ ਲੜੇ ਸਨ। ਜਦੋਂ ਉੱਥੇ ਲੜਾਈ ਖਤਮ ਹੋ ਗਈ ਤਾਂ ਇਨ੍ਹਾਂ ਜਥਿਆਂ ਦੇ ਲੀਡਰ ਆਪਣੇ ਲੜਾਕਿਆਂ ਨੂੰ ਦੁਨੀਆਂ ਦੇ ਹੋਰਨਾ ਖੇਤਰਾਂ ਵੱਲ ਲੈ ਤੁਰੇ। ਇਨ੍ਹਾਂ ਲੀਡਰਾਂ ਵਿੱਚੋਂ ਸਭ ਤੋਂ ਵੱਧ ਉੱਭਰ ਕੇ ਬਾਹਰ ਆ ਰਿਹਾ ਲੀਡਰ ਉਸਾਮਾ ਬਿਨ ਲਾਦਿਨ ਸੀ। ਇਸ ਤੋਂ ਬਿਨਾ ਬਲੋਚਿਸਤਾਨ ਦਾ ਇੱਕ ਵੱਡਾ ਤੇ ਬਹੁਤ ਹੀ ਅਮੀਰ ਪਰਿਵਾਰ ਜਿਹਾਦ ਵਿੱਚ ਮੁੱਖ ਭੂਮਿਕਾ ਨਿਭਾ ਰਿਹਾ ਸੀ। ਇਸਨੂੰ ਅਲ ਬਲੋਚੀ ਕਰਕੇ ਜਾਣਿਆਂ ਜਾਂਦਾ ਸੀ। ਇਹ ਸਾਰਾ ਪਰਿਵਾਰ ਕਾਫੀ ਪਹਿਲਾਂ ਪਾਕਿਸਤਾਨ ਤੋਂ ਕੁਵੇਤ ਚਲਾ ਗਿਆ ਸੀ। ਪਰ 1980 ਦੇ ਇਰਦ ਗਿਰਦ ਇਹ ਫਿਰ ਵਾਪਸ ਪਾਕਿਸਤਾਨ ਮੁੜ ਆਇਆ ਤੇ ਅੱਜ ਕੱਲ੍ਹ ਜਿਹਾਦ 'ਚ ਵਧ ਚੜ੍ਹ ਕੇ ਹਿੱਸਾ ਲੈ ਰਿਹਾ ਸੀ। ਇਸ ਪਰਿਵਾਰ ਦੇ ਮੋਢੀ ਦਾ ਨਾਂ ਖਾਲਿਦ ਸ਼ੇਖ ਮੁਹੰਮਦ ਸੀ ਜਿਸਨੂੰ ਸਾਰੇ ਉਸਦੇ ਨਿੱਕ ਨਾਂ ਜਾਣੀ ਕਿ ਕੇ. ਐਸ. ਐਮ ਕਰਕੇ ਜਾਣਦੇ ਸਨ। ਰਮਜੀ ਯੂਸਫ ਇਸੇ ਕੇ. ਐਸ. ਐਮ. ਦਾ ਭਤੀਜਾ ਸੀ।
ਖੈਰ ਆਪਣੀਆਂ ਛੁੱਟੀਆਂ ਬਿਤਾ ਕੇ ਆਫੀਆ ਵਾਪਸ ਅਮਰੀਕਾ ਆ ਗਈ। ਜਦੋਂ ਉਹ ਲੋਗਨ ਇੰਟਰਨੈਸ਼ਨਲ ਏਅਰਪੋਰਟ 'ਤੇ ਉਤਰ ਕੇ ਕਸਟਮ ਬਗੈਰਾ ਦੀ ਕਲੀਅਰੈਂਸ ਲਈ ਲਾਈਨ ਵਿੱਚ ਲੱਗੀ ਹੋਈ ਸੀ ਤਾਂ ਉਸਨੇ ਵੇਖਿਆ ਕਿ ਨਾਲ ਦੀ ਲਾਈਨ 'ਚ ਖੜ੍ਹਾ ਕੋਈ ਜਣਾ ਉਸ ਵੱਲ ਬੜੇ ਗੌਹ ਨਾਲ ਝਾਕ ਰਿਹਾ ਸੀ। ਉਸਨੇ ਦਿਮਾਗ 'ਤੇ ਜ਼ੋਰ ਪਾ ਕੇ ਯਾਦ ਕਰਨ ਦੀ ਕੋਸ਼ਿਸ਼ ਕੀਤੀ ਕਿ ਇਸ ਆਦਮੀ ਨੂੰ ਪਹਿਲਾਂ ਉਸਨੇ ਕਿੱਥੇ ਵੇਖਿਆ ਹੋਇਆ ਪਰ ਉਸ ਨੂੰ ਕੁਝ ਯਾਦ ਨਾ ਆਇਆ। ਉਹ ਨੀਵੀਂ ਪਾਈ ਸੋਚਣ ਲੱਗੀ। ਫਿਰ ਉਸਦੇ ਦਿਮਾਗ 'ਚ ਅਚਾਣਕ ਕੁਝ ਕੌਂਧਿਆ ਤੇ ਉਸਨੇ ਭੜੱਕ ਦੇਣੇ ਨਾਲ ਦੀ ਲਾਈਨ ਵੱਲ ਵੇਖਿਆ। ਉਦੋਂ ਨੂੰ ਉਹ ਆਦਮੀ ਅੱਗੇ ਨਿਕਲ ਗਿਆ ਸੀ ਆਫੀਆ ਮਨ ਹੀ ਮਨ ਬੋਲੀ, 'ਉਹ ਇਹ ਤਾਂ ਰਮਜੀ ਯੂਸਫ ਐ, ਜਿਸਨੂੰ ਉਸ ਦਿਨ ਐਮ. ਐਸ. ਏ. ਦੀ ਮੀਟਿੰਗ 'ਚ ਵੇਖਿਆ ਸੀ।'
Chahals57@yahoo.com
Ph. 0017033623239

ਪੰਜ :---



ਪੋਸਟਿੰਗ : ਅਨੁ. ਮਹਿੰਦਰ ਬੇਦੀ ਜੈਤੋ



ਆਫੀਆ ਸਦੀਕੀ ਦਾ ਜਿਹਾਦ…:: ਲੇਖਕ : ਹਰਮਹਿੰਦਰ ਚਹਿਲ :---


ਅਲ ਕੀਫਾ ਦੀ ਮੀਟਿੰਗ 'ਚ ਹਿੱਸਾ ਲੈਣ ਮਾਰਲੇਨ ਅਤੇ ਆਫੀਆ ਇਕੱਠੀਆਂ ਪਹੁੰਚੀਆਂ। ਇਹ ਮੀਟਿੰਗ ਕਿਸੇ ਦੇ ਘਰ ਹੋ ਰਹੀ ਸੀ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਆਫੀਆ ਅਤੇ ਮਾਰਲੇਨ ਗੱਲਾਂ ਕਰ ਰਹੀਆਂ ਸਨ ਕਿ ਉਦੋਂ ਹੀ ਆਫੀਆ ਦੇ ਕੰਨੀ ਆਵਾਜ਼ ਪਈ,
''ਸਲਾਮਾ ਲੇਕਮ, ਹਮਸ਼ੀਰਾ।''
ਆਫੀਆ ਨੇ ਪਿੱਛੇ ਮੁੜ ਕੇ ਵੇਖਿਆ। ਸਾਹਮਣੇ ਰਮਜੀ ਯੂਸਫ ਖੜ੍ਹਾ ਸੀ। ਉਹ ਬੜੇ ਉਤਸ਼ਾਹ ਨਾਲ ਬੋਲੀ, ''ਉਹ ਜੀ ਵਾਲ ਏਕਮ ਸਲਾਮ। ਮੇਰਾ ਖਿਆਲ ਐ ਆਪਾਂ ਉਸ ਦਿਨ ਇਕੱਠੇ ਇਕੋ ਫਲਾਈਟ 'ਤੇ ਆਏ ਸੀ।''
''ਮਾਰਲੇਨ ਤੇਰਾ ਕੀ ਹਾਲ ਐ?'' ਰਮਜੀ ਯੂਸਫ ਨੇ ਆਫੀਆ ਦੀ ਇਕੱਠੇ ਆਉਣ ਵਾਲੀ ਗੱਲ ਵੱਲ ਕੋਈ ਧਿਆਨ ਨਾ ਦਿੱਤਾ।
''ਜੀ ਠੀਕ ਐ। ਤੁਸੀਂ ਸੁਣਾਉ।''
''ਹੋਰ ਬਸਮ ਦਾ ਫੋਨ ਬਗੈਰਾ ਆਇਆ ਸੀ?''
''ਹਾਂ ਫੋਨ ਤਾਂ ਉਸਦਾ ਆਉਂਦਾ ਈ ਰਹਿੰਦਾ ਐ। ਕਹਿ ਰਿਹਾ ਸੀ ਕਿ ਬਾਸਨੀਆਂ ਦੀ ਘਰੇਲੂ ਜੰਗ ਖਤਰਨਾਕ ਰੂਪ ਅਖਤਿਆਰ ਕਰਦੀ ਜਾ ਰਹੀ ਐ।''
'ਇਹ ਘਰੇਲੂ ਜੰਗ ਨ੍ਹੀਂ ਐ, ਇਹ ਮੁਸਲਮਾਨਾ ਨੂੰ ਖਤਮ ਕਰਨ ਦੀ ਸਕੀਮ ਐਂ। ਇਸ ਸਕੀਮ 'ਚ ਸਾਰੀ ਦੁਨੀਆਂ, ਮੁਸਲਮਾਨਾਂ ਦੇ ਖਿਲਾਫ ਇਕੱਠੀ ਹੋਈ ਚੁੱਕੀ ਐ। ਖੈਰ…....।'' ਉਹ ਗੱਲ ਵਿਚਕਾਰੇ ਛੱਡਦਾ ਕਿਸੇ ਹੋਰ ਕੋਲ ਜਾ ਕੇ ਗੱਲਾਂ ਕਰਨ ਲੱਗਿਆ। ਫਿਰ ਮੀਟਿੰਗ ਸ਼ੁਰੂ ਹੋ ਗਈ। ਅੱਜ ਦਾ ਮੁੱਖ ਏਜੰਡਾ ਸੀ ਬਾਸਨੀਆਂ ਵਿੱਚ ਚੱਲ ਰਿਹਾ ਜਿਹਾਦ। ਹੋਰ ਚਰਚਾਵਾਂ ਤੋਂ ਬਿਨਾਂ ਇਸ ਗੱਲ 'ਤੇ ਸਹਿਮਤੀ ਪ੍ਰਗਟਾਈ ਗਈ ਕਿ ਉੱਥੇ ਦੇ ਜਿਹਾਦ ਵਿੱਚ ਯਤੀਮ ਹੋ ਰਹੇ ਬੱਚਿਆਂ ਅਤੇ ਵਿਧਵਾਵਾਂ ਲਈ ਫੰਡ ਇਕੱਠਾ ਕਰਨ ਦੀ ਲੋੜ ਐ। ਇਸ ਦੇ ਲਈ ਇੱਕ ਨਵੀਂ ਜਥੇਬੰਦੀ 'ਰਿਲੀਫ ਇੰਟਰਨੈਸ਼ਨਲ' ਸ਼ੁਰੂ ਕਰਨ ਦਾ ਨਿਰਣਾ ਲਿਆ ਗਿਆ। ਇਸ ਦਾ ਸਾਰਾ ਕੰਮ ਕਾਜ ਅਤੇ ਲੋਕਾਂ ਤੋਂ ਇਸ ਲਈ ਫੰਡ ਇਕੱਠਾ ਕਰਨ ਦੀ ਜ਼ਿੰਮੇਵਾਰੀ ਆਫੀਆ ਨੇ ਲੈ ਲਈ। ਮੀਟਿੰਗ ਖਤਮ ਹੋਣ ਦੇ ਨੇੜੇ ਸੀ ਜਦੋਂ ਇੱਕ ਜਣਾ ਸ਼ੇਖ ਉਮਰ ਰਹਿਮਾਨ ਦੀ ਬਾਂਹ ਫੜੀ ਕਮਰੇ ਵਿੱਚ ਦਾਖਲ ਹੋਇਆ। ਸਾਰਿਆਂ ਨੇ ਝੁਕ ਕੇ ਸ਼ੇਖ ਨੂੰ ਸਲਾਮ ਕਹੀ। ਸ਼ੇਖ ਨੇ ਆਪਣੀ ਸੋਟੀ ਇੱਧਰ ਉੱਧਰ ਧਰਦਿਆਂ ਸੋਫਾ ਲੱਭਿਆ ਤੇ ਆਰਾਮ ਨਾਲ ਬੈਠ ਗਿਆ।
'ਸਾਰੇ ਜਿਹਾਦੀਆਂ ਦਾ ਅੱਜ ਦੀ ਮੀਟਿੰਗ ਵਿੱਚ ਸੁਆਗਤ ਐ। ਮੈਂ ਬਹੁਤੀਆਂ ਗੱਲਾਂ ਨ੍ਹੀਂ ਕਰਨੀਆਂ। ਬੱਸ ਮੈਂ ਇਤਨਾ ਈ ਯਾਦ ਕਰਵਾਉਣਾ ਐ ਕਿ ਤੁਹਾਨੂੰ ਆਪਣਾ ਫਰਜ਼ ਹਰ ਵਕਤ ਯਾਦ ਰਹਿਣਾ ਚਾਹੀਦਾ ਐ…....।''
ਉਹ ਬੋਲਦਾ ਬੋਲਦਾ ਚੁੱਪ ਹੋਇਆ। ਪਰ ਕਮਰੇ 'ਚ ਮੁਕੰਮਲ ਚੁੱਪ ਛਾਈ ਹੋਈ ਸੀ। ਕੋਈ ਉੱਚਾ ਸਾਹ ਵੀ ਨ੍ਹੀਂ ਲੈ ਰਿਹਾ ਸੀ। ਉਸਨੇ ਪਲ ਭਰ ਰੁਕਦਿਆਂ ਅੱਗੇ ਬੋਲਣਾ ਸ਼ੁਰੂ ਕੀਤਾ, ''ਇਹ ਦੁਨੀਆਂ ਕਾਫਰਾਂ ਨਾਲ ਭਰੀ ਪਈ ਐ। ਜਦੋਂ ਤੱਕ ਇਨ੍ਹਾਂ ਸਾਰਿਆਂ ਦਾ ਸਫਾਇਆ ਨ੍ਹੀਂ ਹੋ ਜਾਂਦਾ ਉਦੋਂ ਤੱਕ ਧਰਤੀ 'ਤੇ ਸ਼ਾਂਤੀ ਨ੍ਹੀਂ ਹੋ ਸਕਦੀ। ਇੱਥੇ ਮੁਕੰਮਲ ਸ਼ਾਂਤੀ ਉਦੋਂ ਈ ਹੋਵੇਗੀ ਜਦੋਂ ਚਾਰੇ ਪਾਸੇ ਇਸਲਾਮੀ ਝੰਡਾ ਝੂਲੇਗਾ। ਮੈਂ ਭਾਵੇਂ ਅੰਨਾ ਆਂ ਪਰ ਮੇਰੇ ਮਨ ਦੀਆਂ ਅੱਖਾਂ ਦੇਖ ਰਹੀਆਂ ਨੇ ਕਿ ਕਾਫਰਾਂ ਦੀ ਚੜਤ ਹਰ ਵਕਤ ਸਾਡੇ ਸਾਹਮਣੇ ਰਹਿੰਦੀ ਐ। ਆਹ ਕੁਝ ਹੀ ਦੂਰੀ 'ਤੇ ਇਨ੍ਹਾਂ ਕਾਫਰਾਂ ਦੀਆਂ ਅਸਮਾਨ ਛੋਹਦੀਆਂ ਬਿਲਡਿੰਗਾਂ ਮੇਰੇ ਮਨ 'ਤੇ ਕੰਡੇ ਵਾਂਗੂੰ ਚੁਭਦੀਆਂ ਨੇ। ਕਾਸ਼ ਕਿ ਕੋਈ...।'' ਉਹ ਚੁੱਪ ਹੁੰਦਾ ਅੱਗੇ ਦੀ ਗੱਲ ਉੱਥੇ ਹੀ ਦਬਾ ਗਿਆ। ਸਾਰੇ ਸਮਝ ਗਏ ਕਿ ਉਸਦਾ ਇਸ਼ਾਰਾ ਵਰਲਡ ਟਰੇਡ ਸੈਂਟਰ ਦੇ ਟਾਵਰਾਂ ਵੱਲ ਸੀ। ਕੁਝ ਦੇਰ ਖਾਲੀ ਪੁਤਲੀਆਂ ਇੱਧਰ ਉੱਧਰ ਘੁਮਾਉਂਦਾ ਉਹ ਫਿਰ ਬੋਲਿਆ, ''ਇਨ੍ਹਾਂ ਕਾਫਰਾਂ ਦੇ ਦੂਹਰੇ ਮਾਪ ਦੰਡ ਵੇਖੋ। ਇਨ੍ਹਾਂ ਨੇ ਜਾਪਾਨ ਅੰਦਰ ਦੋ ਬੰਬ ਸੁੱਟ ਕੇ ਤਕਰੀਬਨ ਸਵਾ ਦੋ ਲੱਖ ਲੋਕ ਹਫਤੇ 'ਚ ਮਾਰ ਮੁਕਾਏ। ਸਾਡੇ ਫਲਸਤੀਨੀ ਭਰਾਵਾਂ ਦੀ ਲੜਾਈ ਨੂੰ ਇਹ ਟੈਰੋਰਿਜ਼ਮ ਦੱਸਦੇ ਨੇ। ਜ਼ਰਾ ਸੋਚੋ ਕਿ ਅਸਲੀ ਟੈਰੋਰਿਸਟ ਕੌਣ ਹੋਇਆ। ਆਪਣੇ ਹੱਕਾਂ ਲਈ ਲੜਨ ਵਾਲਾ ਜਾਂ ਨਿਰਦੋਸ਼ ਲੋਕਾਂ ਨੂੰ ਐਟਮ ਬੰਬਾਂ ਨਾਲ ਮਾਰਨ ਵਾਲਾ। ਖੈਰ ਪਵਿੱਤਰ ਫਤਵਾ ਜਾਰੀ ਹੋ ਚੁੱਕਿਆ ਐ। ਉਸ 'ਤੇ ਅਮਲ ਕਰਨਾ ਹਰ ਸੱਚੇ ਮੁਸਲਮਾਨ ਦਾ ਕਰਤੱਵ ਐ।'' ਇੰਨਾ ਕਹਿੰਦਾ ਉਹ ਉੱਠ ਖੜ੍ਹਾ ਹੋਇਆ। ਜੋ ਬੰਦਾ ਉਸਨੂੰ ਲੈ ਕੇ ਆਇਆ ਸੀ ਉਸਨੇ ਅਗਾਂਹ ਹੋ ਕੇ ਸ਼ੇਖ ਦੀ ਬਾਂਹ ਫੜ੍ਹ ਲਈ ਤੇ ਅੰਦਰ ਨੂੰ ਲੈ ਤੁਰਿਆ। ਇਸ ਪਿੱਛੋਂ ਮੀਟਿੰਗ ਬਰਖਾਸਤ ਹੋ ਗਈ। ਸਾਰੇ ਉੱਠ ਕੇ ਤੁਰਨ ਲੱਗੇ। ਆਫੀਆ ਅਤੇ ਮਾਰਲੇਨ ਵੀ ਬਾਹਰ ਆ ਗਈਆਂ। ਆਫੀਆ ਵੇਖ ਰਹੀ ਸੀ ਕਿ ਹਰ ਕੋਈ ਮੀਟਿੰਗ 'ਚੋਂ ਉੱਠ ਆਇਆ ਹੈ ਪਰ ਰਮਜੀ ਯੂਸਫ, ਮੁਹੰਮਦ ਸਾਲੇਮਾਹ ਅਤੇ ਇੱਕ ਜਣਾ ਹੋਰ ਪਿੱਛੇ ਹੀ ਰੁਕ ਗਏ। ਉੱਥੋਂ ਉਹ ਤੁਰ ਪਈਆਂ ਪਰ ਰਸਤੇ ਵਿੱਚ ਉਨ੍ਹਾਂ ਵਿਚਕਾਰ ਜ਼ਿਆਦਾ ਗੱਲਬਾਤ ਨਾ ਹੋਈ। ਆਫੀਆ ਚੁੱਪ ਸੀ ਪਰ ਉਸਦਾ ਮਨ ਚੁੱਪ ਨਹੀਂ ਸੀ। ਉਹ ਸੋਚ ਰਹੀ ਸੀ ਕਿ ਸ਼ੇਖ ਉਮਰ ਅਬਦਲ ਰਹਿਮਾਨ ਨੇ ਜੋ ਫਤਵੇ ਬਾਰੇ ਕਿਹਾ ਸੀ ਉਹ ਜ਼ਰੂਰ ਹੀ ਕੋਈ ਅਹਿਮ ਗੱਲ ਹੋਵੇਗੀ। ਉਸ ਦੇ ਮਨ ਵਿੱਚ ਇਹ ਗੱਲ ਵੀ ਆ ਰਹੀ ਸੀ ਕਿ ਰਮਜੀ, ਦੂਸਰੇ ਸਾਥੀਆਂ ਸਮੇਤ ਉੱਥੇ ਹੀ ਕਿਉਂ ਰੁਕ ਗਿਆ। ਉਸਨੂੰ ਇਸ ਗੱਲ ਦਾ ਅਫਸੋਸ ਹੋ ਰਿਹਾ ਸੀ ਕਿ ਜੇਕਰ ਕੋਈ ਜ਼ਰੂਰੀ ਗੱਲ ਹੈ ਤਾਂ ਉਸਨੂੰ ਵੀ ਇਸ ਬਾਰੇ ਦੱਸਿਆ ਜਾਣਾ ਚਾਹੀਦਾ ਸੀ। ਉਸ ਨੂੰ ਲੱਗਿਆ ਕਿ ਸ਼ਾਇਦ ਉਸ ਉੱਪਰ ਅਜੇ ਪੂਰਾ ਭਰੋਸਾ ਨਹੀਂ ਕੀਤਾ ਜਾ ਰਿਹਾ। ਉਸਦਾ ਮਨ ਕਹਿ ਰਿਹਾ ਸੀ ਕਿ ਉਹ ਇਸ ਤਰ੍ਹਾਂ ਪਿੱਛੇ ਰਹਿਣ ਵਾਲਿਆਂ ਵਿੱਚੋਂ ਨਹੀਂ ਹੈ। ਉਹ ਤਾਂ ਮੂਹਰਲੀ ਕਤਾਰ ਦੀ ਜਿਹਾਦੀ ਹੈ। ਇਸ ਤਰ੍ਹਾਂ ਸੋਚਾਂ ਸੋਚਦਿਆਂ ਪਤਾ ਹੀ ਨਾ ਲੱਗਿਆ ਕਿ ਕਦੋਂ ਉਸਦਾ ਹੋਸਟਲ ਆ ਗਿਆ। ਮਾਰਲੇਨ ਉਸਨੂੰ ਉਤਾਰ ਕੇ ਅੱਗੇ ਚਲੀ ਗਈ।
ਇਸਦੇ ਹਫਤਾ ਕੁ ਪਿੱਛੋਂ ਆਫੀਆ ਦੁਪਹਿਰ ਵੇਲੇ ਖ਼ਬਰਾਂ ਵੇਖ ਰਹੀ ਸੀ ਜਦੋਂ ਕਿ ਉਹ ਉੱਛਲ ਕੇ ਖੜ੍ਹੀ ਹੋ ਗਈ। ਖ਼ਬਰ ਹੀ ਅਜਿਹੀ ਸੀ ਕਿ ਜਿਸਨੇ ਉਸਦਾ ਰੋਮ ਰੋਮ ਉਤਸ਼ਾਹ ਨਾਲ ਭਰ ਦਿੱਤਾ। ਸੀ. ਐਨ. ਐਨ. ਖ਼ਬਰ ਦੇ ਰਿਹਾ ਸੀ, ''ਵਰਲਡ ਟਰੇਡ ਸੈਂਟਰ ਦੇ ਨਾਰਥ ਟਾਵਰ ਦੀ ਪਾਰਕਿੰਗ 'ਚ ਬੰਬ ਧਮਾਕਾ। ਜਿਸ ਵਿੱਚ ਕਿ ਅੱਧੀ ਦਰਜਣ ਦੇ ਕਰੀਬ ਲੋਕ ਮਾਰੇ ਗਏ ਅਤੇ ਸੈਂਕੜੇ ਜ਼ਖ਼ਮੀ ਹੋ ਗਏ।''
ਇਹ ਖ਼ਬਰ ਸੁਣਦਿਆਂ ਹੀ ਆਫੀਆ ਦੇ ਕੰਨ ਭੜੱਕ ਭੜੱਕ ਖੁੱਲ੍ਹ ਗਏ। ਉਸਨੂੰ ਯਾਦ ਆ ਗਿਆ ਕਿ ਉਸ ਦਿਨ ਮੀਟਿੰਗ ਵਿੱਚ ਜੋ ਸ਼ੇਖ ਉਮਰ ਨੇ ਜੋ ਫਤਵੇ ਦੀ ਗੱਲ ਕਹੀ ਸੀ ਉਹ ਇਸੇ ਕੰਮ ਬਾਰੇ ਸੀ। ਫਿਰ ਨਾਲ ਹੀ ਉਸਨੂੰ ਇਹ ਖਿਆਲ ਵੀ ਆਇਆ ਕਿ ਰਮਜੀ ਯੂਸਫ ਅਤੇ ਉਸਦੇ ਦੋ ਸਾਥੀ ਪਿੱਛੇ ਸ਼ਾਇਦ ਇਸੇ ਕਾਰਵਾਈ ਲਈ ਰੁਕੇ ਸਨ ਜੋ ਕਿ ਅੱਜ ਵਰਲਡ ਟਰੇਡ ਸੈਂਟਰ ਵਿੱਚ ਵਾਪਰੀ ਹੈ। ਉਸਨੇ ਕਈ ਦੋਸਤਾਂ ਨੂੰ ਫੋਨ ਕੀਤੇ ਪਰ ਕਿਧਰਿਉਂ ਵੀ ਕੋਈ ਪੱਕੀ ਜਾਣਕਾਰੀ ਨਾ ਮਿਲੀ। ਉਸਨੇ ਸੁਹੇਲ ਨੂੰ ਫੋਨ ਕੀਤਾ ਤਾਂ ਉਸਨੇ ਕਿਹਾ ਕਿ ਉਹ ਉਸਨੂੰ ਅਗਲੇ ਦਿਨ ਮਿਲੂਗਾ।
ਅਗਲੇ ਦਿਨ ਸ਼ਾਮ ਵੇਲੇ ਆਫੀਆ ਅਤੇ ਸੁਹੇਲ ਕਾਰ ਵਿੱਚ ਬਹਿੰਦੇ ਕਿਧਰੇ ਨਵੇਕਲੇ ਪਾਰਕ ਵਿੱਚ ਚਲੇ ਗਏ। ਉੱਥੇ ਪਹੁੰਚ ਕੇ ਸੁਹੇਲ ਨੇ ਗੱਲ ਸ਼ੁਰੂ ਕੀਤੀ, ''ਸ਼ੇਖ ਸਾਹਿਬ ਨੇ ਫਤਾਵਾ ਜਾਰੀ ਕੀਤਾ ਸੀ ਕਿ ਘੱਟੋ ਘੱਟ ਢਾਈ ਲੱਖ ਅਮਰੀਕਣਾ ਨੂੰ ਇਕੱਠਿਆਂ ਨੂੰ ਇੱਕੋ ਐਕਸ਼ਨ ਵਿੱਚ ਮਾਰਿਆ ਜਾਵੇ। ਇਸਦੇ ਲਈ ਰਮਜੀ ਯੂਸਫ ਦੀ ਜ਼ਿੰਮੇਵਾਰੀ ਲਾਈ ਗਈ ਸੀ। ਰਮਜੀ ਨੇ ਆਪਣੇ ਨਾਲ ਖਾਸ ਦੋਸਤ ਮੁਹੰਮਦ ਸਾਲੇਮਾਹ ਨੂੰ ਨਾਲ ਲਿਆ। ਉਂਝ ਉਹ ਇਸਦੀ ਤਿਆਰੀ ਪਹਿਲਾਂ ਤੋਂ ਹੀ ਕਰ ਰਹੇ ਸਨ। ਉਨ੍ਹਾਂ ਕਿਸੇ ਹੋਰ ਦੋਸਤ ਦੇ ਘਰ ਦੇ ਗੈਰਾਜ ਵਿੱਚ ਪੰਦਰਾਂ ਸੋ ਪੌਂਡ ਦਾ ਬੰਬ ਤਿਆਰ ਕਰ ਰੱਖਿਆ ਸੀ। ਫਿਰ 26 ਫਰਵਰੀ ਵਾਲੇ ਦਿਨ ਮੁਹੰਮਦ ਸਾਲੇਮਾਹ ਨੇ ਟਰੱਕ ਕਿਰਾਏ 'ਤੇ ਲਿਆਂਦਾ ਅਤੇ ਬੰਬ ਉਸ ਵਿੱਚ ਟਿਕਾ ਲਿਆ। ਲੰਚ ਟਾਈਮ ਵੇਲੇ ਉਹ ਟਰੱਕ 'ਚ ਬਹਿੰਦੇ ਵਰਲਡ ਟਰੇਡ ਸੈਂਟਰ ਵੱਲ ਤੁਰ ਪਏ। ਟਰੱਕ ਦੇ ਪਿੱਛੇ ਹੀ ਇੱਕ ਹੋਰ ਦੋਸਤ ਨੇ ਆਪਣੀ ਕਾਰ ਤੋਰ ਲਈ। ਬੰਬ ਕਿੱਥੇ ਰੱਖਣਾ ਹੈ, ਇਸਦੀ ਨਿਸ਼ਾਨਦੇਹੀ ਰਮਜੀ ਨੇ ਪਹਿਲਾਂ ਹੀ ਕੀਤੀ ਹੋਈ ਸੀ। ਉਨ੍ਹਾਂ ਟਰੱਕ, ਨਾਰਥ ਟਾਵਰ ਦੀ ਪਾਰਕਿੰਗ ਦੇ ਬੀ ਬਲਾਕ ਵਿੱਚ ਜਾ ਖੜ੍ਹਾ ਕੀਤਾ। ਟਰੱਕ ਖੜ੍ਹਾ ਕਰਨ ਤੋਂ ਪਿੱਛੋਂ ਰਮਜੀ ਨੇ ਬੰਬ ਨੂੰ ਅੱਗ ਲਾਈ ਤੇ ਭੱਜ ਕੇ ਨਾਲ ਆਈ ਦੋਸਤ ਦੀ ਕਾਰ ਵਿੱਚ ਜਾ ਬੈਠਾ। ਉੱਥੋਂ ਕਾਰ ਭਜਾ ਕੇ ਉਹ ਭੱਜ ਨਿਕਲੇ। ਇਸਦੇ ਕੁਝ ਮਿੰਟ ਪਿੱਛੋਂ ਉੱਥੇ ਬਹੁਤ ਜਬਰਦਸਤ ਧਮਾਕਾ ਹੋਇਆ, ਜਿਸਨੇ ਸਾਰਾ ਲੋਅਰ ਮੈਨਹੰਟਨ ਹਿਲਾ ਦਿੱਤਾ। ਪਰ ਅਫਸੋਸ ਕਿ ਜੋ ਸੋਚਿਆ ਗਿਆ ਸੀ ਉਹ ਨਾ ਹੋ ਸਕਿਆ।''
''ਉਹ ਕੀ?'' ਚੁੱਪ ਚਾਪ ਸੁਹੇਲ ਦੀ ਗੱਲ ਸੁਣ ਰਹੀ ਆਫੀਆ ਨੇ ਹੈਰਾਨ ਹੋ ਕੇ ਪੁੱਛਿਆ।
'ਰਮਜੀ ਯੂਸਫ ਦਾ ਖਿਆਲ ਸੀ ਕਿ ਇਹ ਬੰਬ ਇਤਨਾ ਸ਼ਕਤੀਸ਼ਾਲੀ ਐ ਕਿ ਇਸ ਨਾਲ ਨਾਰਥ ਟਾਵਰ ਢਹਿ ਢੇਰੀ ਹੋ ਜਾਵੇਗਾ। ਇੰਨਾ ਹੀ ਨ੍ਹੀਂ ਸਗੋਂ ਇਹ ਢਹਿੰਦਾ ਹੋਇਆ ਸਾਊਥ ਟਾਵਰ ਨੂੰ ਵੀ ਨਾਲ ਹੀ ਡੇਗ ਦੇਵੇਗਾ। ਉਸਦੀ ਸੋਚਣੀ ਸੀ ਕਿ ਉਸਦਾ ਇਹ ਕੰਮ ਦੋਨਾਂ ਟਾਵਰਾਂ ਨੂੰ ਧਰਤੀ 'ਤੇ ਵਿਛਾ ਦੇਵੇਗਾ ਤੇ ਇੱਥੇ ਕੰਮ ਕਰਨ ਵਾਲੇ ਸਾਰੇ ਲੋਕ ਮਾਰੇ ਜਾਣਗੇ। ਪਰ ਅਫਸੋਸ ਉਸਦੀ ਮਨਸ਼ਾ ਪੂਰੀ ਨਾ ਹੋਈ। ਸਿਰਫ ਪੰਜ ਛੇ ਲੋਕ ਹੀ ਮਰੇ ਨੇ।''
'ਅੱਲਾ ਉਸਦੀ ਇਨ੍ਹਾਂ ਟਾਵਰਾਂ ਨੂੰ ਢਾਉਣ ਦੀ ਮਨਸ਼ਾ ਜ਼ਰੂਰ ਪੂਰੀ ਕਰੇਗਾ। ਪਰ ਸੁਹੇਲ, ਰਮਜੀ ਯੂਸਫ ਸਾਡੀ ਕੌਮ ਦਾ ਹੀਰੋ ਐ। ਉਹ ਅਸਲੀ ਜਿਹਾਦੀ ਐ। ਸਾਨੂੰ ਇਹੋ ਜਿਹੇ ਜਿਹਾਦੀਆਂ ਦੀ ਲੋੜ ਐ।''
''ਅੱਲਾ ਸਭ ਕਾਮਨਾਵਾਂ ਪੂਰੀਆਂ ਕਰੂਗਾ। ਬੱਸ ਆਪਣਾ ਕੰਮ ਐਂ ਕਿ ਆਪਣੇ ਰਾਹ ਚਲਦੇ ਰਹੀਏ।'' ਇੰਨਾ ਕਹਿੰਦਿਆਂ ਸੁਹੇਲ ਗੱਡੀ ਬੈਕ ਕਰਨ ਲੱਗਿਆ।
''ਆਪਾਂ ਨੂੰ ਵੱਧ ਤੋਂ ਵੱਧ ਲੜਾਕੇ ਭਰਤੀ ਕਰਨੇ ਚਾਹੀਦੇ ਨੇ।'' ਆਫੀਆ ਨੇ ਆਪਣੀ ਗੱਲ ਕਹੀ।
''ਅੱਗੇ ਅੱਗੇ ਵੇਖ ਸਹੀ ਕਿ ਕੀ ਬਣਦਾ ਐ। ਵੈਸੇ ਤੂੰ ਵੀ ਜਿਹਾਦ ਵਾਸਤੇ ਬਹੁਤ ਕੁਝ ਕਰ ਰਹੀ ਐਂ।''
''ਸੁਹੇਲ ਜੇ ਸੱਚ ਪੁੱਛਦਾ ਐਂ ਤਾਂ ਮੈਨੂੰ ਲੱਗਦਾ ਐ ਕਿ ਮੈਂ ਵੀ ਫਰੰਟ 'ਤੇ ਜਾ ਕੇ ਲੜਾਂ।''
'ਨ੍ਹੀਂ, ਲੜਾਈ 'ਚ ਹਰ ਇੱਕ ਦਾ ਆਪਣਾ ਆਪਣਾ ਕੰਮ ਹੁੰਦਾ ਐ। ਤੂੰ ਜੋ ਕਰ ਰਹੀ ਐਂ ਇਹੀ ਸਹੀ ਐ। ਬੱਸ ਅੱਗੇ ਵਧਦੀ ਚੱਲ''
ਉਹ ਗੱਲਾਂ ਕਰਦੇ ਵਾਪਸ ਮੁੜ ਆਏ।
ਅਗਲੇ ਦਿਨ ਮੁਹੰਮਦ ਸਾਲੇਮਾਹ ਫੜ੍ਹਿਆ ਗਿਆ। ਉਸਦੇ ਗ੍ਰਿਫਤਾਰ ਹੋਣ ਦੀ ਦੇਰ ਸੀ ਕਿ ਜਰਸੀ ਸਿਟੀ ਦੇ ਅਲ ਕੀਫਾ ਮੈਂਬਰਾਂ 'ਚ ਹਫੜਾ ਦਫੜੀ ਮੱਚ ਗਈ। ਕਿੰਨੇ ਹੀ ਮੈਂਬਰ ਹੋਰ ਫੜ੍ਹੇ ਗਏ ਤੇ ਕਿੰਨੇ ਹੀ ਅੰਡਰਗਰਾਊਂਡ ਹੋ ਗਏ। ਇਹ ਮਾਮਲਾ ਇੱਥੇ ਹੀ ਨਾ ਰੁਕਿਆ। ਪੁਲੀਸ ਬਾਸਟਨ ਸ਼ਹਿਰ ਵੀ ਪਹੁੰਚ ਗਈ ਤੇ ਉੱਥੇ ਦੇ ਵੀ ਕਈ ਅਲ ਕੀਫਾ ਮੈਂਬਰ ਪੁਲੀਸ ਦੇ ਗ੍ਰਿਫਤ ਵਿੱਚ ਆ ਗਏ। ਉੱਧਰ ਰਮਜੀ ਯੂਸਫ ਨੇ ਧਮਾਕੇ ਵਾਲੇ ਦਿਨ ਹੀ ਸ਼ਾਮ ਵੇਲੇ ਪਾਕਿਸਤਾਨ ਨੂੰ ਫਲਾਈਟ ਲੈ ਲਈ। ਜਦੋਂ ਤੱਕ ਉਸਦਾ ਨਾਂ ਬਾਹਰ ਆਇਆ ਤਾਂ ਉਦੋਂ ਤੱਕ ਉਹ ਬਲੋਚਿਸਤਾਨ ਵਿਚਲੇ ਆਪਣੇ ਘਰ ਪਹੁੰਚ ਚੁੱਕਿਆ ਸੀ। ਕੁਝ ਦੇਰ ਉੱਥੇ ਰੁਕ ਕੇ ਉਹ ਪਿਸ਼ਾਵਰ ਦੇ ਉਨ੍ਹਾਂ ਸੁਰੱਖਿਅਤ ਟਿਕਾਣਿਆਂ ਵੱਲ ਨਿਕਲ ਗਿਆ ਜਿੱਥੇ ਕਿ ਅਲ ਕਾਇਦਾ ਅਤੇ ਹੋਰ ਜਥੇਬੰਦੀਆਂ ਦੇ ਜਿਹਾਦੀ ਬੜੇ ਆਰਾਮ ਨਾਲ ਬਿਨਾ ਕਿਸੇ ਡਰ ਭੌਅ ਦੇ ਰਹਿ ਰਹੇ ਸਨ।
ਧੜਾ ਧੜ ਹੋਈਆਂ ਅਲ ਕੀਫਾ ਦੀਆਂ ਗ੍ਰਿਫਤਾਰੀਆਂ ਨੇ ਤਹਿਲਕਾ ਤਾਂ ਮਚਾ ਦਿੱਤਾ ਪਰ ਮੈਂਬਰਾਂ ਦੇ ਹੌਂਸਲੇ ਹੋਰ ਵੀ ਬੁਲੰਦ ਹੋ ਗਏ। ਉਹ ਸੋਚਦੇ ਸਨ ਕਿ ਉਨ੍ਹਾਂ ਇੰਨਾ ਵੱਡਾ ਕਾਰਾ ਕੀਤਾ ਹੈ ਤੇ ਅੱਗੇ ਚੱਲ ਕੇ ਉਹ ਇਸ ਤੋਂ ਵੀ ਵੱਡਾ ਕੰਮ ਕਰ ਸਕਦੇ ਹਨ। ਆਫੀਆ ਦਾ ਵੀ ਹੌਂਸਲਾ ਬੁਲੰਦ ਹੋ ਗਿਆ। ਉਸਨੇ ਆਪਣੇ ਇੰਟਰਨੈੱਟ ਵਿਚਲੇ ਇਸ਼ਤਿਆਰ 'ਚ ਲਿਖਿਆ ਕਿ ਇਨ੍ਹਾਂ ਫੜ੍ਹੇ ਗਏ ਮੈਂਬਰਾਂ ਦੇ ਕੋਰਟ ਕੇਸਾਂ ਲਈ ਪੈਸਾ ਇਕੱਠਾ ਕੀਤਾ ਜਾਵੇ। ਪੁਲੀਸ ਦੇ ਦਬਾਅ ਕਾਰਨ ਅਲ ਕੀਫਾ ਦਾ ਦਫਤਰ ਬੰਦ ਕਰ ਦਿੱਤਾ ਗਿਆ। ਇਸ ਦੇ ਜ਼ਿਆਦਾ ਮੈਂਬਰ ਬਾਸਟਨ ਸ਼ਹਿਰ ਜਾ ਪਹੁੰਚੇ। ਉਨ੍ਹਾਂ ਅਲ ਕੀਫਾ ਦਾ ਨਾਂ ਛੱਡ ਕੇ ਨਵੀਂ ਜਥੇਬੰਦੀ ਬਣਾ ਲਈ ਜਿਸ ਦਾ ਨਾਂ ਸੀ, ਕੇਅਰ ਇੰਟਰਨੈਸ਼ਨਲ। ਨਿਊਜ਼ ਲੈਟਰ ਅਲ ਹਸਮ ਅਤੇ ਅਲ ਹਸਮ ਵੈੱਬ ਸਾਈਟ ਕੇਅਰ ਇੰਟਰਨੈਸ਼ਨਲ ਨਾਲ ਜੋੜ ਦਿੱਤੇ ਗਏ। ਇਨ੍ਹਾਂ ਰਾਹੀਂ ਮੁਸਲਿਮ ਸਮਾਜ ਨੂੰ ਬੜੇ ਜੋਸ਼ੋ ਖਰੋਸ਼ ਨਾਲ ਫੰਡ ਦੀ ਅਪੀਲ ਕੀਤੀ ਗਈ। ਦਿਨਾਂ ਵਿੱਚ ਹੀ ਲੱਖਾਂ ਡਾਲਰ ਇਕੱਠਾ ਹੋ ਗਿਆ। ਇਸ ਨਾਲ ਸਾਰੇ ਮੈਂਬਰਾਂ ਦੇ ਹੌਂਸਲੇ ਬੁਲੰਦੀਆਂ ਛੋਹਣ ਲੱਗੇ। ਇਨ੍ਹੀਂ ਦਿਨੀਂ ਹੀ ਇੱਕ ਦਿਨ ਆਫੀਆ ਨੇ ਅਖਬਾਰ 'ਚ ਰਮਜੀ ਯੂਸਫ ਬਾਰੇ ਪੂਰਾ ਲੇਖ ਪੜ੍ਹਿਆ। ਲਿਖਿਆ ਸੀ, ''ਨਾਰਥ ਟਾਵਰ ਬੰਬ ਧਮਾਕੇ ਦੇ ਮੁੱਖ ਦੋਸ਼ੀ ਨੂੰ ਐੱਫ ਬੀ ਆਈ ਦੀ ਮੋਸਟ ਵਾਂਟਿਡ ਲਿਸਟ 'ਤੇ ਪਾਉਣ ਪਿੱਛੋਂ ਉਸਦਾ ਪਿੱਛਾ ਕੀਤਾ ਗਿਆ। ਛੇਤੀ ਹੀ ਪਤਾ ਲੱਗ ਗਿਆ ਕਿ ਉਹ ਆਪਣੇ ਜੱਦੀ ਘਰ ਕੁਏਟਾ ਵਿੱਚ ਰਹਿ ਰਿਹਾ ਹੈ। ਪਾਕਿਸਤਾਨੀ ਪੁਲੀਸ ਦੀ ਮੱਦਦ ਨਾਲ ਉਸਨੂੰ ਫੜ੍ਹਨ ਦੀ ਸਕੀਮ ਬਣਾਈ ਗਈ। ਪਰ ਜਦੋਂ ਤੱਕ ਪੁਲੀਸ ਟੀਮਾਂ ਉੱਥੇ ਪਹੁੰਚੀਆਂ ਉਦੋਂ ਤੱਕ ਉਹ ਉੱਥੋਂ ਨਿਕਲ ਗਿਆ ਸੀ। ਲੱਗਦਾ ਹੈ ਕਿ ਉਸਦੇ ਆਈ. ਐਸ. ਆਈ ਦੇ ਅੰਦਰ ਡੂੰਘੇ ਸਬੰਧ ਹਨ। ਉਸਦੇ ਇਸ ਘਰੋਂ ਮਿਲੇ ਕਾਗਜ਼ਾਂ ਤੋਂ ਇਹ ਵੀ ਪਤਾ ਲੱਗਿਆ ਕਿ ਉਸਦਾ ਅਸਲੀ ਨਾਂ ਅਬਦਲ ਬਸਤ ਕਰੀਮ ਹੈ। ਬੰਬ ਧਮਾਕਾ ਕਰਨ ਤੋਂ ਪਿੱਛੋਂ ਉਹ ਇਸੇ ਨਾਂ ਦੇ ਪਾਸਪੋਰਟ 'ਤੇ ਪਾਕਿਸਤਾਨ ਭੱਜਿਆ ਸੀ। ਇਸ ਦੇ ਇਲਾਵਾ ਉਸਦੇ ਘਰੋਂ ਮਿਲੀਆਂ ਫੋਟੋਆਂ ਵਿੱਚ ਉਸਦੀਆਂ ਕਈ ਵੱਡੇ ਬੰਦਿਆਂ ਨਾਲ ਫੋਟੋਆਂ ਵੀ ਮਿਲੀਆਂ। ਜਿਨ੍ਹਾਂ ਵਿੱਚ ਜਨਰਲ ਜਿਆ ਉਲ ਹੱਕ, ਉਸਦਾ ਪੁੱਤਰ ਇਜਾਜ ਉਲ ਹੱਕ ਅਤੇ ਪ੍ਰਧਾਨ ਮੰਤਰੀ ਨਵਾਜ ਸ਼ਰੀਫ ਵਰਗੇ ਸ਼ਾਮਲ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਉਹ ਪਾਕਿਸਤਾਨੀ ਰਾਜਨੀਤਕਾਂ ਦੇ ਕਿੰਨਾ ਨੇੜੇ ਹੈ। ਉਮੀਦ ਹੈ ਕਿ ਉਹ ਪਿਸ਼ਾਵਰ ਦੇ ਏਰੀਏ ਵਿੱਚ ਪਹੁੰਚ ਚੁੱਕਿਆ ਹੈ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀ ਗੁਪਤ ਜਾਣਕਾਰੀ ਮਿਲੀ ਹੈ। ''
ਆਫੀਆ ਨੇ ਅਖਬਾਰ ਪਾਸੇ ਰੱਖ ਦਿੱਤਾ ਤੇ ਸੁਹੇਲ ਦੀ ਕਹੀ ਗੱਲ ਬਾਰੇ ਸੋਚਣ ਲੱਗੀ। ਸੁਹੇਲ ਨੇ ਹੀ ਉਸਨੂੰ ਦੱਸਿਆ ਸੀ ਕਿ ਪਿਸ਼ਾਵਰ ਸਾਰੇ ਜਿਹਾਦੀਆਂ ਦਾ ਵੱਡਾ ਅੱਡਾ ਹੈ। ਉੱਥੇ ਕੋਈ ਬਾਹਰਲਾ ਤਾਂ ਕੀ ਖੁਦ ਪਾਕਿਸਤਾਨੀ ਸਰਕਾਰ ਵੀ ਨਹੀਂ ਜਾ ਸਕਦੀ। ਆਫੀਆ ਨੂੰ ਲੱਗਿਆ ਕਿ ਚੰਗਾ ਹੀ ਹੋਇਆ ਕਿ ਰਮਜੀ ਯੂਸਫ ਪੁਲੀਸ ਦੇ ਹੱਥ ਨਹੀਂ ਆਇਆ। ਜੇਕਰ ਉਹ ਫੜ੍ਹਿਆ ਜਾਂਦਾ ਤਾਂ ਪਤਾ ਨਹੀਂ ਫਿਰ ਹੋਰ ਕਿੰਨੀਆਂ ਕੁ ਗ੍ਰਿਫਤਾਰੀਆਂ ਹੁੰਦੀਆਂ। ਉਦੋਂ ਹੀ ਆਫੀਆ ਦਾ ਫੋਨ ਆ ਗਿਆ। ਉਸਨੇ ਫੋਨ ਆਨ ਕੀਤਾ ਤਾਂ ਦੂਸਰੇ ਪਾਸੇ ਉਸਦਾ ਭਰਾ ਸੀ ਜੋ ਕਿ ਹੂਸਟਨ ਤੋਂ ਬੋਲ ਰਿਹਾ ਸੀ।
''ਆਫੀਆ ਕੀ ਬਣ ਰਿਹਾ ਐ?''
'ਭਾਈ ਜਾਨ ਕੁਛ ਨ੍ਹੀਂ ਬੱਸ ਵਿਹਲੀ ਬੈਠੀ ਆਂ।''
''ਮੈਂ ਕਰਾਚੀ ਫੋਨ ਕੀਤਾ ਸੀ ਅੱਬਾ ਦੀ ਤਬੀਅਤ ਕੁਛ ਢਿੱਲੀ ਐ।''
''ਕਿਉਂ ਕੀ ਹੋਇਆ ਅੱਬੂ ਨੂੰ?'' ਆਫੀਆ ਇੱਕ ਦਮ ਘਬਰਾ ਗਈ।
'ਨ੍ਹੀਂ ਇੰਨੀ ਫਿਕਰ ਵਾਲੀ ਗੱਲ ਤਾਂ ਨ੍ਹੀਂ ਐ। ਉਂਝ ਤੈਨੂੰ ਪਤਾ ਈ ਐ ਕਿ ਉਹ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ ਨੇ। ਹੁਣ ਨਾਲ ਦਿਲ ਦੀ ਤਕਲੀਫ ਵੀ ਸ਼ੁਰੂ ਹੋ ਗਈ ਐ।''
'ਉਨ੍ਹਾਂ ਨੂੰ ਕਹੋ ਕਿ ਇੱਥੇ ਆ ਕੇ ਇਲਾਜ ਕਰਵਾਉਣ। ਇੱਥੇ ਹਰ ਬਿਮਾਰੀ ਦਾ ਬਹਿਤਰ ਇਲਾਜ ਐ।''
'ਮੈਂ ਤਾਂ ਬਥੇਰਾ ਕਹਿ ਕੇ ਵੇਖ ਲਿਆ ਪਰ ਉਹ ਮੰਨਦੇ ਈ ਨ੍ਹੀਂ। ਤੂੰ ਗੱਲ ਕਰਕੇ ਵੇਖੀਂ।''
''ਮੈਂ ਕਰਦੀ ਆਂ ਫੋਨ ਅੱਜ ਹੀ। ਹੋਰ ਅੰਮੀ ਤਾਂ ਠੀਕ ਐ ਨਾ?''
'ਅੰਮੀ ਬਿਲਕੁਲ ਠੀਕ ਐ। ਫੌਜ਼ੀਆ ਵੀ ਕਹਿ ਰਹੀ ਐ ਕਿ ਅਮਰੀਕਾ ਪੜ੍ਹਨ ਆਉਣਾ ਐ।''
''ਚੰਗਾ ਐ ਇੱਥੇ ਆ ਜਾਵੇ। ਸਾਰੇ ਇਕੱਠੇ ਹੋ ਜਾਵਾਂਗੇ।''
''ਇਕੱਠੇ ਕਿੱਥੇ ਹੋਵਾਂਗੇ? ਮੈਂ ਤੈਨੂੰ ਬਥੇਰਾ ਕਿਹਾ ਕਿ ਹੂਸਟਨ ਨਾ ਛੱਡ ਤੂੰ ਮੇਰੀ ਗੱਲ ਮੰਨੀ। ਇਵੇਂ ਈ ਉਹ ਵੀ ਆਪਣੀ ਮਰਜ਼ੀ ਈ ਕਰੂਗੀ।''
'ਭਾਈ ਜਾਨ ਕੋਈ ਗੱਲ ਨ੍ਹੀਂ ਮੈਂ ਇੱਥੇ ਈ ਠੀਕ ਆਂ। ਉਹ ਹੋ ਸਕਦਾ ਐ ਕਿ ਤੁਹਾਡੇ ਕੋਲ ਰਹਿ ਪਵੇ।''
''ਆਫੀਆ ਹੋਰ ਤਾਂ ਸਭ ਠੀਕ ਐ ਪਰ ਮੈਨੂੰ ਤੇਰਾ ਇੱਕ ਗੱਲੋਂ ਬੜਾ ਫਿਕਰ ਰਹਿੰਦਾ ਐ।''
''ਭਾਈ ਜਾਨ ਉਹ ਕੀ?''
'ਤੁਹਾਡਾ ਬਾਸਟਨ ਸ਼ਹਿਰ ਅੱਜ ਕੱਲ੍ਹ ਬੜਾ ਖ਼ਬਰਾਂ 'ਚ ਰਹਿੰਦਾ ਐ। ਸੁਣਦੇ ਆਂ ਕਿ ਇੱਥੇ ਬੜੇ ਜਿਹਾਦੀ ਘੁੰਮ ਰਹੇ ਨੇ। ਵਰਲਡ ਟਰੇਡ ਸੈਂਟਰ ਦੀ ਪਾਰਕਿੰਗ ਵਾਲੇ ਧਮਾਕੇ ਵਾਲੇ ਕੇਸ ਨਾਲ ਵੀ ਬਾਸਟਨ ਜੁੜਿਆ ਹੋਇਆ। ਤੂੰ ਇਸ ਪਾਸਿਉਂ ਬਚ ਕੇ ਰਹੀਂ।''
'ਨਹੀਂ ਭਾਈ ਜਾਨ ਅਜਿਹੀ ਕੋਈ ਗੱਲ ਨ੍ਹੀਂ ਐ। ਮੇਰਾ ਇਨ੍ਹਾਂ ਲੋਕਾਂ ਨਾਲ ਕੋਈ ਲੈਣਾ ਦੇਣਾ ਨ੍ਹੀਂ ਐ। ਮੈਂ ਤਾਂ ਸਿਰਫ ਚੈਰਿਟੀ ਤੱਕ ਈ ਸੀਮਤ ਆਂ।'' ਆਫੀਆ ਨੇ ਝੂਠ ਬੋਲਿਆ ਤਾਂ ਡਰ ਵੀ ਗਈ ਕਿ ਉਸਦਾ ਭਰਾ ਉਸਦੀ ਘਬਰਾਹਟ ਤਾੜ ਹੀ ਨਾ ਜਾਵੇ। ਪਰ ਅਜਿਹਾ ਕੁਝ ਨਾ ਹੋਇਆ। ਮੁਹੰਮਦ ਅਲੀ ਅੱਗੇ ਬੋਲਿਆ, ''ਆਫੀਆ, ਇਹ ਕੰਮ ਚੈਰਿਟੀ ਤੋਂ ਈ ਸ਼ੁਰੂ ਹੁੰਦਾ ਐ। ਜਿੰਨੇ ਵੀ ਜਿਹਾਦੀ ਵੇਖ ਰਹੇ ਆਂ ਇਹ ਪਹਿਲਾਂ ਚੈਰਟੀਆਂ ਵਿੱਚ ਈ ਕੰਮ ਕਰਦੇ ਸਨ। ਉੱਥੋਂ ਈ ਇਨ੍ਹਾਂ ਦਾ ਵਾਹ ਅਸਲੀ ਜਿਹਾਦੀਆਂ ਨਾਲ ਪੈਂਦਾ ਐ। ਤੂੰ ਮੇਰੀ ਭੈਣ ਆਪਣਾ ਬਚਾ ਰੱਖੀਂ। ਮੈਂ ਤਾਂ ਕਹਿਨਾ ਕਿ ਤੂੰ ਕੀ ਲੈਣਾ ਐਂ ਚੈਰਿਟੀ ਬਗੈਰਾ ਤੋਂ। ਤੂੰ ਚੁੱਪ ਕਰਕੇ ਆਪਣੀ ਪੜ੍ਹਾਈ ਕਰ।''
'ਹਾਂ ਭਾਈ ਜਾਨ ਮੈਂ ਅੱਗੇ ਦੀਆਂ ਕਲਾਸਾਂ ਲੈਣ ਬਾਰੇ ਸੋਚ ਰਹੀ ਆਂ। ਤੁਹਾਡੇ ਨਾਲ ਵੀ ਸਲਾਹ ਕਰਨੀ ਐਂ ਕੀ ਕਿਹੜੀਆਂ ਕਲਾਸਾਂ ਲਵਾਂ।'' ਆਫੀਆ ਗੱਲ ਨੂੰ ਪੜ੍ਹਾਈ ਵਾਲੇ ਪਾਸੇ ਲੈ ਗਈ ਤੇ ਚੈਰਿਟੀ ਬਗੈਰਾ ਦੀ ਗੱਲ ਟਾਲ ਗਈ। ਉਹ ਗੱਲਾਂ ਕਰ ਹੀ ਰਹੇ ਸਨ ਕਿ ਆਫੀਆ ਦੀ ਵਿੱਚ ਕਾਲ ਆ ਗਈ। ਉਹ ਸਕਰੀਨ ਵੱਲ ਵੇਖਦਿਆਂ ਬੋਲੀ, ''ਭਾਈ ਜਾਨ ਮੈਂ ਤੁਹਾਨੂੰ ਫਿਰ ਫੋਨ ਕਰਦੀ ਆਂ। ਮੇਰਾ ਵਿੱਚ ਫੋਨ ਆ ਗਿਆ।'' ਉਸਨੇ ਦੂਸਰੇ ਪਾਸੇ ਫੋਨ ਆਨ ਕਰਦਿਆਂ ਹੈਲੋ ਕਹੀ। ਉੱਧਰ ਮਾਰਲੇਨ ਸੀ। ਉਹ ਘਬਰਾਈ ਹੋਈ ਆਵਾਜ਼ 'ਚ ਬੋਲੀ, ''ਆਫੀਆ ਬਹੁਤ ਮਾੜਾ ਹੋਇਆ।''
''ਕੀ ਹੋ ਗਿਆ?''
''ਸ਼ੇਖ ਉਮਰ ਅਬਦਲ ਰਹਿਮਾਨ ਗ੍ਰਿਫਤਾਰ ਹੋ ਗਏ।''
'ਜਾਹ ਅੱਲਾ!।'' ਆਫੀਆ ਨੇ ਫੋਨ ਕੱਟ ਦਿੱਤਾ ਤੇ ਸਿਰ ਫੜ੍ਹ ਕੇ ਬੈਠ ਗਈ। ਅਗਲੇ ਦਿਨ ਸਾਰੀਆਂ ਅਖਬਾਰਾਂ ਦੀ ਮੁੱਖ ਖ਼ਬਰ ਸੀ ਕਿ ਨਾਰਥ ਟਾਵਰ ਦੀ ਪਾਰਕਿੰਗ ਵਾਲੇ ਬੰਬ ਧਮਾਕੇ ਦਾ ਮੁੱਖ ਸੂਤਰਦਾਰ, ਅੰਨਾ ਸ਼ੇਖ ਉਮਰ ਅਬਦਲ ਰਹਿਮਾਨ ਫੜ੍ਹਿਆ ਗਿਆ।
Chahals57@yahoo.com
Ph. 0017033623239

ਛੇ :---



ਪੋਸਟਿੰਗ : ਅਨੁ. ਮਹਿੰਦਰ ਬੇਦੀ ਜੈਤੋ




ਆਫੀਆ ਸਦੀਕੀ ਦਾ ਜਿਹਾਦ…:: ਲੇਖਕ : ਹਰਮਹਿੰਦਰ ਚਹਿਲ :---


ਆਫੀਆ ਨੇ ਅੱਗੇ ਦੀਆਂ ਕਲਾਸਾਂ ਲਈ ਰਜਿਸਟਰੇਸ਼ਨ ਕਰਵਾ ਦਿੱਤੀ ਤੇ 1993 ਦੀਆਂ ਗਰਮੀਆਂ ਦੀਆਂ ਛੁੱਟੀਆਂ ਪਾਕਿਸਤਾਨ ਵਿੱਚ ਮਨਾਉਣ ਦਾ ਫੈਸਲਾ ਕਰ ਲਿਆ। ਉਸਨੇ ਟਿਕਟ ਖਰੀਦੀ ਤੇ ਅਗਲੇ ਹਫਤੇ ਹੀ ਪਾਕਿਸਤਾਨ ਚਲੀ ਗਈ। ਉਸਦੇ ਕਰਾਚੀ ਪਹੁੰਚਣ ਦੇ ਅਗਲੇ ਦਿਨ ਹੀ ਉਸਦਾ ਮਾਮਾ ਐੱਸ. ਐੱਚ ਫਾਰੂਕੀ ਆਪਣੀ ਘਰਵਾਲੀ ਸਮੇਤ ਉਸਨੂੰ ਮਿਲਣ ਆ ਗਿਆ। ਦੁਪਹਿਰ ਦੇ ਖਾਣੇ ਪਿੱਛੋਂ ਸਾਰਾ ਪਰਿਵਾਰ ਡਰਾਇੰਗ ਰੂਮ 'ਚ ਬੈਠਾ ਗੱਲੀਂ ਰੁੱਝਿਆ ਹੋਇਆ ਸੀ।
'ਅੱਬੂ ਤੁਸੀਂ ਵੇਖਣ ਨੂੰ ਤਾਂ ਬਿਮਾਰ ਬਿਲਕੁਲ ਨ੍ਹੀਂ ਲੱਗਦੇ ਪਰ ਫੋਨ 'ਤੇ ਮਸਾਂ ਈ ਬੋਲਦੇ ਹੁੰਨੇ ਓਂ?'' ਆਫੀਆ ਨੇ ਹਾਸੇ ਨਾਲ ਕਿਹਾ।
''ਭਾਈ ਸਾਹਬ ਬਿਲਕੁਲ ਤੰਦਰੁਸਤ ਨੇ ਇਹ ਤਾਂ ਤੈਨੂੰ ਇੱਥੇ ਆ ਜਾਣ ਲਈ ਬਹਾਨਾ ਘੜਿਆ ਹੋਵੇਗਾ।'' ਕੋਲੋਂ ਫਾਰੂਕੀ ਵੀ ਹੱਸਿਆ।
''ਬਿਮਾਰ ਨੂੰ ਬੇਟਾ ਆਫੀਆ ਕੀ ਐ। ਇਸ ਉਮਰ 'ਚ ਤਾਂ ਵੈਸੇ ਵੀ ਕੋਈ ਨਾ ਕੋਈ ਬਿਮਾਰੀ ਚੰਬੜੀ ਰਹਿੰਦੀ ਐ।'' ਆਫੀਆ ਦੇ ਪਿਉ ਨੇ ਢਿੱਲਾ ਜਿਹਾ ਉੱਤਰ ਦਿੱਤਾ। ਇਸ ਪਿੱਛੋਂ ਹੋਰ ਘਰੇਲੂ ਗੱਲਾਂ ਚੱਲ ਪਈਆਂ।
''ਹੁਣ ਤਾਂ ਫੌਜ਼ੀਆ ਬੇਟੀ ਵੀ ਅਮਰੀਕਾ ਦੀ ਤਿਆਰ ਕਰ ਰਹੀ ਲੱਗਦੀ ਐ।'' ਫਾਰੂਕੀ ਦੇ ਬੇਗਮ ਨੇ ਗੱਲ ਬਦਲੀ।
''ਹਾਂ ਜੀ ਦਾਖਲਾ ਤਾਂ ਹੋ ਗਿਆ ਐ। ਬੱਸ ਹੁਣ ਜਾਣ ਦਾ ਈ ਕਰਨਾ ਐਂ।''
'ਕੀ ਪੜ੍ਹ ਰਹੀ ਐਂ ਫੌਜ਼ੀਆ ਬੇਟੀ?''
''ਜੀ ਡਾਕਟਰੀ।''
'ਬਹੁਤ ਚੰਗਾ ਐ। ਅੱਜ ਕੱਲ੍ਹ ਆਪਣੇ ਮੁੰਡੇ ਕੁੜੀਆਂ ਧੜਾ ਧੜ ਅਮਰੀਕਾ ਜਾ ਕੇ ਡਾਕਟਰ, ਨਰਸਾਂ ਬਣ ਰਹੇ ਨੇ। ਬੜੇ ਫਖ਼ਰ ਵਾਲੀ ਗੱਲ ਐ ਇਹ ਤਾਂ।'' ਫਾਰੂਕੀ ਨੇ ਮਾਣ ਨਾਲ ਫੌਜ਼ੀਆ ਵੱਲ ਵੇਖਦਿਆਂ ਕਿਹਾ।
''ਪਰ ਕੁਝ ਕੁ ਲੋਕ ਪਾਕਿਸਤਾਨ ਦੇ ਨਾਂ ਨੂੰ ਉੱਥੇ ਜਾ ਕੇ ਧੱਬਾ ਵੀ ਲਾ ਰਹੇ ਨੇ।'' ਸੁਲੇਹ ਸਦੀਕੀ ਨੇ ਚੋਟ ਕੀਤੀ।
''ਤੁਸੀਂ ਕਿਸ ਦੀ ਗੱਲ ਕਰਦੇ ਓਂ? ਇਸਮਤ ਨੇ ਚੁੱਪੀ ਤੋੜੀ।
'ਬਲੋਚਿਸਤਾਨ ਦੇ ਉਸ ਅਲ ਬਲੋਚੀ ਪਰਿਵਾਰ ਦੇ ਮੁੰਡੇ 'ਰਮਜੀ ਯੂਸਫ' ਦੀ। ਜਿਸ ਨੇ ਉੱਥੇ ਕਿਸੇ ਵੱਡੀ ਬਿਲਡਿੰਗ ਦੇ ਪਾਰਕਿੰਗ ਲਾਟ 'ਚ ਬੰਬ ਧਮਾਕਾ ਕਰਕੇ ਕਿੰਨੇ ਹੀ ਲੋਕ ਮਾਰ ਮੁਕਾਏ। ਲੋਕ ਸਮਝਦੇ ਨ੍ਹੀਂ ਕਿ ਜੋ ਮੁਲਕ ਸਾਨੂੰ ਇੰਨੀਆਂ ਸਹੂਲਤਾਂ ਦੇ ਰਿਹਾ ਐ। ਸਾਡੀ ਅਗਲੀ ਪੀੜੀ ਲਈ ਕਿੰਨੇ ਚੰਗੇ ਪੜ੍ਹਾਈ ਦੇ ਮੌਕੇ ਮੁਹੱਈਆ ਕਰਵਾ ਰਿਹਾ ਐ ਉਸੇ ਨੂੰ ਤੁਸੀਂ ਤੋੜਨ ਭੰਨਣ 'ਤੇ ਲੱਗੇ ਹੋਏ ਓਂ।'' ਸੁਲੇਹ ਸਦੀਕੀ ਥੋੜੀ ਨਫਰਤ 'ਚ ਬੋਲਿਆ।
'ਕੀ ਪਤਾ ਐ ਜੀ ਸੱਚ ਕੀ ਐ। ਆਪਾਂ ਅਮਰੀਕਣਾ ਦੇ ਕਹਿਣ 'ਤੇ ਤਾਂ ਕਿਸੇ ਨੂੰ ਦੋਸ਼ੀ ਨ੍ਹੀਂ ਮੰਨ ਸਕਦੇ।'' ਇਸਮਤ ਨੇ ਗੋਲ ਜਿਹਾ ਜੁਆਬ ਦਿੱਤਾ।
''ਪਰ ਉੱਥੇ ਸਾਡੇ ਅਜਿਹੇ ਲੋਕ ਵੀ ਤਾਂ ਹੈਗੇ ਨੇ ਜਿਹੜੇ ਸਮਾਜ ਸੇਵਾ ਦਾ ਕੰਮ ਕਰ ਰਹੇ ਨੇ।'' ਫਾਰੂਕੀ ਦੀ ਬੇਗਮ ਬੋਲੀ।
'ਆਪਣੀ ਆਫੀਆ ਵੀ ਤਾਂ ਸਮਾਜ ਸੇਵਾ ਦੇ ਕੰਮਾਂ 'ਚ ਵਧ ਚੜ੍ਹ ਕੇ ਹਿੱਸਾ ਪਾਉਂਦੀ ਐ।''
''ਇਹ ਤਾਂ ਬੜੀ ਚੰਗੀ ਗੱਲ ਐ। ਸਮਾਜ ਸੇਵੀ ਮਾਂ ਦੀ ਧੀ, ਸਮਾਜ ਸੇਵਾ ਨਾ ਕਰੂਗੀ ਤਾਂ ਹੋਰ ਕੀ ਕਰੂਗੀ।'' ਫਾਰੂਕੀ ਨੇ ਆਫੀਆ ਨੂੰ ਅਤੇ ਉਸਦੀ ਮਾਂ ਨੂੰ ਸਰਾਹਿਆ।
''ਆਫੀਆ, ਉੱਥੇ ਅਜਿਹੀਆਂ ਭੰਨ ਤੋੜ ਦੀਆਂ ਕਾਰਵਾਈਆਂ ਬਾਰੇ ਆਪਣੇ ਉੱਥੇ ਦੇ ਲੋਕਾਂ ਦੇ ਕੀ ਵਿਚਾਰ ਨੇ?''
'ਅੰਕਲ ਮੈਂ ਅਤੇ ਮੇਰੀਆਂ ਸਹੇਲੀਆਂ, ਅਸੀਂ ਤਾਂ ਜ਼ਿਆਦਾ ਚੈਰਿਟੀ ਦਾ ਕੰਮ ਕਰਦੇ ਆਂ। ਸਾਨੂੰ ਇਨ੍ਹਾਂ ਗੱਲਾਂ ਦਾ ਬਹੁਤਾ ਪਤਾ ਵੀ ਨ੍ਹੀਂ ਲੱਗਦਾ। ਪਰ ਇੱਕ ਗੱਲ ਜ਼ਰੂਰ ਐ ਕਿ ਸਿਰਫ ਆਪਣੇ ਲੋਕਾਂ ਨੂੰ ਈ ਦੋਸ਼ ਨਾ ਦਿਉ। ਕਿਉਂਕਿ ਉਨ੍ਹਾਂ ਨੂੰ ਅਜਿਹਾ ਕੁਝ ਕਰਨ ਲਈ ਮਜ਼ਬੂਰ ਵੀ ਤਾਂ ਪੱਛਮ ਈ ਕਰਦਾ ਐ। ਹੁਣ ਬਾਸਨੀਆਂ 'ਚ ਹੀ ਲੈ ਲਉ। ਉੱਥੇ ਮੁਸਲਮਾਨਾਂ 'ਤੇ ਇੰਨੇ ਅੱਤਿਆਚਾਰ ਹੋ ਰਹੇ ਨੇ ਕਿ ਰਹੇ ਰੱਬ ਦਾ ਨਾਂ। ਮੇਰੇ ਕੋਲ ਵੀਡੀਉ ਕੈਸਿਟਾਂ ਨੇ ਜਿਨ੍ਹਾਂ ਵਿੱਚ ਤੁਸੀਂ ਵੇਖੋਗੇ ਕਿ ਕਿਵੇਂ ਉੱਥੇ ਸਾਡੇ ਲੋਕਾਂ 'ਤੇ ਅੱਤਿਆਚਾਰ ਹੋ ਰਹੇ ਨੇ। ਕਿਵੇਂ ਸਾਡੀਆਂ ਧੀਆਂ ਭੈਣਾ ਨਾਲ ਸਮੂਹਕ ਰੇਪ ਹੁੰਦੇ ਨੇ। ਇਹ ਕੈਸਿਟਾਂ ਵੇਖ ਕੇ ਰੌਂਗਟੇ ਖੜ੍ਹੇ ਹੋ ਜਾਂਦੇ ਨੇ।''
'ਪਰ ਇਹ ਕਿਵੇਂ ਸੰਭਵ ਐ ਕਿ ਜਿਸ ਵੇਲੇ ਰੇਪ ਹੋ ਰਹੇ ਸਨ ਉਸੇ ਵੇਲੇ ਤੁਹਾਡੇ ਲੋਕਾਂ ਨੇ ਉਹ ਕੈਸਿਟਾਂ ਜਾਂ ਮੂਵੀਆਂ ਬਣਾਈਆਂ। ਤੂੰ ਤਾਂ ਇਉਂ ਦੱਸ ਰਹੀ ਐਂ ਜਿਵੇਂ ਕਿਸੇ ਫਿਲਮ ਦੀ ਸ਼ੂਟਿੰਗ ਦੀਆਂ ਕੈਸਿਟਾਂ ਦੀ ਗੱਲ ਕਰ ਰਹੀ ਹੋਵੇਂ।'' ਸਾਲੇਹ ਸਦੀਕੀ ਔਖਾ ਹੋ ਕੇ ਆਫੀਆ ਵੱਲ ਵੇਖਦਾ ਬੋਲਿਆ। ਇਸਮਤ ਨੂੰ ਘਰਵਾਲੇ ਦੀ ਇਹ ਗੱਲ ਚੰਗੀ ਨਾ ਲੱਗੀ। ਪਰ ਇਸਦਾ ਜੁਆਬ ਆਫੀਆ ਨੇ ਹੀ ਦਿੱਤਾ। ਉਹ ਬੋਲੀ, ''ਜਿਹੜੇ ਜਿਹਾਦੀ ਉੱਥੇ ਲੜ੍ਹ ਰਹੇ ਨੇ, ਉਹ ਅਜਿਹੀਆਂ ਘਟਨਾਵਾਂ ਨੂੰ ਕੈਮਰੇ 'ਚ ਕੈਦ ਕਰ ਲੈਂਦੇ ਨੇ। ਤਾਂ ਕਿ ਤੁਹਾਡੇ ਵਰਗੇ ਪੱਛਮ ਦੇ ਭਗਤਾਂ ਨੂੰ ਸੱਚ ਵਿਖਾਇਆ ਜਾਵੇ।''
'ਮੈਂ ਕਿਸੇ ਪੱਛਮ ਦਾ ਭਗਤ ਨ੍ਹੀਂ ਆਂ। ਪਰ ਸਚਾਈ ਤਾਂ ਸਚਾਈ ਈ ਐ ਨਾ। ਪਹਿਲਾਂ ਤੂੰ ਇਹ ਦੱਸ ਕਿ ਤੇਰੇ ਕੋਲ ਜੋ ਕੈਸਿਟਾਂ ਨੇ ਇਹ ਕਿਹੜੇ ਗਰੁੱਪ ਨੇ ਬਣਾਈਆਂ ਨੇ। ਫਿਰ ਮੈਂ ਅੱਗੇ ਗੱਲ ਕਰੂੰਗਾ।''
'ਅੱਬੂ ਇਹ ਬਹੁਤਾ ਕੰਮ ਮੁਸਲਿਮ ਬਰੱਦਰਹੁੱਡ ਦਾ ਕੀਤਾ ਹੋਇਆ ਐ। ਇਸ ਵੇਲੇ ਜਿਹਾਦ 'ਚ ਸਭ ਤੋਂ ਵੱਧ ਯੋਗਦਾਨ ਉਹ ਹੀ ਪਾ ਰਹੇ ਨੇ।'' ਇੰਨਾ ਕਹਿ ਕੇ ਆਫੀਆ ਆਪਣੀ ਕਾਪੀ ਫਰੋਲਣ ਲੱਗੀ।
'ਇਹ ਮੁਸਲਿਮ ਬੱਰਦਰਹੁੱਡ ਹੀ ਅਸਲੀ ਪੁਆੜੇ ਦੀ ਜੜ੍ਹ ਐ। ਤੇਰੀਆਂ ਇਹ ਵੀਡੀਉ ਕੈਸਿਟਾਂ ਵੇਖਣ ਤੋਂ ਪਹਿਲਾਂ ਈ ਮੈਂ ਦੱਸ ਦਿੰਨਾ ਆਂ ਕਿ ਇਹ ਸਭ ਪ੍ਰਾਪੇਗੰਡਾ ਐ। ਮੁਸਲਮਾਨਾਂ ਨੂੰ ਭੜਕਾਉਣ ਲਈ ਅਜਿਹੇ ਕੰਮ ਤਾਂ ਬਰੱਦਰਹੁੱਡ ਮੁੱਦਤਾਂ ਤੋਂ ਕਰਦਾ ਆ ਰਿਹਾ ਐ।''
ਘਰਵਾਲੇ ਦੀ ਗੱਲ ਸੁਣ ਕੇ ਇਸਮਤ ਆਫੀਆ ਵੱਲ ਝਾਕੀ ਤੇ ਉਸਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਅਗਲੇ ਪਲ ਕਮਰੇ 'ਚ ਚੁੱਪੀ ਜਿਹੀ ਛਾ ਗਈ। ਸਾਰਿਆਂ ਨੂੰ ਚੁੱਪ ਜਿਹੇ ਵੇਖ ਕੇ ਫੌਜ਼ੀਆ ਬੋਲੀ, ''ਅੱਬੂ ਇਸ ਮੁਸਲਮ ਬਰੱਦਹੁੱਡ ਦੀ ਅਸਲੀਅਤ ਕੀ ਐ? ਮੇਰਾ ਮਤਲਬ ਇਹ ਕਿਸਨੇ ਸ਼ੁਰੂ ਕੀਤਾ ਤੇ ਇਸਦਾ ਨਿਸ਼ਾਨਾ ਕੀ ਐ?''
'ਇਸ ਬਾਰੇ ਫੌਜ਼ੀਆ ਬੇਟੀ ਤੈਨੂੰ ਮੈਂ ਦੱਸਦਾ ਆਂ।'' ਫਾਰੂਕੀ ਨੇ ਗਲਾ ਸਾਫ ਕਰਦਿਆਂ ਖੰਘੂਰਾ ਮਾਰਿਆ ਤੇ ਫਿਰ ਬੋਲਣ ਲੱਗਿਆ, ''ਬਹੁਤ ਪਹਿਲਾਂ ਮਿਸਰ ਦੇ ਇੱਕ ਮਸ਼ਹੂਰ ਬੁੱਧੀਜੀਵੀ 'ਹਸਨ ਅਲ ਬੰਨਾ' ਨੇ ਇਸ ਪਾਰਟੀ ਦਾ ਮੁੱਢ ਬੰਨਿਆਂ ਸੀ। ਉਸਦੇ ਇਰਾਦੇ ਬਹੁਤ ਨੇਕ ਸਨ। ਉਸ ਵੇਲੇ ਆਪਣੇ ਆਲੇ ਦੁਆਲੇ ਬਰਤਾਨੀਆਂ ਨੇ ਸਭ ਨੂੰ ਗੁਲਾਮ ਬਣਾਇਆ ਹੋਇਆ ਸੀ। ਸਾਰੇ ਮੁਲਕ ਬਰਤਾਨੀਆਂ ਦੀਆਂ ਕਾਲੋਨੀਆਂ ਬਣਾ ਕੇ ਰਹਿ ਗਏ ਸਨ। ਇਨ੍ਹਾਂ ਕਾਲੋਨੀਆਂ ਦੇ ਲੋਕ ਜੋ ਗੂਹੜੇ ਪਸੀਨੇ ਦੀ ਕਮਾਈ ਕਰਦੇ ਸਨ, ਬਰਤਾਨਵੀ ਉਸੇ ਕਮਾਈ 'ਤੇ ਐਸ਼ ਕਰਦੇ ਸਨ ਅਤੇ ਸਾਡੇ ਲੋਕਾਂ ਨਾਲ ਪਸ਼ੂਆਂ ਵਰਗਾ ਵਿਉਹਾਰ ਕਰਦੇ ਸਨ। ਹਸਮ ਅਲ ਬੰਨਾ ਦੀ ਇਸ ਨਵੀਂ ਬਣਾਈ ਪਾਰਟੀ ਮੁਸਲਮ ਬਰੱਦਰਹੁੱਡ ਨੇ ਨਾਅਰਾ ਦਿੱਤਾ ਕਿ ਆਉ ਲੋਕੋ ਆਪਾਂ ਰਲ ਕੇ ਇਨ੍ਹਾਂ ਬਰਤਾਨਵੀ ਲੋਕਾਂ ਨੂੰ ਇੱਥੋਂ ਭਜਾ ਦੇਈਏ ਤੇ ਇੱਥੇ ਸ਼ਰਾ ਮੁਤਾਬਕ ਇਸਲਾਮਿਕ ਰਾਜ ਕਾਇਮ ਕਰੀਏ। ਜਿੱਥੇ ਅੱਲਾ ਸਾਡੀ ਮੰਜ਼ਿਲ ਹੋਵੇ। ਮੁਹੰਮਦ ਸਾਹਿਬ ਸਾਡੇ ਰਹਿਨੁਮਾ ਹੋਣ ਤੇ ਕੁਰਾਨ ਸਾਡਾ ਸੰਵਿਧਾਨ ਹੋਵੇ। ਉਸਦੇ ਕਹਿਣ ਦਾ ਭਾਵ ਸੀ ਕਿ ਅਜਿਹਾ ਰਾਜ ਹੋਵੇ ਜਿੱਥੇ ਦਾ ਰਾਜ ਪ੍ਰਬੰਧ ਅਤੇ ਕਾਨੂੰਨ ਵਿਵਸਥਾ ਬਗੈਰਾ ਧਾਰਮਿਕ ਆਕੀਦੇ ਅਨੁਸਾਰ ਹੋਵੇ। ਆਪਣੇ ਹੱਕਾਂ ਲਈ ਲੜਨਾ ਧਾਰਮਿਕ ਕੰਮ ਮੰਨਿਆਂ ਜਾਵੇ ਅਤੇ ਇਸਨੂੰ ਜਿਹਾਜ ਸਮਝ ਕੇ ਲੜਿਆ ਜਾਵੇ। ਉਸ ਵੇਲੇ ਬਰੱਦਰਹੁੱਡ ਬਰਤਾਨੀਆਂ ਦੇ ਇੰਨਾ ਖਿਲਾਫ ਸੀ ਕਿ ਇਸਨੇ ਦੂਜੀ ਵੱਡੀ ਜੰਗ ਵਿੱਚ ਜਰਮਨੀ ਦਾ ਪੱਖ ਲਿਆ ਕਿਉਂਕਿ ਉਹ ਬਰਤਾਨੀਆਂ ਦੇ ਖਿਲਾਫ ਲੜ੍ਹ ਰਿਹਾ ਸੀ। ਜੰਗ ਬੰਦ ਹੋਣ ਪਿੱਛੋਂ ਜਦੋਂ ਇਜ਼ਰਾਇਲ ਸਟੇਟ ਬਣੀ ਤਾਂ ਮੁਸਲਿਮ ਬਰੱਦਰਹੁੱਡ ਨੇ ਸਭ ਤੋਂ ਪਹਿਲਾਂ ਇਸਦੀ ਮੁਖਾਲਫਤ ਕੀਤੀ। ਇਸੇ ਕਰਕੇ ਪਹਿਲੀ ਅਰਬ ਇਜ਼ਰਾਇਲ ਜੰਗ 'ਚ ਮਿਸਰ ਮੁੱਖ ਧਿਰ ਸੀ। ਭਾਵੇਂ ਅਰਬ ਉਹ ਜੰਗ ਹਾਰ ਗਿਆ ਪਰ ਬਰੱਦਰਹੁੱਡ ਦੀ ਚੜ੍ਹਾਈ ਹੋ ਗਈ। ਜਦੋਂ ਬਰਤਾਨੀਆਂ ਇੱਥੋਂ ਚਲਿਆ ਗਿਆ ਤਾਂ ਮੁਸਲਿਮ ਬਰੱਦਰਹੁੱਡ ਆਪਣੀ ਹੀ ਸਰਕਾਰ ਦੇ ਖਿਲਾਫ ਹੋ ਗਿਆ। ਸਰਕਾਰ ਨੇ ਇਸ 'ਤੇ ਪਾਬੰਦੀ ਲਾ ਦਿੱਤੀ। ਫਿਰ ਇਹ ਹੋਰਨਾਂ ਮੁਲਕਾਂ ਵਿੱਚ ਫੈਲਣ ਲੱਗਿਆ। ਅੱਜ ਹਾਲਾਤ ਇਹ ਨੇ ਕਿ ਹਰ ਇੱਕ ਅਰਬ ਮੁਲਕ ਵਿੱਚ ਇਸ ਦੀਆਂ ਸ਼ਾਖਾਵਾਂ ਨੇ। ਪਰ ਤਕਰੀਬਨ ਸਾਰੇ ਮੁਲਕਾਂ ਨੇ ਇਸ 'ਤੇ ਪਾਬੰਦੀ ਲਾਈ ਹੋਈ ਐ। ਕਿਉਂਕਿ ਅੱਜ ਕੱਲ੍ਹ ਇਹ ਗਰਮਦਲੀਆਂ ਦੇ ਕਬਜ਼ੇ 'ਚ ਐ ਤੇ ਬਹੁਤ ਹੀ ਹਿੰਸਕ ਹੋ ਗਿਆ ਐ।''
''ਜਦੋਂ ਇਹ ਇੰਨਾ ਖਤਰਨਾਕ ਐ ਤਾਂ ਇਹ ਕਿਸੇ ਮੁਲਕ ਦੀ ਮੱਦਦ ਤੋਂ ਬਿਨਾਂ ਆਪਣੀ ਹੋਂਦ ਕਾਇਮ ਕਿਵੇਂ ਰੱਖ ਸਕਦਾ ਐ?'' ਇਸਮਤ ਨੇ ਟੇਢਾ ਸੁਆਲ ਕੀਤਾ।
'ਅਜਿਹਾ ਨ੍ਹੀਂ ਐ, ਕਈ ਮੁਲਕਾਂ ਦੇ ਇਹ ਫਿੱਟ ਵੀ ਬੈਠਦਾ ਐ। ਸਾਊਦੀ ਅਰਬ ਦੀ ਉਦਾਹਰਣ ਲੈ ਲਉ। ਉੱਥੇ ਦਾ ਰਾਜ ਘਰਾਣਾ ਵਹਾਬੀ ਐ ਜਿਹੜਾ ਸੁੰਨੀ ਅਤੇ ਸ਼ੀਆ ਦੋਨਾਂ ਦੇ ਖਿਲਾਫ ਐ। ਉਹ ਆਪਣੀ ਵਹਾਬੀ ਸ਼ਾਖਾ ਨੂੰ ਫੈਲਾਉਣ ਵਾਸਤੇ ਮੁਸਲਿਮ ਬਰੱਦਰਹੁੱਡ ਦੀ ਮੱਦਦ ਕਰਦਾ ਐ। ਅਸਲ 'ਚ ਸਭ ਤੋਂ ਵੱਧ ਸਾਊਦੀ ਅਰਬ ਈ ਬਰੱਦਰਹੁੱਡ ਨੂੰ ਚੁੱਕਦਾ ਐ।''
'ਇਸਦਾ ਮਤਲਬ ਬਾਕੀ ਸਾਰੀ ਦੁਨੀਆਂ ਪਾਗਲ ਐ ਜੋ ਬਰੱਦਰਹੁੱਡ ਦਾ ਪੱਖ ਪੂਰਦੀ ਐ?'' ਇਸਮਤ ਗੁੱਸੇ 'ਚ ਬੋਲੀ। ਇਸ ਪਿੱਛੋਂ ਉੱਥੇ ਹੋ ਰਹੀ ਬਹਿਸ ਵਿੱਚ ਤਲਖ਼ੀ ਆਉਣ ਲੱਗੀ। ਫਾਰੂਕੀ ਨੇ ਜਾਣ ਦੀ ਇਜਾਜ਼ਤ ਮੰਗੀ ਤੇ ਦੋਨੋਂ ਮੀਆਂ ਬੀਵੀ ਉੱਠ ਕੇ ਤੁਰ ਪਏ। ਇਸਮਤ ਅਤੇ ਫੌਜ਼ੀਆ ਉਨ੍ਹਾਂ ਨੂੰ ਤੋਰਨ ਲਈ ਬਾਹਰ ਨਿਕਲ ਗਈਆਂ। ਪਿੱਛੇ ਆਫੀਆ ਅਤੇ ਉਸਦਾ ਪਿਉ ਰਹਿ ਗਏ। ਸੁਲੇਹ ਸਦੀਕੀ ਆਫੀਆ ਦੇ ਸਿਰ 'ਤੇ ਹੱਥ ਫੇਰਿਦਆਂ ਹੋਇਆਂ ਬੋਲਿਆ, ''ਬੇਟੀ ਤੂੰ ਆਪਣੀ ਪੜ੍ਹਾਈ 'ਚ ਧਿਆਨ ਦੇਹ। ਤੂੰ ਕੀ ਲੈਣਾ ਐਂ ਇਨ੍ਹਾਂ ਚੈਰਿਟੀਆਂ ਬਗੈਰਾ ਤੋਂ।''
''ਅੱਬੂ ਇਹ ਤਾਂ ਧਰਮ ਦਾ ਕੰਮ ਐਂ। ਅੰਮੀ ਨੇ ਵੀ ਤਾਂ ਸਾਰੀ ਉਮਰ ਇਹੀ ਕੁਝ ਕੀਤਾ ਐ। ਫਿਰ ਤੁਸੀਂ ਮੈਨੂੰ ਇਸ ਪਾਸਿਉਂ ਕਿਉਂ ਰੋਕਦੇ ਓਂ?''
'ਕਿਉਂਕਿ ਮੈਂ ਜਾਣਦਾ ਆਂ ਕਿ ਇਹ ਅਸਲੀ ਚੈਰਿਟੀ ਨ੍ਹੀਂ ਐ।''
''ਹੋਰ ਕੀ ਐ ਇਹ?''
'ਅਸਲੀ ਚੈਰਿਟੀ ਉਹ ਹੁੰਦੀ ਐ ਜਿਹੜੀ ਵਾਕਿਆ ਈ ਲੋੜਮੰਦਾਂ ਦੀ ਮੱਦਦ ਕਰੇ। ਪਰ ਅੱਜ ਕੱਲ੍ਹ ਜੋ ਵੀ ਚੈਰਿਟੀਆਂ ਚੱਲ ਰਹੀਆਂ ਨੇ ਇਹ ਅਸਲ ਵਿੱਚ ਜਿਹਾਦ ਨੇ ਦੇ ਨਾਂ ਹੇਠ ਲੜ੍ਹ ਰਹੇ ਅੱਤਵਾਦੀਆਂ ਦੀ ਮੱਦਦ ਕਰ ਰਹੀਆਂ ਨੇ।''
'ਅੱਬੂ ਪਲੀਜ਼, ਉਨ੍ਹਾਂ ਨੂੰ ਅੱਤਵਾਦੀ ਨਾ ਕਹੋ। ਨ੍ਹੀਂ ਤਾਂ ਮੈਂ ਨਾਰਾਜ਼ ਹੋ ਜਾਣਾ ਐਂ।'' ਆਫੀਆ ਉੱਠ ਕੇ ਖੜ੍ਹੋ ਗਈ।
''ਤੂੰ ਇਉਂ ਗੁੱਸੇ ਨਾ ਹੋ, ਮੇਰੀ ਗੱਲ ਸੁਣ।'' ਪਿਉ ਨੇ ਆਫੀਆ ਦੀ ਬਾਂਹ ਫੜ ਕੇ ਉਸਨੂੰ ਫਿਰ ਤੋਂ ਬਿਠਾ ਲਿਆ।
''ਤੂੰ ਜਿਹਾਦ ਦੇ ਮਤਲਬ ਸਮਝਦੀ ਐਂ?''
''ਕੁਝ ਕੁਝ ਸਮਝਦੀ ਆਂ ਤੇ ਬਾਕੀ ਤੁਸੀਂ ਸਮਝਾ ਦਿਉ।'' ਆਫੀਆ ਗੁੱਸੇ 'ਚ ਬੋਲੀ।
'ਵੇਖ ਬੇਟੇ, ਇਹ ਲੋਕ ਪਵਿੱਤਰ ਕੁਰਾਨ 'ਚੋਂ ਉਨੇਂ ਕੁ ਲਫਜ਼ ਚੁੱਕ ਲੈਂਦੇ ਨੇ ਜਿਨੇ ਇਨ੍ਹਾਂ ਨੂੰ ਠੀਕ ਬੈਠਦੇ ਨੇ। ਸਾਰੀ ਕੁਰਾਨ ਨੂੰ ਪੜ੍ਹਿਆ ਜਾਵੇ ਤਾਂ ਅਸਲੀ ਮਤਲਬ ਕੁਝ ਹੋਰ ਨਿਕਲਦਾ ਐ।''
'ਕੀ ਨਿਕਲਦਾ ਐ ਅਸਲੀ ਮਤਲਬ?'' ਆਫੀਆ ਦੀਆਂ ਅਜੇ ਵੀ ਤਿਉੜੀਆਂ ਚੜ੍ਹੀਆਂ ਹੋਈਆਂ ਸਨ।
'ਮੁਹੰਮਦ ਸਾਹਿਬ ਨੇ ਫੁਰਮਾਇਆ ਐ ਕਿ ਇਨਸਾਨ ਦੀ ਜ਼ਿੰਦਗੀ 'ਚ ਨੌਂ ਜਿਹਾਦ ਹੋਰ ਨੇ ਤੇ ਇਹ ਲੜਾਈ ਵਾਲਾ ਜਿਹਾਦ ਦਸਵੇਂ ਨੰਬਰ 'ਤੇ ਆਉਂਦਾ ਐ। ਪਹਿਲੇ ਇਹ ਹਨ ਜਿਵੇਂ ਗੁੱਸਾ, ਕਰੋਧ, ਲਾਲਚ, ਲੋਭ, ਮੋਹ ਅਤੇ ਕਾਮ ਬਗੈਰਾ। ਜਿਹੜੇ ਲੋਕ ਇਨ੍ਹਾਂ ਨੌਂ ਜਿਹਾਦਾਂ 'ਤੇ ਜਿੱਤ ਪ੍ਰਾਪਤ ਕਰ ਲੈਂਦੇ ਨੇ ਸਿਰਫ ਉਹੋ ਹੀ ਦਸਵਾਂ ਜਿਹਾਦ ਲੜਨ ਦੇ ਕਾਬਲ ਸਮਝੇ ਜਾਂਦੇ ਨੇ। ਕੀ ਤੈਨੂੰ ਲੱਗਦਾ ਐ ਕਿ ਅੱਜ ਦੇ ਜਿਹਾਦੀਆਂ ਨੇ ਇਨਾਂ 'ਤੇ ਕਾਬੂ ਪਾਇਆ ਹੋਇਆ ਐ।''
ਆਫੀਆ ਚੁੱਪ ਰਹੀ। ਉਹ ਕੁਝ ਨਾ ਬੋਲੀ ਤਾਂ ਉਸਦਾ ਪਿਉ ਫਿਰ ਬੋਲਣ ਲੱਗਿਆ, ''ਮੈਂ ਤੈਨੂੰ ਇੱਕ ਕਹਾਣੀ ਸੁਣਾਉਂਦਾ ਆਂ। ਜੰਗ ਦੇ ਮੈਦਾਨ ਵਿੱਚ ਮੁਹੰਮਦ ਸਾਹਿਬ ਦੇ ਨਾਲ ਉਨ੍ਹਾਂ ਦਾ ਇੱਕ ਰਿਸ਼ਤੇਦਾਰ ਜਮੀਲ, ਵੀ ਲੜ੍ਹ ਰਿਹਾ ਸੀ। ਉਸਨੇ ਲੜਦੇ ਹੋਏ ਨੇ ਆਪਣੇ ਦੁਸ਼ਮਣ ਨੂੰ ਹੇਠਾਂ ਸੁੱਟ ਲਿਆ ਤੇ ਉਸ ਦੀ ਛਾਤੀ 'ਤੇ ਚੜ੍ਹ ਬੈਠਿਆ। ਹੋਰ ਵਾਹ ਨਾ ਜਾਂਦੀ ਵੇਖ ਕੇ ਹੇਠਾਂ ਪਏ ਦੁਸ਼ਮਣ ਨੇ ਉਸਦੇ ਮੂੰਹ 'ਤੇ ਥੁੱਕ ਦਿੱਤਾ। ਇੱਕ ਦਮ ਗੁੱਸੇ 'ਚ ਆ ਕੇ ਜਮੀਲ ਨੇ ਤਲਵਾਰ ਚੁੱਕੀ ਤੇ ਦੁਸ਼ਮਣ ਦਾ ਗਲਾ ਵੱਢਣ ਨੂੰ ਔਹਲਿਆ। ਉਦੋਂ ਹੀ ਉਸਦੇ ਅੰਦਰ ਕੁਛ ਕੌਂਧਿਆ ਤੇ ਉਸਨੇ ਤਲਵਾਰ ਪਰ੍ਹਾਂ ਚਲਾ ਮਾਰੀ। ਉਹ ਦੁਸ਼ਮਣ ਦੀ ਛਾਤੀ ਤੋਂ ਵੀ ਉੱਠ ਖੜ੍ਹਾ ਹੋਇਆ। ਹੇਠਾਂ ਪਏ ਦੁਸ਼ਮਣ ਨੇ ਕਿਹਾ ਕਿ ਹੁਣ ਛੱਡ ਕਿਉਂ ਦਿੱਤਾ ਮੈਨੂੰ ਮਾਰ ਦੇਹ ਨਾ। ਇਹ ਸੁਣ ਕੇ ਉਸ ਨੇ ਪਤਾ ਐ ਕੀ ਕਿਹਾ?''
''ਕੀ ਕਿਹਾ?''
'ਕਹਿੰਦਾ ਅਜੇ ਤਾਂ ਮੈਂ ਆਪਣੇ ਆਪ ਨੂੰ ਈ ਨ੍ਹੀਂ ਮਾਰ ਸਕਿਆ ਕਿਸੇ ਹੋਰ ਨੂੰ ਮੈਂ ਕੀ ਮਾਰੂੰਗਾ। ਉਸਦਾ ਮਤਲਬ ਉਸਨੂੰ ਆਏ ਗੁੱਸੇ ਤੋਂ ਸੀ। ਉਸਦਾ ਭਾਵ ਸੀ ਕਿ ਅਜੇ ਤਾਂ ਮੈਂ ਆਪਦੇ ਗੁੱਸੇ ਨੂੰ ਨ੍ਹੀਂ ਮਾਰ ਸਕਿਆ। ਇੰਨਾ ਕਹਿੰਦਾ ਉਹ ਜੰਗ ਦੇ ਮੈਦਾਨ 'ਚੋਂ ਬਾਹਰ ਚਲਿਆ ਗਿਆ।''
ਆਫੀਆ ਨੇ ਪਿਉ ਦੀ ਗੱਲ ਤਾਂ ਸੁਣੀ ਪਰ ਬਹੁਤੀ ਦਿਲਚਸਪੀ ਨਾ ਦਿਖਾਈ। ਉਸ ਵੱਲ ਵੇਖਦਾ ਸੁਲੇਹ ਫਿਰ ਬੋਲਿਆ, ''ਆਫੀਆ ਬੇਟੀ ਪੁੰਨ ਦਾਨ ਕਰਨਾ ਕੋਈ ਮਾੜਾ ਕੰਮ ਨ੍ਹੀਂ ਐ। ਪਰ ਇਸ ਦੇ ਲਈ ਸਾਰੀ ਜ਼ਿੰਦਗੀ ਪਈ ਐ। ਅਜੇ ਤੂੰ ਆਪਣੀ ਪੜ੍ਹਾਈ 'ਤੇ ਧਿਆਨ ਦੇਹ। ਜਦੋਂ ਪੜ੍ਹ ਲਿਖ ਕੇ ਜ਼ਿੰਦਗੀ ਵਿੱਚ ਕਾਮਯਾਬ ਹੋ ਗਈ ਤਾਂ ਜਿੰਨਾ ਮਰਜ਼ੀ ਚੈਰਿਟੀ ਲਈ ਕੰਮ ਕਰੀ ਜਾਈਂ।''
'ਅੱਬੂ ਜਿਹੜਾ ਕੰਮ ਕਰਨ ਨੂੰ ਤੁਹਾਡਾ ਅੱਜ ਦਿਲ ਕਰ ਰਿਹਾ ਐ ਉਸਦੇ ਲਈ ਤੁਸੀਂ ਅੱਗੇ ਦੀ ਜ਼ਿੰਦਗੀ ਦੀ ਉਡੀਕ ਕਿਉਂ ਕਰੋ। ਨਾਲੇ ਮੈਂ ਪਹਿਲਾਂ ਵੀ ਕਿਹਾ ਐ ਕਿ ਇਹ ਕੋਈ ਮਾੜਾ ਕੰਮ ਨ੍ਹੀਂ ਐ।''
'ਵੇਖ ਆਫੀਆ ਮੈਂ ਤੇਰੀ ਅੰਮੀ ਨੂੰ ਸਾਰੀ ਉਮਰ ਇਹ ਕੰਮ ਕਰਦੀ ਹੋਈ ਨੂੰ ਵੇਖਿਆ ਐ। ਮੈਂ ਇਹ ਵੀ ਜਾਣਦਾ ਆਂ ਕਿ ਇਹ ਸਾਰੇ ਜਿਹਾਦੀ ਇਸ ਚੈਰਿਟੀ ਦੇ ਰਸਤੇ ਈ ਜਿਹਾਦੀ ਬਣਦੇ ਨੇ। ਆਖਰ 'ਤੇ ਸਾਰਿਆਂ ਦੇ ਤਾਰ ਜਿਹਾਦ ਨਾਲ ਈ ਜਾ ਜੁੜਦੇ ਨੇ। ਇਹ ਤਾਂ ਇੱਕ ਬਲਦੀ ਹੋਈ ਅੱਗ ਐ। ਇਸ ਵੱਲ ਜਾਂਦਾ ਹੋਇਆ ਹਰ ਰਾਹ ਬਰਬਾਦੀ ਦਾ ਰਾਹ ਐ। ਇੱਧਰ ਜੋ ਵੀ ਗਿਆ ਭਸਮ ਹੋ ਗਿਆ। ਇੰਨਾ ਈ ਨ੍ਹੀਂ ਜਿਹੜਾ ਕੋਲ ਦੀ ਲੰਘਿਆ ਸੇਕ ਉਸਨੂੰ ਵੀ ਲੱਗਿਆ।''
''ਅੱਬੂ ਮੈਂ ਸਮਝਦੀ ਆਂ ਸਭ। ਤੁਸੀਂ ਕੋਈ ਫਿਕਰ ਨਾ ਕਰੋ।''
''ਬੱਸ ਬੇਟੀ ਕੁਛ ਅਜਿਹਾ ਕਰਨ ਬਾਰੇ ਸੋਚੀਂ ਵੀ ਨਾ ਜਿਸ ਨਾਲ ਮੇਰੀ ਅਤੇ ਖਾਨਦਾਨ ਦੀ ਇਜ਼ਤ ਨੂੰ ਵੱਟਾ ਲੱਗੇ।''
'ਠੀਕ ਐ ਅੱਬੂ।'' ਇੰਨਾ ਕਹਿੰਦਿਆਂ ਆਫੀਆ ਉੱਠ ਕੇ ਤੁਰ ਗਈ। ਸੁਲੇਹ ਉਸਨੂੰ ਜਾਂਦੀ ਨੂੰ ਵੇਖਦਾ ਰਿਹਾ। ਉਸਨੂੰ ਆਫੀਆ ਦੀਆਂ ਗੱਲਾਂ 'ਚੋਂ ਉਸਦੇ ਅੰਦਰ ਦੀ ਤਪਸ਼ ਮਹਿਸੂਸ ਹੁੰਦੀ ਸੀ। ਇਸ ਤੋਂ ਬਿਨਾਂ ਉਸਨੂੰ ਆਪਣੇ ਪੁੱਤਰ ਦਾ ਵੀ ਹੂਸਟਨ ਤੋਂ ਜਦੋਂ ਹੀ ਫੋਨ ਆਉਂਦਾ ਸੀ ਤਾਂ ਉਹ ਵੀ ਹਮੇਸ਼ਾ ਇਹੀ ਫਿਕਰ ਜਾਹਿਰ ਕਰਦਾ ਰਹਿੰਦਾ ਸੀ ਕਿ ਕਿਧਰੇ ਆਫੀਆ ਰਾਹ ਤੋਂ ਭਟਕ ਹੀ ਨਾ ਜਾਵੇ। ਕਿਉਂਕਿ ਉਸਦੇ ਦੱਸਣ ਅਨੁਸਾਰ ਉਸਨੂੰ ਪਤਾ ਲੱਗਦਾ ਰਹਿੰਦਾ ਸੀ ਕਿ ਆਫੀਆ ਉਨ੍ਹਾਂ ਚੈਰਿਟੀਆਂ ਲਈ ਕੰਮ ਕਰਦੀ ਹੈ ਜੋ ਕਿਸੇ ਨਾ ਕਿਸੇ ਜਿਹਾਦ ਦੀ ਮੱਦਦ ਕਰ ਰਹੀਆਂ ਹਨ।
ਸ਼ਾਮ ਵੇਲੇ ਇਸਮਤ, ਆਫੀਆ ਅਤੇ ਫੌਜ਼ੀਆ ਨੂੰ ਲੈ ਕੇ ਘੁੰਮਣ ਨਿਕਲ ਗਈ। ਉਹ ਆਪਣੇ ਜਾਣ-ਪਛਾਣ ਵਾਲਿਆਂ ਦੇ ਘਰੀਂ ਆਫੀਆ ਨੂੰ ਮਿਲਾ ਕੇ ਲਿਆਈ। ਉਸਦੀ ਸੋਚਣੀ ਸੀ ਕਿ ਲੋਕਾਂ ਵਿੱਚ ਉਸਦੀ ਇਸ ਗੱਲ ਕਰਕੇ ਧਾਕ ਜੰਮ ਜਾਵੇ ਕਿ ਉਸਦੀ ਧੀ ਕਿੱਡੀ ਵੱਡੀ ਸਮਾਜ ਸੇਵੀ ਹੈ ਤੇ ਧਰਮ ਲਈ ਬਹੁਤ ਵੱਡਾ ਕੰਮ ਕਰ ਰਹੀ ਹੈ। ਅਗਲੇ ਕਈ ਦਿਨ ਉਸ ਨੇ ਆਫੀਆ ਦੇ ਕਈ ਇਕੱਠਾਂ 'ਚ ਭਾਸ਼ਣ ਵੀ ਕਰਵਾਏ। ਹਰ ਥਾਂ ਸਰੋਤੇ ਉਸ ਤੋਂ ਬਹੁਤ ਪ੍ਰਭਾਵਤ ਹੋਏ। ਉਹ ਹਰ ਭਾਸ਼ਣ ਵਿਚ ਬਾਸਨੀਆਂ ਅੰਦਰ ਚੱਲ ਰਹੇ ਘਰੇਲੂ ਯੁੱਧ 'ਚ ਮੁਸਲਮਾਨਾਂ ਦੇ ਹੋ ਰਹੇ ਘਾਣ ਦੀ ਗੱਲ ਕਰਦੀ ਸੀ। ਇਨ੍ਹਾਂ ਇਕੱਠਾਂ 'ਚ ਉਹ ਮੁਸਲਮਾਨਾਂ 'ਤੇ ਹੋ ਰਹੇ ਅੱਤਿਆਚਾਰਾਂ ਦੀਆਂ ਵੀਡੀਉ ਵੀ ਵਿਖਾਉਂਦੀ ਸੀ। ਇਹ ਸਾਰੇ ਇਕੱਠ ਵੱਡੇ ਪਰਿਵਾਰਾਂ ਵੱਲੋਂ ਆਯੋਜਤ ਕਰਵਾਏ ਜਾਂਦੇ ਸਨ। ਇਹ ਉਹ ਪਰਿਵਾਰ ਸਨ ਜੋ ਕਿ ਰਾਜਨੀਤਕ ਲੋਕਾਂ ਦੇ ਬਹੁਤ ਨੇੜੇ ਸਨ। ਇਨ੍ਹੀਂ ਹੀ ਦਿਨੀਂ ਇੱਕ ਦਿਨ ਇਸਮਤ ਨੇ ਸ਼ੈਰੇਟਨ ਹੋਟਲ ਵਿੱਚ ਆਫੀਆ ਦਾ ਭਾਸ਼ਣ ਕਰਵਾਇਆ ਤਾਂ ਇੱਕ ਔਰਤ ਇਸਮਤ ਨੂੰ ਪਾਸੇ ਲੈ ਗਈ। ਉਸਦਾ ਨਾਂ ਜਾਹਿਰਾ ਖਾਂ ਸੀ। ਅਸਲ ਵਿੱਚ ਉਹ ਆਪਣੇ ਪੁੱਤਰ ਅਮਜਦ ਖਾਂ ਲਈ ਲਾੜੀ ਲੱਭ ਰਹੀ ਸੀ। ਆਫੀਆ ਨੂੰ ਵੇਖ ਕੇ ਉਸਨੂੰ ਲੱਗਿਆ ਕਿ ਉਸ ਕੁੜੀ ਨਾਲੋਂ ਵਧੀਆ ਬਹੂ ਤਾਂ ਉਸਨੂੰ ਮਿਲ ਹੀ ਨਹੀਂ ਸਕਦੀ। ਆਮ ਗੱਲਾਂ ਕਰਦਿਆਂ ਉਸਨੇ ਇਸਮਤ ਨੂੰ ਖਾਨ ਪਰਿਵਾਰ ਦੇ ਘਰ ਆਯੋਜਤ ਪ੍ਰੋਗਰਾਮ ਵਿੱਚ ਆਉਣ ਦਾ ਸੱਦਾ ਦਿੱਤਾ। ਉਹ ਬਹਾਨੇ ਨਾਲ ਆਪਣੇ ਪੁੱਤਰ ਨਾਲ ਆਫੀਆ ਨੂੰ ਮਿਲਾਉਣਾ ਚਾਹੁੰਦੀ ਸੀ। ਉਸ ਦਿਨ ਭਾਸ਼ਣ ਵੀ ਹੋਇਆ ਤੇ ਆਫੀਆ ਦੀ ਅਮਜਦ ਨਾਲ ਮੁਲਾਕਾਤ ਵੀ ਹੋਈ। ਪਰ ਪਿੱਛੋਂ ਅਮਜਦ ਨੇ ਆਪਣੀ ਅੰਮੀ ਨੂੰ ਦੱਸਿਆ ਕਿ ਕੁੜੀ ਤਾਂ ਉਸਨੂੰ ਪਸੰਦ ਹੈ ਪਰ ਉਸਦਾ ਭਾਸ਼ਣ ਅਤੇ ਹੋਰ ਗੱਲਾਂ ਉਸਨੂੰ ਫੋਕੀਆਂ ਲੱਗਦੀਆਂ ਹਨ। ਜਾਹਿਰਾ ਖਾਂ ਨੂੰ ਲੱਗਿਆ ਕਿ ਚਲੋ ਅਮਜਦ ਕੁੜੀ ਨੂੰ ਪਸੰਦ ਕਰਦਾ ਹੈ ਇਹੀ ਬਹੁਤ ਹੈ। ਉਸਨੇ ਅਮਜਦ ਨੂੰ ਕਿਹਾ ਕਿ ਉਹ ਹੋਰ ਸੋਚੇ ਤੇ ਉਹ ਇਸ ਦਰਮਿਆਨ ਸਦੀਕੀ ਪਰਿਵਾਰ ਨਾਲ ਗੱਲ ਚਲਾਵੇਗੀ। ਆਫੀਆ ਦੀਆਂ ਛੁੱਟੀਆਂ ਖਤਮ ਹੋ ਚੁੱਕੀਆਂ ਸਨ। ਜਿਸ ਦਿਨ ਉਸ ਨੇ ਜਾਣਾ ਸੀ ਤਾਂ ਇਸਮਤ ਨੇ ਏਅਰਪੋਰਟ 'ਤੇ ਤੋਰਨ ਵੇਲੇ ਉਸਨੂੰ ਪਾਸੇ ਕਰ ਲਿਆ ਤੇ ਗਲੇ ਲੱਗ ਮਿਲਦਿਆਂ ਬੋਲੀ, ''ਆਫੀਆ ਤੂੰ ਛੇਤੀ ਤੋਂ ਛੇਤੀ ਪੜ੍ਹਾਈ ਪੂਰੀ ਕਰਕੇ ਵਾਪਸ ਆ ਜਾ। ਇੱਥੇ ਤੇਰੇ ਕਰਨ ਲਈ ਬੜਾ ਕੁਛ ਐ। ਮੈਨੂੰ ਤੇਰੀ ਕਾਬਲੀਅਤ 'ਤੇ ਵੀ ਸ਼ੱਕ ਨ੍ਹੀਂ ਐ। ਤੂੰ ਬਹੁਤ ਉੱਚਾ ਮੁਕਾਮ ਹਾਸਲ ਕਰੇਂਗੀ।''
''ਅੰਮੀ ਮੈਂ ਅਜਿਹਾ ਕਿਹੜਾ ਮਾਰਅਕਾ ਮਾਰੂੰਗੀ?'' ਆਫੀਆ ਨੇ ਮਾਂ ਦੀ ਗੱਲ ਹਾਸੇ 'ਚ ਪਾਈ।
'ਤੂੰ ਕਿਸੇ ਦਿਨ ਰਾਜਨੀਤੀ ਦਾ ਚਮਕਦਾ ਸਿਤਾਰਾ ਹੋਵੇਂਗੀ। ਜੇ ਭੁੱਟੋ ਪਰਿਵਾਰ ਦੀ ਕੁੜੀ ਬੇਨਜ਼ੀਰ ਇੰਨੇ ਵੱਡੇ ਅਹੁਦੇ 'ਤੇ ਪਹੁੰਚ ਸਕਦੀ ਐ ਤਾਂ ਮੇਰੀ ਧੀ ਕਿਉਂ ਨ੍ਹੀਂ। ਤੂੰ ਬੱਸ ਯੂਨੀਵਰਸਿਟੀ ਦੀ ਆਪਣੀ ਪੜ੍ਹਾਈ ਮੁਕਾ ਤੇ ਇੱਥੇ ਆ ਕੇ ਰਾਜਨੀਤੀ ਸ਼ੁਰੂ ਕਰ। ਤੈਨੂੰ ਅੱਗੇ ਵਧਣੋਂ ਕੋਈ ਵੀ ਨ੍ਹੀਂ ਰੋਕ ਸਕਦਾ। ਮੈਂ ਤੇਰੇ ਅੰਦਰ ਦੀ ਜੋਸ਼ੀਲੀ ਅੱਗ ਵੇਖ ਸਕਦੀ ਆਂ। ਬੱਸ ਤੂੰ ਮੇਰੀ ਗੱਲ 'ਤੇ ਧਿਆਨ ਦੇਹ।''
'ਠੀਕ ਐ ਅੰਮੀ।'' ਇੰਨਾ ਕਹਿੰਦਿਆਂ ਆਫੀਆ ਸਮਾਨ ਚੁੱਕਦੀ ਤੁਰ ਪਈ। ਫਲਾਈਟ ਅਮਰੀਕਾ ਲਈ ਚੱਲ ਪਈ ਤੇ ਆਫੀਆ ਦੇ ਦਿਲ 'ਚੋਂ ਮਾਂ ਪਿਉ ਵੱਲੋਂ ਦਿੱਤੀਆਂ ਨਸੀਹਤਾਂ ਭਾਫ ਦੀ ਤਰ੍ਹਾਂ ਉੱਡ ਗਈਆਂ। ਦੂਜੇ ਦਿਨ ਉਹ ਆਪਣੇ ਯੂਨੀਵਰਸਿਟੀ ਦੇ ਹੋਸਟਲ ਪਹੁੰਚ ਗਈ।
ਇਸ ਵਾਰ ਜਦੋਂ ਉਹ ਇੱਥੇ ਪਹੁੰਚੀ ਤਾਂ ਉਸਦੇ ਅੰਦਰ ਜੋਸ਼ ਠਾਠਾਂ ਮਾਰ ਰਿਹਾ ਸੀ। ਇਸਦਾ ਵੱਡਾ ਕਾਰਨ ਸੀ ਕਿ ਪਾਕਿਸਤਾਨ ਵਿੱਚ ਉਸਨੇ ਜਿੱਥੇ ਕਿਤੇ ਵੀ ਉਸਨੇ ਲੈਕਚਰ ਕੀਤਾ ਹਰ ਥਾਂ ਉਸਨੂੰ ਰੱਜ ਕੇ ਵਾਹਵਾ ਮਿਲੀ। ਹਰ ਇੱਕ ਨੇ ਉਸਨੂੰ ਇਸਲਾਮ ਦੀ ਸੱਚੀ ਧੀ ਕਹਿ ਕੇ ਸਰਾਹਿਆ। ਇਸ ਤੋਂ ਬਿਨਾ ਉਹ ਖੁਦ ਵੀ ਸੋਚਣ ਲੱਗੀ ਸੀ ਕਿ ਉਸਨੂੰ ਜਿਹਾਦ ਵਿੱਚ ਅੱਗੇ ਵਧ ਕੇ ਕੰਮ ਕਰਨਾ ਚਾਹੀਦਾ ਹੈ। ਇਸ ਸਾਰੀਆਂ ਗੱਲਾਂ ਨੇ ਉਸਦੇ ਅੰਦਰ ਨਵੀਂ ਤਾਕਤ ਭਰ ਦਿੱਤੀ।
ਉਸਨੇ ਆਉਂਦਿਆਂ ਹੀ ਜੋਸ਼ੋ ਖਰੋਸ਼ ਨਾਲ ਕੰਮ ਸ਼ੁਰੂ ਕਰ ਦਿੱਤਾ। ਉਹ ਐਮ. ਐਸ. ਏ ਦੀਆਂ ਮੀਟਿੰਗਾਂ ਪੂਰੀ ਬਕਾਇਦੀ ਨਾਲ ਕਰਵਾਉਣ ਲੱਗੀ। ਚੈਰਿਟੀ ਦੇ ਕੰਮਾਂ 'ਚ ਦਿਲਚਸਪੀ ਵਧਾ ਦਿੱਤੀ। ਇੱਕ ਦਿਨ ਉਸਨੂੰ ਸੁਹੇਲ ਮਿਲਣ ਆਇਆ। ਗੱਲਾਂ ਕਰਦੇ ਉਹ ਪਾਰਕ ਵੱਲ ਨਿਕਲ ਗਏ।
''ਕਿਵੇਂ ਰਹੀਆਂ ਤੇਰੀਆਂ ਛੁੱਟੀਆਂ?'' ਸੁਹੇਲ ਨੇ ਗੱਲ ਛੇੜੀ।
''ਬਹੁਤ ਵਧੀਆ।''
''ਤੇਰੇ ਅੱਬੂ ਦਾ ਕੀ ਹਾਲ ਐ ਹੁਣ?''
''ਠੀਕ ਐ। ਬੱਸ ਦਿਲ ਦੇ ਰੋਗ ਹੋਣ ਕਰਕੇ ਕਮਜ਼ੋਰੀ ਬਹੁਤ ਆ ਗਈ ਐ।''
''ਤੇਰੀ ਅੰਮੀ ਦੇ ਚੈਰਿਟੀ ਦੇ ਕੰਮ ਕਿਵੇਂ ਚੱਲਦੇ ਨੇ?''
'ਅੰਮੀ ਦੇ ਤਾਂ ਠੀਕ ਚੱਲਦੇ ਨੇ। ਪਰ ਇੱਥੇ ਦੇ ਮੈਨੂੰ ਸਹੀ ਨ੍ਹੀਂ ਲੱਗਦੇ।''
''ਉਹ ਕਿਵੇਂ?''
''ਮੇਰੇ ਜਾਣ ਪਿੱਛੋਂ ਸਾਰਾ ਕੁਛ ਸੁਸਤ ਜਿਹਾ ਹੋ ਗਿਆ ਲੱਗਦਾ ਐ।''
''ਤੂੰ ਆ ਗਈ ਐਂ ਸਭ ਕੁਛ ਠੀਕ ਹੋਜੂਗਾ। ਆਪਾਂ ਨੂੰ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਚੰਗੇ ਬੁਲਾਰਿਆਂ ਦੀ ਲੋੜ ਐ।''
''ਬੁਲਾਉ ਫਿਰ, ਦੇਰ ਕਾਹਦੀ ਐ।''
''ਮੈਂ ਪ੍ਰਬੰਧ ਕੀਤਾ ਐ। ਇਸ ਵਾਰ ਕਨੇਡਾ ਤੋਂ ਕੈਥਰੀਨ ਬਲਕ ਨੂੰ ਬੁਲਾਇਆ ਐ। ਤੈਨੂੰ ਪਤਾ ਈ ਐ ਉਹ ਬੋਲਦੀ ਐ ਤਾਂ ਅੱਗ ਵਰਦੀ ਐ।''
'ਹਾਂ ਮੈਂ ਉਸਦੀ ਕਿਤਾਬ 'ਸੋਸ਼ਿਲ ਜਸਟਿਸ ਇਨ ਅਮੈਰਿਕਾ' ਪੜ੍ਹੀ ਐ। ਉਸਦੇ ਖਿਆਲ ਬਹੁਤ ਉੱਚੇ ਨੇ। ਪਰ ਇੱਕ ਗੱਲ ਐ।''
''ਉਹ ਕੀ?''
'ਉਸਨੂੰ ਆਪਾਂ ਆਮ ਬੁਲਾਰਿਆਂ ਦੇ ਸਾਹਮਣੇ ਨ੍ਹੀਂ ਬੁਲਾ ਸਕਦੇ। ਉਸਦੇ ਵਿਚਾਰ ਆਮ ਲੋਕਾਂ ਦੀ ਸਮਝ ਵਿੱਚ ਆਉਣ ਵਾਲੇ ਨ੍ਹੀਂ ਹਨ। ਸਗੋਂ ਕਈ ਵਾਰ ਤਾਂ ਉਹ ਉਸਦੀਆਂ ਗੱਲਾਂ ਨੂੰ ਉਲਟ ਲੈ ਜਾਂਦੇ ਨੇ।''
''ਫਿਰ ਇਸਦਾ ਹੱਲ ਕੀ ਐ?''
'ਮੈਂ ਇਹ ਸੋਚਿਆ ਐ ਕਿ ਆਪਾਂ ਇੱਕ ਵੱਖਰੀ ਜਥਬੰਦੀ ਬਣਾ ਲਈਏ। ਜਿਹੜੀ ਬਿਲਕੁਲ ਗੁਪਤ ਹੋਵੇ। ਉਸ ਦੀਆਂ ਮੀਟਿੰਗਾਂ ਵਿੱਚ ਜਿਹਾਦ ਨੂੰ ਪੂਰੀ ਤਰ੍ਹਾਂ ਸਮਰਪਤ ਲੋਕ ਹੀ ਆਉਣ।''
''ਇਹ ਬਿਲਕੁਲ ਠੀਕ ਐ। ਨਾਲੇ ਇਸੇ ਗੱਲ ਤੋਂ ਮੈਨੂੰ ਯਾਦ ਆਇਆ ਕਿ ਬਾਸਨੀਆਂ ਵਿੱਚ ਜਿਹਾਦੀਆਂ ਦੀ ਥੁੜ ਪੈਂਦੀ ਜਾ ਰਹੀ ਐ। ਸਾਨੂੰ ਉੱਥੇ ਲੜਨ ਲਈ ਜਿਹਾਦੀ ਚਾਹੀਦੇ ਨੇ।''
''ਇਹ ਗੱਲ ਮੈਂ ਪਹਿਲਾਂ ਈ ਸੋਚ ਲਈ ਸੀ। ਇਸਦੇ ਲਈ ਮੈਂ ਆਪਣੀ ਗੁਪਤ ਈਮੇਲ 'ਤੇ ਮੈਸਿਜ ਵੀ ਪਾ ਦਿੱਤਾ ਐ ਕਿ ਸਾਨੂੰ ਬਾਸਨੀਆਂ ਦੇ ਪਵਿੱਤਰ ਜਿਹਾਦ ਲਈ ਸ਼ਹੀਦਾਂ ਦੋ ਲੋੜ ਐ। ਇਸਦੇ ਕਾਫੀ ਸਾਰੇ ਉੱਤਰ ਵੀ ਆਏ ਨੇ।''
''ਇਹ ਤਾਂ ਤੂੰ ਬਹੁਤ ਚੰਗਾ ਕੀਤਾ। ਤੇਰੀਆਂ ਹੋਰ ਕੀ ਸਕੀਮਾਂ ਨੇ?''
'ਮੈਂ ਚਾਹੁੰਨੀ ਆਂ ਕਿ ਚਿਕਾਗੋ 'ਚ ਚੱਲ ਰਹੀਆਂ ਚੈਰਟੀਆਂ, ਗਲੋਬਲ ਰਿਲੀਫ ਫਾਊਂਡੇਸ਼ਨ ਅਤੇ ਬੈਨੇਵੋਲੈਂਸ ਇੰਟਰਨੈਸ਼ਨਲ ਫਾਊਂਡੇਸ਼ਨ ਦੀਆਂ ਇੱਥੇ ਵੀ ਬਰਾਂਚਾਂ ਖੋਲ੍ਹੀਆਂ ਜਾਣ। ਇਸ ਤਰ੍ਹਾਂ ਚੈਰਿਟੀ ਦੇ ਸੋਮੇ ਵਧ ਜਾਣਗੇ ਤੇ ਬਾਸਨੀਆਂ 'ਚ ਚੱਲ ਰਹੇ ਜਿਹਾਦ ਲਈ ਪੈਸਿਆਂ ਦੀ ਕਮੀ ਵੀ ਨ੍ਹੀਂ ਆਵੇਗੀ। ਤੈਨੂੰ ਪਤਾ ਈ ਹੋਣਾ ਐਂ ਕਿ ਉੱਥੇ ਹਥਿਆਰਾਂ ਲਈ ਪੈਸੇ ਚਾਹੀਦੇ ਨੇ।''
''ਇਹ ਤਾਂ ਠੀਕ ਐ। ਦੋਨਾਂ ਚੈਰਿਟੀਆਂ ਇੱਥੇ ਵੀ ਸ਼ੁਰੂ ਕਰ ਲੈਨੇ ਆਂ। ਕੁਝ ਹੋਰ?''
'ਮੈਂ ਕੁੜੀਆਂ ਦੇ ਗਰੁੱਪਾਂ ਨੂੰ ਰਾਈਫਲ ਬਗੈਰਾ ਸਿਖਾਉਣ ਦੇ ਮੰਤਵ ਨਾਲ ਇੱਕ ਕਲੱਬ ਜੁਆਇਨ ਕਰਵਾਇਆ ਐ। ਆਪ ਵੀ ਉੱਥੇ ਬੰਦੂਕ ਆਦਿ ਚਲਾਉਣ ਦੀ ਸਿਖਲਾਈ ਲੈ ਰਹੀ ਆਂ। ਇਸ ਤੋਂ ਸਿਵਾਏ....।'' ਆਫੀਆ ਨੇ ਗੱਲ ਵਿਚਾਲੇ ਛੱਡਦਿਆਂ ਉੱਪਰ ਵੱਲ ਵੇਖਿਆ। ਮੀਂਹ ਉੱਤਰ ਆਇਆ ਸੀ। ਉਹ ਭੱਜ ਕੇ ਨੇੜਲੀ ਬਿਲਡਿੰਗ ਦੇ ਛੱਜੇ ਹੇਠ ਜਾ ਖੜ੍ਹੇ ਹੋਏ।
'ਇਸ ਤੋਂ ਬਿਨਾ ਮੈਂ ਇੱਥੇ ਦੀ ਇੱਕ....।'' ਆਫੀਆ ਫਿਰ ਤੋਂ ਬੋਲਣ ਲੱਗੀ ਹੀ ਸੀ ਕਿ ਸੁਹੇਲ ਨੇ ਮੂੰਹ 'ਤੇ ਉਂਗਲ ਰੱਖਦਿਆਂ ਉਸਨੂੰ ਚੁੱਪ ਰਹਿਣ ਦਾ ਇਸ਼ਾਰਾ ਕੀਤਾ। ਆਫੀਆ ਨੇ ਚੁੱਪ ਹੁੰਦਿਆਂ ਆਲੇ ਦੁਆਲੇ ਵੇਖਿਆ। ਉਸਨੂੰ ਯਾਦ ਆਇਆ ਕਿ ਇੱਥੇ ਹਰ ਇੱਕ ਬਿਲਡਿੰਗ ਦੀ ਕਿਸੇ ਨਾ ਕਿਸੇ ਨੁੱਕਰ 'ਚ ਕੈਮਰੇ ਲੱਗੇ ਹੁੰਦੇ ਹਨ ਜੋ ਗੱਲਾਂ ਵੀ ਰਿਕਾਰਡ ਕਰਦੇ ਹਨ। ਉਸਨੇ ਕੋਈ ਹੋਰ ਸਾਧਾਰਣ ਜਿਹੀ ਗੱਲ ਸ਼ੁਰੂ ਕਰ ਲਈ। ਪੰਦਰਾਂ ਕੁ ਮਿੰਟ ਪਿੱਛੋਂ ਮੀਂਹ ਬੰਦ ਹੋ ਗਿਆ ਤਾਂ ਉਹ ਬਾਹਰ ਨਿਕਲ ਕੇ ਕਰਾਸਵਾਕ 'ਤੇ ਤੁਰਨ ਲੱਗੇ। ਆਲੇ ਦੁਆਲੇ ਝਾਕਦਿਆਂ ਆਫੀਆ ਨੇ ਪਹਿਲਾਂ ਵਿਚਕਾਰ ਛੱਡੀ ਗੱਲ ਫਿਰ ਸ਼ੁਰੂ ਕਰ ਲਈ।
'ਹਾਂ ਮੈਂ ਉਦੋਂ ਕਹਿ ਰਹੀ ਸੀ ਕਿ ਮੈਂ ਇੱਥੇ ਦੀ ਇੱਕ ਅਜਿਹੀ ਮਸਜਦ ਦੇ ਇਮਾਮ ਨਾਲ ਰਾਬਤਾ ਕਾਇਮ ਕੀਤਾ ਐ ਜਿਹੜਾ ਕਿ ਇੱਥੇ ਦੀਆਂ ਜੇਲ੍ਹਾਂ 'ਚ ਮੁਸਲਮਾਨ ਕੈਦੀਆਂ ਨੂੰ ਹਰ ਹਫਤੇ ਧਾਰਮਿਕ ਸਿੱਖਿਆ ਦੇਣ ਜਾਂਦਾ ਐ। ਮੈਂ ਉਸਦੇ ਰਾਹੀਂ ਬਹੁਤ ਸਾਰੀਆਂ ਅੰਗਰੇਜ਼ੀ 'ਚ ਤਰਜ਼ਮਾ ਹੋਈਆਂ ਕਿਤਾਬਾਂ ਮੁਸਲਮਾਨ ਕੈਦੀਆਂ ਤੱਕ ਪਹੁੰਚਾ ਰਹੀ ਆਂ। ਇਸ ਨਾਲ ਉਨ੍ਹਾਂ ਵਿੱਚ ਵੀ ਜਿਹਾਦ ਪ੍ਰਤੀ ਚਿੰਗਿਆੜੀ ਸੁਲਗੇਗੀ....।'' ਗੱਲ ਕਰਦੀ ਕਰਦੀ ਆਫੀਆ ਚੁੱਪ ਹੋ ਗਈ ਕਿਉਂਕਿ ਕੋਲ ਦੀ ਕੋਈ ਲੰਘ ਰਿਹਾ ਸੀ। ਥੋੜਾ ਰੁਕਦਿਆਂ ਉਹ ਫਿਰ ਬੋਲਣ ਲੱਗੀ, ''ਇਸ ਤੋਂ ਬਿਨਾ ਮੈਂ ਪੁਰਾਣੇ ਬੁੱਕ ਸਟੋਰਾਂ ਤੋਂ ਅਮਰੀਕਣ ਮਿਲਟਰੀ ਮੈਨੂਅਲ ਖਰੀਦ ਰਹੀ ਆਂ ਤਾਂ ਕਿ ਉਹ ਸਾਡੇ ਮੁਜਾਹੀਦੀਨਾਂ ਨੂੰ ਭੇਜੇ ਜਾ ਸਕਣ ਤੇ ਉਨ੍ਹਾਂ ਨੂੰ ਅਮਰੀਕਣਾ ਦੇ ਖਿਲਾਫ ਲੜਨ ਵੇਲੇ ਇਨ੍ਹਾਂ ਤੋਂ ਮੱਦਦ ਮਿਲੇ।''
'ਆਫੀਆ ਤੂੰ ਤਾਂ ਬਹੁਤ ਈ ਅੱਗੇ ਦਾ ਸੋਚਦੀ ਐਂ। ਜੋ ਕੁਛ ਤੂੰ ਕਰ ਰਹੀ ਐਂ ਆਮ ਬੰਦਾ ਤਾਂ ਇਹ ਸੋਚ ਵੀ ਨ੍ਹੀਂ ਸਕਦਾ। ਤੇਰੀ ਇਸ ਅਮਰੀਕਣ ਮਿਲਟਰੀ ਮੈਨੂਅਲ ਵਾਲੀ ਗੱਲ ਨੇ ਮੈਨੂੰ ਬੜਾ ਪ੍ਰਭਾਵਤ ਕੀਤਾ ਐ। ਪਰ ਜ਼ਰਾ ਸੰਭਲ ਕੇ ਚੱਲੀਂ ਕਿਉਂਕਿ ਜੇਕਰ ਕਿਸੇ ਨੂੰ ਜ਼ਰਾ ਵੀ ਸ਼ੱਕ ਹੋ ਗਿਆ ਤਾਂ ਕੰਮ ਖਰਾਬ ਹੋਜੂਗਾ। ਤੇਰਾ ਇਹ ਕੰਮ ਬਗਾਵਤ ਗਿਣਿਆਂ ਜਾਊਗਾ। ਤੂੰ ਬੱਸ....।'' ਇੰਨੇ ਨੂੰ ਸੁਹੇਲ ਦਾ ਫੋਨ ਖੜ੍ਹਕਿਆ। ਫੋਨ ਆਨ ਕਰਕੇ ਉਹ ਗੱਲ ਸੁਣਨ ਲੱਗਿਆ। ਕਈ ਮਿੰਟ ਗੱਲ ਹੋਣ ਪਿੱਛੋਂ ਉਹ ਆਫੀਆ ਵੱਲ ਨੂੰ ਆਉਂਦਾ ਉਦਾਸ ਆਵਾਜ਼ 'ਚ ਬੋਲਿਆ, ''ਅਸਲ 'ਚ ਕਿਸੇ ਘਰ ਦੇ ਭੇਤੀ ਨੇ ਹੀ ਸਾਰਾ ਕੰਮ ਵਿਗਾੜਿਆ ਸੀ।''
''ਹੈਂ!?''
'ਅੱਜ ਫਿਰ ਅਲਕੀਫਾ ਦੇ ਕਈ ਮੈਂਬਰਾਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ। ਯੁਨਾਈਟਡ ਨੇਸ਼ਨ ਬਿਲਡਿੰਗ ਅਤੇ ਕਈ ਟਨਲਾਂ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ਲਾ ਕੇ ਇਹ ਮੈਂਬਰ ਫੜ੍ਹੇ ਗਏ ਨੇ। ਅਸਲ 'ਚ ਅੰਦਰਲੇ ਸੂਤਰਾਂ ਤੋਂ ਪਤਾ ਲੱਗਿਆ ਐ ਕਿ ਜਿਸ ਦਿਨ ਸ਼ੇਖ ਉਮਰ ਅਬਦਲ ਰਹਿਮਾਨ ਨੇ ਢਾਈ ਲੱਖ ਅਮਰੀਕਣਾ ਨੂੰ ਮਾਰਨ ਦਾ ਫਤਵਾ ਜਾਰੀ ਕੀਤਾ ਸੀ ਉਸ ਦਿਨ ਉੱਥੇ ਕੋਈ ਮੁਸਲਮਾਨ ਅਜਿਹਾ ਵੀ ਸੀ ਜੋ ਕਿ ਐੱਫ. ਆਈ. ਦਾ ਮੁਖਬਰ ਸੀ। ਉਸੇ ਕਰਕੇ ਸਾਰੀ ਗੱਲ ਦਾ ਭੇਤ ਖੁੱਲ੍ਹਿਆ ਅਤੇ ਉਹੀ ਅੱਗੇ ਜਾ ਕੇ ਅੱਜ ਵਾਲੀਆਂ ਗ੍ਰਿਫਤਾਰੀਆਂ ਦਾ ਕਾਰਨ ਬਣਿਆਂ।''
''ਅਜਿਹੇ ਗਦਾਰਾਂ ਦਾ ਕੀ ਕੀਤਾ ਜਾਵੇ?'' ਆਫੀਆ ਦਾ ਭਵਾਂ ਸੁਕੜ ਗਈਆਂ।
'ਇਨ੍ਹਾਂ ਦਾ ਹੱਲ ਉਹੀ ਐ ਜੋ ਇੱਕ ਦੁਸ਼ਮਣ ਦਾ ਐ। ਪਰ ਇੱਥੇ ਇਹ ਕੰਮ ਬਹੁਤ ਔਖਾ ਐ।''
'ਅੱਛਾ ਮੈਂ ਚੱਲਦਾ ਆਂ। ਜਦੋਂ ਤੱਕ ਥੋੜਾ ਟਿਕ ਟਿਕਾ ਨ੍ਹੀਂ ਹੋ ਜਾਂਦਾ ਉਤਨਾ ਚਿਰ ਬਚ ਕੇ ਰਹਿਣ ਦੀ ਲੋੜ ਐ।''
ਸੁਹੇਲ ਚਲਿਆ ਗਿਆ ਤਾਂ ਆਫੀਆ ਹੋਸਟਲ ਵੱਲ ਨੂੰ ਤੁਰ ਪਈ।
Chahals57@yahoo.com
Ph. 0017033623239