Thursday 15 November 2012

ਸੋਲਾਂ :---




ਪੋਸਟਿੰਗ : ਅਨੁ. ਮਹਿੰਦਰ ਬੇਦੀ ਜੈਤੋ



ਆਫੀਆ ਸਦੀਕੀ ਦਾ ਜਿਹਾਦ…:: ਲੇਖਕ : ਹਰਮਹਿੰਦਰ ਚਹਿਲ :---

ਸਾਲ 2008 'ਚ ਜਨਵਰੀ ਮਹੀਨੇ ਦੇ ਇੱਕ ਦਿਨ ਐੱਸ. ਐੱਚ. ਫਾਰੂਕੀ ਪਾਕਿਸਤਾਨ 'ਚ ਆਪਣੇ ਘਰ ਬੈਠਾ ਟੀ ਵੀ ਵੇਖ ਰਿਹਾ ਸੀ। ਦੁਪਹਿਰ ਵੇਲੇ ਉਸ ਦੇ ਘਰ ਦੀ ਡੋਰ ਬੈੱਲ ਵੱਜੀ ਤਾਂ ਉਸਦੀ ਬੇਗਮ ਨੇ ਦਰਵਾਜ਼ੇ 'ਚੋਂ ਬਾਹਰ ਵੇਖਿਆ। ਕਿਸੇ ਅਜ਼ਨਬੀ ਨੂੰ ਬਾਹਰ ਖੜ੍ਹਾ ਵੇਖ ਕੇ ਉਸਨੇ ਇਸ ਬਾਰੇ ਘਰਵਾਲੇ ਨੂੰ ਦੱਸਿਆ। ਫਾਰੂਕੀ ਟੀਵੀ ਦੀ ਆਵਾਜ਼ ਘਟਾਉਂਦਾ ਬਾਹਰ ਆਇਆ। ਉਸਨੇ ਦਰਵਾਜ਼ਾ ਖੋਲ੍ਹਿਆ ਤਾਂ ਸਾਹਮਣੇ ਟੈਕਸੀ ਡਰਾਈਵਰ ਖੜ੍ਹਾ ਸੀ। ਟੈਕਸੀ ਡਰਾਈਵਰ ਨੇ ਕਿਹਾ ਕਿ ਉਸਦੀ ਟੈਕਸੀ ਵਿੱਚ ਇੱਕ ਔਰਤ ਬੈਠੀ ਹੈ ਜੋ ਉਸਨੂੰ ਮਿਲਣਾ ਚਾਹੁੰਦੀ ਹੈ। ਫਾਰੂਕੀ ਹੈਰਾਨ ਹੁੰਦਾ ਟੈਕਸੀ ਕੋਲ ਆਇਆ ਤੇ ਅੰਦਰ ਨੂੰ ਵੇਖਣ ਲੱਗਿਆ।
'ਅੰਕਲ ਮੈਂ ਆਫੀਆ ਆਂ।'' ਇਸ ਆਵਾਜ਼ ਨੇ ਫਾਰੂਕੀ ਦੇ ਰੌਂਗਟੇ ਖੜ੍ਹੇ ਕਰ ਦਿੱਤੇ। ਭਾਵੇਂ ਔਰਤ ਨੇ ਆਪਣੇ ਆਪ ਨੂੰ ਬੁਰਕੇ ਵਿੱਚ ਲਪੇਟਿਆ ਹੋਇਆ ਸੀ ਪਰ ਇਹ ਕਿਵੇਂ ਹੋ ਸਕਦਾ ਸੀ ਕਿ ਮਾਮਾ ਆਪਣੀ ਭਾਣਜੀ ਨੂੰ ਨਾ ਪਛਾਣਦਾ। ਉਂਝ ਤਾਂ ਉਸਨੂੰ ਆਵਾਜ਼ ਤੋਂ ਹੀ ਅੰਦਾਜ਼ਾ ਹੋ ਗਿਆ ਸੀ, ਪਰ ਉਸਦੀਆਂ ਅੱਖਾਂ ਵੱਲ ਵੇਖ ਕੇ ਉਸਨੂੰ ਪੱਕਾ ਯਕੀਨ ਹੋ ਗਿਆ ਕਿ ਇਹ ਆਫੀਆ ਹੀ ਹੈ।
''ਆਫੀਆ ਬੇਟੀ, ਅੰਦਰ ਘਰੇ ਚੱਲ।'' ਪਛਾਣਨ ਤੋਂ ਬਾਅਦ ਉਸਨੇ ਮੋਹ ਭਿੱਜੇ ਲਫਜ਼ਾਂ 'ਚ ਕਿਹਾ।
'ਅੰਕਲ ਇਸ ਵੇਲੇ ਮੈਂ ਘਰੇ ਨ੍ਹੀਂ ਜਾ ਸਕਦੀ। ਜੇ ਹੋ ਸਕਦਾ ਐ ਤਾਂ ਆਪ ਮੇਰੇ ਨਾਲ ਚਲੋ। ਆਪਾਂ ਬਾਹਰ ਕਿਧਰੇ ਨਿਵਕਲੇ ਬੈਠ ਕੇ ਗੱਲ ਕਰਾਂਗੇ।'' ਐਸ. ਐੱਚ. ਫਾਰੂਕੀ ਨੇ ਪਲ ਭਰ ਸੋਚਿਆ ਤੇ ਫਿਰ ਆਫੀਆ ਦੇ ਨਾਲ ਟੈਕਸੀ 'ਚ ਬੈਠ ਗਿਆ। ਉਹ ਕਿਸੇ ਰੈਸਟੋਰੈਂਟ ਜਾ ਪਹੁੰਚੇ।
''ਆਫੀਆ ਬੇਟੀ ਤੂੰ ਪਿਛਲੇ ਪੰਜ ਸਾਲਾਂ ਤੋਂ ਕਿੱਥੇ ਸੀ?'' ਮੌਕਾ ਮਿਲਦਿਆਂ ਹੀ ਫਾਰੂਕੀ ਨੇ ਗੱਲ ਛੇੜੀ।
''ਅੰਕਲ ਕੁਛ ਨਾ ਈ ਪੁੱਛੋ ਤਾਂ ਚੰਗਾ ਐ।''
'ਨ੍ਹੀਂ ਬੇਟੀ ਅਸੀਂ ਸਾਰੇ ਤੇਰੇ ਲਈ ਬਹੁਤ ਪਰੇਸ਼ਾਨ ਆਂ। ਤੂੰ ਕੁਛ ਨਾ ਕੁਛ ਤਾਂ ਦੱਸ।''
'ਅੰਕਲ....।'' ਆਫੀਆ ਗੱਲ ਸ਼ੁਰੂ ਕਰਦਿਆਂ ਆਪਣੇ ਮਾਮੇ ਵੱਲ ਵੇਖਦਿਆਂ ਪਲ ਭਰ ਰੁਕੀ ਤੇ ਫਿਰ ਅੱਗੇ ਦੱਸਣ ਲੱਗੀ, ''ਅੰਕਲ ਮੈਂ ਕਿਸੇ ਚੈਰਿਟੀ ਦੀ ਮੀਟਿੰਗ 'ਚ ਹਿੱਸਾ ਲੈਣ ਕਰਾਚੀ ਦੇ ਕਿਸੇ ਆਪਰਟਮੈਂਟ ਵਿੱਚ ਗਈ ਸੀ ਕਿ ਉੱਥੇ ਪੁਲੀਸ ਨੇ ਰੇਡ ਕਰ ਦਿੱਤੀ। ਉਸਦੇ ਨਾਲ ਅਮਰੀਕਣ ਐਫ. ਬੀ. ਆਈ. ਵੀ ਸੀ। ਹੋਰਨਾਂ ਦੇ ਨਾਲ ਉਨ੍ਹਾਂ ਮੈਨੂੰ ਵੀ ਫੜ੍ਹ ਲਿਆ। ਪਿੱਛੋਂ ਮੈਨੂੰ ਆਈ. ਐੱਸ. ਆਈ. ਦੇ ਹਵਾਲੇ ਕਰ ਦਿੱਤਾ ਗਿਆ।
''ਇਹ ਵਾਕਿਆ ਕਿਸ ਦਿਨ ਵਾਪਰਿਆ?'' ਫਾਰੂਕੀ ਗੌਹ ਨਾਲ ਆਫੀਆ ਵੱਲ ਝਾਕਿਆ।
''ਜੀ ਇਹ 29 ਅਪ੍ਰੈਲ 2002 ਦੀ ਗੱਲ ਐ।''
''ਪਰ ਤੂੰ ਤਾਂ 30 ਮਾਰਚ ਵਾਲੇ ਦਿਨ ਆਪਣੀ ਮਾਂ ਨੂੰ ਇਹ ਕਹਿ ਕੇ ਘਰੋਂ ਨਿਕਲੀ ਸੀ ਕਿ ਤੂੰ ਮੇਰੇ ਵੱਲ ਆ ਰਹੀ ਐਂ।''
''ਅੰਕਲ ਉਹ ਗੱਲ ਵੀ ਸਹੀ ਐ।''
''ਫਿਰ ਇਹ ਮਹੀਨਾ ਭਰ ਤੂੰ ਕਿੱਥੇ ਰਹੀ? ਮੇਰਾ ਮਤਲਬ ਤੂੰ ਨਾ ਮੇਰੇ ਕੋਲ ਆਈ ਤੇ ਨਾ ਹੀ ਤੇਰਾ ਕਿਧਰੇ ਹੋਰ ਕਿਤੇ ਪਤਾ ਚੱਲਿਆ।''
''ਅੰਕਲ ਉਹ…....।'' ਆਫੀਆ ਗੱਲ ਕਰਦੀ ਕਰਦੀ ਚੁੱਪ ਹੋ ਗਈ।
''ਹਾਂ ਬੇਟੇ ਦੱਸ ਨਾ ਕਿ ਇਸ ਵਿਚਕਾਰ ਕੀ ਵਾਪਰਿਆ?''
'ਅੰਕਲ ਤੁਸੀਂ ਉਨ੍ਹਾਂ ਦਿਨਾਂ ਦੀ ਗੱਲ ਨਾ ਛੇੜੋ। ਮੈਨੂੰ ਆਪਣੀ ਗੱਲ ਆਪਣੇ ਢੰਗ ਨਾਲ ਕਹਿਣ ਦਿਉ ਪਲੀਜ਼। ਮੈਂ ਬਹੁਤ ਪਰੇਸ਼ਾਨ ਆਂ।''
ਫਾਰੂਕੀ ਕੁਝ ਨਾ ਬੋਲਿਆ। ਪਰ ਉਹ ਸਮਝ ਗਿਆ ਕਿ ਇਹ ਜੋ ਤੀਹ ਮਾਰਚ ਤੋਂ ਲੈ ਕੇ ਉਨੰਤੀ ਅਪ੍ਰੈਲ ਤੱਕ ਦਾ ਵਕਫਾ ਹੈ ਇਸ ਵਿਚਕਾਰ ਜ਼ਰੂਰ ਕੁਝ ਹੋਰ ਵਾਪਰਿਆ ਹੈ ਜਿਸ ਬਾਰੇ ਆਫੀਆ ਸ਼ਾਇਦ ਗੱਲ ਨਹੀਂ ਕਰਨਾ ਚਾਹੁੰਦੀ। ਉਸ ਨੇ ਇਸ਼ਾਰੇ ਨਾਲ ਉਸਨੂੰ ਆਪਣੀ ਗੱਲ ਚਾਲੂ ਰੱਖਣ ਨੂੰ ਕਿਹਾ ਤਾਂ ਆਫੀਆ ਫਿਰ ਬੋਲਣ ਲੱਗੀ, ''ਹੁਣ ਮੈਨੂੰ ਲੱਗਦਾ ਐ ਕਿ ਉਹ ਪਹਿਲਾਂ ਤੋਂ ਹੀ ਮੇਰੀ ਭਾਲ ਕਰ ਰਹੇ ਸਨ। ਆਈ. ਐੱਸ. ਆਈ. ਵਾਲੇ ਮੈਨੂੰ ਆਪਣੇ ਕਿਸੇ ਗੁਪਤ ਟਿਕਾਣੇ 'ਤੇ ਲੈ ਗਏ। ਉੱਥੇ ਮੈਨੂੰ ਮੇਰੇ ਬੱਚਿਆਂ ਨਾਲੋਂ ਨਖੇੜ ਦਿੱਤਾ ਗਿਆ। ਅਗਲੇ ਦਿਨ ਉਹ ਮੈਨੂੰ ਅਫਗਾਨਿਸਤਾਨ ਦੇ ਬੈਗਰਾਮ ਏਅਰਬੇਸ ਲੈ ਗਏ ਜਿੱਥੇ ਕਿ ਅਮਰੀਕਾ ਦਾ ਵੱਡਾ ਅੱਡਾ ਐ।''
''ਫਿਰ....?'' ਆਫੀਆ ਬੋਲਦੀ ਬੋਲਦੀ ਚੁੱਪ ਹੋਈ ਤਾਂ ਫਾਰੂਕੀ ਵਿਚਕਾਰ ਬੋਲਿਆ।
''ਉੱਥੇ ਮੈਨੂੰ ਚਾਰ ਸਾਲ ਰੱਖਿਆ ਗਿਆ। ਉਨਾਂ ਮੈਨੂੰ ਬੇਤਹਾਸ਼ਾ ਤਸੀਹੇ ਦਿੱਤੇ।''
''ਕੌਣ ਸਨ ਉਹ ਲੋਕ? ਮੇਰਾ ਮਤਲਬ ਆਈ. ਐੱਸ. ਆਈ. ਜਾਂ ਅਮਰੀਕਣ ਏਜੈਂਸੀਆਂ?''
''ਦੋਨੋਂ ਈ।''
'ਕੀ ਉਨ੍ਹਾਂ ਤੈਨੂੰ ਕੁੱਟਿਆ ਮਾਰਿਆ?''
'ਅੰਕਲ ਕੁੱਟ ਮਾਰ ਤਾਂ ਸ਼ਾਇਦ ਮੈਂ ਬਰਦਾਸ਼ਤ ਕਰ ਜਾਂਦੀ। ਪਰ ਉਨ੍ਹਾਂ ਦਾ ਟਾਰਚਰ ਜ਼ਿਆਦਾ ਮਾਨਸਿਕ ਸੀ। ਮੈਨੂੰ ਕਈ ਵਾਰੀ ਦੋ ਬਾਈ ਦੋ ਦੇ ਕਮਰੇ 'ਚ ਖੜ੍ਹਾ ਰੱਖਿਆ ਜਾਂਦਾ ਸੀ। ਉੱਥੇ ਅੰਤਾਂ ਦੀਆਂ ਤੇਜ਼ ਰੋਸ਼ਨੀਆਂ ਹੁੰਦੀਆਂ ਸਨ ਜੋ ਅੱਖਾਂ ਨੂੰ ਪਾਟਣ ਵਾਲੀਆਂ ਕਰ ਦਿੰਦੀਆਂ ਸਨ। ਇਸ ਤੋਂ ਇਲਾਵਾ ਉੱਥੇ ਸਾਰਾ ਦਿਨ ਬਹੁਤ ਹੀ ਉੱਚਾ, ਭੱਦਾ ਤੇ ਕੰਨ ਪਾੜਵਾਂ ਮਿਊਜ਼ਕ ਵਜਦਾ ਰਹਿੰਦਾ ਸੀ। ਕਈ ਕਈ ਦਿਨ ਮੈਂ ਸੌਂ ਹੀ ਨ੍ਹੀਂ ਸਕਦੀ ਸੀ। ਮੈਨੂੰ ਉਹ ਉੱਥੋਂ ਕੱਢਦੇ ਤਾਂ ਨੇੜਲੇ ਤਲਾਅ ਵਿੱਚ ਲੈਂ ਜਾਂਦੇ ਜਿੱਥੇ ਦੋ ਦੋ ਮਿੰਟ ਅੰਦਰ ਡਬੋਈ ਰੱਖਦੇ। ਇਹ ਕੰਮ ਚਾਰ ਸਾਲ ਚੱਲਦਾ ਰਿਹਾ। ਹੋਰ ਬੜਾ ਕੁਛ ਸੀ ਜੋ ਇਨਸਾਨ ਦੀ ਬਰਦਾਸ਼ਤ ਤੋਂ ਬਾਹਰ ਦੀ ਗੱਲ ਐ।''
''ਆਫੀਆ ਬੇਟੀ ਤੇਰੇ 'ਤੇ ਇੰਨਾ ਜ਼ੁਲਮ ਹੋਇਆ....।'' ਫਾਰੂਕੀ ਦਾ ਦਿਲ ਭਰ ਆਇਆ।
'ਅੰਕਲ ਇਹ ਅਫਸੋਸ ਵਾਲੀ ਗੱਲ ਨ੍ਹੀਂ ਐ। ਕਿਉਂਕਿ ਜਿਹਾਦ ਦੇ ਰਾਹ ਚੱਲਦਿਆਂ ਅਜਿਹਾ ਤਾਂ ਹੋਣਾ ਈ ਹੁੰਦਾ ਐ। ਪਰ ਮੈਨੂੰ ਮਾਣ ਐਂ ਕਿ ਮੈਂ ਇਹ ਸਭ ਕੁਛ ਬਰਦਾਸ਼ਤ ਕੀਤਾ ਪਰ ਇਰਾਦੇ ਤੋਂ ਨ੍ਹੀਂ ਡੋਲੀ।''
''ਅੱਛਾ ਫਿਰ ਕੀ ਹੋਇਆ?''
'ਆਖਰ ਉਨ੍ਹਾਂ ਨੇ ਮੈਨੂੰ ਮਜ਼ਬੂਰ ਕੀਤਾ ਕਿ ਮੈਂ ਉਨ੍ਹਾਂ ਲਈ ਡਬਲ ਏਜੈਂਟ ਦਾ ਕੰਮ ਕਰਾਂ। ਉਨ੍ਹਾਂ ਮੈਨੂੰ ਡਰਾਵਾ ਦਿੱਤਾ ਕਿ ਜੇਕਰ ਮੈਂ ਅਜਿਹਾ ਨ੍ਹੀਂ ਕਰਾਂਗੀ ਤਾਂ ਉਹ ਮੇਰੇ ਬੱਚਿਆਂ ਨੂੰ ਖਤਮ ਕਰ ਦੇਣਗੇ। ਮੈਨੂੰ ਪਤਾ ਸੀ ਕਿ ਮੇਰੇ ਬੱਚੇ ਉਨ੍ਹਾਂ ਦੀ ਕੈਦ 'ਚ ਨੇ। ਅਣਸਰਦੇ ਨੂੰ ਮੈਨੂੰ ਉਨ੍ਹਾਂ ਦੀ ਗੱਲ ਮੰਣਨੀ ਪਈ। ਉਂਝ ਉਨ੍ਹਾਂ ਦੇ ਭਾਅ ਦੀ ਮੈਂ ਡਬਲ ਏਜੈਂਟ ਬਣ ਗਈ, ਪਰ ਮੈਨੂੰ ਲੱਗਿਆ ਕਿ ਇਸ ਤਰੀਕੇ ਵੀ ਮੈਂ ਜਿਹਾਦ ਦਾ ਕੰਮ ਹੀ ਕਰ ਰਹੀ ਹੋਵਾਂਗੀ।''
''ਉਹ ਕਿਵੇਂ?'' ਫਾਰੂਕੀ ਵਿਚਕਾਰੋਂ ਹੀ ਬੋਲਿਆ।
'ਕਿਉਂਕਿ ਮੈਂ ਕੁਝ ਹੋਰ ਸੋਚਿਆ ਸੀ। ਮੈਨੂੰ ਉਨ੍ਹਾਂ ਆਈ. ਐੱਸ. ਆਈ. ਦੀ ਏਜੈਂਟ ਬਣਾ ਲਿਆ ਤੇ ਕਿਹਾ ਕਿ ਇਸ ਗੱਲ ਨੂੰ ਭੇਤ ਰੱਖਦਿਆਂ ਹੋਇਆਂ ਮੈਂ ਉਨ੍ਹਾਂ ਦੇ ਬੰਦੇ ਅਲ ਕਾਇਦਾ ਵਿੱਚ ਦਾਖਲ ਕਰਵਾਵਾਂ। ਉਨ੍ਹਾਂ ਨੇ ਮੈਨੂੰ ਨਵੀਂ ਪਹਿਚਾਣ ਦੇ ਕੇ ਇਸਲਾਮਾਬਾਦ ਭੇਜ ਦਿੱਤਾ। ਮੈਂ ਉਨ੍ਹਾਂ ਦਾ ਕੰਮ ਵੀ ਕਰਦੀ ਰਹੀ ਤੇ ਨਾਲ ਹੀ ਆਪਣੀ ਸੋਚੀ ਸਕੀਮ ਮੁਤਾਬਕ, ਅਲ ਕਾਇਦਾ ਨੂੰ ਆਈ. ਐੱਸ. ਆਈ. ਦੇ ਭੇਤ ਦਿੰਦੀ ਰਹੀ। ਇਹ ਕੰਮ ਬੜਾ ਜ਼ੋਖਮ ਭਰਿਆ ਸੀ, ਕਿਉਂਕਿ ਚੌਵੀ ਘੰਟੇ ਆਈ. ਐੱਸ. ਆਈ ਦੇ ਬੰਦੇ ਮੇਰੇ ਆਲੇ ਦੁਆਲੇ ਰਹਿੰਦੇ ਸਨ। ਇਹ ਕੰਮ ਕਰਦਿਆਂ ਹੋਇਆਂ ਕੁਝ ਦੇਰ ਪਿੱਛੋਂ ਮੈਨੂੰ ਪਾਕਿਸਤਾਨ ਦੀ ਫੈਡਰਲ ਇਨਵੈਸਟੀਗੇਸ਼ਨ ਏਜੈਂਸੀ ਨੇ ਗ੍ਰਿਫਤਾਰ ਕਰ ਲਿਆ।''
''ਉਹ ਹੋ! ਫਿਰ ਕੀ ਹੋਇਆ?''
'ਫਿਰ ਉਨ੍ਹਾਂ ਵੀ ਮੈਨੂੰ ਉਹੀ ਕੰਮ ਕਰਨ ਨੂੰ ਕਿਹਾ ਜੋ ਆਈ. ਐੱਸ. ਆਈ. ਕਰਵਾ ਰਹੀ ਸੀ, ਜਾਣੀ ਕਿ ਡਬਲ ਏਜੈਂਟ। ਮੈਨੂੰ ਨਵੀਂ ਪਹਿਚਾਣ ਦੇ ਕੇ ਇਹ ਏਜੈਂਸੀ ਮੇਰੇ ਤੋਂ ਆਪਣੇ ਲਈ ਕੰਮ ਕਰਵਾਉਣ ਲੱਗੀ। ਹੁਣ ਵੀ ਮੈਂ ਉੱਥੇ ਈ ਆਂ। ਪਰ ਮੈਨੂੰ ਪਤਾ ਐ ਕਿ ਇਹ ਕੰਮ ਜ਼ਿਆਦਾ ਦੇਰ ਨ੍ਹੀਂ ਚੱਲ ਸਕੇਗਾ। ਇਸੇ ਲਈ ਮੈਂ ਤਾਕ 'ਚ ਸੀ ਕਿ ਕਦੋਂ ਮੌਕਾ ਮਿਲੇ ਤੇ ਇੱਥੋਂ ਭੱਜਾਂ। ਅੱਜ ਉਨ੍ਹਾਂ ਦੇ ਨਿਗਰਾਨਾਂ ਦੇ ਅੱਖੀਂ ਘੱਟਾ ਪਾ ਕੇ ਮੈਂ ਭੱਜ ਆਈ ਆਂ।''
''ਹੁਣ ਫਿਰ ਅੱਗੇ ਤੂੰ ਕੀ ਕਰਨਾ ਚਾਹੁੰਨੀ ਐਂ?''
'ਅੰਕਲ ਜੇ ਮੈਂ ਇੱਥੇ ਰਹੀ ਤਾਂ ਮੈਨੂੰ ਫਿਰ ਤੋਂ ਕਿਸੇ ਨਾ ਕਿਸੇ ਏਜੈਂਸੀ ਨੇ ਗ੍ਰਿਫਤਾਰ ਕਰ ਲੈਣਾ ਐਂ ਤੇ ਫਿਰ ਤੋਂ ਉਹੀ ਜਸੂਸੀ ਦਾ ਕੰਮ ਕਰਵਾਉਣਾ ਐਂ। ਤੁਹਾਨੂੰ ਪਤਾ ਈ ਐ ਕਿ ਇਸ ਕੰਮ 'ਚ ਕਿੰਨਾ ਜ਼ੋਖਮ ਐਂ। ਮੈਂ ਇਹ ਵੀ ਜਾਣਦੀ ਆਂ ਕਿ ਜਦੋਂ ਈ ਪਾਕਿਸਤਾਨੀ ਏਜੈਂਸੀਆਂ ਦਾ ਕੰਮ ਨਿਕਲ ਗਿਆ ਤਾਂ ਉਨ੍ਹਾਂ ਮੈਨੂੰ ਅਮਰੀਕਣਾ ਦੇ ਹਵਾਲੇ ਕਰ ਦੇਣਾ ਐਂ। ਤੇ ਉਨ੍ਹਾਂ ਨੇ ਮੇਰੇ 'ਤੇ ਕੋਈ ਨਾ ਕੋਈ ਚਾਰਜ ਲਾ ਕੇ ਸਦਾ ਲਈ ਜੇਲ੍ਹ 'ਚ ਬੰਦ ਕਰ ਦੇਣਾ ਐਂ। ਇਸ ਕਰਕੇ ਮੈਂ ਚਾਹੁੰਨੀ ਆਂ ਕਿ ਇਸ ਸਭ ਤੋਂ ਦੂਰ ਕਿਤੇ ਅਜਿਹੀ ਜਗ੍ਹਾ ਚਲੀ ਜਾਵਾਂ ਜਿੱਥੇ ਕਿ ਮੈਨੂੰ ਇਨ੍ਹਾਂ ਦਾ ਡਰ ਨਾ ਹੋਵੇ। ਜਿੱਥੇ ਮੈਨੂੰ ਇਹ ਨਾ ਰਹੇ ਕਿ ਕੋਈ ਆਪਣਾ ਈ ਮੇਰੇ ਨਾਲ ਦਗਾ ਕਮਾ ਕੇ ਮੈਨੂੰ ਫੜ੍ਹਾ ਦੇਵੇਗਾ।''
'ਅਜਿਹੀ ਜਗ੍ਹਾ ਫਿਰ ਕਿਹੜੀ ਹੋ ਸਕਦੀ ਐ?''
'ਅੰਕਲ ਇਸ ਵੇਲੇ ਜੇ ਕੋਈ ਮੇਰੇ ਲਈ ਢੁੱਕਵੀਂ ਜਗ੍ਹਾ ਐ ਤਾਂ ਉਹ ਐ ਅਫਗਾਨਿਸਤਾਨ ਦੇ ਵਿੱਚ ਤਾਲੀਬਾਨ। ਪਰ ਮੇਰਾ 'ਕੱਲੀ ਦਾ ਉੱਥੇ ਪਹੁੰਚਣਾ ਸੁਖਾਲਾ ਨ੍ਹੀਂ ਐ।''
''ਆਫੀਆ ਬੇਟੀ ਮੈਂ ਤਾਂ ਕਹਿੰਨਾ ਆਂ ਕਿ ਤੂੰ ਆਪਣੇ ਘਰ ਆ ਜਾ। ਆਪਾਂ ਸਭ ਕੁਛ ਠੀਕ ਕਰ ਲਵਾਂਗੇ।''
'ਨ੍ਹੀਂ ਅੰਕਲ ਇਹ ਮੇਰਾ ਨਿਸ਼ਾਨਾ ਨ੍ਹੀਂ ਐ। ਮੈਂ ਆਪਣੀ ਜ਼ਿੰਦਗੀ ਜਿਹਾਦ ਦੇ ਲੇਖੇ ਲਾਉਣੀ ਐਂ। ਮੇਰੀ ਤੀਬਰ ਇੱਛਾ ਐ ਕਿ ਮੈਂ ਫਰੰਟ 'ਤੇ ਜਾ ਕੇ ਲੜਾਈ 'ਚ ਹਿੱਸਾ ਲਵਾਂ।''
''ਠੀਕ ਐ ਬੇਟੀ ਜਿਵੇਂ ਤੇਰੀ ਮਰਜ਼ੀ....।'' ਫਾਰੂਕੀ ਨੇ ਗੱਲ ਵਿਚਾਲੇ ਛੱਡ ਦੇ ਨੇ ਅੱਖਾਂ ਦੇ ਕੋਏ ਪੂੰਝੇ ਤੇ ਫਿਰ ਬੋਲਿਆ, ''ਚੰਗਾ ਦੱਸ ਫਿਰ ਮੈਂ ਤੇਰੀ ਉਸ ਕੰਮ 'ਚ ਕੀ ਮੱਦਦ ਕਰ ਸਕਦਾ ਆਂ?
'ਤੁਸੀਂ ਮੇਰੀ ਤਾਲੀਬਾਨਾਂ ਤੱਕ ਪਹੁੰਚਣ 'ਚ ਮੱਦਦ ਕਰੋ। ਜਿਵੇਂ ਮੈਂ ਪਹਿਲਾਂ ਈ ਕਿਹਾ ਐ ਕਿ 'ਕੱਲੀ ਔਰਤ ਦਾ ਉੱਥੇ ਜਾਣਾ ਸੁਖਾਲਾ ਨ੍ਹੀਂ ਐ। ਉਹ ਵੀ ਮੇਰਾ, ਜਿਸਨੂੰ ਥਾਂ ਥਾਂ 'ਤੇ ਏਜੈਂਸੀਆਂ ਲੱਭਦੀਆਂ ਫਿਰਦੀਆਂ ਨੇ।''
ਉਸਦੀ ਗੱਲ ਸੁਣ ਕੇ ਫਾਰੂਕੀ ਸੋਚੀਂ ਪੈ ਗਿਆ। ਫਿਰ ਉਸਨੂੰ ਖਿਆਲ ਆਇਆ ਕਿ ਇਸਦੀ ਮੱਦਦ ਕਰਨੀ ਹੀ ਪਵੇਗੀ। ਉਹ ਆਫੀਆ ਵੱਲ ਵੇਖਦਾ ਬੋਲਿਆ, ''ਠੀਕ ਐ ਬੇਟੀ, ਮੇਰੀ ਤਾਲੀਬਾਨ ਗੌਰਮਿੰਟ ਵੇਲੇ ਦੇ ਕਈ ਅਫਸਰਾਂ ਨਾਲ ਜਾਣ-ਪਛਾਣ ਐ। ਮੈਂ ਤੈਨੂੰ ਉਨ੍ਹਾਂ ਤੱਕ ਪਹੁੰਚਾ ਦੇਵਾਂਗਾ। ਪਰ ਇਹ ਪ੍ਰਬੰਧ ਕਰਨ 'ਚ ਕੁਛ ਦਿਨ ਲੱਗ ਜਾਣਗੇ। ਚੱਲ ਉਨਾਂ ਚਿਰ ਤੂੰ ਮੇਰੇ ਘਰੇ ਠਹਿਰ ਜਾ।''
'ਨ੍ਹੀਂ ਅੰਕਲ ਮੈਂ ਤੁਹਾਡੇ ਨਾਲ ਨ੍ਹੀਂ ਨਾ ਸਕਦੀ। ਸੂਹੀਆਂ ਏਜੈਂਸੀਆਂ ਮੈਨੂੰ ਥਾਂ ਥਾਂ ਭਾਲਦੀਆਂ ਫਿਰਦੀਆਂ ਹੋਣਗੀਆਂ। ਮੇਰੇ ਨਾਲ ਈ ਤੁਸੀਂ ਵੀ ਮੁਸੀਬਤ 'ਚ ਫਸ ਜਾਵੋਗੇ।''
ਫਾਰੂਕੀ ਇਕੱਲਾ ਹੀ ਉੱਠ ਕੇ ਤੁਰ ਗਿਆ। ਉਸ ਰਾਤ ਆਫੀਆ ਕਿਸੇ ਹੋਟਲ 'ਚ ਰੁਕੀ। ਅਗਲੇ ਦਿਨ ਫਾਰੂਕੀ ਨੇ, ਕਿਵੇਂ ਨਾ ਕਿਵੇਂ ਉਸਨੂੰ ਘਰੇ ਆਉਣ ਲਈ ਮਨਾ ਲਿਆ। ਆਫੀਆ ਡਰਦੀ ਸੀ ਕਿ ਕਿਤੇ ਕੋਈ ਏਜੈਂਸੀ ਉਸਦਾ ਪਿੱਛਾ ਨਾ ਕਰ ਰਹੀ ਹੋਵੇ। ਪਰ ਫਿਰ ਵੀ ਉਹ ਉਸਦੇ ਨਾਲ ਘਰੇ ਆ ਗਈ ਕਿਉਂਕਿ ਉਸਨੂੰ ਫਾਰੂਕੀ ਨੇ ਦੱਸਿਆ ਸੀ ਕਿ ਉਸ ਦੀ ਮਾਂ ਤੇ ਭੈਣ ਆ ਰਹੀਆਂ ਹਨ ਜਿਨ੍ਹਾਂ ਨੂੰ ਉਸਨੇ ਰਾਤ ਹੀ ਫੋਨ ਕਰਕੇ ਉਸ ਬਾਰੇ ਦੱਸ ਦਿੱਤਾ ਸੀ। ਜਦੋਂ ਦੋਨੋਂ ਘਰ ਪਹੁੰਚੇ ਤਾਂ ਉਦੋਂ ਤੱਕ ਇਸਮਤ ਤੇ ਫੌਜ਼ੀਆ ਆ ਚੁੱਕੀਆਂ ਸਨ। ਅੰਦਰ ਜਾਂਦਿਆਂ ਹੀ ਆਫੀਆ ਨੇ ਸੁੱਕ ਕੇ ਤਾਂਬੜ ਬਣ ਚੁੱਕੀ ਮਾਂ ਵੱਲ ਵੇਖਿਆ। ਆਫੀਆ ਦੇ ਹੰਝੂ ਛਲਕ ਆਏ। ਇਸਮਤ ਧਾਹ ਮਾਰ ਕੇ ਉੱਠੀ ਤੇ ਆਫੀਆ ਨੂੰ ਚੰਬੜ ਗਈ।
'ਹਾਏ ਨੀ ਧੀਏ ਤੂੰ ਕਿਨ੍ਹਾਂ ਔਜੜ ਰਾਹਾਂ 'ਤੇ ਤੁਰ ਪਈ?'' ਰੋਂਦਿਆਂ ਹੋਇਆਂ ਇਸਮਤ ਨੇ ਆਫੀਆ ਨੂੰ ਬਾਹਾਂ 'ਚ ਲਪੇਟ ਲਿਆ। ਆਫੀਆ ਨੇ ਕੁਝ ਕਹਿਣਾ ਚਾਹਿਆ ਪਰ ਮੂੰਹੋਂ ਬੋਲ ਨਾ ਫੁੱਟੇ ਤੇ ਉੱਚੀ ਉੱਚੀ ਰੋਣ ਲੱਗੀ। ਦੋ ਚਾਰ ਮਿੰਟ ਮਾਵਾਂ ਧੀਆਂ ਵੈਰਾਗ ਦੇ ਹੰਝੂ ਵਹਾਉਂਦੀਆਂ ਰਹੀਆਂ। ਮਾਂ ਦੀ ਛਾਤੀ ਨਾਲੋਂ ਸਿਰ ਪਾਸੇ ਹਟਾਉਂਦਿਆਂ ਆਫੀਆ ਨੇ ਵੱਡੀ ਭੈਣ ਫੌਜ਼ੀਆ ਵੱਲ ਵੇਖਿਆ ਤਾਂ ਉਹ ਮਾਂ ਨਾਲੋਂ ਪਾਸੇ ਹੱਟਦੀ ਉਸਨੂੰ ਚੰਬੜ ਗਈ। ਇੱਕ ਵਾਰ ਫਿਰ ਤੋਂ ਹੰਝੂ ਧਾਰਾਂ ਬਣ ਕੇ ਵਗਣ ਲੱਗੇ। ਦੋਨੋਂ ਭੈਣਾਂ ਰੱਜ ਕੇ ਰੋਈਆਂ। ਫਾਰੂਕੀ ਅਤੇ ਉਸਦੀ ਘਰਵਾਲੀ ਨੇ ਅੱਖਾਂ ਪੂੰਝਦਿਆਂ ਤਿੰਨਾਂ ਨੂੰ ਚੁੱਪ ਕਰਵਾਇਆ। ਬੜੀ ਭਾਵਕ ਮਿਲਣੀ ਸੀ। ਵੱਖ ਵੱਖ ਹੋ ਕੇ ਵੀ ਕਾਫੀ ਦੇਰ ਤੱਕ ਸਾਰੇ ਹੰਝੂ ਵਗਾਉਂਦੇ ਰਹੇ। ਹੌਲੀ ਹੌਲੀ ਫਾਰੂਕੀ ਨਿੱਕੀਆਂ ਨਿੱਕੀਆਂ ਗੱਲਾਂ ਕਰਨ ਲੱਗਿਆ। ਉਸ ਦੇ ਨਾਲ ਹੀ ਦੂਜੇ ਵੀ ਚੁੱਪ ਕਰ ਗਏ ਤੇ ਉਸ ਦੀ ਗੱਲਬਾਤ 'ਚ ਹਿੱਸਾ ਲੈਣ ਲੱਗੇ।
''ਅੰਮੀ ਮੇਰੇ ਜੁਆਕਾਂ ਦਾ ਕੀ ਹਾਲ ਐ?'' ਆਫੀਆ ਨੇ ਉਦਾਸ ਆਵਾਜ਼ 'ਚ ਪੁੱਛਿਆ।
''ਤੇਰਾ ਮੁੰਡਾ ਅਤੇ ਧੀ ਦੋਨੋਂ ਠੀਕ ਨੇ। ਤੂੰ ਦੱਸ ਕੇ ਵੱਡਾ ਅਹਿਮਦ ਕਿਵੇਂ ਐਂ?''
''ਠੀਕ ਐ ਉਹ ਵੀ ਅੰਮੀ।'' ਇੰਨਾ ਕਹਿੰਦਿਆਂ ਆਫੀਆ ਚੁੱਪ ਹੋ ਗਈ ਤੇ ਕੰਧ ਵੱਲ ਵੇਖਣ ਲੱਗੀ।
''ਸਭ ਠੀਕ ਨੇ ਇੱਕ ਮੇਰੀ ਧੀ ਤੋਂ ਬਿਨਾਂ।'' ਇੰਨਾ ਕਹਿੰਦਿਆਂ ਇਸਮਤ ਨੇ ਹੌਂਕਾ ਭਰਿਆ। ਉਸਦੀ ਗੱਲ ਨੇ ਆਫੀਆ ਦੀ ਸੁਰਤੀ ਭੰਗ ਕੀਤੀ ਤੇ ਉਸਨੇ ਖਾਲੀ ਖਾਲੀ ਨਜ਼ਰਾਂ ਨਾਲ ਮਾਂ ਵੱਲ ਵੇਖਿਆ।
''ਅਹਿਮਦ ਕਿੱਥੇ ਐ ਹੁਣ?'' ਮਾਂ ਨੇ ਪੁੱਛਿਆ।
''ਅੰਮੀ ਉਹ ਜਿੱਥੇ ਕਿਤੇ ਵੀ ਐ ਠੀਕ ਐ।''
''ਉਸ ਜੁਆਕ 'ਤੇ ਵੀ ਵਖਤ ਪੈ ਗਿਆ।''
'ਨ੍ਹੀਂ ਅੰਮੀ, ਵਖਤ ਨ੍ਹੀਂ ਸਗੋਂ ਉਸ 'ਤੇ ਤਾਂ ਅੱਲਾ ਦੀ ਮਿਹਰ ਹੋਈ ਐ ਜੋ ਉਹ ਜਿਹਾਦ ਵਿੱਚ ਸ਼ਾਮਲ ਹੋਇਆ ਐ।''
'ਜੁਆਕ ਦੇ ਖੇਡਣ ਕੁੱਦਣ ਦੇ ਦਿਨ ਸਨ ਪਤਾ ਨ੍ਹੀਂ....।'' ਗੱਲ ਅਧੂਰੀ ਛੱਡਦੀ ਇਸਮਤ ਚੁੱਪ ਹੋ ਗਈ।
'ਜਿਹਾਦਣ ਮਾਂ ਦਾ ਪੁੱਤਰ ਐ। ਉਸਨੂੰ ਕੁਛ ਨ੍ਹੀਂ ਹੋਇਆ। ਉਹ ਚੜਦੀ ਕਲਾ 'ਚ ਐ।'' ਇੰਨੀ ਗੱਲ ਕਹਿੰਦਿਆਂ ਆਫੀਆ ਦੇ ਚਿਹਰੇ 'ਤੇ ਆਤਮ ਵਿਸ਼ਵਾਸ਼ ਪਰਤ ਆਇਆ। ਥੋੜੀ ਦੇਰ ਪਹਿਲਾਂ ਉਦਾਸੀ 'ਚ ਡੁੱਬੀ ਆਫੀਆ ਫਿਰ ਤੋਂ ਹੋਂਸਲੇ 'ਚ ਆ ਗਈ। ਭਾਵਕ ਗੱਲਾਂ ਛੱਡ ਕੇ ਉਹ ਜਿਹਾਦ ਦੀਆਂ ਗੱਲਾਂ ਕਰਨ ਲੱਗੀ। ਸਾਰੇ ਜਣੇ ਉਸਦੇ ਮੂੰਹ ਵੱਲ ਵੇਖਦੇ ਉਸਦੀਆਂ ਗੱਲਾਂ ਸੁਣਦੇ ਰਹੇ। ਇਸ ਤਰ੍ਹਾਂ ਗੱਲਾਂ ਬਾਤਾਂ ਕਰਦਿਆਂ ਸ਼ਾਮ ਹੋ ਗਈ। ਕਮਰੇ 'ਚ ਤਿੰਨੋਂ ਮਾਵਾਂ ਧੀਆਂ ਰਹਿ ਗਈਆਂ ਤਾਂ ਫੌਜ਼ੀਆ ਨੇ ਗੱਲ ਤੋਰੀ, ''ਆਫੀਆ, ਹੁਣ ਤੇਰਾ ਅੱਗੇ ਕੀ ਕਰਨ ਇਰਾਦਾ ਐ?''
''ਕੀ ਮਤਲਬ?'' ਆਫੀਆ ਨੇ ਤ੍ਰੱਬਕ ਕੇ ਫੌਜ਼ੀਆ ਵੱਲ ਵੇਖਿਆ।
''ਮਤਲਬ ਇਹੀ ਕਿ ਹੁਣ ਅੱਗੇ ਦਾ ਕੀ ਸੋਚਿਆ ਐ?''
'ਅੱਗੇ ਪਿੱਛੇ ਕੁਛ ਨ੍ਹੀਂ ਆਪਾ। ਮੇਰਾ ਸਭ ਕੁਛ ਜਿਹਾਦ ਨੂੰ ਅਰਪਤ ਐ।''
''ਆਫੀਆ ਵਾਪਸ ਮੁੜਿਆ। ਪਿੱਛੇ ਜੋ ਹੋ ਗਿਆ ਸੋ ਹੋ ਗਿਆ। ਆਪਾਂ ਮਿਲਜੁਲ ਕੇ ਸਭ ਕੁਛ ਠੀਕ ਕਰ ਲਵਾਂਗੇ।''
ਪਰ ਆਫੀਆ ਉਸਦੀ ਗੱਲ ਨਹੀਂ ਸੁਣ ਰਹੀ ਸੀ। ਉਹ ਤਾਂ ਕੰਧ ਵੱਲ ਵੇਖਦੀ ਫਿਰ ਕਿਧਰੇ ਗੁਆਚ ਗਈ ਸੀ।
''ਆਫੀਆ ਤੈਨੂੰ ਤੇਰਾ ਕਮਰਾ ਉਡੀਕ ਰਿਹਾ ਐ। ਤੇਰੇ ਪਾਲਤੂ ਜਾਨਵਰ, ਕੁੱਤਾ ਬਿੱਲੀ ਤੈਨੂੰ ਹਰ ਥਾਂ ਭਾਲਦੇ ਫਿਰਦੇ ਨੇ। ਤੇਰੇ ਲਾਏ ਹੋਏ ਬੂਟੇ ਤੈਨੂੰ ਉਡੀਕ ਰਹੇ ਨੇ। ਉਨਾਂ ਨੂੰ ਲੱਗੇ ਫੁੱਲ ਤੇਰੀ ਰਾਹ ਦੇਖ ਰਹੇ ਨੇ।''
''ਹੈਂ ਕੀ ਕਿਹਾ?'' ਸੋਚਾਂ 'ਚੋਂ ਨਿਕਲਦਿਆਂ ਆਫੀਆ ਨੇ ਫੌਜ਼ੀਆ ਵੱਲ ਵੇਖਿਆ।
''ਆਫੀਆ ਮੇਰੀ ਧੀ, ਤੂੰ ਸਾਡੇ ਨਾਲ ਆਪਣੇ ਘਰ ਚੱਲ।'' ਇਸਮਤ ਉੱਠੀ ਤੇ ਉਸਨੇ ਮੋਹ 'ਚ ਆਫੀਆ ਨੂੰ ਜੱਫੀ ਪਾ ਲਈ। ਆਫੀਆ ਨੇ ਵੀ ਮਾਂ ਦੇ ਦੁਆਲੇ ਬਾਂਹ ਲਪੇਟਦਿਆਂ ਅੱਖਾਂ ਮੀਚ ਲਈਆਂ। ਉਸਨੂੰ ਚੁੱਪ ਵੇਖ ਕੇ ਇਸਮਤ ਫਿਰ ਆਪ ਮੁਹਾਰੇ ਬੋਲੀ, ''ਇਹ ਸਾਰਾ ਕਸੂਰ ਉਸ ਨਈਮ ਖਾਂ ਦੇ ਪੁੱਤਰ ਦਾ ਐ।'' ਉਸਦਾ ਇਸ਼ਾਰਾ ਆਫੀਆ ਦੇ ਤਲਾਕ ਲੈ ਚੁੱਕੇ ਪਤੀ, ਅਮਜਦ ਵੱਲ ਸੀ।
''ਉਸ ਦਾ ਕਿਉਂ ਅੰਮੀ?'' ਮਾਂ ਦੀ ਛਾਤੀ ਨਾਲ ਲੱਗੀ ਲਗਾਈ ਆਫੀਆ ਬੋਲੀ।
'ਉਸਨੇ ਤੈਨੂੰ ਬਣਦੀ ਮੁਹੱਬਤ ਨ੍ਹੀਂ ਦਿੱਤੀ। ਅੱਲਾ ਕਰੇ ਉਸਦਾ ਬੇੜਾ....।''
''ਅੰਮੀ.... ਇਸ ਤੋਂ ਅੱਗੇ ਕੁਛ ਨਾ ਬੋਲੀਂ।'' ਮਾਂ ਦੀ ਗੱਲ ਵਿਚਕਾਰੋਂ ਕਟਦਿਆਂ ਆਫੀਆ ਉਸ ਤੋਂ ਵੱਖ ਹੋ ਗਈ।
''ਤੂੰ ਅਜੇ ਵੀ ਉਸਦੀ ਤਰਫਦਾਰੀ ਕਰਦੀ ਐਂ। ਉਸਨੇ ਤਾਂ ਤੈਨੂੰ ਤਲਾਕ ਦੇਣ ਲੱਗੇ ਨੇ ਕੁਛ ਸੋਚਿਆ ਨਾ।''
'ਅੰਮੀ ਉਹ ਹੋਰ ਗੱਲ ਐ। ਉਹ ਸਾਡਾ ਆਪਸ ਦਾ ਮਾਮਲਾ ਸੀ। ਪਰ ਮੈਂ ਅਮਜਦ ਬਾਰੇ ਕੁਛ ਨ੍ਹੀਂ ਸੁਣ ਸਕਦੀ।''
'ਮੈਂ ਤੇਰੇ ਨਾਲ ਸਹਿਮਤ ਨ੍ਹੀਂ ਆਂ ਆਫੀਆ। ਜੇਕਰ ਉਹ ਚਾਹੁੰਦਾ ਤਾਂ ਤੂੰ ਆਪਣੇ ਘਰੇ ਸੁੱਖ ਸ਼ਾਂਤੀ ਨਾਲ ਰਹਿ ਸਕਦੀ ਸੀ ਤੇ....।''
''ਤੇ ਕੀ?''
'ਤੂੰ ਇਨ੍ਹਾਂ ਗਲਤ ਰਾਹਾਂ 'ਤੇ ਜਾਣ ਤੋਂ ਬਚ ਰਹਿੰਦੀ।''
'ਅੰਮੀ....।'' ਆਫੀਆ ਭੜਕਦਿਆਂ ਹੋਇਆਂ ਉੱਠ ਖਲੋਤੀ। ਉਹ ਗੁੱਸੇ ਨਾਲ ਕੰਬਦਿਆਂ ਹੋਇਆਂ ਫਿਰ ਬੋਲੀ, ''ਇਹ ਗਲਤ ਰਾਹ ਨ੍ਹੀਂ ਐ। ਇਹ ਤਾਂ ਸਗੋਂ ਅੱਲਾ ਦੀ ਖਿਦਮਤ ਕਰਨ ਦਾ ਇੱਕੋ ਇੱਕ ਰਾਹ ਐ। ਤੁਸੀਂ ਲੋਕ ਕੀ ਜਾਣੋ ਕਿ ਜਿਹਾਦ ਕਿੰਨਾ ਪਵਿੱਤਰ ਕਾਰਜ ਐ।''
''ਪਹਿਲਾਂ ਤੇਰੇ ਦੁੱਖ 'ਚ ਤੇਰਾ ਅੱਬੂ ਚੱਲ ਵਸਿਆ ਤੇ ਹੁਣ....।'' ਇਸਮਤ ਰੋਣ ਲੱਗੀ।
''ਮਰਨਾ ਤਾਂ ਸਭ ਨੇ ਈ ਐਂ। ਪਰ ਕੁਰਬਾਨੀ ਕੋਈ ਕੋਈ ਈ ਕਰਨ ਜਾਣਦਾ ਐ।'' ਆਫੀਆ ਉਵੇਂ ਹੀ ਗੁੱਸੇ ਨਾਲ ਕੰਬੀ ਜਾ ਰਹੀ ਸੀ।
''ਤੈਨੂੰ ਪਤਾ ਐ ਕਿ ਤੇਰੇ ਅੱਬੂ ਨੇ ਮਰਨ ਵੇਲੇ ਕੀ ਕਿਹਾ ਸੀ?''
'ਹਾਂ ਹਾਂ ਮੈਨੂੰ ਯਾਦ ਐ।'' ਆਫੀਆ ਨੂੰ ਉਹ ਗੱਲ ਯਾਦ ਆਈ ਜਦੋਂ ਆਖਰੀ ਦਿਨਾਂ 'ਚ ਉਸਦੇ ਅੱਬੂ ਨੇ ਉਸ ਬਾਰੇ ਕਿਹਾ ਸੀ ਕਿ ਇਸ ਨਾਲੋਂ ਚੰਗਾ ਸੀ ਆਫੀਆ ਜੰਮਦੀ ਹੀ ਮਰ ਜਾਂਦੀ। ਉਸ ਵੇਲੇ ਆਫੀਆ ਚੁੱਪ ਰਹੀ ਸੀ ਕਿਉਂਕਿ ਉਹ ਜਾਣਦੀ ਸੀ ਕਿ ਇਹ ਉਸ ਦੇ ਪਿਉ ਦਾ ਆਖਰੀ ਵਕਤ ਐ। ਪਰ ਅੱਜ ਉਹ ਚੁੱਪ ਨਾ ਰਹੀ। ਮਾਂ ਵੱਲ ਘੂਰਦਿਆਂ ਉਹ ਫਿਰ ਬੋਲੀ, ''ਤੁਸੀਂ ਲੋਕ ਇਸ ਧਰਤੀ 'ਤੇ ਭਾਰ ਓਂ। ਖਾ ਲਿਆ, ਪੀ ਲਿਆ ਤੇ ਜ਼ਿੰਦਗੀ ਗੁਜ਼ਾਰ ਲਈ। ਤੁਹਾਨੂੰ ਜਿਹਾਦ ਵਰਗੇ ਪਵਿੱਤਰ ਕਾਰਜਾਂ ਦੀ ਸਮਝ ਨ੍ਹੀਂ ਆ ਸਕਦੀ।''
ਫੌਜ਼ੀਆ ਨੇ ਇਸ਼ਾਰੇ ਨਾਲ ਮਾਂ ਨੂੰ ਚੁੱਪ ਕਰਾਇਆ ਤੇ ਫਿਰ ਉਹ ਆਫੀਆ ਨੂੰ ਸ਼ਾਂਤ ਕਰਨ ਲੱਗੀ। ਹੌਲੀ ਹੌਲੀ ਮਾਹੌਲ ਸਾਵਾਂ ਹੋ ਗਿਆ। ਦੇਰ ਰਾਤ ਤੱਕ ਇਸਮਤ ਅਤੇ ਫੌਜ਼ੀਆ ਉਸਨੂੰ ਢੰਗ ਤਰੀਕੇ ਨਾਲ ਸਮਝਾਉਂਦੀਆਂ ਰਹੀਆਂ। ਪਰ ਆਫੀਆ ਨੇ ਮੁੜ ਕੇ ਉਨ੍ਹਾਂ ਨਾਲ ਢੰਗ ਨਾਲ ਗੱਲਬਾਤ ਨਾ ਕੀਤੀ। ਖਾ ਪੀ ਕੇ ਸਭ ਪੈ ਗਏ ਪਰ ਆਫੀਆ ਪਲ ਭਰ ਵੀ ਨਾ ਸੁੱਤੀ। ਉਹ ਸਾਰੀ ਰਾਤ ਨਮਾਜ਼ਾਂ ਅਦਾ ਕਰਦੀ ਰਹੀ ਤੇ ਆਪਣੇ ਆਪ ਨਾਲ ਗੱਲਾਂ ਕਰਦੀ ਰਹੀ। ਅਗਲੇ ਦਿਨ ਸਵੇਰੇ ਸੰਦੇਹਾਂ ਹੀ ਸਦੀਕੀ ਨੇ ਉਸਨੂੰ ਬੁਲਾਇਆ, ''ਆਫੀਆ ਬੇਟੀ ਤੂੰ ਤਾਂ ਸਾਰੀ ਰਾਤ ਸੁੱਤੀ ਨ੍ਹੀਂ ਐਂ। ਕਿਵੇਂ ਤਬੀਅਤ ਤਾਂ ਠੀਕ ਐ ਨਾ?''
'ਅੰਕਲ ਭਾਵਕ ਮਾਹੌਲ ਨੇ ਮੇਰੇ ਅੰਦਰ ਜੋ ਕਮਜ਼ੋਰੀ ਲਿਆਂਦੀ ਸੀ ਮੈਂ ਉਸੇ ਲਈ ਅੱਲਾ ਤੋਂ ਭੁੱਲਾਂ ਬਖਸ਼ਾਉਂਦੀ ਰਹੀ। ਹੁਣ ਮੈਂ ਪੂਰੀ ਤਰ੍ਹਾਂ ਉਸ ਮਾਹੌਲ 'ਚੋਂ ਬਾਹਰ ਆ ਚੁੱਕੀ ਆਂ।''
ਉਸ ਦੀ ਗੱਲ ਦਾ ਕੋਈ ਜੁਆਬ ਦਿੱਤੇ ਬਿਨਾ ਸਦੀਕੀ ਰਸੋਈ 'ਚ ਚਲਾ ਗਿਆ ਤੇ ਉਸ ਲਈ ਚਾਹ ਦਾ ਕੱਪ ਲੈ ਆਇਆ। ਪਰ ਆਫੀਆ ਨੇ ਕੁਝ ਵੀ ਖਾਣ ਪੀਣ ਤੋਂ ਇਨਕਾਰ ਕਰ ਦਿੱਤਾ। ਜਦੋਂ ਨੂੰ ਇਸਮਤ ਅਤੇ ਫੌਜ਼ੀਆ ਉੱਥੇ ਆਈਆਂ ਤਾਂ ਆਫੀਆ ਆਪਣਾ ਸਾਮਾਨ ਬੰਨ ਰਹੀ ਸੀ। ਉਹ ਹੈਰਾਨ ਹੋ ਕੇ ਉਸ ਵੱਲ ਝਾਕੀਆਂ ਤੇ ਇਸਮਤ ਬੋਲੀ, ''ਆਫੀਆ ਤੂੰ ਇੰਨੇ ਸਵੇਰੇ ਕਿੱਧਰ ਲਈ ਤਿਆਰ ਹੋ ਰਹੀ ਐਂ?''
'ਮੈਂ ਆਪਣੀ ਅਸਲੀ ਮੰਜ਼ਲ ਵੱਲ ਜਾ ਰਹੀ ਆਂ।'' ਉਹ ਬਿਨਾਂ ਉਨ੍ਹਾਂ ਵੱਲ ਵੇਖਿਆਂ ਬੋਲੀ। ਸਾਰੇ ਚੁੱਪ ਚਾਪ ਉਸ ਵੱਲ ਵੇਖਦੇ ਰਹੇ ਤੇ ਉਹ ਤਿਆਰ ਹੁੰਦੀ ਰਹੀ। ਆਖਰ ਸਦੀਕੀ ਨੇ ਪਿਆਰ ਨਾਲ ਉਸਨੂੰ ਬੁਲਾਇਆ, ''ਆਫੀਆ ਬੇਟੀ ਇੰਨੀ ਕਾਹਲੀ ਕਿਉਂ ਕਰ ਰਹੀ ਐਂ। ਮੈਂ ਤੇਰੇ ਨਾਲ ਵਾਅਦਾ ਕੀਤਾ ਐ ਕਿ ਮੈਂ ਤੈਨੂੰ ਖੁਦ ਤੇਰੀ ਮੰਜ਼ਲ 'ਤੇ ਪਹੁੰਚਾ ਕੇ ਆਵਾਂਗਾ।''
'ਨ੍ਹੀਂ ਅੰਕਲ, ਹੁਣ ਮੇਰੇ ਲਈ ਇੱਥੇ ਹੋਰ ਠਹਿਰਨਾ ਮੁਮਕਿਨ ਨ੍ਹੀਂ ਐ। ਮੈਂ ਨ੍ਹੀਂ ਚਾਹੁੰਦੀ ਕਿ ਇਹ ਮਾਹੌਲ ਮੇਰੇ ਇਰਾਦੇ ਨੂੰ ਕਮਜ਼ੋਰ ਬਣਾਵੇ।''
''ਪਰ ਮੈਂ ਕਹਿ ਰਿਹਾ ਆਂ ਕਿ ਮੈਂ ਤੈਨੂੰ....।''
'ਅੰਕਲ ਮੇਰੀ ਮੰਜ਼ਲ ਮੈਨੂੰ ਪਤਾ ਐ ਤੇ ਉੱਥੇ ਪਹੁੰਚਣ ਦਾ ਰਾਹ ਵੀ ਮੈਂ ਆਪ ਈ ਲੱਭਾਂਗੀ।'' ਇੰਨਾ ਕਹਿੰਦਿਆਂ ਆਫੀਆ ਨੇ ਆਪਣਾ ਭਾਰਾ ਕਾਲਾ ਬੈੱਗ ਚੁੱਕ ਕੇ ਮੋਢੇ ਪਾ ਲਿਆ। ਸਦੀਕੀ ਨੇ ਉਸਦਾ ਬੈੱਗ ਚੁੱਕਣ 'ਚ ਮਦਦ ਕਰਨੀ ਚਾਹੀ ਤਾਂ ਆਫੀਆ ਨੇ ਬੈੱਗ ਨੂੰ ਹੱਥ ਨਾ ਲਾਉਣ ਦਿੱਤਾ। ਜਦੋਂ ਉਹ ਤੁਰਨ ਲੱਗੀ ਤਾਂ ਸਦੀਕੀ ਨੇ ਟੈਕਸੀ ਤੱਕ ਉਡੀਕਣ ਦਾ ਕਿਹਾ। ਆਫੀਆ ਨੇ ਬੈੱਗ ਥੱਲੇ ਰੱਖਦਿਆਂ ਉਸਦੀ ਗੱਲ ਮੰਨ ਲਈ ਤਾਂ ਸਦੀਕੀ ਨੇ ਟੈਕਸੀ ਕਾਲ ਕਰ ਦਿੱਤੀ। ਟੈਕਸੀ ਆਉਣ ਤੱਕ ਇਸਮਤ ਅਤੇ ਫੌਜ਼ੀਆ ਉਸ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੀਆਂ ਰਹੀਆਂ ਪਰ ਉਸਨੇ ਢੰਗ ਨਾਲ ਗੱਲ ਨਾ ਕੀਤੀ। ਇਸਮਤ ਰੋਣ ਲੱਗੀ। ਉਸਨੇ ਆਫੀਆ ਨੂੰ ਕੁਝ ਪੈਸੇ ਦੇਣੇ ਚਾਹੇ ਤਾਂ ਉਸਨੇ ਪੈਸਿਆਂ ਵੱਲ ਵੇਖਿਆ ਵੀ ਨਾ। ਇੰਨੇ ਨੂੰ ਟੈਕਸੀ ਆ ਗਈ। ਆਫੀਆ ਨੇ ਹੇਠਾਂ ਰੱਖਿਆ ਬੈੱਗ ਚੁੱਕਿਆ ਤੇ ਬਾਹਰ ਨਿਕਲ ਤੁਰੀ। ਸਾਰਾ ਪਰਿਵਾਰ ਰੋਂਦਾ ਰਹਿ ਗਿਆ ਤੇ ਆਫੀਆ ਬਿਨਾਂ ਉਨ੍ਹਾਂ ਵੱਲ ਧਿਆਨ ਦਿੱਤਿਆਂ ਟੈਕਸੀ 'ਚ ਬਹਿ ਕੇ ਚਲੀ ਗਈ।
ਅਗਲੇ ਛੇ ਮਹੀਨੇ ਤੱਕ ਆਫੀਆ ਦੇ ਘਰ ਵਾਲਿਆਂ ਨੂੰ ਉਸ ਬਾਰੇ ਕੁਝ ਪਤਾ ਨਾ ਲੱਗਿਆ। ਫਿਰ ਉਸ ਦਿਨ ਉਨ੍ਹਾਂ ਦੇ ਹੋਸ਼ ਉੱਡ ਗਏ ਜਦੋਂ ਖ਼ਬਰ ਆਈ ਕਿ ਆਫੀਆ, ਅਫਗਾਨਿਸਤਾਨ ਦੇ ਗਜ਼ਨੀ ਸ਼ਹਿਰ 'ਚ ਫੜੀ ਗਈ...।
Chahals57@yahoo.com
Ph. 0017033623239

No comments:

Post a Comment