Friday 16 November 2012


ਦੋ :---



ਪੋਸਟਿੰਗ : ਅਨੁ. ਮਹਿੰਦਰ ਬੇਦੀ ਜੈਤੋ
 
 
 
 
 
 
ਆਫੀਆ ਸਦੀਕੀ ਦਾ ਜਿਹਾਦ…:: ਲੇਖਕ : ਹਰਮਹਿੰਦਰ ਚਹਿਲ :---
 






ਇਸਮਤ ਜੇਹਾਨ ਦਾ ਜਨਮ 1939 'ਚ ਬੁਲੰਦ ਸ਼ਹਿਰ 'ਚ ਹੋਇਆ। ਇੱਥੇ ਹੀ ਉਸਨੇ ਬਚਪਨ ਬਿਤਾਇਆ। ਇਸਮਤ ਨੇ ਸਕੂਲ ਅਜੇ ਪੂਰਾ ਵੀ ਨਹੀਂ ਕੀਤਾ ਸੀ ਕਿ ਹਿੰਦੁਸਤਨ ਦੀ ਵੰਡ ਹੋ ਗਈ। ਉਹ ਪਰਿਵਾਰ ਨਾਲ ਪਾਕਿਸਤਾਨ ਚਲੀ ਆਈ। ਇੱਥੇ ਹੀ ਉਸਦਾ ਵਿਆਹ, ਮੁਹੰਮਦ ਸੁਲੇਹ ਸਦੀਕੀ ਨਾਲ ਹੋਇਆ। ਸੁਲੇਹ ਸਦੀਕੀ ਪੇਸ਼ੇ ਵਜੋਂ ਡਾਕਟਰ ਸੀ। ਵਿਆਹ ਦੇ ਕੁਝ ਚਿਰ ਪਿੱਛੋਂ ਉਹ ਇੰਗਲੈਂਡ ਚਲੇ ਗਏ। ਉੱਥੇ ਉਹ ਕਈ ਸਾਲ ਰਹੇ। ਉਨ੍ਹਾਂ ਦੇ ਪਰਿਵਾਰ 'ਚ ਪਹਿਲਾਂ ਮੁੰਡੇ ਦਾ ਜਨਮ ਹੋਇਆ। ਜਿਸਦਾ ਨਾਂ ਉਨ੍ਹਾਂ ਮੁਹੰਮਦ ਅਲੀ ਰੱਖਿਆ। ਫਿਰ 1966 'ਚ ਪਹਿਲੀ ਲੜਕੀ ਫੌਜ਼ੀਆ ਦਾ ਜਨਮ ਹੋਇਆ। ਇੱਸ ਪਿੱਛੋਂ ਉਹ ਵਾਪਸ ਪਾਕਿਸਤਾਨ ਮੁੜ ਆਏ। ਇੱਥੇ ਹੀ ਮਾਰਚ, 1972 'ਚ ਉਨ੍ਹਾਂ ਦੀ ਦੂਸਰੀ ਲੜਕੀ ਦਾ ਜਨਮ ਹੋਇਆ ਜਿਸਦਾ ਨਾਂ ਆਫੀਆ ਰੱਖਿਆ ਗਿਆ।
ਇਸੇ ਸਾਲ ਜੁਲਾਈ ਮਹੀਨੇ ਸੁਲੇਹ ਸਦੀਕੀ ਦੇ ਸਾਲੇ, ਐੱਸ ਐੱਚ ਫਾਰੂਕੀ ਦਾ ਪਰਿਵਾਰ ਉਨ੍ਹਾਂ ਨੂੰ ਮਿਲਣ ਆਇਆ। ਫਾਰੂਕੀ ਪਰਿਵਾਰ ਇਸਲਾਮਾਬਾਦ 'ਚ ਰਹਿੰਦਾ ਸੀ। ਖਾਉ ਪੀਉ ਤੋਂ ਵਿਹਲੇ ਹੋ ਕੇ ਉਹ ਡਰਾਇੰਗ ਰੂਮ 'ਚ ਬੈਠ ਗਏ। ਗੱਲਾਂ ਚੱਲੀਆਂ ਤਾਂ ਛੇਤੀ ਹੀ ਉਹ ਮੌਜੂਦਾ ਮਸਲੇ ਬਾਰੇ ਗੱਲ ਕਰਨ ਲੱਗੇ। ਗੱਲ ਸ਼ੁਰੂ ਕਰਦਿਆਂ ਫਾਰੂਕੀ ਬੋਲਿਆ, ''ਭਾਈ ਸਾਹਬ, ਭੁੱਟੋ ਨੇ ਮੁਲਕ ਦਾ ਬੇੜਾ ਡੋਬ ਕੇ ਰੱਖ ਦਿੱਤਾ।''
'ਕੀ ਕੀਤਾ ਜਾ ਸਕਦਾ ਐ। ਪਰ ਇਕੱਲਾ ਉਹ ਹੀ ਤਾਂ ਜ਼ਿੰਮੇਵਾਰ ਨ੍ਹੀਂ ਐ। ਸਾਰਿਆਂ ਨੇ ਰਲ ਕੇ ਹੀ ਪਾਕਿਸਤਾਨ ਦੇ ਮੂੰਹ 'ਤੇ ਕਾਲਖ ਮਲੀ ਐ।''
''ਜੇ ਅਸਲ ਪੁੱਛਦੇ ਓਂ ਤਾਂ ਇਹ ਕੰਮ ਯਾਹੀਆ ਖਾਂ ਤੋਂ ਸ਼ੁਰੂ ਹੋਇਆ।'' ਫਾਰੂਕੀ ਦੀ ਬੀਵੀ ਨੇ ਗੱਲਬਾਤ 'ਚ ਹਿੱਸਾ ਲੈਂਦਿਆਂ ਆਪਣਾ ਵਿਚਾਰ ਦੱਸਿਆ।
''ਫੌਜ ਤਾਂ ਸਾਰੀ ਈ ਇਸ ਨਾਮੋਸ਼ੀ ਦਾ ਕਾਰਨ ਬਣੀ ਐਂ।''
''ਜੇ ਪਹਿਲਾਂ ਈ ਸੰਭਲ ਕੇ ਚਲਦੇ ਤਾਂ ਕੀ ਫਰਕ ਪੈਂਦਾ ਸੀ। ਅੱਜ ਆਹ ਦਿਨ ਤਾਂ ਨਾ ਵੇਖਣੇ ਪੈਂਦੇ।''
'ਸੱਚੀ ਗੱਲ ਤਾਂ ਇਹ ਐ ਕਿ ਇਨ੍ਹਾਂ ਨੇ ਪੂਰਬੀ ਪਾਕਿਸਤਾਨ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਨ੍ਹੀਂ ਕੀਤੀ। ਜਦੋਂ ਮੁਜੀਬ ਉਲ ਰਹਿਮਾਨ ਦੀ ਪਾਰਟੀ ਜਿੱਤ ਗਈ ਸੀ ਤਾਂ ਹਕੂਮਤ ਉਸਦੇ ਹਵਾਲੇ ਕਰ ਦਿੰਦੇ। ਅਸੂਲ ਤਾਂ ਇਹੀ ਕਹਿੰਦਾ ਐ।''
'ਅਸੂਲ ਆਮ ਲੋਕਾਂ ਲਈ ਨੇ। ਇਨ੍ਹਾਂ ਰਜਵਾੜਿਆਂ ਲਈ ਨ੍ਹੀਂ। ਇਨ੍ਹਾਂ ਨੇ ਤਾਂ ਉਨ੍ਹਾਂ ਲੋਕਾਂ ਨੂੰ ਕਦੇ ਬਰਾਬਰੀ ਦਾ ਦਰਜਾ ਵੀ ਨ੍ਹੀਂ ਦਿੱਤਾ ਸੀ। ਫਿਰ ਇਹ ਕੁਛ ਤਾਂ ਹੋਣਾ ਈ ਸੀ।''
''ਇੰਡੀਆ ਨੇ ਪੂਰਬੀ ਪਾਕਿਸਤਾਨ ਦੇ ਲੋਕਾਂ ਦੀ ਮੱਦਦ ਕਰਕੇ ਸਾਡੇ ਹਿੱਕ 'ਤੇ ਮੂੰਗ ਦਲੀ ਐ। ਇੰਸ਼ਾ ਅੱਲਾ ਕਦੇ ਮੌਕਾ ਮਿਲਿਆ ਤਾਂ ਆਪਾਂ ਨੂੰ ਵੀ ਹਿਸਾਬ ਬਰਾਬਰ ਕਰਨਾ ਚਾਹੀਦਾ ਐ।'' ਇਸ ਵਾਰ ਇਸਮਤ ਬੋਲੀ।
''ਇੰਡੀਆ ਨੇ ਜੋ ਵੀ ਕੀਤਾ ਐ ਉਹ ਆਪਣੇ ਹਿਸਾਬ ਨਾਲ ਠੀਕ ਕੀਤਾ ਐ। ਉਸਦੀ ਥਾਂ ਕੋਈ ਹੋਰ ਮੁਲਕ ਹੁੰਦਾ ਤਾਂ ਉਸਨੇ ਵੀ ਇਹੀ ਕਰਨਾ ਸੀ। ਰਾਜਨੀਤੀ ਇਹੀ ਕਹਿੰਦੀ ਐ।'' ਸੁਲੇਹ ਸਦੀਕੀ ਨੇ ਆਪਣਾ ਵਿਚਾਰ ਦੱਸਿਆ।
''ਜੋ ਵੀ ਹੋਇਆ ਚੰਗਾ ਜਾਂ ਮਾੜਾ ਇਹ ਵੱਖਰੀ ਗੱਲ ਐ। ਪਰ ਇਸ ਕਾਰਵਾਈ ਨੇ ਮੁਸਲਮ ਲੀਗ ਦੀ ਦੋ ਕੌਮਾਂ ਦੀ ਥਿਊਰੀ ਗਲਤ ਸਾਬਤ ਕਰ ਦਿੱਤੀ ਐ। ਇਸ ਗੱਲ ਨੇ ਪਾਕਿਸਤਾਨ ਦੀ ਹੋਂਦ ਨੂੰ ਈ ਗਲਤ ਸਾਬਤ ਕਰ ਦਿੱਤਾ ਐ।''
'ਤੇ ਹੋਰ ਕਿਨ੍ਹਾਂ ਚਾਵਾਂ ਨਾਲ ਇੱਧਰ ਆਏ ਸੀ ਕਿ ਮੁਸਲਮਾਨਾਂ ਦਾ ਆਪਣਾ ਮੁਲਕ ਬਣ ਗਿਆ ਐ। ਪਰ ਇਨ੍ਹਾਂ ਬਾਂਦਰ ਰਾਜਨੀਤੀਵਾਨਾਂ ਨੇ ਲੋਕਾਂ ਦੀਆਂ ਭਾਵਨਾਵਾਂ ਕੁਚਲ ਕੇ ਰੱਖ ਦਿੱਤੀਆਂ ਨੇ। ਬੰਗਲਾ ਦੇਸ਼ ਨ੍ਹੀਂ ਬਣਿਆਂ, ਇਹ ਤਾਂ ਸਾਡੀ ਜਮਹੂਰੀਅਤ ਦੇ ਮੂੰਹ 'ਤੇ ਚਪੇੜ ਐ।''
'ਬੰਗਲਾ ਦੇਸ਼ ਕਿਹੜਾ? ਮੈਂ ਨ੍ਹੀਂ ਇਸ ਨੂੰ ਮੰਨਦੀ। ਤੁਸੀਂ ਪੂਰਬੀ ਪਾਕਿਸਤਾਨ ਕਹੋ।'' ਇਸਮਤ ਨਫਰਤ 'ਚ ਬੋਲੀ।
''ਆਪਾ ਤੇਰੇ ਕਹਿਣ ਨਾਲ ਕੀ ਹੁੰਦਾ ਐ। ਪਿਛਲੇ ਹਫਤੇ ਈ ਤਾਂ ਸਾਡੇ ਪ੍ਰਧਾਨ ਮੰਤਰੀ, ਭੁੱਟੋ ਸਾਹਿਬ, ਸ਼ਿਮਲਾ ਸਮਝੌਤੇ 'ਤੇ ਦਸਤਖਤ ਕਰਕੇ ਆਏ ਨੇ। ਉਸ ਸਮਝੌਤੇ ਦੀ ਮੁੱਖ ਮੱਦ ਇਹੀ ਐ ਕਿ ਪਾਕਿਸਤਾਨ ਬੰਗਲਾ ਦੇਸ਼ ਦੀ ਹੋਂਦ ਨੂੰ ਮੰਨਦਾ ਐ। ਉਸ 'ਤੇ ਦਸਤਖਤ ਕਰਨ ਦਾ ਮਤਲਬ ਐ ਕਿ ਪਾਕਿਸਤਾਨ ਨੇ ਬੰਗਲਾ ਦੇਸ਼ ਨੂੰ ਮਾਨਤਾ ਦੇ ਦਿੱਤੀ ਐ।''
'ਇਹ ਸਮਝੌਤਾ ਵੀ ਤਾਂ ਭੁੱਟੋ ਨੇ ਆਪਣੀ ਛਵੀ ਬਚਾਉਣ ਲਈ ਈ ਕੀਤਾ ਐ। ਜੇ ਉਸਨੂੰ ਮੁਲਕ ਦੀ ਫਿਕਰ ਹੁੰਦੀ ਤਾਂ ਉਹ ਉਨ੍ਹਾਂ ਇੱਕ ਲੱਖ ਫੌਜੀਆਂ ਦੀ ਰਿਹਾਈ ਦੀ ਗੱਲ ਕਰਨੀ ਨਾ ਭੁੱਲਦਾ ਜਿਹੜੇ ਇੰਡੀਆ ਨੇ ਕੈਦੀ ਬਣਾਏ ਸਨ।''
'ਜੇ ਜਨਰਲ ਨਿਆਜ਼ੀ ਹਿੰਮਤ ਤੋਂ ਕੰਮ ਲੈਂਦਾ ਤਾਂ ਉਹ ਕੈਦ ਈ ਨ੍ਹੀਂ ਸਨ ਹੋਣੇ ਤੇ ਸ਼ਾਇਦ ਅਸੀਂ ਬੰਗਲਾ ਦੇਸ਼ ਵੀ ਨਾ ਬਣਨ ਦਿੰਦੇ।'' ਇਹ ਵਿਚਾਰ ਫਾਰੂਕੀ ਦੀ ਘਰਵਾਲੀ ਦਾ ਸੀ।
'ਬੇਗਮ ਕੀ ਗੱਲ ਕਰਦੀ ਐਂ ਤੂੰ। ਇਸ ਵਿੱਚ ਨਿਆਜ਼ੀ ਸਾਹਬ ਦਾ ਕਸੂਰ ਨ੍ਹੀਂ ਐ। ਉਹ ਆਪਣੀ ਸਰਕਾਰ ਦੀ ਮਦਦ ਤੋਂ ਬਿਨਾਂ ਕਿੰਨਾ ਕੁ ਚਿਰ ਲੜ੍ਹ ਸਕਦਾ ਸੀ।''
'ਲੋਕਾਂ ਨੇ ਕਦੇ ਵੀ ਭੁੱਟੋ ਨੂੰ ਮੁਆਫ ਨ੍ਹੀਂ ਕਰਨਾ। ਨਾ ਹੀ ਫੌਜ ਕਰੇਗੀ। ਹੋਰ ਤਾਂ ਹੋਰ ਉਸਨੇ ਕਸ਼ਮੀਰ ਮੁੱਦੇ ਨੂੰ ਵੀ ਹੋਰ ਈ ਰੂਪ ਦੇ ਦਿੱਤਾ। ਇੰਡੀਆ ਦੇ ਕਬਜ਼ੇ ਹੇਠਲੇ ਕਸ਼ਮੀਰ ਦੀ ਹੱਦ ਨੂੰ ਲਾਈਨ ਆਫ ਕੰਟਰੋਲ ਦਾ ਰੂਪ ਦੇ ਆਇਆ। ਕਹਿੰਦਾ ਕਿ ਅੱਗੇ ਤੋਂ ਇਸ ਮਸਲੇ ਦਾ ਹੱਲ ਗੱਲਬਾਤ ਰਾਹੀਂ ਕੱਢਿਆ ਜਾਵੇਗਾ। ਪੁੱਛਣ ਵਾਲਾ ਹੋਵੇ ਕਿ ਜੇਕਰ ਅਗਾਂਹ ਕਦੇ ਇੰਡੀਆ, ਪਾਕਿਸਤਾਨ 'ਤੇ ਹਮਲਾ ਕਰ ਦੇਵੇ ਤਾਂ ਉਸਦਾ ਹੱਲ ਵੀ ਗੱਲਬਾਤ ਰਾਹੀਂ ਈ ਕੱਢੀਂ।''
'ਭਾਈ ਸਾਹਬ ਇਹ ਸਭ ਤਾਂ ਹੋਣਾ ਹੀ ਸੀ। ਨਾਲੇ ਜੋ ਹੋ ਚੁੱਕਿਆ ਐ ਉਹ ਬਦਲਿਆ ਨ੍ਹੀਂ ਜਾ ਸਕਦਾ। ਆਪਾਂ ਨੂੰ ਸਚਾਈ ਮੰਨਣੀ ਈ ਪੈਣੀ ਐਂ।'' ਸੁਲੇਹ ਸਦੀਕੀ ਨੇ ਇਹ ਗੱਲ ਕਹੀ ਤਾਂ ਸਾਰੇ ਚੁੱਪ ਜਿਹੇ ਹੋ ਗਏ। ਫਾਰੂਕੀ ਨੇ ਗੱਲ ਦਾ ਰੁਖ ਬਦਲਦਿਆਂ ਹੋਰ ਗੱਲ ਛੇੜੀ, ''ਭਾਈ ਸਾਹਬ ਤੁਹਾਡਾ ਅਫਰੀਕਾ ਜਾਣ ਦਾ ਪ੍ਰੋਗਰਾਮ ਕਿਵੇਂ ਐਂ।''
''ਬੱਸ ਸਭ ਤਿਆਰੀਆਂ ਮੁਕੰਮਲ ਨੇ। ਜੈਮਬੀਆ ਦੀ ਲੌਅਸਕਾ ਯੂਨੀਵਰਸਿਟੀ ਵੱਲੋਂ ਨੌਕਰੀ ਦਾ ਪੱਤਰ ਵੀ ਆ ਚੁੱਕਿਆ ਐ। ਹੁਣ ਤਾਂ ਸ਼ਾਇਦ ਇਸੇ ਮਹੀਨੇ ਜਾਣ ਦਾ ਬਣ ਜਾਵੇ।''
ਫਿਰ ਉਹ ਹੋਰ ਗੱਲਾਂ ਕਰਨ ਲੱਗੇ। ਸ਼ਾਮ ਢਲੇ ਫਾਰੂਕੀ ਪਰਿਵਾਰ ਜਾਣ ਲਈ ਉੱਠਿਆ। ਉਨ੍ਹਾਂ ਸਾਰੇ ਬੱਚਿਆਂ ਦੇ ਸਿਰ 'ਤੇ ਹੱਥ ਰੱਖਿਆ। ਚਾਦਰ 'ਚ ਲਪੇਟੀ ਪਈ ਛੋਟੀ ਜਿਹੀ ਆਫੀਆ ਦਾ ਮੂੰਹ ਚੁੰਮਿਆਂ। ਫਿਰ ਕਾਰ 'ਚ ਬਹਿੰਦੇ ਚਲੇ ਗਏ। ਇਸਦੇ ਕੁਝ ਹਫਤੇ ਬਾਅਦ ਹੀ ਸਦੀਕੀ ਪਰਿਵਾਰ ਜੈਂਬੀਆ ਚਲਾ ਗਿਆ।
ਇੱਥੇ ਆ ਕੇ ਸੁਲੇਹ ਸਦੀਕੀ, ਲੌਅਸਕਾ ਮੈਡੀਕਲ ਯੂਨੀਵਰਸਿਟੀ 'ਚ ਪ੍ਰੋਫੈਸਰ ਦੀ ਨੌਕਰੀ ਕਰਨ ਲੱਗਿਆ। ਇਸਮਤ ਬੱਚਿਆਂ ਨੂੰ ਸੰਭਾਲਦੀ ਸੀ। ਉਹ ਸਾਰਾ ਦਿਨ ਘਰ ਵਿਹਲੀ ਰਹਿੰਦੀ ਸੀ। ਉਸਨੇ ਇਸ ਵਿਹਲੇ ਵਕਤ ਨੂੰ ਧਰਮ ਦੇ ਕੰਮਾਂ ਦੇ ਲੇਖੇ ਲਾਉਣ ਬਾਰੇ ਸੋਚਿਆ। ਧਾਰਮਿਕ ਕੰਮਾਂ 'ਚ ਉਹ ਸ਼ੁਰੂ ਤੋਂ ਹੀ ਵਧ ਚੜ੍ਹ ਕੇ ਹਿੱਸਾ ਲੈਂਦੀ ਸੀ। ਇਸਲਾਮ 'ਤੇ ਚਰਚਾ ਕਰਨਾ ਉਸਨੂੰ ਬਹੁਤ ਚੰਗਾ ਲੱਗਦਾ ਸੀ। ਇੱਥੇ ਉਸਨੇ ਗੁਆਂਢ ਦੀਆਂ ਔਰਤਾਂ ਨੂੰ ਦਿਨ ਵੇਲੇ ਇਕੱਠੀਆਂ ਕਰ ਲੈਣਾ ਤੇ ਉਨ੍ਹਾਂ ਨਾਲ ਧਾਰਮਿਕ ਮਸਲਿਆਂ 'ਤੇ ਗੱਲਾਂ ਕਰਨੀਆਂ। ਚੰਗੀ ਬੁਲਾਰੀ ਹੋਣਾ ਉਸਦਾ ਵੱਡਾ ਗੁਣ ਸੀ। ਛੇਤੀ ਹੀ ਉਸ ਦੇ ਘਰ ਆਉਣ ਵਾਲੀਆਂ ਔਰਤਾਂ ਦੀ ਗਿਣਤੀ ਵਧਣ ਲੱਗੀ। ਫਿਰ ਤਾਂ ਇਹ ਗਿਣਤੀ ਇੰਨੀ ਹੋ ਗਈ ਕਿ ਉਸਨੂੰ ਕਿਧਰੇ ਬਾਹਰ ਜਗ੍ਹਾ ਦਾ ਪ੍ਰਬੰਧ ਕਰਨਾ ਪਿਆ। ਉਸਨੇ ਆਪਣੀ ਜਥੇਬੰਦੀ ਦਾ ਨਾਂ ਵੀ ਰੱਖ ਲਿਆ। ਯੂ. ਆਈ. ਓ. ਜਾਣੀ ਕਿ ਯੁਨਾਈਟਡ ਇਸਲਾਮਿਕ ਔਰਗੇਨਾਈਜੇਸ਼ਨ। ਉਸਦਾ ਪ੍ਰਭਾਵ ਇੱਥੇ ਦੇ ਮੁਸਲਮ ਸਮਾਜ 'ਚ ਵਧਣ ਲੱਗਿਆ। ਸਾਰੀ ਏਸ਼ੀਅਨ ਕਮਿਉਨਟੀ 'ਚ ਸਦੀਕੀ ਪਰਿਵਾਰ ਮਸ਼ਹੂਰ ਹੋ ਗਿਆ। ਇਸਮਤ ਦਾ ਨਾਂ ਦਿਨੋ ਦਿਨ ਹਰ ਇੱਕ ਦੀ ਜ਼ੁਬਾਨ 'ਤੇ ਆਉਣ ਲੱਗਿਆ। ਆਪਣੇ ਲੋਕਾਂ ਨੂੰ ਧਾਰਮਿਕ ਸਿਖਿਆਵਾਂ ਦੇਣ ਤੋਂ ਸਿਵਾਏ, ਇਸਮਤ ਇਹ ਵੀ ਕੋਸ਼ਿਸ਼ ਕਰਦੀ ਸੀ ਕਿ ਨੇੜਲੇ ਕ੍ਰਿਸ਼ਚੀਅਨ ਭਾਈਚਾਰੇ 'ਚੋਂ ਲੋਕਾਂ ਨੂੰ ਆਪਣੇ ਧਰਮ 'ਚ ਲਿਆਂਦਾ ਜਾਵੇ। ਇਸ ਕੰਮ 'ਚ ਉਹ ਕਾਮਯਾਬ ਵੀ ਹੋ ਰਹੀ ਸੀ। ਆਫੀਆ ਭਾਵੇਂ ਉਦੋਂ ਬਹੁਤ ਛੋਟੀ ਸੀ ਪਰ ਉਸਦੀ ਮਾਂ ਉਸਨੂੰ ਹਰ ਰੋਜ਼ ਅਜਿਹੇ ਇਕੱਠਾਂ ਵਿੱਚ ਨਾਲ ਲੈ ਕੇ ਜਾਂਦੀ। ਆਫੀਆ ਬੜੇ ਧਿਆਨ ਨਾਲ ਮਾਂ ਦੀਆਂ ਗੱਲਾਂ ਸੁਣਦੀ। ਆਫੀਆ ਭਾਵੇਂ ਪੂਰੀ ਤਰ੍ਹਾਂ ਇਨ੍ਹਾਂ ਗੱਲਾਂ ਨੂੰ ਨਹੀਂ ਸਮਝ ਸਕਦੀ ਸੀ। ਪਰ ਇਹ ਗੱਲਾਂ ਉਸਦੇ ਅਚੇਤ ਮਨ 'ਚ ਉਤਰ ਰਹੀਆਂ ਸਨ। ਇਸਮਤ ਕਿਤੇ ਵੀ ਜਾਂਦੀ ਛੋਟੀ ਜਿਹੀ ਆਫੀਆ ਉਸਦੇ ਨਾਲ ਹੁੰਦੀ ਸੀ।
ਆਖਰ ਸੁਲੇਹ ਦੀ ਨੌਕਰੀ ਦਾ ਵਕਤ ਪੂਰਾ ਹੋ ਗਿਆ। ਸਾਰਾ ਪਰਿਵਾਰ ਪਾਕਿਸਤਾਨ ਨੂੰ ਵਾਪਸ ਚੱਲ ਪਿਆ। ਆਫੀਆ ਉਸ ਵੇਲੇ ਸੱਤ ਸਾਲ ਦੀ ਸੀ। ਇਹ 1980 ਦਾ ਉਹ ਸਮਾਂ ਸੀ ਜਦੋਂ ਕਿ ਪਾਕਿਸਤਾਨ ਦੇ ਆਂਢ ਗੁਆਂਢ 'ਚ ਉੱਥਲ ਪੁਥਲ ਹੋ ਰਹੀ ਸੀ। ਇਰਾਨ 'ਚ ਖੋਮੀਨੀ ਦੀ ਰੈਵੋਲਿਸ਼ਨਰੀ ਇਸਲਾਮਿਸਟ ਸਰਕਾਰ ਨੇ ਤਾਕਤ ਸੰਭਾਲ ਲਈ ਸੀ। ਹਰ ਪਾਸੇ ਖੋਮਿਨੀ ਦੀ ਚੜਤ ਸੀ। ਪਾਕਿਸਤਾਨ 'ਚ ਉਹ ਸਭ ਕੁਝ ਬਦਲ ਗਿਆ ਸੀ ਜੋ ਕਿ ਉਨ੍ਹਾਂ ਦੇ ਅਫਰੀਕਾ ਦੇ ਜਾਣ ਵੇਲੇ ਸੀ। ਉੱਥੇ ਫੌਜੀ ਜਨਰਲ, ਜਿਆ ਉਲ ਹੱਕ ਦੀ ਕਮਾਂਡ ਹੇਠ ਡਿਕਟੇਟਰਸ਼ਿਪ ਕਾਇਮ ਹੋ ਚੁੱਕੀ ਸੀ। ਉਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਜੁਲਫਕਾਰ ਅਲੀ ਭੁੱਟੋ, ਜੋ ਕਿ ਬਹੁਤ ਅਮੀਰ ਵਿਅਕਤੀ ਸੀ, ਮੁਲਕ ਨੂੰ ਧਾਰਮਿਕ ਗਲਬੇ ਤੋਂ ਉੱਪਰ ਚੁੱਕ ਕੇ ਮਜ਼ਬੂਤ ਜਮਹੂਰੀਅਤ ਮੁਲਕ ਬਣਾਉਣਾ ਚਾਹੁੰਦਾ ਸੀ। ਇਸ ਨਾਲ ਧਾਰਮਿਕ ਵਿਅਕਤੀ ਜਾਣੀ ਕਿ ਮੁਲਾਣੇ ਬਗੈਰਾ ਉਸ ਤੋਂ ਬਹੁਤ ਨਾਰਾਜ਼ ਸਨ। ਜਿਆ ਉਲ ਹੱਕ ਨੇ ਮੌਕੇ ਦੀ ਨਬਜ਼ ਪਛਾਣਦਿਆਂ ਰਾਜ ਪਲਟਾ ਲੈ ਆਂਦਾ। ਉਸ ਦੇ ਆਉਂਦਿਆਂ ਹੀ ਮੁਲਾਣਿਆਂ ਦੀ ਚੰਗੀ ਸੁਣਵਾਈ ਹੋਣ ਲੱਗੀ। ਜਿਆ ਉਲ ਹੱਕ ਨੇ ਮੁਲਕ ਨੂੰ ਧਾਰਮਿਕ ਰੰਗ ਵਿੱਚ ਰੰਗਣਾ ਸ਼ੁਰੂ ਕਰ ਦਿੱਤਾ ਸੀ। ਕਿਉਂਕਿ ਉਹ ਜਾਣਦਾ ਸੀ ਕਿ ਜੇਕਰ ਪੱਕੇ ਪੈਰੀਂ ਰਾਜ ਸਥਾਪਤ ਕਰਨਾ ਹੈ ਤਾਂ ਲੋਕਾਂ ਨੂੰ ਧਾਰਮਿਕ ਹਥਿਆਰ ਨਾਲ ਕਾਬੂ ਕਰਨਾ ਪਊਗਾ। ਇਸਦੇ ਲਈ ਉਸਨੇ ਲੋੜੀਂਦੇ ਕਾਰਜ ਆਰੰਭ ਦਿੱਤੇ। ਉਸਨੇ ਧਾਰਮਿਕ ਅਸੂਲਾਂ ਨੂੰ ਲਾਗੂ ਕਰਨ ਲਈ ਕੌਂਸਿਲ ਆਫ ਇਸਲਾਮਿਕ ਆਈਡੀਆਲੋਜੀ ਕਾਇਮ ਕੀਤੀ। ਅਜਿਹੀਆਂ ਧਾਰਮਿਕ ਜਥੇਬੰਦੀਆਂ ਦੀ ਮੱਦਦ ਨਾਲ ਜਿਆ ਉਲ ਹੱਕ ਨੇ ਪਾਕਿਸਤਾਨ ਨੂੰ ਧਾਰਮਿਕ ਸਟੇਟ ਬਣਾਉਣ ਲਈ ਪੂਰੇ ਜਤਨ ਸ਼ੁਰੂ ਕਰ ਦਿੱਤੇ। ਉਸਦਾ ਪਹਿਲਾ ਕਦਮ ਸੀ ਔਰਤਾਂ ਨੂੰ ਪਰਦੇ ਅਤੇ ਚਾਰਦਿਵਾਰੀ ਵਿੱਚ ਬੰਦ ਕਰਨਾ। ਕਿੰਨੇ ਹੀ ਨਵੇਂ ਧਾਰਮਿਕ ਰੰਗ ਵਾਲੇ ਕਾਨੂੰਨ ਬਣਾ ਕੇ ਜਿਆ ਉਲ ਹੱਕ ਨੇ ਮੁਲਕ ਦੇ ਧਾਰਮਿਕ ਲੀਡਰਾਂ ਦਾ ਵਿਸ਼ਵਾਸ ਜਿੱਤ ਲਿਆ। ਹਰ ਪਾਸੇ ਧਾਰਮਿਕ ਰੰਗ ਉੱਭਰ ਰਿਹਾ ਸੀ ਜੋ ਕਿ ਪੱਛਮ ਦੇ ਵੀ ਖਿਲਾਫ ਸੀ। ਪੱਛਮ ਦੇ ਖਿਲਾਫ ਜੋਰ-ਸ਼ੋਰ ਨਾਲ ਪ੍ਰਚਾਰ ਹੋ ਰਿਹਾ ਸੀ। ਇਨ੍ਹੀਂ ਹੀ ਦਿਨੀਂ ਇਰਾਨ 'ਚ ਅਮਰੀਕਣ ਅੰਬੈਂਸੀ ਦੇ ਸਟਾਫ ਨੂੰ ਕੈਦ ਕਰ ਲਿਆ ਗਿਆ। ਸਾਉਦੀ ਅਰਬ 'ਚ ਰੈਡੀਕਲ ਇਸਲਾਮਿਸਟਾਂ ਨੇ ਮੱਕੇ ਦੀ ਪਵਿੱਤਰ ਵੱਡੀ ਮਸਜਦ 'ਚ ਕਾਬਾ 'ਤੇ ਕਬਜ਼ਾ ਕਰ ਲਿਆ। ਪਾਕਿਸਤਾਨ ਵਿੱਚ ਰੈਡੀਕਲਜ਼ ਨੇ ਅਮਰੀਕਾ ਦੀ ਇਸਲਾਮਾਬਾਦ ਵਿਚਲੀ ਅੰਬੈਸੀ ਅੱਗ ਲਾ ਕੇ ਸਾੜ ਦਿੱਤੀ। ਪੱਛਮ ਖਿਲਾਫ ਹਰ ਥਾਂ ਗੁੱਸਾ ਭੜਕ ਰਿਹਾ ਸੀ। ਉਦੋਂ ਹੀ ਦਸੰਬਰ 1979 ਨੂੰ ਸੋਵੀਅਤ ਯੂਨੀਅਨ ਦੀਆਂ ਫੌਜਾਂ ਅਫਗਾਨਿਸਤਾਨ 'ਚ ਦਾਖਲ ਹੋਈਆਂ। ਇਸ ਘਟਨਾ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ।
ਅਮਰੀਕਾ, ਜੋ ਹੁਣ ਤੱਕ ਜਿਉ ਉਲ ਹੱਕ ਦੀਆਂ ਕਾਰਵਾਈਆਂ ਕਾਰਨ ਬਹੁਤ ਗੁੱਸੇ ਵਿੱਚ ਸੀ, ਉਸਨੂੰ ਹੁਣ ਜਿਆ ਉਲ ਹੱਕ ਦੀ ਲੋੜ ਮਹਿਸੂਸ ਹੋਈ। ਸੋਵੀਅਤ ਯੂਨੀਅਨ ਨੂੰ ਟੱਕਰ ਦੇਣ ਲਈ ਉਹ ਜਿਸ ਨੇੜਲੀ ਸ਼ਕਤੀ ਨੂੰ ਲੱਭ ਰਹੇ ਸਨ, ਜਿਆ ਉਲ ਹੱਕ ਉਸਦੇ ਬਿਲਕੁਲ ਫਿੱਟ ਆਉਂਦਾ ਸੀ। ਸਾਉਦੀ ਅਰਬ ਅਤੇ ਅਮਰੀਕਾ ਨੇ ਮਿਲ ਕੇ ਅਫਗਾਨਿਸਤਾਨ 'ਚ ਸੋਵੀਅਤ ਯੂਨੀਅਨ ਖਿਲਾਫ ਲੜਨ ਦੀ ਸਕੀਮ ਬਣਾਈ ਜਿਸ 'ਚ ਉਨ੍ਹਾਂ ਜਿਆ ਉਲ ਹੱਕ ਨੂੰ ਮੂਹਰੇ ਲਾ ਲਿਆ। ਜਿਆ ਨੇ ਪਾਕਿਸਤਾਨ ਦੀ ਖੁਫੀਆ ਏਜੈਂਸੀ, ਆਈ. ਐਸ. ਆਈ. ਨੂੰ ਇਸਦੀ ਕਮਾਂਡ ਸੰਭਾਲ ਦਿੱਤੀ। ਉਨ੍ਹਾਂ ਹੀ ਦਿਨ੍ਹਾਂ 'ਚ ਅਫਰੀਕਾ ਤੋਂ ਵਾਪਸ ਆ ਕੇ ਡਾਕਟਰ ਮੁਹੰਮਦ ਸੁਲੇਹ ਸਦੀਕੀ ਨੇ, ਕਰਾਚੀ ਦੀ ਇੱਕ ਹਾਈ ਸੁਸਾਇਟੀ 'ਗੁਲਸ਼ਨੇ ਇਕਬਾਲ' 'ਚ ਬੰਗਲਾ ਖਰੀਦ ਲਿਆ ਜਿੱਥੇ ਕਿ ਵੱਡੇ ਵੱਡੇ ਅਫਸਰ ਅਤੇ ਹੋਰ ਅਸਰ ਰਾਸੂਖ ਵਾਲੇ ਲੋਕ ਰਹਿੰਦੇ ਸਨ। ਜਿਆ ਉਲ ਹੱਕ ਦੇ ਚੀਫ ਆਫ ਸਟਾਫ ਮਿਰਜ਼ਾ ਅਸਲਮ ਬੇਗ ਦਾ ਪਰਿਵਾਰ, ਸਦੀਕੀ ਦਾ ਗੁਆਂਢੀ ਸੀ। ਇਸ ਤਰ੍ਹਾਂ ਇਹ ਪਰਿਵਾਰ ਪਾਕਿਸਤਾਨ 'ਤੇ ਰਾਜ ਕਰਨ ਵਾਲੇ ਗਰੁੱਪ ਦੇ ਬਿਲਕੁਲ ਨੇੜੇ ਆ ਗਿਆ।
ਇਸ ਵੇਲੇ ਆਫੀਆ ਆਪਣੇ ਬਚਪਨ ਦਾ ਆਨੰਦ ਮਾਣ ਰਹੀ ਸੀ ਜਦੋਂ ਕਿ ਉਸਦੀ ਮਾਂ ਆਪਣੀ ਧਾਰਮਿਕ ਜਥੇਬੰਦੀ ਯੂ. ਆਈ. ਓ. ਲਈ ਵੱਧ ਤੋਂ ਵੱਧ ਕੰਮ ਕਰ ਰਹੀ ਸੀ। ਇਸਮਤ ਸਦੀਕੀ ਦਿਨੋ ਦਿਨ ਮਸ਼ਹੂਰ ਹੋ ਰਹੀ ਸੀ। ਇੱਥੋਂ ਤੱਕ ਕਿ ਜਿਉ ਉਲ ਹੱਕ ਦੀ ਆਪਣੀ ਬੇਗਮ, ਸ਼ੈਫੀਕ ਵੀ ਉਸਦੇ ਪ੍ਰਭਾਵ ਹੇਠ ਸੀ ਤੇ ਉਸਦੀਆਂ ਧਾਰਮਿਕ ਕਲਾਸਾਂ ਲੈ ਰਹੀ ਸੀ। ਉਸ ਵੇਲੇ ਤੱਕ ਇਸਮਤ ਉੱਚੀ ਸੁਸਾਇਟੀ ਵਿੱਚ ਇੱਕ ਬਹੁਤ ਹੀ ਇੱਜ਼ਤਦਾਰ ਮੁਕਾਮ ਹਾਸਲ ਕਰ ਚੁੱਕੀ ਸੀ। ਜਿਉ ਉਲ ਹੱਕ ਖੁਦ ਉਸ ਤੋਂ ਪ੍ਰਭਾਵਤ ਸੀ। ਜਿਆ, ਇਸਮਤ ਤੋਂ ਇੰਨਾ ਪ੍ਰਭਾਵਤ ਹੋਇਆ ਕਿ ਉਸਨੇ ਉਸਨੂੰ ਉਸ ਬੋਰਡ ਦੀ ਮੈਂਬਰ ਬਣਾ ਦਿੱਤਾ ਜੋ ਕਿ ਕੁਰਾਨ ਮੁਤਾਬਕ ਜ਼ਕਤ ਜਾਣੀ ਕਿ ਚੈਰਿਟੀ ਇਕੱਠੀ ਕਰਨ ਅਤੇ ਇਸਨੂੰ ਖਰਚਣ ਦਾ ਇੰਤਜ਼ਾਮ ਕਰਦਾ ਸੀ। ਇਸ ਬੋਰਡ ਵਿੱਚ ਆਉਂਦਿਆਂ ਇਸਮਤ ਦਾ ਹੋਰ ਬਹੁਤ ਵੱਡੀਆਂ ਵੱਡੀਆਂ ਜਥੇਬੰਦੀਆਂ ਨਾਲ ਸੰਪਰਕ ਹੋਇਆ ਜੋ ਕਿ ਕਿਸੇ ਨਾ ਕਿਸੇ ਢੰਗ ਨਾਲ ਅਫਗਾਨਿਸਤਾਨ ਵਿੱਚ ਚੱਲ ਰਹੇ ਜਿਹਾਦ ਨਾਲ ਜੁੜੀਆਂ ਹੋਈਆਂ ਸਨ। ਅਫਗਾਨਿਸਤਾਨ ਲਈ ਜਾਣ ਵਾਲਾ ਪਹਿਲਾ ਲੜਾਕਾ ਜਿਹਾਦੀ ਗਰੁੱਪ ਸਦੀਕੀ ਪਰਿਵਾਰ ਦੇ ਘਰ ਤੋਂ ਥੋੜੀ ਹੀ ਦੂਰ ਸਥਿਤ ਬਿਨੂਰੀ ਕਸਬੇ ਦੀ ਮਸਜਿਦ 'ਚੋਂ ਵਿਦਾਅ ਹੋਇਆ ਤਾਂ ਲੋਕਾਂ ਨੂੰ ਉਨ੍ਹਾਂ ਨੂੰ ਬਹੁਤ ਹੀ ਮਾਣ ਨਾਲ ਤੋਰਿਆ। ਇਸ ਦੇ ਨਾਲ ਹੀ ਲੋਕਾਂ ਦੀਆਂ ਨਜ਼ਰਾਂ 'ਚ ਸਦੀਕੀ ਪਰਿਵਾਰ ਖਾਸ ਕਰਕੇ ਇਸਮਤ ਪ੍ਰਤੀ ਇਜ਼ਤ ਹੋਰ ਵਧ ਗਈ। ਉਸ ਦਿਨ ਆਫੀਆ ਵੀ ਕੰਧ ਨਾਲ ਲੱਗੀ ਖੜ੍ਹੀ ਤੁਰੇ ਜਾਂਦੇ ਜਿਹਾਦੀਆਂ ਨੂੰ ਵੇਖਦੀ ਰਹੀ। ਇਸ ਤਰ੍ਹਾਂ ਛੋਟੀ ਉਮਰ 'ਚ ਹੀ ਆਫੀਆ ਜਿਹਾਦ ਬਾਰੇ ਸੁਣਨ ਲੱਗੀ ਸੀ। ਇੰਨਾਂ ਹੀ ਨਹੀਂ ਸਗੋਂ ਉਸਦਾ ਜਿਹਾਦ ਪ੍ਰਤੀ ਲਗਾਉ ਹੋਣ ਲੱਗਿਆ। ਆਫੀਆ ਉਦੋਂ ਗੁਲਸ਼ਨੇ ਇਕਬਾਲ 'ਚ ਲੋਕਲ ਇੰਗਲਿਸ਼ ਦੀ ਵਿਦਿਆਰਥਣ ਸੀ। ਉਹ ਸਕੂਲ ਵਿੱਚ ਇੰਗਲਿਸ਼, ਮੈਥ, ਸਾਇੰਸ, ਕੁਰਾਨ ਅਤੇ ਸੁੰਨਾ ਪੜ੍ਹ ਰਹੀ ਸੀ। ਆਫੀਆ ਉਸ ਵੇਲੇ ਬਹੁਤ ਹੀ ਮਾਸੂਮ ਸੀ। ਉਸਦੀਆਂ ਰੁਚੀਆਂ ਵੀ ਮਾਸੂਮਾਂ ਵਾਲੀਆਂ ਸਨ। ਉਹ ਘਰ ਵਿੱਚ ਪੰਛੀਆਂ ਨੂੰ ਹਰ ਰੋਜ਼ ਚੋਗਾ ਪਾਉਂਦੀ। ਇਸ ਤੋਂ ਬਿਨਾਂ ਉਸਨੇ ਘਰ 'ਚ ਕੁੱਤਾ, ਬਿੱਲੀ, ਬੱਤਖ, ਮੱਛੀਆਂ ਅਤੇ ਤੋਤੇ ਬਗੈਰਾ ਪਾਲਤੂ ਜਾਨਵਰ ਰੱਖੇ ਹੋਏ ਸਨ। ਵਿਹਲਾ ਵਕਤ ਉਹ ਇਨ੍ਹਾਂ ਜਾਨਵਰਾਂ ਨਾਲ ਖੇਡਦਿਆਂ ਬਿਤਾਉਂਦੀ।
ਆਪਣੀ ਮਾਂ ਦੇ ਅਸਰ ਹੇਠ ਉਹ ਵੀ ਬਹੁਤ ਧਾਰਮਿਕ ਹੁੰਦੀ ਜਾ ਰਹੀ ਸੀ। ਮਾਂ ਨੂੰ ਵੇਖ ਕੇ ਵੀ ਸਕੂਲ ਵਿੱਚ ਛੋਟੇ ਬੱਚਿਆਂ ਸਾਹਮਣੇ ਲੈਕਚਰ ਦੇਣੇ ਸ਼ੁਰੂ ਕਰ ਦਿੱਤੇ ਸਨ। ਸਦੀਕੀ ਪਰਿਵਾਰ 'ਚ ਹਰ ਵੇਲੇ ਅਫਗਾਨਿਸਤਾਨ ਵਿੱਚ ਚੱਲ ਰਹੇ ਜਿਹਾਦ ਦੀਆਂ ਗੱਲਾਂ ਚਲਦੀਆਂ ਰਹਿੰਦੀਆਂ ਸਨ। ਭਾਵੇਂ ਕਿ ਸੁਲੇਹੇ ਸਦੀਕੀ ਦੀ ਇਨ੍ਹਾਂ ਗੱਲਾਂ 'ਚ ਜਿਆਦਾ ਦਿਲਚਸਪੀ ਨਹੀਂ ਸੀ ਹੁੰਦੀ ਪਰ ਉਸਦੀ ਪਤਨੀ ਦਿਲੋ ਜਾਨ ਨਾਲ ਜਿਹਾਦੀਆਂ ਦੀ ਮਦਦ ਕਰਦੀ ਸੀ। ਉਸਦੇ ਲਈ ਉਸ ਵੇਲੇ ਇਸ ਤੋਂ ਵੱਡਾ ਹੋਰ ਕੋਈ ਕੰਮ ਨਹੀਂ ਸੀ ਕਿ ਇਸਲਾਮ ਦੀ ਧਰਤੀ ਤੋਂ ਕੌਮਨਿਸਟਾਂ ਦਾ ਸਫਾਇਆ ਕਰਿਆ ਜਾਵੇ ਤੇ ਉੱਥੇ ਸੱਚਾ ਇਸਲਾਮਿਕ ਰਾਜ ਕਾਇਮ ਹੋਵੇ। ਆਫੀਆ ਮਾਂ ਦੀਆਂ ਇਨ੍ਹਾਂ ਕਾਰਵਾਈਆਂ ਨੂੰ ਬਹੁਤ ਹੀ ਧਿਆਨ ਨਾਲ ਵੇਖਦੀ ਸੀ। ਉਸ ਦਾ ਮਨ ਕਰਦਾ ਕਿ ਉਹ ਇਨ੍ਹਾਂ ਜਿਹਾਦੀਆਂ ਦੀ ਦਿਲੋ ਜਾਨ ਨਾਲ ਸੇਵਾ ਕਰੇ ਜੋ ਕਿ ਆਪਣੇ ਧਰਮ ਲਈ ਸ਼ਹੀਦ ਹੋ ਰਹੇ ਹਨ। ਉਹ ਜਿਹਾਦੀਆਂ ਦੇ ਬਹਾਦਰੀ ਭਰੇ ਕਾਰਨਾਮੇ ਸੁਣਦੀ ਤਾਂ ਉਸਨੂੰ ਲੱਗਦਾ ਕਿ ਇਹ ਹੀ ਧਰਮ ਦੇ ਅਸਲੀ ਹੀਰੋ ਹਨ। ਥੋੜੇ ਜਿਹੇ ਲੜਾਕਿਆਂ ਦੀ ਮਦਦ ਨਾਲ ਸ਼ੁਰੂ ਕੀਤਾ ਗਿਆ ਜਿਹਾਦ ਆਖਰ ਉਨ੍ਹਾਂ ਦੇ ਹੱਕ ਵਿੱਚ ਹੋਣ ਲੱਗਿਆ। ਵੱਡਾ ਕਾਰਨ ਅਮਰੀਕਾ ਸੀ ਜੋ ਕਿ ਪਰਦੇ ਪਿੱਛੇ ਰਹਿੰਦਾ ਜਿਆ ਉਲ ਹੱਕ ਨੂੰ ਮੂਹਰੇ ਲਾ ਕੇ ਸਾਰੀ ਲੜਾਈ ਆਪ ਲੜ ਰਿਹਾ ਸੀ। ਆਖਰ ਜਿਹਾਦੀਆਂ ਦਾ ਪਲੜਾ ਭਾਰੀ ਪੈਣ ਲੱਗਿਆ। ਹੌਲੀ ਹੌਲੀ ਉਨ੍ਹਾਂ ਸੋਵੀਅਤ ਯੂਨੀਅਨ ਨੂੰ ਅਫਗਾਨਿਸਤਾਨ 'ਚੋਂ ਖਿਦੇੜ ਦਿੱਤਾ। ਫਿਰ ਸਮਝੌਤਾ ਹੋਇਆ ਜਿਸ ਮੁਤਾਬਕ ਸੋਵੀਅਤ ਯੂਨੀਅਨ ਉੱਥੋਂ ਆਪਣੀਆਂ ਫੌਜਾਂ ਕੱਢਣੀਆਂ ਮੰਨ ਗਿਆ। ਜਦੋਂ ਸੋਵੀਅਤ ਯੂਨੀਅਨ ਦੀਆਂ ਫੌਜਾਂ ਅਫਗਾਨਿਸਤਾਨ 'ਚੋਂ ਨੀਵੀਂ ਪਾਈ ਨਿਕਲਣੀਆਂ ਸ਼ੁਰੂ ਹੋਈਆਂ ਤਾਂ ਆਫੀਆ ਨੇ ਵੀ ਹੋਰਨਾਂ ਵਾਂਗ ਜਸ਼ਨ ਦੇ ਪ੍ਰੋਗਰਾਮਾਂ 'ਚ ਵਧ ਚੜ੍ਹ ਕੇ ਹਿੱਸਾ ਲਿਆ। ਉਸ ਵੇਲੇ ਹਰ ਪਾਸੇ ਖੁਸ਼ੀ ਦਾ ਆਲਮ ਸੀ। ਖਾਸ ਕਰ ਕੇ ਸਦੀਕੀ ਪਰਿਵਾਰ ਦੇ ਘਰ ਵਿੱਚ। ਉਨ੍ਹਾਂ ਮੁਤਾਬਕ ਅੱਲਾ ਦੀ ਪਾਰਟੀ ਦੀ ਜਿੱਤ ਹੋ ਚੁੱਕੀ ਸੀ। ਉਨ੍ਹਾਂ ਦੀ ਸੋਚਣੀ ਸੀ ਕਿ ਇਹ ਜਿਹਾਦ ਹੀ ਸੀ ਜਿਸਨੇ ਅਫਗਾਨਿਸਤਾਨ ਨੂੰ ਕੌਮਨਿਸਟਾਂ ਤੋਂ ਆਜ਼ਾਦ ਕਰਵਾਇਆ। ਇਸ ਜਿੱਤ ਨੂੰ ਹਰ ਇੱਕ ਨੇ ਆਪਣੇ ਨੁਕਤੇ ਤੋਂ ਵੇਖਿਆ। ਅਮਰੀਕਾ ਨੂੰ ਲੱਗਿਆ ਕਿ ਉਸਨੇ ਚਿਰਾਂ ਤੋਂ ਚੱਲ ਰਹੀ ਸੀਤ ਜੰਗ 'ਚ ਰਸ਼ੀਆ ਦੀ ਸਿਰੀ ਫੇਹ ਦਿੱਤੀ ਹੈ। ਅਫਗਾਨਿਸਤਾਨ ਦੇ ਲੋਕਾਂ ਨੂੰ ਲੱਗਿਆ ਕਿ ਉਨ੍ਹਾਂ ਜਿਹਾਦ ਦੇ ਰਾਹ ਜਾ ਕੇ ਆਪਣਾ ਮੁਲਕ ਆਜ਼ਾਦ ਕਰਵਾ ਲਿਆ ਹੈ। ਪਰ ਜਨਰਲ ਜਿਆ ਉਲ ਹੱਕ ਅਤੇ ਉਸਦੀ ਸਰਕਾਰ ਨੇ ਸੋਵੀਅਤ ਯੂਨੀਅਨ ਦੀ ਹਾਰ ਨੂੰ ਕਿਸੇ ਹੋਰ ਰੂਪ 'ਚ ਵੇਖਿਆ। ਜਿਆ ਨੇ ਇਹ ਭੁਲੇਖਾ ਪਾਲ ਲਿਆ ਕਿ ਇਹ ਸਭ ਕੁਝ ਪਾਕਿਸਤਾਨ ਦੀ ਵਜ੍ਹਾ ਨਾਲ ਹੋਇਆ ਹੈ। ਉਸਦੀ ਸੋਚਣੀ ਸੀ ਕਿ ਇਸ ਵੇਲੇ ਪਾਕਿਸਤਾਨ ਕੁਝ ਵੀ ਕਰ ਸਕਦਾ ਹੈ। ਉਸ ਮੁਤਾਬਕ ਹੌਲੀ ਹੌਲੀ ਪਾਕਿਸਤਾਨ ਸਾਰੇ ਮੱਧ ਏਸ਼ੀਆ ਵਿੱਚ ਆਪਣਾ ਦਬਦਬਾ ਕਾਇਮ ਕਰ ਲਵੇਗਾ। ਉਸਨੇ ਅਫਗਾਨਿਸਤਾਨ 'ਚੋਂ ਵਿਹਲਾ ਹੋ ਕੇ ਹੋਰਨਾ ਪਾਸਿਆਂ ਵੱਲ ਵੇਖਣਾ ਸ਼ੁਰੂ ਕਰ ਦਿੱਤਾ। ਸਭ ਤੋਂ ਪਹਿਲਾਂ ਉਸ ਨੇ ਆਪਣਾ ਮੁੱਖ ਏਜੰਡਾ ਚਾਲੂ ਕਰਨ ਦੀ ਸੋਚੀ। ਉਹ ਸੀ ਇੰਡੀਆ ਵਾਲੇ ਪਾਸੇ ਦੇ ਕਸ਼ਮੀਰ ਦੀ ਆਜ਼ਾਦੀ। ਉਹ ਅਤੇ ਹੋਰ ਇਸ ਕਸ਼ਮੀਰ ਨੂੰ ਇੰਡੀਆ ਦੇ ਕਬਜੇ ਹੇਠਲਾ ਕਸ਼ਮੀਰ ਕਹਿੰਦੇ ਸਨ ਜਦੋਂ ਕਿ ਪਾਕਿਸਤਾਨ ਵੱਲ ਦੇ ਕਸ਼ਮੀਰ ਨੂੰ ਆਜ਼ਾਦ ਕਸ਼ਮੀਰ ਕਿਹਾ ਜਾਂਦਾ ਸੀ। ਉਸਨੇ ਆਪਣੇ ਲੋਕਾਂ ਨੂੰ ਕਸ਼ਮੀਰ ਆਜ਼ਾਦ ਕਰਵਾਉਣ ਦਾ ਨਾਅਰਾ ਦਿੱਤਾ। ਇਸ ਦੇ ਲਈ ਉਸਨੇ ਉਹੀ ਢੰਗ ਤਰੀਕਾ ਚੁਣਿਆ ਜੋ ਕਦੇ ਅਮਰੀਕਾ ਨੇ ਅਫਗਾਨਿਸਤਾਨ ਵਿੱਚ ਚੁਣਿਆਂ ਸੀ। ਜਾਣੀ ਕਿ ਪਾਕਿਸਤਾਨ ਪਰਦੇ ਪਿੱਛੇ ਰਹਿੰਦਾ ਸਾਰੀ ਲੜਾਈ ਲੜੇਗਾ ਜਦੋਂ ਕਿ ਕਸ਼ਮੀਰ 'ਚ ਤਿਆਰ ਕੀਤੇ ਜਿਹਾਦੀ ਅਸਲੀ ਲੜਾਈ ਲੜਨਗੇ। ਇਸਦੇ ਲਈ ਉਸਨੇ ਐਕਸ਼ਨ ਸ਼ੁਰੂ ਕੀਤਾ ਤਾਂ ਸ਼ਾਂਤ ਪਏ ਜੰਮੂ ਅਤੇ ਕਸ਼ਮੀਰ 'ਚ ਭੁਚਾਲ ਆ ਗਿਆ। ਥਾਂ ਥਾਂ ਜਿਹਾਦੀ ਪੈਦਾ ਹੋ ਗਏ। ਇਸ ਖੇਡ 'ਚ ਜਿਆ ਉਲ ਹੱਕ ਦੋ ਮਾਹਰਕੇ ਮਾਰਨੇ ਚਾਹੁੰਦਾ ਸੀ। ਇੱਕ ਤਾਂ ਸੀ ਇੰਡੀਆ ਤੋਂ ਕਸ਼ਮੀਰ ਖੋਹਣਾ ਅਤੇ ਦੂਸਰਾ ਸੀ ਬੰਗਲਾ ਦੇਸ਼ ਵਾਲਾ ਹਿਸਾਬ ਚੁਕਤਾ ਕਰਨਾ। ਉਹ ਇੱਥੋਂ ਤੱਕ ਸਵੈ ਵਿਸ਼ਵਾਸ ਨਾਲ ਭਰ ਗਿਆ ਕਿ ਉਸਨੇ ਸੋਚਿਆ ਕਿ ਕਸ਼ਮੀਰ ਦੇ ਆਜ਼ਾਦ ਹੋਣ ਪਿੱਛੋਂ ਉਹ ਇਸ ਪ੍ਰੋਕਸੀ ਵਾਰ ਨੂੰ ਇੰਡੀਆ ਦੇ ਹੋਰਨਾ ਹਿੱਸਿਆਂ ਵਿੱਚ ਫੈਲਾ ਦੇਵੇਗਾ ਅਤੇ ਮੁਲਕ ਦੇ ਟੁਕੜੇ ਟੁਕੜੇ ਕਰ ਦੇਵੇਗਾ। ਕਸ਼ਮੀਰ ਦੇ ਨਾਲ ਹੀ ਉਸਨੇ ਪੰਜਾਬ ਉੱਤੇ ਵੀ ਅੱਖ ਰੱਖ ਲਈ। ਆਪਣਾ ਵੱਖਰਾ ਮੁਲਕ ਲੈਣ ਲਈ ਉਹ ਸਿੱਖਾਂ ਨੂੰ ਭੜਕਾਉਣ ਲੱਗਿਆ। ਉਸਦਾ ਕਹਿਣਾ ਸੀ ਕਿ ਅਸਲੀ ਲੜਾਈ ਤੁਸੀਂ ਲੜੋਗੇ ਤੇ ਮਦਦ ਸਾਰੀ ਉਹ ਕਰੇਗਾ। ਜਿਆ ਉਲ ਹੱਕ ਉਸ ਵੇਲੇ ਬਹੁਤ ਉੱਚੀਆਂ ਉਡਾਰੀਆਂ ਲਾ ਰਿਹਾ ਸੀ। ਪਰ ਕੁਦਰਤ ਆਪਣੀ ਖੇਡ ਆਪ ਖੇਡਦੀ ਹੈ। ਇੱਕ ਦਿਨ ਸਦੀਕੀ ਪਰਿਵਾਰ ਦੇ ਘਰ ਫਾਰੂਕੀ ਦਾ ਫੋਨ ਆਇਆ। ਫੋਨ ਇਮਸਤ ਨੇ ਚੁੱਕਿਆ ਤਾਂ ਅੱਗੋਂ ਉਹ ਬੋਲਿਆ, ''ਆਪਾ ਗਜ਼ਬ ਹੋ ਗਿਆ।'
''ਕਿਉਂ ਕੀ ਹੋਇਆ?''
''ਜਿਆ ਸਾਹਿਬ ਨਹੀਂ ਰਹੇ।''
''ਹੈਂ! ਕੀ ਕਿਹਾ?'' ਇਮਸਤ ਨੂੰ ਆਪਣੇ ਕੰਨਾਂ 'ਤੇ ਇਤਬਾਰ ਨਾ ਆਇਆ।
''ਹੁਣੇ ਹੁਣੇ ਪਤਾ ਲੱਗਿਆ ਐ ਕਿ ਜਨਰਲ ਜਿਆ ਉਲ ਹੱਕ, ਹਵਾਈ ਹਾਦਸੇ 'ਚ ਮਾਰੇ ਗਏ।
ਇਸਮਤ ਤੋਂ ਕੋਈ ਜੁਆਬ ਨਾ ਦੇ ਹੋਇਆ। ਉਹ ਕੁਰਸੀ ਦੇ ਡੰਡੇ ਨੂੰ ਹੱਥ ਪਾਉਂਦੀ ਉੱਥੇ ਹੀ ਢੇਰੀ ਹੋ ਗਈ। ਉੱਧਰੋਂ ਦੋ ਚਾਰ ਵਾਰ ਆਵਾਜ਼ ਆਈ ਤਾਂ ਉਹ ਆਪਣੇ ਆਪ ਨੂੰ ਸੰਭਾਲਦੀ ਬੋਲੀ, ''ਭਾਈ ਜਾਨ ਇਹ ਤਾਂ ਬਹੁਤ ਵੱਡਾ ਕਹਿਰ ਹੋ ਗਿਆ। ਆਪਾਂ ਤਾਂ ਜਿਉਂਦੇ ਈ ਮਰ ਗਏ। ਆਪਣੇ ਲਈ ਤਾਂ ਉਹੀ ਸਭ ਕੁਝ ਸਨ। ਪਤਾ ਨ੍ਹੀਂ ਉਨ੍ਹਾਂ ਬਿਨਾ ਇਸ ਮੁਲਕ ਦਾ ਕੀ ਬਣੂੰਗਾ। ਪਰ ਇਹ ਸਭ ਹੋਇਆ ਕਿਵੇਂ?''
'ਉਹ ਕਿਧਰੇ ਦੌਰੇ 'ਤੇ ਗਏ ਸਨ। ਨਾਲ ਕਈ ਵੱਡੇ ਫੌਜੀ ਅਫਸਰਾਂ ਤੋਂ ਇਲਾਵਾ ਅਮਰੀਕੀ ਰਾਜਦੂਤ ਵੀ ਸੀ। ਹੈਲੀਕਾਪਟਰ ਰਾਹੀਂ ਵਾਪਸ ਆ ਰਹੇ ਸਨ ਕਿ ਉਸੇ ਹੈਲੀਕਾਪਟਰ 'ਚ ਕਿਸੇ ਨੇ ਬੰਬ ਰਖਵਾ ਦਿੱਤਾ। ਸਾਰੇ ਮਾਰੇ ਗਏ ਕੋਈ ਵੀ ਨ੍ਹੀਂ ਬਚਿਆ।
''ਭਾਈ ਜਾਨ ਕਿਸ ਨੇ ਕੀਤਾ ਹੋਇਆ ਇਹ ਸਭ?''
''ਵੇਖੋ ਜੀ ਕੀ ਕਹਿ ਸਕਦੇ ਆਂ। ਪਰ ਲੱਗਦਾ ਹੈ ਇਹ ਜਾਂ ਤਾਂ ਅਮਰੀਕਾ ਨੇ ਕਰਵਾਇਆ ਐ ਤੇ ਜਾਂ ਰਸ਼ੀਆ ਨੇ।''
'ਅਮਰੀਕਾ ਭਲਾਂ ਅਜਿਹਾ ਕਿਉਂ ਕਰਵਾਊਗਾ। ਉਸਦੀ ਤਾਂ ਜਿਆ ਸਾਹਿਬ ਨੇ ਇੰਨੀ ਮਦਦ ਕੀਤੀ ਐ। ਰਸ਼ੀਆ ਦੀ ਇੱਥੇ ਤੱਕ ਪਹੁੰਚ ਨ੍ਹੀਂ ਹੋ ਸਕਦੀ।''
''ਹੋਰ ਫਿਰ ਕਿਸ ਨੇ ਕਰਵਾਇਆ ਹੋਇਆ ਇਹ ਕੰਮ?''
''ਮੇਰੇ ਖਿਆਲ 'ਚ ਇਹ ਸਭ ਇੰਡੀਆ ਦਾ ਕੀਤਾ ਕਰਾਇਆ ਐ। ਇਸ ਵੇਲੇ ਸਭ ਤੋਂ ਜ਼ਿਆਦਾ ਇੰਡੀਆ ਈ ਜਿਆ ਸਾਹਿਬ ਤੋਂ ਡਰਦਾ ਸੀ।''
''ਆਪਾ ਹੋ ਸਕਦਾ ਐ ਕਿ ਤੇਰੀ ਗੱਲ ਸਹੀ ਹੋਵੇ। ਹੌਲੀ ਹੌਲੀ ਪਤਾ ਲੱਗੂਗਾ। ਪਰ ਹੋਇਆ ਬਹੁਤ ਮਾੜਾ।''
'ਮਾੜੇ ਵਰਗਾ ਮਾੜਾ। ਆਪਣਾ ਤਾਂ ਸਭ ਕੁਛ ਤਬਾਹ ਹੋ ਗਿਆ। ਆਪਾਂ ਨੂੰ ਜਿਆ ਸਾਹਿਬ ਨੇ ਬੜਾ ਇੱਜ਼ਤ ਮਾਣ ਦਿੱਤਾ ਸੀ। ਹੁਣ ਪਤਾ ਨ੍ਹੀਂ ਅੱਗੇ ਕੀ ਹੋਊਗਾ।''
ਇਸ ਪਿੱਛੋਂ ਫੋਨ ਕੱਟਿਆ ਗਿਆ। ਇਸਮਤ ਨੂੰ ਇਸ ਖ਼ਬਰ ਨੇ ਤੋੜ ਕੇ ਰੱਖ ਦਿੱਤਾ ਸੀ। ਛੋਟੀ ਜਿਹੀ ਆਫੀਆ ਮਾਂ ਨੂੰ ਧਾਹੀਂ ਰੋਂਦਿਆਂ ਵੇਖਦੀ ਰਹੀ।
ਜਿੱਥੇ ਜਿਆ ਪੱਖੀ ਲੋਕ ਇਸ ਹਾਦਸੇ ਨਾਲ ਟੁੱਟ ਕੇ ਬਿਖਰ ਗਏ ਸਨ ਉੱਥੇ ਹੀ ਵਿਰੋਧੀ ਇਸ ਨੂੰ ਆਪਣੇ ਲਈ ਇੱਕ ਚੰਗਾ ਵਕਤ ਮੰਨ ਰਹੇ ਸਨ। ਉਨ੍ਹਾਂ ਮੁਤਾਬਕ ਇੱਕ ਜਾਲਮ ਹਾਕਮ ਤੋਂ ਖਹਿੜਾ ਛਡਵਾਉਣ 'ਚ ਅੱਲਾ ਨੇ ਉਨ੍ਹਾਂ ਦੀ ਮਦਦ ਕੀਤੀ ਸੀ। ਇਨ੍ਹਾਂ ਲੋਕਾਂ ਵਿੱਚ ਸਭ ਤੋਂ ਉੱਪਰ ਬੇਨਜ਼ੀਰ ਭੁੱਟੋ ਸੀ। ਕੁਝ ਸਾਲ ਪਹਿਲਾਂ ਹੀ ਮੌਕੇ ਦੇ ਪ੍ਰਧਾਨ ਮੰਤਰੀ ਅਤੇ ਬੇਨਜ਼ੀਰ ਦੇ ਪਿਉ ਜੁਲਫਕਾਰ ਅਲੀ ਭੁੱਟੋ ਨੂੰ ਜਿਆ ਉਲ ਹੱਕ ਨੇ ਨਾ ਸਿਰਫ ਗੱਦੀਉਂ ਲਾਹਿਆ ਸੀ ਸਗੋਂ ਬਾਅਦ ਵਿੱਚ ਫਾਹੇ ਵੀ ਲਗਵਾਇਆ ਸੀ। ਪਿਉ ਦੀ ਮੌਤ ਪਿੱਛੋਂ ਆਪਣੀ ਪਾਰਟੀ ਨੂੰ ਅੱਗੇ ਵਧਾਉਂਦਿਆਂ ਬੇਨਜ਼ੀਰ ਨੇ ਬੜੇ ਤਸੀਹੇ ਸਹੇ ਸਨ। ਜਿਆ ਉਲ ਹੱਕ ਦੀ ਸਰਕਾਰ ਨੇ ਉਸਨੂੰ ਖਤਮ ਕਰਨ ਦੀ ਕੋਈ ਕਸਰ ਨਹੀਂ ਛੱਡੀ ਸੀ। ਪਿਛਲੇ ਕੁਝ ਸਮੇਂ ਤੋਂ ਉਹ ਪਾਕਿਸਤਾਨ 'ਚ ਰਹਿੰਦਿਆਂ ਲੋਕਾਂ ਨੂੰ ਫਿਰ ਤੋਂ ਲਾਮਬੰਦ ਕਰ ਰਹੀ ਸੀ। ਇਹ ਮੌਕਾ ਉਸਦੇ ਬਿਲਕੁਲ ਫਿੱਟ ਬੈਠ ਗਿਆ। ਉਸਨੇ ਜ਼ੋਰ ਸ਼ੋਰ ਨਾਲ ਲੋਕਾਂ ਨੂੰ ਜਮਹੂਰੀਅਤ ਲਈ ਜਾਗਰੂਕ ਕਰਨਾ ਸ਼ੁਰੂ ਕਰ ਦਿੱਤਾ। ਉਸਦੀ ਮਿਹਨਤ ਦਾ ਨਤੀਜਾ ਹੀ ਸੀ ਕਿ ਕੁਝ ਦੇਰ ਬਾਅਦ ਹੋਈਆਂ ਚੋਣਾ ਵਿੱਚ ਉਸਦੀ ਪਾਰਟੀ ਬਹੁਮਤ ਲੈ ਗਈ ਅਤੇ ਬੇਨਜ਼ੀਰ ਭੁੱਟੋ ਕਿਸੇ ਇਸਲਾਮਿਕ ਮੁਲਕ ਦੀ ਪਹਿਲੀ ਔਰਤ ਪ੍ਰਧਾਨ ਮੰਤਰੀ ਬਣ ਗਈ। ਜਿਆ ਦੇ ਵੇਲੇ ਤੋਂ ਜਿਹੜੇ ਲੋਕ ਧਾਰਮਿਕ ਗਲਬੇ ਹੇਠ ਦਬ ਕੇ ਰਹਿ ਗਏ ਸਨ ਉਨ੍ਹਾਂ ਨੂੰ ਬੇਨਜ਼ੀਰ ਦੇ ਆਉਣ ਨਾਲ ਨਵੀਂਆਂ ਉਮੀਦਾਂ ਮਿਲ ਗਈਆਂ। ਮੁਲਾਣਿਆਂ ਦੀ ਜਕੜ 'ਚ ਆਇਆ ਮੁਲਕ ਇੱਕ ਦਮ ਘੁਟਣ 'ਚੋਂ ਬਾਹਰ ਆ ਗਿਆ। ਇੱਕ ਦਮ ਸਾਰੇ ਹਾਲਾਤ ਬਦਲ ਗਏ। ਇਸ ਤਬਦੀਲੀ ਨੂੰ, ਇਸਮਤ ਨੇ ਨਵੇਂ ਨਜ਼ਰੀਏ ਤੋਂ ਵੇਖਿਆ। ਉਸਨੇ ਸੋਚਿਆ ਕਿ ਜੇ ਭੁੱਟੋ ਰਾਜਨੀਤੀ ਵਿੱਚ ਅੱਗੇ ਵਧ ਰਹੀ ਹੈ ਤਾਂ ਆਫੀਆ ਕਿਉਂ ਨਹੀਂ। ਉਸਦੀ ਸੋਚਣੀ ਸੀ ਕਿ ਆਫੀਆ ਕਿਸੇ ਗੱਲੋਂ ਵੀ ਬੇਨਜ਼ੀਰ ਤੋਂ ਘੱਟ ਨਹੀਂ ਹੈ। ਉਹ ਹੁਣ ਸਤਾਰਾਂ ਦੀ ਹੋ ਚੁੱਕੀ ਸੀ। ਉਸਨੇ ਮੁਢਲੀ ਪੜ੍ਹਾਈ ਵੀ ਪੂਰੀ ਕਰ ਲਈ ਸੀ। ਪੜ੍ਹਾਈ ਵੀ ਉਸਨੇ ਪਾਕਿਸਤਾਨ ਦੇ ਮਸ਼ਹੂਰ ਸੇਂਟ ਜੋਸਿਫ ਕਾਲਜ ਤੋਂ ਕੀਤੀ ਸੀ ਜਿੱਥੇ ਕਿ ਵੱਡੇ ਲੋਕਾਂ ਦੇ ਬੱਚੇ ਪੜ੍ਹਦੇ ਸਨ। ਉਸਨੇ ਹਰ ਵਿਸ਼ੇ 'ਚ ਏ ਗਰੇਡ ਲੈਂਦਿਆਂ ਕਲਾਸ 'ਚੋਂ ਟਾਪ ਕੀਤਾ ਸੀ। ਵੇਖਣ ਨੂੰ ਵੀ ਉਹ ਬਹੁਤ ਖੂਬਸੂਰਤ ਸੀ। ਕੱਦ ਭਾਵੇਂ ਉਸਦਾ ਛੋਟਾ ਜਾਣੀ ਕਿ ਪੰਜ ਫੁੱਟ ਤਿੰਨ ਇੰਚ ਹੀ ਸੀ ਪਰ ਉਸਦੀ ਦਿੱਖ ਬਹੁਤ ਹੀ ਪ੍ਰਭਾਵਸ਼ਾਲੀ ਸੀ। ਹੈ। ਪਰ ਇਸ ਵਿੱਚ ਇੱਕ ਅੜਚਣ ਉਸ ਨੂੰ ਸਾਫ ਦਿਸ ਰਹੀ ਸੀ, ਉਹ ਇਹ ਸੀ ਕਿ ਪਾਕਿਸਤਾਨ ਵਿੱਚ ਰਹਿੰਦਿਆਂ ਆਫੀਆ ਦੀ ਛੇਤੀ ਹੀ ਸ਼ਾਦੀ ਹੋ ਜਾਣੀ ਸੀ। ਉਹ ਹੁਣ ਸਤਾਰਾਂ ਦੀ ਹੋ ਚੁੱਕੀ ਸੀ। ਉਸਦੀ ਮਾਂ ਨੇ ਸੋਚ ਸੋਚ ਕੇ ਇਹ ਨਤੀਜਾ ਕੱਢਿਆ ਕਿ ਜੇਕਰ ਇਸਨੂੰ ਪੜ੍ਹਨ ਲਈ ਵਿਦੇਸ਼ ਭੇਜ ਦਿੱਤਾ ਜਾਵੇ ਤਾਂ ਇਹ ਬਹੁਤ ਅੱਗੇ ਵਧ ਸਕਦੀ ਹੈ ਅਤੇ ਇਸ ਤਰ੍ਹਾਂ ਉਸਦੇ ਵਿਆਹ ਵਾਲਾ ਮਸਲਾ ਵੀ ਪਿਛਾਂਹ ਪੈ ਜਾਵੇਗਾ। ਆਫੀਆ ਦਾ ਭਰਾ ਮੁਹੰਮਦ ਅਲੀ, ਪਹਿਲਾਂ ਹੀ ਪੜ੍ਹਾਈ ਕਰਨ ਲਈ ਅਮਰੀਕਾ ਗਿਆ ਹੋਇਆ ਸੀ। ਉਸਨੇ ਉੱਥੇ ਪੜ੍ਹਾਈ ਕਰਨ ਤੋਂ ਬਾਅਦ ਆਰਚੀਟੈਕਟ ਦਾ ਕੰਮ ਸ਼ੁਰੂ ਕੀਤਾ ਹੋਇਆ ਸੀ। ਆਖਰ ਇਸਮਤ ਨੇ ਅਲੀ ਨਾਲ ਸਲਾਹ ਕੀਤੀ। ਉਸਦਾ ਵੀ ਇਹੀ ਕਹਿਣਾ ਸੀ ਕਿ ਆਫੀਆ ਅਜੇ ਛੋਟੀ ਹੈ ਤੇ ਨਾਲ ਹੀ ਪੜ੍ਹਾਈ 'ਚ ਬਹੁਤ ਹੁਸ਼ਿਆਰ ਵੀ ਹੈ। ਇਸ ਲਈ ਇਸ ਨੂੰ ਅਮਰੀਕਾ ਭੇਜ ਦਿੱਤਾ ਜਾਵੇ। ਆਫੀਆ ਦੇ ਮਾਂ ਪਿਉ ਨੇ ਸਲਾਹ ਮਸ਼ਵਰਾ ਕਰਕੇ ਆਖਰ ਆਫੀਆ ਨੂੰ ਅਮਰੀਕਾ ਭੇਜਣ ਦੀ ਤਿਆਰੀ ਆਰੰਭ ਦਿੱਤੀ।
Chahals57@yahoo.com
Ph. 0017033623239

No comments:

Post a Comment