Thursday 15 November 2012

ਚੌਦਾਂ :---


ਪੋਸਟਿੰਗ : ਅਨੁ. ਮਹਿੰਦਰ ਬੇਦੀ ਜੈਤੋ



ਆਫੀਆ ਸਦੀਕੀ ਦਾ ਜਿਹਾਦ…:: ਲੇਖਕ : ਹਰਮਹਿੰਦਰ ਚਹਿਲ :---


ਬਚਪਨ ਤੋਂ ਲੈ ਕੇ ਅੱਜ ਤੱਕ ਆਫੀਆ ਨੇ ਬੜੀਆਂ ਮੱਲਾਂ ਮਾਰੀਆਂ ਸਨ। ਕੀ ਪੜ੍ਹਾਈ ਦਾ ਖੇਤਰ, ਕੀ ਧਰਮ ਜਾਂ ਫਿਰ ਸਮਾਜ ਸੇਵਾ ਦਾ ਖੇਤਰ, ਆਫੀਆ ਨੇ ਹਰ ਪਾਸੇ ਆਪਣਾ ਲੋਹਾ ਮਨਵਾਇਆ ਸੀ। ਸਭ ਨੂੰ ਪਤਾ ਸੀ ਕਿ ਆਫੀਆ ਇੱਕ ਬਹੁਤ ਹੀ ਬੁੱਧੀਮਾਨ ਸਖਸ਼ੀਅਤ ਹੈ। ਇਸ ਸਭ ਦੇ ਬਾਵਜੂਦ ਅੱਜ ਉਹ ਇਕੱਤੀ ਸਾਲ ਦੀ ਉਮਰ 'ਚ ਇਕੱਲੀ ਰਹਿ ਗਈ ਸੀ। ਗੁੰਮਨਾਮੀ ਦੀ ਜ਼ਿੰਦਗੀ ਉਸਦੇ ਸਾਹਮਣੇ ਖੜ੍ਹੀ ਸੀ। ਉਸ 'ਤੇ ਤਲਾਕਸ਼ੁਦਾ ਦਾ ਧੱਬਾ ਲੱਗ ਚੁੱਕਿਆ ਸੀ, ਜਿਸਦੀ ਕਿ ਪਾਕਿਸਤਾਨੀ ਸਮਾਜ ਵਿੱਚ ਕੋਈ ਪੁੱਛ ਨਹੀਂ ਸੀ। ਤਲਾਕ ਮਗਰੋਂ ਕਈ ਹਫਤੇ ਤੱਕ ਉਹ ਬਹੁਤ ਹੀ ਮਾਨਸਿਕ ਤਣਾਉ 'ਚੋਂ ਗੁਜ਼ਰੀ। ਫਿਰ ਹੌਲੀ ਹੌਲੀ ਸੰਭਲਣ ਲੱਗੀ। ਇੱਕ ਸਵੇਰ ਉਹ ਪੰਛੀਆਂ ਨੂੰ ਦਾਣੇ ਪਾ ਰਹੀ ਸੀ ਕਿ ਉਸਦੀ ਮਾਂ ਨੇ ਦੂਰੋਂ ਆਵਾਜ਼ ਮਾਰੀ, ''ਆਫੀਆ ਤੇਰਾ ਫੋਨ ਐਂ।''
''ਕੌਣ ਐਂ ਫੋਨ 'ਤੇ ਅੰਮੀ?''
''ਵਕੀਲ ਐ।''
''ਕੀ ਕਹਿੰਦਾ ਐ?''
''ਆਪੇ ਗੱਲ ਕਰਕੇ ਪੁੱਛ ਲੈ।''
''ਜੀ ਅੰਮੀ।'' ਆਫੀਆ ਨੇ ਦਾਣਿਆਂ ਵਾਲਾ ਛਿੱਕੂ ਪਾਸੇ ਰੱਖ ਦਿੱਤਾ ਤੇ ਫੋਨ ਚੁੱਕ ਲਿਆ। ਦੂਸਰੇ ਪਾਸਿਉਂ ਆਵਾਜ਼ ਆਈ, ''ਜੀ ਮੈਂ ਮੋਹਤਰਮਾ ਆਫੀਆ ਜੀ ਨਾਲ ਗੱਲ ਕਰਨੀ ਐਂ।''
''ਮੈਂ ਆਫੀਆ ਈ ਬੋਲ ਰਹੀ ਆਂ। ਆਪ ਕੌਣ ਸਾਹਿਬ?''
''ਜੀ ਮੈਂ ਅਮਜਦ ਸਾਹਿਬ ਦਾ ਵਕੀਲ ਆਂ।''
''ਦੱਸੋ ਕਿਵੇਂ ਯਾਦ ਫੁਰਮਾਇਆ?'' ਆਫੀਆ ਜ਼ਰਾ ਵਿਅੰਗ 'ਚ ਬੋਲੀ।
'ਜੀ ਅਮਜਦ ਸਾਹਿਬ ਪੁੱਛ ਰਹੇ ਸਨ ਕਿ ਜੋ ਚੈੱਕ ਉਨ੍ਹਾਂ ਬੱਚਿਆਂ ਲਈ ਭੇਜਿਆ ਸੀ ਕੀ ਉਹ ਕੈਸ਼ ਹੋ ਚੁੱਕਿਆ ਐ?''
''ਹਾਂ ਹੋ ਚੁੱਕਿਆ ਐ ਕੈਸ਼।''
''ਜੀ ਉਹ ਬੱਚਿਆਂ ਨੂੰ ਮਿਲਣ ਲਈ ਇਜਾਜ਼ਤ ਮੰਗ ਰਹੇ ਸਨ।'' ਵਕੀਲ ਝਿਜਕਦਾ ਜਿਹਾ ਬੋਲਿਆ। ਉਹ ਆਫੀਆ ਦੇ ਖਰਬੇ ਸੁਭਾਅ ਤੋਂ ਜਾਣੂੰ ਸੀ।
'ਹੂੰ....।'' ਆਫੀਆ ਉਸਦੀ ਗੱਲ ਦਾ ਹੁੰਗਾਰਾ ਭਰਦੀ ਮਨ 'ਚ ਸੋਚਣ ਲੱਗੀ, 'ਕੀ ਏਸ ਤੜਪ ਨੂੰ ਸਹਿਣ ਦਾ ਠੇਕਾ ਇਕੱਲੀ ਆਫੀਆ ਨੇ ਈ ਚੁੱਕਿਆ ਹੋਇਆ ਐ। ਅਮਜਦ ਸਾਹਿਬ ਨੂੰ ਵੀ ਇਸ 'ਚ ਸ਼ਰੀਕ ਹੋਣਾ ਚਾਹੀਦਾ ਐ। ਜ਼ਰਾ ਉਸਨੂੰ ਵੀ ਪਤਾ ਲੱਗੇ ਕਿ ਤੜਪ ਕੀ ਹੁੰਦੀ ਐ ਤੇ ਇਹ ਤੰਗ ਕਿਵੇਂ ਕਰਦੀ ਐ।' ਉਧਰੋਂ ਵਕੀਲ ਕੁਝ ਬੋਲਿਆ ਤਾਂ ਆਫੀਆ ਖਿਆਲਾਂ 'ਚੋਂ ਨਿਕਲਦੀ ਹੋਈ ਬੋਲੀ, ''ਜੀ ਤੁਹਾਡੇ ਅਮਜਦ ਸਾਹਿਬ ਨੂੰ ਕਹਿ ਦਿਉ ਕਿ ਆਫੀਆ ਅਤੇ ਉਸਦੇ ਬੱਚੇ ਇਸ ਪਤੇ 'ਤੇ ਨ੍ਹੀਂ ਰਹਿੰਦੇ।''
''ਮੋਹਤਰਮਾ, ਬੱਚਿਆਂ ਨੂੰ ਮਿਲਣ ਦਾ ਅਧਿਕਾਰ ਮੇਰੇ ਸਾਇਲ ਨੂੰ ਕੋਰਟ ਦਿੰਦੀ ਐ। ਤੁਸੀਂ ਪਲੀਜ਼ ਇੰਜ ਨਾ ਕਰੋ ਮੇਰੀ ਗੱਲ....।''
ਆਫੀਆ ਨੇ ਉਸਦੀ ਗੱਲ ਵਿਚਕਾਰ ਹੀ ਟੋਕ ਦਿੱਤੀ ਤੇ ਜ਼ਰਾ ਖਰ੍ਹਵੀ ਆਵਾਜ਼ 'ਚ ਬੋਲੀ, ''ਤੁਹਾਡੀ ਕੋਰਟ ਮੇਰਾ ਇਸ ਤੋਂ ਬੁਰਾ ਕੀ ਕਰ ਦਊਗੀ। ਜਾਉ ਮੈਂ ਨ੍ਹੀਂ ਕਿਸੇ ਨੂੰ ਮੇਰੇ ਬੱਚਿਆਂ ਦੇ ਨੇੜੇ ਲੱਗਣ ਦਿੰਦੀ।'' ਇੰਨਾ ਕਹਿ ਕੇ ਆਫੀਆ ਨੇ ਫੋਨ ਸੋਫੇ 'ਤੇ ਚਲਾ ਮਾਰਿਆ। ਉਸਦੀ ਮਾਂ ਕੋਲ ਖੜ੍ਹੀ ਸਭ ਸੁਣ ਹੀ ਰਹੀ ਸੀ। ਉਹ ਗੁੱਸੇ 'ਚ ਆਉਂਦੀ ਬੋਲੀ, ''ਕੱਖ ਨਾ ਰਹੇ ਇਸ ਨਾਈਮ ਖਾਂ ਦੇ ਪੁੱਤਰ ਦਾ। ਮੇਰੀ ਧੀ ਦਾ ਬੇੜਾ ਡੋਬ ਦਿੱਤਾ ਉਸਨੇ। ਅੱਲਾ ਕਰੇ ਉਸਦੇ ਕੀੜੇ...।'' ਇਸਮਤ ਦੀ ਗੱਲ ਵਿਚਕਾਰ ਹੀ ਸੀ ਕਿ ਆਫੀਆ ਜ਼ੋਰ ਦੀ ਚਿਲਾਈ, ''ਅੰਮੀ! ਤੈਨੂੰ ਕਿੰਨੇ ਵਾਰੀ ਕਿਹਾ ਐ ਕਿ ਤੂੰ ਉਸ ਬਾਰੇ ਮਾੜੇ ਲਫਜ਼ ਨਾ ਬੋਲਿਆ ਕਰ।''
'ਤੈਨੂੰ ਉਸਨੇ ਕਿਸੇ ਪਾਸੇ ਦੀ ਨ੍ਹੀਂ ਛੱਡਿਆ ਤੇ ਤੂੰ ਅਜੇ ਵੀ ਉਸਦਾ ਪੱਖ ਪੂਰਦੀ ਐਂ?''
'ਉਹ ਸਾਡਾ ਆਪਸ ਦਾ ਮਾਮਲਾ ਐ। ਪਰ ਕਿਸੇ ਨੂੰ ਕੋਈ ਅਧਿਕਾਰ ਨ੍ਹੀਂ ਕਿ ਅਮਜਦ ਬਾਰੇ ਬੁਰੇ ਲਫਜ਼ ਬੋਲੇ।''
ਆਫੀਆ ਪੈਰ ਪਟਕਦੀ ਅੰਦਰ ਚਲੀ ਗਈ ਤਾਂ ਇਸਮਤ ਮਨ ਈ ਮਨ ਬੋਲੀ, 'ਅਜ਼ੀਬ ਐ ਇਹ ਕੁੜੀ ਵੀ।'।
ਇਸਦੇ ਘੰਟਾ ਕੁ ਪਿੱਛੋਂ ਫਿਰ ਫੋਨ ਖਟਕਿਆ ਤਾਂ ਆਫੀਆ ਨੇ ਗੁੱਸੇ 'ਚ ਹੈਲੋ ਕਹੀ। ਪਰ ਛੇਤੀ ਹੀ ਠੰਢੀ ਹੈ ਗਈ। ਪਹਿਲਾਂ ਉਹ ਸਮਝੀ ਸੀ ਕਿ ਫੋਨ ਅਮਜਦ ਦੇ ਵਕੀਲ ਦਾ ਹੋਵੇਗਾ ਪਰ ਇਹ ਕੋਈ ਉਸਦੇ ਜਾਨਣ ਵਾਲਾ ਸੀ। ਫੋਨ ਬੰਦ ਕਰਦਿਆਂ ਉਹ ਆਪਣਾ ਮੂਡ ਠੀਕ ਕਰਨ ਲੱਗੀ। ਥੋੜੀ ਦੇਰ ਪਿੱਛੋਂ ਉਸ ਨੇ ਤਲਖੀ ਹਟਾਉਂਦਿਆਂ ਮਾਂ ਨੂੰ ਬਾਜ਼ਾਰ ਜਾਣ ਲਈ ਮਨਾ ਲਿਆ। ਮਾਂ ਧੀ ਤਿਆਰ ਹੋ ਕੇ ਬਾਜ਼ਾਰ ਚੱਲ ਪਈਆਂ। ਬਾਜ਼ਾਰ 'ਚ ਖਰੀਦੋ ਫਰੋਖਤ ਕਰਦਿਆਂ ਆਫੀਆ ਮਾਂ ਨਾਲੋਂ ਵੱਖ ਹੋ ਗਈ। ਪੰਦਰਾਂ ਬੀਹ ਮਿੰਟਾਂ ਪਿੱਛੋਂ ਉਹ ਮਾਂ ਕੋਲ ਆ ਗਈ। ਇਸ ਵਿਚਕਾਰ ਉਹ ਇੱਕ ਰੈਸਟੋਰੈਂਟ ਵਿੱਚ ਬੈਠੇ ਸੁਲੇਮਾਨ ਐਹਮਰ ਕੋਲ ਗਈ ਸੀ। ਬੱਸ ਦੋ ਚੌਂਹ ਗੱਲਾਂ ਕਰਦਿਆਂ ਹੀ ਉਹ ਮੁੜ ਆਈ। ਘਰ ਆ ਕੇ ਉਸਨੇ ਇਸਮਤ ਨੂੰ ਇਸ ਗੱਲ ਲਈ ਸਹਿਮਤ ਕਰ ਲਿਆ ਕਿ ਘਰ ਦਾ ਅੱਧਾ ਹਿੱਸਾ ਕਿਰਾਏ 'ਤੇ ਦੇ ਦਿੱਤਾ ਜਾਵੇ। ਇਸਮਤ ਨੇ ਵੀ ਸੋਚਿਆ ਕਿ ਇਸ ਨਾਲ ਆਮਦਨੀ ਵਿੱਚ ਮੱਦਦ ਮਿਲੇਗੀ। ਅਗਲੇ ਦਿਨ ਹੀ ਆਫੀਆ ਨੇ ਇਸ਼ਤਿਹਾਰ ਦੇ ਦਿੱਤਾ। ਫਿਰ ਘਰ ਕਿਰਾਏ 'ਤੇ ਲੈਣ ਵਾਲਿਆਂ ਦੇ ਫੋਨ ਆਉਣ ਲੱਗੇ। ਪਰ ਆਫੀਆ ਨੇ ਹਰ ਇੱਕ ਨੂੰ ਟਾਲ ਦਿੱਤਾ। ਉਸਨੇ ਉਸੇ ਪਰਿਵਾਰ ਨੂੰ ਘਰ ਕਿਰਾਏ 'ਤੇ ਦੇਣ ਲਈ ਹਾਂ ਕਹੀ ਜਿਸ ਲਈ ਸੁਲੇਮਾਨ ਨੇ ਕਿਹਾ ਸੀ। ਇਹ ਸੀ ਅਲ ਬਲੋਚੀ ਪਰਿਵਾਰ।
ਪਹਿਲਾਂ ਪਰਿਵਾਰ ਦੀਆਂ ਔਰਤਾਂ ਨੇ ਇੱਥੇ ਆ ਕੇ ਰਹਿਣਾ ਸ਼ੁਰੂ ਕੀਤਾ। ਇਸਮਤ ਨਾਲ ਉਨ੍ਹਾਂ ਬੜੇ ਚੰਗੇ ਸਬੰਧ ਰੱਖੇ। ਆਫੀਆ ਨਾਲ ਵੀ ਉਨ੍ਹਾਂ ਦੀ ਨੇੜਤਾ ਹੋ ਗਈ। ਇਹ ਨੇੜਤਾ ਛੇਤੀ ਹੀ ਗੂਹੜੀ ਦੋਸਤੀ ਵਿੱਚ ਬਦਲ ਗਈ। ਉਸ ਪਰਿਵਾਰ 'ਚ ਦੋ ਜੁਆਨ ਕੁੜੀਆਂ ਸਨ ਜਿਨ੍ਹਾਂ ਨਾਲ ਆਫੀਆ ਦੇ ਗੂਹੜੇ ਸਬੰਧ ਬਣ ਗਏ। ਉਹ ਉਨ੍ਹਾਂ ਦੇ ਨਾਲ ਬਾਹਰ ਅੰਦਰ ਵੀ ਜਾਣ ਆਉਣ ਲੱਗੀ। ਇਸ ਵਿਚਕਾਰ ਉਹ ਉਨ੍ਹਾਂ ਦੇ ਅਸਲੀ ਘਰ ਵੀ ਗਈ। ਉੱਥੇ ਹੀ ਉਨ੍ਹਾਂ ਕੁੜੀਆਂ ਨੇ ਆਫੀਆ ਨੂੰ ਆਪਣੇ ਭਰਾ ਅਲੀ ਅਬਦੁਲ ਅਜੀਜ ਅਲੀ ਨਾਲ ਮਿਲਾਇਆ। ਉਸਨੂੰ ਸਾਰੇ ਸਿਰਫ ਅਲੀ ਕਹਿ ਕੇ ਹੀ ਬੁਲਾਉਂਦੇ ਸਨ ਜਿਹੜਾ ਕਿ ਪੰਝੀ ਕੁ ਸਾਲ ਦੀ ਉਮਰ ਦਾ ਸੀ। ਇਸ ਵਿਚਕਾਰ ਆਫੀਆ ਉਸਦੀਆਂ ਭੈਣਾਂ ਨਾਲ ਹੀ ਉਸਨੂੰ ਮਿਲਦੀ ਰਹੀ। ਫਿਰ ਇਸ ਪਰਿਵਾਰ ਦੀਆਂ ਔਰਤਾਂ ਦਾ ਆਫੀਆ ਦੇ ਘਰ ਆਉਣਾ ਜਾਣਾ ਘਟਦਾ ਗਿਆ। ਪਰ ਉੱਥੇ ਹਰ ਰੋਜ਼ ਨਵੇਂ ਹੀ ਲੋਕ ਆਉਣ ਲੱਗੇ। ਕੋਈ ਆਉਂਦਾ ਤੇ ਕੋਈ ਜਾਂਦਾ। ਹਰ ਰੋਜ਼ ਨਵੇਂ ਚਿਹਰੇ ਇਸਮਤ ਵੇਖਦੀ। ਪਰ ਉਸਨੂੰ ਇਸ ਨਾਲ ਮਤਲਬ ਨਹੀਂ ਸੀ। ਉਂਝ ਉਹ ਸੋਚਦੀ ਸੀ ਕਿ ਵੱਡਾ ਪਰਿਵਾਰ ਹੈ ਇਸ ਕਰਕੇ ਪਰਿਵਾਰਕ ਮੈਂਬਰ ਵੀ ਜ਼ਿਆਦਾ ਹਨ। ਉਸਨੂੰ ਦੱਸਿਆ ਵੀ ਗਿਆ ਸੀ ਕਿ ਇਹ ਵਪਾਰੀ ਪਰਿਵਾਰ ਹੈ ਜਿਸਦੇ ਲੋਕ ਆਉਂਦੇ ਜਾਂਦੇ ਰਹਿੰਦੇ ਹਨ। ਪਰ ਅਸਲ 'ਚ ਸੁਲੇਮਾਨ ਐਹਮਰ ਨੇ ਅਲ ਕਾਇਦਾ ਦੇ ਅੰਡਰਗਰਾਊਂਡ ਹੋਏ ਮੈਂਬਰਾਂ ਨੂੰ ਲੁਕਾਉਣ ਲਈ ਘਰ ਨੂੰ ਕਿਰਾਏ 'ਤੇ ਦੇਣ ਵਾਲਾ ਇਹ ਪ੍ਰਬੰਧ ਕਰਵਾਇਆ ਸੀ। ਇੱਥੋਂ ਹੀ ਪਹਿਲੀ ਵਾਰ ਆਫੀਆ, ਅਲ ਬਲੋਚੀ ਪਰਿਵਾਰ ਦੇ ਸੰਪਰਕ ਵਿੱਚ ਆਈ ਸੀ। ਉਸ ਨੂੰ ਆਪਣੇ ਪਰਿਵਾਰ ਵਿੱਚ ਘੁਲ ਮਿਲ ਜਾਣ ਦਾ ਇੰਤਜ਼ਾਮ ਵੀ ਅਲ ਬਲੋਚੀ ਪਰਿਵਾਰ ਦੇ ਮੋਢੀ ਕੇ. ਐਸ. ਐਮ. ਨੇ ਕੀਤਾ ਸੀ। ਉਸਨੂੰ ਚੰਗੀ ਤਰ੍ਹਾਂ ਵੇਖਣ ਪ੍ਰਖਣ ਤੋਂ ਪਿੱਛੋਂ ਹੀ ਇੱਕ ਦਿਨ ਸੁਲੇਮਾਨ ਐਹਮਰ ਨੇ ਕੇ. ਐਸ. ਐਮ. ਨਾਲ ਗੱਲ ਛੇੜੀ, ''ਕਿਵੇਂ ਲੱਗੀ ਤੁਹਾਨੂੰ ਇਹ ਕੁੜੀ?''
''ਇਹ ਪਤਾ ਤਾਂ ਉਦੋਂ ਹੀ ਲੱਗੂ ਜਦੋਂ ਇਹ ਕਿਸੇ ਕੰਮ ਨੂੰ ਅੰਜ਼ਾਮ ਦੈਊਗੀ।''
''ਇਹ ਗੱਲ ਤੁਹਾਡੀ ਠੀਕ ਐ। ਪਰ ਇਸ ਅੰਦਰ ਜਿਹਾਦ ਲਈ ਬੜੀ ਅੱਗ ਭਰੀ ਹੋਈ ਐ। ਉਂਝ ਵੀ ਬਹੁਤ ਹੀ ਬੁੱਧੀਮਾਨ ਐ। ਸਾਇੰਸਟਿਸਟ ਐ, ਦਿਮਾਗ ਦੀ ਬਹੁਤ ਹੀ ਤੇਜ਼ ਐ।''
''ਤੇਰਾ ਕੀ ਖਿਆਲ ਐ ਕਿ ਇਹ ਕੈਮੀਕਲ ਹਥਿਆਰ ਬਗੈਰਾ ਬਣਾਉਣ ਵਿੱਚ ਮੱਦਦ ਕਰ ਸਕਦੀ ਐ?''
''ਬਿਲਕੁਲ। ਅਜਿਹੇ ਕੰਮਾਂ ਦੀ ਤਾਂ ਇਹ ਮਾਹਰ ਐ। ਜ਼ਰਾ ਵਰਤ ਕੇ ਵੇਖੋ।''
''ਇਹ ਵੀ ਵੇਖ ਲੈਨੇ ਆਂ। ਪਰ ਇਸ ਵਿੱਚ ਇੱਕ ਹੋਰ ਬਹੁਤ ਵੱਡਾ ਗੁਣ ਐਂ।''
''ਉਹ ਕੀ?''
'ਇਹ ਅਮਰੀਕਣ ਰੈਜ਼ੀਡੈਂਟ ਐ। ਉੱਥੇ ਜਾਣ ਆਉਣ ਵਿੱਚ ਇਸ ਨੂੰ ਮੁਸ਼ਕਲ ਨ੍ਹੀਂ ਆਵੇਗੀ।''
''ਇਹ ਗੱਲ ਵੀ ਤੁਹਾਡੀ ਠੀਕ ਐ।''
''ਚੱਲ ਇੱਕ ਵਾਰ ਇਸਨੂੰ ਤੂੰ ਮੁਫਤੀ ਸਾਹਿਬ ਨੂੰ ਮਿਲਾ। ਉਹ ਇਸ ਨੂੰ ਇਸਦਾ ਅੱਗੇ ਦਾ ਕੰਮ ਦੱਸਣਗੇ।''
ਮੁਫਤੀ ਅਬੂ ਲੁਬਾਬਾ ਸ਼ਾਹ ਮਨਸੂਰ, ਲੋਕਲ ਮਸਜਿਦ ਦਾ ਇਮਾਮ ਸੀ। ਜਿਹੜਾ ਅਲ ਰਸ਼ੀਦ ਟਰੱਸਟ ਦਾ ਡਿਪਟੀ ਡਾਇਰੈਕਟਰ ਵੀ ਸੀ। ਇਸ ਟਰੱਸਟ ਦਾ ਡਾਇਰੈਕਟਰ, ਖੁਦ ਰਸ਼ੀਦ ਮੁਹੰਦਮ ਸੀ। ਕਰਾਚੀ ਦੇ ਮਿਲੀਟੈਂਟਸ 'ਚ ਸਭ ਨੂੰ ਪਤਾ ਸੀ ਕਿ ਇਨ੍ਹਾਂ ਦੋਨਾਂ ਦੇ ਉਸਾਮਾ ਬਿਨ ਲਾਦਿਨ ਨਾਲ ਸਿੱਧੇ ਸਬੰਧ ਹਨ ਅਤੇ ਇਹ ਤਾਲੀਬਾਨਾ ਲਈ ਪੈਸੇ ਦਾ ਪ੍ਰਬੰਧ ਵੱਡੇ ਪੱਧਰ 'ਤੇ ਕਰਦੇ ਹਨ। ਮੁਫਤੀ ਨੇ ਸੁਲੇਮਾਨ ਦੀ ਸਾਰੀ ਗੱਲ ਸੁਣਦਿਆਂ ਆਫੀਆ ਨੂੰ ਫਤਵਾ ਜਾਰੀ ਕਰਕੇ ਜਰਮ ਵਾਰਫੇਅਰ ਅਤੇ ਹੋਰ ਬਾਇਲੋਜੀਕਲ ਹਥਿਆਰਾਂ 'ਤੇ ਕੰਮ ਕਰਨ ਦਾ ਆਦੇਸ਼ ਦੇ ਦਿੱਤਾ। ਜਿਸ ਨੂੰ ਆਫੀਆ ਨੇ ਖੁਸ਼ੀ ਖੁਸ਼ੀ ਸਵੀਕਾਰ ਕਰ ਲਿਆ। ਇਸੇ ਵਿਚਕਾਰ ਉਸਦਾ ਅਲ ਬਲੋਚੀ ਪਰਿਵਾਰ ਵਿੱਚ ਆਉਣਾ ਜਾਣਾ ਹੋਰ ਵਧ ਗਿਆ।
ਅਲੀ ਆਪਣੇ ਮਾਮੇ, ਕੇ. ਐਸ. ਐਮ. ਦਾ ਖਾਸ ਭਰੋਸੇਯੋਗ ਆਦਮੀ ਸੀ ਜੋ ਪੂਰਣ ਤੌਰ 'ਤੇ ਉਸਦੇ ਸਾਰੇ ਮਿਸ਼ਨਾ ਬਾਰੇ ਜਾਣਦਾ ਸੀ। ਇੰਨਾ ਹੀ ਨਹੀਂ ਉਹ ਹਰ ਮਿਸ਼ਨ 'ਚ ਆਪਣਾ ਯੋਗਦਾਨ ਪਾਉਂਦਾ ਸੀ। ਭਾਵੇਂ ਨਾਈਨ ਅਲੈਵਨ ਦਾ ਮਾਸਟਰ ਮਾਈਂਡਡ ਕੇ. ਐਸ. ਐਮ. ਸੀ ਤਾਂ ਉਸ ਮਿਸ਼ਨ ਨੂੰ ਸਿਰੇ ਚੜਾਉਣ ਲਈ ਅਲੀ ਨੇ ਵੀ ਅੱਡੀ ਚੋਟੀ ਦਾ ਜ਼ੋਰ ਲਾ ਦਿੱਤਾ ਸੀ। ਉਹ ਅੰਗਰੇਜ਼ੀ ਸਕੂਲਾਂ ਦਾ ਪੜ੍ਹਿਆ ਸੀ ਤੇ ਪੱਛਮ ਦੇ ਢੰਗ ਨਾਲ ਰਹਿੰਦਾ ਸੀ। ਉਸੇ ਨੇ ਹੀ ਨਿਊਯਾਰਕ ਦੇ ਟਵਿਨ ਟਾਵਰਜ਼ ਤਬਾਹ ਕਰਨ ਵਾਲੇ ਹਾਈਜੈਕਰਾਂ ਨੂੰ ਪੱਛਮ ਦੇ ਢੰਗ ਨਾਲ ਰਹਿਣ ਸਹਿਣ ਅਤੇ ਪਹਿਣਨ ਪੱਚਰਣ ਦੇ ਤਰੀਕੇ ਸਿਖਾਏ ਸਨ। ਇਸ ਤੋਂ ਇਲਾਵਾ ਉਸਨੇ ਇਨ੍ਹਾਂ 'ਚੋਂ ਘੱਟੋ ਘੱਟ ਨੌਂ ਹਾਈਜੈਕਰਾਂ ਨੂੰ ਉਨ੍ਹਾਂ ਦੇ ਮਿਸ਼ਨ ਬਾਰੇ ਟਰੇਨਿੰਗ ਦਿੱਤੀ ਸੀ ਜਿਨ੍ਹਾਂ ਵਿੱਚ, ਮਾਰਵਾਂ ਅਲ ਸ਼ੇਹੀ ਵੀ ਇੱਕ ਸੀ ਜਿਸਨੇ ਕਿ ਯੁਨਾਈਟਡ ਫਲਾਈਟ ਨੰਬਰ 175 ਵਰਲਡ ਟਰੇਡ ਸੈਂਟਰ ਦੇ ਸਾਊਥ ਟਾਵਰ ਨਾਲ ਹਿੱਟ ਕੀਤੀ ਸੀ। ਅਲੀ ਨੇ ਤਕਰੀਬਨ ਸਵਾ ਲੱਖ ਡਾਲਰ, ਮਾਰਵਾਂ ਅਲ ਸ਼ੇਹੀ ਅਤੇ ਮੁਹੱਮਦ ਅੱਟਾ ਨੂੰ ਅਮਰੀਕਾ 'ਚ ਭੇਜਿਆ ਸੀ। ਉਹ ਆਪ ਵੀ ਸ਼ਾਇਦ ਇਨ੍ਹਾਂ ਹਾਈਜੈਕਰਾਂ ਨਾਲ ਅਮਰੀਕਾ ਆ ਕੇ ਮਿਸ਼ਨ 'ਚ ਹਿੱਸਾ ਲੈਣ ਵਾਲਾ ਸੀ। ਇਸਦੇ ਲਈ ਉਸਨੇ ਡੁਬਈ ਦੀ ਅਮਰੀਕਣ ਅੰਬੈਸੀ 'ਚ ਵੀਜ਼ੇ ਲਈ ਅਪਲਾਈ ਵੀ ਕੀਤਾ ਸੀ ਪਰ ਵੀਜ਼ਾ ਨਾ ਮਿਲਣ ਕਾਰਨ ਉਹ ਵਾਪਸ ਪਾਕਿਸਤਾਨ ਮੁੜ ਗਿਆ ਸੀ। ਨਾਈਨ ਅਲੈਵਨ ਤੋਂ ਪਿੱਛੋਂ ਉਸਨੇ ਕੇ. ਐਸ. ਐਮ. ਨਾਲ ਪੂਰੇ ਜ਼ੋਰ ਸ਼ੋਰ ਨਾਲ ਦੂਸਰੇ ਵੱਡੇ ਹਮਲੇ ਲਈ ਕੰਮ ਕਰਨਾ ਸ਼ੁਰੂ ਕਰ ਦਿੱਤਾ। ਉਸਦਾ ਮੁੱਖ ਕੰਮ ਅਗਲੇ ਨਿਸ਼ਾਨੇ ਲਈ ਜਿਹਾਦੀਆਂ ਨੂੰ ਟਰੇਨਿੰਗ ਦੇਣਾ ਸੀ। ਇਸ ਮਿਸ਼ਨ ਵਿੱਚ ਉਹ ਉਨ੍ਹਾਂ ਜਿਹਾਦੀਆਂ ਨੂੰ ਵਰਤਣਾ ਚਾਹੁੰਦੇ ਸਨ ਜਿਨ੍ਹਾਂ ਨੂੰ ਕਿ ਅਮਰੀਕਾ ਜਾਣ ਆਉਣ ਵਿੱਚ ਮੁਸ਼ਕਲ ਨਾ ਆਵੇ। ਭਾਵ ਜਿਹੜੇ ਪਹਿਲਾਂ ਹੀ ਉੱਥੋਂ ਦੇ ਬਾਸ਼ਿੰਦੇ ਹੋਣ। ਪਹਿਲਾ ਤਿਆਰ ਕੀਤਾ ਗਿਆ ਗਰੁੱਪ, ਹੋਜ਼ੇ ਪਦੀਲਾ ਅਤੇ ਰਿਚਰਡ ਰੀਡ ਵਰਗੇ ਫੜ੍ਹੇ ਗਏ ਸਨ। ਇਸ ਲਈ ਇਹ ਅਗਲੇ ਮਿਸ਼ਨ ਦੇ ਬੰਦਿਆਂ ਨੂੰ ਬਹੁਤ ਹੀ ਸੋਚ ਵਿਚਾਰ ਨਾਲ ਅਮਰੀਕਾ ਵਿੱਚ ਦਾਖਲ ਕਰਨਾ ਚਾਹੁੰਦੇ ਸਨ। ਇਨ੍ਹਾਂ ਨਵੇਂ ਜਿਹਾਦੀਆਂ ਵਿੱਚ ਇਕ ਨਵਾਂ ਮੁੰਡਾ ਆਇਆ ਸੀ, ਮਜੀਦ ਖਾਨ। ਇਹ ਕੰਪਿਊਟਰ ਪ੍ਰੋਗਰੈਮਰ ਸੀ। ਇਸਦਾ ਪਰਿਵਾਰ ਅਮਰੀਕਾ ਦੀ ਸਟੇਟ ਮੈਰੀਲੈਂਡ ਦੇ ਸ਼ਹਿਰ ਬਾਲਟੀਮੋਰ 'ਚ ਰਹਿੰਦਾ ਸੀ। ਮਜੀਦ ਖਾਨ ਦਾ ਪਰਿਵਾਰ ਜਦੋਂ ਅਮਰੀਕਾ ਆਇਆ ਤਾਂ ਉਦੋਂ ਉਹ ਪੰਦਰਾਂ ਸਾਲ ਦਾ ਸੀ। ਇੱਥੇ ਆ ਕੇ ਉਸਦੇ ਪਰਿਵਾਰ ਨੇ ਰਾਜਨੀਤਕ ਸ਼ਰਨ ਲਈ ਸੀ। ਇਸਦੇ ਛੇ ਸਾਲ ਬਾਅਦ ਮਜੀਦ ਖਾਨ ਪਹਿਲੀ ਵਾਰ ਪਾਕਿਸਤਾਨ ਗਿਆ, ਪਰ ਅਜੇ ਉਸਨੂੰ ਗਰੀਨ ਕਾਰਡ ਨਹੀਂ ਮਿਲਿਆ ਸੀ। ਇਸ ਲਈ ਉਸਨੂੰ ਅਮਰੀਕਾ ਤੋਂ ਬਾਹਰ ਜਾਣ ਵਾਸਤੇ ਉਸਨੂੰ ਇੰਮੀਗਰੇਸ਼ਨ ਮਹਿਕਮੇ ਤੋਂ ਇਜਾਜ਼ਤ ਲੈਣੀ ਪੈਣੀ ਸੀ। ਜਿਹੜੀ ਕਿ ਉਹ ਗਲਤੀ ਨਾਲ ਲੈਣੀ ਭੁੱਲ ਗਿਆ। ਇਸ ਗੱਲ ਦਾ ਪਤਾ ਉਸਨੂੰ ਪਿੱਛੋਂ ਜਾ ਕੇ ਲੱਗਿਆ ਕਿ ਬਿਨਾ ਇਜਾਜ਼ਤ ਦੇ ਆਉਣ ਕਾਰਨ ਉਹ ਵਾਪਸ ਅਮਰੀਕਾ ਵਿੱਚ ਦਾਖਲ ਨਹੀਂ ਹੋ ਸਕੇਗਾ।
ਖੈਰ ਹੁਣ ਤੱਕ ਉਹ ਕਾਫੀ ਧਾਰਮਿਕ ਬਣ ਚੁੱਕਿਆ ਸੀ ਅਤੇ ਕਿਸੇ ਚੰਗੀ ਧਾਰਮਿਕ ਕੁੜੀ ਨਾਲ ਸ਼ਾਦੀ ਕਰਨੀ ਚਾਹੁੰਦਾ ਸੀ। ਉਸਦੀ ਸ਼ਾਦੀ ਕਿਸੇ ਧਾਰਮਿਕ ਹਸਤੀ ਨੇ, ਰਬੀਆ ਜਾਕੂਬ ਨਾਂ ਦੀ ਕੁੜੀ ਨਾਲ ਕਰਵਾ ਦਿੱਤੀ। ਇਸੇ ਧਾਰਮਿਕ ਹਸਤੀ ਨੇ ਉਸਦੇ ਅੰਦਰ ਜਿਹਾਦ ਲਈ ਖਿੱਚ ਪਹਿਚਾਣੀ ਤੇ ਉਸਨੂੰ ਕੇ. ਐਸ. ਐਮ. ਨਾਲ ਮਿਲਾਉਣ ਦਾ ਫੈਸਲਾ ਕੀਤਾ। ਮਿੱਥੇ ਵਕਤ 'ਤੇ ਉਹ ਉਸਨੂੰ ਲੈ ਕੇ ਕੇ. ਐੱਸ. ਐਮ ਦੇ ਕੋਲ ਗਿਆ ਤੇ ਕਿਹਾ ਕਿ ਇਸ ਮੁੰਡੇ ਨੂੰ ਖਾਲਿਦ ਸਾਹਿਬ ਨਾਲ ਮਿਲਾਇਆ ਜਾਵੇ। ਕੇ. ਐੱਸ. ਐਮ ਧਿਆਨ ਨਾਲ ਮਜੀਦ ਵੱਲ ਵੇਖਦਾ ਰਿਹਾ ਤੇ ਬੋਲਿਆ, ''ਗੱਲ ਸੁਣ ਉਏ ਕਾਕਾ। ਇਹ ਜਿਹਾਦ, ਗੱਲਾਂ ਨਾਲ ਨ੍ਹੀਂ ਲੜ੍ਹਿਆ ਜਾਂਦਾ। ਇਸਦੇ ਲਈ ਅੰਦਰ ਜਿਹਾਦ ਦੀ ਅੱਗ ਹੋਣੀ ਜ਼ਰੂਰੀ ਐ।''
ਉਸ ਵੇਲੇ ਮਜੀਦ ਖਾਂ ਨੂੰ ਪਤਾ ਨਹੀਂ ਸੀ ਕਿ ਉਸਦੇ ਸਾਹਮਣੇ ਬੈਠਾ ਬੰਦਾ ਹੀ ਕੇ. ਐੱਸ. ਐਮ. ਹੈ। ਉਹ ਆਤਮ ਵਿਸ਼ਵਾਸ਼ ਨਾਲ ਬੋਲਿਆ, ''ਜੀ ਮੈਂ ਹਰ ਪੱਖੋਂ ਇਸ ਲਈ ਤਿਆਰ ਆਂ।''
'ਇਹ ਕੋਈ ਭੰਡਾ ਦੇ ਖੇਲ ਨ੍ਹੀਂ ਐ। ਹਰ ਵਕਤ ਮੌਤ, ਨਾਲ ਨਾਲ ਚੱਲਦੀ ਐ।''
''ਜੀ ਮੈਂ ਸਭ ਸਮਝਦਾ ਆਂ।''
ਉਹ ਗੱਲਾਂ ਕਰ ਹੀ ਰਹੇ ਸਨ ਕਿ ਕੋਈ ਜਣਾ ਅੰਦਰ ਆਇਆ ਤੇ ਕੇ. ਐੱਸ. ਐਮ. ਨੂੰ ਬੋਲਿਆ, ''ਉਸ ਮੁੰਡੇ ਨੇ ਸੂਈਸਾਈਡ ਮਿਸ਼ਨ ਨੂੰ ਬੜੇ ਚੰਗੇ ਢੰਗ ਨਾਲ ਅੰਜ਼ਾਮ ਦੇ ਦਿੱਤਾ ਐ। ਉੱਥੇ ਦਸ ਬੰਦੇ ਮਰ ਚੁੱਕੇ ਨੇ।''
''ਅੱਲਾ ਉਸਨੂੰ ਸਵਰਗਾਂ ਵਿੱਚ ਢੋਈ ਦੇਵੇ। ਅੱਗੇ ਦਾ ਕੀ ਪ੍ਰੋਗਰਾਮ ਐਂ?''
''ਢਿੱਡ ਨਾਲ ਬੰਨਣ ਵਾਲੀ ਬੈਲਟ ਤਿਆਰ ਪਈ ਐ। ਧਮਾਕਾ ਖੇਜ ਸਮੱਗਰੀ ਵੀ ਉਸ ਅੰਦਰ ਫਿੱਟ ਕਰ ਦਿੱਤੀ ਗਈ ਐ। ਬੱਸ ਹੁਣ ਤਾਂ ਕਿਸੇ ਅਜਿਹੇ ਮੁੰਡੇ ਦੀ ਲੋੜ ਐ ਜੋ ਕਿ ਆਤਮਘਾਤੀ ਮਿਸ਼ਨ ਲਈ ਤਿਆਰ ਹੋਵੇ।''
ਉਸਦੀ ਗੱਲ ਸੁਣ ਕੇ ਕੇ. ਐੱਸ. ਐਮ. ਨੇ ਪਲ ਭਰ ਸਾਹਮਣੇ ਬੈਠੇ ਮਜੀਦ ਖਾਂ ਵੱਲ ਵੇਖਿਆ ਤੇ ਫਿਰ ਬੋਲਿਆ, ''ਮੁੰਡਾ ਆਪਣੇ ਕੋਲ ਪਹੁੰਚ ਚੁੱਕਿਆ ਐ। ਤੂੰ ਬੈਲਟ ਲੈ ਕੇ ਆ।''
ਉਸਨੇ ਅੰਦਰੋਂ ਬੈਲਟ ਲਿਆਂਦੀ ਤਾਂ ਕੇ. ਐੱਸ. ਐਮ. ਨੇ ਉਹ ਮਜੀਦ ਖਾਂ ਦੇ ਪੇਟ ਨਾਲ ਬੰਨ ਦਿੱਤੀ। ਚੰਗੀ ਤਰ੍ਹਾਂ ਵੇਖ ਪਰਖ ਕੇ ਉਹ ਬੋਲਿਆ, ''ਲੈ ਬਈ ਤੂੰ ਜਿਹਾਦ ਲਈ ਮਰ ਮਿਟਣ ਲਈ ਤਿਆਰ ਐਂ ਤਾਂ ਜਿਹਾਦ ਵੀ ਤੈਨੂੰ ਈ ਉਡੀਕ ਰਿਹਾ ਸੀ। ਤੂੰ ਕਿਸਮਤ ਵਾਲਾ ਐਂ ਜੋ ਤੈਨੂੰ ਆਉਂਦੇ ਨੂੰ ਈ ਸੂਈਸਾਈਡ ਮਿਸ਼ਨ ਦਾ ਕੰਮ ਮਿਲ ਗਿਆ। ਹੁਣ ਤੂੰ ਇੱਥੋਂ ਜਾ ਤੇ ਡਾਊਨ ਟਾਊਨ ਦੀ ਫਰਾਹਖਾਨ ਮਾਰਕਿਟ ਵਿੱਚ ਜਾ ਕੇ ਇਸ ਕੰਮ ਨੂੰ ਅੰਜ਼ਾਮ ਦੇਹ। ਇਹ ਬੰਬ ਪੂਰੇ ਇੱਕ ਵਜੇ ਚੱਲੇਗਾ। ਬੱਸ ਕੰਮ ਧਿਆਨ ਨਾਲ ਕਰੀਂ।''
''ਜੀ ਬਹੁਤ ਬਿਹਤਰ ਜਨਾਬ।'' ਮਜੀਦ ਖਾਂ ਉੱਠਣ ਲੱਗਿਆ ਤਾਂ ਕੇ. ਐੱਸ. ਐਮ. ਉਸ ਨੂੰ ਰੋਕਦਾ ਹੋਇਆ ਬੋਲਿਆ, ''ਤੈਨੂੰ ਪਤਾ ਐ ਨਾ ਇਹ ਕੀ ਚੀਜ ਐ?''
''ਜੀ ਬਿਲਕੁਲ ਪਤਾ ਐ।''
'ਇਹ ਬੰਬ ਚੱਲੇਗਾ ਤਾਂ ਉੱਥੇ ਤੇਰੇ ਆਲੇ ਦੁਆਲੇ ਦੇ ਸਾਰੇ ਲੋਕ ਮਾਰੇ ਜਾਣਗੇ ਪਰ ਤੂੰ ਵੀ ਉਨ੍ਹਾਂ ਦੇ ਨਾਲ ਹੀ ਮਰੇਂਗਾ। ਤੂੰ ਨਵਾਂ ਐਂ ਇਸ ਕਰਕੇ ਮੈਂ ਤੈਨੂੰ ਇਹ ਗੱਲ ਸਪੱਸ਼ਟ ਦੱਸ ਰਿਹਾ ਆਂ।''
'ਜੀ ਮੈਨੂੰ ਇਜਾਜ਼ਤ ਦਿਉ।'' ਇੰਨਾ ਕਹਿੰਦਿਆਂ ਉਹ ਬਾਹਰ ਨਿਕਲ ਗਿਆ ਤੇ ਦੱਸੀ ਹੋਈ ਮਸਜਿਦ 'ਚ ਚਲਾ ਗਿਆ। ਉੱਥੇ ਜਾ ਕੇ ਉਹ ਇਕੱਠ ਦੇ ਵਿਚਕਾਰ ਬੈਠ ਗਿਆ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਸ਼ਿਕਾਰ ਬਣਾਇਆ ਜਾ ਸਕੇ। ਇੱਕ ਵੱਜ ਗਿਆ ਪਰ ਉਸਦੇ ਪੇਟ ਨਾਲ ਬੰਨਿਆਂ ਬੰਬ ਨਾ ਚੱਲਿਆ। ਕੋਈ ਅੱਧਾ ਘੰਟਾ ਉਹ ਉੱਥੇ ਰਿਹਾ ਪਰ ਉਸਦੇ ਦੱਸੇ ਮੁਤਾਬਕ ਨਾ ਬੰਬ ਫਟਿਆ ਤੇ ਨਾ ਕੋਈ ਧਮਾਕਾ ਹੋਇਆ। ਆਖਰ ਉਹ ਵਾਪਸ ਮੁੜ ਆਇਆ ਤਾਂ ਉੱਥੇ ਕੋਈ ਨਹੀਂ ਸੀ। ਨਾ ਹੀ ਉਸਨੂੰ ਲਿਆਉਣ ਵਾਲਾ ਧਾਰਮਿਕ ਰਹਿਨੁਮਾ ਤੇ ਨਾ ਹੀ ਕੇ. ਐੱਸ. ਐਮ.। ਅਗਲੇ ਦਿਨ ਉਹ ਉਸ ਧਾਰਮਿਕ ਹਸਤੀ ਕੋਲ ਵਾਪਿਸ ਗਿਆ ਤਾਂ ਉਸਨੇ ਕਿਹਾ, ''ਵਧਾਈ ਹੋਵੇ।''
''ਜੀ!?'' ਮਜੀਦ ਖਾਂ ਹੈਰਾਨ ਹੋਇਆ।
'ਤੂੰ ਖਾਲਿਦ ਸਾਹਿਬ ਦੇ ਇਮਤਿਹਾਨ 'ਚੋਂ ਪਾਸ ਹੋ ਗਿਆ। ਅਸਲ ਵਿੱਚ ਕੱਲ੍ਹ ਤੈਨੂੰ ਜੋ ਬੈਲਟ ਦਿੱਤੀ ਗਈ ਉਹ ਨਕਲੀ ਸੀ, ਸਿਰਫ ਤੈਨੂੰ ਪਰਖਣ ਲਈ। ਪਰ ਤੂੰ ਵਾਕਿਆ ਈ ਪੱਕਾ ਜਿਹਾਦੀ ਐਂ। ਕੇ. ਐੱਸ. ਐਮ. ਤੈਨੂੰ ਵੱਡਾ ਕੰਮ ਸੌਂਪਣ ਵਾਲੇ ਨੇ।'' ਫਿਰ ਅਗਲੇ ਹਫਤੇ ਉਸਨੂੰ ਪੈਸੇ ਦੇ ਕੇ ਇੰਡੋਨੇਸ਼ੀਆ ਭੇਜਿਆ ਗਿਆ। ਉਸਨੇ ਜਾ ਕੇ ਉੱਥੇ ਕਿਸੇ ਹੰਬਾਲੀ ਨਾਂ ਬੰਦੇ ਨਾਲ ਸੰਪਰਕ ਕੀਤਾ ਤੇ ਪੈਸੇ ਪਹੁੰਚਾਏ। ਇਨ੍ਹਾਂ ਪੈਸਿਆਂ ਦੀ ਮੱਦਦ ਨਾਲ ਹੰਬਾਲੀ ਨੇ ਅਗਲੇ ਹਫਤੇ ਬਾਲੀ ਦੇ ਕਿਸੇ ਕਲੱਬ 'ਚ ਬੰਬ ਧਮਾਕਾ ਕੀਤਾ ਜਿਸ ਵਿੱਚ ਸੈਂਕੜੇ ਲੋਕ ਮਾਰੇ ਗਏ। ਇਸ ਪਿੱਛੋਂ ਮਜੀਦ ਖਾਂ ਹੋਰ ਨਿੱਕੇ ਮੋਟੇ ਕਈ ਕੰਮ ਕਰਕੇ ਕੇ. ਐੱਸ. ਐਮ. ਕੋਲ ਵਾਪਸ ਆ ਗਿਆ ਤਾਂ ਉਸਨੂੰ ਅਲੀ ਦੇ ਹਵਾਲੇ ਕਰ ਦਿੱਤਾ ਗਿਆ। ਮਜੀਦ ਖਾਂ ਨੂੰ ਅਮਰੀਕਾ ਭੇਜ ਕੇ ਅੱਗੇ ਦਾ ਕੰਮ ਕਰਨ ਦੀ ਟਰੇਨਿੰਗ ਦੇਣ ਦਾ ਕੰਮ ਅਲੀ ਦਾ ਸੀ। ਕੇ.ਐੱਸ.ਐਮ ਨੇ ਅਲੀ ਨਾਲ ਮਿਲ ਕੇ ਇੱਕ ਨਵੀਂ ਸਾਜ਼ਿਸ਼ ਤਿਆਰ ਕੀਤੀ ਸੀ। ਉਹ ਅਮਰੀਕਾ ਵਿੱਚ ਕੋਈ ਵੱਡਾ ਕਾਰਾ ਕਰਨਾ ਚਾਹੁੰਦਾ ਸੀ। ਇਹ ਵੱਡਾ ਕੰਮ ਸੀ ਅਮਰੀਕਾ ਦੇ ਤੇਲ ਭੰਡਾਰਾਂ ਨੂੰ ਉਡਾਉਣਾ ਜਾਂ ਪੀਣ ਵਾਲੇ ਪਾਣੀ ਵਿੱਚ ਜ਼ਹਿਰ ਮਿਲਾਉਣਾ। ਪਰ ਮਜੀਦ ਖਾਂ ਨੇ ਦੱਸਿਆ ਕਿ ਉਹ ਹੁਣ ਅਮਰੀਕਾ ਵਿੱਚ ਦਾਖਲ ਨਹੀਂ ਹੋ ਸਕਦਾ। ਅਲੀ ਨੇ ਕਾਰਨ ਪੁੱਛਿਆ ਤਾਂ ਮਜੀਦ ਖਾਨ ਨੇ ਦੱਸਿਆ ਕਿ ਉਹ ਅਮਰੀਕਾ ਤੋਂ ਤੁਰਨ ਲੱਗਿਆ ਟਰੈਵਲ ਪਰਮਿਟ ਲੈਣਾ ਭੁੱਲ ਗਿਆ ਸੀ ਅਤੇ ਇਸ ਪਰਮਿਟ ਬਿਨਾਂ ਉਹ ਅਮਰੀਕਾ ਵਿੱਚ ਐਂਟਰ ਨਹੀਂ ਹੋ ਸਕੇਗਾ। ਕੁਝ ਸੋਚਦਾ ਅਲੀ ਬੋਲਿਆ, ''ਮਜੀਦ ਜੋ ਹੋ ਗਿਆ ਸੋ ਹੋ ਗਿਆ। ਹੁਣ ਉਸਨੂੰ ਵਕਤ ਨੂੰ ਵਾਪਸ ਤਾਂ ਨ੍ਹੀਂ ਲਿਆਂਦਾ ਜਾ ਸਕਦਾ। ਪਰ ਤੂੰ ਇਹ ਦੱਸ ਕਿ ਇਸ ਮੁਸ਼ਕਲ ਦਾ ਕੋਈ ਹੱਲ ਹੈ?''
''ਹੱਲ ਤਾਂ ਇਸਦਾ ਹੈ ਪਰ ਉਹ ਕਾਫੀ ਔਖਾ ਐ।''
'ਕੀ ਹੱਲ ਐ ਤੂੰ ਦੱਸ। ਔਖੇ ਨੂੰ ਸੌਖਾ ਬਣਾਉਣਾ ਤੇਰਾ ਨ੍ਹੀਂ ਮੇਰਾ ਕੰਮ ਐਂ।''
'ਉਹ ਇਹ ਐ ਕਿ ਟਰੈਵਲ ਪਰਮਿਟ ਲੈਣ ਵਾਲੇ ਬੰਦੇ ਨੇ ਅਮਰੀਕਾ ਤੋਂ ਤੁਰਨ ਤੋਂ ਪਹਿਲਾਂ ਇਹ ਪਰਮਿਟ ਲੈਣਾ ਹੁੰਦਾ ਐ। ਜਾਂ ਇਉਂ ਕਹਿ ਲਉ ਕਿ ਪਰਮਿਟ ਲੈਣ ਵਾਲਾ ਬੰਦਾ ਅਮਰੀਕਾ ਵਿੱਚ ਹੋਣਾ ਚਾਹੀਦਾ ਐ। ਉੱਥੋਂ ਪਹਿਲਾਂ ਉਹ ਅਰਜ਼ੀ ਭਰ ਕੇ ਇੰਮੀਗਰੇਸ਼ਨ ਦੇ ਮਹਿਕਮੇ ਨੂੰ ਮੇਲ ਕਰਦਾ ਹੈ। ਫਿਰ ਪਿੱਛੋਂ ਉਨ੍ਹਾਂ ਨੂੰ ਫੋਨ ਕਰਨਾ ਪੈਂਦਾ ਐ। ਇਸ ਪਿੱਛੋਂ ਈ ਉਹ ਟਰੈਵਲ ਪਰਮਿਟ ਭੇਜਦੇ ਨੇ।''
''ਆਪਾਂ ਹੁਣ ਕੀ ਕਰ ਸਕਦੇ ਆਂ ਉਹ ਦੱਸ?''
'ਉੱਥੋਂ ਕੋਈ ਬੰਦਾ ਮੇਰੀ ਅਰਜ਼ੀ ਇੰਮੀਗਰੇਸ਼ਨ ਵਾਲਿਆਂ ਨੂੰ ਮੇਲ ਕਰੇ। ਫਿਰ ਮਜੀਦ ਖਾਨ ਬਣ ਕੇ ਉਨ੍ਹਾਂ ਨੂੰ ਫੋਨ ਕਰੇ। ਵੱਡੀ ਗੱਲ ਇੱਕ ਅੜਚਣ ਹੋਰ ਐ।''
''ਉਹ ਕੀ ਐ?''
'ਕੋਈ ਜਣਾ ਉੱਥੋਂ ਅਰਜ਼ੀ ਵੀ ਭੇਜ ਸਕਦਾ ਐ। ਮਜੀਦ ਖਾਨ ਬਣ ਕੇ ਫੋਨ ਵੀ ਕਰ ਸਕਦਾ ਐ। ਪਰ ਮੇਰੇ ਕੋਲ ਉੱਥੇ ਕੋਈ ਅਡਰੈੱਸ ਨ੍ਹੀਂ ਹੈ ਜਿਸ 'ਤੇ ਕਿ ਸਾਰੀ ਕਾਰਵਾਈ ਪੂਰੀ ਹੋਣ ਪਿੱਛੋਂ ਇੰਮੀਗਰੇਸ਼ਨ ਵਾਲੇ ਟਰੈਵਲ ਡਾਕੂਮੈਂਟ ਭੇਜਣਗੇ। ਇਹ ਅਡਰੈੱਸ ਕੋਈ ਅਜਿਹਾ ਹੋਣਾ ਚਾਹੀਦਾ ਐ ਜੋ ਕਿ ਪਿੱਛੋਂ ਫੜ੍ਹਿਆ ਨਾ ਜਾ ਸਕੇ। ਫਰਜ਼ ਕਰੋ ਮੈਂ ਉੱਥੇ ਆਪਣੇ ਘਰ ਦਾ ਅਡਰੈੱਸ ਹੀ ਦੇ ਦਿੰਦਾ ਆਂ ਤਾਂ ਪਤਾ ਲੱਗ ਜਾਣ 'ਤੇ ਐਫ. ਬੀ. ਆਈ. ਨੇ ਤੁਰੰਤ ਮੇਰੇ ਪਰਿਵਾਰ ਨੂੰ ਫੜ੍ਹ ਲੈਣਾ ਐਂ। ਨਾਲੇ ਉਦੋਂ ਈ ਮੇਰਾ ਨਾਂ ਸਾਹਮਣੇ ਆ ਜਾਊਗਾ।''
''ਫਿਰ ਇਸਦਾ ਹੱਲ ਕੀ ਐ?''
'ਕੋਈ ਭਰੋਸੇਯੋਗ ਬੰਦਾ ਉੱਥੇ ਦੇ ਕਿਸੇ ਪੋਸਟ ਆਫਿਸ ਵਿੱਚ ਮੇਰੇ ਨਾਂ ਦਾ ਪੋਸਟ ਬਾਕਸ ਕਿਰਾਏ 'ਤੇ ਲੈ ਲਵੇ। ਉਹੀ ਅਡਰੈੱਸ ਮੈਂ ਆਪਣੀ ਅਰਜ਼ੀ ਵਿੱਚ ਭਰਾਂਗਾ। ਜਦੋਂ ਇੱਕ ਵਾਰ ਪਰਮਿਟ ਆ ਗਿਆ ਤਾਂ ਪੋਸਟ ਬਾਕਸ ਚੋਂ ਪਰਮਿਟ ਚੁੱਕ ਕੇ ਪੋਸਟ ਬਾਕਸ ਬੰਦ ਕਰ ਦਿੱਤਾ ਜਾਵੇਗਾ। ਇਸ ਤਰ੍ਹਾਂ ਸਾਰੇ ਸਬੂਤ ਖਤਮ ਹੋ ਜਾਣਗੇ।''
'ਹੂੰ, ਹੁਣ ਸਮਝਿਆ ਮੈਂ ਤੇਰੀ ਗੱਲ ਪਰ....।'' ਅੱਗੇ ਅਲੀ ਸੋਚਣ ਲੱਗਿਆ ਕਿ ਅਜਿਹਾ ਭਰੋਸੇਯੋਗ ਬੰਦਾ ਕੌਣ ਹੋ ਸਕਦਾ ਐ ਜਿਹੜਾ ਇੰਨਾ ਖਤਰਾ ਮੁੱਲ ਲੈ ਲਵੇ। ਉਸਦੀ ਇਹ ਵੀ ਸੋਚ ਸੀ ਕਿ ਇਹ ਕੰਮ ਕਿਸੇ ਆਮ ਬੰਦੇ ਤੋਂ ਨਹੀਂ ਕਰਵਾਇਆ ਜਾ ਸਕਦਾ। ਇਸ ਤਰ੍ਹਾਂ ਸਾਰੀ ਪੋਲ ਖੁੱਲ੍ਹ ਜਾਵੇਗੀ। ਇਸਦੇ ਲਈ ਕੋਈ ਜਿਹਾਦੀ ਹੀ ਹੋ ਸਕਦਾ ਐ। ਸੋਚਦਿਆਂ ਸੋਚਦਿਆਂ ਇੱਕ ਦਮ ਉਸਦੇ ਮਨ 'ਚ ਆਫੀਆ ਆ ਗਈ। ਉਸਨੇ ਇੱਹ ਗੱਲ ਆਫੀਆ ਨਾਲ ਕਰਨ ਦਾ ਮਨ ਬਣਾ ਲਿਆ। ਉਸਨੇ ਆਪਣੀ ਭੈਣ ਨੂੰ ਭੇਜ ਕੇ ਆਫੀਆ ਨੂੰ ਘਰ ਬੁਲਾਇਆ ਤੇ ਮੌਕਾ ਮਿਲਦਿਆਂ ਹੀ ਮਜੀਦ ਖਾਂ ਦੀ ਸਾਰੀ ਕਹਾਣੀ ਸੁਣਾ ਦਿੱਤੀ। ਆਫੀਆ ਨੇ ਪੁੱਛਿਆ, ''ਮੈਂ ਇਸ ਵਿੱਚ ਕੀ ਕਰ ਸਕਦੀ ਆਂ?''
'ਤੂੰ ਅਮਰੀਕਣ ਸਿਟੀਜ਼ਨ ਐਂ। ਤੂੰ ਉੱਥੇ ਬੜੀ ਆਸਾਨੀ ਨਾਲ ਜਾ ਸਕਦੀ ਐਂ। ਸਿਟੀਜ਼ਨ ਹੋਣ ਕਾਰਨ ਤੇਰੇ 'ਤੇ ਕੋਈ ਸ਼ੱਕ ਵੀ ਨ੍ਹੀਂ ਕਰੇਗਾ।''
'ਪਰ ਤੁਹਾਨੂੰ ਮੈਂ ਪਹਿਲਾਂ ਈ ਦੱਸਿਆ ਹੋਇਆ ਐ ਕਿ ਮੈਂ ਅਤੇ ਅਮਜਦ ਐਫ. ਬੀ. ਆਈ. ਦੀ ਇੰਟਰਵਿਊ ਵਿਚਕਾਰ ਛੱਡ ਕੇ ਭੱਜ ਆਏ ਸੀ। ਇਸ ਕਰਕੇ ਐਫ. ਬੀ. ਆਈ. ਸਾਨੂੰ ਜ਼ਰੂਰ ਲੱਭ ਰਹੀ ਹੋਵੇਗੀ। ਮੈਨੂੰ ਡਰ ਲੱਗਦਾ ਐ ਕਿ ਕਿਧਰੇ ਉਨ੍ਹਾਂ ਦੇ ਧੱਕੇ ਈ ਨਾ ਚੜ੍ਹ ਜਾਵਾਂ।''
''ਉਂਝ ਤਾਂ ਬੜੀਆਂ ਟੌਅਰਾਂ ਮਾਰਦੀ ਰਹਿੰਨੀ ਐਂ ਕਿ ਮੈਂ ਜਿਹਾਦ ਲਈ ਕੁਛ ਵੀ ਕਰ ਸਕਦੀ ਆਂ।''
'ਗੱਲ ਉਹ ਨ੍ਹੀਂ ਐ। ਗੱਲ ਇਹ ਐ ਕਿ ਮੈਂ ਅਜੇ ਬਹੁਤ ਕੁਛ ਕਰਨਾ ਐਂ। ਜੇ ਮੁੱਢ ਵਿੱਚ ਈ ਫੜ੍ਹੀ ਗਈ ਤਾਂ ਜਿਹਾਦ ਲਈ ਜੋ ਕੁਛ ਕਰਨ ਦਾ ਸੋਚਿਆ ਐ ਉਹ ਸੁਪਨੇ ਅਧੂਰੇ ਰਹਿ ਜਾਣਗੇ।''
'ਆਫੀਆ ਕੱਲ੍ਹ ਕਿਸ ਨੇ ਵੇਖਿਆ ਐ। ਨਾਲੇ ਇਹ ਨਾ ਭੁੱਲ ਕਿ ਆਪਾਂ ਜਿਹਾਦੀ ਆਂ। ਅਤੇ ਜਿਹਾਦੀ ਆਉਣ ਵਾਲੇ ਖਤਰਿਆਂ ਤੋਂ ਨ੍ਹੀਂ ਡਰਦੇ।''
'ਠੀਕ ਐ। ਦੱਸ ਫਿਰ ਮੈਨੂੰ ਕੀ ਹੁਕਮ ਐਂ।'' ਅਲੀ ਦੇ ਬੋਲਾਂ ਨੇ ਆਫੀਆ ਦੇ ਮਾਨ ਸਨਮਾਨ 'ਤੇ ਸੱਟ ਮਾਰੀ ਤਾਂ ਉਹ ਹਰ ਖਤਰਾ ਉਠਾ ਕੇ ਅਮਰੀਕਾ ਜਾਣ ਲਈ ਤਿਆਰ ਹੋ ਗਈ। ਅੱਗੇ ਦਾ ਸਾਰਾ ਇੰਤਜ਼ਾਮ ਕਰ ਦਿੱਤਾ ਗਿਆ। ਪਰ ਆਫੀਆ ਦੀ ਸਲਾਹ 'ਤੇ ਇਹ ਕੰਮ ਦੋ ਹਿੱਸਿਆਂ ਵਿੱਚ ਕਰਨ ਦਾ ਸੋਚਿਆ ਗਿਆ। ਪਹਿਲੇ ਹਿੱਸੇ ਵਿੱਚ ਆਫੀਆ ਨੇ ਸਿਰਫ ਅਮਰੀਕਾ ਜਾਣਾ ਸੀ ਤੇ ਉੱਥੇ ਮਜ਼ੀਦ ਖਾਨ ਦੇ ਨਾਂ 'ਤੇ ਕਿਸੇ ਪੋਸਟ ਆਫਿਸ ਵਿੱਚ ਪੋਸਿਟ ਬਾਕਸ ਕਿਰਾਏ 'ਤੇ ਲੈ ਕੇ ਵਾਪਸ ਮੁੜ ਆਉਣਾ ਸੀ।
ਇਸਦੇ ਤੀਜੇ ਦਿਨ ਹੀ ਆਫੀਆ ਕਰਾਚੀ ਤੋਂ ਅਮਰੀਕਾ ਲਈ ਰਵਾਨਾ ਹੋ ਗਈ। ਸਾਰੇ ਰਾਹ ਉਸਨੂੰ ਇੱਕ ਪਲ ਵੀ ਚੈਨ ਨਾ ਆਇਆ। ਉਸਨੂੰ ਵਾਰ ਵਾਰ ਐਫ. ਬੀ. ਆਈ. ਦਾ ਡਰ ਸਤਾਉਂਦਾ ਰਿਹਾ ਕਿ ਕਿਤੇ ਅਜਿਹਾ ਨਾ ਹੋਵੇ ਕਿ ਉਸਨੂੰ ਉਤਰਦੀ ਨੂੰ ਹੀ ਫੜ੍ਹ ਲਿਆ ਜਾਵੇ। ਪਰ ਅਜਿਹਾ ਕੁਝ ਵੀ ਨਾ ਹੋਇਆ। ਉਹ ਮੌਜ ਨਾਲ ਬਾਲਟੀਮੋਰ ਦੇ ਏਅਰਪੋਰਟ 'ਤੇ ਉਤਰੀ ਤੇ ਸਮਾਨ ਚੁੱਕਦੀ ਬਾਹਰ ਨਿਕਲ ਆਈ। ਕਿਸੇ ਉਸ ਵੱਲ ਵੇਖਿਆ ਤੱਕ ਨਾ। ਬਾਹਰ ਆ ਕੇ ਉਸਨੇ ਟੈਕਸੀ ਲਈ। ਕੁਦਰਤੋਂ ਟੈਕਸੀ ਡਰਾਈਵਰ ਪਾਕਿਸਤਾਨੀ ਸੀ। ਹੋਟਲ ਤੱਕ ਜਾਂਦਿਆਂ ਉਹ ਉਸ ਨਾਲ ਗੱਲਾਂ ਮਾਰਦੀ ਗਈ। ਆਫੀਆ ਨੇ ਗੱਲੀਂ ਗੱਲੀਂ ਦੱਸਿਆ ਕਿ ਉਹ ਪਾਕਿਸਤਾਨ ਸਰਕਾਰ ਦੀ ਅਧਿਕਾਰੀ ਹੈ ਤੇ ਇੱਥੇ ਕਿਸੇ ਸੈਮੀਨਾਰ 'ਚ ਹਿੱਸਾ ਲੈਣ ਆਈ ਹੈ। ਇਸੇ ਕਰਕੇ ਕਿਸੇ ਹੋਟਲ 'ਚ ਠਹਿਰ ਰਹੀ ਐ। ਉਹ ਹੋਟਲ ਜਾ ਕੇ ਉਤਰੀ ਤੇ ਡੈਸਕ 'ਤੇ ਜਾ ਕੇ ਕਮਰਾ ਬੁੱਕ ਕਰਵਾ ਲਿਆ। ਅਗਲੇ ਦਿਨ ਉਹ ਦੁਪਹਿਰ ਪਿੱਛੋਂ ਟੈਕਸੀ ਲੈ ਕੇ ਨੇੜਲੇ ਸ਼ਹਿਰ ਗੈਦਰਸਬਰਗ ਦੇ ਪੋਸਟ ਆਫਿਸ ਗਈ ਤੇ ਪੋਸਟ ਬਾਕਸ ਕਿਰਾਏ 'ਤੇ ਲੈਣ ਲਈ ਅਰਜ਼ੀ ਭਰੀ। ਅਰਜ਼ੀ ਵਿੱਚ ਉਸਨੇ ਆਪਣੇ ਘਰਵਾਲੇ ਦਾ ਨਾਂ ਮਜੀਦ ਖਾਨ ਲਿਖਿਆ। ਥੋੜੀ ਬਹੁਤੀ ਕਾਗਜ਼ੀ ਕਾਰਵਾਈ ਕਰਨ ਪਿੱਛੋਂ ਆਫੀਆ ਸਦੀਕੀ ਅਤੇ ਮਾਜੀਦ ਖਾਨ ਦੇ ਨਾਂ 'ਤੇ ਪੋਸਟ ਬਾਕਸ ਮਿਲ ਗਿਆ। ਆਫੀਆ ਨੇ ਪੋਸਟ ਬਾਕਸ ਦੀ ਚਾਬੀ ਲੈ ਕੇ ਪਰਸ ਵਿੱਚ ਪਾ ਲਈ ਤੇ ਬਾਹਰ ਆ ਕੇ ਟੈਕਸੀ ਰਾਹੀਂ ਫਿਰ ਹੋਟਲ ਚਲੀ ਗਈ। ਅਗਲੇ ਦਿਨ ਉਹ ਫਲਾਈਟ ਲੈ ਕੇ ਵਾਪਸ ਪਾਕਿਸਤਾਨ ਮੁੜ ਗਈ। ਉੱਥੇ ਜਾ ਕੇ ਉਸਨੇ ਨਵੇਂ ਖੋਲ੍ਹ ਪੋਸਟ ਬਾਕਸ ਦਾ ਐਡਰੈੱਸ ਅਤੇ ਚਾਬੀ ਅਲੀ ਦੇ ਹਵਾਲੇ ਕਰ ਦਿੱਤੇ।
ਹੁਣ ਅਲੀ ਨੇ ਕੰਮ ਦੇ ਦੂਸਰੇ ਭਾਗ ਨੂੰ ਅੰਜ਼ਾਮ ਦੇਣ ਦੀ ਸਕੀਮ ਬਣਾਉਣੀ ਸ਼ੁਰੂ ਕਰ ਦਿੱਤੀ। ਮਜੀਦ ਖਾਂ ਨੇ ਨਵੇਂ ਅਡਰੈੱਸ ਮੁਤਾਬਕ ਆਪਣੀ ਅਰਜ਼ੀ ਭਰ ਕੇ ਤਿਆਰ ਕਰ ਲਈ ਸੀ। ਅਲੀ ਕਿਸੇ ਅਜਿਹੇ ਬੰਦੇ ਦੀ ਭਾਲ ਕਰਨ ਲੱਗਿਆ ਜਿਹੜਾ ਕਿ ਉਨ੍ਹਾਂ ਦੇ ਕੰਮ ਦੇ ਅਗਲੇ ਹਿੱਸੇ ਨੂੰ ਪੂਰਾ ਕਰਨ ਵਿੱਚ ਮੱਦਦ ਕਰੇ। ਇਸਦੇ ਲਈ ਵੀ ਭਰੋਸੇਯੋਗ ਬੰਦੇ ਦੀ ਲੋੜ ਸੀ। ਕਾਫੀ ਮੱਥਾ ਪੱਚੀ ਮਗਰੋਂ ਅਲੀ ਨੇ ਇਹ ਗੱਲ ਆਪਣੇ ਮਾਮੇ ਕੇ. ਐਸ. ਐਮ. ਨੂੰ ਦੱਸੀ। ਉਸਨੇ ਅਲੀ ਨੂੰ ਕਿਹਾ ਕਿ ਉਹ ਇੱਕ ਅੱਧ ਦਿਨ ਵਿੱਚ ਉਸ ਲਈ ਕੋਈ ਪ੍ਰਬੰਧ ਕਰੇਗਾ। ਦੂਸਰੇ ਹੀ ਦਿਨ ਕੇ. ਐਸ. ਐਮ. ਨੇ ਅਲੀ ਨੂੰ ਕਿਹਾ ਕਿ ਸ਼ਾਮ ਵੇਲੇ ਸੁਪਰ ਸਪਾਇਸੀ ਰੈਸਟੋਰੈਂਟ ਵਿੱਚ ਚਲਿਆ ਜਾਵੇ। ਉੱਥੇ ਉਸਨੂੰ ਉਜ਼ੇਰ ਪਰਾਚਾ ਨਾਂ ਦਾ ਮੁੰਡਾ ਮਿਲੂਗਾ ਜੋ ਕਿ ਕੁਝ ਦਿਨਾਂ ਬਾਅਦ ਹੀ ਅਮਰੀਕਾ ਜਾ ਰਿਹਾ ਹੈ। ਉਸ ਨਾਲ ਗੱਲ ਕਿਵੇਂ ਕਰਨੀ ਹੈ ਕੇ. ਐਸ. ਐਮ. ਨੇ ਇਹ ਸਭ ਕੁਝ ਅਲੀ ਨੂੰ ਸਮਝਾ ਦਿੱਤਾ। ਉੱਧਰ ਉਜ਼ੇਰ ਨੂੰ ਉਸਦੇ ਪਿਤਾ ਸੈਫਉਲਾ ਪਰਾਚਾ ਨੇ ਕਹਿ ਦਿੱਤਾ ਕਿ ਉਸਦੇ ਕੋਈ ਜਾਣ-ਪਛਾਣ ਵਾਲੇ ਹਨ ਉਹ ਉਨ੍ਹਾਂ ਦੀ ਮੱਦਦ ਕਰ ਦੇਵੇ। ਉਜ਼ੇਰ ਨੂੰ ਪਤਾ ਸੀ ਕਿ ਉਸਦਾ ਪਿਉ ਵੱਡਾ ਬਿਜ਼ਨਸਮੈਨ ਹੈ ਅਤੇ ਉਸਦੇ ਕਈ ਅਲ ਕਾਇਦਾ ਮੈਂਬਰਾਂ ਨਾਲ ਵੀ ਸਬੰਧ ਹਨ। ਪਰ ਆਪ ਉਹ ਅਜਿਹੇ ਕੰਮਾਂ ਤੋਂ ਦੂਰ ਹੀ ਰਹਿੰਦਾ ਸੀ। ਉਸਦਾ ਪਿਉ ਵੀ ਉਸਨੂੰ ਇਹੀ ਕਹਿੰਦਾ ਰਹਿੰਦਾ ਸੀ ਕਿ ਉਸਦੇ ਜਿੰਨੇ ਕੁ ਸਬੰਧ ਅਲ ਕਾਇਦਾ ਨਾਲ ਹਨ ਉਹ ਸਿਰਫ ਬਿਜ਼ਨਸ ਨਜ਼ਰੀਏ ਤੋਂ ਹਨ। ਉਂਝ ਉਹ ਕਹਿੰਦਾ ਸੀ ਕਿ ਉਸਦਾ ਉਨ੍ਹਾਂ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਖੈਰ ਸ਼ਾਮ ਵੇਲੇ ਉਜ਼ੇਰ ਪਰਾਚਾ ਰੈਸਟੋਰੈਂਟ ਵਿੱਚ ਅਲੀ ਅਤੇ ਮਜੀਦ ਖਾਂਨ ਨੂੰ ਜਾ ਮਿਲਿਆ। ਗੱਲੀਂਬਾਤੀਂ ਅਲੀ ਨੇ ਗੱਲ ਛੇੜੀ, ''ਉਜ਼ੇਰ ਭਾਈ ਆਪਣਾ ਇਹ ਦੋਸਤ ਮਜੀਦ, ਇੱਕ ਕੰਮ ਕਰਨ ਵਾਲਾ ਮਿਡਲ ਕਲਾਸ ਆਦਮੀ ਐ ਤੇ ਇਹ ਆਉਣ ਲੱਗਿਆ ਆਪਣਾ ਟਰੈਵਲ ਪਰਮਿਟ ਲੈਣਾ ਭੁੱਲ ਗਿਆ ਹੈ। ਬੱਸ ਇਸਦਾ ਇੰਨਾ ਕੁ ਕੰਮ ਕਰਨਾ ਹੈ ਕਿ ਇਸਦੀ ਅਰਜ਼ੀ ਉੱਥੇ ਲੈ ਕੇ ਜਾਣੀ ਹੈ ਤੇ ਅਮਰੀਕਾ ਪਹੁੰਚ ਕੇ ਇੰਮੀਗਰੇਸ਼ਨ ਨੂੰ ਮੇਲ ਕਰ ਦੇਣੀ ਹੈ। ਫਿਰ ਹਫਤੇ ਪਿੱਛੋਂ ਉਨ੍ਹਾਂ ਨੂੰ ਮਜੀਦ ਖਾਂਨ ਬਣ ਕੇ ਫੋਨ ਕਰਨਾ ਐਂ। ਇਸ ਪਿੱਛੋਂ ਇੰਮੀਗਰੇਸ਼ਨ ਵਾਲੇ ਇਸਦਾ ਟਰੈਵਲ ਪਰਮਿਟ ਮੇਲ ਕਰ ਦੇਣਗੇ ਤੇ ਤੂੰ ਉਸ ਮੇਲ ਬਾਕਸ 'ਚੋਂ ਜਾ ਕੇ ਉਹ ਪਰਮਿਟ ਚੁੱਕ ਲੈਣਾ। ਪਰਮਿਟ ਮਿਲ ਜਾਣ ਪਿੱਛੋਂ ਪੋਸਟ ਬਾਕਸ ਬੰਦ ਕਰਨ ਦੀ ਅਰਜ਼ੀ ਦੇ ਦੇਣੀ। ਅਤੇ ਵਾਪਸ ਪਾਕਿਸਤਾਨ ਆਉਣ ਵੇਲੇ ਇਸਦਾ ਉਹ ਪਰਮਿਟ ਨਾਲ ਲੈ ਆਉਣਾ ਤਾਂ ਕਿ ਇਸਨੂੰ ਦੁਬਾਰਾ ਤੋਂ ਅਮਰੀਕਾ ਵਿੱਚ ਦਾਖਲ ਹੋਣ ਦੀ ਇਜਾਜ਼ਤ ਮਿਲ ਜਾਵੇ।''
ਬਾਈ ਤੇਈ ਸਾਲਾਂ ਦੇ ਸ਼ਰਮੀਲੇ ਜਿਹੇ ਉਜ਼ੇਰ ਨੂੰ ਗੱਲ ਕੁਛ ਅਟਪਟੀ ਜਿਹੀ ਲੱਗੀ। ਪਰ ਉਹ ਉਨ੍ਹਾਂ ਦੇ ਪ੍ਰਭਾਵ ਕਾਰਨ ਕੁਛ ਬੋਲ ਨਾ ਸਕਿਆ। ਅਤੇ ਉਸਨੇ ਮਜੀਦਾ ਖਾਂਨ ਦੇ ਸਾਰੇ ਕਾਗਜ਼, ਉਸਦਾ ਲਾਈਸੈਂਸ, ਸੋਸ਼ਿਲ ਸਕਿਉਰਟੀ ਕਾਰਡ, ਮੇਲ ਬਾਕਸ ਦੀ ਚਾਬੀ ਅਤੇ ਅਰਜ਼ੀ ਬਗੈਰਾ ਫੜ੍ਹ ਲਏ। ਘਰ ਆ ਕੇ ਉਸਨੇ ਆਪਣੇ ਪਿਉ ਨੂੰ ਕਿਹਾ ਕਿ ਉਸਨੂੰ ਇਹ ਕੰਮ ਕੁਝ ਜਚਦਾ ਨਹੀਂ ਹੈ। ਪਰ ਸੈਫਉਲਾ ਪਰਾਚਾ ਨੇ ਗੱਲੀਂਬਾਤੀਂ ਉਸਦਾ ਡਰ ਦੂਰ ਕਰ ਦਿੱਤਾ ਤੇ ਅਧਮੰਨੇ ਮਨ ਨਾਲ ਉਜ਼ੇਰ ਪਰਾਚਾ ਅਮਰੀਕਾ ਜਾਣ ਲੱਗਿਆ, ਮਜੀਦ ਖਾਂਨ ਦੇ ਸਾਰੇ ਕਾਗਜ਼ ਪੱਤਰ ਆਪਣੇ ਨਾਲ ਲੈ ਗਿਆ। ਉੱਥੇ ਜਾ ਕੇ ਉਸਨੇ ਆਪਣਾ ਸਾਰਾ ਸਮਾਨ ਆਪਣੇ ਪਿਉ ਦੇ ਦਫਤਰ ਵਿੱਚ ਰੱਖ ਦਿੱਤਾ ਤੇ ਆਪਣੇ ਕੰਮਾਂ 'ਚ ਰੁੱਝ ਗਿਆ।
ਉਜ਼ੇਰ ਦਾ ਪਿਉ ਸੈਫਉਲਾ ਪਰਾਚਾ ਬਹੁਤ ਪਹਿਲਾਂ ਅਮਰੀਕਾ 'ਚ ਪੜ੍ਹਦਾ ਰਿਹਾ ਸੀ। ਕੁਝ ਦੇਰ ਉਸਨੇ ਉੱਥੇ ਟਰੈਵਲ ਏਜੈਂਸੀ ਵੀ ਚਲਾਈ। ਫਿਰ ਪਾਕਿਸਤਾਨ ਵਾਪਸ ਆ ਕੇ ਉਸਨੇ ਕੱਪੜੇ ਦਾ ਬਿਜ਼ਨਸ ਸ਼ੁਰੂ ਕਰ ਲਿਆ। ਜਦੋਂ ਉਸਦਾ ਬਿਜ਼ਨਸ ਚੰਗਾ ਜੰਮ ਗਿਆ ਤਾਂ ਉਸਨੇ ਇਮਪੋਰਟ ਐਕਸਪੋਰਟ ਦਾ ਲਾਈਸੈਂਸ ਲੈ ਕੇ ਪਾਕਿਸਤਾਨ ਤੋਂ ਅਮਰੀਕਾ ਨੂੰ ਰੈਡੀਮੇਡ ਕੱਪੜੇ ਭੇਜਣੇ ਸ਼ੁਰੂ ਕਰ ਦਿੱਤੇ। ਉਸਨੇ ਇੱਕ ਦਫਤਰ ਨਿਊਯਾਰਕ ਵਿੱਚ ਖੋਲ੍ਹ ਲਿਆ। ਪਾਕਿਸਤਾਨ 'ਚ ਉਸਨੇ ਘਰ ਬਣਾ ਕੇ ਵੇਚਣ ਦਾ ਕੰਮ ਵੀ ਵੱਡੇ ਲੈਵਲ 'ਤੇ ਚਲਾ ਲਿਆ। ਨਿਊਯਾਰਕ 'ਚ ਸੈਫਉਲਾ ਦਾ ਪੁਰਾਣਾ ਅਮਰੀਕਣ ਦੋਸਤ ਚਾਰਲਸ, ਉਸਦਾ ਬਿਜ਼ਨਸ ਪਾਰਟਨਰ ਬਣ ਗਿਆ। ਇਸ ਦਰਮਿਆਨ ਇੱਕ ਵਾਰ ਉਹ ਪਾਕਿਸਤਾਨ ਦੀ ਰਾਈਸ ਐਰਸਪੋਰਟ ਐਸੋਸੀਏਸ਼ਨ ਨਾਲ ਅਫਗਾਨਿਸਤਾਨ ਗਿਆ। ਟੀਮ ਦੇ ਇੱਕ ਮੈਂਬਰ ਨੇ ਉਸਨੂੰ ਉਸਾਮਾ ਬਿਨ ਲਾਦਿਨ ਨਾਲ ਮਿਲਾਉਣ ਦਾ ਵਿਚਾਰ ਦੱਸਿਆ ਤਾਂ ਉਹ ਖੁਸ਼ੀ ਖੁਸ਼ੀ ਮੰਨ ਗਿਆ। ਲਾਦਿਨ ਨੂੰ ਮਿਲਣ ਵੇਲੇ ਉਸਨੂੰ ਆਪਣਾ ਕਾਰਡ ਦਿੰਦਿਆਂ, ਸੈਫਉੱਲਾ ਨੇ ਕਿਹਾ ਕਿ ਉਹ ਇੱਕ ਯੂਨੀਵਰਸਲ ਬਰੌਡਕਾਸਟਿੰਗ ਨਾਂ ਦਾ ਟੀਵੀ ਪ੍ਰੋਗਰਾਮ ਚਲਾਉਂਦਾ ਹੈ। ਉਸਨੇ ਲਾਦਿਨ ਨੂੰ ਆਪਣੇ ਇਸ ਪ੍ਰੋਗਰਾਮ ਵਿੱਚ ਇੰਟਰਵਿਊ ਦੇਣ ਲਈ ਕਿਹਾ। ਲਾਦਿਨ ਨੇ ਮੁਸਕਰਾਉਂਦਿਆਂ ਹੋਇਆਂ ਕਾਰਡ ਜੇਬ 'ਚ ਪਾ ਲਿਆ। ਉਦੋਂ ਤੱਕ ਸੈਫਉਲਾ ਸੋਚ ਰਿਹਾ ਸੀ ਕਿ ਉਸਨੂੰ ਅਲਕਾਇਦਾ ਤੋਂ ਬਹੁਤ ਬਿਜ਼ਨਸ ਮਿਲ ਸਕਦਾ ਹੈ। ਉਹ ਉਸ ਦੇ ਨਵੇਂ ਬਣ ਰਹੇ ਘਰਾਂ ਦੇ ਖਰੀਦਦਾਰ ਹੋ ਸਕਦੇ ਹਨ। ਇਸ ਵਿਚਕਾਰ ਕਾਫੀ ਵਕਤ ਬੀਤ ਗਿਆ ਕਿ ਉਸਦੇ ਦਫਤਰ ਇੱਕ ਬੰਦਾ ਆਇਆ ਜਿਸ ਨੇ ਆਪਣਾ ਨਾਂ ਮੀਰ ਦੱਸਿਆ। ਅਸਲ ਵਿੱਚ ਮੀਰ, ਕੇ. ਐਸ. ਐਮ. ਹੀ ਸੀ। ਉਸਨੇ ਉਹ ਕਾਰਡ ਕੱਢ ਕੇ ਵਿਖਾਇਆ ਜੋ ਕਦੇ ਸੈਫਉਲਾ ਨੇ ਉਸਾਮਾ ਬਿਨ ਲਾਦਿਨ ਨੂੰ ਦਿੱਤਾ ਸੀ। ਮੀਰ ਬਣੇ, ਕੇ. ਐਸ. ਐਮ. ਨੇ ਕਿਹਾ ਕਿ ਉਨ੍ਹਾਂ ਨੂੰ ਕੁਝ ਘਰ ਕਿਰਾਏ 'ਤੇ ਚਾਹੀਦੇ ਹਨ ਅਤੇ ਕੁਝ ਖਰੀਦਣੇ ਵੀ ਹਨ। ਸੈਫਉਲਾ ਇਹ ਕੰਮ ਕਰਨ ਲਈ ਖੁਸ਼ੀ ਨਾਲ ਤਿਆਰ ਹੋ ਗਿਆ। ਅਗਲੇ ਇੱਕ ਸਾਲ ਤੱਕ ਉਸਨੇ ਅਲ ਕਾਇਦਾ ਨੂੰ ਵੇਚੇ ਘਰਾਂ 'ਚੋਂ ਤਕਰਬੀਨ ਤਿੰਨ ਕਰੋੜ ਰੁਪਏ ਕਮਾਏ। ਨਾਈਨ ਅਲੈਵਨ ਪਿੱਛੋਂ ਕੇ. ਐਸ. ਐਮ. ਨੇ ਇੱਕ ਦਿਨ ਉਸਨੂੰ ਮੁਸਤਫਾ ਨਾਂ ਦੇ ਕਿਸੇ ਵੱਡੇ ਜਿਮੀਦਾਰ ਨਾਲ ਮਿਲਾਇਆ। ਪਰ ਮੁਸਤਫਾ ਅਸਲ 'ਚ ਕੇ ਐਸ ਐਮ ਦਾ ਭਾਣਜਾ ਅਲੀ ਹੀ ਸੀ। ਮੀਰ ਨੇ ਸੈਫਉਲਾ ਪਰਾਚਾ ਨੂੰ ਕਿਹਾ, ''ਸੈਫਉਲਾ ਸਾਹਿਬ, ਮੁਸਤਫਾ ਬਲੋਚਿਸਚਾਨ ਦਾ ਬਹੁਤ ਵੱਡਾ ਬਿਜ਼ਨਸਮੈਨ ਹੈ। ਇਹ ਵੀ ਅਮਰੀਕਾ ਵਿੱਚ ਇਮਪੋਰਟ ਐਕਸਪੋਰਟ ਦਾ ਬਿਜ਼ਨਸ ਕਰਨਾ ਚਾਹੁੰਦਾ ਐ। ਤੁਸੀਂ ਇਸਦੀ ਮੱਦਦ ਕਰੋ।''
''ਹਾਂ ਜੀ ਮੀਰ ਸਾਹਿਬ ਦੱਸੋ ਮੈਂ ਇਸ ਲਈ ਕੀ ਕਰ ਸਕਦਾ ਆਂ?''
''ਤੁਸੀਂ ਇਸਦੇ ਪਾਰਟਨਰ ਮਜੀਦ ਖਾਂਨ ਲਈ ਉੱਥੇ ਕੋਈ ਕੰਪਨੀ ਖੁਲਵਾ ਦਿਉ ਤਾਂ ਕਿ ਇਹ ਵੀ ਆਪਣਾ ਸਾਮਾਨ ਉੱਥੇ ਭਿਜਵਾ ਸਕੇ। ਸ਼ੁਰੂ 'ਚ ਤੁਸੀਂ ਇਸਨੂੰ ਆਪਣੀ ਕੰਪਨੀ ਰਾਹੀਂ ਹੀ ਸਾਮਾਨ ਭੇਜਣ ਦੀ ਇਜਾਜ਼ਤ ਦੇ ਦਿਉ ਤਾਂ ਬਹੁਤ ਚੰਗਾ ਹੋਵੇਗਾ। ਅੱਗੇ ਜਾ ਕੇ ਇਹ ਸ਼ਾਇਦ ਤੁਹਾਡਾ ਪਾਰਟਨਰ ਹੀ ਬਣ ਜਾਵੇ।''
'ਕੋਈ ਗੱਲ ਨ੍ਹੀਂ ਮੀਰ ਸਾਹਿਬ। ਇਹ ਚਾਹੁਣ ਤਾਂ ਇੱਕ ਅੱਧ ਡਿਲਿਵਰੀ ਮੇਰੀ ਕੰਪਨੀ ਦੇ ਰਾਹੀਂ ਭੇਜ ਸਕਦੇ ਨੇ। ਅੱਗੇ ਦੀ ਅੱਗੇ ਵੇਖੀ ਜਾਵੇਗੀ।'' ਸੈਫਉਲਾ ਅੰਦਰੋਂ ਖੁਸ਼ ਹੋ ਗਿਆ ਕਿ ਉਸਦਾ ਬਿਜ਼ਨਸ ਹੋਰ ਅੱਗੇ ਵਧੇਗਾ। ਪਰ ਕੇ. ਐਸ. ਐਮ. ਦੀ ਸਕੀਮ ਹੋਰ ਸੀ। ਉਸਨੇ ਸੋਚਿਆ ਸੀ ਕਿ ਅਲੀ ਦੇ ਸਾਮਾਨ ਭੇਜਣ ਦੇ ਬਹਾਨੇ ਉਹ ਸੈਫਉਲਾ ਦੀ ਕੰਪਨੀ ਨੂੰ ਵਰਤੇਗਾ। ਜਿਨ੍ਹਾਂ ਕਨਟੇਨਰਾਂ 'ਚ ਸੈਫਉਲਾ ਕੱਪੜੇ ਪਾ ਕੇ ਭੇਜਦਾ ਸੀ ਉਨ੍ਹਾਂ 'ਚ, ਸੀ 4 ਐਕਸਪੋਲਸਿਵਜ਼ ਅਤੇ ਹੋਰ ਘਾਤਕ ਕੈਮੀਕਲਜ਼ ਪਾ ਕੇ ਭੇਜੇਗਾ। ਜਿਨ੍ਹਾਂ ਨੂੰ ਉੱਥੇ ਜਾ ਕੇ ਬਾਅਦ ਵਿੱਚ ਮਜੀਦ ਖਾਨ ਨੇ ਸੰਭਾਲਣਾ ਸੀ। ਇਹੀ ਹਥਿਆਰ ਅਮਰੀਕਾ ਦੇ ਤੇਲ ਭੰਡਾਰਾਂ ਨੂੰ ਅੱਗ ਲਾਉਣ ਲਈ ਵਰਤਿਆ ਜਾਣੇ ਸਨ। ਗੱਲਬਾਤ ਮੁਕਾ ਕੇ ਮੀਰ ਅਤੇ ਮੁਸਤਫਾ ਬਣੇ, ਮਾਮਾ ਭਾਣਜਾ ਸੈਫਉਲਾ ਦੇ ਦਫਤਰੋਂ ਆ ਗਏ ਸਨ।
ਆਫੀਆ ਇਹ ਸੋਚ ਕੇ ਖੁਸ਼ ਹੋ ਰਹੀ ਸੀ ਕਿ ਉਹ ਚੁੱਪ ਚਾਪ ਅਮਰੀਕਾ ਦਾ ਗੇੜਾ ਲਾ ਆਈ ਤੇ ਕਿਸੇ ਨੂੰ ਇਸਦੀ ਭਿਣਕ ਵੀ ਨਹੀਂ ਪਈ। ਪਰ ਇਹ ਉਸਦੀ ਭੁੱਲ ਸੀ ਕਿਉਂਕਿ ਉਸਦਾ ਨਾਂ ਪਹਿਲਾਂ ਹੀ ਐਫ. ਬੀ. ਆਈ. ਵਾਲਿਆਂ ਦੇ ਰਿਕਾਰਡ 'ਚ ਆ ਚੁੱਕਿਆ ਸੀ। ਉਹ ਅਤੇ ਅਮਜਦ ਜਦੋਂ ਐਫ. ਬੀ. ਆਈ. ਦੀ ਦੂਸਰੀ ਇੰਟਰਵਿਊ ਵਿਚਾਲੇ ਹੀ ਛੱਡ ਕੇ ਚਲੇ ਗਏ ਸਨ ਤਾਂ ਐਫ. ਬੀ. ਆਈ. ਨੇ ਉਨ੍ਹਾਂ ਦਾ ਨਾਂ ਟਰੈਵਲ ਵਾਚ ਲਿਸਟ 'ਤੇ ਪਾ ਦਿੱਤਾ ਸੀ ਜਿਸਦਾ ਨਤੀਜਾ ਇਹ ਹੋਇਆ ਕਿ ਜਦੋਂ ਹੀ ਉਹ ਅਮਰੀਕਾ ਜਾਣ ਲਈ ਕਰਾਚੀ ਤੋਂ ਜਹਾਜ 'ਚ ਬੈਠੀ ਸੀ ਤਾਂ ਉਸੇ ਵੇਲੇ ਪਾਕਿਸਤਾਨ ਦੀ ਫੈਡਰਲ ਟਰੈਵਲ ਏਜੈਂਸੀ ਨੇ ਅਮਰੀਕਣ ਐਫ. ਬੀ. ਆਈ. ਨੂੰ ਸੂਚਿਤ ਕਰ ਦਿੱਤਾ ਸੀ। ਐਫ. ਬੀ. ਆਈ. ਵਾਲਿਆਂ ਨੇ ਉਸਨੂੰ ਏਅਰਪੋਰਟ 'ਤੇ ਫੜ੍ਹਨ ਦੀ ਬਜਾਇ ਉਸਦਾ ਪਿੱਛਾ ਕਰਨਾ ਉਚਿਤ ਸਮਝਿਆ। ਕਿਉਂਕਿ ਉਹ ਉਸਨੂੰ ਫੜ੍ਹਨ ਨਾਲੋਂ ਸਾਰੇ ਰਿੰਗ ਨੂੰ ਤੋੜਨਾ ਚਾਹੁੰਦੇ ਸਨ। ਆਫੀਆ ਨੇ ਜਦੋਂ ਏਅਰਪੋਰਟ ਦੇ ਬਾਹਰੋਂ ਟੈਕਸੀ ਲਈ ਤਾਂ ਜੋ ਪਾਕਿਸਤਾਨੀ ਟੈਕਸੀ ਡਰਾਈਵਰ ਉਸਨੂੰ ਏਅਰਪੋਰਟ ਤੋਂ ਚੁੱਕ ਕੇ ਹੋਟਲ ਛੱਡ ਕੇ ਆਇਆ ਉਹ ਐਫ. ਬੀ. ਆਈ. ਦਾ ਹੀ ਬੰਦਾ ਸੀ। ਅਗਲੇ ਦੋ ਦਿਨ ਵੀ ਉਸਦਾ ਪਿੱਛਾ ਹੁੰਦਾ ਰਿਹਾ। ਉਸਦੇ ਪਿੱਛੇ ਪਿੱਛੇ ਰਹਿੰਦਿਆਂ ਐਫ. ਬੀ. ਆਈ. ਨੇ ਪਤਾ ਲਗਾ ਲਿਆ ਕਿ ਇਹ ਇੱਥੇ ਸਿਰਫ ਪੋਸਟ ਬਾਕਸ ਕਿਰਾਏ 'ਤੇ ਲੈਣ ਆਈ ਸੀ। ਇੰਨਾ ਹੀ ਨਹੀਂ ਸਗੋਂ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਆਫੀਆ ਨੇ ਪੋਸਟ ਆਫਿਸ ਕਿਰਾਏ 'ਤੇ ਲੈਣ ਵੇਲੇ ਨਾਲ ਮਜੀਦ ਖਾਨ ਦਾ ਨਾਂ ਘਰਵਾਲੇ ਦੇ ਤੌਰ 'ਤੇ ਲਿਖਿਆ ਹੈ ਤਾਂ ਉਹ ਸਮਝ ਗਏ ਕਿ ਹੁਣ ਇਸ ਨਾਂ ਦਾ ਬੰਦਾ ਹੁਣ ਅਮਰੀਕਾ ਵਿੱਚ ਆਵੇਗਾ। ਪਰ ਮਜੀਦਾ ਖਾਨ ਜਾਂ ਬਾਕੀ ਗਰੁੱਪ ਇਸ ਗੱਲ ਤੋਂ ਅਣਭਿੱਗ ਅੱਗੇ ਦੀ ਕਾਰਵਾਈ ਕਰਨ ਵਿੱਚ ਮਸ਼ਰੂਫ ਹੋ ਗਏ।
ਪਰ ਇਸ ਵਿਚਕਾਰ ਹੀ ਮਾਰਚ ਇੱਕ, ਦੋ ਹਜ਼ਾਰ ਤਿੰਨ (01-03-2003) ਦੇ ਅਖ਼ਬਾਰ ਨੇ ਤਹਿਲਕਾ ਮਚਾ ਦਿੱਤਾ। ਮੁੱਖ ਖ਼ਬਰ ਸੀ ਕਿ ਕੇ. ਐਸ. ਐਮ. ਨੂੰ ਪਾਕਿਸਤਾਨੀ ਪੁਲਿਸ ਨੇ ਫੜ੍ਹ ਲਿਆ ਹੈ। ਨਾਲ ਹੀ ਇਹ ਵੀ ਖ਼ਬਰ ਸੀ ਕਿ ਕੇ. ਐਸ. ਐਮ. ਜਿਸ ਦਾ ਕਿ ਪੂਰਾ ਨਾਮ ਖਾਲਿਦ ਸ਼ੇਖ ਮੁਹੰਮਦ ਹੈ, ਅਲਕਾਇਦਾ ਦਾ ਉਪਰੇਸ਼ਨਲ ਚੀਫ ਹੈ। ਉਹ ਉਸਾਮਾ ਬਿਨ ਲਾਦਿਨ ਦੇ ਮੁਕਾਬਲੇ ਦਾ ਅਲ ਕਾਇਦਾ ਲੀਡਰ ਹੈ। ਕੇ. ਐਸ. ਐਮ. ਨਾਈਨ ਅਲੈਵਨ ਦਾ ਮਾਸਟਰ ਮਾਈਂਡਡ ਸੀ। ਪੁਲਿਸ ਮੁਤਾਬਕ ਕੇ. ਐਸ. ਐਮ. ਰਾਵਲਪਿੰਡੀ ਫ਼ੌਜੀ ਛਾਉਣੀ ਕੋਲੋਂ ਕਿਸੇ ਦੇ ਵੱਡੇ ਘਰ ਵਿੱਚੋਂ ਗ੍ਰਿਫਤਾਰ ਕੀਤਾ ਗਿਆ ਸੀ। ਕਿਸੇ ਮੁਖਬਰ ਨੇ ਅਮਰੀਕਾ ਦੁਆਰਾ ਘੋਸ਼ਿਤ ਪੰਝੀ ਮਿਲੀਅਨ ਡਾਲਰ ਦੇ ਇਨਾਮ ਲੈਣ ਵਜੋਂ ਉਸਨੂੰ ਫੜਾਇਆ ਸੀ। ਕੇ. ਐਸ. ਐਮ. ਨੂੰ ਜਿਸ ਦੇ ਘਰ 'ਚੋਂ ਫੜ੍ਹਿਆ ਗਿਆ ਸੀ ਉਹ ਖੁਦ ਇੱਕ ਸਾਇੰਸਟਿਸਟ ਸੀ। ਉਸਦੇ ਘਰ ਤੋਂ ਜੋ ਹੋਰ ਸਾਮਾਨ ਮਿਲਿਆ ਉਸ ਤੋਂ ਪਤਾ ਲੱਗਿਆ ਕਿ ਅਲ ਕਾਇਦਾ, ਬਾਇਲੋਜੀਕਲ ਹਥਿਆਰ ਬਣਾਉਣ ਦੇ ਨੇੜੇ ਪਹੁੰਚ ਚੁੱਕਿਆ ਸੀ। ਉੱਥੋਂ ਹੀ ਹੋਰ ਅਲ ਕਾਇਦਾ ਮੈਂਬਰਾਂ ਦੇ ਪਤੇ ਮਿਲੇ। ਮਜੀਦ ਖਾਨ ਨੂੰ ਵੀ ਅਗਲੇ ਹੀ ਦਿਨ ਫੜ੍ਹ ਲਿਆ ਗਿਆ। ਇਸੇ ਤਰ੍ਹਾਂ ਇਸ ਰਿੰਗ ਦੇ ਕਈ ਹੋਰ ਮੈਂਬਰ ਵੀ ਪੁਲੀਸ ਦੀ ਗ੍ਰਿਫਤ 'ਚ ਆ ਗਏ। ਉੱਧਰ ਅਮਰੀਕਾ ਵਿੱਚ ਐਫ. ਬੀ. ਆਈ. ਆਫੀਆ ਦੀ ਭੈਣ ਫੌਜ਼ੀਆ ਦੇ ਘਰ ਪਹੁੰਚੀ। ਫੌਜ਼ੀਆ ਨੂੰ ਸੁਆਲ ਜੁਆਬ ਕਰਕੇ ਉਹ ਵਾਪਸ ਚਲੇ ਗਏ ਤਾਂ ਉਸਨੇ ਆਪਣੇ ਭਰਾ ਨੂੰ ਹੂਸਟਨ ਟੈਕਸਾਸ ਵਿੱਚ ਫੋਨ ਕੀਤਾ। ਉਹ ਹੈਰਾਨ ਰਹਿ ਗਈ ਜਦੋਂ ਅੱਗੋਂ ਉਸਨੇ ਦੱਸਿਆ ਕਿ ਉਸਦੇ ਘਰੋਂ ਵੀ ਐਫ. ਬੀ. ਆਈ. ਵਾਲੇ ਹੁਣੇ ਹੀ ਗਏ ਹਨ। ਉਹ ਆਫੀਆ ਨੂੰ ਬੁਰੀ ਤਰ੍ਹਾਂ ਲੱਭ ਰਹੇ ਸਨ। ਇਸ ਬਾਰੇ ਫੌਜ਼ੀਆ ਨੇ ਆਫੀਆ ਨੂੰ ਪਾਕਿਸਤਾਨ 'ਚ ਫੋਨ ਕਰਦਿਆਂ ਕਿਹਾ,
''ਆਫੀਆ ਤੈਨੂੰ ਐਫ. ਬੀ. ਆਈ. ਲੱਭਣ ਆਈ ਸੀ।''
''ਹੈਂ! ਪਰ ਕਿਉਂ?'' ਫੌਜ਼ੀਆ ਦੀ ਗੱਲ ਸੁਣਦਿਆਂ ਹੀ ਆਫੀਆ ਦੇ ਹੋਸ਼ ਉੱਡ ਗਏ।
'ਇਹ ਤਾਂ ਪਤਾ ਨ੍ਹੀਂ। ਪਰ ਮੈਨੂੰ ਪਤਾ ਲੱਗਾ ਐ ਕਿ ਮਾਰਚ ਦੇ ਸ਼ੁਰੂ ਤੋਂ ਹੀ ਜੋ ਕੇ. ਐਸ. ਐਮ. ਵਰਗਿਆਂ ਦੀਆਂ ਗ੍ਰਿਫਤਾਰੀਆਂ ਹੋਈਆਂ ਨੇ ਇਹ ਸਭ ਉਸੇ ਕੜੀ ਦਾ ਇੱਕ ਹਿੱਸਾ ਐ।''
''ਹੂੰ...।'' ਆਫੀਆ ਸੋਚਾਂ 'ਚ ਗੁਆਚ ਗਈ।
''ਆਫੀਆ ਕੀ ਤੂੰ ਇਸ ਕੇ. ਐਸ. ਐਮ. ਬਾਰੇ ਜਾਣਦੀ ਐਂ?'' ਫੌਜ਼ੀਆ ਨੇ ਸੁਆਲ ਕੀਤਾ।
'ਨ੍ਹੀਂ ਤਾਂ। ਪਰ ਤੂੰ ਕਿਉਂ ਪੁੱਛ ਰਹੀ ਐਂ?''
'ਆਫੀਆ ਇਹ ਕੋਈ ਲੰਬਾ ਚੱਕਰ ਲੱਗਦਾ ਐ, ਜਿਹੜੀਆਂ ਧੜਾਧੜ ਗ੍ਰਿਫਤਾਰੀਆਂ ਹੋ ਰਹੀਆਂ ਨੇ। ਇਸ 'ਚ ਪਤਾ ਨ੍ਹੀਂ ਕਿਸ ਕਿਸ ਨੇ ਆ ਜਾਣਾ ਐਂ। ਸੁਣਿਆਂ ਐਂ ਕਿ ਕੋਈ ਮਜੀਦ ਖਾਨ ਨਾਂ ਦਾ ਮੁੰਡਾ ਵੀ ਫੜ੍ਹਿਆ ਗਿਆ ਐ ਜੋ ਅਮਰੀਕਾ ਆ ਕੇ ਅਗਲੇ ਹਮਲੇ ਕਰਨੇ ਚਾਹੁੰਦਾ ਸੀ। ਆਫੀਆ ਸੱਚ ਦੱਸਾਂ ਤਾਂ ਮੈਨੂੰ ਬੜਾ ਈ ਡਰ ਲੱਗ ਰਿਹਾ ਐ। ਤੂੰ ਸੰਭਲ ਕੇ ਰਹੀਂ।''
ਫੌਜ਼ੀਆ ਦੇ ਫੋਨ ਨੇ ਆਫੀਆ ਦੇ ਹੋਸ਼ ਉਡਾ ਦਿੱਤੇ। ਉਸਨੂੰ ਲੱਗਣ ਲੱਗਿਆ ਕਿ ਉਸਨੂੰ ਫੜ੍ਹਨ ਕੋਈ ਆਇਆ ਕਿ ਆਇਆ। ਉਸਨੇ ਖੜ੍ਹੇ ਪੈਰ ਆਪਣੇ ਤਿੰਨੋਂ ਬੱਚਿਆਂ ਨੂੰ ਤਿਆਰ ਕੀਤਾ ਤੇ ਟੈਕਸੀ ਬੁਲਾ ਲਈ। ਉਸਦੀ ਮਾਂ ਨੇ ਉਸਨੂੰ ਸਮਝਾਉਂਦਿਆਂ ਕਿਹਾ, ''ਆਫੀਆ ਇਹ ਕੀ ਝੱਲਾਪਣ ਐਂ। ਤੇਰਾ ਇਨ੍ਹਾਂ ਲੋਕਾਂ ਨਾਲ ਕੀ ਤੁਅੱਲਕਾਤ। ਤੈਨੂੰ ਕੋਈ ਕਿਉਂ ਫੜੂਗਾ। ਜਦੋਂ ਤੂੰ ਕੁਝ ਗਲਤ ਕੀਤਾ ਈ ਨ੍ਹੀਂ ਤਾਂ ਡਰਦੀ ਕਿਹੜੀ ਗੱਲ ਤੋਂ ਐਂ।''
'ਅੰਮੀ ਤੂੰ ਨ੍ਹੀਂ ਸਮਝ ਸਕਦੀ ਇਹ ਗੱਲ। ਇਸ ਵੇਲੇ ਮੇਰਾ ਇੱਥੋਂ ਚਲੇ ਜਾਣਾ ਈ ਬਿਹਤਰ ਐ।''
'ਆਫੀਆ ਸੱਚ ਦੱਸ ਕਿਧਰੇ ਤੇਰਾ ਕਿਸੇ ਪੁੱਠੇ ਸਿੱਧੇ ਕੰਮ ਨਾਲ ਵਾਸਤਾ ਤਾਂ ਨ੍ਹੀਂ ਐ?'' ਇਸਮਤ ਨੇ ਆਫੀਆ ਦਾ ਬਾਂਹ ਫੜ੍ਹ ਕੇ ਸਖਤੀ ਨਾਲ ਕਿਹਾ।
'ਅੰਮੀ ਮੈਂ ਕਿਹਾ ਐ ਨਾ ਕਿ ਇਹ ਵੇਲਾ ਬਹਿਸਬਾਜੀ ਦਾ ਨ੍ਹੀਂ ਐ।'' ਇੰਨਾ ਕਹਿੰਦਿਆਂ ਆਫੀਆ ਨੇ ਬਾਂਹ ਛੁਡਵਾ ਲਈ ਤੇ ਆਪਣੀ ਤਿਆਰੀ 'ਚ ਰੁੱਝ ਗਈ।
'ਮੇਰਾ ਮਨ ਕਹਿੰਦਾ ਐ ਕਿ ਤੂੰ ਜ਼ਰੂਰ ਅਲਕਾਇਦਾ ਦੇ ਕਿਸੇ ਬੰਦੇ ਨਾਲ ਜੁੜੀ ਹੋਈ ਐਂ। ਤੂੰ ਮੈਨੂੰ ਸੱਚ ਦੱਸ ਮੈਂ ਤੇਰਾ ਸਾਰਾ ਪ੍ਰਬੰਧ ਕਰ ਲਊਂਗੀ। ਤੈਨੂੰ ਆਂਚ ਨ੍ਹੀਂ ਆਉਣ ਦਿੰਦੀ।''
ਪਰ ਆਫੀਆ ਨੇ ਮਾਂ ਦੀ ਗੱਲ ਦਾ ਕੋਈ ਜ਼ੁਆਬ ਨਾ ਦਿੱਤਾ ਤਾਂ ਇਸਮਤ ਰੋਣ ਲੱਗੀ। ਇੰਨੇ ਨੂੰ ਟੈਕਸੀ ਆ ਗਈ ਤੇ ਆਫੀਆ ਬੱਚਿਆਂ ਨੂੰ ਚੁੱਕਦੀ ਬਾਹਰ ਨਿਕਲਣ ਲੱਗੀ। ਇਸਮਤ ਰੋਂਦੀ ਹੋਈ ਅੱਗੇ ਆ ਗਈ ਤੇ ਬੋਲੀ, ''ਪਰ ਇੰਨਾ ਤਾਂ ਦੱਸ ਦੇਹ ਕਿ ਜਾ ਕਿੱਧਰ ਰਹੀ ਐਂ?''
'ਇਸ ਵੇਲੇ ਤਾਂ ਫਾਰੂਕੀ ਅੰਕਲ ਕੋਲ ਜਾ ਰਹੀ ਆਂ। ਉੱਥੋਂ ਜਾ ਕੇ ਤੈਨੂੰ ਫੋਨ ਕਰੂੰਗੀ।'' ਇੰਨਾ ਕਹਿੰਦਿਆਂ ਆਫੀਆ ਟੈਕਸੀ 'ਚ ਜਾ ਬੈਠੀ। ਇਸਮਤ ਦੇ ਵੇਖਦਿਆਂ ਵੇਖਦਿਆਂ ਟੈਕਸੀ ਅੱਖਾਂ ਤੋਂ ਉਹਲੇ ਹੋ ਗਈ। ਆਫੀਆ ਸਟੇਸ਼ਨ ਪਹੁੰਚੀ ਤੇ ਉੱਥੋਂ ਟੈਕਸੀ ਬਦਲ ਲਈ। ਅਗਲੀ ਟੈਕਸੀ ਲੈ ਕੇ ਉਹ ਸਿੱਧੀ ਅਲ ਬਲੋਚੀ ਪਰਿਵਾਰ ਕੋਲ ਪਹੁੰਚੀ। ਪਰਿਵਾਰ ਵਾਲਿਆਂ ਨੇ ਉਸਨੂੰ ਖਿੜੇ ਮੱਥੇ ਜੀ ਆਇਆਂ ਕਿਹਾ। ਪਰ ਨਾਲ ਹੀ ਇਹ ਵੀ ਕਿਹਾ ਕਿ ਇਸ ਪਰਿਵਾਰ ਵਿੱਚ ਇੱਕ ਅਣਵਿਆਹਿਆ ਮਰਦ ਭਾਵ ਅਲੀ ਰਹਿੰਦਾ ਹੈ ਇਸ ਕਰਕੇ ਧਾਰਮਿਕ ਅਕੀਦੇ ਮੁਤਾਬਕ ਆਫੀਆ ਦਾ ਉੱਥੇ ਰਹਿਣਾ ਉੱਚਿਤ ਨ੍ਹੀਂ ਹੋਵੇਗਾ। ਪਰ ਘਰ ਦੇ ਵਡੇਰਿਆਂ ਨੇ ਇਸਦਾ ਹੱਲ ਸੋਚਦਿਆਂ ਆਫੀਆ ਨੂੰ ਪੁੱਛਿਆ, ''ਬੇਟੀ ਕੀ ਤੂੰ ਅਲੀ ਨਾਲ ਸ਼ਾਦੀ ਕਰਨ ਲਈ ਰਾਜ਼ੀ ਐਂ?''
'ਜੀ ਜਿਸ ਤਰ੍ਹਾਂ ਤੁਹਾਨੂੰ ਸਾਰਿਆਂ ਨੂੰ ਠੀਕ ਲੱਗਦਾ ਐ।'' ਆਫੀਆ ਨੇ ਇੱਕ ਕਿਸਮ ਦੀ ਸਹਿਮਤੀ ਦੇ ਦਿੱਤੀ। ਅਗਲੇ ਦਿਨ ਹੀ ਸਾਦੇ ਢੰਗ ਨਾਲ ਉਨ੍ਹਾਂ ਦਾ ਨਿਕਾਹ ਕਰਵਾ ਦਿੱਤਾ ਗਿਆ ਤੇ ਆਫੀਆ ਆਪਣੇ ਬੱਚਿਆਂ ਸਮੇਤ ਅਲੀ ਨਾਲ ਰਹਿਣ ਲੱਗੀ।
ਇਸਮਤ ਸਾਰਾ ਦਿਨ ਉਡੀਕਦੀ ਰਹੀ ਪਰ ਆਫੀਆ ਦਾ ਫੋਨ ਨਾ ਆਇਆ। ਫਿਰ ਉਸਨੇ ਆਪ ਫਾਰੂਕੀ ਨੂੰ ਫੋਨ ਕੀਤਾ ਤਾਂ ਉਸਨੇ ਦੱਸਿਆ ਕਿ ਆਫੀਆ ਤਾਂ ਉਸ ਕੋਲ ਨਹੀਂ ਆਈ। ਉਹ ਵੀ ਫਿਕਰਮੰਦ ਹੋ ਗਿਆ। ਅਗਲੇ ਦਿਨ ਸ਼ਾਮ ਵੇਲੇ ਫਿਰ ਇਸਮਤ ਦਾ ਫੋਨ ਆਇਆ ਤਾਂ ਸਦੀਕੀ ਉਦਾਸ ਆਵਾਜ਼ 'ਚ ਬੋਲਿਆ, ''ਆਪਾ ਮੈਨੂੰ ਲੱਗਦਾ ਐ ਕਿ ਆਫੀਆ ਨੂੰ ਪੁਲੀਸ ਨੇ ਕਿਧਰੇ ਰਸਤੇ 'ਚ ਹੀ ਗ੍ਰਿਫਤਾਰ ਕਰ ਲਿਆ ਐ। ਨ੍ਹੀਂ ਤਾਂ ਉਹ ਕਿਧਰਿਉਂ ਫੋਨ ਜ਼ਰੂਰ ਕਰਦੀ।'' ਇਸ ਤਣਾਅ 'ਚ ਹੀ ਹਫਤਾ ਗੁਜ਼ਰ ਗਿਆ। ਇਸਮਤ ਥੋੜੀ ਥੋੜੀ ਦੇਰ ਪਿੱਛੋਂ ਫਾਰੂਕੀ ਦੇ ਘਰ ਫੋਨ ਕਰਦੀ ਰਹੀ। ਉੱਧਰ ਫੌਜ਼ੀਆ ਵੀ ਸਵੇਰ ਸ਼ਾਮ ਆਪਣੀ ਮਾਂ ਨਾਲ ਗੱਲ ਕਰਦੀ ਪਰ ਆਫੀਆ ਦਾ ਕਿਧਰੇ ਕੋਈ ਥੋਹ ਟਿਕਾਣਾ ਨਾ ਲੱਭਿਆ ਤਾਂ ਇੱਕ ਦਿਨ ਇਮਸਤ ਰੋਂਦੀ ਹੋਈ ਫਾਰੂਕੀ ਨੂੰ ਬੋਲੀ, ''ਭਾਈ ਜਾਨ ਤੁਹਾਡੀ ਗੱਲ ਸਹੀ ਐ। ਉਹ ਪੁਲੀਸ ਦੁਆਰਾ ਗ੍ਰਿਫਤਾਰ ਕਰ ਗਈ ਲੱਗਦੀ ਐ। ਪਰ ਮੈਂ ਇਕੱਲੀ ਔਰਤ ਕੀ ਕਰਾਂ। ਕਿੱਥੇ ਲੱਭਾਂ ਉਸਨੂੰ। ਫਿਰ ਇਹ ਵੀ ਪਤਾ ਨ੍ਹੀਂ ਕਿ ਉਸਨੇ ਕੀਤਾ ਕੀ ਐ। ਉਸਨੇ ਦੱਸਿਆ ਵੀ ਕੁਝ ਨ੍ਹੀਂ। ਜਿਵੇਂ ਡਰਦੀ ਉਹ ਭੱਜੀ ਐ ਉਸਤੋਂ ਲੱਗਦਾ ਐ ਕਿ ਗੱਲ ਕੋਈ ਜ਼ਰੂਰ ਐ।''
'ਆਪਾ ਤੂੰ ਇਕੱਲੀ ਨ੍ਹੀਂ ਐਂ। ਮੈਂ ਤੁਹਾਡੇ ਨਾਲ ਆਂ। ਆਪਾਂ ਰਲ ਕੇ ਉਸਨੂੰ ਲੱਭਾਂਗੇ।''
ਪਰ ਉਨ੍ਹਾਂ ਦੇ ਲੱਖ ਟੱਕਰਾਂ ਮਾਰਨ ਦੇ ਬਾਵਜੂਦ ਵੀ ਆਫੀਆ ਦੀ ਕੋਈ ਉੱਘ ਸੁੱਘ ਨਾ ਨਿੱਕਲੀ। ਦਿਨ ਗੁਜ਼ਰਦੇ ਗਏ। ਇਸਮਤ, ਧੀ ਦੇ ਦੁੱਖੋਂ ਮੰਜੇ ਨਾਲ ਲੱਗ ਗਈ। ਫਾਰੂਕੀ ਵੀ ਸਾਰਾ ਦਿਨ ਇਸੇ ਫਿਕਰ 'ਚ ਖੋਇਆ ਰਹਿੰਦਾ ਸੀ ਕਿ ਕੀ ਕੀਤਾ ਜਾਵੇ। ਉੱਧਰ ਫੌਜ਼ੀਆ ਦਾ ਬੁਰਾ ਹਾਲ ਸੀ। ਉਸਨੂੰ ਆਫੀਆ ਦਾ ਤਾਂ ਫਿਕਰ ਹੈ ਹੀ ਸੀ ਨਾਲ ਹੀ ਉਸਨੂੰ ਇਹ ਵੀ ਲੱਗਦਾ ਸੀ ਜਿਵੇਂ ਕਿ ਉਸਦੀ ਵੀ ਨਿਗਰਾਨੀ ਕੀਤੀ ਜਾ ਰਹੇ ਹੋਵੇ। ਇਸ ਸਭ ਤੋਂ ਅਣਭਿੱਗ ਉੱਧਰ ਆਫੀਆ ਆਪਣੇ ਨਵੇਂ ਘਰਵਾਲੇ ਅਲੀ ਨਾਲ ਉਸਦੇ ਵੱਡੇ ਅਲ ਬਲੋਚੀ ਪਰਿਵਾਰ 'ਚ ਰਹਿ ਰਹੀ ਸੀ।
ਫਿਰ ਇੱਕ ਦਿਨ ਐਫ. ਬੀ. ਆਈ. ਉਜ਼ੇਰ ਪਰਾਚਾ, ਜਿਹੜਾ ਕਿ ਪਹਿਲਾਂ ਹੀ ਉਨ੍ਹਾਂ ਦੀਆਂ ਨਜ਼ਰਾਂ ਹੇਠ ਸੀ, ਦੇ ਨਿਊਯਾਰਕ ਵਾਲੇ ਦਫਤਰ ਪਹੁੰਚੀ। ਉਸਦਾ ਦਫਤਰ ਅੰਦਰੋਂ ਬੰਦ ਸੀ। ਦਰਵਾਜ਼ਾ ਖੜ੍ਹਕਾਇਆ ਗਿਆ ਤਾਂ ਉਜ਼ੇਰ ਨੇ ਦਰਵਾਜ਼ਾ ਖੋਲ੍ਹਿਆ। ਸਾਹਮਣੇ ਵਰਦੀਧਾਰੀ ਐਫ. ਬੀ. ਆਈ. ਦੀ ਟੀਮ ਵੇਖ ਕੇ ਉਸਦੇ ਹੋਸ਼ ਉੱਡ ਗਏ। ਉਜ਼ੇਰ ਦੇ ਸਾਮਾਨ ਦੀ ਤਲਾਸ਼ੀ ਲਈ ਤਾਂ ਵਿੱਚੋਂ ਮਾਜੀਦ ਖਾਨ ਦੇ ਪੇਪਰ ਨਿਕਲੇ। ਉਸਨੂੰ ਉੱਥੇ ਹੀ ਗ੍ਰਿਫਤਾਰ ਕਰ ਲਿਆ ਗਿਆ। ਉਸਨੂੰ ਨਿਊਯਾਰਕ ਮੈਟਰੋਪਾਲੇਟਿਨ ਡਿਟੈਨਸ਼ਨ ਸੈਂਟਰ ਲਿਜਾਇਆ ਗਿਆ। ਉਸਦੀ ਇੰਟੈਰੋਗੇਸ਼ਨ ਸ਼ੁਰੂ ਹੋਈ ਤਾਂ ਉਸਨੇ ਸਭ ਕੁਝ ਦੱਸ ਦਿੱਤਾ ਕਿ ਕਿਵੇਂ ਉਸਦਾ ਪਿਉ ਹੀ ਉਸਨੂੰ ਇਸ ਚੱਕਰ 'ਚ ਪਾਉਣ ਦਾ ਕਾਰਨ ਬਣਿਆਂ। ਐਫ. ਬੀ. ਆਈ. ਲਈ ਹੁਣ ਇਹ ਬਹੁਤ ਜ਼ਰੂਰੀ ਹੋ ਗਿਆ ਕਿ ਉਜ਼ੇਰ ਦੇ ਪਿਉ ਨੂੰ ਫੜ੍ਹਿਆ ਜਾਵੇ। ਪਰ ਹੁਣ ਤੱਕ ਮਹੀਨੇ ਤੋਂ ਉੱਪਰ ਹੋ ਗਿਆ ਸੀ ਇਨ੍ਹਾਂ ਗ੍ਰਿਫਤਾਰੀਆਂ ਨੂੰ ਚੱਲਦਿਆਂ ਇਸ ਕਰਕੇ ਬਹੁਤ ਕੁਝ ਬਦਲ ਗਿਆ ਸੀ। ਸ਼ੁਰੂ 'ਚ ਪਾਕਿਸਤਾਨ ਸਰਕਾਰ ਨੇ ਐਫ. ਬੀ. ਆਈ. ਦੀ ਮੱਦਦ ਕੀਤੀ ਸੀ। ਪਰ ਫਿਰ ਉਹ, ਖਾਸ ਕਰਕੇ ਆਈ. ਐੱਸ. ਆਈ. ਅਲਕਾਇਦਾ ਦੇ ਮਸ਼ਹੂਰ ਬੰਦਿਆਂ ਨੂੰ ਬਚਾਉਣ ਲੱਗ ਪਈ ਸੀ। ਜਦੋਂ ਹੀ ਐਫ. ਬੀ. ਆਈ. ਪਹੁੰਚਦੀ ਉਦੋਂ ਨੂੰ ਉਨ੍ਹਾਂ ਦਾ ਟਾਰਗੈੱਟ ਭੱਜ ਚੁੱਕਿਆ ਹੁੰਦਾ। ਉਹ ਸਮਝ ਗਏ ਕਿ ਆਈ. ਐੱਸ. ਆਈ. ਹੁਣ ਉਨ੍ਹਾਂ ਦੀ ਪੇਸ਼ ਨਹੀਂ ਚੱਲਣ ਦੇ ਰਹੀ। ਇਸੇ ਕਰਕੇ ਉਨ੍ਹਾਂ ਸੈਫਉੱਲਾ ਪਰਾਚਾ ਵਾਲੀ ਗੱਲ ਬਾਹਰ ਨਾ ਕੱਢੀ। ਪਤਾ ਸੀ ਕਿ ਜਦੋਂ ਹੀ ਉਸਦਾ ਨਾਂ ਬਾਹਰ ਆਇਆ ਤਾਂ ਆਈ. ਐੱਸ. ਆਈ. ਉਸਨੂੰ ਪਹਿਲਾਂ ਹੀ ਕਿਧਰੇ ਭਜਾ ਦੇਵੇਗੀ। ਪਰ ਉਸਦੇ ਲਈ ਐਫ. ਬੀ. ਆਈ. ਨੇ ਉਸਦੇ ਲਈ ਇੱਕ ਵੱਖਰਾ ਹੀ ਤਰੀਕਾ ਚੁਣਿਆਂ।
ਇੱਕ ਦਿਨ ਨਿਊਯਾਰਕ ਰਹਿੰਦੇ ਸੈਫਉਲਾ ਪਰਾਚਾ ਦੇ ਪੁਰਾਣੇ ਦੋਸਤ ਅਤੇ ਬਿਜ਼ਨਸ ਪਾਰਟਨਰ ਚਾਰਸਲ ਦਾ ਉਸਨੂੰ ਫੋਨ ਆਇਆ। ਉਹ ਬੋਲਿਆ, ''ਸੈਫਉੱਲਾ ਤੈਨੂੰ ਜ਼ਰੂਰੀ ਗੱਲ ਤਾਂ ਇਹ ਕਹਿਣੀ ਐਂ ਕਿ ਤੂੰ ਇੱਧਰ ਅਮਰੀਕਾ ਵੱਲ ਮੂੰਹ ਨਾ ਕਰੀਂ। ਇੱਥੇ ਆਉਣਾ ਤੇਰੇ ਲਈ ਖਤਰੇ ਤੋਂ ਖਾਲੀ ਨ੍ਹੀਂ ਹੋਵੇਗਾ।''
'ਚਾਰਲਸ ਇਹ ਗੱਲ ਤਾਂ ਮੈਂ ਵੀ ਸਮਝਦਾ ਆਂ। ਇਨ੍ਹਾਂ ਮੇਰੇ ਨਿਰਦੋਸ਼ ਪੁੱਤਰ ਨੂੰ ਐਵੇਂ ਈ ਫੜ੍ਹ ਲਿਆ। ਪਰ ਬਿਜ਼ਨਸ ਵੀ ਬੰਦ ਨ੍ਹੀਂ ਕੀਤਾ ਜਾ ਸਕਦਾ।''
''ਇਹ ਗੱਲ ਵੀ ਠੀਕ ਐ। ਬਿਜ਼ਨਸ ਲਈ ਆਪਣਾ ਮਿਲਣਾ ਜ਼ਰੂਰੀ ਐ। ਪਰ ਮੈਂ ਵੀ ਯਾਰ ਪਾਕਿਸਤਾਨ ਆਉਣ ਤੋਂ ਡਰਦਾ ਆਂ।''
'ਚਾਰਲਸ ਤੂੰ ਵੀ ਇੱਥੇ ਅਜੇ ਬਿਲਕੁਲ ਨਾ ਆਵੀਂ। ਅਜੇ ਤਾਂ ਮੈਂ ਵੀ ਇੱਥੇ ਲੁਕ ਕੇ ਈ ਤੁਰਿਆ ਫਿਰਦਾ ਆਂ। ਇਨ੍ਹਾਂ ਐਫ. ਬੀ. ਆਈ. ਵਾਲੇ ਕਮੂਤਾਂ ਦਾ ਕੀ ਪਤਾ ਐ ਕਿ ਕਦੋਂ ਕਿਸ ਨੂੰ ਚੰਬੜ ਜਾਣ।''
'ਤੂੰ ਫਿਰ ਇਉਂ ਕਿਉਂ ਨ੍ਹੀਂ ਕਰਦਾ ਕਿ ਆਪਾਂ ਕਿਧਰੇ ਹੋਰ ਲੁਕ ਛਿਪ ਕੇ ਜਿਹੇ ਮਿਲ ਲਈਏ?''
''ਤੂੰ ਈ ਦੱਸ ਕਿ ਕਿੱਥੇ ਮਿਲ ਸਕਦੇ ਆਂ?''
'ਤੂੰ ਇਉਂ ਕਰ ਥਾਈਲੈਂਡ ਆਜਾ। ਉੱਥੇ ਕਿਸੇ ਨੂੰ ਪਤਾ ਵੀ ਨ੍ਹੀਂ ਲੱਗਣਾ ਤੇ ਆਪਾਂ ਮਿਲ ਵੀ ਲਵਾਂਗੇ। ਪਰ ਜ਼ਰਾ ਹੁਸ਼ਿਆਰੀ ਨਾਲ ਜਹਾਜ਼ ਚੜ੍ਹੀਂ।''
'ਹਾਂ ਇਹ ਤਾਂ ਠੀਕ ਐ। ਨਾਲੇ ਉੱਥੇ ਈ ਕੁਝ ਦੇਰ ਗੁਜ਼ਾਰ ਆਊਂਗਾ। ਜਦੋਂ ਤੱਕ ਗੱਲ ਠੰਢੀ ਨ੍ਹੀਂ ਪੈਂਦੀ।''
''ਠੀਕ ਐ ਫਿਰ ਆਪਾਂ ਉੱਥੇ ਮਿਲਦੇ ਆਂ।''
ਇਸ ਪਿੱਛੋਂ ਉਨ੍ਹਾਂ ਤਾਰੀਖ ਤਹਿ ਕਰ ਲਈ। ਮਿੱਥੇ ਦਿਨ ਸੈਫਉੱਲਾ ਚੁੱਪ ਚੁਪੀਤੇ ਜਿਹੇ ਕਰਾਚੀ ਤੋਂ ਥਾਈਲੈਂਡ ਲਈ ਫਲਾਈਟ ਲੈ ਕੇ ਜਹਾਜ਼ 'ਚ ਜਾ ਬੈਠਾ। ਜਹਾਜ਼ ਬੈਂਕਾਕ ਪਹੁੰਚਿਆ ਤਾਂ ਉਹ ਹੋਰਨਾਂ ਦੇ ਨਾਲ ਪੌੜੀ ਰਾਹੀਂ ਜਹਾਜ਼ ਤੋਂ ਹੇਠਾਂ ਉਤਰਿਆ। ਹੇਠਾਂ ਇੱਕ ਸਕਿਉਰਟੀ ਵਾਲੇ ਨੇ ਉਸ ਨਾਲ ਜ਼ਰਾ ਕੁ ਗੱਲ ਕਰਨ ਲਈ ਉਸਨੂੰ ਇੱਕ ਪਾਸੇ ਬੁਲਾ ਲਿਆ। ਅਗਲੇ ਹੀ ਪਲ ਕੋਲ ਖੜ੍ਹੀ ਵੈਨ 'ਚੋਂ ਕੁਝ ਬੰਦੇ ਉੱਤਰੇ ਤੇ ਉਨ੍ਹਾਂ ਬੋਚ ਕੇ ਜਿਹੇ ਸੈਫਉੱਲਾ ਨੂੰ ਆਪਣੇ ਨਾਲ ਬਿਠਾ ਲਿਆ। ਕਿਸੇ ਨੂੰ ਭਿਣਕ ਵੀ ਨਾ ਲੱਗੀ ਕਿ ਉੱਥੇ ਕੀ ਹੋਇਆ। ਉਹ ਅਸਲ ਵਿੱਚ ਐਫ. ਬੀ. ਆਈ. ਵਾਲੇ ਸਨ। ਉਨ੍ਹਾਂ ਨੇ ਹੀ ਚਾਰਲਸ ਨੂੰ ਡਰਾ ਧਮਕਾਕੇ ਆਪਣੀ ਮੱਦਦ ਲਈ ਮਨਾਇਆ ਸੀ। ਇਹ ਸਾਰਾ ਡਰਾਮਾ ਚਾਰਸਲ ਤੋਂ ਸੈਫਉੱਲਾ ਨੂੰ ਬੈਂਕਾਕ ਲਿਆਉਣ ਲਈ ਕਰਵਾਇਆ ਗਿਆ। ਅਗਲੇ ਹੀ ਦਿਨ ਸੈਫਉੱਲਾ ਪਰਾਚਾ ਨੂੰ ਅਫਗਾਨਿਸਤਾਨ ਦੀਆਂ ਗੁਪਤ ਜੇਲ੍ਹਾਂ ਵਿੱਚ ਪਹੁੰਚਾ ਦਿੱਤਾ ਗਿਆ। ਉੱਧਰ ਉਸਦੇ ਪਰਿਵਾਰ ਅਤੇ ਜਾਣ ਪਹਿਚਾਣ ਵਾਲੇ ਹੈਰਾਨ ਹੀ ਰਹਿ ਗਏ ਕਿ ਸੈਫਉੱਲਾ ਗਿਆ ਤਾਂ ਗਿਆ ਕਿੱਧਰ।
ਇਸੇ ਦੌਰਾਨ ਐਫ. ਬੀ. ਆਈ. ਦੇ ਹੱਥ ਇੱਕ ਅਜਿਹਾ ਬੰਦਾ ਆ ਗਿਆ ਜਿਸਨੇ ਸਾਰਾ ਰਿੰਗ ਹੀ ਤੋੜ ਦਿੱਤਾ। ਇਹ ਸੀ ਫਾਰਸੀ ਨਾਂ ਦਾ ਟਰੱਕ ਡਰਾਈਵਰ ਜੋ ਕਿ ਚਿਕਾਗੋ ਰਹਿੰਦਾ ਸੀ। ਇਹ ਮਾਜੀਦ ਖਾਂ ਦਾ ਦੋਸਤ ਸੀ, ਜਿਸਦਾ ਭੇਤ ਮਜੀਦ ਖਾਂ ਦੀ ਇੰਟੋਰੇਗਸ਼ਨ ਵੇਲੇ ਹੀ ਮਿਲਿਆ। ਜਿੰਨਾ ਵੱਡਾ ਇਹ ਅਲਕਾਇਦਾ ਦਾ ਸੋਰਸ ਸੀ ਉਨਾਂ ਹੀ ਵੱਡਾ ਇਹ ਪੱਜ਼ਲ ਨਿਕਲਿਆ। ਇਸਨੇ ਇੰਟੈਰੋਗਸ਼ਨ ਦਾ ਇੱਕ ਦੌਰ ਵੀ ਨਹੀਂ ਝੱਲਿਆ ਕਿ ਇਹ ਐਫ. ਬੀ. ਆਈ. ਦੀ ਹਰ ਕਿਸਮ ਦੀ ਮੱਦਦ ਕਰਨਾ ਮੰਨ ਗਿਆ। ਐਫ. ਬੀ. ਆਈ. ਸ਼ਾਇਦ ਉਸਦੀਆਂ ਗੱਲਾਂ ਨਾ ਮੰਨਦੀ ਪਰ ਜਦੋਂ ਉਸਨੇ ਕਿਹਾ ਕਿ ਉਹ ਕੇ. ਐੱਸ. ਐਮ. ਦੇ ਭਾਣਜੇ ਅਲੀ ਨੂੰ ਫੜ੍ਹਵਾ ਸਕਦਾ ਹੈ ਤਾਂ ਐਫ. ਬੀ ਆਈ. ਵਾਲਿਆਂ ਦੀ ਵਾਛਾਂ ਖਿੱਲਰ ਗਈਆਂ। ਉਸਨੂੰ ਕਿਸੇ ਗੁਪਤ ਘਰ 'ਚ ਲਿਜਾ ਕੇ ਅਲੀ ਨਾਲ ਰਾਬਤਾ ਕਾਇਮ ਰੱਖਣ ਨੂੰ ਕਿਹਾ ਗਿਆ। ਥੋੜੀ ਹੀ ਦੇਰ ਪਿੱਛੋਂ ਉਸਨੇ ਦੱਸਿਆ ਕਿ ਅਲੀ ਪਾਕਿਸਤਾਨ ਬੈਠਾ ਉੱਥੇ ਦੀ ਅਮਰੀਕਣ ਅੰਬੈਸੀ 'ਤੇ ਹਮਲਾ ਕਰਨ ਵਾਲਾ ਹੈ ਤਾਂ ਐਫ. ਬੀ. ਆਈ. ਇੱਕ ਦਮ ਹਰਕਤ ਵਿੱਚ ਆ ਗਈ।
ਜਦੋਂ ਐਫ. ਬੀ. ਆਈ. ਦੀ ਟੀਮ ਨੇ ਪਾਕਿਸਤਾਨੀ ਪੁਲੀਸ ਫੋਰਸ ਨਾਲ ਉਸ ਘਰ ਨੂੰ ਘੇਰਾ ਪਾਇਆ ਜਿੱਥੇ ਕਿ ਅਲੀ ਅਮਰੀਕਣ ਅੰਬੈਸੀ ਉੱਪਰ ਸੁੱਟਣ ਵਾਲੇ ਬੰਬ ਨੂੰ ਬਣਾਉਣ ਵਿੱਚ ਰੁੱਝਿਆ ਹੋਇਆ ਸੀ ਤਾਂ ਉਦੋਂ ਹੀ ਅਲੀ ਅਤੇ ਉਸਦੇ ਸਾਥੀ ਨੇ ਪੁਲੀਸ 'ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ। ਇੱਧਰੋਂ ਪੁਲੀਸ ਨੇ ਵੀ ਗੋਲਾਬਾਰੀ ਸ਼ੁਰੂ ਕਰ ਦਿੱਤੀ। ਕੁਝ ਮਿੰਟ ਹੀ ਬੀਤੇ ਸਨ ਕਿ ਉਦੋਂ ਨੂੰ ਆਈ. ਐੱਸ. ਆਈ. ਦੇ ਏਜੈਂਟ ਆ ਪਹੁੰਚੇ। ਉਹ ਸ਼ਾਇਦ ਲੇਟ ਹੋ ਜਾਣ ਕਾਰਨ ਸਿਰ ਮਾਰ ਰਹੇ ਸਨ। ਇੰਨੇ ਨੂੰ ਅੰਦਰੋਂ ਅਲੀ ਦੀ ਆਵਾਜ਼ ਆਈ ਕਿ ਉਹ ਕੁਝ ਦੇਰ ਲਈ ਸੀਜ਼ ਫਾਇਰ ਕਰ ਦੇਣ ਤਾਂ ਕਿ ਅੰਦਰ ਘਿਰੀ ਔਰਤ ਨੂੰ ਬਾਹਰ ਕੱਢਿਆ ਜਾ ਸਕੇ। ਆਈ. ਐੱਸ. ਆਈ. ਵਾਲਿਆਂ ਨੇ ਗੋਲੀਬਾਰੀ ਰੁਕਵਾ ਦਿੱਤੀ ਤਾਂ ਦਸਾਂ ਕੁ ਮਿੰਟਾਂ 'ਚ ਅੰਦਰੋਂ ਪੂਰੀ ਤਰ੍ਹਾਂ ਬੁਰਕੇ 'ਚ ਲਿਪਟੀ ਇੱਕ ਔਰਤ ਬਾਹਰ ਨਿੱਕਲੀ। ਆਈ. ਐੱਸ. ਆਈ. ਵਾਲਿਆਂ ਨੇ ਉਸਨੂੰ ਘੇਰ ਲਿਆ ਤੇ ਉਸ ਤੋਂ ਪੁੱਛ ਗਿੱਛ ਕਰਨ ਲੱਗੇ। ਪਤਾ ਉਦੋਂ ਹੀ ਲੱਗਿਆ ਜਦੋਂ ਕਿ ਉਹ ਉਸਨੂੰ ਆਪਣੀ ਗੱਡੀ 'ਚ ਬਿਠਾ ਕੇ ਤੁਰਦੇ ਬਣੇ। ਪਿੱਛੇ ਪੁਲੀਸ ਵਾਲੇ ਭੁਚੱਕੇ ਖੜ੍ਹੇ ਵੇਖਦੇ ਰਹਿ ਗਏ। ਪਰ ਉਦੋਂ ਨੂੰ ਅੰਦਰੋਂ ਆਵਾਜ਼ ਆਈ ਕਿ ਜੇਕਰ ਉਨ੍ਹਾਂ ਨੂੰ ਆਈ. ਐੱਸ. ਆਈ. ਗ੍ਰਿਫਤਾਰ ਕਰ ਰਹੀ ਹੈ ਤਾਂ ਉਹ ਹਥਿਆਰ ਸੁੱਟਣ ਲਈ ਤਿਆਰ ਹਨ। ਪੁਲੀਸ ਵਾਲਿਆਂ ਨੇ ਕਿਹਾ ਕਿ ਠੀਕ ਹੈ ਜਿਵੇਂ ਤੁਸੀਂ ਕਹਿੰਦੇ ਹੋ ਉਵੇਂ ਹੀ ਹੋਵੇਗਾ। ਅੰਦਰੋਂ ਅਲੀ ਅਤੇ ਉਸਦਾ ਸਾਥੀ ਹੱਥ ਖੜ੍ਹੇ ਕਰੀ ਬਾਹਰ ਆ ਗਏ। ਜਦੋਂ ਉਨ੍ਹਾਂ ਨੂੰ ਪੁਲੀਸ ਨੇ ਬੰਨ ਕੇ ਗੱਡੀਆਂ 'ਚ ਬਿਠਾ ਲਿਆ ਤਾਂ ਉਨ੍ਹਾਂ ਨੂੰ ਅਹਿਸਾਸ ਹੋਇਆ ਕਿ ਆਈ. ਐੱਸ. ਆਈ. ਵਾਲੇ ਤਾਂ ਜਾ ਚੁੱਕੇ ਸਨ। ਪਰ ਹੁਣ ਕੁਝ ਨਹੀਂ ਹੋ ਸਕਦਾ ਸੀ। ਪਾਕਿਸਤਾਨੀ ਪੁਲੀਸ ਅਤੇ ਅਮਰੀਕਣ ਐਫ. ਬੀ. ਆਈ. ਵਾਲੇ ਇਸ ਗ੍ਰਿਫਤਾਰੀ ਨਾਲ ਇੰਨਾ ਖੁਸ਼ ਹੋਏ ਕਿ ਉਹ ਆਈ. ਐੱਸ. ਆਈ. ਦੁਆਰਾ ਲਿਜਾਈ ਗਈ ਜ਼ਨਾਨੀ ਵਾਲੀ ਗੱਲ ਭੁਲ ਗਏ। ਐਫ. ਬੀ. ਆਈ. ਵਾਲਿਆਂ ਦੀ ਖੁਸ਼ੀ ਉਦੋਂ ਹੋਰ ਵੀ ਵਧ ਗਈ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਅਲੀ ਦੇ ਨਾਲ ਫੜ੍ਹਿਆ ਗਿਆ ਬੰਦਾ, ਖਾਲਿਦ ਅਲ ਅਸ਼ਾਦ ਹੈ ਜੋ ਕਿ ਸਾਲ 2000 'ਚ ਅਮਰੀਕਣ ਸਮੁੰਦਰੀ ਬੇੜੇ ਯੂ. ਐਸ. ਐਸ. ਕੋਲਜ਼੍ਹ ਉੱਪਰ ਹਮਲਾ ਕਰਕੇ ਦੋ ਦਰਜਣ ਤੋਂ ਵੀ ਉੱਪਰ ਅਮਰੀਕੀਆਂ ਨੂੰ ਮਾਰ ਦੇਣ ਲਈ ਜ਼ਿੰਮੇਵਾਰ ਸੀ। ਉੱਧਰ ਆਈ. ਐੱਸ. ਆਈ ਨੇ ਜਿਸ ਜ਼ਨਾਨੀ ਨੂੰ ਚੁੱਕਿਆ ਸੀ ਅੱਗੇ ਉਹ ਉਨ੍ਹਾਂ ਕੋਲੋਂ ਵੀ ਉਪਰਲੇ ਅਫਸਰਾਂ ਨੇ ਛੁਡਵਾ ਲਈ। ਉਸ ਪਿੱਛੋਂ ਉਹ ਕਿੱਥੇ ਗਈ, ਕੌਣ ਉਸਨੂੰ ਲੈ ਗਿਆ, ਇਹ ਕਿਸੇ ਨੂੰ ਪਤਾ ਨਾ ਲੱਗਿਆ। ਇੱਕ ਮਾਰਚ ਨੂੰ ਸ਼ੁਰੂ ਹੋਇਆ ਗ੍ਰਿਫਤਾਰੀਆਂ ਦਾ ਸਿਲਸਲਾ ਬੰਦ ਹੋ ਗਿਆ। ਅਮਰੀਕਾ ਉੱਪਰ ਦੂਸਰਾ ਵੱਡਾ ਹਮਲਾ ਕਰਨ ਵਾਲੀ ਸਾਜ਼ਿਸ਼ ਦੇ ਮੁੱਖ ਦੋਸ਼ੀ ਕੇ. ਐਸ. ਐਮ. ਤੋਂ ਲੈ ਕੇ ਹੇਠਲੇ ਪੱਧਰ ਤੱਕ ਦੇ ਸਾਰੇ ਮੁਜ਼ਰਮ ਐਫ. ਬੀ. ਆਈ. ਦੇ ਕਬਜ਼ੇ 'ਚ ਆ ਚੁੱਕੇ ਸਨ। ਸਿਰਫ ਇਕੋ ਇਨਸਾਨ ਸੀ ਜੋ ਐਫ. ਬੀ. ਆਈ. ਦੀ ਪਹੁੰਚ ਤੋਂ ਕਿਧਰੇ ਦੂਰ ਸੀ। ਉਹ ਸੀ ਆਫੀਆ ਸਦੀਕੀ। ਐਫ. ਬੀ. ਆਈ. ਨੇ ਦੁਨੀਆਂ ਦਾ ਕੋਨਾ ਕੋਨਾ ਛਾਣ ਮਾਰਿਆ ਪਰ ਉਸਦੀ ਕੋਈ ਉੱਘ ਸੁੱਘ ਨਾ ਨਿਕਲੀ। ਐਫ. ਬੀ. ਆਈ. ਉਸਨੂੰ ਬਹੁਤ ਅਹਿਮ ਮੰਨ ਰਹੀ ਸੀ। ਇਸ ਤੋਂ ਬਿਨਾ ਜਿਸ ਘਰ 'ਚੋਂ ਕੇ. ਐਸ. ਐਮ. ਫੜ੍ਹਿਆ ਗਿਆ ਸੀ ਉੱਥੋਂ ਵੀ ਐਫ. ਬੀ. ਆਈ. ਨੂੰ ਜੋ ਦਸਤਾਵੇਜ਼ ਮਿਲੇ ਸਨ ਉਨ੍ਹਾਂ ਤੋਂ ਇਹੀ ਸਾਬਤ ਹੁੰਦਾ ਸੀ ਕਿ ਅਲ ਕਾਇਦਾ ਬਾਇਲੋਜੀਕਲ ਅਤੇ ਕੈਮੀਕਲ ਹਥਿਆਰ ਬਣਾਉਣ ਦੇ ਨੇੜੇ ਪਹੁੰਚ ਚੁੱਕਾ ਹੈ। ਐਫ. ਬੀ. ਆਈ. ਸੋਚ ਰਹੀ ਸੀ ਕਿ ਕਿਧਰੇ ਇਹ ਨਾ ਹੋਵੇ ਕਿ ਕੋਈ ਨਾ ਕੋਈ ਖਤਰਨਾਕ ਹਥਿਆਰ ਬਣ ਚੁੱਕਿਆ ਹੋਵੇ ਤੇ ਅੱਤਵਾਦੀ ਉਸਨੂੰ ਅਮਰੀਕਾ ਖਿਲਾਫ ਵਰਤਣ ਲਈ ਤਿਆਰ ਹੋਣ। ਹੁਣ ਤੱਕ ਫੜ੍ਹੇ ਗਏ ਕਈ ਅਲਕਾਇਦਾ ਮੈਂਬਰਾਂ ਨੇ ਆਪਣੀ ਇੰਟੈਰੋਗੇਸ਼ਨ ਦੌਰਾਨ ਮੰਨਿਆਂ ਸੀ ਕਿ ਆਫੀਆ ਅਤੀ ਖਤਰਨਾਕ ਹੈ। ਉਹ ਅਮਰੀਕਾ 'ਤੇ ਅਗਲੇ ਕੈਮੀਕਲ ਹਥਿਆਰਾਂ ਨਾਲ ਕਰਨ ਵਾਲੇ ਹਮਲੇ ਲਈ ਸਿਰ ਤੋੜ ਕੰਮ ਕਰ ਰਹੀ ਹੈ। ਐਫ. ਬੀ. ਆਈ. ਇਸ ਗੱਲੋਂ ਵੀ ਡਰ ਗਈ ਕਿ ਕਿਧਰੇ ਉਹ ਕਿਸੇ ਬਦਲਵੇਂ ਨਾਂ ਥੱਲੇ ਪਾਸਪੋਰਟ ਲੈ ਕੇ ਅਮਰੀਕਾ ਨਾ ਆ ਵੜੇ ਤੇ ਕਿਸੇ ਨੂੰ ਪਤਾ ਹੀ ਨਾ ਲੱਗੇ। ਆਖਰ ਐਫ. ਬੀ. ਆਈ. ਨੇ ਉਸਦੀ ਫੋਟੋ ਅਤੇ ਹੋਰ ਜਾਣਕਾਰੀ ਆਪਣੇ ਇਸ਼ਤਿਹਾਰੀ ਮੁਜ਼ਰਮਾ ਵਾਲੀ ਲਿਸਟ 'ਤੇ ਪਾ ਦਿੱਤਾ। ਇਕੱਲਾ ਉਸਦਾ ਨਾਮ ਹੀ ਨਹੀਂ ਪਾਇਆ ਗਿਆ ਸੀ ਸਗੋਂ ਨਾਲ ਹੀ ਉਸਦੇ ਪਹਿਲੇ ਪਤੀ ਅਮਜਦ ਦਾ ਨਾਂ ਵੀ ਨਾਲ ਹੀ ਵੀ ਪਾਇਆ ਗਿਆ ਸੀ।
ਜਦੋਂ ਹੀ ਇਹ ਖਬਰ ਬਾਹਰ ਆਈ ਕਿ ਐਫ. ਬੀ. ਆਈ. ਨੇ ਆਫੀਆ ਨੂੰ ਆਪਣੇ ਇਸ਼ਤਿਹਾਰੀ ਮੁਜ਼ਰਮਾ ਵਾਲੀ ਸਿਲਟ ਉੱਪਰ ਪਾ ਦਿੱਤਾ ਤਾਂ ਹਰ ਪਾਸੇ ਤਹਿਲਕਾ ਮੱਚ ਗਿਆ। ਅਖਬਾਰਾਂ ਨੇ ਇਸ ਖ਼ਬਰ ਨੂੰ ਚੁੱਕ ਲਿਆ। ਅਮਰੀਕਣ ਮੀਡੀਆ ਨੇ ਖ਼ਬਰ ਦਿੱਤੀ ਕਿ ਆਫੀਆ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤੇ ਉਸਨੂੰ ਅਮਰੀਕਣ ਸਰਕਾਰ ਦੇ ਹਵਾਲੇ ਵੀ ਕੀਤਾ ਜਾ ਚੁੱਕਾ ਹੈ। ਅਮਰੀਕਣ ਉਸਨੂੰ ਅਫਗਾਨਿਸਤਾਨ ਦੀ ਕਿਸੇ ਗੁਪਤ ਜੇਲ੍ਹ ਵਿੱਚ ਲੈ ਗਏ ਹਨ। ਇਸੇ ਦੌਰਾਨ ਹੀ ਪਾਕਿਸਤਾਨੀ ਮੀਡੀਏ ਨੇ ਖ਼ਬਰ ਦਿੱਤੀ ਕਿ ਆਫੀਆ ਫੜ੍ਹੀ ਜ਼ਰੂਰ ਗਈ ਸੀ ਪਰ ਉਸਨੂੰ ਥਾਣੇ ਲਿਜਾ ਕੇ ਰਿਹਾ ਕਰ ਦਿੱਤਾ ਗਿਆ। ਇਸਦੇ ਅਗਲੇ ਦਿਨ ਪਾਕਿਸਤਾਨ ਦੇ ਮਸ਼ਹੂਰ ਅਖਬਾਰ ਡਾਨ ਨੇ ਖਬਰ ਦਿੱਤੀ ਕਿ ਆਫੀਆ ਨੂੰ ਉਸ ਵੇਲੇ ਕਰਾਚੀ ਏਅਰਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਫਲਾਈਟ ਲੈ ਕੇ ਕਿਧਰੇ ਜਾਣ ਦੀ ਤਾਕ 'ਚ ਸੀ। ਇੱਕ ਹੋਰ ਅਖਬਾਰ ਨੇ ਆਪਣੇ ਪੁਲੀਸ ਸੋਰਸ ਦਾ ਨਾਂ ਗੁਪਤ ਰੱਖਦਿਆਂ ਇਹ ਲਿਖਿਆ ਕਿ ਆਫੀਆ ਨੂੰ ਉਦੋਂ ਗ੍ਰਿਫਤਾਰ ਕੀਤਾ ਗਿਆ ਜਦੋਂ ਉਹ ਕਰਾਚੀ ਤੋਂ ਇਸਲਾਮਾਬਾਦ ਜਾ ਰਹੀ ਸੀ ਅਤੇ ਉਸਨੂੰ ਆਈ. ਐੱਸ. ਆਈ. ਦੇ ਹਵਾਲੇ ਕਰ ਦਿੱਤਾ ਗਿਆ। ਇੰਨਾ ਹੀ ਨਹੀਂ ਉਸ ਵੇਲੇ ਉਸਦੇ ਨਾਲ ਉਸਦੇ ਬੱਚੇ ਵੀ ਸਨ। ਅਗਲੇ ਹੀ ਦਿਨ ਫਿਰ ਖ਼ਬਰ ਆ ਗਈ ਕਿ ਆਫੀਆ ਨੂੰ ਪਾਕਿਸਤਾਨ ਸਰਕਾਰ ਨੇ ਫੜ੍ਹਿਆ ਹੈ ਤੇ ਇਸ ਵੇਲੇ ਉਹ ਉਨ੍ਹਾਂ ਦੀ ਕੈਦ 'ਚ ਹੈ। ਪਰ ਅਗਲੇ ਦਿਨ ਪਾਕਿਸਤਾਨ ਨੇ ਮੀਡੀਆ ਕਾਨਫਰੰਸ ਕਰਕੇ ਇਸ ਖ਼ਬਰ ਨੂੰ ਨਿਕਾਰ ਦਿੱਤਾ। ਜਦੋਂ ਫਿਰ ਤੋਂ ਡਾਨ ਅਖ਼ਬਾਰ ਨੇ ਜ਼ੋਰ ਸ਼ੋਰ ਨਾਲ ਲਿਖਿਆ ਕਿ ਆਫੀਆ ਇਸ ਵੇਲੇ ਅਮਰੀਕਣ ਸਰਕਾਰ ਕੋਲ ਹੈ ਤੇ ਉਸਨੂੰ ਅਫਗਾਨਿਸਤਾਨ ਵਿੱਚ ਕਿਧਰੇ ਗੁਪਤ ਜੇਲ੍ਹ 'ਚ ਰੱਖਿਆ ਹੋਇਆ ਹੈ ਤਾਂ ਅਮਰੀਕਾ ਸਰਕਾਰ ਨੇ ਇਸ ਖ਼ਬਰ ਦਾ ਖੰਡਨ ਕਰਦਿਆਂ ਕਿਹਾ ਕਿ ਆਫੀਆ ਉਨ੍ਹਾਂ ਕੋਲ ਨਹੀਂ ਹੈ। ਇਸ ਵਿਚਕਾਰ ਇਹ ਵੀ ਖ਼ਬਰ ਆਈ ਕਿ ਆਫੀਆ ਕਿਉਂਕਿ ਅਲਕਾਇਦਾ ਬਾਰੇ ਸਭ ਕੁਝ ਜਾਣਦੀ ਹੈ ਤੇ ਹੋ ਸਕਦਾ ਹੈ ਕਿ ਉਸਦਾ ਹਸ਼ਰ ਵੀ ਆਸਿਫ ਭੂਜਾ ਵਾਲਾ ਹੀ ਹੋਇਆ ਹੋਵੇ। ( ਆਸਿਫ ਭੂਜਾ ਦਾ ਨਾਂ, ਪੱਤਰਕਾਰ ਡੇਨੀਅਲ ਪਰਲ ਦੇ ਕਤਲ 'ਚ ਆ ਗਿਆ ਸੀ। ਅਗਲੇ ਦਿਨ ਜਦੋਂ ਪੁਲੀਸ ਉਸਦੇ ਘਰ ਉਸ ਨਾਲ ਗੱਲਬਾਤ ਲਈ ਪਹੁੰਚੀ ਤਾਂ ਉਹ ਅਗਾਂਹ ਮਰਿਆ ਹੋਇਆ ਮਿਲਿਆ। ਸਭ ਨੂੰ ਸ਼ੱਕ ਸੀ ਕਿ ਇਸਨੂੰ ਅਲਕਾਇਦਾ ਨੇ ਆਪ ਹੀ ਮਾਰ ਦਿੱਤਾ ਹੈ ਤਾਂ ਕਿ ਕਿਧਰੇ ਕੋਈ ਭੇਤ ਬਾਹਰ ਨਾ ਨਿਕਲ ਜਾਵੇ। ) ਖੈਰ ਖ਼ਬਰਾਂ ਦਾ ਬਾਜ਼ਾਰ ਹਰ ਪਾਸੇ ਗਰਮ ਸੀ। ਪਰ ਲੋਕ ਭੰਬਲਭੂਸੇ 'ਚ ਸਨ। ਕਿਉਂਕਿ ਕੋਈ ਵੀ ਖ਼ਬਰ ਅਜਿਹੀ ਨਹੀਂ ਸੀ ਜਿਸ 'ਤੇ ਭਰੋਸਾ ਕੀਤਾ ਜਾ ਸਕੇ। ਆਖਰ ਬਣਦੀ ਬਣਦੀ ਆਫੀਆ ਦੀ ਖ਼ਬਰ ਵਾਕਿਆ ਹੀ ਇੱਕ ਭੰਬਲਭੂਸਾ ਬਣ ਗਈ। ਆਫੀਆ ਇੱਕ ਰਹੱਸ ਬਣ ਕੇ ਰਹਿ ਗਈ। ਕਿਸੇ ਨੂੰ ਪੱਕਾ ਪਤਾ ਨਹੀਂ ਸੀ ਸਭ ਦੇ ਅੰਦਾਜ਼ੇ ਸਨ। ਫਿਰ ਹੌਲੀ ਹੌਲੀ ਆਫੀਆ ਦਾ ਨਾਂ ਖ਼ਬਰਾਂ ਚੋਂ ਅਲੋਪ ਹੋਣ ਲੱਗਿਆ। 2003 ਦੀਆਂ ਗਰਮੀਆਂ ਖਤਮ ਹੋਣ ਆਫੀਆ ਦਾ ਨਾਂ ਖ਼ਬਰਾਂ 'ਚੋਂ ਗਾਇਬ ਹੋ ਚੁੱਕਿਆ ਸੀ।
Chahals57@yahoo.com
Ph. 0017033623239

No comments:

Post a Comment