Wednesday 14 November 2012

ਸਤਾਰਾਂ :---



ਪੋਸਟਿੰਗ : ਅਨੁ. ਮਹਿੰਦਰ ਬੇਦੀ ਜੈਤੋ


ਆਫੀਆ ਸਦੀਕੀ ਦਾ ਜਿਹਾਦ…:: ਲੇਖਕ : ਹਰਮਹਿੰਦਰ ਚਹਿਲ :---

ਭਾਵੇਂ ਅਮਰੀਕਾ ਨੇ ਆਫੀਆ ਦੀ ਗ੍ਰਿਫਤਾਰੀ ਬਾਰੇ ਕੁਝ ਨਹੀਂ ਦੱਸਿਆ ਸੀ, ਪਰ ਫਿਰ ਵੀ ਇਹ ਗੱਲ ਪਾਕਿਸਤਾਨ ਵਿੱਚ ਪਹੁੰਚ ਗਈ। ਇੰਨਾ ਹੀ ਨਹੀਂ ਇਹ ਵੀ ਕਿ ਅਮਰੀਕਣਾਂ ਨੇ ਉਸਦੇ ਗੋਲੀ ਮਾਰੀ ਹੈ ਜਿਸ ਨਾਲ ਉਹ ਸਖਤ ਜ਼ਖ਼ਮੀ ਹੋ ਗਈ। ਲੋਕਾਂ ਦਾ ਸੋਚਣਾ ਸੀ ਕਿ ਉਸਨੂੰ ਜਾਨੋ ਮਾਰਨ ਲਈ ਹੀ ਉਸਦੇ ਗੋਲੀ ਮਾਰੀ ਗਈ ਹੋਊ, ਪਰ ਉਹ ਸਬੱਬੀਂ ਬਚ ਰਹੀ। ਪਰ ਇਸ ਗੱਲ ਬਾਰੇ ਅਮਰੀਕਣ ਫੌਜ ਦੇ ਅਫਸਰਾਂ ਦਾ ਕੁਝ ਹੋਰ ਕਹਿਣਾ ਸੀ। ਉਨ੍ਹਾਂ ਮੁਤਾਬਕ ਜਦੋਂ ਉਨ੍ਹਾਂ ਨੂੰ ਪਤਾ ਲੱਗਿਆ ਕਿ ਕੋਈ ਅੱਤਵਾਦੀ ਔਰਤ ਫੜੀ ਗਈ ਹੈ ਤਾਂ ਉਹ ਉਸ ਨਾਲ ਇੰਟਰਵਿਊ ਕਰਨ ਲਈ ਉਸ ਕਮਰੇ 'ਚ ਪਹੁੰਚੇ ਜਿੱਥੇ ਉਹ ਰੱਖੀ ਹੋਈ ਸੀ। ਅੰਦਰ ਸਾਹਮਣੇ ਕੁਝ ਅਫਗਾਨੀ ਪੁਲੀਸ ਵਾਲੇ ਬੈਠੇ ਸਨ। ਸਾਰਿਆਂ ਤੋਂ ਪਿੱਛੇ ਆਫੀਆ ਪਰਦੇ ਦੇ ਪਿੱਛੇ ਬੈਠੀ ਸੀ। ਉਹ ਬਹਿ ਕੇ ਅਫਗਾਨ ਪੁਲੀਸ ਵਾਲਿਆਂ ਨਾਲ ਗੱਲਬਾਤ ਕਰਨ ਲੱਗੇ ਹੀ ਸਨ ਕਿ ਆਫੀਆ ਨੇ ਪਰਦੇ ਪਿੱਛਿਉਂ ਅੱਗੇ ਆਉਂਦਿਆਂ ਇੱਕ ਅਮਰੀਕਣ ਅਫਸਰ ਦੀ ਐਮ 4 ਗੰਨ ਚੁੱਕ ਲਈ ਤੇ ਉਹ ਉਨ੍ਹਾਂ 'ਤੇ ਗੋਲੀਉਂ ਚਲਾਉਣ ਲੱਗੀ। ਆਪਣੇ ਬਚਾਅ ਲਈ, ਕੋਲੋਂ ਅਮਰੀਕਣ ਅਫਸਰ ਨੇ ਗੋਲੀ ਚਲਾਈ ਜੋ ਆਫੀਆ ਦੇ ਪੇਟ 'ਚ ਲੱਗੀ। ਫਿਰ ਉਹ ਉਸਨੂੰ ਜ਼ਖ਼ਮੀ ਹੋਈ ਨੂੰ ਸਟਰੈਚਰ 'ਤੇ ਪਾ ਕੇ ਆਪਣੇ ਬੇਸ ਲੈ ਗਏ। ਇਸ ਘਟਨਾ ਬਾਰੇ ਆਫੀਆ ਨੇ ਅੱਗੇ ਚੱਲ ਕੇ ਕੋਰਟ ਨੂੰ ਕੁਝ ਹੋਰ ਦੱਸਿਆ। ਖੈਰ ਆਫੀਆ ਦੇ ਗੋਲੀ ਲੱਗਣ ਦੀ ਗੱਲ ਸੁਣ ਕੇ ਪਾਕਿਸਤਾਨ ਦੇ ਲੋਕ ਭੜਕ ਉੱਠੇ। ਹਿਊਮਨ ਰਾਈਟਸ ਵਾਲੇ ਅਤੇ ਹੋਰ ਕਈ ਗਰੁੱਪ ਅੱਗੇ ਆ ਗਏ ਸਨ। ਪਾਕਿਸਤਾਨ ਵਿੱਚ ਮਾਹੌਲ ਬਹੁਤ ਗਰਮਾ ਗਿਆ। ਆਫੀਆ ਸਦੀਕੀ ਦਾ ਨਾਂ ਬੱਚੇ ਬੱਚੇ ਦੀ ਜ਼ੁਬਾਨ 'ਤੇ ਚੜ੍ਹ ਗਿਆ। ਜਲਸੇ ਜਲੂਸਾਂ ਦਾ ਹਰ ਪਾਸੇ ਹੜ੍ਹ ਆ ਗਿਆ। ਮੁਜ਼ਾਹਰੇ ਹੁੰਦੇ ਤਾਂ ਲੋਕਾਂ ਦੇ ਹੱਥਾਂ 'ਚ ਸਲੋਗਨ ਚੁੱਕੇ ਹੁੰਦੇ। ਕਿਸੇ 'ਤੇ ਲਿਖਿਆ ਹੁੰਦਾ 'ਡਾਕਟਰ ਸਦੀਕੀ ਨੂੰ ਰਿਹਾ ਕਰੋ'। ਕਿਸੇ 'ਤੇ ਲਿਖਿਆ ਹੁੰਦਾ 'ਕੌਮ ਦੀ ਧੀ ਆਫੀਆ ਸਦੀਕੀ'। ਦਿਨਾਂ ਵਿੱਚ ਹੀ ਆਫੀਆ ਦਾ ਨਾਂ, ਕੌਮ ਦਾ ਮਾਣ ਬਣ ਗਿਆ। ਇੱਧਰ ਜਲਸੇ ਜਲੂਸ ਜ਼ੋਰਾਂ 'ਤੇ ਸਨ ਤੇ ਉੱਧਰ ਅਮਰੀਕਾ ਵਾਲੇ ਆਫੀਆ ਨੂੰ ਨਿਊਯਾਰਕ ਲਿਜਾ ਚੁੱਕੇ ਸਨ। ਅਮਰੀਕਾ ਦੇ ਜਸਟਿਸ ਡਿਪਾਰਟਮੈਂਟ ਦੁਆਰਾ ਪਰੈੱਸ ਕਾਨਫਰੰਸ ਬੁਲਾ ਕੇ ਇਹ ਦੱਸ ਦਿੱਤਾ ਗਿਆ ਕਿ ਐਫ. ਬੀ. ਆਈ. ਦੁਆਰਾ ਐਲਾਣੀ ਗਈ ਸਭ ਤੋਂ ਵੱਧ ਖਤਰਨਾਕ ਔਰਤ, ਆਫੀਆ ਸਦੀਕੀ ਫੜ੍ਹੀ ਜਾ ਚੁੱਕੀ ਹੈ।
ਆਫੀਆ ਨੂੰ ਨਿਊਯਾਰਕ ਦੇ ਉਸੇ ਮੈਟਰੋਪਾਲੇਟਿਨ ਡਿਟੈਨਸ਼ਨ ਸੈਂਟਰ ਵਿੱਚ ਬੰਦ ਕੀਤਾ ਗਿਆ ਜਿੱਥੇ ਕਦੇ 1993 ਦੇ ਵਰਲਡ ਟਰੇਡ ਸੈਂਟਰ ਦੇ ਨਾਰਥ ਟਾਵਰ ਦੀ ਪਾਰਕਿੰਗ ਵਿੱਚ ਧਮਾਕਾ ਕਰਨ ਵਾਲੇ ਰਮਜੀ ਯੂਸਫ ਨੂੰ ਰੱਖਿਆ ਗਿਆ ਸੀ। ਉਸਦੇ ਹੋਰ ਬਹੁਤ ਸਾਰੇ ਸਾਥੀ ਜੋ ਇਸ ਵੇਲੇ ਜੇਲ੍ਹਾਂ 'ਚ ਆਪਣੀ ਸਜ਼ਾ ਭੁਗਤ ਰਹੇ ਸਨ ਇਸੇ ਸੈਂਟਰ ਵਿੱਚੋਂ ਦੀ ਲੰਘ ਕੇ ਗਏ ਸਨ। ਪੰਜ ਅਗਸਤ 2008 ਨੂੰ, ਸਵੇਰੇ ਦਸ ਵਜੇ ਆਫੀਆ ਨੂੰ ਪਹਿਲੀ ਵਾਰ ਕੋਰਟ 'ਚ ਪੇਸ਼ ਕੀਤਾ ਗਿਆ। ਕੋਰਟ ਕੰਪਲੈਕਸ ਖਚਾ ਖਚ ਭਰਿਆ ਹੋਇਆ ਸੀ। ਪਰੈੱਸ ਸਮੇਤ ਬਹੁਤੇ ਲੋਕ ਇਹ ਵੇਖਣ ਲਈ ਉਤਾਵਲੇ ਸਨ ਕਿ ਅੱਤਵਾਦ ਦੀ ਦੁਨੀਆਂ ਦੀ ਸਭ ਤੋਂ ਖਤਰਨਾਕ ਔਰਤ ਵੇਖਣ ਨੂੰ ਲੱਗਦੀ ਕਿਹੋ ਜਿਹੀ ਹੈ। ਥੋੜੀ ਦੇਰ ਪਿੱਛੋਂ ਪੁਲੀਸ ਵਾਲਿਆਂ ਨੇ ਇੱਕ ਪੈਂਤੀ ਛੱਤੀ ਵਰਿਆਂ ਦੀ ਛੋਟੀ ਜਿਹੀ ਤੇ ਭੋਲੀ ਭਾਲੀ ਦਿਸਦੀ ਕੁੜੀ ਨੂੰ ਲਿਆ ਕੇ ਕੋਰਟ 'ਚ ਖੜ੍ਹਾ ਕੀਤਾ ਤਾਂ ਸਭ ਹੈਰਾਨ ਰਹਿ ਗਏ। ਕਈਆਂ ਨੂੰ ਤਾਂ ਲੱਗਿਆ ਕਿ ਇਹ ਕੁੜੀ ਅੱਤਵਾਦੀ ਹੋ ਹੀ ਨਹੀਂ ਸਕਦੀ। ਉਸਨੇ ਹਲਕੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ। ਸਿਰ 'ਤੇ ਨਾਭੀ ਰੰਗ ਦਾ ਸਕਾਰਫ ਲਪੇਟਿਆ ਹੋਇਆ ਸੀ। ਵੇਖਣ ਨੂੰ ਉਹ ਬਹੁਤ ਹੀ ਕਮਜ਼ੋਰ ਲੱਗਦੀ ਸੀ। ਸ਼ਾਇਦ ਉਹ ਅਜੇ ਤੱਕ ਗੋਲੀ ਲੱਗੇ ਜ਼ਖ਼ਮ ਕਾਰਨ ਪੂਰੀ ਤਰ੍ਹਾਂ ਠੀਕ ਨਹੀਂ ਹੋਈ ਸੀ। ਜੱਜ ਨੇ ਉਸਨੂੰ ਪੁੱਛਿਆ ਕਿ ਤੂੰ ਆਪਣਾਂ ਦੋਸ਼ ਸਵੀਕਾਰ ਕਰਦੀ ਹੈਂ ਤਾਂ ਉਸਨੇ ਨਾਂਹ ਵਿੱਚ ਸਿਰ ਮਾਰਿਆ। ਪਰੈੱਸ ਦੇ ਲੋਕਾਂ ਨਾਲ ਖਚਾ ਖਚ ਭਰੀ ਕੋਰਟ ਵਿੱਚ ਚੁੱਪ ਛਾਈ ਹੋਈ ਸੀ। ਸਭ ਨੂੰ ਲੱਗ ਰਿਹਾ ਸੀ ਕਿ ਇਹ ਕੇਸ ਅੱਤਵਾਦ ਖਿਲਾਫ ਚੱਲ ਰਹੀ ਗੁਪਤ ਲੜਾਈ ਦਾ ਸਭ ਤੋਂ ਔਖਾ ਕੇਸ ਹੋਵੇਗਾ। ਆਮ ਲੋਕਾਂ ਦੇ ਤਾਂ ਇਹ ਗੱਲ ਵੀ ਮੰਨਣ 'ਚ ਨਹੀਂ ਆ ਰਹੀ ਸੀ ਕਿ ਆਫੀਆ ਨੂੰ ਵਾਕਿਆ ਹੀ ਗਜ਼ਨੀ ਸ਼ਹਿਰ ਵਿੱਚ ਫੜ੍ਹਿਆ ਗਿਆ ਹੋਵੇਗਾ। ਉਹ ਸੋਚ ਰਹੇ ਸਨ ਕਿ ਪਿਛਲੇ ਪੰਜ ਸਾਲਾਂ ਤੋਂ ਗੁਪਤ ਜੇਲ੍ਹ 'ਚ ਰੱਖੀ ਆਫੀਆ ਨੂੰ ਸਿਰਫ ਡਰਾਮਾ ਰਚਣ ਲਈ ਗਜ਼ਨੀ ਦੇ ਬਾਜ਼ਾਰ ਵਿੱਚ ਲਿਆ ਕੇ ਛੱਡ ਦਿੱਤਾ ਗਿਆ ਹੋਵੇਗਾ ਤੇ ਨਾਲ ਦੀ ਨਾਲ ਫੜ੍ਹ ਲਿਆ ਗਿਆ ਹੋਵੇਗਾ। ਯੂ. ਐੱਸ. ਏ. ਦੀ ਸਿਵਲ ਰਾਈਟਸ ਯੂਨੀਅਨ ਨੂੰ ਲੱਗਿਆ ਕਿ ਅਜਿਹਾ ਕੇਸ ਆ ਚੁੱਕਿਆ ਹੈ ਉਹ ਜਿਸਨੂੰ ਉਹ ਚਿਰਾਂ ਤੋਂ ਉਡੀਕ ਰਹੇ ਸਨ। ਕਿਉਂਕਿ ਉਹ ਕਈ ਸਾਲਾਂ 'ਤੋਂ ਗੌਰਮਿੰਟ 'ਤੇ ਦੋਸ਼ ਲਾਉਂਦੇ ਆ ਰਹੇ ਸਨ ਕਿ ਉਹ ਅੱਤਵਾਦ ਖਿਲਾਫ ਲੜਾਈ ਦਾ ਬਹਾਨਾ ਵਰਤ ਕੇ ਬਹੁਤ ਸਾਰੇ ਲੋਕਾਂ ਨੂੰ ਲੰਬੇ ਚਿਰ ਤੋਂ ਗੁਪਤ ਜੇਲ੍ਹਾਂ ਵਿੱਚ ਬੰਦ ਕਰੀ ਬੈਠੀ ਹੈ ਤੇ ਉਨ੍ਹਾਂ 'ਤੇ ਅਣਮਨੁੱਖੀ ਤਸ਼ੱਦਤ ਕੀਤਾ ਜਾ ਰਿਹਾ ਹੈ। ਹੁਣ ਉਨ੍ਹਾਂ ਦੀ ਸੋਚਣੀ ਸੀ ਕਿ ਇਸ ਕੇਸ ਰਾਹੀਂ ਉਹ ਇਸ ਸਚਾਈ ਨੂੰ ਸਾਹਮਣੇ ਲੈ ਆਉਣਗੇ। ਆਫੀਆ ਨੂੰ ਸਿਵਲ ਰਾਈਟਸ ਯੂਨੀਅਨ ਵੱਲੋਂ ਉੱਚ ਕੋਟੀ ਦੀ ਵਕੀਲ ਦਿੱਤੀ ਗਈ। ਫਿੰਕ ਨਾਂ ਦੀ ਇਸ ਵਕੀਲ ਨੇ ਸਭ ਤੋਂ ਪਹਿਲਾਂ ਜੱਜ ਨੂੰ ਇਹੀ ਕਿਹਾ ਕਿ ਇਹ ਇੱਕ ਬੇਤੁਕਾ ਕੇਸ ਹੈ ਅਤੇ ਇਸਨੂੰ ਖਾਰਜ ਕਰ ਦਿੱਤਾ ਜਾਵੇ। ਪਰ ਜੱਜ ਨੇ ਉਸਦੀ ਗੱਲ ਅਣਗੌਲੀ ਕਰਦਿਆਂ ਥੋੜੇ ਸਮੇਂ ਪਿੱਛੋਂ ਹੀ ਕੋਰਟ ਬਰਖਾਸਤ ਕਰ ਦਿੱਤੀ। ਮਾਰਸ਼ਲ ਆਫੀਆ ਨੂੰ ਵਾਪਸ ਜੇਲ੍ਹ ਵੱਲ ਲੈ ਗਏ। ਅਗਲੇ ਦਿਨ ਆਫੀਆ ਦੇ ਪਰਿਵਾਰ ਦੀ ਵਕੀਲ ਸ਼ਾਰਪ ਵੀ ਉੱਥੇ ਪਹੁੰਚ ਗਈ। ਫਿੰਕ ਅਤੇ ਸ਼ਾਰਪ ਨੇ ਤਕਰੀਬਨ ਤਿੰਨ ਘੰਟੇ ਜੇਲ੍ਹ 'ਚ ਆਫੀਆ ਨਾਲ ਲੰਬੀ ਇੰਟਰਵਿਊ ਕੀਤੀ। ਬਾਹਰ ਆ ਕੇ ਸ਼ਾਰਪ ਨੇ ਐਲਾਣ ਕੀਤਾ ਕਿ ਆਫੀਆ ਮੁਤਾਬਕ ਉਸਨੂੰ ਪਿਛਲੇ ਕਿੰਨੇ ਹੀ ਸਾਲਾਂ ਤੋਂ ਅਫਗਾਨਿਸਤਾਨ ਦੇ ਬੈਗਰਾਮ ਏਅਰਫੋਰਸ ਬੇਸ ਦੇ ਕਿਸੇ ਗੁਪਤ ਸੈੱਲ 'ਚ ਕੈਦ ਰੱਖਿਆ ਗਿਆ ਸੀ। ਇਸਦੇ ਉਲਟ ਗੌਰਮਿੰਟ ਇਹ ਨਹੀਂ ਸੀ ਮੰਨਦੀ ਕਿ ਉਹ ਪਹਿਲਾਂ ਤੋਂ ਐਫ. ਬੀ. ਆਈ. ਜਾਂ ਸੀ. ਆਈ. ਏ. ਦੀ ਹਿਰਾਸਤ ਵਿੱਚ ਸੀ। ਪਰ ਉਹ ਇਹ ਕਹਿ ਰਹੇ ਸਨ ਕਿ ਇਹ ਬਹੁਤ ਹੀ ਖਤਰਨਾਕ ਅੱਤਵਾਦੀ ਹੈ। ਸਭ ਤੋਂ ਵੱਡਾ ਸਬੂਤ ਉਸ ਕੋਲ ਫੜ੍ਹੇ ਗਏ ਉਹ ਕਾਗਜ਼ ਪੱਤਰ ਸਨ ਜੋ ਉਸਦੀ ਗ੍ਰਿਫਤਾਰੀ ਵੇਲੇ ਥਾਣੇਦਾਰ ਗਨੀ ਖਾਂ ਨੇ ਫੜੇ ਸਨ। ਆਫੀਆ ਦੀ ਵਕੀਲ ਦਾ ਕਹਿਣਾ ਸੀ ਕਿ ਇਹ ਸਾਰੇ ਪੇਪਰ ਝੂਠੇ ਹਨ ਅਤੇ ਗੌਰਮਿੰਟ ਵੱਲੋਂ ਪਲਾਂਟ ਕੀਤੇ ਗਏ ਹਨ। ਪਰ ਸਰਕਾਰੀ ਵਕੀਲ ਦਾ ਕਹਿਣਾ ਸੀ ਕਿ ਸੈਂਕੜੇ ਪੇਪਰ ਉਹ ਵੀ ਆਫੀਆ ਦੀ ਆਪਣੀ ਹੱਥ ਲਿਖਤ ਕਿਵੇ ਪਲਾਂਟ ਕੀਤੀ ਜਾ ਸਕਦੀ ਹੈ। ਪਲਾਂਟ ਵਾਲੀ ਗੱਲ ਜਿਊਰੀ ਦੇ ਵੀ ਗਲੇ ਨਹੀਂ ਉਤਰਨੀ ਸੀ। ਪਰ ਪਿੱਛੇ ਪਾਕਿਸਤਾਨ ਵਿੱਚ ਇਹੀ ਗੱਲ ਉਸਦੇ ਮਾਮੇ ਫਾਰੂਕੀ ਨੇ ਸੁਣੀ ਤਾਂ ਉਸਨੂੰ ਕੋਈ ਸ਼ੱਕ ਨਾ ਰਿਹਾ। ਉਸਨੂੰ ਯਾਦ ਆਇਆ ਕਿ ਛੇ ਮਹੀਨੇ ਪਹਿਲਾਂ ਜਦੋਂ ਆਫੀਆ ਉਸਦੇ ਘਰ ਆਈ ਸੀ ਤਾਂ ਇਹੀ ਕਾਲਾ ਬੈੱਗ ਉਸਦੇ ਕੋਲ ਸੀ ਜਿਸਨੂੰ ਉਹ ਹੱਥ ਨਹੀਂ ਲਾਉਣ ਦੇ ਰਹੀ ਸੀ ਅਤੇ ਬੜਾ ਸੰਭਾਲ ਸੰਭਾਲ ਕੇ ਰੱਖ ਰਹੀ ਸੀ। ਅਮਜਦ ਅਤੇ ਉਸਦੇ ਘਰਦਿਆਂ ਨੇ ਉਸਦੀ ਗ੍ਰਿਫਤਾਰ ਹੋਣ ਦੀ ਗੱਲ ਸੁਣੀ ਤਾਂ ਉਨ੍ਹਾਂ ਨੂੰ ਸਭ ਤੋਂ ਪਹਿਲਾਂ ਇਹ ਜਾਨਣ ਦੀ ਕਾਹਲੀ ਹੋਈ ਕਿ ਉਸ ਕੋਲ ਬੱਚੇ ਸਨ ਕਿ ਨਹੀਂ। ਪਰ ਬੱਚੇ ਉਸ ਕੋਲ ਨਹੀਂ ਸਨ। ਪਰ ਜਦੋਂ ਅਮਜਦ ਨੇ ਉਹ ਵੀਡੀਉ ਵੇਖੀ ਜੋ ਆਫੀਆ ਦੀ ਗ੍ਰਿਫਤਾਰੀ ਤੋਂ ਅਗਲੇ ਦਿਨ ਪੁਲੀਸ ਵੱਲੋਂ ਬਣਾਈ ਗਈ ਸੀ ਤਾਂ ਉਸਨੇ ਆਫੀਆ ਨਾਲ ਫੜ੍ਹੇ ਗਏ ਮੁੰਡੇ ਨੂੰ ਪਛਾਣ ਲਿਆ। ਇਹ ਉਸਦਾ ਆਪਣਾਂ ਪੁੱਤਰ ਅਹਿਮਦ ਸੀ। ਪਰ ਆਫੀਆ ਆਪਦੇ ਪੁੱਤ ਦੀ ਸ਼ਨਾਖਤ ਲੁਕਾ ਕੇ ਰੱਖਣੀ ਚਾਹੁੰਦੀ ਸੀ। ਉਸਨੇ ਆਪਣੀ ਇੰਟੈਰੋਗੇਸ਼ਨ ਕਰਨ ਵਾਲਿਆਂ ਨੂੰ ਇਹੀ ਕਿਹਾ ਕਿ ਉਹ ਮੁੰਡਾ ਕੋਈ ਯਤੀਮ ਸੀ ਇਸੇ ਲਈ ਉਸਨੇ ਉਸਨੂੰ ਆਪਣੇ ਕੋਲ ਰੱਖਿਆ ਹੋਇਆ ਸੀ ਕਿਉਂਕਿ ਉਸਦਾ ਆਪਣਾਂ ਕੋਈ ਨਹੀਂ ਸੀ। ਦੂਸਰਾ ਨਾਲ ਰੱਖਣ ਦਾ ਇੱਕ ਕਾਰਨ ਉਸਨੇ ਇਹ ਵੀ ਦੱਸਿਆ ਕਿ ਔਰਤ ਹੋਣ ਕਾਰਨ ਉਹ ਇਕੱਲੀ ਸਫਰ ਨਹੀਂ ਕਰ ਸਕਦੀ ਇਸੇ ਲਈ ਉਸ ਮੁੰਡੇ ਨੂੰ ਨਾਲ ਰੱਖਦੀ ਸੀ। ਪਰ ਜਦੋਂ ਐਫ ਬੀ ਆਈ ਨੇ ਉਸ ਮੁੰਡੇ ਦਾ ਡੀ ਐੱਨ ਏ ਕਰਵਾਇਆ ਤਾਂ ਇਹ ਗੱਲ ਸਾਫ ਹੋ ਗਈ ਕਿ ਉਹ ਮੁੰਡਾ ਆਫੀਆ ਦਾ ਆਪਣਾ ਮੁੰਡਾ ਹੈ। ਇਸ ਗੱਲ ਦਾ ਖੁਲਾਸਾ ਹੋਣ ਪਿੱਛੋਂ ਆਫੀਆ ਬਹੁਤ ਉਦਾਸ ਹੋ ਗਈ ਅਤੇ ਉਸਨੇ ਬੋਲਣਾ ਬੰਦ ਕਰ ਦਿੱਤਾ। ਉਸਨੂੰ ਆਪਣੇ ਮੁੰਡੇ ਦੀ ਜ਼ਿੰਦਗੀ ਬਾਰੇ ਫਿਕਰ ਹੋਇਆ। ਉਹ ਸੋਚਣ ਲੱਗੀ ਕਿ ਐਫ ਬੀ ਆਈ ਉਸਦੇ ਮੁੰਡੇ ਨੂੰ ਮਾਰ ਸਕਦੀ ਹੈ ਜਾਂ ਫਿਰ ਉਸਦੇ ਖਿਲਾਫ ਵੀ ਵਰਤ ਸਕਦੀ ਹੈ। ਕਿਉਂਕਿ ਅਮਰੀਕਣ ਕਾਨੂੰਨ ਮੁਤਾਬਕ ਬਾਰਾਂ ਸਾਲਾਂ ਦਾ ਬੱਚਾ ਆਪਣੇ ਮਾਂ ਪਿਉ ਦੇ ਹੱਕ 'ਚ ਜਾਂ ਉਲਟ ਗਵਾਹੀ ਦੇਣ ਦੇ ਕਾਬਲ ਸਮਝਿਆ ਜਾਂਦਾ ਹੈ। ਆਫੀਆ ਬਿਲਕੁਲ ਹੀ ਚੁੱਪ ਹੋ ਗਈ। ਉਸਨੇ ਆਪਣੇ ਵਕੀਲਾਂ ਨਾਲ ਵੀ ਬੋਲਣਾ ਛੱਡ ਦਿੱਤਾ। ਈਮੇਲ ਬਗੈਰਾ ਭੇਜਣੀਆਂ ਬੰਦ ਕਰ ਦਿੱਤੀਆਂ। ਪੁੱਤਰ ਦੇ ਦੁੱਖ 'ਚ ਉਹ ਸਾਰਾ ਦਿਨ ਇਕੱਲੀ ਬੈਠੀ ਰੋਂਦੀ ਰਹਿੰਦੀ ਸੀ। ਸਹੀ ਢੰਗ ਨਾਲ ਖਾਣਾ ਛੱਡ ਗਈ ਸੀ। ਉੱਧਰ ਪਾਕਿਸਤਾਨ ਵਿੱਚ ਜਨਤਾ ਬੜੀ ਹਮਦਰਦੀ ਨਾਲ ਆਫੀਆ ਦੀ ਕਹਾਣੀ ਸੁਣਦੀ ਜਾ ਰਹੀ ਸੀ। ਸਾਰਿਆਂ ਨੂੰ ਉਸ ਨਾਲ ਹੱਦੋਂ ਵੱਧ ਹਮਦਰਦੀ ਸੀ। ਪਾਕਿਸਤਾਨ ਦੇ ਟੀਵੀ ਚੈਨਲ, ਜਿਉ ਟੀਵੀ ਨੇ ਖਾਸ ਪ੍ਰੋਗਰਾਮ ਸ਼ੁਰੂ ਕੀਤਾ ਹੋਇਆ ਸੀ ਜਿਸਦਾ ਨਾਂ ਸੀ 'ਏ ਹਿਊਮਨ ਰਾਈਟਸ ਟਰੈਜ਼ਿਡੀ, ਆਫੀਆ ਸਦੀਕੀ'। ਪਾਕਿਸਤਾਨ ਦੀ ਗੌਰਮਿੰਟ 'ਚ ਉਸ ਵੇਲੇ ਹਾਲਾਤ ਠੀਕ ਨਹੀਂ ਸਨ। ਮੁਸ਼ਰਫ ਨੇ ਅਸਤੀਫਾ ਦੇ ਦਿੱਤਾ ਸੀ ਅਤੇ ਨਵੀਂ ਚੋਣ ਹੋ ਜਾ ਰਹੀ ਸੀ। ਲੋਕਾਂ ਦੀ ਨਬਜ਼ ਪਛਾਣਦਿਆਂ ਉੱਥੇ ਦੀ ਨੈਸ਼ਨਲ ਅਸੈਂਬਲੀ ਨੇ ਆਫੀਆ ਸਦੀਕੀ ਦੇ ਹੱਕ ਵਿੱਚ ਮਤਾ ਪਾਸ ਕਰਦਿਆਂ, ਆਫੀਆ ਦੀ ਮੱਦਦ ਲਈ ਇੱਕ ਡੈਲੀਗੇਸ਼ਨ ਅਮਰੀਕਾ ਭੇਜਣ ਦਾ ਫੈਸਲਾ ਕਰ ਦਿੱਤਾ। ਉੱਧਰ ਅਮਰੀਕਾ ਨੇ ਇਸ ਵੇਲੇ ਡਰੋਨ ਹਮਲੇ ਵਧਾ ਦਿੱਤੇ ਸਨ ਤੇ ਇਨ੍ਹਾਂ ਵਿੱਚ ਚੋਟੀ ਦੇ ਅਲ ਕਾਇਦਾ ਮੈਂਬਰ ਮਾਰੇ ਜਾ ਰਹੇ ਸਨ। ਸਮਝਣ ਵਾਲੇ ਸਮਝਦੇ ਸਨ ਕਿ ਇਹ ਇਸ ਕਰਕੇ ਹੋ ਰਿਹਾ ਹੈ ਕਿਉਂਕਿ ਆਫੀਆ ਕੋਲੋਂ ਫੜ੍ਹੀ ਗਈ ਥੰਬ ਡਰਾਈਵ ਵਿੱਚੋਂ ਬਹੁਤ ਸਾਰੇ ਅਲ ਕਾਇਦਾ ਮੈਂਬਰਾਂ ਦੇ ਠਿਕਾਣਿਆਂ ਦਾ ਪਤਾ ਲੱਗਿਆ ਹੋਵੇਗਾ। ਹੋਰ ਕੁਝ ਤਾਂ ਪਾਕਿਸਤਾਨੀ ਸਰਕਾਰ ਨਾ ਕਰ ਸਕੀ ਪਰ ਆਫੀਆ ਦਾ ਮੁੰਡਾ ਉਸਦੀ ਭੈਣ ਦੇ ਹਵਾਲੇ ਕਰਵਾਉਣ ਦਾ ਕੰਮ ਜ਼ਰੂਰ ਕਰਵਾ ਦਿੱਤਾ।
ਉੱਧਰ ਆਫੀਆ ਦਾ ਵਰਤਾਅ ਅਜੇ ਵੀ ਖਾਮੋਸ਼ ਅਤੇ ਜ਼ਿੱਦੀ ਸੀ। ਉਸਨੇ ਆਪਣੀ ਅਰੇਨਮੈਂਟ 'ਤੇ ਕੋਰਟ 'ਚ ਜਾਣ ਤੋਂ ਜੁਆਬ ਦੇ ਦਿੱਤਾ। ਉਸਨੇ ਕਿਸੇ ਨੂੰ ਵੀ ਮੁਲਾਕਤ ਕਰਨ ਤੋਂ ਇਨਕਾਰ ਕਰ ਦਿੱਤਾ। ਜਦੋਂ ਉਸਨੇ ਵਕੀਲਾਂ ਨੂੰ ਮਿਲਣ ਤੋਂ ਮਨਾ ਕਰ ਦਿੱਤਾ ਤਾਂ ਫਿੰਕ ਵਰਗੀ ਮਸ਼ਹੂਰ ਵਕੀਲ ਨੇ ਵੀ ਬੇਵਸ ਜਿਹਾ ਮਹਿਸੂਸ ਕੀਤਾ। ਇਸ ਤਰ੍ਹਾਂ ਆਫੀਆ ਨੇ ਆਪਣੀਆਂ ਕਈ ਕੋਰਟ ਸੁਣਵਾਈਆਂ ਵੀ ਮਿੱਸ ਕਰ ਦਿੱਤੀਆਂ। ਇਹ ਵੇਖਿਦਿਆਂ ਉਸਦੀ ਵਕੀਲ ਨੇ ਕੋਰਟ ਨੂੰ ਬੇਨਤੀ ਕੀਤੀ ਕਿ ਆਫੀਆ ਦਿਮਾਗੀ ਤੌਰ 'ਤੇ ਸਹੀ ਨਹੀਂ ਜਾਪਦੀ ਇਸ ਕਰਕੇ ਉਸਦਾ ਇਲਾਜ਼ ਕਰਵਾਇਆ ਜਾਵੇ। ਜੱਜ ਨੇ ਇਸ ਬੇਨਤੀ ਨੂੰ ਮੰਨਦਿਆਂ ਆਫੀਆ ਨੂੰ ਫੈਡਰਲ ਮੈਡੀਕਲ ਸੈਂਟਰ ਕਾਰਸਵੈੱਲ, ਟੈਕਸਾਸ ਭੇਜਣ ਦਾ ਹੁਕਮ ਕਰ ਦਿੱਤਾ। ਦਸੰਬਰ ਮਹੀਨੇ ਜਦੋਂ ਪਾਕਿਸਤਾਨੀ ਸਰਕਾਰ ਦਾ ਖਾਸ ਡੈਲੀਗੈਸ਼ਨ ਉਸਨੂੰ ਮਿਲਣ ਆਇਆ ਤਾਂ ਆਫੀਆ ਉਸ ਵੇਲੇ ਉਪਰੋਕਤ ਮੈਡੀਕਲ ਸੈਂਟਰ ਵਿੱਚ ਸੀ। ਉਸਨੇ ਬੜੇ ਚੰਗੇ ਢੰਗ ਨਾਲ ਇਸ ਡੈਲੀਗੇਸ਼ਨ ਨਾਲ ਮੁਲਾਕਾਤ ਕੀਤੀ। ਡੈਲੀਗੇਸ਼ਨ ਨੇ ਪਾਕਿਸਤਾਨ ਸਰਕਾਰ ਵੱਲੋਂ ਉਸਨੂੰ ਕਨੂੰਨੀ ਮੱਦਦ ਦਾ ਭਰੋਸਾ ਦਿਵਾਇਆ। ਇਸਦੇ ਛੇਤੀ ਪਿੱਛੋਂ ਪਾਕਿਸਤਾਨੀ ਸਰਕਾਰ ਨੇ ਆਫੀਆ ਦੇ ਕਾਨੂੰਨੀ ਖਰਚਿਆਂ ਲਈ ਤਕਰੀਬਨ ਦੋ ਮਿਲੀਅਨ ਡਾਲਰ ਦੀ ਮੱਦਦ ਦਾ ਪ੍ਰਬੰਧ ਕਰ ਦਿੱਤਾ। ਜਦੋਂ ਅਮਰੀਕਣ ਸਰਕਾਰ ਨੇ ਫੈਸਲਾ ਕੀਤਾ ਕਿ ਉਹ ਆਫੀਆ 'ਤੇ ਅੱਤਵਾਦ ਦਾ ਮੁਕੱਦਮਾ ਨਹੀਂ ਚਲਾਏਗੀ, ਸਗੋਂ ਉਸ 'ਤੇ ਉਹ ਮੁਕੱਦਮਾ ਚਲਾਇਆ ਜਾਏਗਾ ਜੋ ਕਿ ਉਸਨੇ ਅਮਰੀਕਣ ਫੌਜ਼ੀਆਂ 'ਤੇ ਗੋਲੀ ਚਲਾਈ ਤਾਂ ਆਫੀਆ ਨੂੰ ਕਾਫੀ ਰਾਹਤ ਮਿਲੀ। ਉਸਨੇ ਆਪਣੀ ਚੁੱਪੀ ਤੋੜਨ ਦਾ ਇਰਾਦਾ ਕਰ ਲਿਆ। ਇਸੇ ਵੇਲੇ ਆਫੀਆ ਦੇ ਡਾਕਟਰਾਂ ਨੇ ਆਪਣੀ ਰਿਪੋਰਟ 'ਚ ਲਿਖ ਦਿੱਤਾ ਕਿ ਉਹ ਮਾਨਸਿਕ ਤੌਰ 'ਤੇ ਬਿਮਾਰ ਹੈ। ਉਸਦੀ ਵਕੀਲ ਫਿੰਕ ਨੇ ਇਸਦਾ ਫਾਇਦਾ ਉਠਾਉਂਦਿਆਂ ਗੌਰਮਿੰਟ 'ਤੇ ਇਲਜ਼ਾਮ ਲਾਇਆ ਕਿ ਐਫ. ਬੀ. ਆਈ. ਦੇ ਤਸੀਹਿਆਂ ਕਾਰਨ ਹੀ ਆਫੀਆ ਦੀ ਇਹ ਹਾਲਤ ਹੋਈ ਹੈ। ਪਰ ਆਫੀਆ ਨੇ ਉਸ ਨਾਲ ਬੋਲਣਾ ਬੰਦ ਕਰ ਦਿੱਤਾ। ਸਿਰਫ ਉਸੇ ਨਾਲ ਹੀ ਨਹੀਂ ਸਗੋਂ ਆਫੀਆ ਹਰ ਉਸ ਸਖਸ਼ ਤੋਂ ਦੂਰ ਰਹਿਣ ਲੱਗੀ ਜਿਸ ਬਾਰੇ ਉਸਨੂੰ ਲੱਗਦਾ ਸੀ ਕਿ ਇਹ ਯਹੂਦੀ ਹੈ ਜਾਂ ਯਹੂਦੀਆਂ ਦੇ ਸੰਪਰਕ 'ਚ ਹੈ। ਇਸ ਵੇਲੇ ਆਫੀਆ ਬੜੇ ਚੰਗੇ ਰੌਂਅ ਵਿੱਚ ਸੀ। ਇੱਕ ਤਾਂ ਪਾਕਿਸਤਾਨੀ ਸਰਕਾਰ ਉਸਦੀ ਮੱਦਦ ਕਰ ਰਹੀ ਸੀ ਪਰ ਇਸ ਤੋਂ ਵੀ ਵੱਡੀ ਗੱਲ ਉਹ ਸੀ ਜੋ ਡਾਕਟਰ ਨੇ ਜੋ ਲਿਖ ਦਿੱਤਾ ਸੀ ਕਿ ਆਫੀਆ ਸਦੀਕੀ ਮਾਨਸਿਕ ਬਿਮਾਰੀ ਕਾਰਨ ਮੁਕੱਦਮੇ ਦਾ ਸਾਹਮਣਾ ਨਹੀਂ ਕਰ ਸਕਦੀ। ਉਸਨੂੰ ਜਾਪਦਾ ਸੀ ਕਿ ਸ਼ਾਇਦ ਮਾਨਸਿਕ ਬਿਮਾਰੀ ਦੀ ਵਜ੍ਹਾ ਕਰਕੇ ਉਸਨੂੰ ਐਵੇਂ ਹੀ ਰਿਹਾ ਕਰ ਦਿੱਤਾ ਜਾਵੇ। ਪਰ ਆਫੀਆ ਦੀ ਇਹ ਖੁਸ਼ੀ ਉਦੋਂ ਉੱਡ ਪੁੱਡ ਗਈ ਜਦੋਂ ਉਸਨੂੰ ਪਤਾ ਲੱਗਿਆ ਕਿ ਡਾਕਟਰਾਂ ਦੀ ਇੱਕ ਹੋਰ ਟੀਮ ਉਸਦਾ ਮੁਆਇਨਾ ਕਰਨ ਆ ਪਹੁੰਚੀ ਹੈ। ਇਸੇ ਵਿਚਕਾਰ ਉਸਨੇ ਅਮਰੀਕਣ ਸਰਕਾਰ ਦੇ ਨਾਂ ਇੱਕ ਲੰਬਾ ਪੱਤਰ। ਇਸ ਵਿੱਚ ਉਸਨੇ ਆਪਣੇ ਢੰਗ ਨਾਲ ਇਹ ਨੁਕਤਾ ਰੱਖਣ ਦੀ ਕੋਸ਼ਿਸ਼ ਕੀਤੀ ਕਿ ਉਸ ਕੋਲ ਬਹੁਤ ਸਾਰੇ ਗੁਪਤ ਭੇਤ ਹਨ ਜੋ ਕਿ ਅਮਰੀਕਣ ਸਰਕਾਰ ਦੇ ਕੰਮ ਆ ਸਕਦੇ ਹਨ। ਉਹ ਸੋਚ ਰਹੀ ਸੀ ਕਿ ਸ਼ਾਇਦ ਇਹ ਭੇਤ ਜਾਣਨ ਬਦਲੇ ਹੀ ਸਰਕਾਰ ਉਸਨੂੰ ਰਿਹਾ ਕਰਨਾ ਮੰਨ ਜਾਵੇ। ਜੇਲ੍ਹ ਵਾਰਡਨ ਨੂੰ ਇਹ ਚਿੱਠੀ ਦਿੰਦਿਆਂ ਉਸਨੇ ਅਗਾਹ ਕੀਤਾ ਕਿ ਇਸ ਚਿੱਠੀ ਨੂੰ ਪਰੈਜ਼ੀਡੈਂਟ ਉਬਾਮਾ ਤੱਕ ਪਹੁੰਚਾ ਦਿੱਤਾ ਜਾਵੇ। ਪਰ ਆਫੀਆ ਨੂੰ ਫਿਰ ਨਿਰਾਸ਼ਾ ਹੱਥ ਲੱਗੀ। ਉਸਦੀ ਇਸ ਚਿੱਠੀ ਦਾ ਕਿਸੇ ਨੇ ਵੀ ਨੋਟਿਸ ਨਾ ਲਿਆ। ਸਗੋਂ ਉਸਨੂੰ ਵੱਡਾ ਧੱਕਾ ਉਦੋਂ ਲੱਗਿਆ ਜਦੋਂ ਡਾਕਟਰਾਂ ਦੀ ਨਵੀਂ ਟੀਮ ਨੇ ਆਪਣੀ ਰਿਪੋਰਟ ਵਿੱਚ ਲਿਖ ਦਿੱਤਾ ਕਿ ਉਹ ਬਿਲਕੁਲ ਠੀਕ ਹੈ ਅਤੇ ਆਪਣੇ ਕੇਸ ਦਾ ਸਾਹਮਣਾ ਸਹੀ ਢੰਗ ਨਾਲ ਕਰ ਸਕਦੀ ਹੈ। ਜੱਜ ਨੇ ਉਸਦਾ ਵਕੀਲ ਬਦਲਦਿਆਂ ਨਵੀਂ ਤਾਰੀਖ ਰੱਖ ਦਿੱਤੀ। ਉਸਦੀ ਨਵੀਂ ਵਕੀਲ ਡਾਨ ਕਾਰਡੀ ਸੀ ਅਤੇ ਕੇਸ ਦੀ ਤਾਰੀਖ ਜੂਨ ਸੱਤ, 2009 ਸੀ। ਉਸ ਦਿਨ ਜੱਜ, ਬਰਮਨ ਨੇ ਕਾਰਵਾਈ ਸ਼ੁਰੂ ਕਰਦਿਆਂ ਆਫੀਆ ਨੂੰ ਪੇਸ਼ ਕਰਨ ਦਾ ਹੁਕਮ ਦਿੱਤਾ। ਮਾਰਸ਼ਲ ਨੇ ਆਫੀਆ ਨੂੰ ਲਿਆ ਕੇ ਕੋਰਟ 'ਚ ਖੜ੍ਹੀ ਕਰ ਦਿੱਤਾ। ਜ਼ਰੂਰੀ ਕਾਰਵਾਈ ਨਿਪਟਾਉਂਦਿਆਂ ਜੱਜ ਨੇ ਉਸਨੂੰ ਉਸਦੀ ਵਕੀਲ ਕੋਲ ਬੈਠਣ ਦੀ ਇਜਾਜ਼ਤ ਦੇ ਦਿੱਤੀ। ਵਕੀਲ ਆਪਣਾ ਕੰਮ ਕਰਨ ਲੱਗੀ ਪਰ ਜਾਪਦਾ ਸੀ ਕਿ ਆਫੀਆ ਨੂੰ ਆਪਣੀ ਵਕੀਲ ਨਾਲ ਕੋਈ ਸਰੋਕਾਰ ਨਹੀਂ ਸੀ। ਉਹ ਚੱਲਦੀ ਕਾਰਵਾਈ ਵਿੱਚ ਉੱਠ ਖੜ੍ਹੀ ਹੋਈ ਅਤੇ ਉੱਚੀ ਬੋਲੀ,
''ਮੈਂ ਕੁਝ ਕਹਿਣਾਂ ਚਾਹੁੰਨੀ ਆਂ....।''
''ਮਿਸ ਆਫੀਆ ਤੈਨੂੰ ਬੋਲਣ ਦਾ ਵਕਤ ਮਿਲੂਗਾ ਪਰ ਅਜੇ ਤੂੰ ਬੈਠ।'' ਜੱਜ ਨੇ ਹੁਕਮ ਸੁਣਾਇਆ। ਪਰ ਆਫੀਆ ਉਸਦੀ ਗੱਲ ਮੰਨਣ ਦੀ ਬਜਾਇ ਫਿਰ ਤੋਂ ਬੋਲੀ, ''ਮੈਂ ਜੋ ਕੁਝ ਕੀਤਾ ਐ ਉਹ ਦੁਨੀਆਂ 'ਚ ਸ਼ਾਂਤੀ ਸਥਾਪਤ ਕਰਨ ਲਈ ਕੀਤਾ....।''
ਉਸਦੇ ਬੋਲਣ ਨਾਲ ਕੋਰਟ ਦੇ ਕੰਮ 'ਚ ਰੁਕਾਵਟ ਪੈ ਗਈ। ਜੱਜ ਨੇ ਔਖ ਜਿਹੀ ਮੰਨਦਿਆਂ ਆਫੀਆ ਵੱਲ ਵੇਖਿਆ। ਪਰ ਆਫੀਆ ਨੇ ਆਪਣੀ ਗੱਲ ਜਾਰੀ ਰੱਖੀ,
'ਮੈਂ ਤਾਂ ਤਾਲੀਬਾਨਾਂ ਅਤੇ ਅਮਰੀਕਾ ਵਿਚਕਾਰ ਸਮਝੌਤਾ ਕਰਵਾਉਣਾਂ ਚਾਹੁੰਨੀ ਆਂ। ਤੁਸੀਂ ਮੇਰੀ ਗੱਲ ਕਿਉਂ ਨ੍ਹੀਂ ਸੁਣਦੇ।''
'ਮਿਸ ਆਫੀਆ, ਤੂੰ ਪਲੀਜ਼ ਬੈਠ ਜਾ।'' ਜੱਜ ਨੇ ਸਖਤ ਲਹਿਜੇ 'ਚ ਇਹ ਲਫਜ਼ ਕਹੇ ਤਾਂ ਆਫੀਆ ਬੈਠ ਗਈ। ਉਸਨੇ ਮੇਜ਼ 'ਤੇ ਸਿਰ ਰੱਖ ਲਿਆ ਤੇ ਅੱਖਾਂ ਮੀਚ ਲਈਆਂ। ਉਸ ਦੀ ਇਹ ਹਾਲਤ ਵੇਖ ਕੇ ਉਸਦੀ ਵਕੀਲ ਜੱਜ ਤੋਂ ਇਜਾਜ਼ਤ ਲੈਂਦਿਆਂ ਬੋਲੀ, ''ਤੁਸੀਂ ਮਿਸ ਆਫੀਆ ਦੀ ਹਾਲਤ ਵੇਖ ਕੇ ਖੁਦ ਅੰਦਾਜ਼ਾ ਲਾ ਸਕਦੇ ਓਂ ਕਿ ਇਸ ਉੱਪਰ ਕਿਤਨਾ ਟਾਰਚਰ ਹੋਇਆ ਹੈ। ਇਸਦੀ ਹਾਲਤ ਸਹੀ ਨ੍ਹੀਂ ਹੈ। ਐਫ. ਬੀ. ਆਈ. ਦੇ ਟਾਰਚਰ ਨੇ ਇਸ ਨੂੰ ਇਸ ਹਾਲਤ ਵਿੱਚ ਪਹੁੰਚਾ ਦਿੱਤਾ ਐ।''
'ਯੂਅਰ ਆਨਰ ਮੈਂ ਕੁਝ ਕਹਿਣਾ ਚਾਹੁੰਨੀ ਆਂ।'' ਸਰਕਾਰੀ ਵਕੀਲ ਉੱਠ ਖੜ੍ਹੋਤੀ। ਜੱਜ ਨੇ ਉਸਨੂੰ ਬੋਲਣ ਦੀ ਇਜਾਜ਼ਤ ਦਿੱਤੀ ਤਾਂ ਉਹ ਆਪਣੀ ਗੱਲ ਕਹਿਣ ਲੱਗੀ।
'ਮਿਸ ਆਫੀਆ ਅਜੇ ਤੱਕ ਇਹ ਨ੍ਹੀਂ ਦੱਸ ਸਕੀ ਕਿ ਉਸ ਉੱਪਰ ਇਹ ਟਾਰਚਰ ਕਦੋਂ ਅਤੇ ਕਿੱਥੇ ਹੋਇਆ ਹੈ। ਇਸ ਨੇ ਹੁਣ ਤੱਕ ਜੋ ਵੀ ਬਿਆਨ ਦਿੱਤੇ ਨੇ ਉਹ ਆਪਸ 'ਚ ਮੇਲ ਨ੍ਹੀਂ ਖਾਂਦੇ। ਇਹ ਵਾਰ ਵਾਰ ਆਪਣੇ ਬਿਆਨ ਬਦਲ ਰਹੀ ਹੈ। ਇਸ ਕਰਕੇ ਅਸੀਂ ਇਹ ਸਮਝਣ 'ਚ ਅਸਮਰਥ ਆਂ ਕਿ ਇਸਦਾ ਕਿਹੜਾ ਬਿਆਨ ਸਹੀ ਮੰਨਿਆਂ ਜਾਵੇ। ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਮਿਸ ਆਫੀਆ ਦਿਮਾਗੀ ਬਿਮਾਰੀ ਦਾ ਸਿਰਫ ਬਹਾਨਾ ਬਣਾ ਰਹੀ ਐ। ਇਹ ਬਿਲਕੁਲ ਠੀਕ ਐ। ਇਹ ਆਪਦੇ ਕੇਸ ਦਾ ਸਾਹਮਣਾ ਕਰ ਸਕਦੀ ਐ।''
ਜੱਜ ਨੇ ਸਾਰੀ ਗੱਲਬਾਤ ਸੁਣਨ ਪਿੱਛੋਂ ਫੈਸਲਾ ਕਰ ਦਿੱਤਾ ਕਿ ਆਫੀਆ ਬਿਲਕੁਲ ਸਹੀ ਹੈ ਅਤੇ ਉਸਨੇ ਅਗਲੀ ਤਾਰੀਖ ਨਵੰਬਰ ਦੀ ਰੱਖ ਦਿੱਤੀ।

No comments:

Post a Comment