Thursday 15 November 2012

ਬਾਰਾਂ :---


ਪੋਸਟਿੰਗ : ਅਨੁ. ਮਹਿੰਦਰ ਬੇਦੀ ਜੈਤੋ



ਆਫੀਆ ਸਦੀਕੀ ਦਾ ਜਿਹਾਦ…:: ਲੇਖਕ : ਹਰਮਹਿੰਦਰ ਚਹਿਲ :---


ਅਮਜਦ ਨੇ ਆਪਣਾ ਆਖਰੀ ਇਮਤਿਹਾਨ ਪਾਸ ਕਰ ਲਿਆ ਤੇ ਉਸਨੇ ਡਾਕਟਰੀ ਦੀ ਸਾਰੀ ਪੜ੍ਹਾਈ ਮੁਕੰਮਲ ਕਰ ਲਈ ਜੋ ਕਿ ਉਸਦਾ ਨਿਸ਼ਾਨਾ ਸੀ। ਉਸਦੇ ਲਈ ਬੜੇ ਮਾਣ ਵਾਲੀ ਗੱਲ ਸੀ ਕਿ ਉਹ ਆਪਣੀ ਕਲਾਸ 'ਚੋਂ ਸਭ ਤੋਂ ਟਾਪ 'ਤੇ ਆਇਆ ਸੀ। ਉਸ ਦੀ ਪਾਰਟ ਟਾਈਮ ਵਾਲੀ ਪੜਾਉਣ ਦੀ ਨੌਕਰੀ ਵੀ ਉਸ ਲਈ ਚੰਗੀ ਸਾਬਤ ਹੋਈ। ਇਹ ਇਮਤਿਹਾਨ ਪਾਸ ਕਰਦਿਆਂ ਹੀ ਉਸਨੂੰ ਅਸਿਸਟੈਂਟ ਪ੍ਰੋਫੈਸਰ ਬਣਾ ਦਿੱਤਾ ਗਿਆ। ਉਹ ਹੁਣ ਖੁਸ਼ ਸੀ। ਉਸਦੀਆਂ ਪੜ੍ਹਾਈ ਦੀਆਂ ਜ਼ਿੰਮੇਵਾਰੀਆਂ ਪੂਰੀਆਂ ਹੋ ਚੁੱਕੀਆਂ ਸਨ। ਉਸਨੇ ਆਫੀਆ ਨੂੰ ਮਨਾਉਣ ਦਾ ਇੱਕ ਹੋਰ ਢੰਗ ਕੱਢਿਆ। ਉਹ ਆਫੀਆ ਨੂੰ ਕਹਿਣ ਲੱਗ ਪਿਆ ਕਿ ਅਜੇ ਤਾਂ ਆਪਾਂ ਜਿਹਾਦ ਬਾਰੇ ਸਿੱਖ ਹੀ ਰਹੇ ਹਾਂ ਜਦੋਂ ਆਪਾਂ ਇਸ ਬਾਰੇ ਪੂਰੀ ਜਾਣਕਾਰੀ ਹਾਸਿਲ ਕਰ ਲਈ ਤਾਂ ਇਸ ਵਿੱਚ ਸ਼ਾਮਲ ਹੋ ਜਾਵਾਂਗੇ। ਉਸਨੇ ਫਿਰ ਤੋਂ ਦਾਹੜੀ ਵਧਾ ਲਈ ਤਾਂ ਕਿ ਆਫੀਆ ਨੂੰ ਲੱਗੇ ਕਿ ਉਹ ਧਾਰਮਿਕਤਾ ਵਾਲੇ ਪਾਸੇ ਮੁੜ ਰਿਹਾ ਹੈ। ਪਰ ਆਫੀਆ ਇਸ ਵੇਲੇ ਉਸਦੀਆਂ ਗੱਲਾਂ 'ਚ ਕੋਈ ਦਿਲਚਸਪੀ ਨਹੀਂ ਲੈ ਰਹੀ ਸੀ। ਖੈਰ ਉਸਨੇ ਆਫੀਆ ਨੂੰ ਖੁਸ਼ ਰੱਖਣ ਲਈ ਕਾਫੀ ਸਾਰਾ ਵਕਤ ਘਰੇ ਬਿਤਾਉਣਾ ਸ਼ੁਰੂ ਕਰ ਦਿੱਤਾ। ਉਹ ਹਰ ਐਤਵਾਰ ਵਾਲੇ ਦਿਨ ਉਸਨੂੰ ਅਤੇ ਬੱਚਿਆਂ ਨੂੰ ਕਿਧਰੇ ਬਾਹਰ ਘੁੰਮਾਉਣ ਲੈ ਜਾਂਦਾ। ਇੱਕ ਦਿਨ ਉਸਨੇ ਘਰੇ ਗੱਲ ਛੇੜੀ, ''ਆਫੀਆ ਮੇਰੇ ਪਰਿਵਾਰ ਵਿੱਚ ਸ਼ਿਕਾਰ ਦਾ ਬਹੁਤ ਸ਼ੌਂਕ ਰਿਹਾ ਐ।''
''ਅੱਛਾ।'' ਆਫੀਆ ਨੇ ਸਾਧਾਰਣ ਜਿਹਾ ਹੁੰਗਾਰਾ ਭਰਿਆ।
''ਮੈਂ ਚਾਹੁੰਨਾ ਆਂ ਕਿ ਮੈਂ ਆਪਣੇ ਬੱਚਿਆਂ ਨੂੰ ਮੇਰੇ ਖਾਨਦਾਨੀ ਸ਼ੌਂਕ ਤੋਂ ਜਾਣੂੰ ਕਰਵਾਵਾਂ।''
''ਇਸਦੇ ਲਈ ਕੀ ਕਰੇਂਗਾ?''
'ਆਪਾਂ ਇਸ ਵੀਕ ਐਂਡ 'ਤੇ ਕਿਧਰੇ ਬਾਹਰ ਚੱਲਦੇ ਆਂ। ਸ਼ਿਕਾਰ ਖੇਡਣ ਦਾ ਸਾਰਾ ਸਮਾਨ ਬਗੈਰਾ ਮੇਰਾ ਮਤਲਬ ਬੰਦੂਕ ਆਦਿ ਅਤੇ ਹੋਰ ਸਮਾਨ ਆਪਾਂ ਕਿਸੇ ਸਟੋਰ ਤੋਂ ਖਰੀਦ ਲਵਾਂਗੇ।'' ਉਸਦੀ ਬੰਦੂਕ ਵਾਲੀ ਗੱਲ ਆਫੀਆ ਨੂੰ ਜਚ ਗਈ। ਉਸਨੇ ਸੋਚਿਆ ਕਿ ਇਸੇ ਬਹਾਨੇ ਉਹ ਬੰਦੂਕ ਚਲਾਉਣ ਦਾ ਅਭਿਆਸ ਕਰ ਲਵੇਗੀ। ਨਾਲੇ ਫੀਲਡ ਵਿੱਚ ਪੇਸ਼ ਆਉਣ ਵਾਲੀਆਂ ਮੁਸ਼ਕਲਾਂ ਤੋਂ ਜਾਣੂੰ ਹੋ ਜਾਵੇਗੀ। ਉਸਨੇ ਖੁਸ਼ੀ ਖੁਸ਼ੀ ਇਸ ਕੰਮ ਲਈ ਹਾਮੀ ਭਰ ਦਿੱਤੀ। ਅਗਲੇ ਹੀ ਦਿਨ ਉਹ ਕਿਸੇ ਅਸਲੇ ਦੀ ਦੁਕਾਨ 'ਤੇ ਗਏ। ਦੁਕਾਨ ਵਾਲਿਆਂ ਉਨ੍ਹਾਂ ਦੀਆਂ ਆਈਡੀਆਂ ਬਗੈਰਾ ਚੈੱਕ ਕੀਤੀਆਂ। ਫਿਰ ਉਨ੍ਹਾਂ ਲੋੜੀਂਦਾ ਸਮਾਨ ਖਰੀਦ ਲਿਆ। ਇਸ ਵਿੱਚ ਗੰਨ, ਸ਼ਾਟ, ਸਰਵਾਈਵਲ ਗਾਈਡ, ਬੁਲੇਟ ਪਰੂਫ ਜੈਕਟਾਂ ਅਤੇ ਨਾਈਟ ਵਿਜ਼ਿਨ ਗੋਗਲਜ਼ ਆਦਿ ਸਨ। ਉਹ ਵੀਕ ਐਂਡ 'ਤੇ ਕਿਸੇ ਸ਼ੂਟਿੰਗ ਰੇਂਜ 'ਤੇ ਚਲੇ ਗਏ। ਉੱਥੇ ਉਨ੍ਹਾਂ ਦੋ ਦਿਨ ਬਿਤਾਏ। ਖੂਬ ਮਸਤੀ ਕੀਤੀ। ਸ਼ਿਕਾਰ ਖੇਡਿਆ। ਖਾਸ ਕਰਕੇ ਆਫੀਆ ਨੇ ਬੰਦੂਕ ਦੇ ਨਿਸ਼ਾਨੇ ਲਾਉਣ ਦਾ ਅਭਿਆਸ ਕੀਤਾ। ਐਤਵਾਰ ਦੀ ਸ਼ਾਮ ਉਹ ਘਰ ਮੁੜ ਆਏ। ਅਮਜਦ ਨੇ ਵੇਖਿਆ ਕਿ ਇਸ ਘਟਨਾ ਪਿੱਛੋਂ ਆਫੀਆ 'ਚ ਕਾਫੀ ਤਬਦੀਲੀ ਆਉਣ ਲੱਗੀ। ਉਹ ਅਮਜਦ ਨੂੰ ਕਹਿਣ ਲੱਗੀ ਕਿ ਫਿਰ ਤੋਂ ਸ਼ੂਟਿੰਗ ਰੇਂਜ 'ਤੇ ਚੱਲਿਆ ਜਾਵੇ। ਅਤੇ ਐਤਕੀ ਵਾਰ ਵੱਡੇ ਹਥਿਆਰ ਮਲਤਬ ਏ. ਕੇ. ਫੋਰਟੀ ਸੈਵਨ ਵਰਗੀਆਂ ਰਾਈਫਲਾਂ ਚਲਾਉਣ ਦਾ ਲੁਤਫ ਲਿਆ ਜਾਵੇ। ਅਮਜਦ ਇਸ ਲਈ ਮੰਨ ਗਿਆ। ਅਗਲੇ ਸੌਮਵਾਰ ਉਹ ਇਹ ਕਹਿ ਕੇ ਕੰਮ 'ਤੇ ਗਿਆ ਕਿ ਉਹ ਕੁਝ ਘੰਟਿਆਂ ਬਾਅਦ ਮੁੜ ਆਵੇਗਾ ਤੇ ਫਿਰ ਉਹ ਸ਼ਿਕਾਰ 'ਤੇ ਜਾਣ ਦਾ ਪ੍ਰੋਗਰਾਮ ਬਣਾਉਣਗੇ। ਆਫੀਆ ਖੁਸ਼ੀ ਖੁਸ਼ੀ ਤਿਆਰੀ ਕਰਨ ਲੱਗੀ। ਗਿਆਰਾਂ ਕੁ ਵਜੇ ਉਸਦੇ ਘਰ ਦੀ ਡੋਰ ਬੈੱਲ ਵੱਜੀ। ਉਹ ਭੱਜੀ ਭੱਜੀ ਦਰਵਾਜ਼ੇ ਵੱਲ ਗਈ ਕਿ ਸ਼ਾਇਦ ਅਮਜਦ ਆ ਗਿਆ ਹੈ। ਦਰਵਾਜ਼ਾ ਖੋਲ੍ਹਣ ਤੋਂ ਪਹਿਲਾਂ ਉਸਨੇ ਕੀ ਹੋਲ ਵਿੱਚੋਂ ਦੀ ਵੇਖ ਲੈਣਾ ਜ਼ਰੂਰੀ ਸਮਝਿਆ। ਉਹ ਮੋਰੀ ਵਿੱਚੋਂ ਦੀ ਬਾਹਰ ਝਾਕੀ ਤਾਂ ਉਸਦਾ ਤਰਾਹ ਨਿਕਲ ਗਿਆ। ਬਾਹਰ ਦੋ ਜਣੇ ਸੂਟਡ ਬੂਟਡ ਅਤੇ ਕਾਲੀਆਂ ਐਨਕਾਂ ਲਾਈ ਦਰਵਾਜ਼ਾ ਖੁੱਲ੍ਹਣ ਦਾ ਇੰਤਜ਼ਾਰ ਕਰ ਰਹੇ ਸਨ। ਆਫੀਆ ਦਾ ਦਿਲ ਜ਼ੋਰ ਦੀ ਧੜਕਿਆ ਪਰ ਉਸਨੇ ਆਪਣੇ ਆਪ 'ਤੇ ਕਾਬੂ ਪਾਉਂਦਿਆਂ ਹੋਇਆਂ ਪੁੱਛਿਆ, ''ਕੌਣ ਓਂ ਤੁਸੀਂ?''
'ਅਸੀਂ ਐਫ. ਬੀ. ਆਈ. ਤੋਂ ਆਂ। ਤੁਹਾਨੂੰ ਮਿਲਣਾ ਐ। ਦਰਵਾਜ਼ਾ ਖੋਲ੍ਹੋ।''
'ਮੈਂ ਘਰ ਵਿੱਚ ਇਕੱਲੀ ਔਰਤ ਆਂ। ਮੈਂ ਇਸ ਤਰ੍ਹਾਂ ਦਰਵਾਜ਼ਾ ਨ੍ਹੀਂ ਖੋਲ੍ਹ ਸਕਦੀ। ਤੁਸੀਂ ਉਦੋਂ ਆਉਣਾ ਜਦੋਂ ਮੇਰਾ ਘਰਵਾਲਾ ਘਰੇ ਹੋਇਆ।'' ਉਸਨੇ ਠਰੰਮੇ ਨਾਲ ਉੱਤਰ ਦਿੱਤਾ।
'ਉਹ ਕਦੋਂ ਆਵੇਗਾ?'' ਐਫ. ਬੀ. ਆਈ. ਵਾਲਿਆਂ ਨੇ ਪੁੱਛਿਆ। ਪਰ ਮੁੜ ਕੇ ਆਫੀਆ ਕੁਝ ਬੋਲੀ ਹੀ ਨਾ। ਉਹ ਕੁਝ ਦੇਰ ਦਰਵਾਜ਼ਾ ਖੁਲ੍ਹਵਾਉਣ ਜਾਂ ਕੋਈ ਹੋਰ ਗੱਲ ਕਰਨ ਦਾ ਯਤਨ ਕਰਦੇ ਰਹੇ ਪਰ ਆਫੀਆ ਨੇ ਅੰਦਰ ਜਾਂਦਿਆਂ ਬੈੱਡ ਰੂਮ ਦਾ ਦਰਵਾਜ਼ਾ ਵੀ ਬੰਦ ਕਰ ਲਿਆ। ਅੰਦਰੋਂ ਹੀ ਉਹ ਅਮਜਦ ਨੂੰ ਫੋਨ ਮਿਲਾਉਂਦਿਆਂ ਬੋਲੀ, ''ਅਮਜਦ ਗਜ਼ਬ ਹੋ ਗਿਆ।''
''ਕਿਉਂ ਕੀ ਹੋਇਆ? ਖੈਰ ਤਾਂ ਐ?''
'ਨ੍ਹੀਂ ਖੈਰ ਨ੍ਹੀਂ ਐ। ਆਪਣੇ ਦਰਵਾਜ਼ੇ 'ਤੇ ਐਫ. ਬੀ. ਆਈ. ਵਾਲੇ ਖੜ੍ਹੇ ਨੇ ਤੇ ਉਹ ਮੈਨੂੰ ਦਰਵਾਜ਼ਾ ਖੋਲ੍ਹਣ ਲਈ ਜ਼ੋਰ ਪਾ ਰਹੇ ਨੇ।''
'ਤੂੰ ਦਰਵਾਜ਼ਾ ਖੋਲ੍ਹ ਕੇ ਪੁੱਛ ਤਾਂ ਸਹੀ ਕਿ ਆਖਰ ਗੱਲ ਕੀ ਐ। ਉਹ ਇੱਥੇ ਕੀ ਕਰਨ ਆਏ ਨੇ।''
'ਨ੍ਹੀਂ ਅਮਜਦ ਮੈਂ ਦਰਵਾਜ਼ਾ ਨ੍ਹੀਂ ਖੋਲ੍ਹਣਾ।''
'ਆਫੀਆ ਹੋ ਸਕਦਾ ਐ ਕਿ ਉਹ ਕਿਸੇ ਹੋਰ ਮਸਲੇ ਬਾਰੇ ਗੱਲਬਾਤ ਕਰਨ ਆਏ ਹੋਣ। ਜਾਂ ਕਿਸੇ ਹੋਰ ਦਾ ਘਰ ਪੁੱਛ ਰਹੇ ਹੋਣ। ਮੇਰਾ ਤਾਂ ਖਿਆਲ ਐ ਕਿ ਤੂੰ ਇੱਕ ਵਾਰ ਉਨ੍ਹਾਂ ਨਾਲ ਗੱਲ ਕਰਲੈ।''
'ਅਮਜਦ ਮੈਂ ਤੈਨੂੰ ਕਹਿਤਾ ਕਿ ਮੈਂ ਦਰਵਾਜ਼ਾ ਕਿਸੇ ਵੀ ਹਾਲਤ ਵਿੱਚ ਨ੍ਹੀਂ ਖੋਲ੍ਹਣਾ। ਮੈਨੂੰ ਤਾਂ ਬਹੁਤ ਈ ਡਰ ਲੱਗ ਰਿਹਾ ਐ।''
'ਡਰਨ ਦੀ ਇਸ ਗੱਲ 'ਚ ਕੀ ਲੋੜ ਐ। ਤੂੰ ਤਾਂ...।'' ਗੱਲ ਕਰਦਾ ਕਰਦਾ ਅਮਜਦ ਇੱਕ ਦਮ ਚੁੱਪ ਹੋ ਗਿਆ। ਉਸਨੇ ਵੇਖਿਆ ਕਿ ਉਸਦੇ ਸਾਹਮਣੇ ਕੋਈ ਆ ਖੜ੍ਹਾ ਹੋਇਆ ਸੀ। ਜੋ ਵੇਖਣ ਤੋਂ ਹੀ ਕੋਈ ਏਜੈਂਸੀ ਦਾ ਬੰਦਾ ਲੱਗਦਾ ਸੀ।
'ਆਫੀਆ ਮੈਂ ਤੈਨੂੰ ਠਹਿਰ ਕੇ ਫੋਨ ਕਰਦਾ ਆਂ।'' ਇੰਨਾ ਕਹਿੰਦਿਆਂ ਅਮਜਦ ਨੇ ਫੋਨ ਕੱਟ ਦਿੱਤਾ। ਉਸਨੇ ਫੋਨ ਪਾਸੇ ਰੱਖਿਆ ਤਾਂ ਸਾਹਮਣੇ ਖੜ੍ਹੇ ਬੰਦੇ ਨੇ ਆਪਣਾ ਕਾਰਡ ਕੱਢ ਕੇ ਉਸਦੇ ਸਾਹਮਣੇ ਕੀਤਾ ਤੇ ਬੋਲਿਆ, ''ਆਈ ਐਮ ਫਰਾਮ ਐਫ. ਬੀ. ਆਈ.।''
'ਜੀ! ਮੈਂ ਤੁਹਾਡੀ ਕੀ ਸੇਵਾ ਕਰ ਸਕਦਾ ਆਂ?'' ਅਮਜਦ ਦੀ ਆਵਾਜ਼ ਥਿੜਕ ਗਈ।
'ਅਸੀਂ ਤੇਰੇ ਨਾਲ ਗੱਲਬਾਤ ਕਰਨ ਆਏ ਆਂ। ਮੇਰਾ ਸਾਥੀ ਬਾਹਰ ਖੜ੍ਹਾ ਐ। ਕੀ ਆਪਾਂ ਪਾਰਕ ਵਿੱਚ ਜਾ ਕੇ ਬੈਠ ਸਕਦੇ ਆਂ?''
'ਹਾਂ ਜੀ ਬਿਲਕੁਲ। ਮੈਂ ਆਪਣੇ ਬੌਸ ਨੂੰ ਦੱਸ ਦਿਆਂ।'' ਇੰਨਾ ਕਹਿੰਦਿਆਂ ਅਮਜਦ ਨੇ ਆਪਣੇ ਬੌਸ ਨਾਲ ਗੱਲ ਕੀਤੀ ਤੇ ਐਫ. ਬੀ. ਆਈ. ਅਫਸਰ ਦੇ ਨਾਲ ਤੁਰ ਪਿਆ। ਤੁਰਿਆ ਜਾਂਦਾ ਉਹ ਸੋਚ ਰਿਹਾ ਸੀ ਕਿ ਇਹ ਤਾਂ ਕੋਈ ਖਾਸ ਗੱਲ ਲੱਗਦੀ ਹੈ ਕਿ ਇਹ ਇੱਕੋ ਵੇਲੇ ਉਸਦੇ ਘਰ ਅਤੇ ਦਫਤਰ ਆਏ ਹਨ। ਫਿਰ ਉਸਨੂੰ ਯਾਦ ਆਇਆ ਕਿ ਕੁਝ ਹਫਤੇ ਪਹਿਲਾਂ ਹੀ ਉਸਨੇ ਅਸਲੇ ਦੀ ਦੁਕਾਨ ਤੋਂ ਜੋ ਸਾਮਾਨ ਖਰੀਦਿਆ ਸੀ ਇਹ ਉਸੇ ਕਰਕੇ ਆਏ ਹੋਣਗੇ। ਇਹ ਗੱਲ ਯਾਦ ਆਉਂਦਿਆਂ ਹੀ ਉਸਦਾ ਮਾਣਸਿਕ ਤਣਾਅ ਕਾਫੀ ਘਟ ਗਿਆ। ਪਰ ਅਸਲ ਵਿੱਚ ਇਹ ਗੱਲ ਨਹੀਂ ਸੀ। ਪਹਿਲੀ ਗੱਲ ਤਾਂ ਅਬੂ ਜ਼ੁਬੇਦ ਨੇ ਹੀ ਇੱਥੇ ਦੇ ਅਲਕਾਇਦਾ ਸੈੱਲਾਂ ਬਾਰੇ ਬਹੁਤ ਜਾਣਕਾਰੀ ਦੇ ਦਿੱਤੀ ਸੀ। ਰਹਿੰਦੀ ਕਸਰ ਉਦੋਂ ਪੂਰੀ ਹੋ ਗਈ ਜਦੋਂ ਉਸਦੀ ਗ੍ਰਿਫਤਾਰੀ ਦੇ ਅਗਲੇ ਹਫਤੇ ਹੀ ਹੋਜ਼ੇ ਪਦੀਲਾ ਚਿਕਾਗੋ ਏਅਰਪੋਰਟ 'ਤੇ ਉਤਰਦਾ ਹੀ ਫੜ੍ਹ ਲਿਆ ਗਿਆ। ਉਸ ਕੋਲੋਂ ਜੋ ਕੰਮਪਿਊਟਰ ਥੰਬ ਡਰਾਈਵ ਮਿਲੀ ਉਸ 'ਚੋਂ ਬਹੁਤ ਸਾਰੀ ਜਾਣਕਾਰੀ ਮਿਲੀ ਸੀ। ਉਸੇ 'ਚੋਂ ਅਦਨਾਨ ਸ਼ੁਕਰੀਜੁੰਮਾ ਦਾ ਨਾਂ ਪਤਾ ਚੱਲਿਆ। ਐਫ. ਬੀ. ਆਈ. ਪਹਿਲਾਂ ਹੀ ਉਨ੍ਹਾਂ ਲੋਕਾਂ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖ ਰਹੀ ਸੀ ਜਿਨ੍ਹਾਂ ਦੇ ਨਾਮ ਅਬੂ ਜ਼ੁਬੇਦ ਤੋਂ ਮਿਲੇ ਸਨ। ਅਬੂ ਜ਼ੁਬੇਦ ਦੀ ਗ੍ਰਿਫਤਾਰੀ ਛੁਪਾ ਕੇ ਰੱਖੀ ਗਈ ਸੀ। ਇਸੇ ਕਰਕੇ ਹੀ ਹੋਜ਼ੇ ਪਦੀਲਾ, ਐਫ. ਬੀ. ਆਈ. ਦੇ ਧੱਕੇ ਚੜ੍ਹ ਗਿਆ। ਪਰ ਉਸਦੇ ਫੜ੍ਹ ਹੋ ਜਾਣ ਪਿੱਛੋਂ ਬਾਕੀ ਦੇ ਸਭ ਮੈਂਬਰ ਗੁਪਤਵਾਸ ਚਲੇ ਗਏ। ਖੈਰ ਅਮਜਦ ਨੂੰ ਨਾਲ ਲੈ ਕੇ ਐਫ. ਬੀ. ਆਈ. ਦੇ ਦੋਨੋਂ ਅਫਸਰ ਪਾਰਕ ਵਿੱਚ ਜਾ ਬੈਠੇ।
''ਮਿਸਟਰ ਅਮਜਦ ਅਸੀਂ ਐਫ. ਬੀ. ਆਈ. ਤੋਂ ਆਂ। ਲੈ ਤੂੰ ਆਪਣੀ ਤਸੱਲੀ ਲਈ ਮੇਰਾ ਸ਼ਨਾਖਤੀ ਕਾਰਡ ਵੇਖ ਲੈ।'' ਇੰਨਾ ਕਹਿੰਦਿਆਂ ਇੱਕ ਅਫਸਰ ਨੇ ਜੇਬ 'ਚੋਂ ਆਪਣਾ ਬੈਜ਼ ਅਤੇ ਵਿਜ਼ਟਿੰਗ ਕਾਰਡ ਕੱਢ ਕੇ ਅਮਜਦ ਦੇ ਹਵਾਲੇ ਕਰ ਦਿੱਤਾ। ਅਮਜਦ ਨੇ ਸਰਸਰੀ ਨਜ਼ਰ ਮਾਰਦਿਆਂ ਬੈਜ਼ ਵਾਪਸ ਕਰ ਦਿੱਤਾ ਤੇ ਕਾਰਡ ਜੇਬ 'ਚ ਪਾ ਲਿਆ।
'ਮਿਸਟਰ ਅਮਜਦ, ਤੂੰ ਕੋਈ ਘਬਰਾਹਟ ਤਾਂ ਨ੍ਹੀਂ ਮਹਿਸੂਸ ਕਰ ਰਿਹਾ। ਮੇਰਾ ਮਤਲਬ ਆਪਾਂ ਗੱਲ ਕਰ ਸਕਦੇ ਆਂ?''
'ਨ੍ਹੀਂ ਸਰ ਅਜਿਹੀ ਕੋਈ ਗੱਲ ਨ੍ਹੀਂ ਤੁਸੀਂ ਗੱਲ ਕਰੋ।''
'ਮਿਸਟਰ ਅਮਜਦ, ਨਾਈਨ ਅਲੈਵਨ ਦਾ ਕਾਰਾ ਕਰਨ ਵਾਲੇ ਹਾਈਜੈਕਰ ਘਟਨਾ ਤੋਂ ਪਹਿਲਾਂ ਤੇਰੀ ਅਪਾਰਟਮੈਂਟ ਬਿਲਡਿੰਗ ਵਿੱਚ ਆਉਂਦੇ ਜਾਂਦੇ ਰਹੇ ਨੇ। ਕੀ ਤੂੰ ਉਨ੍ਹਾਂ ਬਾਰੇ ਕੁਛ ਜਾਣਦਾ ਐਂ?''
'ਨ੍ਹੀਂ ਸਰ। ਮੈਨੂੰ ਇਸ ਗੱਲ ਬਾਰੇ ਕੋਈ ਪਤਾ ਨ੍ਹੀ ਐ।'' ਪਹਿਲੀ ਗੱਲ ਨੇ ਹੀ ਉਸਦੇ ਪੈਰ ਕੱਢ ਦਿੱਤੇ। ਜਿੰਨੀ ਛੋਟੀ ਗੱਲ ਉਹ ਸਮਝ ਰਿਹਾ ਸੀ ਇੰਨੀ ਉਹ ਹੈ ਨਹੀਂ ਸੀ।
''ਕੀ ਤੇਰੀ ਘਰਵਾਲੀ ਨੂੰ ਇਸ ਬਾਰੇ ਕੋਈ ਪਤਾ ਹੋਵੇਗਾ?''
'ਜਿੱਥੋਂ ਤੱਕ ਮੇਰਾ ਖਿਆਲ ਐ, ਇਸ ਗੱਲ ਬਾਰੇ ਉਸਨੂੰ ਵੀ ਕੋਈ ਪਤਾ ਨ੍ਹੀਂ ਹੋਣਾ। ਅਸੀਂ ਤਾਂ ਆਮ ਜ਼ਿੰਦਗੀ ਜਿਉਣ ਵਾਲੇ ਸਾਦੇ ਜਿਹੇ ਲੋਕ ਆਂ।''
'ਤੈਨੂੰ ਜਾਂ ਤੇਰੀ ਘਰਵਾਲੀ ਨੂੰ ਹੋਰ ਕੋਈ ਅਤਾ ਪਤਾ ਐ। ਸਾਡਾ ਮਤਲਬ ਹਾਈਜੈਕਰਾਂ ਬਾਰੇ ਜਾਂ ਉਨ੍ਹਾਂ ਦੀਆਂ ਕਾਰਵਾਈਆਂ ਬਾਰੇ?''
'ਨ੍ਹੀਂ ਸਰ ਸਾਨੂੰ ਇਸ ਤਰ੍ਹਾਂ ਦੀ ਕੋਈ ਜਾਣਾਕਰੀ ਨ੍ਹੀਂ ਐ।''
ਇਸ ਪਿੱਛੋਂ ਦੋਨਾਂ ਅਫਸਰਾਂ ਦੀਆਂ ਨਜ਼ਰਾਂ ਮਿਲੀਆਂ। ਫਿਰ ਉਨ੍ਹਾਂ ਚੋਂ ਇੱਕ ਜਣਾ ਬੋਲਿਆ, ''ਮਿਸਟਰ ਅਮਜਦ ਅਸੀਂ ਤੁਹਾਡੀ ਦੋਨਾਂ ਮੀਆਂ ਬੀਵੀ ਦੀ ਇਕੱਠਿਆਂ ਦੀ ਇੰਟਰਵਿਊ ਕਰਨਾ ਚਾਹਾਂਗੇ। ਇਸਦੇ ਲਈ ਤੁਹਾਨੂੰ ਸਾਡੇ ਦਫਤਰੋਂ ਸਰਕਾਰ ਦਾ ਲੈਟਰ ਆਵੇਗਾ। ਪਰ ਉਦੋਂ ਤੱਕ ਤੁਸੀਂ ਇਹ ਸ਼ਹਿਰ ਛੱਡ ਕੇ ਕਿਧਰੇ ਨ੍ਹੀਂ ਜਾ ਸਕਦੇ। ਇਹ ਇੱਕ ਸਰਕਾਰੀ ਹੁਕਮ ਐਂ। ਮੇਰਾ ਕਾਰਡ ਤੇਰੇ ਕੋਲ ਹੈ ਜਦੋਂ ਮਰਜ਼ੀ ਕਾਲ ਕਰ ਸਕਦੇ ਓਂ। ਵੈਸੇ ਘਬਰਾਉਣ ਵਾਲੀ ਕੋਈ ਗੱਲ ਨ੍ਹੀਂ ਐ। ਇਹ ਇੱਕ ਰੁਟੀਨ ਕੰਮ ਐਂ।''
''ਜੀ ਸਰ।''
ਉਹ ਤੁਰ ਗਏ ਤਾਂ ਅਮਜਦ ਦੇ ਮਨ ਤੋਂ ਕਾਫੀ ਸਾਰਾ ਬੋਝ ਘਟ ਗਿਆ। ਪਹਿਲਾਂ ਤਾਂ ਉਸਨੂੰ ਪਹਿਲਾ ਸੁਆਲ ਸੁਣ ਕੇ ਹੀ ਲੱਗਿਆ ਸੀ ਕਿ ਇਹ ਤਾਂ ਸੁਆਲ ਹੀ ਪੁੱਠੇ ਪਾਸੇ ਨੂੰ ਤੁਰ ਪਿਆ। ਪਰ ਹੁਣ ਉਸਨੂੰ ਲੱਗਿਆ ਕਿ ਇਹ ਤਾਂ ਵਾਕਿਆ ਹੀ ਆਮ ਜਿਹੀ ਇਨਕੁਆਰੀ ਹੈ ਜਿਹੜੀ ਕਿ ਕਿਸੇ ਨਾਲ ਵੀ ਹੋ ਸਕਦੀ ਹੈ। ਪਰ ਜਦੋਂ ਅਮਜਦ ਘਰੇ ਆਇਆ ਤਾਂ ਆਫੀਆ ਡਰ ਨਾਲ ਕੰਬੀ ਜਾ ਰਹੀ ਸੀ। ਉਸਦੇ ਅੰਦਰ ਆਉਂਦਿਆਂ ਹੀ ਉਹ ਬੋਲੀ, ''ਅਮਜਦ ਤੂੰ ਮੇਰੀ ਗੱਲ ਸੁਣ ਲੈ। ਆਪਾਂ ਨੂੰ ਅੱਜ ਹੀ ਪਾਕਿਸਤਾਨ ਚਲੇ ਜਾਣਾ ਚਾਹੀਦਾ ਐ।''
''ਕਿਉਂ ਆਪਾਂ ਕੀ ਕੋਈ ਗਲਤ ਕੰਮ ਕੀਤਾ ਐ ਕਿ ਇਉਂ ਭੱਜੀਏ?''
'ਬਸ ਮੈਂ ਕਹਿਤਾ ਕਿ ਆਪਾਂ ਇੱਥੇ ਨ੍ਹੀਂ ਰਹਿਣਾਂ।''
''ਪਰ ਕੋਈ ਗੱਲ ਤਾਂ ਹੋਵੇ ਜਿਸ ਕਰਕੇ ਸਾਨੂੰ ਭੱਜਣਾ ਪਵੇ।''
'ਇਸਦਾ ਮਤਲਬ ਤੂੰ ਮੇਰੀ ਗੱਲ ਨ੍ਹੀਂ ਮੰਨਣੀ?''
'ਮੈਂ ਤੇਰੀ ਗੱਲ ਮੰਨ ਲਊਂਗਾ ਜੇਕਰ ਤੂੰ ਮੈਨੂੰ ਸਾਫ ਸਾਫ ਦੱਸ ਦੇਵੇਂ ਕਿ ਤੈਨੂੰ ਡਰ ਕਿਸ ਗੱਲ ਦਾ ਐ। ਉਦੋਂ ਵੀ ਤੂੰ ਇਵੇਂ ਈ ਕੀਤਾ ਸੀ। ਘਟਨਾ ਨਿਊਯਾਰਕ ਹੋਈ ਸੀ ਤੇ ਤੂੰ ਇੱਥੇ ਧਰਤੀ ਪੱਟ ਦਿੱਤੀ ਸੀ। ਆਖਰ ਮੇਰੀ ਗੱਲ ਨਾ ਮੰਨਦਿਆਂ ਪਾਕਿਸਤਾਨ ਜਾ ਕੇ ਈ ਸਾਹ ਲਿਆ ਸੀ। ਫਿਰ ਕੀ ਨਿਕਲਿਆ ਉਸ ਗੱਲ 'ਚੋਂ? ਸਿਰਫ ਖੱਜਲ ਖੁਆਰੀ। ਮੇਰੀ ਪੜ੍ਹਾਈ ਦਾ ਨੁਕਸਾਨ ਹੋਇਆ ਨਾਲੇ ਸਾਰੇ ਰਿਸ਼ਤੇਦਾਰਾਂ ਨੂੰ ਤੰਗ ਕੀਤਾ।''
'ਅਮਜਦ ਤੂੰ ਉਦੋਂ ਦੀ ਗੱਲ ਛੱਡ। ਹੁਣ ਮੇਰੀ ਗੱਲ ਮੰਨ ਲੈ।'' ਆਫੀਆ ਅੱਖਾਂ 'ਚ ਹੰਝੂ ਭਰਦੀ ਬੋਲੀ। ਉਸਦੇ ਹੰਝੂ ਵੇਖ ਕੇ ਅਮਜਦ ਢੈਲਾ ਪੈ ਗਿਆ। ਉਹ ਕੁਝ ਸੋਚਣ ਲੱਗਿਆ, ''ਚੱਲ ਮੈਂ ਕੁਛ ਦੋਸਤਾਂ ਨਾਲ ਸਲਾਹ ਕਰਦਾ ਆਂ। ਫਿਰ ਵੇਖਦੇ ਆਂ ਕਿ ਕੀ ਬਣਦਾ ਐ।''
''ਜੇ ਉਦੋਂ ਨੂੰ ਉਹ ਦੁਬਾਰਾ ਆ ਗਏ ਤਾਂ?''
'ਨ੍ਹੀਂ ਇੰਨੀ ਛੇਤੀ ਉਹ ਨ੍ਹੀਂ ਆਉਂਦੇ। ਨਾਲੇ ਉਨ੍ਹਾਂ ਨੂੰ ਹੋਰ ਵੀ ਕੋਈ ਕੰਮ ਹੋਊਗਾ। ਇਕੱਲੇ ਆਪਾਂ ਈ ਤਾਂ ਇੱਥੇ ਨ੍ਹੀਂ ਬੈਠੇ। ਇੱਥੇ ਲੱਖਾਂ ਮੁਸਲਮਾਨ ਰਹਿੰਦੇ ਨੇ। ਕੀ ਪਤਾ ਉਨ੍ਹਾਂ ਨੇ ਕਿਸ ਕਿਸ ਦੀ ਇੰਟਰਵਿਊ ਕਰਨੀ ਹੋਵੇਗੀ।''
''ਅਮਜਦ ਤੂੰ ਮੇਰੇ ਨਾਲ ਇੱਕ ਗੱਲ ਦਾ ਫੈਸਲਾ ਕਰ, ਹੁਣੇ ਈ।'' ਆਫੀਆ ਫਿਰ ਤੋਂ ਕੰਬਣ ਲੱਗੀ।
ਅਮਜਦ ਹੈਰਾਨ ਹੋ ਕੇ ਆਫੀਆ ਵੱਲ ਝਾਕਿਆ ਕਿ ਇਹ ਕਦੇ ਨਰਮ ਪੈ ਜਾਂਦੀ ਹੈ ਤੇ ਕਦੇ ਫਿਰ ਤੋਂ ਭੜਕ ਉੱਠਦੀ ਹੈ।
'ਤੈਨੂੰ ਮੇਰੀ ਪ੍ਰਵਾਹ ਐ ਕਿ ਨ੍ਹੀਂ?''
''ਤੇਰੀ ਪ੍ਰਵਾਹ ਮੈਨੂੰ ਨਾ ਹੋਊਗੀ ਤਾਂ ਫਿਰ ਹੋਰ ਕਿਸਨੂੰ ਹੋਊਗੀ।''
'ਫਿਰ ਮੇਰੇ ਆਖੇ ਲੱਗ ਤੇ ਕੱਲ੍ਹ ਨੂੰ ਈ ਪਾਕਿਸਤਾਨ ਚੱਲ।''
ਅਮਜਦ ਨੇ ਉਸਦੀ ਗੱਲ ਦਾ ਕੋਈ ਜ਼ੁਆਬ ਨਾ ਦਿੱਤਾ। ਉਸਨੇ ਕਈ ਦੋਸਤਾਂ ਨੂੰ ਫੋਨ ਮਿਲਾ ਕੇ ਗੱਲਾਂ ਕੀਤੀਆਂ। ਹਰ ਇੱਕ ਨੇ ਉਸਨੂੰ ਇਹੀ ਦੱਸਿਆ ਕਿ ਇਹ ਗੱਲ ਤਾਂ ਅੱਜ ਕੱਲ੍ਹ ਆਮ ਹੋ ਗਈ ਹੈ ਕਿ ਐਫ. ਬੀ. ਆਈ. ਵਾਲੇ ਕਿਸੇ ਵੀ ਮੁਸਲਮਾਨ ਦੇ ਘਰ ਜਾ ਪਹੁੰਚਦੇ ਹਨ। ਪਰ ਜਦੋਂ ਕੁਝ ਮਿਲਦਾ ਨਹੀਂ ਤਾਂ ਵਾਪਸ ਮੁੜ ਪੈਂਦੇ ਹਨ। ਫਿਰ ਅਮਜਦ ਨੇ ਆਫੀਆ ਦੇ ਭਰਾ ਮੁਹੰਮਦ ਅਲੀ ਨੂੰ ਹੂਸਟਨ ਵਿੱਚ ਫੋਨ ਕੀਤਾ। ਸਾਰੀ ਗੱਲ ਸੁਣ ਕੇ ਉਸਨੇ ਆਪ ਹੀ ਆਫੀਆ ਨਾਲ ਗੱਲ ਕਰਨੀ ਚਾਹੀ। ਆਫੀਆ ਨੇ ਫੋਨ ਫੜ੍ਹ ਲਿਆ ਤਾਂ ਉਹ ਹੱਸਦਾ ਹੋਇਆ ਬੋਲਿਆ, ''ਤੂੰ ਸਾਡੀ ਬਹਾਦਰ ਲਿਟਲ ਸਿਸਟਰ ਕਦੋਂ ਕੁ ਦੀ ਡਰਪੋਕ ਬਣ ਗਈ। ਇਹ ਤੈਨੂੰ ਕੀ ਹੋ ਗਿਆ। ਇਸ ਤਰ੍ਹਾਂ ਤਾਂ ਸਾਰੇ ਮੁਸਲਮਾਨ ਅਮਰੀਕਾ ਛੱਡ ਕੇ ਤੁਰ ਜਾਣਗੇ। ਤੈਨੂੰ ਡਰਨ ਦੀ ਲੋੜ ਨ੍ਹੀਂ ਐ। ਸ਼ਾਂਤ ਰਹਿ।''
'ਪੱਲੇ ਸ਼ਾਂਤੀ ਹੀ ਰਹਿ ਜਾਣੀ ਐਂ। ਉਨ੍ਹਾਂ ਨੇ ਚੁੱਕ ਕੇ ਜੇਲ੍ਹ ਵਿੱਚ ਸੁੱਟ ਦੇਣਾ ਐਂ।''
'ਕੁਛ ਨ੍ਹੀਂ ਹੁੰਦਾ ਐਵੇਂ ਘਬਰਾ ਨਾ।''
ਮੁਹੰਮਦ ਵਾਰ ਵਾਰ ਪੁੱਛਦਾ ਰਿਹਾ ਕਿ ਉਹ ਕਿਸ ਗੱਲ ਕਰਕੇ ਇੰਨਾ ਡਰ ਰਹੀ ਹੈ ਪਰ ਆਫੀਆ ਨੇ ਕੋਈ ਜ਼ੁਆਬ ਨਾ ਦਿੱਤਾ। ਆਖਰ ਉਹ ਚੁੱਪ ਹੋ ਗਈ ਤੇ ਜਾਣ ਦੀ ਜਿਦ ਛੱਡ ਦਿੱਤੀ। ਪਰ ਉਸ ਰਾਤ ਉਹ ਪਲ ਭਰ ਵੀ ਨਾ ਸੁੱਤੀ। ਉਹ ਸਾਰੀ ਰਾਤ ਕਮਰੇ 'ਚ ਗੇੜੇ ਕੱਢਦੀ ਰਹੀ। ਅਮਜਦ ਨੂੰ ਉਸਦੀਆਂ ਹਰਕਤਾਂ ਬਹੁਤ ਪਰੇਸ਼ਾਨ ਕਰ ਰਹੀਆਂ ਸਨ। ਉਸਨੂੰ ਫਿਕਰ ਵੀ ਸੀ ਕਿ ਕਿਧਰੇ ਇਸਦੇ ਦਿਮਾਗ 'ਤੇ ਹੀ ਬੋਝ ਨਾ ਪੈ ਜਾਵੇ। ਸਵੇਰ ਹੁੰਦਿਆਂ ਹੀ ਉਸਨੇ ਬਾਸਟਨ ਦੇ ਮਸ਼ਹੂਰ ਵਕੀਲ ਨੂੰ ਫੋਨ ਕਰਕੇ ਸਾਰੀ ਗੱਲ ਦੱਸੀ। ਨਾਲ ਹੀ ਇਹ ਵੀ ਦੱਸਿਆ ਕਿ ਉਸਦੀ ਘਰਵਾਲੀ ਇਸ ਵਾਕਿਆ ਤੋਂ ਬਹੁਤ ਹੀ ਡਰੀ ਹੋਈ ਹੈ। ਵਕੀਲ ਨੇ ਸਲਾਹ ਦਿੱਤੀ ਕਿ ਇਸਦੇ ਲਈ ਤੁਸੀਂ ਆਪ ਹੀ ਐਫ. ਬੀ. ਆਈ. ਨਾਲ ਮੁਲਾਕਤ ਦਾ ਵਕਤ ਲੈ ਕੇ ਇੰਟਰਵਿਊ ਵਾਲਾ ਕੰਮ ਪੂਰਾ ਕਰ ਸਕਦੇ ਓਂ। ਸਗੋਂ ਇਸ ਤਰ੍ਹਾਂ ਤੁਹਾਨੂੰ ਲੰਬੇ ਸਮੇ ਤੱਕ ਐਫ. ਬੀ. ਆਈ. ਦੇ ਡਰ ਥੱਲੇ ਦਿਨ ਨਹੀਂ ਲੰਘਾਉਣੇ ਪੈਣਗੇ। ਅਮਜਦ ਦੇ ਹਾਂ ਕਹਿੰਦਿਆਂ ਹੀ ਵਕੀਲ ਨੇ ਐਫ. ਬੀ. ਆਈ ਨੂੰ ਫੋਨ ਕਰਕੇ ਉਨ੍ਹਾਂ ਨਾਲ ਅਮਜਦ ਹੋਰਾਂ ਲਈ ਇੰਟਰਵਿਊ ਦੀ ਅਗਲੇ ਦਿਨ ਦੀ ਹੀ ਇੰਟਰਵਿਊ ਦੀ ਤਾਰੀਖ ਤਹਿ ਕਰ ਲਈ। ਅਮਜਦ ਨੇ ਆਫੀਆ ਨੂੰ ਦੱਸਿਆ ਤਾਂ ਉਹ ਹੋਰ ਵੀ ਡਰ ਗਈ ਤੇ ਭੜਕ ਗਈ। ਉਹ ਕਹਿਣ ਲੱਗੀ ਕਿ ਉਹ ਕਿਸੇ ਵੀ ਹਾਲਤ ਵਿੱਚ ਐਫ. ਬੀ. ਆਈ. ਦੇ ਸਾਹਮਣੇ ਨਹੀਂ ਜਾਵੇਗੀ।
'ਪਰ ਤੈਨੂੰ ਤਕਲੀਫ ਕੀ ਐ। ਤੂੰ ਕਿਸੇ ਵੀ ਗੱਲ 'ਤੇ ਕੰਨ ਨ੍ਹੀਂ ਧਰ ਰਹੀ। ਹੁਣ ਵਕੀਲ ਨੇ ਇੰਟਰਵਿਊ ਦਾ ਪ੍ਰਬੰਧ ਕਰ ਦਿੱਤਾ ਐ ਤਾਂ ਤੂੰ ਕਹਿਣ ਲੱਗ ਪਈ ਐਂ ਕਿ ਤੂੰ ਐਫ. ਬੀ. ਆਈ. ਵਾਲਿਆਂ ਨੂੰ ਮਿਲਣਾ ਈ ਨ੍ਹੀਂ। ਤੈਨੂੰ ਪਤਾ ਹੋਣਾ ਚਾਹੀਦਾ ਐ ਕਿ ਇਹ ਸਰਕਾਰੀ ਹੁਕਮ ਐਂ ਕਿ ਆਪਾਂ ਇੰਟਰਵਿਊ ਦਿੱਤੇ ਬਿਨਾ ਇੱਥੋਂ ਨ੍ਹੀਂ ਜਾ ਸਕਦੇ।''
''ਤੈਨੂੰ ਪਤਾ ਵੀ ਐ ਕਿ ਜੇਕਰ ਕੋਈ ਪੰਗਾ ਪੈ ਗਿਆ ਤਾਂ ਕੀ ਹੋਵੇਗਾ?''
'ਆਫੀਆ ਇਹ ਤਾਂ ਤੂੰ ਉਦੋਂ ਸੋਚਣਾ ਸੀ ਜਦੋਂ ਮੇਰੇ ਰੋਕਣ ਦੇ ਬਾਵਜੂਦ ਵੀ ਚੈਰਿਟੀ ਦੇ ਕੰਮਾਂ 'ਚ ਹਿੱਸਾ ਲੈਣੋਂ ਨ੍ਹੀਂ ਹਟਦੀ ਹੁੰਦੀ ਸੀ। ਨਾਲੇ ਐਵੇਂ ਡਰੀ ਜਾ ਰਹੀ ਐਂ। ਜਿੰਨੇ ਵੀ ਇੱਥੇ ਕੇਅਰ ਬਰਦਰਜ਼ ਜਾਂ ਬੋਨੇਵੋਲੈਂਸ ਇੰਟਰਨੈਸ਼ਨਲ ਦੇ ਮੈਂਬਰ ਨੇ ਸਭ ਨਾਲ ਈ ਐਫ. ਬੀ. ਆਈ. ਨੇ ਗੱਲਬਾਤ ਕੀਤੀ ਐ। ਕਿਸੇ ਨੂੰ ਕੁਝ ਨ੍ਹੀਂ ਕਿਹਾ।''
'ਉਨ੍ਹਾਂ ਦੀ ਤੇ ਮੇਰੀ ਗੱਲ 'ਚ ਫਰਕ ਐ।''
'ਤੇਰੇ 'ਚ ਤੇ ਉਨ੍ਹਾਂ ਵਿੱਚ ਕੀ ਫਰਕ ਐ!?'' ਅਮਜਦ ਦਾ ਦਿਲ ਜ਼ੋਰ ਦੀ ਧੜਕਿਆ।
'ਇਹ ਗੱਲਾਂ ਤੂੰ ਨ੍ਹੀਂ ਸਮਝ ਸਕਦਾ। ਇਹ ਚੈਰਿਟੀਆਂ ਦੇ ਆਪਣੇ ਕੰਮ ਕਰਨ ਦੇ ਢੰਗ ਤਰੀਕੇ ਹੁੰਦੇ ਨੇ।'' ਆਫੀਆ ਦੇ ਮੂੰਹੋਂ ਕੋਈ ਗੱਲ ਨਿਕਲ ਚੱਲੀ ਸੀ ਪਰ ਫਿਰ ਉਸਨੇ ਚੁਸਤੀ ਨਾਲ ਗੱਲ ਨੂੰ ਗੋਲ ਕਰ ਦਿੱਤਾ। ਫਿਰ ਅਮਜਦ ਠਰੰਮੇ ਨਾਲ ਬੋਲਿਆ, ''ਵੇਖ ਆਫੀਆ, ਆਪਾਂ ਬਹਿਸ ਬਹੁਤ ਕਰ ਲਈ। ਹੁਣ ਮੈਂ ਇੱਕ ਪਤੀ ਦੇ ਅਧਿਕਾਰ ਨਾਲ ਤੈਨੂੰ ਕਹਿ ਰਿਹਾ ਆਂ ਕਿ ਕੱਲ੍ਹ ਸਵੇਰੇ ਦਸ ਵਜੇ ਆਪਾਂ ਵਕੀਲ ਦੇ ਦਫਤਰ ਜਾ ਰਹੇ ਆਂ। ਉੱਥੇ ਈ ਐਫ. ਬੀ. ਆਈ. ਵਾਲੇ ਆਉਣਗੇ ਤੇ ਉੱਥੇ ਈ ਆਪਣੀ ਇੰਟਰਵਿਊ ਹੋਵੇਗੀ। ਹੁਣ ਇਸ ਮਸਲੇ 'ਤੇ ਕੋਈ ਗੱਲ ਨ੍ਹੀਂ ਕਰਨੀ।'' ਇੰਨਾ ਕਹਿ ਕੇ ਅਮਜਦ ਘਰੋਂ ਬਾਹਰ ਚਲਾ ਗਿਆ। ਸ਼ਾਮ ਵੇਲੇ ਉਹ ਆਇਆ ਤਾਂ ਆਫੀਆ ਮੂੰਹ ਸਿਰ ਲਪੇਟ ਕੇ ਬੈੱਡ 'ਤੇ ਪਈ ਹੋਈ ਸੀ। ਅਮਜਦ ਨੇ ਸੋਚਿਆ ਕਿ ਇਹ ਸ਼ਾਇਦ ਇਸ ਕਰਕੇ ਗੁੱਸਾ ਵਿਖਾ ਰਹੀ ਹੈ ਕਿ ਮੈਂ ਇਸਦੀ ਗੱਲ ਨਹੀਂ ਮੰਨ ਰਿਹਾ। ਪਰ ਆਫੀਆ ਦੇ ਅੰਦਰ ਵੱਡੀ ਹਿੱਲ ਜੁੱਲ ਮੱਚੀ ਹੋਈ ਸੀ। ਉਸਨੂੰ ਪੱਕਾ ਵਿਸ਼ਵਾਸ ਸੀ ਕਿ ਕੱਲ੍ਹ ਨੂੰ ਉਸਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਅਗਲੇ ਦਿਨ ਉਹ ਮਿੱਥੇ ਵਕਤ 'ਤੇ ਵਕੀਲ ਦੇ ਦਫਤਰ ਪਹੁੰਚ ਗਏ। ਉਦੋਂ ਹੀ ਐਫ ਬੀ ਆਈ ਦੇ ਉਹੀ ਦੋ ਅਫਸਰ ਜਿਹੜੇ ਕਿ ਅਮਜਦ ਨੂੰ ਮਿਲ ਕੇ ਗਏ ਸਨ ਉੱਥੇ ਆ ਗਏ। ਉਨ੍ਹਾਂ ਕੁਝ ਕਾਗਜ਼ਾਂ 'ਤੇ ਦੋਨਾਂ ਦੇ ਦਸਤਖਤ ਕਰਵਾ ਕੇ ਵਕੀਲ ਦੀ ਸਹਿਮਤੀ ਨਾਲ ਇੰਟਰਵਿਊ ਸ਼ੁਰੂ ਕਰ ਲਈ। ਸ਼ੁਰੂ 'ਚ ਉਹ ਕੋਈ ਜ਼ਿਆਦਾ ਔਖੇ ਸੁਆਲ ਨਹੀਂ ਕਰ ਰਹੇ ਸਨ। ਸਗੋਂ ਉਹ ਵਿੱਚ ਵਿੱਚ ਦੀ ਅਮਜਦ ਨੂੰ ਅਜਿਹੇ ਮਾਖੌਲ ਵੀ ਕਰ ਰਹੇ ਸਨ ਜੋ ਕਿ ਆਮ ਲੋਕ ਡਾਕਟਰਾਂ ਬਾਰੇ ਕਰਦੇ ਰਹਿੰਦੇ ਹਨ। ਫਿਰ ਇੱਕ ਅਫਸਰ ਬੋਲਿਆ, ''ਮਿਸਟਰ ਅਤੇ ਮਿਸਿਜ਼ ਅਮਜਦ ਖਾਂ ਹੁਣ ਆਪਾਂ ਆਫੀਸ਼ਲ ਮੀਟਿੰਗ ਸ਼ੁਰੂ ਕਰ ਰਹੇ ਆਂ।''
''ਜੀ ਠੀਕ ਐ।''
''ਮਿਸਜ਼ ਆਫੀਆ ਤੈਨੂੰ ਆਪਣਾ ਮੂੰਹ ਨੰਗਾ ਕਰਨਾ ਪਵੇਗਾ। ਕਿਉਂਕਿ ਇਹ ਜ਼ਰੂਰੀ ਐ।''
ਆਫੀਆ ਨੇ ਕਾਲਾ ਬੁਰਕਾ ਪਹਿਨਿਆਂ ਹੋਇਆ ਸੀ ਅਤੇ ਮੂੰਹ ਸਿਰ ਦੁਪੱਟੇ 'ਚ ਲਪੇਟਿਆ ਹੋਇਆ ਸੀ। ਉਸਦੀਆਂ ਅੱਖਾਂ ਵੀ ਸਿਰਫ ਬੁਰਕੇ ਦੀਆਂ ਜਾਲੀਆਂ ਵਿੱਚੋਂ ਦੀ ਅੱਧ ਪਚੱਧ ਜਿਹੀਆਂ ਦਿਸ ਰਹੀਆਂ ਸਨ।
'ਨ੍ਹੀਂ ਇਹ ਮੈਂ ਨ੍ਹੀਂ ਕਰ ਸਕਦੀ। ਇਹ ਮੇਰਾ ਧਾਰਮਿਕ ਅਧਿਕਾਰ ਐ ਕਿ ਮੈਂ ਕਿਹੋ ਜਿਹੇ ਕੱਪੜੇ ਪਹਿਨਾ।''
ਉਸਦੀ ਇਹ ਗੱਲ ਸੁਣ ਕੇ ਦੋਨੋਂ ਅਫਸਰਾਂ ਨੇ ਆਪਸ 'ਚ ਅੱਖਾਂ ਮਿਲਾਈਆਂ। ਫਿਰ ਉਹ ਉੱਠ ਕੇ ਪਾਸੇ ਹੋਏ ਤੇ ਆਪਸ 'ਚ ਕੁਝ ਗੱਲਬਾਤ ਕੀਤੀ। ਵਾਪਸ ਬਹਿੰਦੇ ਉਨ੍ਹਾਂ 'ਚੋਂ ਇੱਕ ਬੋਲਿਆ, ''ਮਿਸ ਆਫੀਆ, ਅਸੀਂ ਤੇਰੇ ਧਾਰਮਿਕ ਅਕੀਦੇ ਦੀ ਕਦਰ ਕਰਦੇ ਆਂ। ਪਰ ਕਾਨੂੰਨ ਆਪਣੀ ਥਾਂ ਐ। ਅਸੀਂ ਤੈਨੂੰ ਇੰਨੀ ਛੋਟ ਦੇ ਸਕਦੇ ਆਂ ਕਿ ਤੂੰ ਆਪਣੇ ਬੁਰਕੇ ਨੂੰ ਇਸ ਢੰਗ ਨਾਲ ਪਹਿਨ ਕੇ ਸਾਨੂੰ ਤੇਰਾ ਮੂੰਹ ਦਿਸਦਾ ਰਹੇ। ਆਹਮਣੇ ਸਾਹਮਣੇ ਦੀ ਗੱਲਬਾਤ ਵਿੱਚ ਇਹ ਬਹੁਤ ਜ਼ਰੂਰੀ ਐ। ਜੇਕਰ ਤੈਨੂੰ ਇਹ ਵੀ ਮਨਜ਼ੂਰ ਨ੍ਹੀਂ ਤਾਂ ਅਸੀਂ ਸਾਡੀ ਕਿਸੇ ਔਰਤ ਏਜੈਂਟ ਨੂੰ ਸੱਦ ਲੈਨੇ ਆਂ। ਫਿਰ ਤੈਨੂੰ ਬੁਰਕਾ ਲਾਹ ਕੇ ਪਾਸੇ ਰੱਖਣਾ ਪਊਗਾ।''
ਆਫੀਆ ਨੇ ਆਪ ਹੀ ਬੁਰਕਾ ਠੀਕ ਕਰ ਲਿਆ। ਹੁਣ ਉਸਦਾ ਮੱਥਾ, ਅੱਖਾਂ ਅਤੇ ਬੁੱਲਾਂ ਤੱਕ ਮੂੰਹ ਦਿਸ ਰਿਹਾ ਸੀ। ਅਫਸਰਾਂ ਨੇ ਇੰਨੇ ਨਾਲ ਸੰਤੁਸ਼ਟੀ ਪ੍ਰਗਟਾਈ। ਗੱਲਬਾਤ ਸ਼ੁਰੂ ਹੋਈ ਤਾਂ ਅਫਸਰ ਬੋਲਿਆ, ''ਮਿਸਟਰ ਅਮਜਦ, ਤੇਰੇ ਅਪਾਰਟਮੈਂਟ ਦੇ ਇੱਕ ਕਮਰੇ 'ਚ ਇੱਕ ਵਾਰ ਕੋਈ ਸਾਊਦੀ ਅਰਬ ਦਾ ਬਾਸ਼ਿੰਦਾ ਰਹਿੰਦਾ ਹੁੰਦਾ ਸੀ, ਉਹ ਕੌਣ ਸੀ?''
'ਉਹ ਮੇਰੇ ਹਸਪਤਾਲ ਵਿੱਚ ਹੀ ਕੰਮ ਕਰਦਾ ਸੀ। ਉਸਨੂੰ ਕਿਰਾਏ ਦੇ ਕਮਰੇ ਦੀ ਲੋੜ ਸੀ ਤੇ ਮੈਂ ਆਪਣੇ ਘਰ ਦਾ ਇੱਕ ਕਮਰਾ ਕਿਰਾਏ 'ਤੇ ਦੇਣਾ ਸੀ। ਉਹ ਕਮਰਾ ਮੈਂ ਉਸਨੂੰ ਦੇ ਦਿੱਤਾ। ਬੱਸ ਉਸ ਬਾਰੇ ਮੈਂ ਇੰਨਾ ਈ ਜਾਣਦਾ ਆਂ।''
''ਉਸ ਕੋਲ ਕੌਣ ਆਉਂਦਾ ਜਾਂਦਾ ਸੀ?''
'ਅਸੀਂ ਕਦੇ ਨ੍ਹੀਂ ਵੇਖਿਆ ਕਿ ਕਦੇ ਕੋਈ ਉਸਨੂੰ ਮਿਲਣ ਆਇਆ ਹੋਵੇ।''
''ਤੁਸੀਂ ਪਿਛਲੇ ਦਿਨੀਂ ਅਸਲੇ ਦੀ ਦੁਕਾਨ ਤੋਂ ਕਾਫੀ ਸਾਮਾਨ ਖਰੀਦਿਆ ਹੈ, ਉਹ ਕਿਉਂ?''
'ਮੇਰੇ ਪਰਿਵਾਰ 'ਚ ਸ਼ਿਕਾਰ ਦਾ ਸ਼ੌਂਕ ਰਿਹਾ ਐ। ਮੈਂ ਆਪਣੇ ਬੱਚਿਆਂ ਨੂੰ ਉਸੇ ਪਰਿਵਾਰਕ ਪ੍ਰੰਪਰਾ ਤੋਂ ਜਾਣੂ ਕਰਵਾਉਣ ਲਈ ਉਨ੍ਹਾਂ ਨੂੰ ਸ਼ਿਕਾਰ ਦੇ ਟਰਿੱਪ 'ਤੇ ਲੈ ਗਿਆ ਸੀ।''
'ਪਰ ਉਹ ਸਮਾਨ ਸਿਰਫ ਸ਼ਿਕਾਰ ਤੱਕ ਹੀ ਸੀਮਤ ਨ੍ਹੀਂ ਸੀ। ਤੁਸੀਂ ਨਾਈਟ ਵਿਜ਼ਨ ਗੋਗਲਜ਼, ਬੁਲਟ ਪਰੂਫ ਜੈਕਟਾਂ ਅਤੇ ਸਰਵਾਈਵਲ ਗਾਈਡ ਵਰਗੀਆਂ ਚੀਜ਼ਾਂ ਵੀ ਖਰੀਦੀਆਂ ਸਨ। ਇਹ ਸਭ ਕਿਸ ਲਈ?''
'ਸਰ ਇਸ ਸਭ ਦਾ ਤੁਅੱਲਕ ਸਿਰਫ ਸ਼ਿਕਾਰ ਨਾਲ ਹੀ ਸੀ। ਹੋਰ ਕੁਛ ਨ੍ਹੀਂ।''
''ਮਿਸਜ਼ ਆਫੀਆ ਕੀ ਤੈਨੂੰ ਬੰਦੂਕ ਚਲਾਉਣੀ ਆਉਂਦੀ ਐ?''
'ਨ੍ਹੀਂ ਮੈਂ ਕਦੇ ਬੰਦੂਕ ਨ੍ਹੀਂ ਚਲਾਈ।''
'ਇਸ ਸ਼ਿਕਾਰ ਦੇ ਟਰਿੱਪ ਵੇਲੇ ਵੀ ਨ੍ਹੀਂ ਚਲਾ ਕੇ ਵੇਖੀ?''
'ਨ੍ਹੀਂ ਮੈਨੂੰ ਇਹੋ ਜਿਹੇ ਕੰਮ ਚੰਗੇ ਨ੍ਹੀਂ ਲੱਗਦੇ।''
''ਅਜ਼ੀਬ ਗੱਲ ਐ ਕਿ ਸਾਰਿਆਂ ਨੇ ਬੰਦੂਕ ਚਲਾਈ। ਸ਼ਿਕਾਰ ਖੇਡਿਆ ਪਰ ਤੂੰ ਹਥਿਆਰ ਚਲਾ ਕੇ ਨਾ ਵੇਖਿਆ?''
'ਇਹ ਤਾਂ ਆਪਣੇ ਆਪਣੇ ਸ਼ੌਂਕ 'ਤੇ ਨਿਰਭਰ ਕਰਦਾ ਐ।'' ਆਫੀਆ ਜਦੋਂ ਇਹ ਗੱਲ ਰਹਿ ਰਹੀ ਸੀ ਤਾਂ ਇੱਕ ਅਫਸਰ ਗੌਹ ਨਾਲ ਉਸ ਵੱਲ ਝਾਕਿਆ। ਆਫੀਆ ਨੇ ਉਸ ਨਾਲ ਅੱਖਾਂ ਮਿਲਾਉਣ ਦੀ ਬਜਾਇ ਨੀਵੀਂ ਪਾ ਲਈ। ਅਫਸਰ ਤਾੜ ਗਿਆ ਕਿ ਇਹ ਝੂਠ ਬੋਲੀ ਹੈ। ਇਸ ਨੇ ਸ਼ਿਕਾਰ ਵੇਲੇ ਬੰਦੂਕ ਜ਼ਰੂਰ ਚਲਾ ਕੇ ਵੇਖੀ ਹੋਵੇਗੀ।
'ਮਿਸਟਰ ਅਮਜਦ, ਅੱਜ ਕੱਲ੍ਹ ਕੰਮ ਦਾ ਕਾਫੀ ਸਾਰਾ ਬੋਝ ਰਹਿੰਦਾ ਹੋਵੇਗਾ?'' ਇੱਕ ਅਫਸਰ ਨੇ ਅਮਜਦ ਨਾਲ ਉਸਦੇ ਕੰਮ ਦੀ ਗੱਲ ਤੋਰ ਲਈ ਤਾਂ ਅਮਜਦ ਨੂੰ ਲੱਗਿਆ ਕਿ ਸ਼ਾਇਦ ਇੰਟਰਵਿਊ ਇੰਨੀ ਸੀਰੀਅਸ ਨਹੀਂ ਹੈ। ਪਰ ਉਦੋਂ ਹੀ ਅਫਸਰ ਦੇ ਅਗਲੇ ਸੁਆਲ ਨੇ ਉਸਦੇ ਡੋਬੂ ਪੈਣ ਲਾ ਦਿੱਤੇ। ਉਹ ਬੋਲਿਆ, ''ਮਿਸਟਰ ਅਮਜਦ, ਕੀ ਤੂੰ ਕਦੇ ਉਸਾਮਾ ਬਿਨ ਲਾਦਿਨ ਨੂੰ ਮਿਲਿਆ ਐਂ?''
'ਉਸਾਮੇ ਨੂੰ! ਜੀ ਨ੍ਹੀਂ ਬਿਲਕੁਲ ਨ੍ਹੀਂ। ਮੈਂ ਉਸਨੂੰ ਕਦੇ ਨ੍ਹੀਂ ਮਿਲਿਆ।''
''ਉਸਦੀ ਫੋਟੋ ਤਾਂ ਵੇਖੀ ਹੋਵੇਗੀ?''
''ਹਾਂ ਜੀ ਉਹ ਤਾਂ ਸਾਰਾ ਦਿਨ ਟੀਵੀ 'ਤੇ ਵੇਖਦੇ ਈ ਰਹਿੰਦੇ ਆਂ।''
''ਨਿੱਜੀ ਤੌਰ 'ਤੇ ਮਿਲਣ ਵੇਲੇ ਫੋਟੋ ਤੋਂ ਕਿੰਨਾ ਕੁ ਵੱਖਰਾ ਦਿਸਦਾ ਐ ਲਾਦਿਨ?''
'ਜੀ ਕਦੇ ਮਿਲੇ ਈ ਨ੍ਹੀਂ ਤਾਂ ਕੀ ਕਹਿ ਸਕਦੇ ਆਂ।'' ਅਮਜਦ ਨੇ ਜ਼ਰਾ ਮੁਕਰਾਉਂਦਿਆ ਹੋਇਆਂ ਜ਼ੁਆਬ ਦਿੱਤਾ। ਇੱਕ ਅਫਸਰ ਇਸੇ ਦਰਮਿਆਨ ਆਫੀਆ ਦੇ ਚਿਹਰੇ ਨੂੰ ਬੜੀ ਨੀਝ ਨਾਲ ਵੇਖ ਰਿਹਾ ਸੀ। ਉਹ ਮਨ 'ਚ ਸੋਚ ਰਿਹਾ ਸੀ ਕਿ ਹੁਣ ਇਹ ਆਪਣੇ ਆਪ ਨੂੰ ਇਸੇ ਸੁਆਲ ਲਈ ਤਿਆਰ ਕਰ ਰਹੀ ਹੈ ਜੋ ਅਮਜਦ ਨੂੰ ਪੁੱਛਿਆ ਗਿਆ ਸੀ ਕਿ ਕੀ ਉਹ ਕਦੇ ਉਸਾਮਾ ਬਿਨ ਲਾਦਿਨ ਨੂੰ ਮਿਲੀ ਹੈ। ਪਰ ਉਸਨੇ ਵੱਖਰੀ ਕਿਸਮ ਦਾ ਸੁਆਲ ਕਰਕੇ ਆਫੀਆ ਦੇ ਪੈਰ ਕੱਢ ਦਿੱਤੇ।
''ਮਿਸ ਆਫੀਆ, ਕੀ ਤੂੰ ਕਦੇ ਰਮਜੀ ਯੂਸਫ ਨੂੰ ਮਿਲੀ ਐਂ?''
''ਹੈਂ! ਕੀ ਕਿਹਾ?'' ਆਫੀਆ ਵਾਕਿਆ ਈ ਹੈਰਾਨ ਹੋ ਗਈ।
''ਤੂੰ ਇਹ ਨਾਂ ਸੁਣਿਆਂ ਤਾਂ ਹੋਵੇਗਾ?''
'ਹਾਂ ਜੀ ਇਹ ਉਹੀ ਆਦਮੀ ਹੈ ਜੋ ਕਿ 1993 'ਚ ਨਾਰਥ ਟਾਵਰ ਦੇ ਪਾਰਕਿੰਗ 'ਚ ਬੰਬ ਧਮਾਕੇ ਦਾ ਦੋਸ਼ੀ ਐ। ਪਰ ਮੈਂ ਇਸਨੂੰ ਕਦੇ ਨ੍ਹੀਂ ਮਿਲੀ।''
'ਚੰਗੀ ਤਰ੍ਹਾਂ ਯਾਦ ਕਰ। ਕਈ ਵਾਰੀ ਬੰਦਾ ਵੈਸੇ ਈ ਮਿਲ ਜਾਂਦਾ ਐ। ਕਿਧਰੇ ਸ਼ਾਪਿੰਗ ਸੈਂਟਰ 'ਚ, ਕਿਸੇ ਮਸਜਿਦ ਵਿੱਚ ਜਾਂ ਕਿਧਰੇ ਏਅਰੋਪਰਟ ਦੀ ਲਾਈਨ 'ਚ ਲੱਗਿਆਂ ਹੋਇਆਂ।''
ਉਸਦੀ ਗੱਲ ਸੁਣ ਕੇ ਆਫੀਆ ਨੂੰ ਤਰੇਲੀ ਆ ਗਈ ਕਿ ਇਹ ਤਾਂ ਉਸ ਬਾਰੇ ਬਹੁਤ ਕੁਝ ਜਾਣਦੇ ਹਨ। ਉਸਨੂੰ ਯਾਦ ਆਇਆ ਕਿ ਬਹੁਤ ਪਹਿਲਾਂ ਉਸਨੇ ਰਮਜੀ ਯੂਸਫ ਨੂੰ ਏਅਰਪੋਰਟ 'ਤੇ ਨਾਲ ਦੀ ਲਾਈਨ ਵਿੱਚ ਖੜ੍ਹਾ ਵੇਖਿਆ ਸੀ। ਦੋਨਾਂ ਦੀਆਂ ਨਜ਼ਰਾਂ ਵੀ ਆਪਸ ਵਿੱਚ ਮਿਲੀਆਂ ਸਨ। ਇਹ ਗੱਲ ਯਾਦ ਕਰਦਿਆਂ ਉਹ ਅੰਦਰ ਤੱਕ ਕੰਬ ਗਈ। ਉਹ ਸਮਝ ਗਈ ਕਿ ਇਨ੍ਹਾਂ ਨੂੰ ਉਸ ਬਾਰੇ ਬਹੁਤ ਸਾਰੀ ਜਾਣਕਾਰੀ ਹੈ ਪਰ ਫਿਰ ਵੀ ਉਸਨੇ ਕਹਿ ਦਿੱਤਾ ਕਿ ਉਹ ਰਮਜੀ ਯੂਸਫ ਨੂੰ ਕਦੇ ਨਹੀਂ ਮਿਲੀ। ਉਸਦੇ ਇਸ ਜ਼ੁਆਬ ਦੇ ਤੁਰੰਤ ਪਿੱਛੋਂ ਅਫਸਰ ਬੋਲਿਆ, ''ਰਮਜੀ ਨੂੰ ਨਾ ਸਹੀ ਪਰ ਤੂੰ ਉਸਦੇ ਚਾਚੇ ਕੇ. ਐਸ. ਐਮ. ਨੂੰ ਤਾਂ ਕਦੇ ਮਿਲੀ ਹੋਵੇਂਗੀ?''
'ਨ੍ਹੀਂ ਮੈਂ ਉਸਨੂੰ ਵੀ ਕਦੇ ਨ੍ਹੀਂ ਮਿਲੀ।''
''ਤੂੰ ਆਖਰੀ ਵਾਰ ਮੁਹੰਮਦ ਅੱਟੇ ਨੂੰ ਕਿੱਥੇ ਵੇਖਿਆ ਸੀ?''
''ਮੁਹੰਮਦ ਅੱਟਾ!?''
''ਹਾਂ ਹਾਂ ਜੋ ਕਿ ਨਾਈਨ ਅਲੈਵਨ ਦਾ ਕਾਰਾ ਕਰਨ ਵਾਲੀ ਟੀਮ ਦਾ ਮੋਢੀ ਸੀ।''
'ਮੈਂ ਉਸਨੂੰ ਕਦੇ ਨ੍ਹੀਂ ਮਿਲੀ।''
'ਤੁਹਾਡੀ ਅਪਾਰਟਮੈਂਟ ਬਿਲਡਿੰਗ 'ਚ ਘੱਟੋ ਘੱਟ ਛੇ ਹਾਈਜੈਕਰ ਆਉਂਦੇ ਰਹੇ ਨੇ। ਤੇਰੀ ਉਨ੍ਹਾਂ ਨਾਲ ਕਦੇ ਨਾ ਕਦੇ ਤਾਂ ਮੁਲਾਕਤ ਹੋਈ ਈ ਹੋਵੇਗੀ?''
'ਨ੍ਹੀਂ ਕਦੇ ਨ੍ਹੀਂ ਹੋਈ।''
''ਉਂਝ ਤੁਰੇ ਫਿਰਦੇ ਵੇਖੇ ਹੋਣਗੇ। ਅਕਸਰ ਲੰਘਦਾ ਟੱਪਦਾ ਬੰਦਾ ਮਿਲ ਈ ਜਾਂਦਾ ਐ।''
'ਜੀ ਨ੍ਹੀਂ, ਮੈਂ ਕਿਸੇ ਨੂੰ ਨ੍ਹੀਂ ਵੇਖਿਆ।'' ਅਫਸਰ ਤਾੜ ਰਹੇ ਸਨ ਕਿ ਉੱਪਰੋਂ ਥੱਲੀ ਕੀਤੇ ਜਾ ਰਹੇ ਸੁਆਲ ਆਫੀਆ ਨੂੰ ਪਰੇਸ਼ਾਨ ਕਰ ਰਹੇ ਸਨ। ਪਰ ਅਜੇ ਤਾਂ ਉਹ ਭੂਮਿਕਾ ਹੀ ਬੰਨ ਰਹੇ ਸਨ।
''ਮਿਸਟਰ ਅਮਜਦ ਕੀ ਤੂੰ ਕੇਅਰ ਬਰਦਰਜ਼ ਅਤੇ ਬੋਨੇਵੋਲੈਂਸ ਬਾਰੇ ਸੁਣਿਆਂ ਐਂ?''
''ਜੀ ਮੈਨੂੰ ਪਤਾ ਐ ਕਿ ਇਹ ਚੈਰਿਟੀ ਇਕੱਠੀ ਕਰਨ ਵਾਲੀਆਂ ਜਥੇਬੰਦੀਆਂ ਨੇ।''
'ਤੈਨੂੰ ਇਹ ਕਿਵੇਂ ਪਤਾ ਐ। ਕੀ ਤੂੰ ਇਨ੍ਹਾਂ ਦਾ ਮੈਂਬਰ ਰਿਹਾ ਐਂ।''
'ਨ੍ਹੀਂ ਜੀ ਮੇਰੀ ਪਤਨੀ ਇਨ੍ਹਾਂ ਦੀ ਮੈਂਬਰ ਐ। ਇਸੇ ਦੀਆਂ ਗੱਲਾਂ ਤੋਂ ਮੈਨੂੰ ਪਤਾ ਲੱਗਦਾ ਰਹਿੰਦਾ ਸੀ ਕਿ ਇਹ ਜਥੇਬੰਦੀਆਂ ਚੈਰਿਟੀ ਦਾ ਕੰਮ ਕਰਦੀਆਂ ਨੇ।''
'ਮਿਸ ਆਫੀਆ ਕੀ ਤੇਰਾ ਇਨ੍ਹਾਂ ਨਾਲ ਵਾਸਤਾ ਰਿਹਾ ਐ?''
''ਜੀ ਮਾੜਾ ਮੋਟਾ।''
''ਕੀ ਤੈਨੂੰ ਪਤਾ ਐ ਕਿ ਇਹ ਚੈਰਿਟੀ ਇਕੱਠੀ ਕਰਕੇ ਪੈਸੇ ਦਾ ਕੀ ਕਰਦੀਆਂ ਨੇ?''
''ਮੇਰਾ ਖਿਆਲ ਐ ਕਿ ਗਰੀਬਾਂ 'ਚ ਵੰਡਦੀਆਂ ਹੋਣਗੀਆਂ।''
'ਕੀ ਤੂੰ ਕਦੇ ਇਨ੍ਹਾਂ ਦੇ ਕਾਰਕੁਨਾ ਨੂੰ ਪੁੱਛਿਆ ਨ੍ਹੀ ਕਿ ਇੰਨੇ ਇਕੱਠੇ ਹੋਏ ਪੈਸੇ ਦਾ ਕੀ ਕੀਤਾ ਜਾਂਦਾ ਐ?''
'ਮੈਂ ਅਜਿਹੀਆਂ ਗੱਲਾਂ ਤੋਂ ਕੀ ਲੈਣਾ ਐਂ। ਜੋ ਮਰਜ਼ੀ ਕਰਨ।'' ਆਫੀਆ ਉਨ੍ਹਾਂ ਦੀਆਂ ਗੱਲਾਂ ਸੁਣ ਕੇ ਅੱਕ ਗਈ ਸੀ ਪਰ ਨਾਲ ਹੀ ਉਸਨੂੰ ਥੋੜੀ ਜਿਹੀ ਤਸੱਲੀ ਵੀ ਸੀ ਕਿ ਇਹ ਤਾਂ ਆਮ ਜਿਹੇ ਸੁਆਲ ਹੀ ਪੁੱਛ ਰਹੇ ਨੇ।
''ਤੈਨੂੰ ਪੁੱਛਣ ਦਾ ਪੂਰਾ ਅਧਿਕਾਰ ਐ। ਤੂੰ ਇਸਨੂੰ ਫੰਡ ਜੋ ਇਕੱਠਾ ਕਰਕੇ ਦਿੰਦੀ ਐਂ।''
'ਨ੍ਹੀਂ ਮੈਂ ਕਦੇ ਕਿਸੇ ਲਈ ਫੰਡ ਇਕੱਠਾ ਨ੍ਹੀਂ ਕੀਤਾ।''
'ਕੀ ਤੂੰ ਬੋਨੇਵੋਲੈਂਸ ਨੂੰ ਫੰਡ ਇਕੱਠਾ ਕਰਕੇ ਨ੍ਹੀਂ ਦਿੱਤਾ?''
'ਨ੍ਹੀਂ ਮੈਂ ਕਦੇ ਕੋਈ ਫੰਡ ਇਕੱਠਾ ਨ੍ਹੀਂ ਕੀਤਾ ਤੇ ਨਾ ਹੀ ਕਿਸੇ ਨੂੰ ਦਿੱਤਾ ਐ।''
''ਪੱਕੀ ਗੱਲ ਐ?''
''ਹੋਰ ਝੂਠ ਐ?'' ਆਫੀਆ ਨੇ ਅੱਖਾਂ ਕੱਢੀਆਂ।
''ਤਾਂ ਫਿਰ ਤੇਰੇ ਖਾਤੇ 'ਚ ਇਹ ਜਿਹੜੇ ਹਜ਼ਾਰਾਂ ਡਾਲਰ ਇਕੱਠੇ ਹੋਏ ਨੇ ਤੇ ਤੂੰ ਅੱਗੇ ਇਹ ਬੋਨੇਵੋਲੈਂਸ ਇੰਟਰਨੈਸ਼ਨਲ ਦੇ ਖਾਤੇ 'ਚ ਭੇਜੇ ਨੇ ਇਹ ਸਭ ਫਿਰ ਕਿਉਂ ਕੀਤਾ?''
'ਇਹ ਸਭ ਝੂਠ ਐ। ਮੈਂ ਅਜਿਹੇ ਕੋਈ ਪੈਸੇ ਇਕੱਠੇ ਨ੍ਹੀਂ ਕੀਤੇ।''
'ਆਹ ਪੇਪਰ ਫਿਰ ਝੂਠ ਬੋਲਦੇ ਨੇ।'' ਇੰਨਾ ਕਹਿੰਦਿਆਂ ਅਫਸਰ ਨੇ ਆਫੀਆ ਦੇ ਬੈਂਕ ਦੀਆਂ ਪਿਛਲੇ ਦੋ ਸਾਲਾਂ ਦੀਆਂ ਸਟੇਟਮੈਟਾਂ ਕੱਢ ਕੇ ਵਕੀਲ ਦੇ ਸਾਹਮਣੇ ਰੱਖ ਦਿੱਤੀਆਂ। ਆਫੀਆ ਦੀਆਂ ਅੱਖਾਂ ਟੱਡੀਆਂ ਰਹਿ ਗਈਆਂ। ਪਰ ਉਹ ਗੱਲ ਸੰਭਾਲਦੀ ਬੋਲੀ, ''ਸਾਡੇ ਧਰਮ 'ਚ ਇਹ ਵੀ ਐ ਕਿ ਜੇਕਰ ਸਾਡੀ ਮਰਜ਼ੀ ਹੋਵੇ ਤਾਂ ਚੈਰਿਟੀ ਬਾਰੇ ਕਿਸੇ ਨੂੰ ਨਾ ਦੱਸੀਏ।''
''ਚਲੋ ਠੀਕ ਐ।'' ਅਫਸਰ ਖੁਸ਼ ਸੀ ਕਿ ਉਸਨੇ ਆਫੀਆ ਨੂੰ ਝੂਠੀ ਸਾਬਤ ਕਰ ਦਿੱਤਾ ਸੀ।
''ਮਿਸ ਆਫੀਆ, ਕੀ ਤੂੰ ਦੱਸ ਸਕਦੀ ਐਂ ਕਿ ਕੇ. ਐਸ. ਐਮ. ਦੀ ਅਮਰੀਕਾ ਨੂੰ ਤਬਾਹ ਕਰਨ ਦੀ ਅੱਗੇ ਦੀ ਕੀ ਸਕੀਮ ਐਂ?''
'ਮੈਂ ਨਾ ਉਸਨੂੰ ਜਾਣਦੀ ਆਂ ਨਾ ਈ ਕਦੇ ਉਸਨੂੰ ਮਿਲੀ ਆਂ ਫਿਰ ਮੈਨੂੰ ਕੀ ਪਤਾ ਐ ਕਿ ਉਹ ਕੀ ਕਰਦਾ ਐ ਜਾਂ ਕੀ ਨ੍ਹੀਂ।''
'ਕਿਉਂ ਤੈਨੂੰ ਅਦਨਾਨ ਸ਼ੁਕਰੀਜੁਮਾ ਨੇ ਉਸਦੀ ਸਕੀਮ ਬਾਰੇ ਕਦੇ ਨ੍ਹੀਂ ਦੱਸਿਆ?''
''ਕੌਣ ਅਦਨਾਨ ਸ਼ੁਕਰੀਜੁਮਾ?'' ਇਹ ਨਾਂ ਸੁਣ ਕੇ ਆਫੀਆ ਅੰਦਰੋਂ ਕੰਬ ਗਈ ਪਰ ਬਾਹਰੋਂ ਉਸਨੇ ਸੁਭਾਵਕ ਜਿਹੀ ਦਿਸਣ ਦੀ ਕੋਸ਼ਿਸ਼ ਕੀਤੀ।
'ਤੇਰੇ ਕਹਿਣ ਦਾ ਮਤਲਬ ਐ ਕਿ ਤੂੰ ਅਦਨਾਨ ਸ਼ੁਕਰੀਜੁਮਾ ਨੂੰ ਨ੍ਹੀਂ ਜਾਣਦੀ?''
'ਜੀ ਬਿਲਕੁਲ ਨ੍ਹੀਂ।''
''ਪੱਕੀ ਗੱਲ ਐ?'' ਅਫਸਰ ਸਿੱਧਾ ਉਸ ਵੱਲ ਵੇਖਦਾ ਬੋਲਿਆ।
'ਕਹਿ ਤਾਂ ਦਿੱਤਾ ਨਾ ਕਿ ਮੈਂ ਉਸਨੂੰ ਨ੍ਹੀਂ ਜਾਣਦੀ ਹੋਰ ਕਿਵੇਂ ਦੱਸਾਂ।'' ਆਫੀਆ ਦੀ ਆਵਾਜ਼ 'ਚ ਅਕੇਵਾਂ ਸੀ।
ਉਸਨੇ ਗੱਲ ਖਤਮ ਕੀਤੀ ਤਾਂ ਅਫਸਰ ਉਸਦੀਆਂ ਅੱਖਾਂ 'ਚ ਵੇਖਦਾ ਰਿਹਾ। ਫਿਰ ਉਹ ਗੰਭੀਰ ਆਵਾਜ਼ 'ਚ ਬੋਲਿਆ, ''ਜੇਕਰ ਤੂੰ ਉਸਨੂੰ ਜਾਣਦੀ ਈ ਨ੍ਹੀਂ ਤਾਂ ਹਰ ਰੋਜ਼ ਉਸ ਨਾਲ ਈਮੇਲਜ਼ 'ਤੇ ਗੱਲਾਂ ਕਿਉਂ ਕਰਦੀ ਐਂ?''
'ਹੈਂ!?'' ਆਫੀਆ ਨੂੰ ਲੱਗਿਆ ਜਿਵੇਂ ਕਰੰਟ ਵੱਜਿਆ ਹੋਵੇ। ਪਰ ਉਸਨੇ ਆਪਣੇ ਆਪ 'ਤੇ ਜ਼ਬਤ ਰੱਖਦਿਆਂ ਅਗਾਂਹ ਕਿਹਾ, ''ਮੈਂ ਉਸਨੂੰ ਕਦੇ ਕੋਈ ਈਮੇਲ ਨ੍ਹੀਂ ਭੇਜੀ।''
'ਤਾਂ ਫਿਰ ਆਹ ਕੀ ਐ?'' ਅਫਸਰ ਨੇ ਬੈੱਗ 'ਚੋਂ ਕਾਗਜ਼ਾਂ ਦਾ ਥੱਬਾ ਕੱਢ ਕੇ ਵਕੀਲ ਦੇ ਸਾਹਮਣੇ ਰੱਖ ਦਿੱਤਾ। ਇਹ ਉਹ ਈਮੇਲਜ਼ ਸਨ ਜੋ ਕਿ ਅਦਨਾਨ ਸ਼ੁਕਰੀਜੁਮਾ ਅਤੇ ਆਫੀਆ ਵਿਚਕਾਰ ਅਦਾਨ ਪ੍ਰਦਾਨ ਹੁੰਦੀਆਂ ਰਹੀਆਂ ਸਨ। ਵਕੀਲ ਨੇ ਬੜੇ ਗੌਹ ਨਾਲ ਈਮੇਲਜ਼ ਨੂੰ ਵੇਖਿਆ। ਉੱਧਰ ਆਫੀਆ ਪਰੇਸ਼ਾਨ ਹੋਈ ਕੁਰਸੀ 'ਤੇ ਬੈਠੀ ਪਾਸੇ ਬਦਲਣ ਲੱਗੀ।
'ਮੈਮ ਤੂੰ ਸਾਡੀ ਗੱਲ ਦਾ ਜ਼ੁਆਬ ਨ੍ਹੀਂ ਦਿੱਤਾ?''
''ਇਹ! ਇਹ ਤਾਂ ਮੈਂ। ਮੇਰਾ ਮਤਲਬ....।'' ਉਸ ਤੋਂ ਕੋਈ ਜ਼ੁਆਬ ਨਾ ਦੇ ਹੋਇਆ। ਉਸਨੇ ਨੀਵੀਂ ਪਾ ਲਈ।
ਫਿਰ ਦੋਨੋਂ ਅਫਸਰ ਉੱਠ ਕੇ ਪਾਸੇ ਖੜ੍ਹ ਕੇ ਗੱਲਾਂ ਕਰਨ ਲੱਗੇ। ਆਫੀਆ ਨੂੰ ਪੂਰਾ ਯਕੀਨ ਹੋ ਗਿਆ ਕਿ ਹੁਣ ਉਹ ਉਸਨੂੰ ਗ੍ਰਿਫਤਾਰ ਕਰਨ ਦੀ ਸਲਾਹ ਕਰ ਰਹੇ ਹਨ। ਪਰ ਜਦੋਂ ਉਨ੍ਹਾਂ ਵਾਪਸ ਆ ਕੇ ਆਪਣੀ ਗੱਲ ਕਹੀ ਤਾਂ ਆਫੀਆ ਨੂੰ ਕੁਝ ਤਸੱਲੀ ਜਿਹੀ ਹੋ ਗਈ। ਉਹ ਵਕੀਲ ਨੂੰ ਮੁਖਾਬਤ ਹੋਏ, ''ਸਰ ਇਹ ਇੰਟਰਵਿਊ ਅਸੀਂ ਇੱਥੇ ਈ ਬੰਦ ਕਰਦੇ ਆਂ। ਪਰ ਇਨ੍ਹਾਂ ਦੀ ਇੱਕ ਇੰਟਰਵਿਊ ਹੋਰ ਹੋਵੇਗੀ। ਉਸਦੇ ਲਈ ਅਸੀਂ ਅਗਲੇ ਮਹੀਨੇ ਦੀ ਉਨੀ ਤਾਰੀਖ ਤਹਿ ਕਰ ਰਹੇ ਆਂ।''
''ਠੀਕ ਐ। ਤੁਸੀਂ ਉਸ ਬਾਰੇ ਮੈਨੂੰ ਪੂਰੀ ਇਤਲਾਹ ਭੇਜ ਦਿਉ।''
''ਹਾਂ ਇਵੇਂ ਈ ਹੋਵੇਗਾ। ਨਾਲ ਅਸੀਂ ਮਿਸਟਰ ਅਤੇ ਮਿਸਿਜ਼ ਅਮਜਦ ਖਾਂ ਨੂੰ ਕੁਝ ਕਹਿਣਾ ਚਾਹੁੰਦੇ ਆਂ।''
''ਜੀ…....।'' ਅਮਜਦ ਡਰਦਾ ਜਿਹਾ ਬੋਲਿਆ।
'ਤੁਹਾਡਾ ਅਗਲੀ ਇੰਟਰਵਿਊ 'ਚ ਸ਼ਾਮਲ ਹੋਣਾ ਬਹੁਤ ਜ਼ਰੂਰੀ ਐ। ਤੁਸੀਂ ਉਸ ਇੰਟਰਵਿਊ ਤੋਂ ਪਹਿਲਾਂ ਮੁਲਕ ਛੱਡ ਕੇ ਨ੍ਹੀਂ ਜਾ ਸਕਦੇ। ਇਹ ਇੱਕ ਸਰਕਾਰੀ ਹੁਕਮ ਐਂ। ਆਹ ਲਉ ਇਸ ਸਰਕਾਰੀ ਹੁਕਮ 'ਤੇ ਦਸਤਖਤ ਕਰ ਦਿਉ।'' ਅਫਸਰ ਨੇ ਅਗਲੀ ਇੰਟਰਵਿਊ 'ਤੇ ਹਾਜ਼ਰ ਰਹਿਣ ਵਾਲਾ ਕਾਗਜ਼ ਉਨ੍ਹਾਂ ਮੂਹਰੇ ਰੱਖ ਦਿੱਤਾ। ਦੋਨਾਂ ਨੇ ਵਾਰੀ ਵਾਰੀ ਉਸ 'ਤੇ ਸਾਈਨ ਕਰ ਦਿੱਤੇ। ਫਿਰ ਅਫਸਰਾਂ ਨੂੰ ਆਪਣੇ ਬੈੱਗ ਸੰਭਾਲੇ ਤੇ ਦਫਤਰੋਂ ਬਾਹਰ ਨਿਕਲ ਗਏ। ਉਨ੍ਹਾਂ ਦੇ ਜਾਂਦਿਆਂ ਹੀ ਅਮਜਦ ਵਕੀਲ ਨੂੰ ਬੋਲਿਆ, ''ਤੁਹਾਨੂੰ ਕਿਵੇਂ ਲੱਗਿਆ ਕਿ ਇਹ ਇੰਟਰਵਿਊ ਕਿੰਨੀ ਕੁ ਸੰਜੀਦਾ ਸੀ?''
'ਇਹ ਤਾਂ ਆਮ ਜਿਹੀ ਗੱਲ ਐ। ਮੇਰੇ ਖਿਆਲ 'ਚ ਤੁਹਾਡੇ ਲਈ ਇਸ ਵਿੱਚ ਡਰਨ ਵਾਲੀ ਕੋਈ ਗੱਲ ਨ੍ਹੀਂ ਐ। ਨਾਲੇ ਅਗਲੀ ਇੰਟਰਵਿਊ ਤੋਂ ਪਹਿਲਾਂ ਆਪਾਂ ਬਹਿ ਕੇ ਆਪਸ 'ਚ ਗੱਲਾਂ ਬਾਤਾਂ ਕਰਾਂਗੇ। ਇਸ ਤਰ੍ਹਾਂ ਕਈ ਸੁਆਲ ਜ਼ੁਆਬ ਕਰਨ ਵੇਲੇ ਸੌਖਾ ਰਹਿੰਦਾ ਐ।''
''ਜੀ ਠੀਕ ਐ।''
ਇਸ ਪਿੱਛੋਂ ਅਮਜਦ ਅਤੇ ਆਫੀਆ ਘਰ ਨੂੰ ਮੁੜ ਪਏ। ਅਮਜਦ ਨੇ ਕਈ ਦੋਸਤਾਂ ਨੂੰ ਫੋਨ ਕਰਕੇ ਅੱਜ ਦੀ ਇੰਟਰਵਿਊ ਦੀ ਕਾਰਗੁਜ਼ਾਰੀ ਬਾਰੇ ਦੱਸਿਆ। ਸਭ ਨੇ ਕਿਹਾ ਕਿ ਅਜਿਹੇ ਸੁਆਲ ਪੁੱਛੇ ਜਾਣਾ ਆਮ ਗੱਲ ਹੈ। ਉਨ੍ਹਾਂ ਲਈ ਘਬਾਰਉਣ ਵਾਲੀ ਕੋਈ ਗੱਲ ਨਹੀਂ ਹੈ। ਅਮਜਦ ਨੂੰ ਲੱਗਿਆ ਕਿ ਇੰਟਰਵਿਊ ਠੀਕ ਹੀ ਰਹੀ ਤੇ ਉਸਨੇ ਸੋਚਿਆ ਕਿ ਅਗਲੀ ਇੰਟਰਵਿਊ ਪਿੱਛੋਂ ਉਨ੍ਹਾਂ ਦਾ ਐਫ. ਬੀ. ਆਈ. ਦੇ ਲਫੜਿਆਂ ਤੋਂ ਖਹਿੜਾ ਛੁੱਟ ਜਾਵੇਗਾ। ਪਰ ਜਦੋਂ ਉਹ ਘਰ ਪਹੁੰਚੇ ਤਾਂ ਆਫੀਆ ਨੇ ਬਾਵੇਲਾ ਖੜ੍ਹਾ ਕਰ ਦਿੱਤਾ।
'ਅਮਜਦ ਮੇਰੀ ਗੱਲ ਸੁਣ, ਆਪਾਂ ਨੂੰ ਕੱਲ੍ਹ ਨੂੰ ਹੀ ਬੱਚਿਆਂ ਨੂੰ ਲੈ ਕੇ ਵਾਪਸ ਆਪਣੇ ਮੁਲਕ ਚਲੇ ਜਾਣਾ ਚਾਹੀਦਾ ਐ।''
''ਪਰ ਕਿਉਂ? ਮੇਰਾ ਮਤਲਬ ਆਪਣੀ ਇੰਟਰਵਿਊ ਤਾਂ ਠੀਕ ਈ ਰਹੀ ਐ।''
'ਤੈਨੂੰ ਲੱਗਦਾ ਐ ਕਿ ਠੀਕ ਰਹੀ ਐ। ਪਰ ਤੂੰ ਨ੍ਹੀਂ ਜਾਣਦਾ ਕਿ....ਬੱਸ ਮੈਂ ਤੈਨੂੰ ਕਹਿ ਰਹੀ ਆਂ ਕਿ ਆਪਾਂ ਇੱਥੋਂ ਨਿਕਲਣ ਵਾਲੇ ਬਣੀਏਂ।''
'ਤੂੰ ਪੂਰੀ ਗੱਲ ਦੱਸ ਕਿ ਮੈਂ ਕੀ ਨ੍ਹੀਂ ਜਾਣਦਾ। ਮੈਨੂੰ ਵੀ ਤਾਂ ਪਤਾ ਲੱਗੇ ਨਾ ਕਿ ਤੈਨੂੰ ਕਿਹੜੀ ਗੱਲ ਦਾ ਡਰ ਸਤਾ ਰਿਹਾ ਐ?''
''ਕਿਉਂ ਸਾਰੀ ਗੱਲ ਦੱਸਣੀ ਜ਼ਰੂਰੀ ਐ।'' ਆਫੀਆ ਗੁੱਸੇ 'ਚ ਭੜਕ ਉੱਠੀ।
''ਹਾਂ ਜ਼ਰੂਰੀ ਐ। ਤੂੰ ਹੀ ਦੱਸ ਕਿ ਉਹ ਅਦਨਾਨ ਸ਼ੁਕਰੀਜੁਮਾ ਕੌਣ ਐਂ?''
''ਤੂੰ ਉਸ ਤੋਂ ਕੀ ਲੈਣਾ ਐਂ?''
'ਮੈਂ ਉਸ ਬਾਰੇ ਸਭ ਕੁਛ ਜਾਣਨਾ ਚਾਹੁੰਨਾ ਆਂ। ਸਿਰਫ ਉਹੀ ਨ੍ਹੀਂ ਹੋਰ ਬਹੁਤ ਸਾਰੇ ਲੋਕ ਨੇ ਜਿਨ੍ਹਾਂ ਦੇ ਐਫ. ਬੀ. ਆਈ. ਵਾਲਿਆਂ ਨੇ ਨਾਮ ਲਏ ਸਨ। ਮੈਂ ਅਜਿਹੇ ਬੰਦਿਆਂ ਦਾ ਪਹਿਲਾਂ ਕਦੇ ਜ਼ਿਕਰ ਵੀ ਨ੍ਹੀਂ ਸੁਣਿਆਂ ਤੇ ਤੂੰ ਉਨ੍ਹਾਂ ਨਾਲ ਮਿਲ ਕੇ ਪਤਾ ਨ੍ਹੀਂ ਕੀ ਕੰਮ ਕਰਦੀ ਰਹੀ ਐਂ। ਕੌਣ ਨੇ ਇਹ ਸਭ ਲੋਕ? ਤੂੰ ਉਨ੍ਹਾਂ ਨੂੰ ਕਿਵੇਂ ਜਾਣਦੀ ਐਂ? ਮੈਨੂੰ ਸਭ ਕੁਛ ਦੱਸ।'' ਅਮਜਦ ਗੁੱਸੇ 'ਚ ਆ ਗਿਆ।
'ਮੈਂ ਇਨ੍ਹਾਂ ਗੱਲਾਂ 'ਤੇ ਕੋਈ ਚਰਚਾ ਨ੍ਹੀਂ ਕਰਨੀ। ਪਰ ਤੂੰ ਮੇਰੀ ਗੱਲ 'ਤੇ ਧਿਆਨ ਦੇਹ ਤੇ ਆਪਾਂ ਵਾਪਸ ਚੱਲੀਏ। ਇੱਥੇ ਮੇਰੀ ਜਾਨ ਨੂੰ ਖਤਰਾ ਐ।''
'ਆਫੀਆ ਮੇਰੀ ਗੱਲ ਸੁਣ ਲੈ ਚੰਗੀ ਤਰ੍ਹਾਂ। ਮੈਨੂੰ ਲੱਗਦਾ ਐ ਕਿ ਤੂੰ ਦੂਹਰੀ ਜ਼ਿੰਦਗੀ ਜਿਉਂ ਰਹੀ ਐਂ। ਜੋ ਮੇਰੇ ਸਾਹਮਣੇ ਦਿਸ ਰਹੀ ਐਂ ਇਸ ਤੋਂ ਬਿਨਾਂ ਇੱਕ ਆਫੀਆ ਹੋਰ ਐ, ਜਿਸਦੀ ਨਿੱਜੀ ਜ਼ਿੰਦਗੀ ਪਤਾ ਨ੍ਹੀਂ ਕੀ ਐ। ਤੈਨੂੰ ਅੱਜ ਸਭ ਕੁਛ ਦੱਸਣਾ ਪਊ।''
ਅਮਜਦ ਨੇ ਗੱਲ ਖਤਮ ਕੀਤੀ ਤਾਂ ਆਫੀਆ ਚੁੱਪ ਬੈਠੀ ਸੋਚਾਂ 'ਚ ਗੁੰਮ ਸੀ। ਅਚਾਨਕ ਉਸਨੇ ਚਿਹਰੇ 'ਤੇ ਬਣਾਵਟੀ ਮੁਸਕਾਨ ਲਿਆਂਦੀ ਤੇ ਅਮਜਦ ਦੇ ਨੇੜੇ ਆ ਗਈ। ਅਮਜਦ ਉਸਦੇ ਬਣਾਵਟੀਪਣ ਨੂੰ ਨਾ ਸਮਝ ਸਕਿਆ। ਉਹ ਉਸ ਦੁਆਲੇ ਬਾਂਹ ਵਲਦੀ ਬੋਲੀ, ''ਅਮਜਦ ਇੰਨਾ ਫਿਕਰਮੰਦ ਨਾ ਹੋ। ਅਜਿਹੀ ਕੋਈ ਗੱਲ ਨ੍ਹੀਂ ਐ। ਇਹ ਸਭ ਲੋਕ ਚੈਰਿਟੀ ਦਾ ਕੰਮ ਕਰਦੇ ਨੇ ਅਤੇ ਮੈਨੂੰ ਉੱਥੇ ਈ ਮਿਲਦੇ ਰਹੇ ਨੇ। ਜਿਹੜਾ ਉਹ ਅਦਨਾਨ ਸ਼ੁਕਰੀਜੁਮਾ ਦਾ ਜ਼ਿਕਰ ਕਰ ਰਹੇ ਨੇ ਉਸ ਨਾਲ ਵੀ ਮੇਰੀਆਂ ਚੈਰਿਟੀ ਬਾਬਤ ਹੀ ਈਮੇਲਾਂ ਹੋਈਆਂ ਨੇ। ਹੋਰ ਉਸ ਬਾਰੇ ਮੈਨੂੰ ਕੁਛ ਪਤਾ ਨ੍ਹੀ ਐ।''
''ਫਿਰ ਤੂੰ ਇੰਨਾ ਘਬਰਾ ਕਿਉਂ ਰਹੀ ਐਂ?''
'ਮੈਂ ਤਾਂ ਇਹ ਸੋਚਦੀ ਆਂ ਕਿ ਜੇਕਰ ਇੱਥੇ ਐਫ. ਬੀ. ਆਈ. ਵਾਲਿਆਂ ਨੇ ਇੱਕ ਵਾਰ ਕਿਸੇ ਚੱਕਰ ਵਿੱਚ ਫਸਾ ਲਏ ਤਾਂ ਮੁੜ ਕੇ ਖਹਿੜਾ ਨ੍ਹੀਂ ਛੁੱਟਣਾਂ। ਆਪਦਾ ਮੁਲਕ ਆਪਦਾ ਈ ਹੁੰਦਾ ਐ। ਮੈਂ ਤਾਂ ਸਿਰਫ ਇਸੇ ਕਰਕੇ ਕਹਿ ਰਹੀ ਆਂ। ਜੇ ਨ੍ਹੀਂ ਜਾਣਾਂ ਤਾਂ ਕੋਈ ਗੱਲ ਨ੍ਹੀਂ ਤੂੰ ਗੁੱਸੇ ਨਾ ਹੋ।'' ਆਫੀਆ ਨੇ ਉਸ ਵੇਲੇ ਅਮਜਦ ਨੂੰ ਠੰਢਾ ਕਰ ਲਿਆ। ਅਮਜਦ ਨੂੰ ਵੀ ਉਸ ਦੀ ਗੱਲ 'ਤੇ ਯਕੀਨ ਆ ਗਿਆ।
ਅਗਲੇ ਦਿਨ ਅਮਜਦ ਸੁੱਤਾ ਉੱਠਿਆ ਤਾਂ ਉਸਨੇ ਵੇਖਿਆ ਕਿ ਆਫੀਆ ਆਪਣਾ ਸਾਮਾਨ ਬੰਨ ਰਹੀ ਸੀ। ਉਸਨੂੰ ਇਸ ਤਰ੍ਹਾਂ ਤਿਆਰੀ ਕਰਦੀ ਵੇਖ ਕੇ ਉਹ ਹੈਰਾਨ ਹੁੰਦਾ ਬੋਲਿਆ, ''ਆਫੀਆ ਇਹ ਕੀ? ਰਾਤ ਆਪਣੀ ਗੱਲ ਮੁੱਕ ਗਈ ਸੀ ਕਿ ਆਪਾਂ ਕਿਧਰੇ ਨ੍ਹੀਂ ਜਾ ਰਹੇ।''
'ਅਮਜਦ ਮੈਂ ਘਰੇ ਫੋਨ ਕੀਤਾ ਸੀ। ਅੱਬੂ ਦੀ ਸਿਹਤ ਖਰਾਬ ਐ। ਮੈਂ ਚਾਹੁੰਨੀ ਆਂ ਕਿ ਛੇਤੀ ਜਾ ਕੇ ਉਨ੍ਹਾਂ ਦਾ ਪਤਾ ਲਵਾਂ।''
''ਪਰ ਚਾਰ ਦਿਨ ਪਹਿਲਾਂ ਈ ਤਾਂ ਆਪਣੀ ਗੱਲ ਹੋਈ ਸੀ। ਉਦੋਂ ਤਾਂ ਉਹ ਠੀਕ ਸਨ।''
'ਤੈਨੂੰ ਪਤਾ ਐ ਕਿ ਉਹ ਦਿਲ ਦੇ ਮਰੀਜ਼ ਨੇ। ਜੇ ਮੈਂ ਹੁਣ ਨਾ ਜਾ ਸਕੀ ਤਾਂ ਮੁੜ ਕੇ ਕਈ ਮਹੀਨੇ ਨ੍ਹੀਂ ਜਾ ਸਕਾਂਗੀ। ਤੈਨੂੰ ਪਤਾ ਈ ਐ ਇਸ ਵੇਲੇ ਮੈਂ ਸੱਤ ਮਹੀਨਿਆਂ ਦੀ ਪਰੈੱਗਨੈਂਟ ਆਂ।'' ਆਫੀਆ ਨੇ ਬੈੱਗ ਤਿਆਰ ਕਰਨੇ ਜਾਰੀ ਰੱਖੇ ਤਾਂ ਅਮਜਦ ਨੇ ਅੰਦਰੇ ਅੰਦਰੇ ਗੁੱਸੇ ਹੁੰਦੇ ਨੇ ਮਨ 'ਚ ਸੋਚਿਆ ਕਿ ਅੱਬੂ ਬਿਮਾਰ ਦਾ ਇਹ ਸਿਰਫ ਬਹਾਨਾ ਬਣਾ ਰਹੀ ਹੈ। ਕੁਝ ਸੋਚਦਾ ਉਹ ਬੋਲਿਆ, ''ਪਰ ਤੈਨੂੰ ਪਤਾ ਈ ਐ ਕਿ ਆਪਾਂ ਨੂੰ ਐਫ ਬੀ ਆਈ ਨੇ ਹਿਦਾਇਤ ਕੀਤੀ ਹੋਈ ਐ ਕਿ ਆਪਾਂ ਉਨ੍ਹਾਂ ਦੀ ਇੰਟਰਵਿਊ ਪੂਰੀ ਕੀਤੇ ਬਿਨਾਂ ਕਿਧਰੇ ਨ੍ਹੀਂ ਜਾ ਸਕਦੇ।''
'ਢੱਠੇ ਖੂਹ 'ਚ ਪਵੇ ਤੇਰੀ ਐਫ. ਬੀ. ਆਈ.। ਮੈਂ ਇੱਥੇ ਹੁਣ ਇੱਕ ਪਲ ਵੀ ਨ੍ਹੀਂ ਰੁਕਣਾਂ।'' ਆਫੀਆ ਗੁੱਸੇ 'ਚ ਪੈਰ ਪਟਕਦੀ ਬੋਲੀ।
ਉਸਦੀ ਗੱਲ ਸੁਣ ਕੇ ਅਮਜਦ ਨੂੰ ਗੁੱਸਾ ਤਾਂ ਬਹੁਤ ਆਇਆ ਪਰ ਇਸ ਵੇਲੇ ਉਹ ਮਜ਼ਬੂਰ ਸੀ। ਆਫੀਆ ਦੀ ਪਰੈਗਨੈਂਸੀ ਕਰਕੇ ਉਹ ਉਸ ਨਾਲ ਕੋਈ ਝਗੜਾ ਖੜ੍ਹਾ ਨਹੀਂ ਕਰਨਾ ਚਾਹੁੰਦਾ ਸੀ। ਪਰ ਆਫੀਆ ਉਸਦੀ ਕੋਈ ਗੱਲ ਨਹੀਂ ਮੰਨ ਰਹੀ ਸੀ। ਉਸਨੇ ਆਪਣੇ ਵਕੀਲ ਨੂੰ ਫੋਨ ਕਰਕੇ ਦੱਸਿਆ ਕਿ ਆਫੀਆ ਦਾ ਡੈਡ ਬਿਮਾਰ ਹੈ ਇਸ ਕਰਕੇ ਇਸ ਵੇਲੇ ਉਨ੍ਹਾਂ ਦਾ ਪਾਕਿਸਤਾਨ ਜਾਣਾ ਬਹੁਤ ਜ਼ਰੂਰੀ ਹੈ। ਉਸਨੇ ਪੁੱਛਿਆ ਕਿ ਕੀ ਇਹ ਇੰਟਰਵਿਊ ਅਗਾਂਹ ਹੋ ਸਕਦੀ ਹੈ। ਵਕੀਲ ਨੇ ਮਸ਼ਵਰਾ ਦਿੰਦਿਆਂ ਕਿਹਾ, ''ਮਿਸਟਰ ਅਮਜਦ, ਇਸ ਤਰ੍ਹਾਂ ਇੰਟਰਵਿਊ ਵਿਚਾਲੇ ਛੱਡ ਕੇ ਜਾਣਾ ਠੀਕ ਨ੍ਹੀਂ ਐ। ਤੁਹਾਡਾ ਕੇਸ ਖੁੱਲ੍ਹਾ ਈ ਰਹਿ ਜਾਵੇਗਾ ਜਿਹੜਾ ਕਿ ਤੁਹਾਨੂੰ ਵਾਪਸ ਮੁੜਨ ਵੇਲੇ ਮੁਸ਼ਕਲ ਖੜ੍ਹੀ ਕਰ ਦੇਵੇਗਾ। ਚੰਗਾ ਇਹੀ ਐ ਕਿ ਤੁਸੀਂ ਆਪਣੀ ਅਪਾਇੰਟਮੈਂਟ ਭੁਗਤਾ ਕੇ ਜਾਵੋ।''
'ਸਰ ਇਸ ਵੇਲੇ ਮੇਰੇ ਕੋਲ ਹੋਰ ਕੋਈ ਚਾਰਾ ਨ੍ਹੀਂ ਐ। ਵਾਪਸ ਆ ਕੇ ਦੁਬਾਰਾ ਇੰਟਰਵਿਊ ਦੀ ਤਾਰੀਖ ਲੈ ਲਵਾਂਗੇ।''
'ਮਿਸਟਰ ਅਮਜਦ ਇੰਟਰਵਿਊ ਤਾਂ ਮੈਂ ਕੈਂਸਲ ਕਰਵਾ ਦਿੰਦਾ ਆਂ। ਪਰ ਇਸ ਤਰ੍ਹਾਂ ਤੁਸੀਂ ਸ਼ੱਕ ਦੇ ਘੇਰੇ 'ਚ ਆ ਜਾਉਗੇ। ਐਫ. ਬੀ ਆਈ. ਇੱਕ ਵਾਰ ਜਿਸ ਮਗਰ ਪੈ ਜਾਵੇ ਤਾਂ ਫਿਰ ਖਹਿੜਾ ਛੁਡਾਉਣਾ ਔਖਾ ਹੋ ਜਾਂਦਾ ਐ।''
'ਠੀਕ ਐ ਸਰ ਮੈਂ ਤੁਹਾਨੂੰ ਆਪਣੀ ਵਾਈਫ ਨਾਲ ਸਲਾਹ ਕਰਕੇ ਦੱਸਦਾ ਆਂ।'' ਵਕੀਲ ਵੱਲੋਂ ਫੋਨ ਕੱਟ ਕੇ ਅਮਜਦ ਨੇ ਆਫੀਆ ਨੂੰ ਵਕੀਲ ਨਾਲ ਹੋਈ ਗੱਲ ਦੱਸੀ। ਉਸਦੀ ਗੱਲ ਸੁਣਦਿਆਂ ਹੀ ਆਫੀਆ ਭੜਕਦੀ ਹੋਈ ਬੋਲੀ, ''ਜੇ ਤੂੰ ਚਾਹੁੰਨਾ ਐਂ ਕਿ ਮੈਂ ਮਾਰੀ ਜਾਵਾਂ ਤਾਂ ਜਾਣ ਦਾ ਰਹਿਣ ਦਿੰਦੇ ਆਂ।''
'ਇਹ ਤੂੰ ਕੀ ਗੱਲ ਕਰਦੀ ਐਂ, ਮੈਨੂੰ ਕੁਝ ਸਮਝ ਵਿੱਚ ਨ੍ਹੀਂ ਆ ਰਿਹਾ।'' ਅਮਜਦ ਆਫੀਆ ਵੱਲ ਵੇਖਦਾ ਸੋਚਣ ਲੱਗਿਆ ਕਿ ਕੋਈ ਨਾ ਕੋਈ ਗੱਲ ਜ਼ਰੂਰ ਹੈ ਜੋ ਇਹ ਇੱਥੋਂ ਭੱਜਣ ਲਈ ਕਾਹਲੀ ਪਈ ਹੋਈ ਹੈ। ਆਫੀਆ ਦੀਆਂ ਹਰਕਤਾਂ ਨੇ ਉਸਦਾ ਇਹ ਸ਼ੱਕ ਪੱਕਾ ਕਰ ਦਿੱਤਾ ਕਿ ਉਹ ਵਾਕਿਆ ਹੀ ਨਾਈਨ ਅਲੈਵਨ ਦੀ ਸਾਜ਼ਿਸ਼ ਬਾਰੇ ਕੁਝ ਨਾ ਕੁਝ ਜਾਣਦੀ ਹੈ। ਪਰ ਉਸ ਨੇ ਇੱਕ ਵਾਰ ਹੋਰ ਉਸਨੂੰ ਸਮਝਾਉਣਾ ਚਾਹਿਆ ਤਾਂ ਉਵੇਂ ਹੀ ਗੁੱਸੇ 'ਚ ਚੀਕਦਿਆਂ ਬੋਲੀ, ''ਓਕੇ ਠੀਕ ਐ। ਤੂੰ ਆਪਣੀ ਮਰਜ਼ੀ ਕਰ। ਪਰ ਮੈਂ ਆਪਣੇ ਬੱਚਿਆਂ ਨੂੰ ਲੈ ਕੇ ਅੱਜ ਹੀ ਜਾ ਰਹੀ ਆਂ।''
ਫਿਰ ਅਮਜਦ ਨੇ ਵਕੀਲ ਨੂੰ ਦੁਬਾਰਾ ਫੋਨ ਕਰਕੇ ਕਿਹਾ ਕਿ ਉਸਨੂੰ ਜਾਣਾ ਹੀ ਪਵੇਗਾ। ਵਕੀਲ ਨੇ ਐਫ. ਬੀ. ਆਈ. ਦੇ ਦਫਤਰ ਫੋਨ ਕਰਕੇ ਦੱਸ ਦਿੱਤਾ ਕਿ ਉਸਦੇ ਕਲਾਇੰਟ ਮਿੱਥੀ ਹੋਈ ਤਾਰੀਖ 'ਤੇ ਨਹੀਂ ਪਹੁੰਚ ਸਕਣਗੇ। ਅਮਜਦ ਨੇ ਆਪਣੇ ਕੰਮ ਤੋਂ ਵੀ ਇੱਕ ਸਾਲ ਦੀ ਛੁੱਟੀ ਲੈ ਲਈ।
Chahals57@yahoo.com
Ph. 0017033623239

No comments:

Post a Comment